ਹਰਜੀਤ ਅਟਵਾਲ
ਬਰਤਾਨੀਆ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਲੰਡਨ ਵਿਚ ਵਸਦਾ ਹੈ। ਇਸ ਆਬਾਦੀ ਵਿਚ ਬਜ਼ੁਰਗਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ। ਬਰਤਾਨੀਆ ਹੀ ਨਹੀਂ ਸਾਰੇ ਯੂਰੋਪ ਤੇ ਵਿਕਸਤ ਹੋਰਨਾਂ ਮੁਲਕਾਂ ਵਿਚ ਵੀ ਹੁਣ ਬਜ਼ੁਰਗਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ। ਉਂਜ ਕੁਦਰਤ ਤੇ ਸਾਡੇ ਗ੍ਰੰਥਾਂ ਨੇ ਇਨਸਾਨੀ ਉਮਰ ਸੌ ਸਾਲ ਦੀ ਹੀ ਮੰਨੀ ਹੋਈ ਹੈ, ਪਰ ਦੇਖਣ ਨੂੰ ਇਹ ਘੱਟ ਹੀ ਮਿਲਦੀ ਹੈ। ਪਿਛਲੀ ਸਦੀ ਵਿਚ ਪੰਜਾਹ ਸਾਲ ਦੇ ਬੰਦੇ ਨੂੰ ਬਹੁਤ ਬੁੱਢਾ ਮੰਨ ਲਿਆ ਜਾਂਦਾ ਸੀ। ਸੱਠ ਸਾਲ ਦਾ ਬੰਦਾ ਤਾਂ ਮੌਤ ਦੀ ਉਡੀਕ ਕਰਨ ਲੱਗ ਪੈਂਦਾ ਸੀ, ਪਰ ਇਸ ਸਦੀ ਵਿਚ ਹਾਲਾਤ ਬਦਲ ਗਏ ਹਨ। ਇਨਸਾਨੀ ਜਿਸਮ ਦੀ ਜਿਹੜੀ ਸਥਿਤੀ ਜਾਂ ਟੁੱਟ-ਭੱਜ ਪਹਿਲਾਂ ਸੱਠ ਸਾਲ ਦੀ ਉਮਰ ਵਿਚ ਜਾ ਕੇ ਹੁੰਦੀ ਸੀ, ਉਹ ਹੁਣ ਅੱਸੀ ਸਾਲ ਤੋਂ ਬਾਅਦ ਹੋਣ ਲੱਗੀ ਹੈ। ਅੱਜ ਤੋਂ ਚਾਲੀ/ਪੰਜਾਹ ਸਾਲ ਪਹਿਲਾਂ ਜਿਹੜੇ ਦੰਦ ਸੱਠ ਸਾਲ ਦੀ ਉਮਰ ਵਿਚ ਟੁੱਟ ਜਾਂਦੇ ਸਨ, ਹੁਣ ਅੱਸੀ ਸਾਲ ਵਿਚ ਵੀ ਉਵੇਂ ਹੀ ਕਾਇਮ ਮਿਲ ਜਾਂਦੇ ਹਨ। ਉਮਰਾਂ ਹੁਣ ਬਹੁਤ ਵਧ ਗਈਆਂ ਹਨ। ਸੌ ਸਾਲ ਤਕ ਪੁੱਜਣਾ ਪਹਿਲਾਂ ਜੋ ਅਸੰਭਵ ਜਿਹਾ ਦਿਸਦਾ ਸੀ ਹੁਣ ਵੱਡੀ ਗੱਲ ਨਹੀਂ ਰਹੀ। ਬਰਤਾਨੀਆ ਦੀ ਸਾਢੇ ਛੇ ਕਰੋੜ ਆਬਾਦੀ ਵਿਚ ਚੌਦਾਂ ਹਜ਼ਾਰ ਲੋਕ ਸੌ ਸਾਲ ਤੋਂ ਉੱਪਰ ਦੇ ਹਨ। ਚਾਲੀ ਸਾਲ ਪਹਿਲਾਂ ਇਹ ਗਿਣਤੀ ਕੁਝ ਸੈਂਕੜਿਆਂ ਵਿਚ ਹੀ ਸੀ। ਸੌ ਸਾਲ ਦੇ ਬਜ਼ੁਰਗ ਚੰਗੀ ਸਿਹਤ ਕਾਰਨ ਕਈ ਕਿਸਮ ਦੇ ਕਾਰਨਾਮੇ ਕਰਦੇ ਰਹਿੰਦੇ ਸਨ। ਪਿੱਛੇ ਜਿਹੇ ਇਕ ਸੌ ਸਾਲਾ ਬੇਬੇ ਹਵਾਈ-ਜਹਾਜ਼ ਚਲਾਉਣਾ ਸਿੱਖਣ ਦੀ ਚਾਹਵਾਨ ਸੀ। ਕਰੋਨਾਵਾਇਰਸ ਵਿਚ ਸੌ ਸਾਲ ਦੇ ਕੈਪਟਨ ਟੌਮ ਮੂਰ ਨੇ ਪੈਦਲ ਤੁਰ-ਤੁਰ ਕੇ ਚਾਰ ਕਰੋੜ ਪੌਂਡ ਚੈਰਿਟੀ ਵਜੋਂ ਨੈਸ਼ਨਲ ਹੈਲਥ ਸਰਵਿਸ ਲਈ ਇਕੱਠੇ ਕੀਤੇ। ਲੰਡਨ ਦੇ ਬਾਜ਼ਾਰਾਂ, ਪਾਰਕਾਂ, ਟਰੇਨਾਂ, ਬੱਸਾਂ ਆਦਿ ਵਿਚ ਅੱਸੀ-ਅੱਸੀ ਸਾਲ ਦੇ ਬਜ਼ੁਰਗ ਆਮ ਦੌੜੇ ਫਿਰਦੇ ਦਿਸ ਜਾਂਦੇ ਹਨ। ਇਨਸਾਨ ਦੀ ਇਸ ਵਧਦੀ ਉਮਰ ਦੇ ਰਾਜ਼ ਵਧੀਆਂ ਦਵਾਈਆਂ, ਉਸ ਦੀ ਸਿਹਤ-ਸੰਭਾਲ, ਖਾਣ-ਪੀਣ ਤੇ ਰਹਿਣ-ਸਹਿਣ ਦੇ ਢੰਗ ਵਿਚ ਪਏ ਹਨ। ਬਰਤਾਨੀਆ ਦੀ ਰਾਸ਼ਟਰੀ ਸਿਹਤ ਬਾਰੇ ਮਸ਼ਹੂਰ ਹੈ ਕਿ ਬੰਦੇ ਨੂੰ ਮਰਨ ਹੀ ਨਹੀਂ ਦਿੰਦੇ। ਉਂਜ ਇਹ ਵੀ ਸੱਚ ਹੈ ਕਿ ਉਮਰਾਂ ਤਾਂ ਜ਼ਰੂਰ ਵਧੀਆਂ ਹਨ, ਪਰ ਸਾਰੀ ਉਮਰ ਦਵਾਈਆਂ ਖਾਣੀਆਂ ਪੈਂਦੀਆਂ ਹਨ। ਵਧੀਆਂ ਉਮਰਾਂ ਬਾਰੇ ਮੇਰਾ ਇਕ ਦੋਸਤ ਕਹਿੰਦਾ ਹੈ ਕਿ ਇਹ ਕੁਦਰਤ ਦੇ ਅਸੂਲ ਦੇ ਖਿਲਾਫ਼ ਹੈ, ਜੇ ਪੁਰਾਣੇ ਪੱਤੇ ਝੜਨਗੇ ਨਹੀਂ ਤਾਂ ਨਵੇਂ ਕਿਵੇਂ ਆਉਣਗੇ। ਮੇਰਾ ਵਿਚਾਰ ਹੈ ਕਿ ਇਹ ਮਨੁੱਖਤਾ ਦਰੱਖਤ ਵਾਂਗ ਨਹੀਂ ਕਿ ਇਕ ਵਾਰ ਸਾਰੇ ਪੱਤੇ ਝੜ ਕੇ ਨਵੇਂ ਆਉਂਦੇ ਹਨ। ਇਹ ਤਾਂ ਪੱਤਿਆਂ ਦੇ ਨਿੱਤ ਝੜਨ ਤੇ ਨਵੇਂ ਆਊਣ ਦੀ ਪ੍ਰਕਿਰਿਆ ਹੈ।
ਵਿਗਿਆਨਕ ਤਰੱਕੀ ਨੇ ਇਨਸਾਨ ਦੀ ਉਮਰ ਵਧਾਈ ਹੈ, ਪਰ ਇਸ ਨਾਲ ਬਹੁਤ ਸਾਰੀਆਂ ਮੁਸੀਬਤਾਂ ਖੜ੍ਹੀਆਂ ਵੀ ਹੋਈਆਂ ਹਨ। ਅਜਿਹੀਆਂ ਮੁਸੀਬਤਾਂ ਕਿ ਜਿਸ ਦੇ ਹੱਲ ਨਹੀਂ ਲੱਭ ਰਹੇ। ਲੋਕ ਰਿਟਾਇਰ ਹੋ ਕੇ ਲੰਮਾ ਸਮਾਂ ਪੈਨਸ਼ਨ ਖਾਂਦੇ ਹਨ। ਬੁਢਾਪੇ ਵਿਚ ਲੱਗਦੀਆਂ ਬਿਮਾਰੀਆਂ ਦਾ ਸਾਰਾ ਖ਼ਰਚਾ ਸਰਕਾਰ ਸਿਰ ਪੈਂਦਾ ਹੈ। ਇਹ ਬਜ਼ੁਰਗ ਰਾਸ਼ਟਰੀ ਸਿਹਤ ਵਿਭਾਗ ਉੱਪਰ ਬਹੁਤ ਵੱਡਾ ਬੋਝ ਬਣਦੇ ਹਨ ਕਿਉਂਕਿ ਬਰਤਾਨੀਆ ਵਿਚ ਸਿਹਤ ਸੇਵਾਵਾਂ ਮੁਫ਼ਤ ਹਨ। ਇਕ ਤਰੀਕੇ ਨਾਲ ਇਹ ਮੁਫ਼ਤ ਵੀ ਨਹੀਂ ਹੈ, ਇਹ ਸਾਰੇ ਪੈਸੇ ਲੋਕਾਂ ਦੀਆਂ ਤਨਖਾਹਾਂ ਵਿਚੋਂ ਪਹਿਲਾਂ ਹੀ ਕੱਟ ਲਏ ਜਾਂਦੇ ਹਨ। ਪਿਛਲੇ ਸਾਲਾਂ ਵਿਚ ਇਨ੍ਹਾਂ ਕੱਟੇ ਜਾਂਦੇ ਪੈਸਿਆਂ ਵਿਚ ਲਗਾਤਾਰ ਵਾਧਾ ਹੁੰਦਾ ਰਿਹਾ ਹੈ, ਫਿਰ ਵੀ ਰਾਸ਼ਟਰੀ ਸਿਹਤ ਸਰਵਿਸ ਮਹਿਕਮਾ ਖ਼ਰਚੇ ਤੋਂ ਟੁੱਟਿਆ ਹੀ ਰਹਿੰਦਾ ਹੈ। ਨਵੀਂ ਸਦੀ ਚੜ੍ਹਨ ਦੇ ਨਾਲ ਹੀ ਸਰਕਾਰਾਂ ਨੂੰ ਇਸ ਗੱਲ ਦੀ ਸਮਝ ਲੱਗ ਗਈ ਸੀ ਕਿ ਰਿਟਾਇਰ ਲੋਕਾਂ ਨੂੰ ਲੰਮਾ ਸਮਾਂ ਪੈਨਸ਼ਨ ਦੇਣੀ ਪਵੇਗੀ। ਉਨ੍ਹਾਂ ਨੇ ਰਿਟਾਇਰਮੈਂਟ ਦੀ ਉਮਰ ਸੱਠ ਸਾਲ ਤੋਂ ਵਧਾ ਕੇ ਪੈਂਹਟ ਸਾਲ ਦੀ ਕਰ ਦਿੱਤੀ। ਪਿੱਛੇ ਜਿਹੇ ਇਹ ਗਿਣਤੀ-ਮਿਣਤੀ ਵੀ ਗ਼ਲਤ ਪੈਣ ਲੱਗ ਪਈ ਤਾਂ ਸਰਕਾਰ ਨੇ ਰਿਟਾਇਰਮੈਂਟ ਦੀ ਉਮਰ ਛਿਆਹਟ ਸਾਲ ਕਰ ਦਿੱਤੀ। ਵਿਰੋਧੀ ਧਿਰਾਂ ਬਹੁਤ ਰੌਲਾ ਪਾਉਂਦੀਆਂ ਰਹੀਆਂ, ਪਰ ਸਰਕਾਰ ਦੇ ਆਪਣੇ ਹਿਸਾਬ-ਕਿਤਾਬ ਸਨ। ਫਿਰ ਛਿਆਹਟ ਸਾਲ ਦੀ ਉਮਰ ਵੀ ਠੀਕ ਨਾ ਬੈਠੀ, ਹੁਣ ਇਹ ਉਮਰ ਸਤਾਹਟ ਸਾਲ ਦੀ ਕਰ ਦਿੱਤੀ ਗਈ ਹੈ। ਸਰਕਾਰ ਦੀ ਨੀਤੀ ਹੈ ਕਿ ਲੋਕ ਬਹੁਤੀ ਦੇਰ ਪੈਨਸ਼ਨ ਨਾ ਖਾ ਸਕਣ ਤੇ ਬਹੁਤੀ ਦੇਰ ਸਰਕਾਰ ’ਤੇ ਬੋਝ ਨਾ ਬਣਨ। ਸਰਕਾਰ ਦੀ ਨੀਤੀ ਰਿਟਾਇਰਮੈਂਟ ਦੀ ਉਮਰ ਸੱਤਰ ਸਾਲ ਕਰਨ ਦੀ ਹੈ। ਇਸ ਨਾਲ ਪੈਨਸ਼ਨ ਮਹਿਕਮੇ ਨੂੰ ਤਾਂ ਫਾਇਦਾ ਹੋ ਸਕੇਗਾ, ਪਰ ਸਿਹਤ ਵਿਭਾਗ ਉੱਪਰ ਬੋਝ ਤਾਂ ਉਵੇਂ ਹੀ ਰਹਿਣਗੇ ਕਿਉਂਕਿ ਉਮਰ ਦੇ ਹਿਸਾਬ ਨਾਲ ਬਿਮਾਰੀਆਂ ਤਾਂ ਵਧਣੀਆਂ ਹੀ ਹੋਈਆਂ ਤੇ ਉਹ ਸਾਰਾ ਬੋਝ ਸਿਹਤ ਵਿਭਾਗ ਉੱਪਰ ਪੈਣਾ ਹੈ।
ਰਿਟਾਇਰਮੈਂਟ ਦੀ ਉਮਰ ਵਧਾਉਣ ਨਾਲ ਸਮਾਜ ਸਮਤੋਲ ਵਿਚ ਵੀ ਤਾਂ ਫ਼ਰਕ ਪੈਣਗੇ। ਕੋਈ ਰਿਟਾਇਰ ਹੋਵੇਗਾ ਤਾਂ ਨੌਕਰੀ ਨਵੇਂ ਬੰਦੇ ਨੂੰ ਮਿਲੇਗੀ। ਜਾਂ ਫਿਰ ਹੋਰ ਨੌਕਰੀਆਂ ਪੈਦਾ ਕੀਤੀਆਂ ਜਾਣ। ਆਉਣ ਵਾਲੇ ਸਾਲਾਂ ਵਿਚ ਨੌਜਵਾਨਾਂ ਦੇ ਵਿਹਲੇ ਰਹਿਣ ਦੇ ਡਰ ਬਣੇ ਹੋਏ ਹਨ। ਇਸ ਮਸਲੇ ਦੇ ਹੱਲ ਲਈ ਆਉਣ ਵਾਲੀਆਂ ਸਰਕਾਰਾਂ ਕਿਹੜੀਆਂ ਨੀਤੀਆਂ ਅਪਣਾਉਂਦੀਆਂ ਹਨ, ਇਹ ਤਾਂ ਵਕਤ ਹੀ ਦੱਸੇਗਾ।
ਇਨਸਾਨ ਦੀ ਵਧਦੀ ਉਮਰ ਵਿਚੋਂ ਪੈਦਾ ਹੋਈ ਇਕ ਦਿਲਚਸਪ ਕਹਾਣੀ ਸਾਂਝੀ ਕਰਨੀ ਚਾਹਾਂਗਾ। ਪੀਟਰ ਮੇਰਾ ਦੋਸਤ ਹੈ। ਸਾਰੀ ਉਮਰ ਕੌਂਸਲ ਦੇ ਘਰ ਵਿਚ ਰਿਹਾ। ਆਪਣਾ ਘਰ ਲੈਣ ਦਾ ਸੁਪਨਾ ਉਸ ਦਾ ਹਾਲੇ ਤਕ ਪੂਰਾ ਨਹੀਂ ਹੋਇਆ। ਉਸ ਦਾ ਬਾਬਾ ਜੋ ਸੌ ਨੂੰ ਢੁਕ ਰਿਹਾ ਹੈ ਬਹੁਤ ਅਮੀਰ ਹੈ। ਉਸ ਕੋਲ ਕਈ ਮਿਲੀਅਨ ਪੌਂਡ ਦਾ ਘਰ ਹੈ। ਪੀਟਰ ਦਾ ਪਿਓ ਜੌਹਨ ਵੀ ਕੌਂਸਲ ਦੇ ਘਰ ਵਿਚ ਹੀ ਰਹਿੰਦਾ ਹੈ। ਬਹੁਤ ਸਾਲਾਂ ਤੋਂ ਉਡੀਕ ਕਰ ਰਿਹਾ ਹੈ ਕਿ ਕਦੋਂ ਬਾਪ ਮਰੇ ਤੇ ਉਸ ਦੇ ਘਰ ਦਾ ਉਹ ਹੱਕਦਾਰ ਬਣੇ। ਜੌਹਨ ਤੋਂ ਬਾਅਦ ਪੀਟਰ ਵੀ ਇਸੇ ਉਮੀਦ ਵਿਚ ਹੈ। ਬੁੱਢਾ ਹੈ ਕਿ ਹਾਲੇ ਤਕੜਾ ਪਿਆ ਹੈ, ਆਪੇ ਕਾਰ ਚਲਾ ਕੇ ਚਰਚ ਜਾਂਦਾ ਹੈ। ਹੋ ਗਈ ਨਾ ਰਿਸ਼ਤਿਆਂ ਵਿਚ ਗੜਬੜ।
ਇਨਸਾਨ ਦੀ ਵਧਦੀ ਉਮਰ ਨਾਲ ਪੈਦਾ ਹੋਏ ਮਸਲੇ ਇਕੱਲੇ ਬਰਤਾਨੀਆ ਦੇ ਨਹੀਂ ਹਨ, ਸਗੋਂ ਸਾਰੇ ਯੂਰੋਪ ਤੇ ਹੋਰ ਵੀ ਬਹੁਤ ਸਾਰੇ ਵਿਕਸਤ ਮੁਲਕਾਂ ਦੇ ਵੀ ਹਨ, ਚੀਨ ਦੇ ਵੀ ਹਨ। ਚੀਨ ਵਿਚ ਸਭ ਤੋਂ ਵੱਧ ਬੁੱਢੇ ਹਨ। ਸਾਰੇ ਹੀ ਇਸ ਦਾ ਹੱਲ ਲੱਭ ਰਹੇ ਹਨ। ਇਹ ਸਥਿਤੀ ਪੋਸਟ-ਕਰੋਨਾ ਹੈ। ਕਰੋਨਾਵਾਇਰਸ ਦਾ ਯੁੱਗ ਹਾਲੇ ਚੱਲ ਰਿਹਾ ਹੈ, ਇਸ ਦੇ ਲੰਘਣ ਤੋਂ ਬਾਅਦ ਹਾਲਾਤ ਬਦਲ ਵੀ ਸਕਦੇ ਹਨ। ਕਰੋਨਾਵਾਇਰਸ ਬਾਰੇ ਸਭ ਨੂੰ ਪਤਾ ਹੀ ਹੋਵੇਗਾ ਕਿ ਇਹ ਬੁੱਢਿਆਂ ਨੂੰ ਪੈਂਦਾ ਹੈ। ਬਰਤਾਨੀਆ ਵਿਚ ਜੇ ਆਬਾਦੀ ਦੇ ਹਿਸਾਬ ਨਾਲ ਦੇਖੀਏ ਤਾਂ ਦੁਨੀਆਂ ਵਿਚ ਸਭ ਤੋਂ ਵੱਧ ਲੋਕ ਮਰੇ ਹਨ। ਗਿਣਤੀ ਭਾਵੇਂ ਅਮਰੀਕਾ ਵਿਚ ਵਧ ਹੈ, ਪਰ ਉਸ ਦੀ ਆਬਾਦੀ ਬਰਤਾਨੀਆ ਦੀ ਆਬਾਦੀ ਤੋਂ ਪੰਜ ਗੁਣਾ ਜ਼ਿਆਦਾ ਹੈ। ਬਰਤਾਨੀਆ ਵਿਚ ਹੀ ਨਹੀਂ ਸਗੋਂ ਸਾਰੀ ਦੁਨੀਆਂ ਵਿਚ ਅੱਸੀ ਸਾਲ ਤੋਂ ਵੱਧ ਉਮਰ ਦੇ ਲੋਕ ਹੀ ਮਰੇ ਹਨ। ਸੱਠ ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਦੀਆਂ ਹੋਈਆਂ ਮੌਤਾਂ ਦੂਜੇ ਨੰਬਰ ’ਤੇ ਹਨ। ਬਰਤਾਨੀਆ ਵਿਚ ਸੱਠ ਸਾਲ ਤੋਂ ਘੱਟ ਉਮਰ ਦੇ ਲੋਕ ਸਿਰਫ਼ ਕੁਝ ਸੈਂਕੜਿਆਂ ਵਿਚ ਹੀ ਮਰੇ ਹਨ। ਬਲਕਿ ਜਿਹੜੇ ਕੁਝ ਸੈਂਕੜੇ ਲੋਕ ਮਰੇ ਵੀ ਹਨ, ਉਹ ਕਿਸੇ ਹੋਰ ਬਿਮਾਰੀ ਨਾਲ ਗ੍ਰਸਤ ਸਨ ਤੇ ਕਰੋਨਾ ਨੇ ਉਨ੍ਹਾਂ ਦੀ ਬਿਮਾਰੀ ਨੂੰ ਵਧਾ ਦਿੱਤਾ, ਇਸ ਲਈ ਉਨ੍ਹਾਂ ਦੀ ਮੌਤ ਹੋਈ। ਜਵਾਨਾਂ ਨੂੰ ਕਰੋਨਾ ਕੁਝ ਨਹੀਂ ਕਹਿੰਦਾ, ਜੇ ਹੋ ਵੀ ਜਾਵੇ ਤਾਂ ਸਿਹਤਯਾਬ ਹੋਣ ਦੇ ਪੂਰੇ ਮੌਕੇ ਹੁੰਦੇ ਹਨ। ਗ਼ੈਰ ਸਰਕਾਰੀ ਅੰਕੜਿਆਂ ਮੁਤਾਬਕ ਪੰਜਾਹ ਹਜ਼ਾਰ ਬਜ਼ੁਰਗ ਬਰਤਾਨੀਆ ਵਿਚ ਮਰ ਚੁੱਕੇ ਹਨ। ਇਟਲੀ ਤੇ ਸਪੇਨ ਵਿਚ ਵੀ ਇਸ ਤਰ੍ਹਾਂ ਹੀ ਹੋਇਆ ਹੈ। ਹੋਰਨਾਂ ਮੁਲਕਾਂ ਵਿਚ ਵੀ ਵੱਡੀ ਉਮਰ ਦੇ ਲੋਕਾਂ ਉੱਪਰ ਕਰੋਨਾਵਾਇਰਸ ਦਾ ਹਮਲਾ ਹੋਇਆ ਹੈ।
ਕੁਦਰਤ ਬਾਰੇ ਮਸ਼ਹੂਰ ਹੈ ਕਿ ਇਹ ਆਪਣਾ ਸੰਤੁਲਨ ਕਾਇਮ ਰੱਖਦੀ ਹੈ, ਕਿਤੇ ਇਵੇਂ ਤਾਂ ਨਹੀਂ ਕਿ ਇਹ ਕਰੋਨਾ ਇਸ ਸੰਤੁਲਨ ਨੂੰ ਕਾਇਮ ਰੱਖਣ ਲਈ ਕੁਦਰਤ ਨੇ ਹੀ ਭੇਜਿਆ ਹੋਵੇ। ਜਾਂ ਫਿਰ ਇਨਸਾਨ ਨੇ ਇਹ ਸੰਤੁਲਨ ਜਾਣਬੁਝ ਕੇ ਪੈਦਾ ਕਰ ਲਿਆ ਹੋਵੇ। ਇਸ ਬਾਰੇ ਦੱਬੀ ਜ਼ੁਬਾਨ ਵਿਚ ਗੱਲਾਂ ਹੋ ਵੀ ਰਹੀਆਂ ਹਨ। ਸ਼ਾਇਦ ਕਿਸੇ ਦਿਨ ਸੱਚ ਸਾਹਮਣੇ ਆ ਸਕੇ।