ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ ਆਸਟਰੇਲੀਆ ਵੱਲੋਂ ਨਵੇਂ ਸਾਲ ਦੀ ਪਹਿਲੀ ਇਕੱਤਰਤਾ ਕੀਤੀ ਗਈ। ਇਸ ਦੌਰਾਨ ਹਾਲੈਂਡ ਨਿਵਾਸੀ ਪਰਵਾਸੀ ਲੇਖਕ ਜੁਗਿੰਦਰ ਬਾਠ ਦੀ ਪੁਸਤਕ ‘ਜੱਟ ਮਕੈਨੀਕਲ’ ਲੋਕ ਅਰਪਣ ਕੀਤੀ ਗਈ। ਬ੍ਰਿਸਬੇਨ ਦੀ ਇੰਡੋਜ਼ ਪੰਜਾਬੀ ਲਾਇਬ੍ਰੇਰੀ ਦੇ ਹਾਲ ਵਿਚ ਸਰਪ੍ਰਸਤ ਜਰਨੈਲ ਬਾਸੀ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਵਿਚ ਸਰਬਜੀਤ ਸੋਹੀ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਕਿਰਤੀ ਸ਼੍ਰੇਣੀ ਵੱਲੋਂ ਰਚਿਆ ਸਾਹਿਤ ਪਾਠਕਾਂ ਦੀਆਂ ਪੜ੍ਹਨ ਰੁਚੀਆਂ ਨੂੰ ਵਧਾਉਂਦਾ ਹੈ। ਇਸ ਕਿਤਾਬ ਨਾਲ ਜਿੱਥੇ ਨਿਮਨ ਕਿਸਾਨ ਵਰਗ ਦੀ ਜੀਵਨ ਸ਼ੈਲੀ ਅਤੇ ਸੰਘਰਸ਼ਮਈ ਜੀਵਨ ਹਾਲਤਾਂ ਦਾ ਪਤਾ ਲੱਗਦਾ ਹੈ, ਉੱਥੇ ਇਹ ਕਿਤਾਬ ਠੇਠ ਪੇਂਡੂ ਭਾਸ਼ਾ ਵਿਚ ਹੋਣ ਕਰਕੇ ਪੰਨਾ ਦਰ ਪੰਨਾ ਪਾਠਕ ਨੂੰ ਪੰਜਾਬ ਦੇ ਕਾਲੇ ਦੌਰ ਵਿਚਲੇ ਟੁੱਟਦੇ ਭਾਈਚਾਰੇ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਨੁੱਖ ਦੇ ਮਨੋਵੇਗਾਂ ਨਾਲ ਵਾਸਤਾ ਕਰਵਾਉਂਦੀ ਹੈ।
ਸਮਾਗਮ ਦੇ ਦੂਜੇ ਭਾਗ ਵਿਚ ਸਥਾਨਕ ਕਵੀਆਂ ਅਤੇ ਗੀਤਕਾਰਾਂ ਵੱਲੋਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਕਵੀ ਦਰਬਾਰ ਵਿਚ ਸਰਬਜੀਤ ਸੋਹੀ, ਰੁਪਿੰਦਰ ਸੋਜ਼, ਆਤਮਾ ਹੇਅਰ, ਪਾਲ ਰਾਊਕੇ, ਪੁਸ਼ਪਿੰਦਰ ਤੂਰ, ਤਜਿੰਦਰ ਭੰਗੂ, ਜਰਨੈਲ ਬਾਸੀ, ਸਤਵਿੰਦਰ ਟੀਨੂ, ਅਮਨਦੀਪ ਕੌਰ ਟੱਲੇਵਾਲ, ਸੁਖਨੈਬ ਸਿੰਘ ਆਦਿ ਕਲਮਕਾਰਾਂ ਨੇ ਹਾਜ਼ਰੀ ਲਵਾਈ। ਇਸ ਮੌਕੇ ਰਣਜੀਤ ਵਿਰਕ, ਗੁਰਵਿੰਦਰ ਖੱਟੜਾ, ਹਰਦੇਵ ਸਿੰਘ, ਰਘਬੀਰ ਸਿੰਘ ਸਰਾਏ, ਮਨਜੀਤ ਬੋਪਾਰਾਏ, ਭਜਨ ਰਾਮ ਸਰੋਆ ਆਦਿ ਸ਼ਾਮਲ ਸਨ। ਸਮਾਗਮ ਵਿਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸ਼ਾਇਰ/ਫ਼ਿਲਮਸਾਜ਼ ਦਰਸ਼ਨ ਦਰਵੇਸ਼ ਅਤੇ ਕਬੱਡੀ ਕੁਮੈਂਟੇਟਰ/ਰੰਗਕਰਮੀ ਡਾ. ਦਰਸ਼ਨ ਬੜੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਟੇਜ ਸੈਕਟਰੀ ਦੀ ਭੂਮਿਕਾ ਪ੍ਰਧਾਨ ਦਲਵੀਰ ਹਲਵਾਰਵੀ ਵੱਲੋਂ ਬਾਖ਼ੂਬੀ ਨਿਭਾਈ ਗਈ।