ਡਾ. ਸੁਖਦੇਵ ਸਿੰਘ ਝੰਡ
ਇਹ ਆਮ ਧਾਰਨਾ ਹੈ ਕਿ ਮਨੁੱਖ ਲਈ ਆਪਣੀਆਂ ਆਦਤਾਂ ਨੂੰ ਬਦਲਣਾ ਆਸਾਨ ਨਹੀਂ ਹੈ। ਬਚਪਨ ਤੇ ਜਵਾਨੀ ਦੀਆਂ ਆਦਤਾਂ ਬੁਢਾਪੇ ਤਕ ਨਾਲ ਹੀ ਜਾਂਦੀਆਂ ਹਨ। ਵਾਰਿਸ ਸ਼ਾਹ ਨੇ ਵੀ ‘ਹੀਰ’ ਦੀ ਆਪਣੀ ਸ਼ਾਹਕਾਰ ਰਚਨਾ ਵਿਚ ਫ਼ਰਮਾਇਆ ਹੈ:
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ
ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ।
ਵਾਰਿਸ ਸ਼ਾਹ ਦੇ ਇਸ ਕਥਨ ਦਾ ਸਾਰ-ਅੰਸ਼ ਹੈ ਕਿ ਮਨੁੱਖੀ ਆਦਤਾਂ ਨੂੰ ਬਦਲਣਾ ਮੁਸ਼ਕਲ ਹੀ ਨਹੀਂ, ਸਗੋਂ ਇਹ ਲਗਭਗ ਅਸੰਭਵ ਹੈ। ਇਹ ਮਨੁੱਖ ਦੇ ਨਾਲ ਹੀ ਉਸ ਦੇ ਅੰਤ ਤਕ ਨਿਭਦੀਆਂ ਹਨ। ਲੋਕ ਅਖਾਣ ‘ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ’ ਵੀ ਇਸ ਦੀ ਪ੍ਰੋੜਤਾ ਕਰਦਾ ਹੈ। ਆਦਤਾਂ ਦੋ ਤਰ੍ਹਾਂ ਦੀਆਂ ਹਨ- ਚੰਗੀਆਂ ਅਤੇ ਮਾੜੀਆਂ। ਮਨੁੱਖ ਲਈ ਬਚਪਨ ਜਾਂ ਜਵਾਨੀ ਵਿਚ ਪਈਆਂ ਮਾੜੀਆਂ ਆਦਤਾਂ ਨੂੰ ਬਦਲਣਾ ਬੜਾ ਮੁਸ਼ਕਲ ਹੈ ਅਤੇ ਇਹ ਉਸ ਦੇ ਨਾਲ ਜੀਵਨ-ਭਰ ਚੱਲਦੀਆਂ ਹਨ।
ਮਹੀਨਾ ਕੁ ਪਹਿਲਾਂ ਮੈਂ ਮਨੁੱਖੀ ਆਦਤਾਂ ਬਾਰੇ ਜੇਮਜ਼ ਕਲੀਅਰ ਦੀ 306 ਪੰਨਿਆਂ ਦੀ ਪੁਸਤਕ ‘ਅਟੌਮਿਕ ਹੈਬਿਟਸ’ (Atomic Habits) ਪੜ੍ਹੀ। ਇਹ ਪੁਸਤਕ ਚੰਗੀਆਂ ਅਤੇ ਮਾੜੀਆਂ ਆਦਤਾਂ ਛੁਡਵਾਉਣ ਬਾਰੇ ਖ਼ੂਬਸੂਰਤ ਤਰੀਕੇ ਦਰਸਾਉਂਦੀ ਹੈ। ਲੇਖਕ ਨੇ ਜਿੱਥੇ ਇਸ ਪੁਸਤਕ ਵਿਚ ਮਨੁੱਖ ਦੀਆਂ ਛੋਟੀਆਂ-ਛੋਟੀਆਂ ਆਦਤਾਂ ਦਾ ਬਾਖ਼ੂਬੀ ਜ਼ਿਕਰ ਕੀਤਾ ਹੈ, ਉੱਥੇ ਇਸ ਵਿਚ ਚੰਗੀਆਂ ਆਦਤਾਂ ਨੂੰ ਅਪਨਾਉਣ ਅਤੇ ਮਾੜੀਆਂ ਨੂੰ ਛੱਡਣ ਦੇ ਢੰਗ-ਤਰੀਕਿਆਂ ਬਾਰੇ ਵੀ ਵਡਮੁੱਲੀ ਜਾਣਕਾਰੀ ਦਰਜ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਮਨੁੱਖੀ ਆਦਤਾਂ ਬਦਲੀਆਂ ਵੀ ਜਾ ਸਕਦੀਆਂ ਹਨ। ਇਸ ਲਈ ਮਨੁੱਖ ਨੂੰ ਆਪਣਾ ਮਨ ਪੱਕਾ ਕਰਨ ਅਤੇ ਲੋੜੀਂਦਾ ਫ਼ੈਸਲਾ ਲੈ ਕੇ ਉਸ ਨੂੰ ਦੁਹਰਾਉਣ ਅਤੇ ਫਿਰ ਉਸ ਨੂੰ ਆਪਣੇ ਉੱਪਰ ਲਾਗੂ ਕਰਨ ਲਈ ਅਭਿਆਸ ਕਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਜੇਮਜ਼ ਕਲੀਅਰ ਦੇ ਆਰਟੀਕਲ ਸੰਸਾਰ ਪ੍ਰਸਿੱਧ ਅਖ਼ਬਾਰਾਂ ਵਿਚ ਅਕਸਰ ਛਪਦੇ ਰਹਿੰਦੇ ਹਨ। ਉਸ ਨੂੰ ਵੱਡੇ-ਵੱਡੇ ਪਲੈਟਫਾਰਮਾਂ ’ਤੇ ਵੱਖ-ਵੱਖ ਵਿਸ਼ਿਆਂ ਉੱਪਰ ਬੋਲਣ ਦੀ ਮੁਹਾਰਤ ਹਾਸਲ ਹੈ।
ਜੇਮਜ਼ ਕਲੀਅਰ ਅਨੁਸਾਰ ‘ਆਦਤ ਅਜਿਹਾ ਵਰਤਾਰਾ ਹੈ ਜਿਸ ਨੂੰ ਮਨੁੱਖ ਜਾਂ ਕਿਸੇ ਜੀਵ ਵੱਲੋਂ ਬਾਰ-ਬਾਰ ਦੁਹਰਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਚੱਲਦਾ ਚੱਲਦਾ ਇਹ ਵਰਤਾਰਾ ‘ਸਵੈਚਾਲਕ’ (Automatic) ਹੋ ਜਾਂਦਾ ਹੈ।’ ਮਨੁੱਖੀ ਆਦਤਾਂ ਚੰਗੀਆਂ ਵੀ ਹੋ ਸਕਦੀਆਂ ਅਤੇ ਮਾੜੀਆਂ ਵੀ। ਇਹ ‘ਦੋ-ਧਾਰੀ ਤਲਵਾਰ’ ਹਨ। ਉਦਾਹਰਣ ਵਜੋਂ ਸਿਗਰਟ-ਨੋਸ਼ੀ ਜਾਂ ਤੰਬਾਕੂ ਪੀਣ ਦੀ ਆਦਤ ਦਮੇ ਦੀ ਬਿਮਾਰੀ ਦੇ ਮਰੀਜ਼ ਲਈ ਉਸ ਨੂੰ ਸਾਹ ਸੌਖੀ ਤਰ੍ਹਾਂ ਲੈਣ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ, ਪਰ ਇਸ ਦੇ ਨਾਲ ਹੀ ਇਹ ਉਸ ਦੇ ਫੇਫੜਿਆਂ ਉੱਪਰ ਬਹੁਤ ਬੁਰਾ ਅਸਰ ਪਾ ਸਕਦੀ ਹੈ ਜੋ ਫੇਫੜਿਆਂ ਦੇ ਕੈਂਸਰ ਦਾ ਰੂਪ ਵੀ ਧਾਰਨ ਕਰ ਸਕਦਾ ਹੈ। ਚੰਗੀਆਂ ਆਦਤਾਂ ਮਨੁੱਖ ਦੇ ਸੁਧਾਰ ਰੂਪੀ ਮੂਲਧੰਨ ਵਿਚ ਇਨ੍ਹਾਂ ਦੇ ਵਿਆਜ ਨੂੰ ਜਮ੍ਹਾ ਕਰਕੇ ਉਸ ਨੂੰ ਵਧੀਆ ਜੀਵਨ-ਜਾਚ ਦੇ ‘ਮਿਸ਼ਰਧੰਨ’ (Compound Principal Amount) ਵਿਚ ਬਦਲ ਦਿੰਦੀਆਂ ਹਨ ਅਤੇ ਮਾੜੀਆਂ ਆਦਤਾਂ ਦੇ ਸੰਦਰਭ ਵਿਚ ਇਹ ਉਸ ਦੇ ‘ਵਿਗਾੜਾਂ ਦਾ ਮਿਸ਼ਰਧੰਨ’ ਵੀ ਬਣ ਜਾਂਦੀਆਂ ਹਨ। ਮਨੁੱਖੀ ਮਨ ਮਾੜੀਆਂ ਆਦਤਾਂ ਨੂੰ ਬੜੀ ਜਲਦੀ ਸਵੀਕਾਰਦਾ ਹੈ, ਜਦੋਂਕਿ ਚੰਗੀਆਂ ਆਦਤਾਂ ਅਪਨਾਉਣ ਲਈ ਉਸ ਨੂੰ ਕਾਫ਼ੀ ਸਮਾਂ ਲੱਗ ਜਾਂਦਾ ਹੈ।
ਵੱਡੇ-ਵੱਡੇ ਫ਼ੈਸਲਿਆਂ ਦੀ ਸ਼ੁਰੂਆਤ ਛੋਟੀਆਂ-ਛੋਟੀਆਂ ਗੱਲਾਂ ਤੋਂ ਹੀ ਹੁੰਦੀ ਹੈ। ਹਰੇਕ ਆਦਤ ਦਾ ਬੀਜ ਸਾਡੇ ਮਨ ਦੇ ਨਿੱਕੇ ਜਿਹੇ ਫ਼ੈਸਲੇ ਵਿਚ ਛੁਪਿਆ ਹੁੰਦਾ ਹੈ। ਇਹ ਫ਼ੈਸਲਾ ਸਾਡੇ ਵੱਲੋਂ ਆਪਣੇ ਮਨ ਵਿਚ ਅੰਦਰੇ ਅੰਦਰ ਦੁਹਰਾਇਆ ਜਾਂਦਾ ਹੈ ਅਤੇ ਹੌਲੀ-ਹੌਲੀ ਇਹ ਮਜ਼ਬੂਤ ਹੁੰਦਾ ਜਾਂਦਾ ਹੈ। ਕਿਸੇ ਮਾੜੀ ਆਦਤ ਨੂੰ ਛੱਡਣਾ ਮਨ ਵਿਚੋਂ ‘ਵੱਡੇ ਰੁੱਖ’ ਨੂੰ ਜੜੋਂ ਪੁੱਟਣ ਵਾਂਗ ਹੈ ਅਤੇ ਚੰਗੀ ਆਦਤ ਨੂੰ ਮਨ ਵਿਚ ਵਸਾਉਣਾ ਕੋਈ ਖ਼ੂਬਸੂਰਤ ਖ਼ੁਸ਼ਬੂਦਾਰ ਫੁੱਲ ਉਗਾਉਣ ਵਾਂਗ ਹੈ। ਇਹ ਸਾਡੀ ਆਪਣੀ ਮਰਜ਼ੀ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ। ਕੀ ਅਸੀਂ ਮਾੜੀ ਆਦਤ ਨੂੰ ਛੱਡ ਕੇ ਕਿਸੇ ਚੰਗੀ ਆਦਤ ਨੂੰ ਅਪਨਾਉਣਾ ਚਾਹੁੰਦੇ ਹਾਂ ਜਾਂ ਫਿਰ ਓਸੇ ਤਰ੍ਹਾਂ ਓਸੇ ਹੀ ਹਾਲਤ ਵਿਚ ਜਿਊਣਾ ਚਾਹੁੰਦੇ ਹਾਂ। ਉਦਾਹਰਣ ਵਜੋਂ ਲੇਖਕ ਬਣਨ ਲਈ ਕਿਸੇ ਵਿਅਕਤੀ ਨੂੰ ਰੋਜ਼ ਕੁਝ ਨਾ ਕੁਝ ਭਾਵੇਂ ਇਕ ਸਫ਼ਾ ਹੀ ਸਹੀ, ਲਿਖਣਾ ਜ਼ਰੂਰੀ ਹੈ ਅਤੇ ਖਿਡਾਰੀ ਬਣਨ ਦੇ ਇੱਛੁਕ ਨੂੰ ਆਪਣੀ ਮਨਪਸੰਦ ਖੇਡ ਦੀ ਹਰ ਰੋਜ਼ ਪ੍ਰੈਕਟਿਸ ਕਰਨੀ ਜ਼ਰੂਰੀ ਹੈ। ਇਸੇ ਤਰ੍ਹਾਂ ਕਿਸੇ ਮਾੜੀ ਆਦਤ ਨੂੰ ਛੱਡਣ ਲਈ ਪਹਿਲਾਂ ਆਪਣਾ ਮਨ ਪੱਕਾ ਬਣਾਉਣਾ ਅਤੀ ਜ਼ਰੂਰੀ ਹੈ ਕਿ ਮੈਂ ਇਹ ਹਰ ਹਾਲਤ ਵਿਚ ਛੱਡਣੀ ਹੀ ਹੈ ਅਤੇ ਫਿਰ ਇਸ ਛੱਡੀ ਹੋਈ ਆਦਤ ਨੂੰ ਆਪਣੇ ਤੋਂ ਪਰੇ ਰੱਖਣਾ ਵੀ ਜ਼ਰੂਰੀ ਹੈ।
ਆਦਤਾਂ ਸਾਡੇ ਜੀਵਨ ਵਿਚ ਛੋਟੇ-ਛੋਟੇ ‘ਅਣੂਆਂ’ (Atoms) ਵਾਂਗ ਹਨ ਜੋ ਵਿਖਾਈ ਨਹੀਂ ਦਿੰਦੀਆਂ, ਪਰ ਇਹ ਸਾਡੀ ਸ਼ਖ਼ਸੀਅਤ ਉੱਪਰ ਡੂੰਘਾ ਅਸਰ ਪਾਉਂਦੀਆਂ ਹਨ। ਅਣੂ ਮਿਲ ਕੇ ਜਿਵੇਂ ਇਕ ਵੱਡੇ ਯੂਨਿਟ ‘ਮੌਲੀਕਿਊਲ’ ਦਾ ਰੂਪ ਧਾਰਨ ਕਰ ਲੈਂਦੇ ਹਨ, ਇਸੇ ਤਰ੍ਹਾਂ ਸਾਡੀਆਂ ਆਦਤਾਂ ਵੀ ਮਿਲ ਕੇ ਸਾਡੀ ਸਮੁੱਚੀ ਸ਼ਖ਼ਸੀਅਤ ਦਾ ਪ੍ਰਤੀਕ ਬਣ ਜਾਂਦੀਆਂ ਹਨ। ਜੇਮਜ਼ ਕਲੀਅਰ ਨੇ ਛੋਟੀਆਂ-ਛੋਟੀਆਂ ਆਦਤਾਂ ਨੂੰ ‘ਅਟੌਮਿਕ ਹੈਬਿਟਸ’ (Atomic Habits) ਦਾ ਨਾਂ ਦਿੱਤਾ ਹੈ। ਉਸ ਅਨੁਸਾਰ ਇਹ ਅਣੂ-ਆਦਤਾਂ ਬੜੀਆਂ ਹੀ ਸੂਖ਼ਮ, ਪਰ ਬੜੀਆਂ ਤਾਕਤਵਰ ਹੁੰਦੀਆਂ ਹਨ। ਸ਼ੁਰੂ-ਸ਼ੁਰੂ ਵਿਚ ਇਹ ਬੜੀਆਂ ਮਾਮੂਲੀ ਜਿਹੀਆਂ ਲੱਗਦੀਆਂ ਹਨ ਅਤੇ ਕਾਫ਼ੀ ਕਮਜ਼ੋਰ ਜਾਪਦੀਆਂ ਹਨ, ਪਰ ਫਿਰ ਇਹ ਆਪਸ ਵਿਚ ਜਮ੍ਹਾਂ ਅਤੇ ਜ਼ਰਬ (ਗੁਣਾ) ਹੋ ਕੇ ਕਈ ਗੁਣਾ ਸ਼ਕਤੀਸ਼ਾਲੀ ਹੋ ਜਾਂਦੀਆਂ ਹਨ ਅਤੇ ਮਨੁੱਖ ਦੇ ਸੁਭਾਅ ਅਤੇ ਉਸ ਦੀ ਸ਼ਖ਼ਸੀਅਤ ਦਾ ਅਹਿਮ ਅੰਗ ਬਣ ਜਾਂਦੀਆਂ ਹਨ।
ਮਨੁੱਖੀ ਆਦਤਾਂ ਨੂੰ ਬਦਲਣ ਲਈ ਚਾਰ ਨਿਯਮ ਹਨ ਜਿਨ੍ਹਾਂ ਵਿਚ ਚੰਗੀਆਂ ਆਦਤਾਂ ਨੂੰ ਅਪਨਾਉਣਾ ਅਤੇ ਮਾੜੀਆਂ ਆਦਤਾਂ ਨੂੰ ਤਿਆਗਣਾ ਸ਼ਾਮਲ ਹੈ। ਉਸ ਲਈ ਜੇਮਜ਼ ਕਲੀਅਰ ਨੇ ਚਾਰ ਨਿਯਮ ਦੱਸੇ ਹਨ ਅਤੇ ਇਹ ਚਾਰੇ ਹੀ ਬੜੇ ਮਹੱਤਵਪੂਰਨ ਹਨ।
ਪਹਿਲਾ ਨਿਯਮ ਹੈ, ਕੋਈ ਵੀ ਕੰਮ ਕਰਨ ਲਈ ਮਨ ਬਣਾਉਣਾ ਅਤੇ ਇਸ ਪਹਿਲੇ ਨਿਯਮ ਨੂੰ ਉਸ ਨੇ ਚਾਰ ਪੜਾਵਾਂ ਵਿਚ ਵੰਡਿਆ ਹੈ: ਕਿਸੇ ਖ਼ਿਆਲ ਦਾ ਮਨ ਵਿਚ ਆਉਣਾ, ਮਨ ਵਿਚ ਚਾਹਤ ਪੈਦਾ ਹੋਣੀ, ਚਾਹਤ ਦਾ ਮਨ ਅਤੇ ਸਰੀਰ ’ਤੇ ਅਸਰ ਹੋਣਾ, ਹੋਏ ਅਸਰ ਦਾ ਇਨਾਮ ਮਿਲਣਾ।
ਕੋਈ ਵੀ ਚੰਗਾ ਜਾਂ ਮਾੜਾ ਕੰਮ ਕਰਨ ਲਈ ਸਭ ਤੋਂ ਪਹਿਲਾਂ ਇਸ ਦਾ ਖ਼ਿਆਲ ਸਾਡੇ ਮਨ (ਦਿਮਾਗ਼) ਵਿਚ ਆਉਂਦਾ ਹੈ ਕਿ ਮੈਂ ਇਹ ਕੰਮ ਕਰਨਾ ਹੈ। ਸਾਡਾ ਦਿਮਾਗ਼ ਸੋਚਾਂ ਦੀ ਮਸ਼ੀਨ ਹੈ। ਇਸ ਵਿਚ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਜਨਮ ਲੈਂਦੀਆਂ ਹਨ। ਰਾਤ ਨੂੰ ਸੁੱਤੇ ਪਿਆਂ ਵੀ ਇਹ ਸੁਪਨਿਆਂ ਵਿਚ ਅਚੇਤ ਮਨ ਵਿਚ ਘੁੰਮਦੀਆਂ ਰਹਿੰਦੀਆਂ ਹਨ। ਇਸ ਖ਼ਿਆਲ ਦਾ ਚਾਹਤ ਵਿਚ ਬਦਲਣਾ ਸਾਡੇ ਦਿਮਾਗ਼ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਹੇ ਵੱਖ-ਵੱਖ ਹਾਰਮੋਨਾਂ ਤੇ ਰਸਾਇਣ-ਪਦਾਰਥਾਂ ਕਾਰਨ ਹੈ। ਦੂਸਰੇ ਨਿਯਮ ਵਿਚ ਜੇਮਜ਼ ਕਲੀਅਰ ਵੱਲੋਂ ਚੰਗੀਆਂ ਆਦਤਾਂ ਨੂੰ ਦਿਲਕਸ਼, ਭਾਵ ਮਨਭਾਉਂਦੀਆਂ ਬਣਾਉਣ ਅਤੇ ਮਾੜੀਆਂ ਆਦਤਾਂ ਨੂੰ ਨਫ਼ਰਤਯੋਗ ਬਣਾਉਣ ਦੀ ਗੱਲ ਕੀਤੀ ਗਈ ਹੈ। ਆਦਤ ਜਿੰਨੀ ਮਨਭਾਉਂਦੀ ਹੋਵੇਗੀ, ਉਸ ਨੂੰ ਅਪਣਾਉਣ ਵਿਚ ਓਨਾ ਹੀ ਘੱਟ ਸਮਾਂ ਲੱਗੇਗਾ। ਮਾੜੀ ਆਦਤ ਛੱਡਣ ਲਈ ਇਸ ਦਾ ਓਨਾ ਹੀ ਨਫ਼ਰਤਯੋਗ ਹੋਣਾ ਜ਼ਰੂਰੀ ਹੈ। ਸਾਡੇ ਦਿਮਾਗ਼ ਵਿਚ ਖ਼ਾਸ ਕਿਸਮ ਦੇ ਰਸਾਇਣ ‘ਡੋਪਾਮੀਨ’ ਦੀ ਵੱਧ ਜਾਂ ਘੱਟ ਮਾਤਰਾ ਦਾ ਰਿਸਣਾ ਇਨ੍ਹਾਂ ਆਦਤਾਂ ਦੇ ਜਲਦੀ ਜਾਂ ਦੇਰੀ ਨਾਲ ਅਪਨਾਉਣ ਜਾਂ ਛੱਡਣ ਵਿਚ ਆਪਣਾ ਭਰਪੂਰ ਯੋਗਦਾਨ ਪਾਉਂਦਾ ਹੈ।
ਆਦਤਾਂ ਨੂੰ ਬਦਲਣ ਵਿਚ ਪਰਿਵਾਰ ਦਾ ਵੀ ਵੱਡਾ ਯੋਗਦਾਨ ਹੈ। ਛੋਟੇ ਜਿਹੇ ਦੇਸ਼ ਹੰਗਰੀ ਦੇ ਇਕ ਵੱਡੇ ਵਿਦਵਾਨ ਲੈਜ਼ਲੋ ਪੋਲਗਰ ਦਾ ਕਹਿਣਾ ਹੈ, ‘ਕੋਈ ਵੀ ਜਨਮ ਤੋਂ ਵਿਦਵਾਨ ਨਹੀਂ ਹੁੰਦਾ, ਪਰ ਅਜਿਹਾ ਉਸ ਨੂੰ ਪੜ੍ਹਾ-ਲਿਖਾ ਕੇ ਅਤੇ ਸਿਖਲਾਈ ਦੇ ਕੇ ਬਣਾਇਆ ਜਾਂਦਾ ਹੈ।’ ਇਸ ਸਾਰੇ ਕੁਝ ਵਿਚ ਉਸ ਦੇ ਪਰਿਵਾਰ ਦੀ ਬੜੀ ਵੱਡੀ ਭੂਮਿਕਾ ਹੁੰਦੀ ਹੈ ਜਿੱਥੇ ਉਸ ਦੀ ਪੜ੍ਹਾਈ ਦਾ ਅਤੇ ਅਗਲੇਰੀ ਲੋੜੀਂਦੀ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜਿਸ ਵਾਤਾਵਰਣ ਅਤੇ ਸੱਭਿਆਚਾਰ ਵਿਚ ਉਹ ਵਿਚਰਦਾ ਹੈ, ਉਸ ਦਾ ਵੀ ਉਸ ਦੇ ਮਨ ’ਤੇ ਡੂੰਘਾ ਅਸਰ ਹੁੰਦਾ ਹੈ, ਕਿਉਂਕਿ ਉਹ ਸਮਾਜ ਵਿਚ ਰਹਿੰਦਿਆਂ ਹੋਇਆਂ ਦੋਸਤਾਂ-ਮਿੱਤਰਾਂ, ਗੁਆਂਢੀਆਂ ਅਤੇ ਆਲੇ-ਦੁਆਲੇ ਤੋਂ ਬੜਾ ਕੁਝ ਸਿੱਖਦਾ ਹੈ।
ਆਸੇ-ਪਾਸੇ ਦਾ ਮਾਹੌਲ ਅਤੇ ਵਾਤਾਵਰਣ ਇਸ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ। ਮਨੁੱਖ ਆਲੇ-ਦੁਆਲੇ ਦੀ ਸੰਗਤ ਤੋਂ ਬੜਾ ਕੁਝ ਸਿੱਖਦਾ ਹੈ। ਪੰਜਾਬੀ ਵਿਚ ਆਮ ਕਹਾਵਤ ਪ੍ਰਚੱਲਤ ਹੈ, ‘ਜਿਹੀ ਸੰਗਤ, ਤਿਹੀ ਰੰਗਤ’, ਭਾਵ ਜਿਨ੍ਹਾਂ ਲੋਕਾਂ ਨਾਲ ਮਨੁੱਖ ਦਾ ਮੇਲ-ਜੋਲ ਹੈ, ਉਸ ਦਾ ਅਸਰ ਉਸ ਮਨੁੱਖ ’ਤੇ ਜ਼ਰੂਰ ਹੁੰਦਾ ਹੈ ਅਤੇ ਇਹ ਸੰਗਤ ਚੰਗੀ ਅਤੇ ਮਾੜੀ ਦੋਹਾਂ ਤਰ੍ਹਾਂ ਦੀ ਹੀ ਹੋ ਸਕਦੀ ਹੈ। ਫਿਰ ਸੰਗਤ ਜ਼ਰੂਰੀ ਨਹੀਂ ਕਿ ਮਨੁੱਖੀ ਰੂਪ ਵਿਚ ਹੀ ਹੋਵੇ, ਇਹ ਆਲੇ-ਦੁਆਲੇ ਪਈਆਂ ਚੀਜ਼ਾਂ-ਵਸਤਾਂ, ਪੁਸਤਕਾਂ, ਖੇਡਣ-ਮੱਲਣ ਦੇ ਸਾਮਾਨ ਅਤੇ ਮਨੋਰੰਜਨ ਦੇ ਸਾਧਨਾਂ ਦੇ ਰੂਪ ਵਿਚ ਵੀ ਹੋ ਸਕਦੀ ਹੈ। ਵੇਖਣ ਵਿਚ ਆਇਆ ਹੈ ਕਿ ਚੰਗੀ ਸੰਗਤ ਨਾਲੋਂ ਮਾੜੀ ਸੰਗਤ ਦਾ ਅਸਰ ਬੜੀ ਜਲਦੀ ਹੁੰਦਾ ਹੈ ਅਤੇ ਇਹ ਹੁੰਦਾ ਵੀ ਵਧੇਰੇ ਤੀਬਰਤਾ ਨਾਲ ਹੈ। ਚੰਗੀਆਂ ਆਦਤਾਂ ਸਿੱਖਣ ਲਈ ਆਲੇ-ਦੁਆਲੇ ਦਾ ਮਾਹੌਲ ਖੁਸ਼ਗਵਾਰ ਹੋਣਾ ਚਾਹੀਦਾ ਹੈ ਕਿਉਂਕਿ ਮਾੜਾ ਮਾਹੌਲ ਹਮੇਸ਼ਾਂ ਮਾੜੀਆਂ ਆਦਤਾਂ ਨੂੰ ਹੀ ਜਨਮ ਦਿੰਦਾ ਹੈ। ਮਨ ਵਿਚ ਉਪਜੀ ਕਿਸੇ ਵੀ ਚਾਹਤ ਦਾ ਸਾਡੇ ਸਰੀਰ ’ਤੇ ਡੂੰਘਾ ਅਸਰ ਹੁੰਦਾ ਹੈ ਅਤੇ ਉਹ ਅੱਗੋਂ ਉਸ ਚਾਹਤ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰਦਾ ਹੈ। ਮਨ ਅਤੇ ਸਰੀਰ ਉੱਪਰ ਹੋਏ ਇਸ ਦੇ ਅਸਰ ਦਾ ਇਨਾਮ (ਪ੍ਰਭਾਵ) ਵੀ ਉਸ ਨੂੰ ਮਿਲਣ ਦੀ ਪੂਰੀ ਸੰਭਾਵਨਾ ਬਣਦੀ ਹੈ।
ਤੀਜੇ ਨਿਯਮ ਵਿਚ ਜੇਮਜ਼ ਨੇ ਮਨੁੱਖ ਨੂੰ ਚੰਗੀਆਂ ਆਦਤਾਂ ਨੂੰ ਆਸਾਨ ਬਣਾਉਣ ਅਤੇ ਮਾੜੀਆਂ ਨੂੰ ਮੁਸ਼ਕਲ ਕਰਾਰ ਦੇਣ ਦੀ ਗੱਲ ਕੀਤੀ ਹੈ। ਇਸ ਲਈ ਉਹ ਆਪਣੀ ਮੰਜ਼ਲ ਵੱਲ ਹੌਲੀ-ਹੌਲੀ ਅੱਗੇ ਵਧਣ ਅਤੇ ਪਿੱਛੇ ਮੁੜ ਕੇ ਨਾ ਵੇਖਣ ਦੀ ਸਲਾਹ ਦਿੰਦਾ ਹੈ। ਮਨੁੱਖ ਦਾ ਕੇਂਦਰ-ਬਿੰਦੂ ‘ਕਰਮ’ ਹੋਣਾ ਚਾਹੀਦਾ ਹੈ, ਨਾ ਕਿ ‘ਚੱਲਣ ਦੀ ਤਿਆਰੀ ਵਿਚ’। ਕਿਸੇ ਵੀ ਚੰਗੀ ਆਦਤ ਨੂੰ ਅਪਣਾਉਣ ਤੋਂ ਬਾਅਦ ਇਸ ਲਈ ਅਭਿਆਸ ਜ਼ਰੂਰੀ ਹੈ। ਬਾਰ-ਬਾਰ ਅਭਿਆਸ ਕਰਨ ਤੋਂ ਬਾਅਦ ਹੀ ਉਹ ਆਦਤ ਪੱਕ ਜਾਂਦੀ ਹੈ ਅਤੇ ਸਾਡੇ ਸੁਭਾਅ ਦਾ ਅੰਗ ਬਣ ਜਾਂਦੀ ਹੈ। ਮਨੁੱਖੀ ਸੁਭਾਅ ਹੈ ਕਿ ਉਹ ਥੋੜ੍ਹੀ ਜਿਹੀ ਮਿਹਨਤ ਨਾਲ ਬਹੁਤਾ ਕੁਝ ਹਾਸਲ ਕਰਨਾ ਚਾਹੁੰਦਾ ਹੈ ਅਤੇ ਇਸ ਲਈ ਉਹ ਛੋਟੇ-ਰਸਤੇ ਅਪਣਾਉਂਦਾ ਹੈ। ਪਰ ਜ਼ਰੂਰੀ ਨਹੀਂ ਕਿ ਇਹ ਛੋਟੇ ਰਸਤੇ ਉਸ ਨੂੰ ਸਫਲਤਾ ਵੱਲ ਲਿਜਾਣ ਵਿਚ ਸਹਾਈ ਹੋਣ ਅਤੇ ਬਹੁਤੀ ਵਾਰ ਇਹ ਸਹੀ ਸਾਬਤ ਨਹੀਂ ਹੁੰਦੇ।
ਹੌਲੀ-ਹੌਲੀ ਅੱਗੇ ਵਧ ਕੇ ਹੀ ਸਫਲਤਾ ਦੀ ਪੌੜੀ ਦੇ ਉੱਪਰਲੇ ਡੰਡੇ ਵੱਲ ਵਧਿਆ ਜਾ ਸਕਦਾ ਹੈ। ਮੈਂ ਆਪਣੀ ਸਵੇਰ ਦੀ ਸੈਰ ਦੋ ਕਿਲੋਮੀਟਰ ਤੋਂ ਸ਼ੁਰੂ ਕੀਤੀ ਅਤੇ ਕਈ ਮਹੀਨੇ ਇਹ ਦੋ ਕਿਲੋਮੀਟਰ ਹੀ ਚੱਲਦੀ ਰਹੀ। ਫਿਰ ਆਪਣੇ ਮਨ ਨਾਲ ਫ਼ੈਸਲਾ ਕਰਕੇ ਮੈਂ ਇਸ ਨੂੰ ਪਹਿਲਾਂ ਚਾਰ ਅਤੇ ਫਿਰ ਪੰਜ ਕਿਲੋਮੀਟਰ ਤਕ ਵਧਾਇਆ। ਹੌਲੀ-ਹੌਲੀ ਇਸ ਨੂੰ ਹੋਰ ਵਧਾ ਕੇ ਮੈਂ ਇਸ ਸੈਰ ਤੇ ਹਲਕੀ ਦੌੜ ਨੂੰ 10 ਕਿਲੋਮੀਟਰ ਤਕ ਲਿਜਾਣ ਵਿਚ ਸਫਲ ਹੋਇਆ ਹਾਂ।
ਚੌਥੇ ਨਿਯਮ ਵਿਚ ਜੇਮਜ਼ ਕਲੀਅਰ ਵੱਲੋਂ ਚੰਗੀਆਂ ਆਦਤਾਂ ਨੂੰ ਤਸੱਲੀ-ਪੂਰਵਕ ਬਣਾਉਣ ਅਤੇ ਮਾੜੀਆਂ ਨੂੰ ਤਸੱਲੀ-ਰਹਿਤ ਕਰਾਰ ਦੇਣ ਦੀ ਗੱਲ ਕੀਤੀ ਗਈ ਹੈ। ਮਾੜੀਆਂ ਆਦਤਾਂ ਸ਼ੁਰੂ-ਸ਼ੁਰੂ ਵਿਚ ਸਾਨੂੰ ਬੜੀਆਂ ਚੰਗੀਆਂ ਲੱਗਦੀਆਂ ਹਨ, ਪਰ ਅੱਗੇ ਜਾ ਕੇ ਕੁਝ ਸਮੇਂ ਬਾਅਦ ਇਨ੍ਹਾਂ ਦਾ ਮਾੜਾ ਪੱਖ ਸਾਡੇ ਸਾਹਮਣੇ ਆਉਣ ਲੱਗਦਾ ਹੈ ਅਤੇ ਫਿਰ ਇਹ ਸਾਨੂੰ ਭੈੜੀਆਂ ਲੱਗਣ ਲੱਗਦੀਆਂ ਹਨ। ਅਸੀਂ ਮਾੜੀਆਂ ਆਦਤਾਂ ਨੂੰ ਕਿਉਂ ਦੁਹਰਾਉਂਦੇ ਹਾਂ? ਉਹ ਇਸ ਲਈ ਕਿ ਸਾਨੂੰ ਇਨ੍ਹਾਂ ਵਿਚੋਂ ਵਕਤੀ ਖ਼ੁਸ਼ੀ ਹਾਸਲ ਹੁੰਦੀ ਹੈ। ਇਹ ਸਦੀਵੀ ਨਹੀਂ ਹੈ। ਚੰਗੀਆਂ ਆਦਤਾਂ ਦਾ ਵਰਤਾਰਾ ਇਸ ਦੇ ਉਲਟ ਹੈ। ਇਹ ਸ਼ੁਰੂ ਵਿਚ ਸਾਨੂੰ ਔਖੀਆਂ ਜਾਪਦੀਆਂ ਹਨ, ਪਰ ਬਾਅਦ ਵਿਚ ਜਦੋਂ ਇਨ੍ਹਾਂ ਦੀ ਚੰਗਿਆਈ ਸਾਡੇ ਸਾਹਮਣੇ ਆਉਣ ਲੱਗਦੀ ਹੈ ਤਾਂ ਹੌਲੀ-ਹੌਲੀ ਇਹ ਸਾਡੇ ਜੀਵਨ ਦਾ ਅੰਗ ਬਣ ਜਾਂਦੀਆਂ ਹਨ। ਮਿਸਾਲ ਵਜੋਂ, ਕਾਰ ਵਿਚ ਸਫ਼ਰ ਕਰਨ ਲਈ ਸੀਟ-ਬੈਲਟ ਪਹਿਨਣ ਦਾ ਨਿਯਮ ਸਭ ਤੋਂ ਪਹਿਲਾਂ ਅਮਰੀਕਾ ਦੇ ਸ਼ਹਿਰ ਨਿਊ ਯੌਰਕ ਵਿਚ 1 ਦਸੰਬਰ 1984 ਨੂੰ ਪਾਸ ਕੀਤਾ ਗਿਆ ਅਤੇ ਉਦੋਂ ਅਮਰੀਕਾ ਵਿਚ ਕੇਵਲ 14% ਲੋਕਾਂ ਨੇ ਇਸ ਦੀ ਪਾਲਣਾ ਕੀਤੀ। ਲੋਕ ਇਸ ਨੂੰ ਵਾਧੂ ਜਿਹਾ ਵਰਤਾਰਾ ਹੀ ਸਮਝਦੇ ਸਨ। ਪੰਜ ਸਾਲ ਬਾਅਦ ਅਮਰੀਕਾ ਦੀ ਅੱਧੀ ਤੋਂ ਵਧੇਰੇ ਵਸੋਂ ਨੇ ਇਸ ਨੂੰ ਸਹੀ ਸਮਝਦਿਆਂ ਮੰਨਣਾ ਸ਼ੁਰੂ ਕਰ ਦਿੱਤਾ। ਹੁਣ ਇਹ ਨਿਯਮ ਦੁਨੀਆਂ-ਭਰ ਦੇ ਦੇਸ਼ਾਂ ਵਿਚ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਹੈ ਅਤੇ ਇਸ ਨੂੰ ਨਾ ਮੰਨਣ ਵਾਲਿਆਂ ਨੂੰ ਭਾਰੀ ਜੁਰਮਾਨੇ ਕੀਤੇ ਜਾਂਦੇ ਹਨ।
ਮਨੁੱਖ ਵਿਚ ਚੰਗੀਆਂ ਆਦਤਾਂ ਦਾ ਹੋਣਾ ਜ਼ਰੂਰੀ ਹੈ, ਪਰ ਇਹ ਸਭ ਕੁਝ ਨਹੀਂ ਹੈ, ਸਗੋਂ ਇਨ੍ਹਾਂ ਵਿਚ ਮੁਹਾਰਤ ਹਾਸਲ ਕਰਨਾ ਵਧੇਰੇ ਮਹੱਤਵਪੂਰਨ ਹੈ। ਉਂਜ ਵੀ ਕਿਸੇ ਵੀ ਕੰਮ ਵਿਚ ਮੁਹਾਰਤ ਹਾਸਲ ਕਰਨ ਲਈ ਉਸ ਦੀ ਆਦਤ ਪਾਉਣਾ ਅਤੇ ਉਸ ਦਾ ਅਭਿਆਸ ਕਰਨਾ ਦੋਵੇਂ ਹੀ ਮਹੱਤਵਪੂਰਨ ਪੱਖ ਹਨ। ਇਨ੍ਹਾਂ ਦੋਹਾਂ ਦਾ ਸੁਮੇਲ ਮੁਹਾਰਤ ਵੱਲ ਪੁੱਟੇ ਜਾ ਰਹੇ ਕਦਮਾਂ ਦੀ ਗਵਾਹੀ ਭਰਦਾ ਹੈ।
ਮਨੁੱਖ ਦੀਆਂ ਚੰਗੀਆਂ ਅਤੇ ਮਾੜੀਆਂ ਆਦਤਾਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ ਵਿਚ ਗੁਣ ਅਤੇ ਅਵਗੁਣ ਸ਼ਬਦਾਂ ਦਾ ਜ਼ਿਕਰ ਆਉਂਦਾ ਹੈ। ਗੁਰੂ ਸਾਹਿਬਾਨ ਅਤੇ ਕਈ ਮਹਾਂ-ਪੁਰਖਾਂ ਨੇ ਸਾਨੂੰ ਚੰਗੀਆਂ ਆਦਤਾਂ ਨੂੰ ‘ਗੁਣ’ ਤੇ ਮਾੜੀਆਂ ਨੂੰ ‘ਅਵਗੁਣ’ ਦਾ ਦਰਜਾ ਦਿੱਤਾ ਹੈ ਅਤੇ ਸਾਨੂੰ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਵਰਗੇ ਔਗੁਣਾਂ ਤੋਂ ਦੂਰ ਰਹਿ ਕੇ ਨੇਕੀ ਕਰਨ, ਸਰਬੱਤ ਦਾ ਭਲਾ ਚਾਹੁਣ ਅਤੇ ਪਰਮਾਤਮਾ ਦਾ ਨਾਂ ਲੈਣ ਵਾਲੇ ਗੁਣ ਅਪਣਾਉਣ ਦੀ ਪ੍ਰੇਰਨਾ ਦਿੱਤੀ ਹੈ।
ਗੁਰਵਾਕ ਹਨ:
ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ।।
***
ਲੋਕੁ ਅਵਗਣਾ ਕੀ ਬੰਨੈ ਗੰਠੜੀ ਗੁਣ ਨਾ ਵਿਹਾਝੈ ਕੋਇ।
ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ।।
ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਕੌੜਾ ਬੋਲਣ ਵਰਗੀ ਮਾੜੀ ਆਦਤ ਬਾਰੇ ਫ਼ਰਮਾਉਂਦੇ ਹਨ:
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।।
ਬਾਬਾ ਫ਼ਰੀਦ ਜੀ ਵੀ ਆਪਣੇ ਇਕ ਸਲੋਕ ਵਿਚ ਮਾੜੀਆਂ ਆਦਤਾਂ (ਕੰਮ) ਤਿਆਗਣ ਲਈ ਕਹਿੰਦੇ ਹਨ:
ਫ਼ਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ।
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ।।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਨ ਵਿਚ ਇੱਛਾ ਸ਼ਕਤੀ ਪੈਦਾ ਕਰਕੇ ਜੇਕਰ ਅਸੀਂ ਆਪਣੀ ਕੋਈ ਆਦਤ ਬਦਲਣੀ ਚਾਹੀਏ ਅਤੇ ਉਸ ਲਈ ਲੋੜੀਂਦਾ ਅਭਿਆਸ ਕਰੀਏ ਤਾਂ ਉਸ ਨੂੰ ਬਦਲਿਆ ਵੀ ਜਾ ਸਕਦਾ ਹੈ। ਗੁਰਬਾਣੀ ਅਤੇ ਕਈ ਮਹਾਂ-ਪੁਰਖਾਂ ਦੇ ਕਥਨ ਵੀ ਇਸ ਲਈ ਸਾਡੀ ਅਗਵਾਈ ਕਰਦੇ ਹਨ। ਇਹ ਵੀ ਵੇਖਣ ਵਿਚ ਆਇਆ ਹੈ ਕਿ ਜਵਾਨੀ ਵੇਲੇ ਕਈ ਕਿਸਮ ਦਾ ਨਸ਼ਾ ਕਰਨ ਵਾਲੇ ਕਈ ਮਨੁੱਖ ਮਗਰਲੀ ਉਮਰੇ ਜਾ ਕੇ ਆਪਣੀ ਇੱਛਾ ਸ਼ਕਤੀ ਨਾਲ ਨਸ਼ੇ ਤਿਆਗ ਵੀ ਦਿੰਦੇ ਹਨ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਪ੍ਰਭੂ-ਭਗਤੀ ਵਾਲੇ ਮਾਰਗ ਵੱਲ ਤੁਰ ਪੈਂਦੇ ਹਨ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਵਾਰਿਸ ਸ਼ਾਹ ਦਾ ਕਥਨ ‘ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ’ ਹਰੇਕ ਮਨੁੱਖ ਉੱਪਰ ਲਾਗੂ ਨਹੀਂ ਹੁੰਦਾ, ਸਗੋਂ ਇਸ ਦੇ ਉਲਟ ਜੇਮਜ਼ ਕਲੀਅਰ ਦੇ ਆਦਤਾਂ ਬਦਲਣ ਲਈ ਦਿੱਤੇ ਗਏ ਚਾਰ ਨਿਯਮ ਵੀ ਸਾਰਥਿਕ ਸਾਬਤ ਹੋ ਸਕਦੇ ਹਨ।
ਫਿਰ ਤਾਂ ਇਹ ਵੀ ਕਿਹਾ ਜਾ ਸਕਦਾ ਹੈ:
ਮਨੁੱਖੀ ਆਦਤਾਂ ਬਦਲੀਆਂ ਜਾ ਸਕਦੀਆਂ ਨੇ,
ਜੇਕਰ ਬਦਲਣ ਦੀ ਇੱਛਾ ਤੇ ਲਗਨ ਹੋਵੇ।
ਸੰਪਰਕ: 1-647-567-9128