ਹਰਜੀਤ ਅਟਵਾਲ
ਗ੍ਰੈਫਿਟੀ ਆਧੁਨਿਕ ਯੁੱਗ ਵਿੱਚ ਕੰਧਾਂ ਉੱਪਰ ਕੀਤੀ ਜਾਣ ਵਾਲੀ ਚਿੱਤਰਕਾਰੀ ਹੈ ਜਿਸ ਨੂੰ ਪੱਛਮ ਵਿੱਚ ਭੰਨ-ਤੋੜ ਦੇ ਤੌਰ ’ਤੇ ਲਿਆ ਜਾਂਦਾ ਹੈ। ਭੰਨ-ਤੋੜ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਹ ਨਿੱਜੀ ਜਾਂ ਸਰਕਾਰੀ ਇਮਾਰਤਾਂ ਉੱਪਰ ਕੀਤੀ ਜਾਂਦੀ ਹੈ ਜਿਸ ਨਾਲ ਇਮਾਰਤਾਂ ਨੂੰ ਨੁਕਸਾਨ ਪੁੱਜਦਾ ਹੈ, ਦਿੱਖ ਬਦਲ ਜਾਂਦੀ ਹੈ। ਕਿਸੇ ਵੇਲੇ ਇਸ ਦੀ ਸਖ਼ਤ-ਸਜ਼ਾ ਵੀ ਮਿੱਥੀ ਗਈ ਸੀ।
ਮੇਰੇ ਹਿਸਾਬ ਨਾਲ ਗ੍ਰੈਫਿਟੀ ਦੇ ਮਾਅਨੇ ਹਨ, ਕਾਗਜ਼-ਕੈਨਸਵ ਤੋਂ ਪਰੇ ਹੋ ਕੇ ਆਰਟ ਗੈਲਰੀਆਂ ਤੋਂ ਬਾਹਰ ਕੰਧਾਂ-ਕੌਲਿਆਂ ’ਤੇ ਬਣਾਈ ਚਿੱਤਰਕਾਰੀ, ਭਾਵ ਕੰਧ-ਚਿੱਤਰਕਾਰੀ। ਅੱਜਕੱਲ੍ਹ ਇਸ ਵਿੱਚ ਇੱਕ ਹੋਰ ਸ਼ਬਦ ਜੋੜ ਦਿੱਤਾ ਜਾਂਦਾ ਹੈ, ਨਟੋਰੀਅਸ ਭਾਵ ਗ਼ੈਰ-ਕਾਨੂੰਨੀ। ਕਿਉਂਕਿ ਇਹ ਚਿੱਤਰਕਾਰੀ ਬਿਨਾਂ ਇਜਾਜ਼ਤ ਕੀਤੀ ਹੁੰਦੀ ਹੈ, ਇਸ ਲਈ ਇਹ ਸਜ਼ਾ ਦੀ ਜ਼ੱਦ ਵਿੱਚ ਆ ਜਾਂਦੀ ਹੈ।
ਕੰਧ-ਚਿੱਤਰਕਾਰੀ ਦੀ ਪੂਰਬ ਵਿੱਚ ਅਹਿਮੀਅਤ ਹੋਰ ਤਰ੍ਹਾਂ ਦੀ ਮਿਲਦੀ ਹੈ, ਪਰ ਪੱਛਮ ਵਿੱਚ ਆ ਕੇ ਇਹ ਵਿਗੜ ਜਾਂਦੀ ਹੈ। ਭਾਰਤ ਵਿੱਚ ਕੰਧ-ਚਿੱਤਰਕਾਰੀ ਉੱਪਰ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਮਿਲਦੀਆਂ ਹਨ, ਬਹੁਤ ਸਾਰਾ ਖੋਜ ਕੰਮ ਵੀ ਹੋਇਆ ਹੈ। ਪੂਰਬ ਵਿੱਚ ਜਿੱਥੇ ਗ੍ਰੈਫਿਟੀ ਇੱਕ ਕਲਾ ਮੰਨੀ ਜਾਂਦੀ ਰਹੀ ਹੈ, ਉੱਥੇ ਪੱਛਮ ਵਿੱਚ ਇਸ ਨੂੰ ਭੰਨ-ਤੋੜ ਕਿਹਾ/ਸਮਝਿਆ ਜਾਂਦਾ ਹੈ। ਤੁਸੀਂ ਜਾ ਕੇ ਕਿਸੇ ਦੀ ਕੰਧ ਉੱਪਰ ਸਪਰੇਅ ਕਰਕੇ ਭਾਵ ਚਿੱਤਰਕਾਰੀ ਕਰਕੇ ਕੰਧ ਖ਼ਰਾਬ ਕਰ ਦੇਵੋ ਤਾਂ ਇਹ ਇੱਕ ਕਿਸਮ ਦੀ ਭੰਨ-ਤੋੜ ਹੀ ਹੋਈ। ਇਵੇਂ ਚਿੱਤਰਕਾਰੀ ਕਰਨ ਵਾਲੇ ਲੋਕ ਨਿੱਜੀ ਥਾਵਾਂ ਨਾਲੋਂ ਜਨਤਕ ਥਾਵਾਂ ’ਤੇ ਗ੍ਰੈਫਿਟੀ ਕਰਨ ਨੂੰ ਵਧੇਰੇ ਤਰਜੀਹ ਦਿੰਦੇ ਹਨ, ਪਰ ਜਨਤਕ ਥਾਵਾਂ ਉੱਪਰ ਸਥਾਨਕ ਕੌਂਸਲਾਂ ਵੱਲੋਂ ਇਤਰਾਜ਼ ਉਠਾਏ ਜਾਂਦੇ ਹਨ। ਮੈਨੂੰ ਯਾਦ ਹੈ ਕਿ ਮੇਰਾ ਇੱਕ ਜਾਣਕਾਰ ਕੌਂਸਲ ਵਿੱਚ ਕੰਮ ਕਰਦਾ ਸੀ। ਉਸ ਦੀ ਨੌਕਰੀ ਇਹੋ ਸੀ ਕਿ ਕਿਤੇ ਵੀ ਹੋਈ ਗ੍ਰੈਫਿਟੀ ਨੂੰ ਮਿਟਾਉਣਾ।
ਗ੍ਰੈਫਿਟੀ ਇੱਕ ਵਿਜ਼ੂਅਲ ਤਾਲਮੇਲ ਦੀ ਕਿਸਮ ਹੈ। ਕੋਈ ਵੀ ਬੰਦਾ ਜਾਂ ਗਰੁੱਪ ਕਿਸੇ ਪਬਲਿਕ ਸਥਾਨ ’ਤੇ ਅਣ-ਅਧਿਕਾਰਤ ਤਰੀਕੇ ਨਾਲ ਮਾਰਕਿੰਗ ਕਰਦੇ ਜਾਂ ਉੱਕਰਦੇ ਹਨ ਜਿਸ ਦਾ ਮਕਸਦ ਆਪਣੀ ਹਾਜ਼ਰੀ ਲਵਾਉਣਾ ਜਾਂ ਧਿਆਨ ਖਿੱਚਣਾ ਹੁੰਦਾ ਹੈ। ਆਮ ਕਰਕੇ ਇਸ ਨੂੰ ਗ਼ੈਰ-ਸਮਾਜਿਕ ਵਰਤਾਰਾ ਸਮਝਿਆ ਜਾਂਦਾ ਹੈ ਕਿਉਂਕਿ ਗ੍ਰੈਫਿਟੀ, ਗੈਂਗਾਂ ਜਾਂ ਉਨ੍ਹਾਂ ਦੇ ਮੈਂਬਰਾਂ ਵੱਲੋਂ ਰੁਮਾਂਚ ਪੈਦਾ ਕਰਨ ਲਈ ਬਣਾਈ ਜਾਂਦੀ ਹੈ। ਵੀਹਵੀਂ ਸਦੀ ਵਿੱਚ ਗ੍ਰੈਫਿਟੀ ਇੱਕ ਖ਼ਬਤ ਬਣਕੇ ਸਾਹਮਣੇ ਆਉਂਦੀ ਹੈ। ਗ੍ਰੈਫਿਟੀ ਪੱਛਮ ਵਿੱਚ ਖਾਸ ਤੌਰ ’ਤੇ ਇੱਕ ਟਰਮ ਬਣ ਕੇ ਉੱਭਰੀ ਹੈ। ਮੁੱਖ ਤੌਰ ’ਤੇ ਇਹ ਗੈਂਗਾਂ ਵੱਲੋਂ ਬਣਾਈ ਜਾਂਦੀ ਹੈ ਜਿਸ ਦੇ ਵੱਖ-ਵੱਖ ਮਕਸਦ ਰਹੇ ਹਨ ਜਿਵੇਂ ਕਿ ਆਪਣੇ ਗੈਂਗ ਦੀ ਹੋਂਦ ਬਾਰੇ ਦੱਸਣਾ, ਗੈਂਗ ਦੇ ਪੁਰਾਣੇ ਜਾਂ ਮਰੇ ਹੋਏ ਮੈਂਬਰ ਨੂੰ ਚੇਤੇ ਕਰਨਾ, ਕਿਸੇ ਮੈਂਬਰ ਦੇ ਕੰਮ ਨੂੰ ਚੇਤੇ ਕਰਨਾ, ਆਪਣੇ ਵਿਰੋਧੀ ਗੈਂਗ ਨੂੰ ਵੰਗਾਰਨਾ, ਆਪਣੇ ਗੈਂਗ ਦੇ ਇਲਾਕੇ ਦੀ ਨਿਸ਼ਾਨਦੇਹੀ ਕਰਨਾ ਆਦਿ।
1970ਵਿਆਂ ਵਿੱਚ ਨਿਊਯਾਰਕ ਦੇ ਸਬਵੇਆਂ ਤੋਂ ਅੱਜ ਵਾਲੀ ਗ੍ਰੈਫਿਟੀ ਦੀ ਸ਼ੁਰੂਆਤ ਹੁੰਦੀ ਹੈ ਤੇ ਦੇਖਦਿਆਂ ਹੀ ਦੇਖਦਿਆਂ ਇਹ ਸਾਰੀ ਦੁਨੀਆ ਦੇ ਮਹਾਂਨਗਰਾਂ ਦੇ ਸਬਵੇਆਂ ਵਿੱਚ ਛਾ ਜਾਂਦੀ ਹੈ। ਬਹੁ-ਗਿਣਤੀ ਲੋਕਾਂ ਦਾ ਇਹ ਮੰਨਣਾ ਹੈ ਕਿ ਇਵੇਂ ਸਬਵੇਆਂ ਦੀ ਸ਼ਾਨ ਖ਼ਰਾਬ ਹੁੰਦੀ ਹੈ ਤੇ ਇਸ ਨਾਲ ਜ਼ੁਰਮ ਫੈਲਦਾ ਹੈ। ਵੀਹਵੀਂ ਸਦੀ ਵਿੱਚ ਹੀ ਇੱਕ ਹੋਰ ਕਿਸਮ ਦੀ ਗ੍ਰੈਫਿਟੀ ਹੋਂਦ ਵਿੱਚ ਆਈ ਜਿਸ ਨੂੰ ਟੈਗਿੰਗ ਆਖਦੇ ਹਨ। ਇਸ ਵਿੱਚ ਇੱਕ ਸਿੰਬਲ ਨੂੰ ਵਾਰ-ਵਾਰ ਵਰਤਿਆ ਜਾਂਦਾ ਹੈ ਜਾਂ ਫਿਰ ਸਿੰਬਲਾਂ ਦੀ ਲੜੀ ਦੀ ਵਰਤੋਂ ਹੁੰਦੀ ਹੈ ਜਿਸ ਨਾਲ ਆਪਣੇ ਇਲਾਕੇ ਜਾਂ ਮਿਸ਼ਨ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ। ਇਵੇਂ ਗ੍ਰੈਫਿਟੀ ਰਣਨੀਤੀ ਬਣਾਉਣ ਲਈ ਵੀ ਵਰਤੀ ਜਾਂਦੀ ਹੈ। ਅੱਜ ਗੈਂਗਬਾਜ਼ੀ ਵਾਲੀ ਬਦਨਾਮ ਗ੍ਰੈਫਿਟੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ।
ਮੈਂ ਸੋਚਦਾ ਹਾਂ ਕਿ ਗ੍ਰੈਫਿਟੀ ਗ਼ਲਤ ਅਨਸਰਾਂ ਦੇ ਹੱਥ ਆ ਜਾਣ ਕਾਰਨ, ਪਬਲਿਕ ਥਾਵਾਂ ਗੰਦੀਆਂ ਕਰਨ ਕਾਰਨ ਜਾਂ ਗੈਂਗਬਾਜ਼ੀ ਕਾਰਨ ਬਦਨਾਮ ਹੋ ਗਈ ਹੈ, ਨਹੀਂ ਤਾਂ ਇਹ ਮਨੁੱਖ ਦੀ ਹੋਂਦ ਦਾ ਹਿੱਸਾ ਰਹੀ ਹੈ ਬਲਕਿ ਮਨੁੱਖ ਦੀ ਹੋਂਦ ਨੂੰ ਚਿੱਤਰਦੀ ਆਈ ਹੈ। ਜਦੋਂ ਅੱਖਰ ਜਾਂ ਬੋਲੀ ਨਹੀਂ ਸੀ ਬਣੀ ਤਾਂ ਮਨੁੱਖ ਜ਼ਰੂਰ ਆਪਣੇ ਆਪ ਨੂੰ ਚਿੱਤਰ ਬਣਾ ਕੇ ਪ੍ਰਗਟਾਉਂਦਾ ਹੋਵੇਗਾ, ਆਪਣੇ ਵਲਵਲਿਆਂ ਨੂੰ ਬਿਆਨ ਕਰਦਾ ਹੋਵੇਗਾ। ਪੁਰਾਣੀਆਂ ਗੁਫ਼ਾਵਾਂ ਵਿੱਚ ਉੱਕਰੀ ਮਿਲਦੀ ਗ੍ਰੈਫਿਟੀ ਇਸ ਵੱਲ ਇਸ਼ਾਰਾ ਕਰਦੀ ਹੈ। ਗੁਫ਼ਾਵਾਂ ਤੋਂ ਬਾਹਰ ਵੀ ਪੁਰਾਣੇ ਜ਼ਮਾਨੇ ਵਿੱਚ ਕੀਤੀ ਗ੍ਰੈਫਿਟੀ ਕਾਫ਼ੀ-ਮਾਤਰਾ ਵਿੱਚ ਮਿਲਦੀ ਹੈ। ਰੋਮਨ-ਯੁੱਗ ਦੀਆਂ ਥੇਹਾਂ ਵਿੱਚ ਮਿਲਦੀ ਗ੍ਰੈਫਿਟੀ ਜਾਂ ਕੰਧ-ਚਿੱਤਰਕਾਰੀ ਉਸ ਵੇਲੇ ਦੀ ਦੁਨੀਆ ਦੀ ਥਾਹ ਪਾਉਂਦੀ ਹੈ। ਪੁਰਾਤਨ ਮਿਸਰ ਤੇ ਪੁਰਾਤਨ ਯੂਨਾਨ ਦੀਆਂ ਥੇਹਾਂ ਵਿੱਚ ਵੀ ਗ੍ਰੈਫਿਟੀ ਮਿਲਦੀ ਹੈ ਜੋ ਉਸ ਵੇਲੇ ਦੇ ਇਤਿਹਾਸ ਨੂੰ ਰਚਣ ਵਿੱਚ ਵੀ ਸਹਾਈ ਹੁੰਦੀ ਹੈ। ਗੁਆਟੇਮਾਲਾ ਵਿੱਚ ਹਜ਼ਾਰਾਂ ਸਾਲ ਪੁਰਾਣੀ ਗ੍ਰੈਫਿਟੀ ਹਾਲੇ ਵੀ ਕਾਇਮ ਹੈ। ਵਾਈਕਿੰਗ ਵੇਲੇ ਦੀ ਗ੍ਰੈਫਿਟੀ ਰੋਮ ਵਿੱਚ ਬਚੀ ਹੋਈ ਮਿਲਦੀ ਹੈ। ਇਵੇਂ ਹੀ ਨੌਰਵੀਅਨਾਂ ਦੀ ਗ੍ਰੈਫਿਟੀ ਆਇਰਲੈਂਡ ਵਿੱਚ ਸਾਂਭੀ ਹੋਈ ਹੈ।
ਪੁਰਾਣੇ ਵੇਲਿਆਂ ਵਿੱਚ ਗ੍ਰੈਫਿਟੀ ਉੱਕਰਨ ਲਈ ਕਿਸੇ ਤਿੱਖੀ ਚੀਜ਼ ਨੂੰ ਵਰਤਿਆ ਜਾਂਦਾ ਸੀ। ਚਾਕ ਜਾਂ ਕੋਇਲੇ ਨਾਲ ਹੋਈ ਗ੍ਰੈਫਿਟੀ ਵੀ ਮਿਲਦੀ ਹੈ। ਗ੍ਰੈਫਿਟੀ ਦੀ ਉਮਰ ਵਧਾਉਣ ਲਈ ਖਾਸ ਚੀਜ਼ਾਂ ਵਰਤੀਆਂ ਜਾਂਦੀਆਂ ਸਨ ਜਿਨ੍ਹਾਂ ਵਿੱਚ ਜਾਨਵਰਾਂ ਦਾ ਖੂਨ ਵੀ ਸ਼ਾਮਲ ਸੀ। ਇਤਿਹਾਸ ਦੇ ਹਰ ਦੌਰ ਵਿੱਚ ਗ੍ਰੈਫਿਟੀ ਮਿਲਦੀ ਹੈ। ਪੰਦਰਵੀਂ ਸਦੀ ਵਿੱਚ ਇੱਕ ਯਾਤਰੀ ਸ੍ਰੀਲੰਕਾ ਦੇ ਸਿਗਿਰੀਆ ਇਲਾਕੇ ਵਿੱਚ ਗਿਆ ਤੇ ਉਸ ਨੇ ਉੱਥੋਂ ਦੀ ਗ੍ਰੈਫਿਟੀ ਦਾ ਜ਼ਿਕਰ ਕੀਤਾ ਹੈ। ਉਸ ਨੇ ਉੱਥੇ ਸ਼ੀਸ਼ੇ ਦੀ ਕੰਧ ਉੱਪਰ ਉੱਕਰੀ ਕਵਿਤਾ ਦਾ ਜ਼ਿਕਰ ਕੀਤਾ ਹੈ। ਜੋ ਆਧੁਨਿਕ ਗ੍ਰੈਫਿਟੀ ਹੈ ਇਸ ਦੇ ਨਮੂਨੇ ਯੂਨਾਨ ਦੇ ਸ਼ਹਿਰ ਅਫੇਸਸ ਜੋ ਅੱਜਕੱਲ੍ਹ ਟਰਕੀ ਵਿੱਚ ਹੈ, ਵਿੱਚ ਮਿਲਦੇ ਹਨ। ਕੰਧ-ਚਿੱਤਰਕਾਰੀ ਨਾਲ ਜੁੜੇ ਲੋਕ ਇਸ ਨੂੰ ਬਹੁਤ ਖੋਜਾਤਮਕ ਤਰੀਕੇ ਨਾਲ ਦੇਖਦੇ ਹਨ ਜਦੋਂ ਕਿ ਸਥਾਨਕ ਲੋਕ ਇਸ ਨੂੰ ਕੋਈ ਮਹੱਤਵ ਨਾ ਦਿੰਦੇ ਹੋਏ ਆਖਦੇ ਹਨ ਕਿ ਇਹ ਉਸ ਵੇਲੇ ਦੀਆਂ ਵੇਸਵਾਵਾਂ ਦੇ ਮਸ਼ਹੂਰੀ ਕਰਨ ਦੇ ਤਰੀਕੇ ਸਨ। ਉੱਥੇ ਹੀ ਇੱਕ ਥਾਂ ਮੁਸਾਇਕ ਨੇੜੇ ਤੁਰਨਗਾਹਾਂ ਉੱਪਰ ਕਈ ਕਿਸਮ ਦੀਆਂ ਤਸਵੀਰਾਂ ਉੱਕਰੀਆਂ ਮਿਲਦੀਆਂ ਹਨ ਜਿਨ੍ਹਾਂ ਵਿੱਚ ਮੋਟੇ ਤੌਰ ’ਤੇ ਦਿਲ, ਪੈਰ ਜਾਂ ਔਰਤ ਦੇ ਸਿਰਾਂ ਨਾਲ ਮਿਲਦੇ ਚਿੱਤਰ ਹਨ। ਸਪੇਨ ਦੀਆਂ ਚੱਟਾਨਾਂ ’ਤੇ ਸੋਲਵੀਂ ਸਦੀ ਦੀ ਉੱਕਰੀ ਗ੍ਰੈਫਿਟੀ ਮਿਲਦੀ ਹੈ। ਪਿਛਲੇ ਹਜ਼ਾਰ ਸਾਲ ਵਿੱਚ ਬਣੇ ਚਰਚ ਤੇ ਹੋਰ ਧਾਰਮਿਕ ਸਥਾਨਾਂ ਦੀਆਂ ਕੰਧਾਂ ਉੱਪਰ ਵੀ ਗ੍ਰੈਫਿਟੀ ਦਾ ਇੱਕ ਰੰਗ ਦੇਖਣ ਨੂੰ ਮਿਲਦਾ ਹੈ। ਭਾਰਤ ਵਿੱਚ ਵੀ ਪੁਰਾਣੇ ਕਿਲ੍ਹਿਆਂ, ਮੰਦਿਰਾਂ ਤੇ ਹੋਰ ਬਹੁਤ ਸਾਰੀਆਂ ਇਮਾਰਤਾਂ ਵਿੱਚ ਹੋਈ ਚਿੱਤਰਕਾਰੀ ਆਪਣੀ ਹੀ ਕਹਾਣੀ ਬਿਆਨ ਕਰਦੀ ਹੈ। ਗੁਰਦੁਆਰਿਆਂ ਤੇ ਧਰਮਸ਼ਾਲਾਵਾਂ ਵਿੱਚ ਵੀ ਅਜਿਹੇ ਚਿੱਤਰ ਦੇਖਣ ਨੂੰ ਮਿਲਦੇ ਹਨ। ਕੁਝ ਸਮਾਂ ਪਹਿਲਾਂ ਮੈਂ ਆਨੰਦਪੁਰ ਦੇ ਇੱਕ ਗੁਰਦੁਆਰੇ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਭਾਈ ਬਾਲੇ ਤੇ ਭਾਈ ਮਰਦਾਨੇ ਦੀ ਤਸਵੀਰ ਬਣੀ ਦੇਖੀ ਸੀ। ਭਾਵੇਂ ਇਹ ਤਸਵੀਰ ਬਹੁਤੀ ਵਧੀਆ ਤਾਂ ਨਹੀਂ ਸੀ ਬਣੀ, ਪਰ ਕਿਸੇ ਕਲਾਕਾਰ ਦੀ ਵਧੀਆ ਕੋਸ਼ਿਸ਼ ਸੀ।
ਇਵੇਂ ਇਤਿਹਾਸ ਵਿੱਚ ਬਚੀ ਪਈ ਗ੍ਰੈਫਿਟੀ ਨਾਲ ਉਸ ਵੇਲੇ ਦੇ ਸੱਭਿਆਚਾਰ ’ਤੇ ਜਨ ਜੀਵਨ ਦਾ ਪਤਾ ਚੱਲਦਾ ਹੈ। ਰੋਮ ਦੀਆਂ ਗਲੀਆਂ ਵਿੱਚ ਹਾਲੇ ਵੀ ਇਸ ਗ੍ਰੈਫਿਟੀ ਵਿੱਚ ਪਿਆਰ ਦਾ ਇਜ਼ਹਾਰ, ਬੇਇੱਜ਼ਤੀ, ਰਾਜਨੀਤੀ ਨਾਅਰੇ, ਸਾਹਿਤਕ ਕੁਟੇਸ਼ਨਾਂ ਆਦਿ ਦੇਖਣ ਨੂੰ ਮਿਲਦੀਆਂ ਹਨ। ਪੁਰਾਣੇ ਜ਼ਮਾਨੇ ਵਿੱਚ ਕਵੀ ਯਾਜ਼ਿਦ ਅਲ-ਹਿਮਾਇਰੀ ਦੀਆਂ ਅਰਬੀ ਤੇ ਪਰਸ਼ੀਅਨ ਵਿੱਚ ਲਿਖੀਆਂ ਕਵਿਤਾਵਾਂ ਕੰਧਾਂ ਉੱਪਰ ਉੱਕਰੀਆਂ ਮਿਲਦੀਆਂ ਹਨ। ਅਰਬ ਦੇ ਸਾਜਿਸਤਾਨ ਤੇ ਬਸਰਾ ਸ਼ਹਿਰਾਂ ਵਿੱਚ ਉਸ ਵੇਲੇ ਦੇ ਰਾਜੇ ਦੇ ਖਿਲਾਫ਼ ਨਫ਼ਰਤ ਫੈਲਾਉਣ ਲਈ ਨਜ਼ਮਾਂ ਜਾਂ ਨਾਅਰੇ ਲਿਖੇ ਮਿਲਦੇ ਹਨ। ਪੁਰਾਣੇ ਜ਼ਮਾਨੇ ਦੇ ਮਿੱਟੀ ਦੇ ਭਾਂਡਿਆਂ ਉੱਪਰ ਕੀਤੀ ਗ੍ਰੈਫਿਟੀ ਵੀ ਘੱਟ ਮਹੱਤਵਪੂਰਨ ਨਹੀਂ ਹੈ। ਥੇਹਾਂ ਵਿੱਚੋਂ ਧਾਤਾਂ ਦੇ ਭਾਂਡਿਆਂ ਉੱਪਰ ਕੀਤੀ ਬਹੁਤ ਸਾਰੀ ਮੀਨਾਕਾਰੀ ਵੀ ਮਿਲਦੀ ਰਹਿੰਦੀ ਹੈ। ਗ੍ਰੈਫਿਟੀ ਰਾਹੀਂ ਹੀ ਪੁਰਾਣੇ ਵੇਲੇ ਦੇ ਸਾਹਿਤ, ਬੋਲੀ ਆਦਿ ਦੀ ਨਿਸ਼ਾਨਦੇਹੀ ਵੀ ਹੁੰਦੀ ਹੈ, ਪਰ ਅਜਿਹੇ ਵੇਲੇ ਵਾਕ-ਬਣਤਰ ਆਦਿ ਦੀਆਂ ਗ਼ਲਤੀਆਂ ਫੜਨ ਨਾਲੋਂ ਸਾਨੂੰ ਉਸ ਵੇਲੇ ਦੇ ਇਤਿਹਾਸ ਵਿੱਚ ਜਾ ਕੇ ਇਸ ਨੂੰ ਮਾਣਨ ਦੀ ਲੋੜ ਹੁੰਦੀ ਹੈ।
ਅੱਜ ਦੀ ਗ੍ਰੈਫਿਟੀ ਨੂੰ ਭਾਵੇਂ ਗ਼ੈਰ-ਕਾਨੂੰਨੀ ਮੰਨਿਆ ਜਾਂਦਾ ਹੋਵੇ, ਪਰ ਗੁੰਡਾਗਰਦੀ ਤੋਂ ਬਿਨਾਂ ਵੀ ਇਸ ਦੇ ਬਹੁਤ ਸਾਰੇ ਪਹਿਲੂ ਹਨ। ਕਈ ਜੇਲ੍ਹਾਂ ਵਿੱਚ ਕੈਦੀਆਂ ਵੱਲੋਂ ਬਣਾਈ ਗਈ ਗ੍ਰੈਫਿਟੀ ਵੀ ਮਿਲਦੀ ਹੈ ਜੋ ਬਹੁਤ ਦੁਖਦਾਇਕ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ। ਆਧੁਨਿਕ ਗ੍ਰੈਫਿਟੀ ਦੀ ਸਭ ਤੋਂ ਪੁਰਾਣੀ ਉਦਾਹਰਨ ਮੌਕੀਅਰਜ਼ ਦੀ ਹੈ। ਉਨੀਵੀਂ ਸਦੀ ਵਿੱਚ ਅਮਰੀਕਨ ਆਜ਼ਾਦੀ ਦੀ ਲੜਾਈ ਵਿੱਚ ਹਾਰੇ ਹੋਏ ਫ਼ੌਜੀ ਜੋ ਹੌਬੋ ਬਣ ਗਏ ਸਨ, ਉਨ੍ਹਾਂ ਨੇ ਰੇਲ ਦੇ ਡੱਬਿਆਂ ਵਿੱਚ ਗ੍ਰੈਫਿਟੀ ਕਰਕੇ ਆਪਣੇ ਵਲਵਲਿਆਂ ਦਾ ਪ੍ਰਗਟਾਵਾ ਕੀਤਾ ਸੀ। ਇਸ ਵਿਸ਼ੇ ਉੱਪਰ 2005 ਵਿੱਚ ਬਿਲ ਡੈਨੀਅਲ ਨਾਂ ਦੇ ਫ਼ਿਲਮਸਾਜ਼ ਨੇ ਇੱਕ ਫ਼ਿਲਮ ਬਣਾਈ ਸੀ ਜਿਸ ਦਾ ਨਾਂ ਸੀ, ‘ਹੂ ਇਜ਼ ਬੋਜ਼ੋ ਟੈਕਸੀਨੋ’। ਅਜੋਕੀ ਗ੍ਰੈਫਿਟੀ ਉੱਪਰ ਹਿਪ-ਹੌਪ ਕਲਚਰ ਦਾ ਬਹੁਤ ਪ੍ਰਭਾਵ ਰਿਹਾ ਹੈ। ਵੀਹਵੀਂ ਸਦੀ ਵਿੱਚ ਹੀ ਇਹ ਗ੍ਰੈਫਿਟੀ ਸਬਵੇਆਂ ਤੇ ਅੰਡਰਗਰਾਊਂਡ ਸਟੇਸ਼ਨਾਂ ਤੋਂ ਨਿਕਲ ਕੇ ਕੰਧਾਂ, ਗੁਸਲਖਾਨਿਆਂ, ਪੁਲਾਂ, ਦਰੱਖਤਾਂ, ਬੈਂਚਾਂ ਆਦਿ ਤਕ ਜਾ ਪੁੱਜੀ। ਸਾਡੇ ਗੁਸਲਖਾਨੇ-ਪੈਖਾਨਿਆਂ ਵਿੱਚ ਲਿਖੀ ‘ਸ਼ਾਇਰੀ’ ਨੂੰ ਕੌਣ ਅੱਖੋਂ ਓਹਲੇ ਕਰ ਸਕਦਾ ਹੈ।
ਇਹ ਗ੍ਰੈਫਿਟੀ ਉੱਕਰਨੀ ਫ਼ੌਜੀਆਂ ਦੇ ਹਿੱਸੇ ਵੀ ਆਉਂਦੀ ਹੈ। ਫਰਾਂਸੀਸੀ ਸਿਪਾਹੀ ਨੈਪੋਲੀਅਨ ਦੀ ਕਮਾਂਡ ਹੇਠ ਲੜਦੇ ਹੋਏ ਜਦੋਂ ਮਿਸਰ ਵਿੱਚ ਪੁੱਜੇ ਤਾਂ ਉੱਥੇ ਉਨ੍ਹਾਂ ਨੇ ਬਹੁਤ ਸਾਰੀ ਗ੍ਰੈਫਿਟੀ ਕੀਤੀ। ਇੱਕ ਅਮਰੀਕਨ ਆਸਟਨ ਵਾਈਟ ਨੇ ਪਹਿਲੇ ਮਹਾਂਯੁੱਧ ਤੇ ਫਿਰ ਦੂਜੇ ਮਹਾਂਯੁੱਧ ਵਿੱਚ ਗ੍ਰੈਫਿਟੀ ਉੱਕਰੀ ਜੋ ਬਹੁਤ ਮਸ਼ਹੂਰ ਹੋਈ। ਦੂਜੇ ਮਹਾਂਯੁੱਧ ਵਿੱਚ ਹੀ ਇੱਕ ਫ਼ੌਜੀ ਦੀ ਲਿਖੀ ਗ੍ਰੈਫਿਟੀ ਤਾਂ ਇੱਕ ਕਹਾਵਤ ਹੀ ਬਣ ਗਈ ਸੀ। ਇੱਕ ਸੰਗੀਤਕਾਰ ਚਾਰਲੀ ਪਾਰਕਰ ਜਿਸ ਨੂੰ ਬਰਡ ਵੀ ਕਿਹਾ ਜਾਂਦਾ ਸੀ, ਜਦੋਂ ਮਰ ਗਿਆ ਤਾਂ ਉਸ ਦੇ ਪ੍ਰਸੰਸਕਾਂ ਨੇ ਥਾਂ-ਥਾਂ ਲਿਖ ਮਾਰਿਆ, ‘ਬਰਡ-ਲਿਵਜ਼’। ਪੈਰਿਸ ਦੀ 1968 ਵਾਲੀ ਹੜਤਾਲ ਤੋਂ ਬਾਅਦ ਇੱਕ ਕਹਾਵਤ ਦੀ ਗ੍ਰੈਫਿਟੀ ਕੀਤੀ ਗਈ, ‘ਬੋਰਡਮ ਇਜ਼ ਕਾਊਂਟਰ-ਰੈਵੌਲਿਯੂਸ਼ਨਰੀ’ ਇਹ ਬਹੁਤ ਮਸ਼ਹੂਰ ਹੋਈ। ਰੌਕ ਐਂਡ ਰੋਲ ਦਾ ਬੋਲਬਾਲਾ ਹੋਇਆ ਤਾਂ ਉਸ ਨਾਲ ਜੁੜੀ ਗ੍ਰੈਫਿਟੀ ਦੇਖਣ ਨੂੰ ਵੀ ਮਿਲਦੀ ਹੈ। ਉਸ ਵੇਲੇ ਦਾ ਇੱਕ ਕਲਾਕਾਰ ਜਿਸ ਦਾ ਨਾਂ ਐਰਿਕ ਕਲੈਪਟਨ ਸੀ, ਉਸ ਦੇ ਨਾਂ ’ਤੇ ਪੂਰੇ ਲੰਡਨ ਵਿੱਚ ਗ੍ਰੈਫਿਟੀ ਕਰ ਦਿੱਤੀ ਗਈ ਸੀ ਜਿਸ ਵਿੱਚ ਲਿਖਿਆ ਹੁੰਦਾ ਸੀ, ‘ਕਲੈਪਟਨ ਇਜ਼ ਗੌਡ’। ਇਵੇਂ ਹੀ ਮਾਈਕਲ ਜੈਕਸਨ ਬਾਰੇ ਗ੍ਰੈਫਿਟੀ ਵੀ ਕੀਤੀ ਜਾਂਦੀ ਸੀ। 1967 ਦੀ ਪਤਝੜ ਨੂੰ ਇਜ਼ਲਿੰਗਟਨ ਮੈਟਰੋ ਸਟੇਸ਼ਨ ਦੀ ਕੰਧ ’ਤੇ ਇੱਕ ਕੁੱਤੇ ਦੇ ਪਿਸ਼ਾਬ ਕਰਨ ਦੀ ਤਸਵੀਰ ਬਣਾਈ ਗਈ ਸੀ ਜੋ ਬਹੁਤ ਮਸ਼ਹੂਰ ਹੋਈ। ਇਵੇਂ ਅਨੇਕ ਉਦਾਹਰਨਾਂ ਮਿਲਦੀਆਂ ਹਨ ਜੋ ਗ੍ਰੈਫਿਟੀ ਦਾ ਹਾਂ-ਪੱਖ ਵੀ ਦਰਸਾਉਂਦੀਆਂ ਹਨ।
ਲੰਡਨ ਤੇ ਹੋਰਨਾਂ ਮਹਾਂਨਗਰਾਂ ਦੀਆਂ ਬਹੁਤ ਸਾਰੀਆਂ ਕੌਂਸਲਾਂ ਨੇ ਇਨ੍ਹਾਂ ਕਲਾਕਾਰਾਂ ਲਈ ਅਲੱਗ ਕੰਧਾਂ ‘ਫ੍ਰੀ-ਵਾਲ’ ਬਣਾ ਦਿੱਤੀਆਂ ਹਨ ਤਾਂ ਜੋ ਕਲਾਕਾਰ ਆਪਣੇ ਜੌਹਰ ਦਿਖਾ ਸਕਣ। ਕੀਥ ਹੇਰਿੰਗ ਤੇ ਜੀਨ-ਮਿਛੇਲ ਬਾਸਕੁਇਟ ਨਾਂ ਦੇ ਕਲਾਕਾਰਾਂ ਨੇ ਗ੍ਰੈਫਿਟੀ ਤੋਂ ਹੀ ਦੁਨੀਆ ਦੇ ਪੱਧਰ ਦੀ ਸ਼ੋਹਰਤ ਹਾਸਲ ਕੀਤੀ।
ਮੈਂ ਬਹੁਤ ਸਾਰੀ ਗ੍ਰੈਫਿਟੀ ਨੂੰ ਕਲਾ ਦਾ ਉੱਤਮ ਨਮੂਨਾ ਮੰਨਦਾ ਹਾਂ। ਤੁਹਾਨੂੰ ਕਦੇ ਮੌਕਾ ਮਿਲੇ ਤਾਂ ਅਜਿਹੀ ਕਿਸੇ ਗ੍ਰੈਫਿਟੀ ਕੋਲ ਜ਼ਰਾ ਰੁਕ ਕੇ ਦੇਖੋ ਤਾਂ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ।
ਈ-ਮੇਲ : harjeetatwal@hotmail.co.uk