ਆਸਟਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਵੱਲੋਂ ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਟਰੱਸਟ ਹਲਵਾਰਾ ਦੇ ਸਹਿਯੋਗ ਨਾਲ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਸੰਪਾਦਕ ਮਰਹੂਮ ਹਰਭਜਨ ਹਲਵਾਰਵੀ ਦੀ ਯਾਦ ਵਿਚ ਸਥਾਪਿਤ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ। ਇਹ ਐਵਾਰਡ ਕਿਰਤੀ ਕਿਸਾਨ ਮੋਰਚੇ ’ਚ ਅੱਗੇ ਵਧ ਕੇ ਯੋਗਦਾਨ ਪਾਉਣ ਵਾਲੀ ਅਗਾਂਹਵਧੂ ਪੰਜਾਬੀ ਲੇਖਿਕਾ ਤੇ ਸਮਾਲੋਚਕ ਡਾ. ਅਰਵਿੰਦਰ ਕੌਰ ਕਾਕੜਾ ਤੇ ਕਿਸਾਨ ਮਜ਼ਦੂਰ ਸੰਘਰਸ਼ ਲਈ ਨਾਟਕ ਖੇਡਦਿਆਂ ਜਾਨ ਕੁਰਬਾਨ ਕਰਨ ਵਾਲੇ ਨਾਟਕਕਾਰ ਤੇ ਰੰਗ ਕਰਮੀ ਸ. ਹੰਸਾ ਸਿੰਘ ਬਿਆਸ (ਅੰਮ੍ਰਿਤਸਰ) ਨੂੰ ਦਿੱਤਾ ਜਾਏਗਾ।
ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਬ੍ਰਿਸਬੇਨ ਦੇ ਪ੍ਰਤੀਨਿਧ ਨੇ ਦੱਸਿਆ ਕਿ ਦਲਬੀਰ ਸਿੰਘ ਸੁਮਨ ਹਲਵਾਰਵੀ (ਆਸਟਰੇਲੀਆ) ਦੇ ਪਿਤਾ ਕਾਮਰੇਡ ਰਤਨ ਸਿੰਘ ਹਲਵਾਰਾ ਦੀ ਯਾਦ ਵਿਚ ਬਣਾਏ ਟਰੱਸਟ ਵੱਲੋਂ ਇਹ ਸਮਾਗਮ ਪਹਿਲਾਂ ਦੀ ਤਰ੍ਹਾਂ ਗੁਰੂ ਰਾਮ ਦਾਸ ਕਾਲਜ ਪੱਖੋਵਾਲ ਰੋਡ, ਹਲਵਾਰਾ (ਲੁਧਿਆਣਾ) ਵਿਖੇ ਕਰਵਾਇਆ ਜਾਵੇਗਾ। ਪੁਰਸਕਾਰ ਚੋਣ ਕਮੇਟੀ ਵਿਚ ਗੁਰਭਜਨ ਗਿੱਲ, ਡਾ. ਨਿਰਮਲ ਜੌੜਾ, ਡਾ. ਗੋਪਾਲ ਸਿੰਘ ਬੁੱਟਰ, ਡਾ. ਜਗਵਿੰਦਰ ਜੋਧਾ, ਸਰਬਜੀਤ ਸੋਹੀ, ਦਲਵੀਰ ਸਿੰਘ ਸੁਮਨ ਹਲਵਾਰਵੀ ਤੇ ਮਨਜਿੰਦਰ ਧਨੋਆ ਸ਼ਾਮਲ ਸਨ।
ਟਰੱਸਟ ਦੇ ਮੀਡੀਆ ਸਕੱਤਰ ਡਾ. ਜਗਵਿੰਦਰ ਜੋਧਾ ਨੇ ਦੱਸਿਆ ਕਿ ਕਿਰਤੀ ਕਿਸਾਨ ਸੰਘਰਸ਼ ਨੂੰ ਸਾਰਾ ਸਮਾਗਮ ਸਮਰਪਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਕਰਵਾਇਆ ਜਾਣ ਵਾਲਾ ਕਵੀ ਦਰਬਾਰ ਕਿਰਤੀ ਕਿਸਾਨ ਸੰਘਰਸ਼ ਵਿਚ ਜਾਨਾਂ ਕੁਰਬਾਨ ਕਰ ਗਏ ਕਿਰਤੀ ਕਿਸਾਨਾਂ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਸਮਾਗਮ ਵਿਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।