ਜਤਿੰਦਰ ਚੀਮਾ
ਅਜੋਕੇ ਸਮੇਂ ਵਿਚ ਜਦੋਂ ਹਰ ਚੀਜ਼ ਉਧਾਰ ਵਿਚ ਮਿਲ ਰਹੀ ਹੋਵੇ ਤਾਂ ਵਿੱਤੀ ਲੈਣ ਦੇਣ ਵਿਚ ਤੁਹਾਡਾ ਕਰੈਡਿਟ ਸਕੋਰ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ। ਚਾਹੇ ਘਰ ਖ਼ਰੀਦਣਾ ਹੋਵੇ ਜਾਂ ਕਾਰ ਖ਼ਰੀਦਣੀ ਹੋਵੇ, ਜਾਂ ਫਿਰ ਲੈਣਾ ਹੋਵੇ ਕਰੈਡਿਟ ਕਾਰਡ, ਕਰੈਡਿਟ ਸਕੋਰ ਹਰ ਜਗ੍ਹਾ ਅਹਿਮ ਭੂਮਿਕਾ ਨਿਭਾਉਂਦਾ ਹੈ। ਰਿਣਦਾਤਾ ਜਦੋਂ ਤੁਹਾਡੀ ਕਰੈਡਿਟ ਰਿਪੋਰਟ ਵੱਲ ਝਾਤ ਮਾਰਦਾ ਹੈ ਤਾਂ ਉਸ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਬੀਤੇ ਸਮੇਂ ਵਿਚ ਤੁਸੀਂ ਕਿੰਨੀ ਕੁ ਜ਼ਿੰਮੇਵਾਰੀ ਨਾਲ ਪੈਸੇ ਨੂੰ ਖ਼ਰਚ ਕੀਤਾ ਹੈ ਜਾਂ ਕਦੇ ਆਪਣੀਆਂ ਕਿਸ਼ਤਾਂ ਖੁੰਝਾਈਆਂ ਤਾਂ ਨਹੀਂ। ਇਕੱਲਾ ਰਿਣਦਾਤਾ ਹੀ ਨਹੀਂ ਕਈ ਵਾਰ ਨੌਕਰੀ ਜਾਂ ਕੰਮ ਦੇਣ ਵਾਲਾ ਮਾਲਕ ਵੀ ਤੁਹਾਡੀ ਕਰੈਡਿਟ ਰਿਪੋਰਟ ਚੈੱਕ ਕਰਦਾ ਹੈ। ਜੇਕਰ ਤੁਹਾਡਾ ਸਕੋਰ ਇਹ ਪ੍ਰਭਾਵ ਦਿੰਦਾ ਹੈ ਕਿ ਬੀਤੇ ਸਮੇਂ ਵਿਚ ਤੁਸੀਂ ਆਪਣੀਆਂ ਵਿੱਤੀ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਇਆ ਨਹੀਂ ਤਾਂ ਉਹ ਨੌਕਰੀ ਦੀ ਪੇਸ਼ਕਸ਼ ਕਰਨ ਤੋਂ ਪਹਿਲਾਂ ਕਈ ਵਾਰ ਸੋਚਦਾ ਹੈ।
ਜਦੋਂ ਪਿਛਲੇ ਸਾਲ ਕਰੋਨਾ ਮਹਾਮਾਰੀ ਦੇ ਚੱਲਦਿਆਂ ਸਾਰੇ ਕਾਰੋਬਾਰ ਠੱਪ ਹੋ ਗਏ ਸਨ ਤਾਂ ਸਰਕਾਰਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਕਿ ਉਹ ਆਪਣੇ ਨਾਗਰਿਕਾਂ ਨੂੰ ਇਸ ਵਿੱਤੀ ਮੁਸ਼ਕਿਲ ਵਿਚੋਂ ਕੱਢਣ ਲਈ ਕਿਵੇਂ ਸਹਾਇਤਾ ਕਰ ਸਕਦੇ ਹਨ। ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਮੁੱਖ ਤੌਰ ’ਤੇ ਸਾਡੇ ਘਰ ਹੋਣ ਜਾਂ ਸਾਡੀਆਂ ਕਾਰਾਂ ਸਭ ਕੁਝ ਕਿਸ਼ਤਾਂ ’ਤੇ ਚੱਲਦਾ ਹੈ। ਮਹਾਮਾਰੀ ਦੇ ਸ਼ੁਰੂ ਹੁੰਦਿਆਂ ਸਾਡੇ ਸਾਰਿਆਂ ’ਤੇ ਇਹ ਬੋਝ ਪੈ ਗਿਆ ਸੀ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਅਸੀਂ ਆਪਣੀਆਂ ਕਿਸ਼ਤਾਂ ਖੁੰਝਾ ਲਈਆਂ ਤਾਂ ਅਸੀਂ ਬੜੀ ਵੱਡੀ ਵਿੱਤੀ ਮੁਸ਼ਕਿਲ ਵਿਚ ਫਸ ਜਾਵਾਂਗੇ।
ਕੈਨੇਡਾ ਦੀ ਫੈਡਰਲ ਸਰਕਾਰ ਨੇ ਅਜਿਹੇ ਮੌਕੇ ਵੱਖ-ਵੱਖ ਵਿੱਤੀ ਲੈਣਦਾਰਾਂ ਖਾਸ ਕਰਕੇ ਛੇ ਵੱਡੇ ਬੈਂਕਾਂ ਨਾਲ ਮੀਟਿੰਗ ਕਰਕੇ ਇਹ ਨਿਸ਼ਚਿਤ ਕੀਤਾ ਕਿ ਦੇਣਦਾਰ ਜੇ ਚਾਹੁਣ ਤਾਂ ਛੇ ਮਹੀਨੇ ਲਈ ਆਪਣੀਆਂ ਕਿਸ਼ਤਾਂ ਨੂੰ ਟਾਲ ਸਕਦੇ ਹਨ। ਇਕ ਅੰਦਾਜ਼ੇ ਮੁਤਾਬਿਕ ਸੱਤ ਲੱਖ 60 ਹਜ਼ਾਰ ਕੈਨੇਡੀਅਨਾਂ ਨੇ ਇਸ ਸਹੂਲਤ ਦਾ ਫਾਇਦਾ ਲੈਂਦੇ ਹੋਏ ਆਪਣੀ ਮੌਰਟਗੇਜ ਦੀਆਂ ਕਿਸ਼ਤਾਂ ਛੇ ਮਹੀਨੇ ਲਈ ਟਾਲ ਦਿੱਤੀਆਂ ਸਨ।
ਕਿਸ਼ਤ ਚਾਹੇ ਤੁਹਾਡੇ ਘਰ ਦੀ ਹੋਵੇ ਜਾਂ ਕਾਰ ਦੀ ਜਾਂ ਫਿਰ ਕਿਸੇ ਹੋਰ ਕਰਜ਼ੇ ਦੀ, ਤੁਹਾਡੇ ਵੱਲੋਂ ਦੇਰ ਨਾਲ ਕੀਤੀ ਅਦਾਇਗੀ, ਤੁਹਾਡੇ ਕਰੈਡਿਟ ਸਕੋਰ ’ਤੇ ਮਾੜਾ ਅਸਰ ਪਾਉਂਦੀ ਹੈ। ਇਕ ਅੰਦਾਜ਼ੇ ਮੁਤਾਬਿਕ ਮਿੱਥੇ ਸਮੇਂ ਤੋਂ ਬਾਅਦ ਵਿਚ ਅਦਾ ਕੀਤੀ ਕਰਜ਼ੇ ਦੀ ਕਿਸ਼ਤ ਤੁਹਾਡਾ ਕਰੈਡਿਟ ਸਕੋਰ 150 ਅੰਕਾਂ ਤਕ ਘਟਾ ਦਿੰਦੀ ਹੈ। ਮਹਾਮਾਰੀ ਦੇ ਚੱਲਦਿਆਂ ਸਰਕਾਰਾਂ ਨੇ ਰਿਣਦਾਰਾਂ ਤੋਂ ਇਹ ਨਿਸ਼ਚਿਤ ਕਰਾ ਲਿਆ ਸੀ ਕਿ ਤੁਹਾਡੇ ਵੱਲੋਂ ਰੋਕੀਆਂ ਕਿਸ਼ਤਾਂ ਤੁਹਾਡੇ ਸਕੋਰ ’ਤੇ ਕੋਈ ਬੁਰਾ ਅਸਰ ਨਾ ਪਾਉਣ।
ਸਾਨੂੰ ਸਮੇਂ-ਸਮੇਂ ’ਤੇ ਆਪਣੀ ਕਰੈਡਿਟ ਰਿਪੋਰਟ ਜ਼ਰੂਰ ਚੈੱਕ ਕਰਦੇ ਰਹਿਣਾ ਚਾਹੀਦਾ ਹੈ। ਕਈ ਵਾਰ ਤੁਹਾਡੇ ਮਨ ਵਿਚ ਚਿੰਤਾ ਹੁੰਦੀ ਹੈ ਕਿ ਕੀ ਹਰ ਵਾਰ ਰਿਪੋਰਟ ਚੈੱਕ ਕਰਨ ਨਾਲ ਤੁਹਾਡਾ ਕਰੈਡਿਟ ਸਕੋਰ ਘੱਟ ਜਾਂਦਾ ਹੈ। ਇੱਥੇ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਜੇਕਰ ਤੁਸੀਂ ਆਪਣੀ ਕਰੈਡਿਟ ਰਿਪੋਰਟ ਆਪ ਚੈੱਕ ਕਰਦੇ ਹੋ ਤਾਂ ਤੁਹਾਡੇ ਸਕੋਰ ’ਤੇ ਇਸ ਦਾ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਕਰੋਨਾ ਮਹਾਮਾਰੀ ਦੇ ਚੱਲਦਿਆਂ ਜੇਕਰ ਤੁਸੀਂ ਆਪਣੀਆਂ ਕਿਸ਼ਤਾਂ ਟਾਲੀਆਂ ਸਨ ਤਾਂ ਤੁਹਾਨੂੰ ਆਪਣੀ ਕਰੈਡਿਟ ਰਿਪੋਰਟ ਜ਼ਰੂਰ ਚੈੱਕ ਕਰ ਲੈਣੀ ਚਾਹੀਦੀ ਹੈ ਤਾਂ ਕਿ ਇਹ ਨਿਸ਼ਚਿਤ ਹੋ ਸਕੇ ਕਿ ਤੁਹਾਡੇ ਲੈਣਦਾਰ ਨੇ ਕਿਤੇ ਤੁਹਾਡੀਆਂ ਟਾਲੀਆਂ ਕਿਸ਼ਤਾਂ ਨੂੰ ਖੁੰਝ ਗਈਆਂ ਕਿਸ਼ਤਾਂ ਵਾਲੇ ਖਾਤੇ ਵਿਚ ਤਾਂ ਨਹੀਂ ਪਾ ਦਿੱਤਾ। ਕਰੈਡਿਟ ਰਿਪੋਰਟ ਨੂੰ ਦੇਖਦਿਆਂ ਜੇਕਰ ਤੁਹਾਨੂੰ ਲੱਗੇ ਕਿ ਤੁਹਾਡੇ ਲੈਣਦਾਰ ਨੇ ਤੁਹਾਡੇ ਬਾਰੇ ਗ਼ਲਤ ਰਿਪੋਰਟਿੰਗ ਕੀਤੀ ਹੈ ਤਾਂ ਤੁਸੀਂ ਉਸ ਨੂੰ ਚੁਣੌਤੀ ਵੀ ਦੇ ਸਕਦੇ ਹੋ।
ਯਾਦ ਰਹੇ ਕਿ ਤੁਹਾਡਾ ਕਰੈਡਿਟ ਸਕੋਰ ਇਹ ਨਿਸ਼ਚਿਤ ਕਰਦਾ ਹੈ ਕਿ ਕਰਜ਼ਾ ਦੇਣ ਵਾਲਾ ਤੁਹਾਡਾ ਕਿੰਨਾ ਕੁ ਕਰਜ਼ਾ ਮਨਜ਼ੂਰ ਕਰਦਾ ਹੈ ਤੇ ਮਨਜ਼ੂਰ ਕਰਜ਼ਾ ਕਿੰਨੀ ਕੁ ਵਿਆਜ ਦਰ ਨਾਲ ਮਿਲਦਾ ਹੈ। ਜੇਕਰ ਤੁਹਾਡਾ ਕਰੈਡਿਟ ਸਕੋਰ 680 ਜਾਂ ਇਸ ਤੋਂ ਉੱਪਰ ਹੈ ਤਾਂ ਕਰਜ਼ਾ ਦੇਣ ਵਾਲਾ ਤੁਹਾਨੂੰ ਇਕ ਚੰਗੇ ਵਿੱਤੀ ਪ੍ਰਬੰਧਕ ਦੀ ਕੈਟੇਗਰੀ ਵਿਚ ਰੱਖਦਾ ਹੈ ਤੇ ਤੁਹਾਨੂੰ ਵਧੀਆ ਦਰ ’ਤੇ ਕਰਜ਼ੇ ਦੀ ਪੇਸ਼ਕਸ਼ ਕਰਦਾ ਹੈ। ਜੇਕਰ ਤੁਸੀਂ ਕੈਨੇਡਾ ਵਿਚ ਨਵੇਂ ਆਏ ਹੋ ਤਾਂ ਹੋ ਸਕਦਾ ਹੈ ਕਿ ਤੁਹਾਡਾ ਕਰੈਡਿਟ ਸਕੋਰ 680 ਜਾਂ ਇਸ ਤੋਂ ਉੱਪਰ ਹੋਵੇ, ਪਰ ਤੁਹਾਡੀ ਕਰੈਡਿਟ ਹਿਸਟਰੀ ਦੋ ਜਾਂ ਦੋ ਸਾਲ ਤੋਂ ਵੱਧ ਹੋਣੀ ਵੀ ਜ਼ਰੂਰੀ ਹੈ। ਕਰੈਡਿਟ ਸਕੋਰ ਨੂੰ ਉੱਪਰ ਲਿਜਾਣ ਲਈ ਜ਼ਰੂਰੀ ਹੈ ਕਿ ਤੁਹਾਡੇ ਕੋਲੋਂ ਘੱਟ ਤੋਂ ਘੱਟ ਦੋ ਦੇਣਦਾਰੀਆਂ ਜ਼ਰੂਰ ਹੋਣ ਚਾਹੇ ਉਹ ਕਰੈਡਿਟ ਕਾਰਡ ਹੋਵੇ, ਕਾਰ ਦੀ ਕਿਸ਼ਤ ਜਾਂ ਕੋਈ ਹੋਰ ਕਰਜ਼ਾ ਹੋਵੇ। ਜੇਕਰ ਤੁਸੀਂ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਪੂਰੀ ਜ਼ਿੰਮੇਵਾਰੀ ਨਾਲ ਆਪਣੀਆਂ ਵਿੱਤੀ ਦੇਣਦਾਰੀਆਂ ਚੰਗੀ ਤਰ੍ਹਾਂ ਨਿਭਾਉਂਦੇ ਹੋ ਤਾਂ ਤੁਹਾਡਾ ਚੰਗਾ ਕਰੈਡਿਟ ਸਕੋਰ ਇਹ ਨਿਸ਼ਚਿਤ ਕਰਦਾ ਹੈ ਕਿ ਤੁਹਾਨੂੰ ਘਰ ਦੀ ਮੌਰਟਗੇਜ ਲਈ ਕੋਈ ਮੁਸ਼ਕਲ ਨਾ ਆਵੇ।