ਸੁਖਦੇਵ ਸਿੱਧੂ
ਵਲਾਇਤ ’ਚ ਸਕੂਲਾਂ ਦੇ ਬੱਚਿਆਂ ਨੂੰ ਮੁਫ਼ਤ ਖਾਣਾ ਦੇਣ ਦਾ ਲੰਬਾ ਇਤਿਹਾਸ ਹੈ। ਸਭ ਲਈ ਸਿੱਖਿਆ 1870 ਵਿਚ ਲਾਜ਼ਮੀ ਹੋ ਗਈ ਸੀ। ਗ਼ਰੀਬ ਕੀ ਕਰਦੇ ਉਨ੍ਹਾਂ ਨੂੰ ਹਜ਼ਾਰਾਂ ਬੱਚੇ ਭੁੱਖੇ ਸਕੂਲ ਭੇਜਣੇ ਪੈਂਦੇ। ਪਹਿਲਾਂ ਮਾਨਚੈਸਟਰ ਸ਼ਹਿਰ ਨੇ 1879 ਵਿਚ ਕੁਝ ਬੱਚਿਆਂ ਨੂੰ ਖਾਣਾ ਦੇ ਕੇ ਸ਼ੁਰੂਆਤ ਕੀਤੀ ਸੀ। 1906 ਦੇ ਕਾਨੂੰਨ ਨਾਲ ਅਧਿਕਾਰੀਆਂ ਨੂੰ ਖਾਣਾ ਦੇਣ ਦੀ ਖੁੱਲ੍ਹ ਤਾਂ ਮਿਲੀ ਸੀ, ਪਰ ਪਰਵਾਹ ਕਿਸੇ ਨੇ ਨਾ ਕੀਤੀ। ਇਸਦੇ ਹੱਲ ਲਈ 1921 ’ਚ ਮਾਪਦੰਡ ਮਿੱਥੇ ਗਏ ਕਿ ਕਿਹੜੇ ਬੱਚੇ ਸਕੂਲ ਮੁਫ਼ਤ ਖਾਣਾ ਖਾਣਗੇ। ਜਦੋਂ 1936 ਵਿਚ ਸਰਵੇ ਕੀਤਾ ਗਿਆ ਤਾਂ ਪਤਾ ਲੱਗਾ ਕਿ 26 ਸਥਾਨਕ ਸਿੱਖਿਆ ਅਥਾਰਟੀਆਂ ਨੇ ਸਕੂਲ ਵਿਚ ਮੁਫ਼ਤ ਖਾਣਾ ਦਿੱਤਾ ਹੀ ਨਹੀਂ; ਹਾਲਾਂਕਿ ਉਦੋਂ ਬੇਰੁਜ਼ਗਾਰੀ 25 ਫੀਸਦੀ ਤੋਂ ਵੱਧ ਸੀ ਤੇ ਲੋਕਾਂ ਦਾ ਹੱਥ ਬਹੁਤ ਔਖਾ ਸੀ। ਪੌਸ਼ਟਿਕ ਖ਼ੁਰਾਕ ਵਜੋਂ 1946 ਵਿਚ ਸਕੂਲ ਦੇ ਸਾਰੇ ਬੱਚਿਆਂ ਨੂੰ ਮੁਫ਼ਤ ਦੁੱਧ ਦੇਣ ਦੀ ਸ਼ੁਰੂਆਤ ਹੋ ਗਈ। ਮਾਰਗਰੇਟ ਥੈਚਰ ਦੀ ਕੰਜ਼ਰਵੇਟਿਵ ਸਰਕਾਰ ਬਣੀ ਤਾਂ 1980 ਵਿਚ ਸਭ ਨੂੰ ਮਿਲਦਾ ਮੁਫ਼ਤ ਦੁੱਧ ਬੰਦ ਕਰ ਦਿੱਤਾ। ਇਹ ਕੰਮ ਥੈਚਰ ਨੇ 1971 ਵਿਚ ਵੀ ਕੀਤਾ ਸੀ, ਉਦੋਂ ਇਹ ਸਿੱਖਿਆ ਮੰਤਰੀ ਸੀ। ਬਾਅਦ ’ਚ ਨਵੇਂ ਕਾਨੂੰਨ ਨਾਲ ਇਹ ਕੁਝ ਲੋਕਾਂ ਲਈ ਸ਼ੁਰੂ ਕੀਤਾ ਸੀ। ਭਾਵੇਂ ਬੇਰੁਜ਼ਗਾਰੀ ਅਤੇ ਮਹਿੰਗਾਈ ਵਧ ਰਹੀ ਸੀ। 1986 ਦੇ ਸਮਾਜਿਕ ਸੁਰੱਖਿਆ ਕਾਨੂੰਨ ਨੇ ਸਕੂਲ ’ਚ ਮੁਫ਼ਤ ਖਾਣਾ ਖਾਣ ਵਾਲੇ ਬਾਲਾਂ ਦੀ ਗਿਣਤੀ ਘਟਾ ਦਿੱਤੀ।
ਇਹ ਵੀ ਸਾਹਮਣੇ ਆਇਆ ਕਿ 1950 ਦੇ ਬੱਚਿਆਂ ਦੇ ਮੁਕਾਬਲੇ ’ਚ 1990 ਦੇ ਦਹਾਕੇ ਦੇ ਬੱਚਿਆਂ ਦਾ ਘਟੀਆ ਪਾਲਣ ਪੋਸ਼ਣ ਹੋਇਆ ਤੇ ਬੱਚਿਆਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪੈਣਾ ਕੁਦਰਤੀ ਸੀ, ਖ਼ਾਸਕਰ ਥੋੜ੍ਹੀ ਆਮਦਨੀ ਵਾਲੇ ਪਰਿਵਾਰਾਂ ਦੇ ਬੱਚਿਆਂ ਲਈ। ਹੁਣ ਇਹ ਮਸਲਾ ਫਿਰ ਉੱਠਿਆ ਤਾਂ ਫੁੱਟਬਾਲਰ ਮਾਰਕਸ ਰੈਸ਼ਫੋਰਡ ਨੇ ਇਸਨੂੰ ਅਪਣਾ ਲਿਆ। ਇਹ ਖੇਡ ਸਦਕਾ ਜਾਣਿਆ ਪਛਾਣਿਆ ਨਾਂ ਹੈ। ਉਹ ਵਲਾਇਤ ਦੇ ਬਹੁਤ ਨਾਮੀ ਫੁੱਟਬਾਲ ਕਲੱਬ ‘ਮਾਨਚੈਸਟਰ’ ਦਾ ਖਿਡਾਰੀ ਹੈ। ਮਾਨਚੈਸਟਰ ’ਚ ਜੰਮੇ ਬਾਈ ਸਾਲਾ ਖਿਡਾਰੀ ਦਾ ਸਿੱਧਾ ਖਾਨਦਾਨੀ ਪਿਛੋਕੜ ਅਫ਼ਰੀਕੀ ਨਸਲ ਨਾਲ ਹੀ ਹੈ। ਹੁਣ ਉਸਨੂੰ ਕਿਸੇ ਚੀਜ਼ ਦੀ ਘਾਟ ਨਹੀਂ। ਇਸਦੀ ਸਾਲਾਨਾ ਬੱਧੀ ਤਨਖਾਹ ਕੋਰੜ ਪੌਂਡ ਮੰਨੀ ਜਾਂਦੀ ਹੈ, ਪਰ ਵੱਡਾ ਮੁੱਲ ਉਸਦੀ ਹਲੀਮੀ ਤੇ ਔਕਾਤ ਯਾਦ ਰੱਖਣ ਵਾਲੀ ਗੱਲ ਦਾ ਹੈ। ਮਾਰਕਸ ਨੇ ਬਾਰ ਬਾਰ ਲੋਕਾਂ ਨੂੰ ਆਪਣੇ ਬਚਪਨੇ ਦੀ ਯਾਦ ਦੁਆਈ, ‘ਮੇਰੀ ਮਾਂ ਉਪਰੋਥਲੀ ਦੇ ਪੰਜ ਬੱਚਿਆਂ ਨੂੰ ਪਾਲਦੀ ਸੀ। ਹਸਪਤਾਲ ’ਚ ਘੱਟੋ ਘੱਟ ਤਨਖਾਹ ’ਤੇ ਕੰਮ ਕਰਦੀ ਸੀ, ਛੇ ਜੀਆਂ ਦੇ ਟੱਬਰ ਦਾ ਢਿੱਡ ਪੂਰੀ ਤਰ੍ਹਾਂ ਨਾ ਭਰ ਸਕਦੀ। ਪੈਸਾ ਤਾਂ ਕੋਲ ਹੁੰਦਾ ਨਹੀਂ ਸੀ। ਜਦੋਂ ਮੇਰੀ ਮਾਂ ਕੰਮ ’ਤੇ ਹੁੰਦੀ ਸੀ ਤਾਂ ਮੈਂ ਮਿੱਤਰਾਂ ਜਾਂ ਗੁਆਂਢੀਆਂ ਦੇ ਘਰ ਚਲੇ ਜਾਂਦਾ ਸੀ। ਮੈਨੂੰ ਪੱਕਾ ਪਤਾ ਹੁੰਦਾ ਸੀ ਕਿ ਉੱਥੇ ਮੈਨੂੰ ਖਾਣ ਨੂੰ ਜ਼ਰੂਰ ਕੁਝ ਨਾ ਕੁਝ ਮਿਲ ਜਾਣਾ ਹੈ। ਮੇਰੀ ਏਸ ਆਸ ਨੇ ਮੈਨੂੰ ਕਦੇ ਨਿਰਾਸ਼ ਨਹੀਂ ਕੀਤਾ। ਖਾਧੇ ਬਗ਼ੈਰ ਮੈਨੂੰ ਕਦੇ ਕਿਸੇ ਨੇ ਵਾਪਸ ਨਾ ਆਉਣ ਦਿੱਤਾ।’ ਇਹ ਤਾਂ ਪਤਾ ਨਹੀਂ ਕਿ ਉਨ੍ਹਾਂ ਨੂੰ ਮਾਰਕਸ ਦੀ ਭੁੱਖ ਦਾ ਪਤਾ ਲੱਗ ਜਾਂਦਾ ਸੀ ਜਾਂ ਮਹਿਮਾਨ ਨਿਵਾਜ਼ੀ ਵਜੋਂ ਕਰਦੇ ਸੀ। ਮਾਰਕਸ ਹੋਰ ਕਹਿੰਦਾ ਹੈ, ‘ਸਾਡਾ ਪਰਿਵਾਰ ਨਾਸ਼ਤੇ ਦੀਆਂ ਕਲੱਬਾਂ, ਮੁਫ਼ਤ ਭੋਜਨ, ਖੇਡ ਕੋਚਾਂ ਤੇ ਹਮਸਾਇਆਂ ਦੇ ਰਹਿਮ ’ਤੇ ਸੀ। ਸੂਪ ਕਿਚਨ ਤੇ ਫੂਡ ਬੈਂਕ ਸਾਨੂੰ ਭੁੱਲੇ ਨਹੀਂ। ਦਰਅਸਲ, ਮੁਲਕ ਦਾ ਸਿਆਸੀ ਤਾਣਾ ਬਾਣਾ ਮੇਰੇ ਵਰਗੇ ਪਰਿਵਾਰਾਂ ਨੂੰ ਗ਼ੁਰਬਤ ’ਚੋਂ ਕੱਢਣ ਲਈ ਕੁਝ ਨਹੀਂ ਕਰਦਾ, ਇਹ ਅਸੀਂ ਆਪੇ ਕਰਨਾ ਹੁੰਦਾ ਹੈ। ਮੇਰੀ ਮਾਂ ਭਾਵੇਂ ਜਿੰਨਾ ਮਰਜ਼ੀ ਹੋਰ ਕੰਮ ਕਰ ਲੈਂਦੀ, ਕੁਝ ਨਹੀਂ ਸੀ ਬਣਨਾ। ਮੇਰੀ ਮਾਂ ਨੇ ਜ਼ੋਰ ਪਾ ਕੇ ਮੈਨੂੰ ਫੁੱਟਬਾਲ ਅਕੈਡਮੀ ’ਚ ਪਾ ਦਿੱਤਾ। ਮਿਹਨਤ ਰੰਗ ਲੈ ਆਈ ਹੈ। ਗ਼ੁਰਬਤ ਟੁੱਟ ਗਈ ਹੈ, ਪਰ ਸਾਰੇ ਏਨੇ ਖ਼ੁਸ਼ਕਿਸਮਤ ਨਹੀਂ।
ਮੈਂ ਇਸਨੂੰ ਸਿਆਸੀ ਮਸਲਾ ਨਹੀਂ ਗਿਣਦਾ, ਇਹ ਮਾਨਵਤਾ ਦਾ ਮਸਲਾ ਹੈ।’ ਉਹ ਦੱਸਦਾ ਹੈ ਕਿ ਸਕੂਲ ਦੀਆਂ ਛੁੱਟੀਆਂ ’ਚ ਮਿਲੇ ਖਾਣੇ ਦੇ ਕੂਪਨ ਨਾ ਮਿਲਦੇ ਹੁੰਦੇ ਤਾਂ ਅਸੀਂ ਭੁੱਖ ਨਾਲ ਮਰ ਵੀ ਸਕਦੇ ਸੀ। ਮਾਰਕਸ ਦਾ ਇਹ ਸੁਆਲ ਸਿੱਧਾ ਸਰਕਾਰ ਨੂੰ ਸੀ। ਇਹ ਮਸਲਾ ਉਸਨੇ ਪਾਰਲੀਮੈਂਟ ਦੇ ਸਾਰੇ ਮੈਂਬਰਾਂ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਉਭਾਰਿਆ। ਇਸ ਵਿਚ ਉਸਨੇ ਲਿਖਿਆ ਕਿ ਦਸ ਸਾਲ ਪਹਿਲਾਂ ਇਹ ਆਪ ਵੀ ਅਜਿਹੇ ਬੱਚਿਆਂ ’ਚ ਸ਼ਾਮਲ ਸੀ। ਜਦੋਂ ਇਹ ਮੁੱਦਾ ਨਾ ਬਣਿਆ ਤਾਂ ਵੀ ਇਸਨੇ ਆਸ ਨਾ ਛੱਡੀ। ਟੈਲੀਵਿਜ਼ਨ ’ਤੇ ਇੰਟਰਵਿਊ ਦੇ ਕੇ ਗੱਲ ਚੁੱਕ ਲਈ।
ਸਹਿਜ ਮਤੇ ਨਾਲ ਕੀਤੀ ਗੱਲ ਤੋਂ ਮਾਰਕਸ ਦੀ ਹਲੀਮੀ ਦਿਸਦੀ ਸੀ। ਬਾਲ ਉਮਰ ਦੀ ਆਪਣੀ ਭੁੱਖ ਦੀ ਗੱਲ ਕਰਦਾ ਕੁਝ ਮਲਾਲ ’ਚ ਤਾਂ ਦਿਸਦਾ, ਪਰ ਗੁੱਸਾ ਬਿਲਕੁਲ ਨਹੀਂ ਸੀ ਝਲਕਦਾ। ਸਰਕਾਰ ਪਹਿਲੇ ਦਿਨ ਤਾਂ ਅੜੀ ਰਹੀ। ਉਸਦੀ ਗੱਲ ਨੇ ਏਨਾ ਅਸਰ ਕੀਤਾ ਕਿ ਇਕ ਦਿਨ ਪਹਿਲਾਂ ਐਲਾਨ ਕਰਕੇ ਕਿ ਸਰਕਾਰ ਗ਼ਰੀਬ ਬੱਚਿਆਂ ਨੂੰ ਖਾਣੇ ਦੇ ਵਾਊਚਰ ਨਹੀਂ ਦੇਏਗੀ, ਦੂਜੇ ਦਿਨ ਹੀ ਬਦਲ ਗਈ। ਪ੍ਰਧਾਨ ਮੰਤਰੀ ਬੌਰਿਸ ਨੇ ਆਪਣੇ ਐਲਾਨ ’ਚ ਕਿਹਾ ਕਿ ਮੈਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ। ਗ਼ੁਰਬਤ ਦੇ ਮਸਲੇ ’ਤੇ ਮਾਰਕਸ ਦੀ ਸਿਫ਼ਤ ਕਰਨੀ ਚਾਹੀਦੀ ਹੈ। ਮਾਰਕਸ ਦੀ ਗੱਲ ’ਚ ਦਮ ਹੈ ਤੇ ਸਰਕਾਰ ਇਹ ਵਾਊਚਰ ਦੇਣੇ ਬੰਦ ਨਹੀਂ ਕਰੇਗੀ। ਭਾਵੇਂ ਮੰਨਣ ਨੂੰ ਇਹ ਗੱਲ ਔਖੀ ਲੱਗਦੀ ਹੈ, ਪਰ ਬੌਰਿਸ ਨੇ ਇਸ ਗੱਲ ਦਾ ਵੀ ਦਾਅਵਾ ਕੀਤਾ ਕਿ ਉਸਨੂੰ ਇਸ ਮਸਲੇ ਦਾ ਗਿਆਨ ਨਹੀਂ ਸੀ। ਵੱਡੇ ਵੱਡੇ ਫੁੱਟਬਾਲਰਾਂ ਤੇ ਟੈਲੀਵਿਜ਼ਨ ਹਸਤੀਆਂ ਨੇ ਮਾਰਕਸ ਦੇ ਇਸ ਕਾਰਜ ਨੂੰ ਸਲਾਹਿਆ। ਕਈਆਂ ਨੇ ਖੁੱਲ੍ਹੇਆਮ ਦੱਸਿਆ ਕਿ ਦਹਾਕਿਆਂ ਤੋਂ ਚਲੀ ਆਉਂਦੀ ਇਸ ਸਕੀਮ ਸਦਕਾ ਉਨ੍ਹਾਂ ਨੇ ਵੀ ਛੁੱਟੀਆਂ ’ਚ ਢਿੱਡ ਭਰਕੇ ਖਾਣਾ ਖਾਧਾ ਸੀ। ਉਨ੍ਹਾਂ ਮਾੜੇ ਦਿਨਾਂ ਨੂੰ ਚੇਤੇ ਕਰਕੇ ਕਈ ਬਹੁਤ ਭਾਵੁਕ ਵੀ ਹੋਏ। ਲੇਬਰ ਪਾਰਟੀ ਤੇ ਲਬਿਰਲ ਪਾਰਟੀ ਦੇ ਲੀਡਰਾਂ ਨੇ ਸਰਕਾਰ ਨੂੰ ਲਾਹਨਤ ਪਾਈ ਤੇ ਮਾਰਕਸ ਨੂੰ ਇਸ ਕੰਮ ਲਈ ਵਧਾਈ ਦਿੱਤੀ ਹੈ। ਵਲਾਇਤ ਦੀ ਟੀਮ ਦੇ ਰਹਿ ਚੁੱਕੇ ਕੈਪਟਨ-ਗੈਰੀ ਲਿਨੇਕਰ ਨੇ ਟਿੱਪਣੀ ਕੀਤੀ: ‘ਮਾਨਚੈਸਟਰ ਦੀ ਦਸ ਨੰਬਰ ਦੀ ਜਰਸੀ ਪਹਿਨੇ ਬੰਦੇ ਨੇ ਦਸ ਨੰਬਰ ’ਚ ਗੋਲ ਕਰ ਦਿੱਤਾ ਹੈ।’ ਖੇਡਣ ਵੇਲੇ ਮਾਰਕਸ ਦਸ ਨੰਬਰ ਦੀ ਜਰਸੀ ਪਹਿਨਦਾ ਹੈ। ਪ੍ਰਧਾਨ ਮੰਤਰੀ ਦੀ ਰਿਹਾਇਸ਼ ਦਾ ਪਤਾ ਵੀ 10 ਡਾਉਨਿੰਗ ਸਟਰੀਟ ਹੈ।
ਮਾਰਕਸ ਹੋਰ ਦੱਸਦਾ ਹੈ “ਮੈਂ ਇਹ ਸਮਾਂ ਆਪ ਝੱਲਿਆ ਹੈ; ਇਹ ਵਧਦਾ ਵਧਦਾ ਬਹੁਤ ਵਧ ਸਕਦਾ ਹੈ ਤੇ ਭੁੱਖੇ ਲੋਕ ਸੜਕਾਂ ’ਤੇ ਹੀ ਤੁਰੇ ਫਿਰਨਗੇ।’’ ਮਾਰਕਸ ਨੇ ਗ਼ੁਰਬਤ ਤੇ ਫੂਡ ਵੇਸਟ ਚੈਰਿਟੀ ਨਾਲ ਮਿਲਕੇ ਵੀਹ ਮਿਲੀਅਨ ਪੌਂਡ ਇਕੱਠੇ ਕੀਤੇ ਹਨ, ਇਹ ਰਕਮ ਹੋਰ ਵਧੀ ਜਾਣੀ ਹੈ। ਮਾਰਕਸ ਦੀ ਚਲਾਈ ਇਸ ਮੁਹਿੰਮ ਦੀ ਸੁਰ ਬਹੁਤ ਹੌਲੀ ਤੇ ਹਲੀਮੀ ਵਾਲੀ ਸੀ, ਪਰ ਡੰਗ ਗਹਿਰਾ ਸੀ। ਇਸਨੇ ਕਿਹਾ ਕਿ ਅਸੀਂ ਅਜੇ ਹਾਰੇ ਨਹੀਂ ਹਾਂ, ਚੇਤੇ ਰਹੇ ਜੇ ਅਸੀਂ ਕੁਝ ਨਾ ਕੀਤਾ ਤਾਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੋ ਲੱਖ ਬਾਲ ਢਿੱਡ ਭਰੇ ਬਿਨਾਂ ਹੀ ਸੌਂ ਜਾਇਆ ਕਰਨਗੇ। ਇਹੀ ਸੁਨੇਹਾ ਬਾਰ ਬਾਰ ਜ਼ੋਰ ਨਾਲ ਦੇਈ ਗਿਆ। ਇਸਦਾ ਅਸਰ ਓਨਾ ਹੀ ਹੋਇਆ ਜਿੰਨੀ ਆਸ ਸੀ। ਸਰਕਾਰ ਗੋਡੇ ਟੇਕ ਗਈ। ਇਹ ਤਾਂ ਸਹੀ ਨਹੀਂ ਹੋ ਸਕਦਾ ਕਿ ਸਰਕਾਰ ਨੇ ਆਪਣੀ ਨੀਤੀ ਦਾ ਮਾਰੂ ਅਸਰ ਨਾ ਕਿਆਸਿਆ ਹੋਵੇ। ਮਾਰਕਸ ਦੀ ਹਿੰਮਤ ਤੇ ਹੱਠ ਧਰਮੀ ਨਾਲ ਮਸਲਾ ਲੋਕਾਂ ਦਾ ਬਣ ਗਿਆ।
ਸਭ ਮੁਲਕਾਂ ਦੇ ਸਿਆਸਤਦਾਨ ਅਕਸਰ ਬੱਚਿਆਂ ਬਾਰੇ ਬੋਲਦੇ ਹਨ: ‘ਅੱਜ ਦੇ ਬਾਲ ਕੱਲ੍ਹ ਦਾ ਭਵਿੱਖ ਹਨ।’ ਬਹੁਤਾ ਕਰਕੇ ਇਹ ਚਲੰਤ ਗੱਲ ਦਾ ਠੱਪਾ ਹੀ ਹੁੰਦਾ ਹੈ। ਅਸਲ ’ਚ ਉਨ੍ਹਾਂ ਨੂੰ ਕਿਸੇ ਦੇ ਬੱਚਿਆਂ ਬਾਰੇ ਜ਼ਿਆਦਾ ਫ਼ਿਕਰ ਨਹੀਂ ਹੁੰਦਾ, ਗ਼ਰੀਬਾਂ ਦੇ ਤਾਂ ਬਿਲਕੁਲ ਨਹੀਂ। ਜਿੱਥੇ ਜਿੰਨਾ ਜਿੰਨਾ ਭਲਾ ਹੁੰਦਾ ਹੈ, ਊੱਥੇ ਓਨਾ ਓਨਾ ਦਿਸ ਹੀ ਪੈਂਦਾ ਹੈ। ਸਭ ਜੱਗ ਜ਼ਾਹਿਰ ਹੈ।
ਪਹਿਲਾਂ ਮਾਰਕਸ ਦਾ ਟੀਚਾ ਤਾਂ ਮਾਨਚੈਸਟਰ ’ਚ ਭੁੱਖ ਨਾਲ ਜੂਝਦੇ ਬੱਚਿਆਂ ਨੂੰ ਖਾਣਾ ਦੇਣ ਦਾ ਸੀ। ਜੂਨ ’ਚ ਹੀ ਇਨ੍ਹਾਂ ਨੇ ਤਿੰਨ ਕਰੋੜ ਪੌਂਡ ਇਕੱਠੇ ਕਰ ਲਏ ਤਾਂ ਇਨ੍ਹਾਂ ਨੇ ਐਲਾਨ ਕਰ ਦਿੱਤਾ ਕਿ ਸਾਰੇ ਮੁਲਕ ’ਚ ਖਾਣਾ ਵਰਤਾ ਦੇਣਗੇ। ਨਵੇਂ ਫੁੱਟਬਾਲਰਾਂ ’ਚੋਂ ਕਈ ਨਿੱਜ ਤੋਂ ਉੱਪਰ ਉੱਠ ਕੇ ਗੱਲ ਕਰਨ ਲੱਗ ਪਏ ਹਨ; ਆਪਣੇ ਬੋਝੇ ’ਚ ਵੀ ਹੱਥ ਪਾਊਂਦੇ ਹਨ ਤੇ ਹੋਰ ਲੋਕਾਂ ਨੂੰ ਵੀ ਉਕਸਾਉਂਦੇ ਹਨ।
ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ’ਚ ਖਾਣੇ ਦੇ ਵਾਊਚਰ ਦੇਣ ਦੀ ਸਕੀਮ ਪੁਰਾਣੀ ਹੈ; ਇਸਦਾ ਫਾਇਦਾ ਉਹੀ ਲੈ ਸਕਦੇ ਹਨ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਤਨਖਾਹ ਅੱਜਕੱਲ੍ਹ ਦੇ ਹਿਸਾਬ ਨਾਲ 7,400 ਪੌਂਡ ਤੋਂ ਘੱਟ ਹੈ, ਪਰ ਇਹ ਹੱਦ ਸਕੌਟਲੈਂਡ, ਵੇਲਜ਼ ਤੇ ਉੱਤਰੀ ਆਇਰਲੈਡ ’ਚ 14 ਹਜ਼ਾਰ ਪੌਂਡ ਸਾਲਾਨਾ ਹੈ। ਸਿਰਫ਼ ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਛੇ ਹਫ਼ਤਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਖਾਣੇ ਦਾ ਵਾਊਚਰ ਮਿਲਦਾ ਹੈ। ਉਸ ਨਾਲ ਇਹ ਪਰਿਵਾਰ ਖਾਣੇ ਦਾ ਸਾਮਾਨ ਖ਼ਰੀਦ ਕੇ ਬਾਲਾਂ ਦਾ ਢਿੱਡ ਭਰਦੇ ਹਨ। ਦੇਖਣ ਵਾਲੀ ਗੱਲ ਹੈ ਕਿ ਇਸ ਸਕੀਮ ਅਨੁਸਾਰ ਸਕੂਲ ਜਾਂਦੇ ਬੱਚਿਆਂ ’ਚੋਂ ਸਿਰਫ਼ 15 ਫੀਸਦੀ ਬੱਚਿਆਂ ਦੇ ਪਰਿਵਾਰਾਂ ਨੇ ਹੀ ਕੂਪਨ ਲੈ ਸਕਣੇ ਹੁੰਦੇ ਹਨ। ਮਾਰਕਸ ਦੀ ਦੁਖਦੀ ਰਗ਼ ਇਹ ਹੈ ਕਿ ਇਕੱਲੇ ਮਾਨਚੈਸਟਰ ’ਚ ਇਹ ਤਾਦਾਦ 25 ਫੀਸਦੀ ਹੈ। ਇਸ ਸਕੀਮ ਤਹਿਤ ਇਕ ਬੱਚੇ ਨੂੰ ਹਫ਼ਤੇ ਦੇ ਸਿਰਫ਼ ਪੰਦਰਾਂ ਪੌਂਡ ਦੇ ਵਾਊਚਰ ਹੀ ਦੇਣੇ ਹੁੰਦੇ ਹਨ।
ਸਰਕਾਰਾਂ ਵਾਲੇ ਜਿੰਨੇ ਮਰਜ਼ੀ ਤਕੜੇ ਹੋਣ ਲੋਕਾਂ ਦੀ ਸ਼ਕਤੀ ਤੋਂ ਕਦੇ ਵੱਡੇ ਨਹੀਂ ਹੁੰਦੇ। ਸਿਰਫ਼ ਇਹ ਤਾਕਤ ਨੂੰ ਸਹੀ ਦਿਸ਼ਾ ਮਿਲਦੀ ਰਹੇ ਤਾਂ ਮਸਲੇ ਹੱਲ ਹੋ ਜਾਂਦੇ ਹਨ।