ਹਰਜੀਤ ਅਟਵਾਲ
ਕੋਈ ਵੇਲ਼ਾ ਸੀ ਕਿ ਪੀੜ੍ਹੀ-ਪਾੜਾ ਪਰਵਾਸੀ ਸਾਹਿਤ ਦਾ ਮੁੱਖ ਲੱਛਣ ਹੁੰਦਾ ਸੀ ਕਿਉਂਕਿ ਸਾਡੀ ਉਦੋਂ ਦੀ ਨਵੀਂ ਪੀੜ੍ਹੀ ’ਤੇ ਪੱਛਮੀ ਸੱਭਿਆਚਾਰ ਨੇ ਬਹੁਤ ਡੂੰਘਾ ਅਸਰ ਕੀਤਾ ਸੀ ਤੇ ਭਾਰਤ ਤੋਂ ਆਏ ਲੋਕ ਹਾਲੇ ਉਸੇ ਸੱਭਿਆਚਾਰ ਨਾਲ ਲੈਸ ਸਨ। ਸੋ ਦੋਵਾਂ ਪੀੜ੍ਹੀਆਂ ਵਿਚ ਵਿਰੋਧ ਬਹੁਤ ਜ਼ੋਰਾਂ ’ਤੇ ਸੀ। ਇਹੋ ਸਭ ਲੇਖਕਾਂ ਦੀਆਂ ਲਿਖਤਾਂ ਵਿਚ ਵੀ ਆ ਰਿਹਾ ਸੀ। ਫਿਰ ਜਿਵੇਂ-ਜਿਵੇਂ ਦੁਨੀਆ ਇਕ ਪਿੰਡ ਬਣਦੀ ਗਈ, ਇਸ ਦੇ ਬਹੁਤੇ ਹਿੱਸੇ ਵਿਚ ਪੀੜ੍ਹੀ-ਪਾੜਾ ਇਕੋ ਤਰੀਕੇ ਨਾਲ ਵਾਪਰਨ ਲੱਗਾ। ਮੋਟੇ ਤੌਰ ’ਤੇ ਪੀੜ੍ਹੀ-ਪਾੜਾ ਦੋ ਪੀੜ੍ਹੀਆਂ ਦੇ ਸੋਚਣ-ਢੰਗ ਦਾ ਫ਼ਰਕ ਹੈ। ਪੀੜ੍ਹੀ-ਪਾੜਾ ਨਵੀਂ ਪੀੜ੍ਹੀ ਦਾ ਪਹਿਲੀ ਪੀੜ੍ਹੀ ਨਾਲੋਂ ਸੱਭਿਆਚਾਰ ਪ੍ਰਤੀਮਾਨਾਂ, ਮਾਪਦੰਡਾਂ ਦਾ ਵੱਖਰੇ ਹੋਣਾ, ਤਰਕਾਂ ਦਾ ਅੱਡ ਹੋਣਾ ਹੈ ਜਿਸ ਦਾ ਪ੍ਰਭਾਵ ਵਿਹਾਰ, ਸਦਾਚਾਰ ਕਦਰਾਂ, ਧਾਰਮਿਕ ਯਕੀਨ, ਕੰਮ ਕਰਨ ਦੇ ਤਰੀਕੇ, ਦੂਜਿਆਂ ਦਾ ਇੱਜ਼ਤ-ਮਾਣ, ਰਾਜਨੀਤਕ ਵਿਚਾਰਾਂ ਉੱਪਰ ਪੈਂਦਾ ਹੈ। ਸਾਡੀਆਂ ਜ਼ਿੰਦਗੀ ਤੋਂ ਉਮੀਦਾਂ, ਲਗਾਤਾਰ ਸਮਾਜਿਕ, ਆਰਥਿਕ ਤੇ ਰਾਜਨੀਤਕ ਤਬਦੀਲੀਆਂ, ਤਕਨੀਕੀ ਤਰੱਕੀ ਤੇ ਸਾਡੇ ਆਲੇ-ਦੁਆਲੇ ਵਾਪਰ ਰਿਹਾ ਸਭ ਕੁਝ ਸਾਡੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ। ‘ਦਿ ਔਕਸਫੋਰਡ ਡਿਕਸ਼ਨਰੀ’ ਅਨੁਸਾਰ ਵੱਖ-ਵੱਖ ਪੀੜ੍ਹੀਆਂ ਦਾ ਵੱਖਰਾ ਵਿਹਾਰ ਹੀ ਪੀੜ੍ਹੀ-ਪਾੜਾ ਹੈ ਜੋ ਆਪਸੀ ਸਮਝ ਦੀ ਘਾਟ ਪੈਦਾ ਕਰਦਾ ਹੈ। ਪੀੜ੍ਹੀ-ਪਾੜੇ ਦੀ ਸਮਝ ਤੇ ਇਸ ਦਾ ਹੱਲ ਸਾਡੀ ਬੋਲੀ ਦੇ ਇਕ ਮੁਹਾਵਰੇ ਵਿਚ ਬਾਖੂਬੀ ਵਸਦਾ ਹੈ: ‘ਜਦ ਪਿਓ ਦੀ ਜੁੱਤੀ ਪੁੱਤ ਦੇ ਮੇਚ ਆਉਣ ਲੱਗ ਜਾਵੇ।’ ਇਹ ਮੁਹਾਵਰਾ ਪੂਰਾ ਇਵੇਂ ਬਣੇਗਾ ਕਿ ਅਜਿਹੀ ਸਥਿਤੀ ਵਿਚ ਪਿਓ ਨੂੰ ਪੁੱਤਰ ਆਪਣੇ ਬਰਾਬਰ ਸਮਝਣਾ ਚਾਹੀਦਾ ਹੈ। ਪਰ ਇਵੇਂ ਹੁੰਦਾ ਨਹੀਂ, ਆਮ ਤੌਰ ’ਤੇ ਪਿਓ, ਪਿਓ ਹੀ ਬਣੇ ਰਹਿਣ ਦੀ ਕੋਸ਼ਿਸ਼ ਵਿਚ ਰਹਿੰਦਾ ਹੈ।
ਮੈਂ ਅਕਸਰ ਸੋਚਦਾ ਹਾਂ ਕਿ ਮੇਰੀ ਪੀੜ੍ਹੀ ਜੋ ਪੰਜਾਹਵਿਆਂ ਦੇ ਨੇੜੇ ਤੇੜੇ ਜਨਮੀ ਹੈ, ਨੂੰ ਪੀੜ੍ਹੀ-ਪਾੜੇ ਦੀ ਦੋਹਰੀ ਮਾਰ ਝੱਲਣੀ ਪਈ ਹੈ। ਸਾਡੇ ਮਾਪੇ ਆਪਣੀਆਂ ਮਰਜ਼ੀਆਂ ਸਾਡੇ ਉੱਪਰ ਥੋਪਦੇ ਸਨ ਤੇ ਇਨ੍ਹਾਂ ਨੂੰ ਮਨਵਾਉਣ ਲਈ ਹਿੰਸਕ ਵੀ ਹੁੰਦੇ ਸਨ। ਮੇਰੀ ਮਾਂ ਮੈਨੂੰ ਉਦੋਂ ਵੀ ਕੁੱਟ ਲੈਂਦੀ ਸੀ ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਸਾਂ। ਅੱਜ ਅਗਲੀ ਪੀੜ੍ਹੀ ਸਾਡੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਤੇ ਸਾਡੇ ਕੋਲ ਆਪਣੀ ਪਹਿਲੀ ਪੀੜ੍ਹੀ ਵਰਗੀ ਜ਼ਬਰਦਸਤੀ ਮਨਵਾਉਣ ਵਾਲੀ ਤਾਕਤ ਵੀ ਨਹੀਂ। ਮੇਰੀ ਪੀੜ੍ਹੀ ਨੇ ਪਹਿਲਾਂ ਆਪਣੇ ਮਾਂ-ਪਿਓ ਦੀਆਂ ਮਰਜ਼ੀਆਂ ਮੰਨੀਆਂ ਤੇ ਹੁਣ ਅਗਲੀ ਪੀੜ੍ਹੀ ਦੀਆਂ ਮਰਜ਼ੀਆਂ ਸੁਣਨੀਆਂ ਪੈਂਦੀਆਂ ਹਨ। ਮੈਨੂੰ ਯਾਦ ਹੈ, ਜੇ ਮੈਂ ਕਿਤੇ ਬਾਹਰ ਜਾਣਾ ਹੁੰਦਾ ਤਾਂ ਆਪਣੇ ਮਾਂ-ਪਿਓ ਨੂੰ ਪੁੱਛਣਾ ਪੈਂਦਾ ਸੀ, ਜੇ ਉਹ ਨਾਂਹ ਕਰ ਦੇਣ ਤਾਂ ਮੈਂ ਨਹੀਂ ਜਾਂਦਾ ਸੀ ਤੇ ਹੁਣ ਅਗਲੀ ਪੀੜ੍ਹੀ ਨੇ ਬਾਹਰ ਜਾਣਾ ਹੋਵੇ ਤਾਂ ਉਹ ਪੁੱਛਦੇ ਨਹੀਂ, ਸਿਰਫ਼ ਦੱਸਦੇ ਹਨ ਕਿ ਅਸੀਂ ਚੱਲੇ। ਦੱਸ ਵੀ ਦੇਣ ਤਾਂ ਵੱਡੀ ਗੱਲ ਹੈ। ਜਾਣੀ ਕਿ ਅਸੀਂ ਦੋ ਪੀੜ੍ਹੀਆਂ ਵਿਚ ਸੈਂਡਵਿਚ ਹਾਂ। ਸਾਡੇ ਪਿਓ ਕਹਿੰਦੇ ਸਨ ਕਿ ਸਾਨੂੰ ਕੁਝ ਨਹੀਂ ਪਤਾ, ਸਾਡੇ ਕੋਲ ਤਜਰਬੇ ਦੀ ਘਾਟ ਹੈ ਤੇ ਇਹੋ ਗੱਲ ਸਾਡੀ ਅਗਲੀ ਪੀੜ੍ਹੀ ਕਹਿੰਦੀ ਹੈ ਕਿ ਸਾਨੂੰ ਕੁਝ ਨਹੀਂ ਪਤਾ। ਮੇਰੀ ਮਾਂ ਕਹਿੰਦੀ ਕਿ ਆਪਣੇ ਪਿਓ ਦਾ ਕਹਿਣਾ ਮੰਨਿਆ ਕਰ, ਮੈਨੂੰ ਨਹੀਂ ਲੱਗਦਾ ਕਿ ਇਹ ਗੱਲ ਮੇਰੀ ਪਤਨੀ ਨੇ ਮੇਰੇ ਪੁੱਤਰ ਨੂੰ ਕਹੀ ਹੋਵੇ। ਖ਼ੈਰ ਸਾਡੀ ਇਸ ਪੀੜ੍ਹੀ ਨੇ ਪੀੜ੍ਹੀ-ਪਾੜੇ ਦੇ ਦੁੱਖ ਬਹੁਤ ਸਹੇ ਹਨ, ਪਰ ਜ਼ਿੰਦਗੀ ਦੇ ਰੰਗ ਵੀ ਅਸੀਂ ਹੀ ਸਭ ਤੋਂ ਵੱਧ ਦੇਖੇ ਹੋਣਗੇ। ਸਾਡੇ ਜਨਮ ਵੇਲੇ ਬਹੁਤੇ ਪਿੰਡਾਂ ਵਿਚ ਬਿਜਲੀ ਵੀ ਨਹੀਂ ਸੀ, ਫਿਰ ਰੇਡੀਓ, ਟੈਲੀਵਿਜ਼ਨ, ਟੈਲੀਫੋਨ, ਮੋਬਾਈਲ ਫੋਨ ਤੋਂ ਲੈ ਕੇ ਅੱਜ ਦਾ ਇੰਟਰਨੈੱਟ।
ਪਿਛਲੀਆਂ ਸਦੀਆਂ ਵਿਚ ਪੀੜ੍ਹੀ-ਪਾੜੇ ਵਰਗਾ ਕੋਈ ਸ਼ਬਦ ਹੈ ਹੀ ਨਹੀਂ ਸੀ। ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਵੀ ਕੋਈ ਸਮਾਜਿਕ ਮਸਲਾ ਹੋ ਸਕਦਾ ਹੈ। ਜਰਮਨ ਸਮਾਜ ਵਿਗਿਆਨੀ ਕਾਰਲ ਮੈਨਹਿਅਮ ਨੇ ਪੀੜ੍ਹੀ-ਪਾੜੇ ਨੂੰ ਸਮਝਦਿਆਂ ਪਹਿਲੀ ਵਾਰ ਇਕ ਲੇਖ ਲਿਖਿਆ, ਜੋ 1952 ਵਿਚ ਅੰਗਰੇਜ਼ੀ ਵਿਚ ‘ਦਿ ਥਿਊਰੀ ਆਫ ਜਨਰੇਸ਼ਨ’ ਦੇ ਨਾਂ ਹੇਠ ਛਪਿਆ। ਪੀੜ੍ਹੀ-ਪਾੜੇ ਬਾਰੇ ਇਹ ਪਹਿਲਾ ਢੁਕਵਾਂ ਲੇਖ ਸੀ। ‘ਦਿ ਸੋਸ਼ਿਓਲੌਜੀਕਲ ਥਿਊਰੀ ਆਫ ਜਨਰੇਸ਼ਨ ਗੈਪ’ ਪਿਛਲੀ ਸਦੀ ਦੇ ਸੱਠਵਿਆਂ ਵਿਚ ਹੋਂਦ ਵਿਚ ਆਈ ਜਦੋਂ ਨਵੀਂ ਪੀੜ੍ਹੀ ਨੇ ਮਾਪਿਆਂ ਦਾ ਹਰ ਯਕੀਨ ਤੋੜ ਕੇ ਰੱਖ ਦਿੱਤਾ। ਇਸ ਯਕੀਨ ਵਿਚ ਸੰਗੀਤ, ਕਦਰਾਂ-ਕੀਮਤਾਂ, ਸਰਕਾਰੀ ਤੇ ਰਾਜਨੀਤਕ ਵਿਚਾਰ, ਸੱਭਿਆਚਾਰਕ ਸਮਝ ਆਉਂਦੇ ਸਨ। ਇਵੇਂ ਨਵੀਂ ਪੀੜ੍ਹੀ ਦੇ ਲੋਕ ਅਜਿਹੀਆਂ ਗਤੀਵਿਧੀਆਂ ਵਿਚ ਪੈਂਦੇ ਹਨ ਜਿਨ੍ਹਾਂ ਨੂੰ ਪੁਰਾਣੇ ਲੋਕ ਪਸੰਦ ਨਹੀਂ ਕਰਦੇ ਤੇ ਉਹ ਇਕੱਲੇ ਹੋ ਜਾਂਦੇ ਹਨ। ਇਕ ਪੜਾਅ ’ਤੇ ਆ ਕੇ ਸਮਾਜ ਵਿਗਿਆਨੀਆਂ ਨੇ ਪੀੜ੍ਹੀ-ਪਾੜੇ ਨੂੰ ਉਮਰਾਂ ਦੇ ਹਿਸਾਬ ਨਾਲ ਵੰਡ ਕੇ ਇਸ ਦੀ ਪਛਾਣ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪੀੜ੍ਹੀਆਂ ਦੀ ਇਹ ਪਛਾਣ ‘ਬੇਬੀ ਬੂਮਰਜ਼’ ਤੋਂ ਸ਼ੁਰੂ ਹੁੰਦੀ ਹੈ, ਇਸ ਵਿਚ ਉਹ ਲੋਕ ਆਉਂਦੇ ਹਨ ਜੋ ਦੂਜੇ ਮਹਾਂਯੁੱਧ ਤੋਂ ਬਾਅਦ ਜਨਮੇ। ਇਸ ਤੋਂ ਪਹਿਲਾਂ ਦੀ ਪੀੜ੍ਹੀ ਨੂੰ ‘ਸਾਈਲੈਂਟ ਜਨਰੇਸ਼ਨ’ ਕਿਹਾ ਗਿਆ ਹੈ। ‘ਬੇਬੀ ਬੂਮਰਜ਼’ ਜਿਹੜੇ ਬੱਚੇ 1946 ਤੋਂ ਲੈ ਕੇ 1964 ਵਿਚ ਪੈਦਾ ਹੋਏ, ਜਿਨ੍ਹਾਂ ਦੀ ਉਮਰ ਇਸ ਵੇਲੇ ਪਝੱਤਰ ਸਾਲ ਤੋਂ ਸਤਵੰਜਾ ਸਾਲ ਦੇ ਵਿਚਕਾਰ ਹੋਵੇਗੀ। ਇਸ ਪਛਾਣ ਦਾ ਦੂਜਾ ਭਾਗ ‘ਜਨਰੇਸ਼ਨ-ਐਕਸ’ ਹੈ, ਜਿਹੜੇ ਬੱਚੇ 1965 ਤੋਂ ਲੈ ਕੇ 1980 ਵਿਚਕਾਰ ਜੰਮੇ ਤੇ ਜਿਨ੍ਹਾਂ ਦੀ ਉਮਰ ਇਸ ਵੇਲੇ ਛਪੰਜਾ ਤੋਂ ਇਕਤਾਲੀ ਸਾਲ ਵਿਚਕਾਰ ਹੋਵੇਗੀ। ਤੀਜਾ ਭਾਗ ‘ਫੋਲੋ ਜਨਰੇਸ਼ਨ ਐਕਸ’ ਜਾਂ ‘ਮਿਲੇਨੀਅਲਜ਼’ ਹੈ, ਜਿਹੜੇ 1981 ਤੋਂ 1997 ਵਿਚਕਾਰ ਜਨਮੇ ਹਨ ਤੇ ਜਿਨ੍ਹਾਂ ਦੀ ਉਮਰ ਇਸ ਵੇਲੇ ਚਾਲੀ ਸਾਲ ਤੋਂ ਲੈ ਕੇ ਚੌਵੀ ਸਾਲ ਦੇ ਵਿਚਕਾਰ ਹੈ। ਇਸ ਤੋਂ ਬਾਅਦ ਦੀ ਪੀੜ੍ਹੀ ਨੂੰ ‘ਜਨਰੇਸ਼ਨ ਜ਼ੈੱਡ’ ਤੇ ਫਿਰ ਉਸ ਤੋਂ ਬਾਅਦਲੀ ਪੀੜ੍ਹੀ ਨੂੰ ‘ਜਨਰੇਸ਼ਨ ਅਲਫਾ’ ਕਿਹਾ ਜਾਂਦਾ ਹੈ।
ਅਸੀਂ ਜ਼ਰਾ ਕੁ ਧਿਆਨ ਨਾਲ ਦੇਖੀਏ ਤਾਂ ਸਾਨੂੰ ਹਰ ਪੀੜ੍ਹੀ ਆਪਣਾ ਟਰੈਂਡ ਸੈੱਟ ਕਰਦੀ ਨਜ਼ਰ ਆਵੇਗੀ। ਇਕੋ ਵੇਲੇ ਕਈ ਪੀੜ੍ਹੀਆਂ ਉਮਰ ਵਿਚ ਅੱਗੇ ਵਧ ਰਹੀਆਂ ਹੁੰਦੀਆਂ ਹਨ, ਪਰ ਆਪਸ ਵਿਚ ਉਹੀ ਉਲਝਦੀਆਂ ਹਨ ਜਿਨ੍ਹਾਂ ਦਾ ਆਪਸ ਵਿਚ ਵਾਹ ਪੈਂਦਾ ਹੈ। ਇਹ ਵਾਹ ਘਰ ਵਿਚ ਵੀ ਪੈ ਸਕਦਾ ਹੈ, ਕੰਮ ਉੱਪਰ ਜਾਂ ਆਮ ਜਨਤਕ ਥਾਵਾਂ ਉੱਪਰ ਵੀ। ਅੱਜ ਦੀ ਪੀੜ੍ਹੀ ਦਾ ਸਭ ਕੁਝ ਮੋਬਾਈਲ ਫੋਨ ਵਿਚ ਹੈ, ਟੈਲੀਵਿਜ਼ਨ ਵੀ, ਕਿਤਾਬਾਂ, ਫ਼ਿਲਮਾਂ, ਪੜ੍ਹਾਈ ਅਤੇ ਕੰਮ ਨਾਲ ਜੁੜੇ ਫਿਕਰ ਵੀ। ਮੇਰੇ ਆਪਣੇ ਘਰ ਵਿਚ ਉਸ ਵੇਲੇ ਕੁੜ-ਕੁੜ ਸ਼ੁਰੂ ਹੋ ਜਾਂਦੀ ਹੈ ਜਦੋਂ ਆਨਲਾਈਨ ਕੀਤੀ ਸ਼ੌਪਿੰਗ ਦੇ ਲਿਫਾਫੇ ਪੁੱਜਦੇ ਹਨ। ਬੱਚੇ ਭਾਵੇਂ ਹੁਣ ਵੱਡੇ ਹੋ ਚੁੱਕੇ ਹਨ, ਕਦੇ-ਕਦੇ ਹੀ ਮਿਲਦੇ ਹਨ, ਪਰ ਜਦੋਂ ਵੀ ਮਿਲਦੇ ਹਨ ਤਾਂ ਫੋਨ ਅੱਖਾਂ ਅੱਗੇ ਰੱਖ ਕੇ ਹੀ ਗੱਲ ਕਰਦੇ ਹਨ। ਕਰੋਨਾ ਯੁੱਗ ਵਿਚ ਘਰੋਂ ਹੀ ਕੰਮ ਕਰਨ ਦੇ ਰੁਝਾਨ ਨੇ ਨਵੀਂ ਪੀੜ੍ਹੀ ਦੇ ਜੀਵਨ ਨੂੰ ਵੱਖਰਾ ਹੀ ਮੋੜ ਦੇ ਦਿੱਤਾ ਹੈ।
ਪੰਜਾਬੀ ਵਿਚ ਪੀੜ੍ਹੀ-ਪਾੜੇ ਬਾਰੇ ਬਹੁਤਾ ਕੁਝ ਲਿਖਿਆ ਨਹੀਂ ਮਿਲਦਾ। ਹਰ ਪੀੜ੍ਹੀ ਦਾ ਇਕ ਵਿਸ਼ੇਸ਼ ਮਹੱਤਵ ਹੁੰਦਾ ਹੈ, ਸਾਨੂੰ ਇਸ ਨੂੰ ਸਮਝਣ ਦੀ ਲੋੜ ਹੈ ਤੇ ਇਸ ਦੀ ਕਦਰ ਕਰਨੀ ਚਾਹੀਦੀ ਹੈ। ਮੈਂ ਆਪਣੀ ਅਗਲੀ ਪੀੜ੍ਹੀ ਤੋਂ ਬਹੁਤ ਕੁਝ ਸਿੱਖਿਆ ਹੈ। ਮੈਨੂੰ ਜਿੰਨਾ ਕੁ ਅੱਜ ਕੰਪਿਊਟਰ ਵਰਤਣਾ ਆਉਂਦਾ ਹੈ ਇਹ ਸਭ ਮੇਰੇ ਬੱਚਿਆਂ ਦੀ ਬਦੌਲਤ ਹੀ ਹੈ। ਇਕ ਵਾਰ ਮੇਰਾ ਇਕ ਦੋਸਤ ਜੋ ਕੰਪਿਊਟਰ ਦੀਆਂ ਕਲਾਸਾਂ ਲੈ ਕੇ ਇਸ ਦਾ ਮਾਹਿਰ ਬਣ ਗਿਆ ਸੀ, ਸਾਡੇ ਘਰ ਆਇਆ ਤੇ ਮੈਨੂੰ ਕਹਿਣ ਲੱਗਾ ਕਿ ਆ ਤੈਨੂੰ ਕੰਪਿਊਟਰ ਬਾਰੇ ਸਮਝਾਵਾਂ। ਜਦੋਂ ਉਸ ਨੇ ਦੇਖਿਆ ਕਿ ਮੈਨੂੰ ਇਸ ਦੀ ਸਮਝ ਹੈ ਤਾਂ ਉਹ ਬਹੁਤ ਹੈਰਾਨ ਹੋਇਆ। ਮੈਂ ਆਪਣੇ ਬੱਚਿਆਂ ਵੱਲ ਇਸ਼ਾਰਾ ਕਰਦਿਆਂ ਬੋਲਿਆ ਕਿ ਦੇਖ, ਮੇਰੇ ਤਿੰਨ ਅਧਿਆਪਕ। ਮੇਰਾ ਯਕੀਨ ਹੈ ਕਿ ਪੀੜ੍ਹੀ-ਪਾੜੇ ਨੂੰ ਪਛਾਣਦਿਆਂ ਇਸ ਨੂੰ ਪੂਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ ਆਪਣੇ ਪਿਤਾ ਨਾਲ ਆਪਣੇ ਫ਼ਰਕਾਂ ਨੂੰ ਪਛਾਣਦਾ ਹੋਇਆ ਉਨ੍ਹਾਂ ਨੂੰ ਭਰਨ ਦੀ ਕੋਸ਼ਿਸ਼ ਕਰਦਾ ਰਿਹਾ ਹਾਂ। ਮੈਨੂੰ ਪਤਾ ਸੀ ਕਿ ਮੇਰੇ ਪਿਤਾ ਨੂੰ ਡਰਾਈਵਿੰਗ ਸੀਟ ’ਤੇ ਬੈਠੇ ਰਹਿਣ ਦੀ ਆਦਤ ਹੈ, ਮੈਂ ਇੰਗਲੈਂਡ ਤੋਂ ਘਰ ਜਾਂਦਾ ਤਾਂ ਆਪਣੀ ਸਾਰੀ ਕਮਾਈ ਤੇ ਕਾਗਜ਼-ਪੱਤਰ ਉਨ੍ਹਾਂ ਦੇ ਹਵਾਲੇ ਕਰ ਦਿੰਦਾ ਤੇ ਜਦੋਂ ਵੀ ਖ਼ਰਚ ਦੀ ਲੋੜ ਹੁੰਦੀ ਤਾਂ ਪੈਸੇ ਉਨ੍ਹਾਂ ਤੋਂ ਮੰਗਦਾ। ਇਸੇ ਗੱਲ ਦਾ ਉਨ੍ਹਾਂ ਨੂੰ ਬਹੁਤ ਹੌਸਲਾ ਰਹਿੰਦਾ। ਇਸ ਮੁਕਾਬਲੇ ਮੇਰੇ ਮੁੰਡੇ ਨੇ ਕਦੇ ਮੈਨੂੰ ਇਕ ਪੈਨੀ ਨਹੀਂ ਦਿੱਤੀ ਤੇ ਨਾ ਦੱਸਿਆ ਕਿ ਉਸ ਦੀ ਕਿੰਨੀ ਤਨਖਾਹ ਹੈ। ਜਦੋਂ ਪਿਤਾ ਮੇਰੇ ਕੋਲ ਇੰਗਲੈਂਡ ਪੱਕੇ ਤੌਰ ’ਤੇ ਰਹਿਣ ਆ ਗਏ ਤਾਂ ਉਨ੍ਹਾਂ ਨੇ ਇਕ ਕਿਸਮ ਨਾਲ ਆਪਾ ਸਮਰਪਣ ਕਰ ਦਿੱਤਾ ਸੀ। ਇਕ ਵਾਰ ਮੇਰੇ ਚਾਚੇ ਨਾਲ ਇਸ ਗੱਲ ਦਾ ਜ਼ਿਕਰ ਕਰਦੇ ਕਹਿ ਰਹੇ ਸਨ ਕਿ ਜੀਵਨ ਵਿਚ ਇਕ ਮੌਕਾ ਆਉਂਦਾ ਹੈ ਕਿ ਤੁਹਾਨੂੰ ਸਵਾਰੀ ਬਣਨਾ ਪੈਂਦਾ ਹੈ ਤੇ ਬਣ ਜਾਣਾ ਚਾਹੀਦਾ ਹੈ।
ਐਵੀਵਾ, ਯੂਕੇ ਦੀ ਇਕ ਵੱਡੀ ਇੰਸ਼ੋਰੈਂਸ ਕੰਪਨੀ, ਨੇ ਪੀੜ੍ਹੀ-ਪਾੜੇ ਬਾਰੇ ਬਹੁਤ ਦਿਲਚਸਪ ਖੁਲਾਸੇ ਕੀਤੇ ਹਨ। ਕੰਪਨੀ ਵਿਚ ਕੰਮ ਕਰਦੇ ਪੰਜਾਹ ਸਾਲ ਤੋਂ ਉੱਪਰਲੇ ਲੋਕ ਨਵੀਂ ਪੀੜ੍ਹੀ ਦੇ ਕਾਮਿਆਂ ਨਾਲ ਨਿਭਾਅ ਨਹੀਂ ਸਨ ਕਰ ਪਾ ਰਹੇ ਤੇ ਨਵੀਂ ਪੀੜ੍ਹੀ ਪੁਰਾਣੇ ਲੋਕਾਂ ਤੋਂ ਦੁਖੀ ਸੀ। ਇਵੇਂ ਪੀੜ੍ਹੀਆਂ ਦੇ ਟਕਰਾਅ ਕਾਰਨ ਕੰਪਨੀ ਕਈ ਵਧੀਆ ਹੁਨਰਵੰਦ ਕਾਮੇ ਗਵਾ ਰਹੀ ਸੀ। ਇਸ ਮਸਲੇ ਨੂੰ ਹੱਲ ਕਰਨ ਲਈ ਕੰਪਨੀ ਨੇ ‘ਜਨਰੇਸ਼ਨਜ਼’ ਨਾਮੀਂ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਜੋ ਸਾਰੀਆਂ ਪੀੜ੍ਹੀਆਂ ਰਲ਼-ਮਿਲ਼ ਕੇ ਕੰਮ ਕਰ ਸਕਣ। ਇਵੇਂ ਹੀ ਕਈ ਕੰਪਨੀਆਂ ਨੂੰ ਮਾਰਕੀਟਿੰਗ ਕਰਨ ਵਿਚ ਵੀ ਦਿੱਕਤਾਂ ਪੇਸ਼ ਆਉਂਦੀਆਂ ਹਨ। ਵਡੇਰੀ ਉਮਰ ਦੇ ਲੋਕ ਨਵੀਂ ਪੀੜ੍ਹੀ ਦੇ ਗਾਹਕਾਂ ਨਾਲ ਸਹੀ ਤਾਲ-ਮੇਲ ਨਹੀਂ ਬੈਠਾ ਸਕਦੇ। ਨਵੀਂ ਪੀੜ੍ਹੀ ਦੇ ਲੋਕ ਪੁਰਾਣੀ ਪੀੜ੍ਹੀ ਦੇ ਗਾਹਕਾਂ ਨੂੰ ਮੁਤਾਸਰ ਕਰਨ ਵਿਚ ਫੇਲ੍ਹ ਰਹਿੰਦੇ ਹਨ। ਕੁਝ ਕੰਪਨੀਆਂ ਨੇ ਵਿਸ਼ੇਸ਼ ਢੰਗ ਅਪਣਾਏ ਹੋਏ ਹਨ ਜਿਸ ਨੂੰ ‘ਮੈਂਟਰਸ਼ਿਪ ਪ੍ਰੋਗਰਾਮ’ ਆਖਦੇ ਹਨ, ਜਿਸ ਅਨੁਸਾਰ ਰਿਟਾਇਰ ਹੋ ਰਹੇ ਕਰਮਚਾਰੀ ਆਪਣਾ ਤਜਰਬਾ ਨਵੇਂ ਕਰਮਚਾਰੀਆਂ ਨੂੰ ਮੁੰਤਕਿਲ (ਟਰਾਂਸਫਰ) ਕਰ ਦਿੰਦੇ ਹਨ।
ਅੱਜ ਦੇ ਹਰ ਸਮਾਜ ਵਿਚ, ਪੂਰਬੀ ਜਾਂ ਪੱਛਮੀ, ਪੀੜ੍ਹੀ-ਪਾੜਾ ਸਾਫ਼ ਦਿਸਦਾ ਹੈ, ਪਰ ਇਸ ਉੱਪਰ ਪੁਲ ਬਣਾਉਣ ਦੀ ਲੋੜ ਹੁੰਦੀ ਹੈ: ਇਕ ਦੂਜੇ ਦੀ ਕਦਰ ਕਰਕੇ, ਇਕ ਦੂਜੇ ਨਾਲ ਲਗਾਤਾਰ ਰਾਬਤਾ ਕਾਇਮ ਰੱਖ ਕੇ, ਆਪਸੀ ਫ਼ਰਕਾਂ ਨੂੰ ਪਛਾਣਦੇ ਹੋਏ ਇਕ ਦੂਜੇ ਨੂੰ ਸਹਾਰਦੇ ਹੋਏ, ਇਕ ਦੂਜੇ ਨਾਲ ਸਹਿਮਤੀ ਬਣਾ ਕੇ, ਆਪਸੀ ਫ਼ਰਕਾਂ ਨਾਲੋਂ ਰਿਸ਼ਤਿਆਂ ਨੂੰ ਤਰਜੀਹ ਦੇ ਕੇ। ਮੈਂ ਜਦੋਂ ਤੀਹ ਸਾਲ ਆਪਣਾ ਕਾਰੋਬਾਰ ਕਰਨ ਤੋਂ ਬਾਅਦ ਏਅਰਪੋਰਟ ’ਤੇ ਨੌਕਰੀ ਕਰਨ ਜਾ ਰਿਹਾ ਸਾਂ ਤਾਂ ਮੈਂ ਇਸ ‘ਪੁਰਾਣੀ ਪੀੜ੍ਹੀ’ ਵਿਚ ਸ਼ਾਮਲ ਸਾਂ। ਮੈਨੂੰ ਇਹੋ ਡਰ ਸੀ ਕਿ ਨਵੀਂ ਪੀੜ੍ਹੀ ਨਾਲ ਟਕਰਾਅ ਨੂੰ ਕਿਵੇਂ ਸੰਭਾਲਾਂਗਾ, ਪਰ ਕੰਮ ਉੱਪਰ ਇਨ੍ਹਾਂ ਫ਼ਰਕਾਂ ਨੂੰ ਪਛਾਣ ਕੇ ਇਨ੍ਹਾਂ ਉੱਪਰ ਪੁਲ ਬਣਾ ਕੇ ਮੈਂ ਅੱਜ ਤਕ ਕਾਮਯਾਬੀ ਨਾਲ ਆਪਣੀ ਨੌਕਰੀ ਕਰਦਾ ਆ ਰਿਹਾ ਹਾਂ। ਉਂਜ ਮੇਰੀ ਆਪਣੀ ਸਥਿਤੀ ਕੁਝ ਇਵੇਂ ਰਹੀ ਹੈ:
ਇਕ ਨਾਲ ਰਲ਼ਣ ਲਈ ਮੈਂ ਭੱਜਦਾ,
ਇਕ ਉੱਡ ਕੇ ਉੱਪਰ ਦੀ ਲੰਘ ਜਾਂਦਾ,
ਇਵੇਂ ਹੀ ਜੀਵਨ ਬੀਤ ਗਿਆ,
ਜਿਉਣ ਦੀ ਜਾਚ ਜਾਣਦਿਆਂ।
ਈ-ਮੇਲ : harjeetatwal@hotmail.co.uk