ਰਵਿੰਦਰ ਸਿੰਘ ਸੋਢੀ
ਪੰਜਾਬ ਦਾ ਜੰਮਪਲ ਡਾ. ਦਵਿੰਦਰ ਸਿੰਘ ਜੀਤਲਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਜੀਵ ਵਿਗਿਆਨ ਦੇ ਖੇਤਰ ਵਿੱਚ ਡਾਕਟਰੇਟ ਕਰ ਕੇ ਕੀਨੀਆ ਤੋਂ ਹੁੰਦਾ ਹੋਇਆ ਆਸਟਰੇਲੀਆ ਜਾ ਪਹੁੰਚਿਆ। ਹੁਣ ਤੱਕ ਉਸ ਦੇ ਕਵਿਤਾਵਾਂ ਦੇ ਤਿੰਨ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਉਸ ਦਾ ਤੀਜਾ ਕਾਵਿ ਸੰਗ੍ਰਹਿ ‘ਨਜ਼ਰਾਂ ਦੀ ਖ਼ਾਮੋਸ਼ੀ’ ਇੱਕ ਅਕਤੂਬਰ 2022 ਨੂੰ ਸਰੀ (ਕੈਨੇਡਾ) ਵਿਖੇ ਉੱਤਰੀ ਅਮਰੀਕੀ ਸਾਹਿਤ ਸਭਾ ਦੇ ਸਾਲਾਨਾ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਇਸ ਕਾਵਿ ਸੰਗ੍ਰਹਿ ਵਿੱਚ 100 ਕਵਿਤਾਵਾਂ ਦਰਜ ਹਨ।
ਹਥਲੀ ਪੁਸਤਕ ‘ਨਜ਼ਰਾਂ ਦੀ ਖ਼ਾਮੋਸ਼ੀ’ ਵਿੱਚ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਲਈ ਡਾ. ਜੀਤਲਾ ਨੇ ਕਿਸੇ ਵਿਸ਼ੇਸ਼ ਕਾਵਿ ਰੂਪ ਨੂੰ ਨਹੀਂ ਅਪਣਾਇਆ। ਇਹ ਕਵਿਤਾਵਾਂ ਪੜ੍ਹ ਕੇ ਇੱਕ ਗੱਲ ਸਪੱਸ਼ਟ ਰੂਪ ਵਿੱਚ ਦ੍ਰਿਸ਼ਟੀ ਗੋਚਰ ਹੁੰਦੀ ਹੈ ਕਿ ਕਵੀ ਦਾ ਮੁੱਖ ਮੰਤਵ ਆਪਣੇ ਵਿਚਾਰਾਂ ਦੇ ਅਮੋੜ ਵਹਿਣ ਨੂੰ ਸ਼ਬਦਾਂ ਰਾਹੀਂ ਪ੍ਰਗਟਾਉਣਾ ਹੈ। ਇਸ ਮੰਤਵ ਦੀ ਪੂਰਤੀ ਲਈ ਉਹ ਕਿਸੇ ਵਿਸ਼ੇਸ਼ ਕਾਵਿ ਰੂਪ ਦੀ ਕੈਦ ਵਿੱਚ ਜਕੜ ਕੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਨੂੰ ਖੰਡਿਤ ਨਹੀਂ ਕਰਨਾ ਚਾਹੁੰਦਾ। ਉਹ ਬਾਹਰੀ ਤੌਰ ’ਤੇ ਗ਼ਜ਼ਲ ਰੂਪ ਨੂੰ ਅਪਣਾਉਂਦਾ ਹੈ, ਪਰ ਗ਼ਜ਼ਲ ਦੇ ਕਠੋਰ ਨਿਯਮਾਂ ਨੂੰ ਤਿਲਾਂਜਲੀ ਦਿੰਦਾ ਹੈ। ਕਈ ਥਾਂ ਸ਼ਿਅਰ ਨੁਮਾ ਸਤਰਾਂ ਨੂੰ ਇੱਕ ਲੜੀ ਵਿੱਚ ਪਿਰੋਅ ਕੇ ਆਪਣੇ ਵਿਚਾਰ ਪੇਸ਼ ਕਰਦਾ ਹੈ। ਅਸਲ ਵਿੱਚ ਉਸ ਦੀਆਂ ਕਵਿਤਵਾਂ ਵਿੱਚ ਵਿਚਾਰਾਂ ਦੇ ਆਪ ਮੁਹਾਰੇ ਵੇਗ ਦੀ ਤੇਜ਼ ਰਵਾਨੀ ਦੇਖਣ ਵਾਲੀ ਹੈ। ਉਸ ਦਾ ਕਾਵਿਕ ਪ੍ਰਗਟਾਵਾ ਨਿੱਜੀ ਵਲਵਲਿਆਂ, ਭਾਵਨਾਵਾਂ ਤੋਂ ਸ਼ੁਰੂ ਹੋ ਕੇ ਸਮਾਜਿਕ ਗਹਿਰ ਗੰਭੀਰ ਸਰੋਕਾਰਾਂ ਨੂੰ ਆਪਣੀ ਪਕੜ ਵਿੱਚ ਲੈਂਦਾ ਹੈ।
ਉਸ ਦੀਆਂ ਕਾਵਿ ਸਤਰਾਂ ਵਿੱਚ ਸਾਫ਼ਗੋਈ ਥਾਂ ਪੁਰ ਥਾਂ ਝਲਕਾਰੇ ਮਾਰਦੀ ਹੈ ਅਤੇ ਕਈ ਥਾਂ ਇਹ ਤਕੜਾ ਵਿਅੰਗ ਵੀ ਸਿਰਜਦੀ ਹੈ। ਪਹਿਲੀ ਹੀ ਕਵਿਤਾ ‘ਮੈਂ ਪੰਜਾਬੀ ਹਾਂ’ ਵਿੱਚ ਉਹ ਆਪਣੀ ਮਾਂ ਬੋਲੀ ਪੰਜਾਬੀ ਨੂੰ ਕਲਾਤਮਕ ਸ਼ਬਦਾਂ ਵਿੱਚ ‘ਪੰਜਨਾਦੀ ਫਿਜ਼ਾ ਵਿੱਚ ਜੰਮੀ ਪਲੀ ਸਹਿਜ਼ਾਦੀ’ ਕਹਿੰਦਾ ਹੈ, ਪਰ ਉਸ ਨੂੰ ਇਸ ਸੱਚਾਈ ਦਾ ਪਤਾ ਹੈ ਕਿ ਕੁਝ ‘ਖ਼ੁਦਗਰਜ਼ਾਂ’ ਨੇ ‘ਗੁਰਮੁਖੀ’ ਅਤੇ ‘ਸ਼ਾਹਮੁਖੀ’ ਦੇ ਆਪਸੀ ‘ਪਿਆਰ ਨੂੰ ਹੀ ਭੰਡ ਦਿੱਤਾ’ ਹੈ। ਇਸੇ ਤਰ੍ਹਾਂ ‘ਉੱਡਦੀ ਰੇਤ’ ਦੀਆਂ ਇਹ ਸਤਰਾਂ ਠੋਸ ਸੱਚਾਈ ਦੇ ਨਾਲ-ਨਾਲ ਵਿਅੰਗ ਵੀ ਹਨ-ਲੱਖ ਚੁਰਾਸੀ ਯਾਦ ਹੈ ਸਭ ਨੂੰ ਕਿਉਂ ਚੁਰਾਸੀ ਭੁਲਾਇਆ/ ਅੱਗਾਂ ਲੱਗੀਆਂ ਲਾਸ਼ਾਂ ਲਿਖੀਆਂ ਫਿਰ ਵੀ ਨਜ਼ਰ ਨਾ ਆਇਆ। ਕਵੀ ਕੋਲ ਐਨੀ ਸੋਝੀ ਹੈ ਕਿ ਉਹ ਕੁਝ ਵਿਸ਼ੇਸ਼ ਸ਼ਬਦਾਂ ਦੇ ਪਰੰਪਰਿਕ ਅਰਥਾਂ ਤੋਂ ਸੰਤੁਸ਼ਟ ਨਾ ਹੁੰਦਾ ਹੋਇਆ ਲਿਖਦਾ ਹੈ-ਪਰਵਾਸੀ ਇੱਕ ਅਜੀਬ ਜਿਹਾ ਅੱਖਰ ਹੈ ਦੋਸਤੋ/ ਦੇਸੀ ਜਾਂ ਵਿਦੇਸ਼ੀ ਦੋਹਾਂ ਲਈ ਸੱਥਰ ਹੈ ਦੋਸਤੋ (ਤੀਰਾਂ ਦੇ ਨਿਸ਼ਾਨੇ)। ਇਸ ਨਜ਼ਮ ਦੀਆਂ ਆਖਰੀ ਦੋ ਤੁਕਾਂ ਵੀ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ-ਬਿਨਾਂ ਮੰਜ਼ਿਲ ਰਾਹਾਂ ਵੀ ਬੇਲਗਾਮ ਹੋ ਗਈਆਂ/ ਗਲਤ ਐਵੇਂ ਤਾਂ ਨਹੀਂ ਤੀਰਾਂ ਦੇ ਨਿਸ਼ਾਨੇ ਹੋ ਗਏ। ਕਵੀ ਕੋਲ ਕੁਝ ਵਰਤਾਰਿਆਂ ਦਾ ਤੁਲਨਾਤਮਕ ਅਧਿਐਨ ਕਰਨ ਦੀ ਕਲਾ ਵੀ ਕਮਾਲ ਦੀ ਹੈ। ‘ਏਕਾਂਤ ਲਮਹੇ’ ਦਾ ਇਹ ਸ਼ਿਅਰ ਧਿਆਨ ਦੀ ਮੰਗ ਕਰਦਾ ਹੈ- ਕਾਇਦੇ ਨਾਲ ਇੱਕ ਕਤਾਰ ਵਿੱਚ ਤੁਰਨ ਦੀ ਸਮਝ ਹੈ ਕੀੜੀਆਂ ਨੂੰ/ਕੌਣ ਸਮਝਾਏਗਾ ਇਨ੍ਹਾਂ ਅਕਲਮੰਦਾਂ ਨੂੰ ਜੋ ਝੁੰਡ ਬਣਾ ਕੇ ਫੁੱਲ ਰਹੇ ਨੇ। ਕੁਝ ਰਚਨਾਵਾਂ ਕਿਸਾਨੀ ਅੰਦੋਲਨ ਸਬੰਧੀ ਵੀ ਹਨ। ‘ਕਾਲੀ ਰਾਤ ਦੇ ਬੋਲ’ ਇਸ ਕਾਵਿ ਸੰਗ੍ਰਹਿ ਦੀ ਸਭ ਤੋਂ ਬਿਹਤਰੀਨ ਰਚਨਾ ਹੈ। ਇਸ ਗ਼ਜ਼ਲ ਦਾ ਪਹਿਲਾ ਸ਼ਿਅਰ-ਖਾਹਿਸ਼ ਹਰ ਮੁਸਾਫ਼ਰ ਦੀ ਪਹੁੰਚ ਜਾਵਾਂ ਮੰਜ਼ਿਲ ’ਤੇ/ਕੰਬਖਤ ਰਾਹਾਂ ਦੇ ਇਰਾਦੇ ਹੀ ਕੁਝ ਹੋਰ ਹੁੰਦੇ ਨੇ। ਪਰਛਾਵੇਂ ਵੀ ਰੂਬਰੂ ਹੋ ਜਾਂਦੇ ਸ਼ਾਂਤ ਪਾਣੀਆਂ ਅੰਦਰ/ਤੂਫ਼ਾਨੀ ਹਵਾ ਅੰਦਰ ਚਿਹਰੇ ਵੀ ਕੁਝ ਹੋਰ ਹੁੰਦੇ ਨੇ, ਬਾ-ਕਮਾਲ ਹੈ। ਭਵਿੱਖ ਵਿੱਚ ਡਾ. ਜੀਤਲਾ ਤੋਂ ਹੋਰ ਕਲਾਤਮਕ ਕਾਵਿ ਰਚਨਾਵਾਂ ਦੀ ਆਸ ਸੁਭਾਵਿਕ ਹੈ।
ਸੁਖਵਿੰਦਰ ਬੋਦਲਾਵਾਲਾ ਦੀ ‘ਕ੍ਰਾਂਤੀ’
ਹਥਲੀ ਪੁਸਤਕ ਤੋਂ ਪਹਿਲਾਂ ਸੁਖਵਿੰਦਰ ਤਿੰਨ ਕਾਵਿ ਸੰਗ੍ਰਹਿ ਪਾਠਕਾਂ ਦੇ ਸਨਮੁਖ ਕਰ ਚੁੱਕਿਆ ਹੈ। ਇਸ ਤੋਂ ਇਲਾਵਾ ਉਸ ਦੇ ਕਈ ਗੀਤ ਵੱਖ-ਵੱਖ ਗਾਇਕਾਂ ਵੱਲੋਂ ਗਾਏ ਜਾ ਚੁੱਕੇ ਹਨ। ਉਹ 1996 ਤੋਂ ਅਮਰੀਕਾ ਰਹਿ ਰਿਹਾ ਹੈ, ਪਰ ਉਸ ਦਾ ਕਹਿਣਾ ਹੈ ਕਿ ਪ੍ਰਦੇਸ ਵੱਸਦੇ ਹੋਣ ਦੇ ਬਾਵਜੂਦ ਉਸ ਦੀ ਦਿਲੀ ਇੱਛਾ ਹੈ ਕਿ ਭਾਰਤ ਤਰੱਕੀ ਦੀ ਰਾਹ ’ਤੇ ਚੱਲਦਾ ਹੋਇਆ ਉਨ੍ਹਾਂ ਮੁਲਕਾਂ ਦੀ ਸੂਚੀ ਵਿੱਚ ਸ਼ਾਮਲ ਹੋਵੇ ਜਿਨ੍ਹਾਂ ਦੀ ਚਕਾਚੌਂਧ ਦੇਖ ਸਾਡੇ ਮੁਲਕ ਦੇ ਨੌਜਵਾਨ ਉੱਧਰ ਜਾ ਰਹੇ ਹਨ। ਇਸ ਦੇ ਨਾਲ ਹੀ ਉਹ ਆਪਣੇ ਦੇਸ਼ ਵਿੱਚ ਪਨਪ ਰਹੀ ਰਿਸ਼ਵਤਖੋਰੀ, ਸਮਾਜ ਵਿੱਚ ਊਚ-ਨੀਚ, ਜਾਤ-ਪਾਤ ਦੇ ਪਾੜੇ, ਰਾਜਸੀ ਖੇਤਰ ਵਿੱਚ ਆ ਰਹੀ ਇਖਲਾਕੀ ਗਿਰਾਵਟ ਤੋਂ ਵੀ ਪਰੇਸ਼ਾਨ ਹੈ, ਇਸੇ ਲਈ ਇਨ੍ਹਾਂ ਵਿਰੁੱਧ ਆਪਣੀ ਕਲਮ ਚਲਾਉਂਦਾ ਹੈ। ਇਹ ਵਰਤਾਰਾ ਉਸ ਦੀਆਂ ਕਿਸੇ ਇੱਕ-ਦੋ ਕਵਿਤਾਵਾਂ ਵਿੱਚ ਹੀ ਨਹੀਂ ਬਲਕਿ ਉਸ ਦੀ ਹਰ ਰਚਨਾ ਹੀ ਇਸ ਵਰਤਾਰੇ ਦੇ ਵਿਰੁੱਧ ਆਵਾਜ਼ ਉਠਾਉਂਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਸੱਤ ਸਮੁੰਦਰ ਪਾਰ ਬੈਠਾ ਵੀ ਮਾਨਸਿਕ ਤੌਰ ’ਤੇ ਆਪਣੇ ਵਤਨ ਨਾਲ ਜੁੜਿਆ ਹੋਇਆ ਹੈ।
‘ਕ੍ਰਾਂਤੀ’ ਪੁਸਤਕ ਵਿਲੱਖਣ ਇਸ ਕਰਕੇ ਵੀ ਹੈ ਕਿਉਂਕਿ ਇਹ ਈ-ਬੁੱਕਸ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਪੰਜਾਬੀ ਵਿੱਚ ਅਜਿਹੀਆਂ ਕਿਤਾਬਾਂ ਦਾ ਰੁਝਾਨ ਬਹੁਤਾ ਨਹੀਂ। ਇਸ ਪੁਸਤਕ ਦੀ ਦਿਖ ਬਹੁਤ ਪ੍ਰਭਾਵਿਤ ਕਰਨ ਵਾਲੀ ਹੈ, ਪਰ ਬਾਹਰੀ ਦਿਖ ਦੇ ਨਾਲ-ਨਾਲ ਕਾਵਿਕ ਗੁਣਾਂ ਨਾਲ ਭਰਪੂਰ ਇਹ ਪੁਸਤਕ ਪੜ੍ਹਨ ਵਾਲਿਆਂ ’ਤੇ ਆਪਣਾ ਗਹਿਰਾ ਪ੍ਰਭਾਵ ਛੱਡਦੀ ਹੈ।
ਦੇਸ਼ ਦੀ ਅਜਿਹੀ ਕੋਈ ਮਹੱਤਵਪੂਰਨ ਘਟਨਾ ਉਸ ਨੇ ਨਹੀਂ ਛੱਡੀ ਜਿਸ ਨੂੰ ‘ਕ੍ਰਾਂਤੀ’ ਦੀਆਂ ਰਚਨਾਵਾਂ ਵਿੱਚ ਨਾ ਛੋਹਿਆ ਹੋਵੇ; ਮਸਲਨ, ਬੈਂਕਾਂ ਨਾਲ ਧੋਖਾਧੜੀ ਕਰਕੇ ਵਿਦੇਸ਼ ਭੱਜ ਜਾਣਾ-‘ਵਿੱਚ ਵਿਦੇਸ਼ੀ ਲਾ ਕੇ ਬੈਠੇ ਜਾ, ਚੂਨਾ ਬੈਂਕਾਂ ਨੂੰ’, ਦੇਸ਼ ਦੀ ਆਜ਼ਾਦੀ ਤੋਂ ਬਾਅਦ ਦਿਨ-ਬ-ਦਿਨ ਵਧ ਰਹੀ ਭੁੱਖ ਮਰੀ ਬਾਰੇ -‘ਸੰਨ ਸੰਤਾਲੀ ਤੋਂ ਹੁਣ ਤਾਈਂ, ਗਰੀਬੀ ਭੁੱਖ ਮਰੀ ਵਧੀ’, ਅਦਾਲਤਾਂ ਵਿੱਚ ਸਾਲਾਂ ਬਦੀ ਲਟਕਦੇ ਮੁਕੱਦਮਿਆਂ ਬਾਰੇ ਲਿਖਿਆ-‘ਪਿਓ ਨੇ ਕਚਹਿਰੀ ਇਨਸਾਫ਼ ਸੀ ਮੰਗਿਆ, ਪੁੱਤ ਪਿਆ ਅਜੇ ਤਰੀਕਾਂ ਭੁਗਤੇ’, ਪੰਜਾਬ ਦੇ ਕਾਲੇ ਦੌਰ ਸਮੇਂ ਝੂਠੇ ਮੁਕਾਬਲਿਆਂ ਵਿੱਚ ਬੇਗੁਨਾਹ ਨੂੰ ਮਾਰ ਕੇ ਤਰੱਕੀਆਂ ਲੈਣ ਦਾ ਰੁਝਾਨ ਬਹੁਤ ਸੀ, ਇਸ ਬਾਰੇ ਉਸ ਨੇ ਲਿਖਿਆ, ‘ਝੂਠੇ ਹੋਣ ਮੁਕਾਬਲੇ ਕਿਧਰੇ ਹੋਈਆਂ ਕਿਤੇ ਝੂਠੀਆਂ ਤਰੱਕੀਆਂ’, ਬੇਗੁਨਾਹ ਨੂੰ ਸਾਲਾਂ ਬੱਧੀ ਜੇਲ੍ਹਾਂ ਵਿੱਚ ਰੱਖਣਾ ਅਤੇ ਤਸੀਹੇ ਦੇ ਕੇ ਮਾਰਨਾ ’ਤੇ ਉਸ ਦੀ ਕਲਮ ਨੇ ਲਿਖਿਆ, ‘ਨਿਰਦੋਸ਼ ਕਿਤੇ ਜੇਲ੍ਹਾਂ ਵਿੱਚ ਡੱਕ ਤੇ, ਜਿਉਂਦੇ ਜੀਅ ਵੀ ਕਿਤੇ ਜਾਲ ਤੇ’, ਬੈਂਕਾਂ ਵਿੱਚ ਪਏ ਗਰੀਬਾਂ ਦੇ ਪੈਸੇ ਤੇ ਅਮੀਰਾਂ ਦੀ ਅਜ਼ਾਰੇਦਾਰੀ ਬਾਰੇ, ‘ਏਹ ਧਨਾਢਾਂ ਦੀਆਂ ਬੈਂਕਾਂ ਵਿੱਚ ਗਰੀਬਾਂ ਦੇ ਖਾਤੇ/ਹਨ ਜਿਨ੍ਹਾਂ ਦੇ ਖਾਤੇ, ਹਾਲਤ ਉਨ੍ਹਾਂ ਦੀ ਹੈ ਖਸਤੀ’, ਝੂਠੇ ਚੋਣ ਵਾਅਦਿਆਂ ’ਤੇ ਲਿਖਿਆ, ‘ਸਮਾਰਟ ਫੋਨ ਵੀ ਦਿੱਤੇ ਮਿੱਤਰੋ ਹੁਣ ਸਕੂਟਰੀ ਦੇਵਣਗੇ/ਹੋਏ ਨਾ ਪੂਰੇ ਪਹਿਲੇ ਵਾਅਦੇ, ਨਵੇਂ ਚਮਕਾਈ ਜਾਂਦੇ ਨੇ’, ਪੰਥ ਨੂੰ ਖਤਰੇ ਵਿੱਚ ਦੱਸ ਕੇ ਵੋਟਾਂ ਬਟੋਰਨੀਆਂ ’ਤੇ ਲਿਖਿਆ,‘ਖਤਰੇ ਵਿੱਚ ਪੰਥ ਨਹੀਂ ਹੈ, ਕੁਰਸੀ ਸੱਤਾ ਦੀ ਖੁੱਸੀ’, ਰੋਜ਼ਾਨਾ ਵਧ ਰਹੀ ਨਸ਼ੇ ਦੀ ਮਾਰ ਬਾਰੇ ਲਿਖਿਆ , ‘ਚਿੱਟਾ ਖਾ ਗਿਆ ਪੁੱਤ ਮਾਵਾਂ ਦੇ, ਸੁਣ ਨਹੀਂ ਹੁੰਦੇ ਦੁੱਖ ਮਾਵਾਂ ਦੇ’,
ਸਾਰੀਆਂ ਰਾਜਸੀ ਪਾਰਟੀਆਂ ਅੰਦਰੋਂ ਮਿਲੀਆਂ
ਹੁੰਦੀਆਂ ਹਨ, ਇਸ ਬਾਰੇ ‘ਕ੍ਰਾਂਤੀ’ ਵਿੱਚ ਲਿਖਿਆ ਹੈ, ‘ਮੌਜਾਂ ਵੱਖ-ਵੱਖ ਭਾਵੇਂ ਪਾਰਟੀਆਂ ਅੰਦਰੋਂ ਏਕਾ ਸੀ/ਜਨਤਾ ਦਾ ਖੂਨ ਚੂਸਦੇ, ਇੱਕੋ ਹੀ ਹਾਣ ਦੇ ਸੀ’ ਆਦਿ। ਇਸ ਪੁਸਤਕ ਦੀਆਂ 47 ਰਚਨਾਵਾਂ ਜਿਨ੍ਹਾਂ ਵਿੱਚੋਂ ਬਹੁਤੀਆਂ ਗ਼ਜ਼ਲਾਂ ਜਾਂ ਗ਼ਜ਼ਲਾਂ ਵਰਗੀਆਂ ਹਨ ਅਤੇ 81 ਪੰਨਿਆਂ ’ਤੇ ਫੈਲੀ ਇਹ ਈ-ਪੁਸਤਕ ਅਜਿਹੀਆਂ ਸਤਰਾਂ ਨਾਲ ਭਰੀ ਹੋਈ ਹੈ ਜਿਸ ਤੋਂ ਸਹਿਜੇ ਹੀ ਕਵੀ ਦੇ ਅੰਦਰ ਦਰਦ ਦੀ ਚੀਸ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਸੁਖਵਿੰਦਰ ਨੂੰ ਇਹ ਭਲੀ ਭਾਂਤ ਪਤਾ ਹੈ ਕਿ ਜਦੋਂ ਅਜਿਹੇ ਨਾਮੁਰਾਦ ਹਾਲਾਤ ਹੋ ਜਾਣ ਤਾਂ ਉਹ ਨਿਰੋਲ ਸਮਾਜ ਸੁਧਾਰਕ ਦੇ ਫੋਕੇ ਨਾਅਰਿਆਂ ਨਾਲ ਲੀਹ ’ਤੇ ਨਹੀਂ ਲਿਆਂਦੇ ਜਾ ਸਕਦੇ। ਉਨ੍ਹਾਂ ਲਈ ਤਾਂ ‘ਕ੍ਰਾਂਤੀ’ ਦਾ ਝੰਡਾ ਚੁੱਕਣਾ ਪੈਂਦਾ ਹੈ। ਇਸੇ ਲਈ ਕਵੀ ਬੇਬਾਕ ਹੋ ਕੇ ਹੋਕਾ ਦਿੰਦਾ ਹੈ:
ਇਨਸਾਫ਼ ਨਹੀਂ ਥਾਲੀ, ਧਰ ਕੋਈ ਦੇਂਦਾ/ ਸੂਰਮਿਆਂ ਨੂੰ ਬਾਗੀ ਹੋਣਾ ਪੈਂਦਾ।
ਇਸੇ ਲਈ ਉਸ ਨੇ ਪੁਸਤਕ ਦਾ ਨਾਮਕਰਨ ਵੀ ‘ਕ੍ਰਾਂਤੀ’ ਕੀਤਾ ਹੈ, ਜੋ ਢੁੱਕਵਾਂ ਹੈ। ਕਵੀ ਨੂੰ ਦੇਸ਼ ਵਿੱਚ ਬਦਲਦੀਆਂ ਹਕੂਮਤਾਂ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਹਾਲਾਤ ਨਾ ਬਦਲਣ ਦਾ ਪਤਾ ਹੈ, ਇਸੇ ਲਈ ਉਹ ਲਿਖਦਾ ਹੈ- ‘ਹਕੂਮਤਾਂ ਬਦਲੀਆਂ ਸੋਚ ਨਾ ਬਦਲੀ।’ ‘ਲੀਡਰ ਭਰਮਾਈ ਜਾਂਦੇ ਨੇ’ ਬਹੁਤ ਵਧੀਆ ਰਚਨਾ ਹੈ। ‘ਉਹ ਜੋ ਰਾਹ’ ਕਵਿਤਾ ਵਿੱਚ ਪੰਜਾਬ ਦੇ ਅਜੋਕੇ ਪਿੰਡਾਂ ਦੀ ਗੱਲ ਵੀ ਭਾਵਪੂਰਤ ਢੰਗ ਨਾਲ ਕੀਤੀ ਗਈ ਹੈ। ਕੁਝ ਕਵਿਤਾਵਾਂ ਕਿਸਾਨ ਅੰਦੋਲਨ ਸਬੰਧੀ ਵੀ ਹਨ। ਕਵੀ ਵਾਤਾਵਰਨ, ਪੰਛੀਆਂ, ਜਾਨਵਰਾਂ ਤੇ ਦੂਸ਼ਿਤ ਪਾਣੀ ਤੋਂ ਵੀ ਚਿੰਤਤ ਹੈ, ਇਸ ਲਈ ਇਨ੍ਹਾਂ ਸਬੰਧੀ ਵੀ ਲਿਖਦਾ ਹੈ।
ਅੰਤ ਵਿੱਚ ਉਸ ਦੀ ਇੱਕ ਹੋਰ ਗ਼ਜ਼ਲ ਦੇ ਸ਼ਿਅਰ ਦਾ ਜ਼ਿਕਰ ਜ਼ਰੂਰ ਕਰਨਾ ਚਾਹਵਾਂਗਾ:
ਪਰਾਹੁਣਿਆਂ ਨੂੰ ਤੋਰਨ ਤੇ ਅੱਖੀਆਂ ਨਮ ਹੋ ਜਾਂਦੀਆਂ ਸੀ
ਅੱਜਕੱਲ੍ਹ ਸਿਵਿਆਂ ਵਿੱਚ ਵੀ ਲੋਕੀਂ ਹੱਸਦੇ ਵੇਖੇ ਮੈਂ।
ਸੁਖਵਿੰਦਰ ਵਰਗੇ ਸ਼ਾਇਰ ਪਰਵਾਸੀ ਕਵਿਤਾ ਦੇ ਹੀ ਨਹੀਂ ਸਗੋਂ ਸਮੁੱਚੀ ਪੰਜਾਬੀ ਕਵਿਤਾ ਦੇ ਮਾਣਮੱਤੇ ਹਸਤਾਖ਼ਰ ਹਨ।
ਸੰਪਰਕ: 001-604-2371