ਬਰਤਾਨੀਆ ਵਿੱਚ ਪਹਿਲਾ ਹਿੰਦੀ ਅਖ਼ਬਾਰ ਸ਼ੁਰੂ ਕਰਨ ਵਾਲੇ ਪੱਤਰਕਾਰ ਜਗਦੀਸ਼ ਮਿੱਤਰ ਕੌਸ਼ਲ ਦਾ ਬੀਤੇ ਦਿਨੀਂ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਤਿੰਨ ਪੁੱਤਰ, ਇੱਕ ਧੀ ਅਤੇ ਉਨ੍ਹਾਂ ਦੀ ਜੀਵਨਸਾਥੀ ਅਤੇ ਬਾਕੀ ਪਰਿਵਾਰ ਹੈ। ਕੌਸ਼ਲ 1966 ਵਿੱਚ ਪੰਜਾਬ ਦੇ ਸ਼ਹਿਰ ਦਸੂਹਾ ਤੋਂ ਯੂ.ਕੇ. ਆਏ ਸਨ।
ਜਦੋਂ ਪੰਜਾਬ ਵਿੱਚ ਅਤਿਵਾਦ ਦਾ ਦੌਰ ਜ਼ੋਰਾਂ ’ਤੇ ਸੀ ਤਾਂ ਕੌਸ਼ਲ ਹੋਰਾਂ ਨੇ ਭਾਰਤ ਦੀ ਅਖੰਡਤਾ ਅਤੇ ਵੱਖ ਵੱਖ ਭਾਈਚਾਰਿਆਂ ਦੀ ਸਾਂਝ ਦੀ ਆਸ ਦੇ ਨਾਲ ਪੰਜਾਬੀ ਅਖ਼ਬਾਰ ‘ਪੰਜਾਬੀ ਦਰਪਣ’ ਵੀ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਇਸ ਅਖ਼ਬਾਰ ਨੇ ਬਰਤਾਨੀਆ ਵਿੱਚ ਬਹੁਤ ਪ੍ਰਗਤੀਵਾਦੀ ਰੋਲ ਅਦਾ ਕੀਤਾ ਅਤੇ ਅਤਿਵਾਦ ਦੇ ਖਿਲਾਫ਼ ਖੁੱਲ੍ਹੇ ਕੇ ਲਿਖਿਆ।
ਉਨ੍ਹਾਂ ਦੇ ਅਕਾਲ ਚਲਾਣੇ ’ਤੇ ਈਲਿੰਗ ਸਾਊਥਹਾਲ ਦੇ ਐੱਮ.ਪੀ. ਵਰਿੰਦਰ ਸ਼ਰਮਾ, ਕੌਂਸਲਰ ਕੇ. ਸੀ. ਮੋਹਨ, ਕੌਂਸਲਰ ਰਣਜੀਤ ਧੀਰ, ਪੰਜਾਬੀ ਲੇਖਕ ਗੁਰਪਾਲ ਸਿੰਘ, ਹਿੰਦੂ ਮੰਦਿਰ ਦੇ ਸੰਤੋਖ ਸਿੰਘ ਵਰਮਾ ਅਤੇ ਹਿੰਦੀ ਸੁਸਾਇਟੀ ਦੇ ਜਗਦੀਸ਼ ਗੁਪਤਾ ਅਤੇ ਸਾਬਕਾ ਕੌਂਸਲਰ ਅਸ਼ੋਕ ਕਪੂਰ ਨੇ ਦੁੱਖ ਦਾ ਪ੍ਰਗਟਾਵਾ ਕੀਤਾ।