ਹਰਜੀਤ ਅਟਵਾਲ
ਅਕਤੂਬਰ ਦਾ ਮਹੀਨਾ ਬਰਤਾਨੀਆ ਵਿਚ ਬਹੁਤ ਅਹਿਮ ਹੈ। ਇਹ ਮਹੀਨਾ ਅਫ਼ਰੀਕਨ ਤੇ ਕਰੈਬੀਅਨ ਲੋਕਾਂ ਦੀ ਬਰਤਾਨੀਆ ਵਿਚ ਹੋਂਦ ਦੇ ਜਸ਼ਨ ਦੇ ਰੂਪ ਵਿਚ ਹਰ ਸਾਲ ਪੂਰੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕਾਲੀ ਨਸਲ ਦੇ ਲੋਕਾਂ ਦੀ ਬਰਤਾਨੀਆ ਦੇ ਸਮਾਜ, ਸੱਭਿਆਚਾਰ, ਆਰਥਿਕ ਵਿਵਸਥਾ, ਇਤਿਹਾਸ ਨੂੰ ਬਹੁਤ ਦੇਣ ਹੈ। ਪਰ ਇਤਿਹਾਸ ਵਿਚ ਇਨ੍ਹਾਂ ਨਾਲ ਕੀ ਵਾਪਰਿਆ ਹੈ, ਇਸ ਦੀ ਚਰਚਾ ਕੀਤੇ ਬਿਨਾਂ ਇਸ ਮਹੀਨੇ ਦੀ ਅਹਿਮੀਅਤ ਨਹੀਂ ਬਣਦੀ। ਚਿੱਟੀ ਨਸਲ ਦੇ ਲੋਕਾਂ ਨੇ ਦੁਨੀਆਂ ਭਰ ਦੀਆਂ ਦੂਜੀਆਂ ਨਸਲਾਂ ਉੱਪਰ ਬਹੁਤ ਜ਼ੁਲਮ ਕੀਤੇ ਹਨ। ਜ਼ੁਲਮ ਕਰਨ ਵਾਲਿਆਂ ਵਿਚੋਂ ਬਹੁਤਿਆਂ ਦੀਆਂ ਜੜਾਂ ਬਰਤਾਨੀਆ ਨਾਲ ਹੀ ਜੁੜਦੀਆਂ ਹਨ। ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟਰੇਲੀਆ ਵਰਗੇ ਮੁਲਕਾਂ ਦੇ ਮੂਲਵਾਸੀਆਂ ਦੀਆਂ ਨਸਲਾਂ ਤਾਂ ਤਕਰੀਬਨ ਤਬਾਹ ਹੀ ਕਰ ਦਿੱਤੀਆਂ ਗਈਆਂ ਹਨ, ਪਰ ਕਾਲੀ ਨਸਲ ਦੇ ਲੋਕ ਗਿਣਤੀ ਵਿਚ ਜ਼ਿਆਦਾ ਹੋਣ ਕਰਕੇ ਬਚ ਗਏ। ਉਹ ਅੱਜ ਆਪਣੇ ਬਜ਼ੁਰਗਾਂ ਉੱਪਰ ਹੋਏ ਜ਼ੁਲਮਾਂ ਨੂੰ ਚੇਤੇ ਕਰਨ ਤੇ ਬਾਕੀ ਦੀ ਦੁਨੀਆਂ ਨੂੰ ਚੇਤੇ ਕਰਾਉਣ ਲਈ ਕਾਇਮ ਹਨ। ਇਸ ਕੰਮ ਲਈ ਅਕਤੂਬਰ ਦਾ ਮਹੀਨਾ ਤੈਅ ਕੀਤਾ ਹੋਇਆ ਹੈ। ਹਰ ਸਾਲ ਅਕਤੂਬਰ ਵਿਚ ‘ਬਲੈਕ ਹਿਸਟਰੀ ਮਹੀਨਾ’ ਮਨਾ ਕੇ ਉਹ ਸਭ ਚੇਤੇ ਕੀਤਾ ਕਰਾਇਆ ਜਾਂਦਾ ਹੈ ਜੋ ਨਹੀਂ ਸੀ ਵਾਪਰਨਾ ਚਾਹੀਦਾ।
ਉਂਜ ਤਾਂ ਗ਼ੁਲਾਮ ਵਿਵਸਥਾ ਅਰਬ ਮੁਲਕਾਂ ਤੋਂ ਸ਼ੁਰੂ ਹੁੰਦੀ ਹੈ। ਪਰ ਜਦੋਂ ਗੋਰੀ ਨਸਲ ਦੀਆਂ ਕੌਮਾਂ ਦੀ ਚੜ੍ਹਤ ਦਾ ਦੌਰ ਸ਼ੁਰੂ ਹੋਇਆ ਤਾਂ ਉਨ੍ਹਾਂ ਨੇ ਅਫ਼ਰੀਕਨਾਂ ਨੂੰ ਗ਼ੁਲਾਮ ਬਣਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਗ਼ੁਲਾਮ ਬਣਾਉਣ ਦਾ ਤਰੀਕਾ ਕਾਲੇ ਰੰਗ ਦੇ ਇਨਸਾਨਾਂ ਦਾ ਜਾਨਵਰਾਂ ਵਾਂਗ ਸ਼ਿਕਾਰ ਕਰ ਕੇ, ਫੜ ਕੇ ਪਿੰਜਰੇ ਵਿਚ ਪਾ ਲੈਣਾ ਹੁੰਦਾ ਸੀ। ਫਿਰ ਉਨ੍ਹਾਂ ਨੂੰ ਅੱਗੇ ਮੰਡੀਆਂ ਵਿਚ ਲੈ ਜਾ ਕੇ ਵੇਚ ਦਿੱਤਾ ਜਾਂਦਾ। ਬੰਦੇ ਦੀ ਸਿਹਤ ਅਨੁਸਾਰ ਕੀਮਤ ਲੱਗਦੀ ਜਿਵੇਂ ਬਲਦਾਂ/ਘੋੜਿਆਂ ਦੀ ਲੱਗਦੀ ਹੈ, ਇਨ੍ਹਾਂ ਦੀ ਬੋਲੀ ਹੁੰਦੀ, ਇਨ੍ਹਾਂ ਦੇ ਗੋਰੇ ਮਾਲਕ ਇਕ ਦੂਜੇ ਤੋਂ ਵੱਧ ਕੇ ਕੀਮਤ ਲਗਾਉਂਦੇ। ਇਨ੍ਹਾਂ ਤੋਂ ਉਮਰ ਭਰ ਮੁਫ਼ਤ ਦੀ ਮੁਸ਼ੱਕਤ ਕਰਵਾਈ ਜਾਂਦੀ। ਜਾਨਵਰਾਂ ਵਾਂਗ ਹੀ ਇਨ੍ਹਾਂ ਨੂੰ ਅੱਗੇ ਤੋਂ ਅੱਗੇ ਵੇਚ ਵੀ ਦਿੱਤਾ ਜਾਂਦਾ। ਇਹ ਕੰਮ ਚਾਰ-ਪੰਜ ਸੌ ਸਾਲ ਚੱਲਦਾ ਰਿਹਾ। ਬਹੁਤ ਸਾਰੇ ਗੋਰੇ ਇੰਜ ਕਾਲੇ ਇਨਸਾਨਾਂ ਨੂੰ ਬੰਦੀ ਬਣਾ ਕੇ ਤੇ ਵੇਚ ਕੇ ਲੱਖਾਂਪਤੀ ਬਣ ਗਏ। ਇਹ ਸਭ ਇਤਿਹਾਸ ਵਿਚ ਪਿਆ ਹੈ। ਅੰਗਰੇਜ਼ਾਂ ਵਿਚ ਅਜਿਹੇ ਲੋਕਾਂ ਨੂੰ ਬਹੁਤ ਇੱਜ਼ਤ ਨਾਲ ਦੇਖਿਆ ਜਾਂਦਾ। ਇਨ੍ਹਾਂ ਦੇ ਕਈ ਥਾਂ ਬੁੱਤ ਵੀ ਲਗਾਏ ਜਾਂਦੇ। ਪਿਛਲੇ ਮਹੀਨਿਆਂ ਵਿਚ ਇੰਗਲੈਂਡ ਦੇ ਸ਼ਹਿਰ ਬ੍ਰਿਸਟਲ ਵਿਚ ਐਡਵਰਡ ਕੋਲਸਟਨ ਦੇ ਤੋੜੇ ਗਏ ਬੁੱਤ ਪਿੱਛੇ ਇਹੋ ਇਤਿਹਾਸ ਖੜ੍ਹਾ ਸੀ। ਐਡਵਰਡ ਕੋਲਸਟਨ ਨੇ ਹਜ਼ਾਰਾਂ ਅਫ਼ਰੀਕਨਾਂ ਦਾ ਸ਼ਿਕਾਰ ਕਰ ਕੇ ਗ਼ੁਲਾਮ ਬਣਾਇਆ ਤੇ ਉਨ੍ਹਾਂ ਨੂੰ ਅੱਗੇ ਵੇਚ ਕੇ ਬਹੁਤ ਸਾਰੇ ਪੈਸੇ ਕਮਾਏ ਤੇ ਬ੍ਰਿਸਟਲ ਸ਼ਹਿਰ ਵਿਚ ਅਨੇਕਾਂ ਜਾਇਦਾਦਾਂ ਬਣਾਈਆਂ। ਸ਼ਹਿਰ ਵਾਸੀਆਂ ਨੇ ਉਸ ਦੇ ‘ਮਹਾਨ ਕੰਮ’ ਨੂੰ ਚੇਤੇ ਰੱਖਣ ਲਈ ਸ਼ਹਿਰ ਦੀ ਪ੍ਰਮੁੱਖ ਥਾਂ ’ਤੇ ਉਸ ਦਾ ਬੁੱਤ ਲਾ ਦਿੱਤਾ। ਇਸੇ ਬੁੱਤ ਨੂੰ ਜੂਨ ਵਿਚ ਤੋੜ ਦਿੱਤਾ ਗਿਆ ਸੀ। ਇਹ ਬਲੈਕ ਹਿਸਟਰੀ ਨੂੰ ਚੇਤੇ ਰੱਖਣ/ਰਖਾਉਣ ਅਧੀਨ ਹੀ ਹੋਇਆ ਸੀ। ਹਾਲੇ ਵੀ ਉਸ ਬੁੱਤ ਵਾਂਗ ਹੋਰ ਵੀ ਇੰਗਲੈਂਡ ਵਿਚ ਬਹੁਤ ਸਾਰੇ ਅਜਿਹੇ ਬੁੱਤ ਹਨ ਜਿਨ੍ਹਾਂ ਨੂੰ ਉੱਥੋਂ ਹਟਾਉਣ ਦੀ ਲੋੜ ਹੈ।
ਕਾਲੇ ਲੋਕਾਂ ਦੀ ਬਰਤਾਨੀਆ ਵਿਚ ਹਾਜ਼ਰੀ ਬਾਰੇ ਸਹੀ ਕੁਝ ਨਹੀਂ ਪਤਾ, ਪਰ ਇੰਗਲੈਂਡ ਦੀਆਂ ਚੈਡਰ ਗੁਫ਼ਾਵਾਂ, ਜਿਨ੍ਹਾਂ ਨੂੰ ਹਜ਼ਾਰਾਂ ਸਾਲ ਪੁਰਾਣੀਆਂ ਕਿਹਾ ਜਾਂਦਾ ਹੈ, ਵਿਚੋਂ ਬਹੁਤ ਸਾਰੇ ਇਨਸਾਨੀ ਹੱਡੀਆਂ ਦੇ ਢਾਂਚੇ ਮਿਲੇ ਸਨ, ਉਨ੍ਹਾਂ ਵਿਚ ਇਕ ਢਾਂਚਾ ਕਾਲੇ ਰੰਗ ਦੇ ਬੰਦੇ ਦਾ ਵੀ ਸੀ ਜਿਸ ਨੂੰ ‘ਚੈਡਰ ਮੈਨ’ ਦਾ ਨਾਂ ਦਿੱਤਾ ਗਿਆ ਸੀ। ਸਾਡੇ ਵਾਂਗ ਕਾਲੇ ਵੀ ਸੋਲਵੀਂ-ਸਤਾਰਵੀਂ ਸਦੀ ਤੋਂ ਹੀ ਬਰਤਾਨੀਆ ਵਿਚ ਆਏ ਸਨ। ਇਹ ਗ਼ੁਲਾਮ ਬਣਾ ਕੇ ਵੀ ਲਿਆਂਦੇ ਗਏ ਤੇ ਨੌਕਰ ਬਣਾ ਕੇ ਵੀ। ਫਿਰ ਫੈਕਟਰੀਆਂ ਵਿਚ ਗੰਦੇ ਕੰਮ ਕਰਨ ਲਈ ਵੀ। ਅਫ਼ਰੀਕਨ ਲੋਕ ਇਸ ਮੁਲਕ ਵਿਚ ਬਹੁਤ ਦੇਰ ਤੋਂ ਹਨ, ਪਰ ਇਤਿਹਾਸ ਵਿਚ ਇਨ੍ਹਾਂ ਨੂੰ ਕੋਈ ਖ਼ਾਸ ਜਗ੍ਹਾ ਨਹੀਂ ਮਿਲਦੀ। ਜੌਹਨ ਕੈਂਟ ਪਹਿਲਾ ਕਾਲੀ ਨਸਲ ਦਾ ਬੰਦਾ ਸੀ ਜਿਸ ਨੇ ਬਰਤਾਨਵੀ ਇਤਿਹਾਸ ਵਿਚ ਆਪਣਾ ਨਾਂ ਦਰਜ ਕਰਵਾਇਆ। ਉਹ ਉਨੀਵੀਂ ਸਦੀ (1835-46) ਵਿਚ ਇੱਥੋਂ ਦੀ ਪੁਲੀਸ ਵਿਚ ਸਿਪਾਹੀ ਸੀ। ਇਸ ਤੋਂ ਬਾਅਦ ਸਮੇਂ ਸਮੇਂ ਬਹੁਤ ਸਾਰੇ ਅਫ਼ਰੀਕਨ ਤੇ ਵੈਸਟ ਇੰਡੀਅਨ ਇੱਥੋਂ ਦੇ ਵਿਸ਼ੇਸ਼ ਵਿਅਕਤੀ ਬਣ ਕੇ ਉੱਭਰਦੇ ਰਹੇ। ਰੌਏ ਫਰਾਂਸਿਸ ਕਾਲੇ ਰੰਗ ਦਾ ਰਗਬੀ ਦਾ ਖਿਡਾਰੀ ਸੀ ਜੋ 1947-55 ਤਕ ਇੰਗਲੈਂਡ ਲਈ ਖੇਡਦਾ ਰਿਹਾ ਤੇ ਫਿਰ ਇੱਥੇ ਹੀ ਰਗਬੀ ਦਾ ਕੋਚ ਵੀ ਬਣਿਆ। 1936 ਵਿਚ ਅਫ਼ਰੀਕਾ ਵਿਚ ਜੰਮਿਆ ਵਿਲਫਰੈੱਡ ਡੈਨੀਸਨਵੁੱਡ ਕਰਾਈਡਨ ਪਾਦਰੀ ਰਿਹਾ ਹੈ। ਫਰੈਂਕ ਆਰਥਰ ਬੇਲੀ ਲੰਡਨ ਦੇ ਫਾਇਰ ਬ੍ਰਗੇਡ ਵਿਚ ਸੀ ਜੋ ਬੜੇ ਸਨਮਾਨ ਨਾਲ ਆਪਣੀ ਨੌਕਰੀ ਤੋਂ ਰਿਟਾਇਰ ਹੋਇਆ ਸੀ। ਫਰੈਂਕ ਪਿਛਲੇ ਸਾਲ ਹੀ ਨੱਬੇ ਸਾਲ ਦੀ ਉਮਰ ਭੋਗ ਕੇ ਪੂਰਾ ਹੋਇਆ ਹੈ। ਤ੍ਰਾਸਦੀ ਸਦਾ ਇਹੋ ਰਹੀ ਹੈ ਕਿ ਕਾਲੇ (ਸਮੇਤ ਭਾਰਤੀ) ਕਿਸੇ ਵੀ ਅਹੁਦੇ ’ਤੇ ਪੁੱਜ ਜਾਣ, ਨਸਲਵਾਦ ਦਾ ਸਾਹਮਣਾ ਉਨ੍ਹਾਂ ਨੂੰ ਸਦਾ ਹੀ ਕਰਨਾ ਪਿਆ ਹੈ। ਵਿਲਸਟਨ ਜੈਕਸਨ ਪਹਿਲਾ ਕਾਲਾ ਟਰੇਨ ਡਰਾਈਵਰ ਸੀ। ਉਸ ਨੇ 1962 ਵਿਚ ਟਰੇਨ ਡਰਾਈਵਰ ਵਜੋਂ ਨੌਕਰੀ ਸ਼ੁਰੂ ਕੀਤੀ ਸੀ, ਉਸ ਨੂੰ ਆਪਣੇ ਸਹਿਕਾਮਿਆਂ ਵੱਲੋਂ ਏਨਾ ਨਸਲਵਾਦ ਝੱਲਣਾ ਪਿਆ ਕਿ ਉਹ ਨੌਕਰੀ ਛੱਡ ਕੇ ਵਾਪਸ ਰੋਡੇਸ਼ੀਆ (ਹੁਣ ਜ਼ਿੰਬਾਵੇ) ਚਲਾ ਗਿਆ। ਉੱਥੇ ਆਪਣੇ ਮੁਲਕ ਦੇ ਰੇਲ ਮਹਿਕਮੇ ਨੂੰ ਉੱਨਤ ਕਰਨ ਵਿਚ ਲੱਗ ਗਿਆ। ਬਰਨੀ ਗਰਾਂਟ ਪਹਿਲਾ ਕਾਲਾ ਐੱਮ. ਪੀ. ਸੀ ਜੋ ਪਾਰਲੀਮੈਂਟ ਵਿਚ ਗਿਆ। ਇੱਕੀਵੀਂ ਸਦੀ ਵਿਚ ਆ ਕੇ ਬਰਤਾਨੀਆ ਵਿਚ ਨਸਲਵਾਦ ਨੂੰ ਕੁਝ ਕੁ ਠੱਲ੍ਹ ਪਈ ਤਾਂ ਬਹੁਤ ਸਾਰੇ ਕਾਲੇ ਵੱਡੀਆਂ ਵੱਡੀਆਂ ਪਦਵੀਆਂ ਤਕ ਰਸਾਈ ਕਰਨ ਲੱਗੇ। ਸਿਆਸਤ ਵਿਚ ਵੀ ਇਨ੍ਹਾਂ ਦੀ ਗਿਣਤੀ ਸਾਡੇ ਲੋਕਾਂ ਵਾਂਗ ਹੀ ਕਾਫ਼ੀ ਹੈ। ਇਹ ਬਰਤਾਨਵੀ ਇਤਿਹਾਸ ਨੂੰ ਸਿਰਜਣ ਵਿਚ ਆਪਣਾ ਭਰਪੂਰ ਹਿੱਸਾ ਪਾ ਰਹੇ ਹਨ। ਇਸੇ ਗੱਲ ਨੂੰ ਪ੍ਰਚਾਰਨ ਲਈ ਹਰ ਸਾਲ ਅਕਤੂਬਰ ਨੂੰ ‘ਬਲੈਕ ਹਿਸਟਰੀ ਮੰਥ’ ਦੇ ਤੌਰ ’ਤੇ ਮਨਾਇਆ ਜਾਂਦਾ ਹੈ।
ਇਹ ਨਾਹਰਾ ਜਾਂ ਇਹ ਵਿਚਾਰ 1980 ਵਿਚ ਜਾਰੀ ਕੀਤਾ ਗਿਆ ਸੀ। ਇਸ ਦਾ ਨਿਸ਼ਾਨਾ ਸਥਾਨਕ ਸਮੁਦਾਇਆਂ ਨੂੰ ਨਸਲਵਾਦ ਖਿਲਾਫ਼ ਚੁਣੌਤੀ ਦੇਣਾ ਤੇ ਆਪਣੇ ਆਪ ਨੂੰ ਕਾਲਾ ਹੋਣ ਦੇ ਮਹੱਤਵ ਨੂੰ ਸਮਝਾਉਣਾ ਸੀ ਕਿ ਕਾਲਾ ਇਨਸਾਨ ਕਿਸੇ ਨਾਲੋਂ ਘੱਟ ਨਹੀਂ। ਇਸ ਵਿਚਾਰ ਦਾ ਇਕ ਮੰਤਵ ਇਹ ਵੀ ਸੀ ਕਿ ਜੋ ਕੁਝ ਸਕੂਲਾਂ ਵਿਚ ਨਹੀਂ ਪੜ੍ਹਾਇਆ ਜਾਂਦਾ, ਉਸ ਦੀ ਤਾਲੀਮ ਦਿੱਤੀ ਜਾਵੇ। ਬੱਚਿਆਂ ਨੂੰ ਗ਼ੁਲਾਮ-ਕਾਰੋਬਾਰ ਬਾਰੇ ਪੜ੍ਹਾਇਆ ਜਾਵੇ।
ਉਂਜ ‘ਬਲੈਕ ਹਿਸਟਰੀ ਮੰਥ’ ਪਹਿਲਾਂ ‘ਨੀਗਰੋ ਹਿਸਟਰੀ ਵੀਕ’ ਵਜੋਂ ਮਨਾਇਆ ਜਾਣਾ ਸ਼ੁਰੂ ਹੋਇਆ ਜਿਸ ਨੂੰ ਕਾਰਟਰ ਵੁੱਡਸਨ ਨੇ ਅਰੰਭਿਆ ਸੀ ਜੋ ਅਫ਼ਰੀਕੀ ਹਿਸਟੋਰੀਅਨ, ਸਕਾਲਰ ਤੇ ਪ੍ਰਕਾਸ਼ਕ ਸੀ। ਇਹ ਵਰ੍ਹਾ 1926 ਦਾ ਸੀ। 1976 ਤੋਂ ਇਸ ਨੂੰ ਮਹੀਨਾ ਭਰ ਮਨਾਇਆ ਜਾਣ ਲੱਗਾ ਸੀ। ਅਮਰੀਕਾ ਦੇ ਉਸ ਵੇਲੇ ਦੇ ਪ੍ਰਧਾਨ ਗੇਲਾਰਡ ਫੋਰਡ ਨੇ ਵੀ ਇਸ ਨੂੰ ਪ੍ਰਵਾਨਗੀ ਦਿੱਤੀ ਸੀ। ਅਮਰੀਕਾ ਵਿਚ ਫਰਵਰੀ ਮਹੀਨਾ ਇਸ ਸੰਦਰਭ ਵਿਚ ਮਨਾਇਆ ਜਾਂਦਾ ਹੈ। ਫਰਵਰੀ ਇਸ ਕਰਕੇ ਕਿ ਇਬਰਾਹਿਮ ਲਿੰਕਨ (12 ਫਰਵਰੀ) ਤੇ ਫਰੈੱਡਰਿਕ ਡਗਲਸ (14 ਫਰਵਰੀ) ਦੇ ਜਨਮ ਦਿਨ ਇਸ ਮਹੀਨੇ ਪੈਂਦੇ ਹਨ। ਇਨ੍ਹਾਂ ਸ਼ਖ਼ਸੀਅਤਾਂ ਨੇ ਗ਼ੁਲਾਮ ਵਿਵਸਥਾ ਦਾ ਡਟ ਕੇ ਵਿਰੋਧ ਕੀਤਾ ਸੀ ਤੇ ਅਮਰੀਕਾ ਵਿਚ ਕਾਲੇ ਲੋਕਾਂ ਦੇ ਜੀਵਨ-ਪੱਧਰ ਦੀ ਬਿਹਤਰੀ ਲਈ ਬਹੁਤ ਸਾਰੇ ਕੰਮ ਕੀਤੇ ਸਨ। ਬਲੈਕ ਹਿਸਟਰੀ ਦੀ ਮਹੱਤਤਾ ਬਾਰੇ ਵਿਚਾਰ-ਵਟਾਂਦਰੇ ਵਾਲੀ ਸਥਿਤੀ ਅਮਰੀਕਾ ਤੋਂ ਬਾਅਦ ਦੁਨੀਆ ਭਰ ਵਿਚ ਫੈਲਣ ਲੱਗੀ। ਬਰਤਾਨੀਆ ਵਿਚ ਪਿਛਲੇ ਤੀਹ ਕੁ ਸਾਲਾਂ ਤੋਂ ਅਕਤੂਬਰ ਮਹੀਨੇ ਨੂੰ ਇਸ ਮਕਸਦ ਨਾਲ ਮਨਾਇਆ ਜਾਂਦਾ ਆ ਰਿਹਾ ਹੈ।
ਬਰਤਾਨੀਆ ਵਿਚ ਜਿਵੇਂ ਜਿਵੇਂ ਨਸਲਵਾਦ ਦੇ ਦੈਂਤ ਉੱਪਰ ਕੁਝ ਕਾਬੂ ਪੈ ਰਿਹਾ ਹੈ, ਗੋਰੇ ਲੋਕਾਂ ਨੂੰ ਵੀ ਸਮਝ ਪੈਣ ਲੱਗੀ ਹੈ ਕਿ ਬਰਤਾਨੀਆ ਬਹੁ-ਨਸਲੀ ਦੇਸ਼ ਹੈ ਤੇ ਹੁਣ ਇਸ ਨੇ ਬਹੁ-ਨਸਲੀ ਹੀ ਰਹਿਣਾ ਹੈ। ਇਸ ਲਈ ਸ਼ਾਂਤੀ ਕਾਇਮ ਰੱਖਣ ਲਈ ਸਾਨੂੰ ਸਭ ਸਮੁਦਾਇਆਂ, ਨਸਲਾਂ, ਰੰਗਾਂ ਤੇ ਧਰਮਾਂ ਦਾ ਆਦਰ ਕਰਨਾ ਹੋਵੇਗਾ। ਵੱਡੇ ਵੱਡੇ ਲੀਡਰ ਬਲੈਕ ਹਿਸਟਰੀ ਮੰਥ ਬਾਰੇ ਆਪਣੇ ਬਿਆਨ ਦੇ ਰਹੇ ਹਨ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਪਿੱਛੇ ਜਿਹੇ ਕਿਹਾ ਸੀ ਕਿ ਕਾਲੇ ਲੋਕ ਕਈ ਪੀੜ੍ਹੀਆਂ ਤੋਂ ਬਰਤਾਨਵੀ ਇਤਿਹਾਸ ਨੂੰ ਸਿਰਜਣ ਵਿਚ ਲੱਗੇ ਹੋਏ ਹਨ। ਪਰ ਸੱਚ ਇਹ ਵੀ ਹੈ ਕਿ ਹਾਲੇ ਵੀ ਕਾਲੇ ਲੋਕਾਂ ਨਾਲ ਬਹੁਤ ਫ਼ਰਕ ਹੋ ਰਿਹਾ ਹੈ। ਇਨ੍ਹਾਂ ਦੀ ਹਾਜ਼ਰੀ ਨੂੰ ਸਹੀ ਤਰੀਕੇ ਕਬੂਲ ਨਹੀਂ ਕੀਤਾ ਜਾ ਰਿਹਾ। ਟੈਲੀਵਿਜ਼ਨ ਦੇ ਪ੍ਰੋਗਰਾਮਾਂ ਜਾਂ ਫ਼ਿਲਮਾਂ ਵਿਚ ਇਨ੍ਹਾਂ ਦੀ ਇਸ ਸਮਾਜਿਕ ਹਾਜ਼ਰੀ ਦਾ ਚਿਤਰਣ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ। ਪੁਲੀਸ ਵਾਲੇ ਗੋਰਿਆਂ ਦੇ ਮੁਕਾਬਲੇ ਕਾਲੇ ਲੋਕਾਂ ਦੀ ਜ਼ਿਆਦਾ ਤਲਾਸ਼ੀ ਲੈਂਦੇ, ਰੋਕਦੇ ਹਨ। ਕਾਲੇ ਲੋਕਾਂ ਦੇ ਇਲਾਕਿਆਂ ਵਿਚ ਬਹੁਤੀ ਗ਼ਰੀਬੀ ਹੈ ਤੇ ਇਹ ਇਲਾਕੇ ਬਹੁਤ ਸਾਰੀਆਂ ਸੁਵਿਧਾਵਾਂ ਤੋਂ ਵਾਂਝੇ ਹਨ। ਅਮਰੀਕਾ ਵਿਚ ਤਾਂ ਪੁਲੀਸ ਕਾਲੇ ਬੰਦੇ ਨੂੰ ਗੋਲੀ ਮਾਰਨ ਵਿਚ ਇਕ ਵਾਰ ਸੋਚਦੀ ਵੀ ਨਹੀਂ ਹੈ। ਹਰ ਸਾਲ ਹੀ ਕਿਸੇ ਨਿਰਦੋਸ਼ ਦਾ ਕਤਲ ਪੁਲੀਸ ਵੱਲੋਂ ਉੱਥੇ ਹੋ ਜਾਂਦਾ ਹੈ ਤੇ ਦੰਗੇ ਭੜਕ ਉੱਠਦੇ ਹਨ। ਇਸ ਸਾਲ ਵੀ ਜੌਰਜ ਦੇ ਪੁਲੀਸ ਵੱਲੋਂ ਕੀਤੇ ਕਤਲ ਨੇ ਅਮਰੀਕਾ ਭਰ ਵਿਚ ਦੰਗੇ ਭੜਕਾ ਦਿੱਤੇ ਸਨ। ਦੁਨੀਆਂ ਭਰ ਵਿਚ ਇਸ ਖਿਲਾਫ਼ ਮੁਜ਼ਾਹਰੇ ਹੋਏ। ਇਸ ਘਟਨਾ ਦਾ ਸਾਹਮਣਾ ਕਰਨ ਲਈ ਇਕ ਹੋਰ ਨਾਹਰਾ ਵੀ ਉੱਭਰਿਆ, ‘ਬਲੈਕ ਲਾਈਵਜ਼ ਮੈਟਰ’। ਉਂਜ ਇਹ ਨਾਹਰਾ ਪਹਿਲੀ ਵਾਰ 2013 ਵਿਚ ਵਰਤਿਆ ਗਿਆ ਸੀ।
ਇਸ ਸਾਲ ਬਲੈਕ ਹਿਸਟਰੀ ਮੰਥ ਵਿਚ ਕਾਫ਼ੀ ਗਹਿਮਾ ਗਹਿਮੀ ਰਹੀ। ਜੌਰਜ ਫਲਾਇਡ ਦੇ ਕਤਲ ਕਾਰਨ ਵੀ ਲੋਕਾਂ ਵਿਚ ਜੋਸ਼ ਸੀ। ਨੈੱਟਫਲਿਕਸ ਨੇ ਇਸ ਮਹੀਨੇ ਦੇ ਮਹੱਤਵ ਨੂੰ ਅੱਗੇ ਰੱਖਦਿਆਂ ਆਪਣੀਆਂ ਫ਼ਿਲਮਾਂ ਤੇ ਹੋਰ ਪ੍ਰੋਗਰਾਮਾਂ ਵਿਚ ਇਸ ਨੂੰ ਕਾਫ਼ੀ ਜਗ੍ਹਾ ਦਿੱਤੀ ਹੈ। ਬਰਤਾਨਵੀ ਮੀਡੀਆ ਨੇ ਵੀ ਇਸ ਦਾ ਵਿਸ਼ੇਸ਼ ਨੋਟਿਸ ਲਿਆ ਹੈ। ਫੁੱਟਬਾਲ ਦੀ ਪ੍ਰੀਮੀਅਰ ਲੀਗ ਦੇ ਮੈਚਾਂ ਵਿਚ ਖਿਡਾਰੀਆਂ ਨੇ ਗੋਡਿਆਂ ਭਾਰੇ ਹੋ ਕੇ ਇਸ ਵਿਚਾਰ ਨਾਲ ਆਪਣੀ ਸਹਿਮਤੀ ਦਿਖਾਈ। ਮੇਰੇ ਕੰਮ ’ਤੇ ਬਾਰਕਲੇ ਬੈਂਕ ਵੱਲੋਂ ਹਰ ਈਮੇਲ ਉੱਪਰ ਬਲੈਕ ਹਿਸਟਰੀ ਮੰਥ ਬਾਰੇ ਲੋਗੋ ਹੁੰਦਾ ਹੈ। ਇਸ ਵਿਚਾਰ ਨੂੰ ਹੋਰ ਵੀ ਬਹੁਤ ਸਾਰੇ ਮੰਚ ਮਿਲੇ ਹਨ ਜਿਸ ਤੋਂ ਇਸ ਨਾਲ ਜੁੜੇ ਲੋਕ ਕਾਫ਼ੀ ਖੁਸ਼ ਹਨ। ਪਰ ਹਾਲੇ ਵੀ ਇਸ ਨੂੰ ਹੋਰ ਅੱਗੇ ਲੈ ਜਾਣ ਦੀ ਲੋੜ ਹੈ। ਇਸ ਨੂੰ ਮਿਊਜ਼ੀਅਮ, ਗੈਲਰੀਆਂ, ਸਕੂਲਾਂ, ਯੂਨੀਵਰਸਟੀਆਂ, ਜਨਤਕ ਥਾਵਾਂ, ਭਾਈਚਾਰਿਆਂ ਆਦਿ ਵਿਚ ਪਹੁੰਚਾਉਣ ਦੀ ਲੋੜ ਹੈ।
ਈਮੇਲ: harjeetatwal@hotmail.co.uk