ਹਰਜੀਤ ਅਟਵਾਲ
ਸਾਡੇ ਸਮਿਆਂ ਵਿਚ ਪੱਤਰਕਾਰਾਂ ਦੀ ਬਹੁਤੀ ਕਦਰ ਨਹੀਂ ਸੀ। ਲੇਖਕ ਭਾਈਚਾਰਾ ਵੀ ਪੱਤਰਕਾਰਾਂ ਨੂੰ ਵੱਖਰੀ ਨਜ਼ਰ ਨਾਲ ਦੇਖਦਾ ਸੀ। ਮੇਰੇ ਵੇਲੇ ਦਾ ਇੰਗਲੈਂਡ ਵਸਦਾ ਸਾਥੀ ਲੁਧਿਆਣਵੀ ਵਧੀਆ ਲੇਖਕ ਸੀ, ਪਰ ਉਸ ਦੇ ਸਮਕਾਲੀ ਲੇਖਕ ਉਸ ਨੂੰ ਉਸ ਦਾ ਬਣਦਾ ਸਥਾਨ ਕਦੇ ਨਹੀਂ ਸਨ ਦਿੰਦੇ ਕਿਉਂਕਿ ਉਹ ਇਕ ਪੱਤਰਕਾਰ ਵੀ ਸੀ, ਕਈ ਅਖ਼ਬਾਰਾਂ ਲਈ ਕਾਲਮ ਲਿਖਦਾ ਸੀ। ਹੋਰ ਵੀ ਕਈ ਲੇਖਕਾਂ ਦਾ ਨਾਂ ਲਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਪੱਤਰਕਾਰ ਹੋਣ ਕਰਕੇ ਅਣਗੌਲਿਆ ਗਿਆ ਹੈ। ਪਰ ਪੰਜਾਬੀ ਤੋਂ ਬਾਹਰ ਜਾਈਏ ਤਾਂ ਬਹੁਤ ਸਾਰੇ ਮਸ਼ਹੂਰ ਲੇਖਕ ਹੋਏ ਹਨ ਜੋ ਪੱਤਰਕਾਰ ਵੀ ਸਨ ਤੇ ਲੇਖਕ ਵੀ। ਸਭ ਤੋਂ ਵੱਡੀ ਉਦਾਹਰਣ ਹੈਮਿੰਗਵੇਅ ਦੀ ਹੈ ਜਿਸ ਨੇ ਨਾਵਲ ‘ਓਲਡਮੈਨ ਐਂਡ ਦਿ ਸੀ’ ਲਿਖਿਆ ਸੀ। ਐੱਚ.ਜੀ.ਵੈੱਲਜ਼ ਵੀ ਪੱਤਰਕਾਰ ਸੀ। ਪੰਜਾਬੀ ਮੁੰਡਾ ਸਤਨਾਮ ਸੰਘੇੜਾ ਜਿਸ ਨੇ ਅੰਗਰੇਜ਼ੀ ਦੀ ਕਿਤਾਬ, ‘ਬੌਇ ਵਿਦ ਟੌਪ ਨੌਟ’ ਭਾਵ ‘ਗੁੱਟੀ ਵਾਲਾ ਮੁੰਡਾ’ ਲਿਖੀ ਹੈ ਜੋ ਜੀਵਨੀ ਨੁਮਾ ਨਾਵਲ ਹੈ, ਉਹ ਵੀ ਇਕ ਮਸ਼ਹੂਰ ਪੱਤਰਕਾਰ ਹੈ। ਹੋਰ ਵੀ ਅੰਗਰੇਜ਼ੀ ਜਗਤ ਵਿਚ ਫਰੀਲਾਂਸ-ਪੱਤਰਕਾਰੀ ਕਰਦੇ ਬਹੁਤ ਸਾਰੇ ਲੇਖਕ ਵੀ ਹਨ।
ਪਹਿਲੀਆਂ ਵਿਚ ਮੈਂ ਜਿੰਨੇ ਵੀ ਪੱਤਰਕਾਰਾਂ ਨੂੰ ਜਾਣਦਾ ਸਾਂ ਉਨ੍ਹਾਂ ਦੀ ਹਾਲਤ ਪਤਲੀ ਹੀ ਹੁੰਦੀ ਸੀ। ਫਿਰ ਹਾਲਾਤ ਬਦਲੇ। ਪੱਤਰਕਾਰਾਂ ਕੋਲ ਸਾਈਕਲ ਦੀ ਥਾਂ ਮੋਟਰਸਾਈਕਲ ਆਉਣ ਲੱਗੇ, ਫਿਰ ਕਾਰਾਂ। ਅੱਜ ਪਾਕਿਸਤਾਨ ਦੇ ਇਕ ਪੱਤਰਕਾਰ ਮੁਬੱਸ਼ਰ ਲੁਕਮਾਨ ਕੋਲ ਹਵਾਈ ਜਹਾਜ਼ ਵੀ ਹਨ। ਖੈਰ! ਇਹ ਇਕ ਵੱਖਰਾ ਵਿਸ਼ਾ ਹੈ। ਹਾਂ, ਲੰਡਨ ਦੀ ਪੱਤਰਕਾਰੀ ਵੀ ਭਾਰਤ ਦੀ ਪੱਤਰਕਾਰੀ ਵਰਗੀ ਹੀ ਹੈ ਕਿਉਂਕਿ ਦੋਵਾਂ ਦਾ ਕੰਮ ਤਾਂ ਇਕੋ ਜਿਹਾ ਹੀ ਹੁੰਦਾ ਹੈ। ਪੱਤਰਕਾਰ ਅਸਲ ਵਿਚ ਇਕ ਸਟੋਰੀ-ਟੈਲਰ ਹੀ ਹੈ। ਪੱਤਰਕਾਰ ਤਕ ਕੋਈ ਕਹਾਣੀ ਕਿਸੇ ਨਾ ਕਿਸੇ ਜ਼ਰੀਏ ਪੁੱਜਦੀ ਹੈ। ਉਹ ਉਸ ਕਹਾਣੀ ਦੇ ਸੱਚ ਦੀ ਤਹਿਕੀਕਾਤ ਕਰਦਾ ਹੈ, ਤੱਤ ਇਕੱਠੇ ਕਰਦਾ ਹੋਇਆ ਪੂਰੀ ਜਾਣਕਾਰੀ ਹਾਸਲ ਕਰਦਾ ਹੈ ਤੇ ਫਿਰ ਉਹ ਆ ਕੇ ਉਸ ਕਹਾਣੀ ਨੂੰ ਖ਼ਬਰ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰਦਾ ਹੈ। ਲੋਕਾਂ ਸਾਹਮਣੇ ਇਹ ਕਹਾਣੀ ਉਹ ਲਿਖ ਕੇ ਵੀ ਪੇਸ਼ ਕਰ ਸਕਦਾ ਹੈ, ਰੇਡੀਓ ਰਾਹੀਂ ਬੋਲ ਕੇ ਵੀ, ਟੀਵੀ ਉੱਪਰ ਸਾਹਮਣੇ ਪੇਸ਼ ਹੋ ਕੇ ਵੀ, ਕਿਸੇ ਫੋਟੋਗ੍ਰਾਫ ਰਾਹੀਂ ਵੀ, ਹੁਣ ਤਾਂ ਸੋਸ਼ਲ ਮੀਡੀਆ ਵੀ ਆ ਗਿਆ ਹੈ, ਕਿੰਨੇ ਹੀ ਤਰੀਕੇ ਹਨ ਉਸ ਕੋਲ ਆਪਣੀ ਗੱਲ ਦੱਸਣ ਦੇ। ਪੱਤਰਕਾਰ ਨੇ ਆਪਣੀ ਗੱਲ ਲੋਕਾਂ ਸਾਹਮਣੇ ਰੱਖਦਿਆਂ ਆਪਣੀ ਰਾਇ ਵੀ ਦੇਣੀ ਹੁੰਦੀ ਹੈ, ਲੋਕਾਂ ਨੂੰ ਜਾਗਰੂਕ ਵੀ ਕਰਨਾ ਹੁੰਦਾ ਹੈ, ਚਿਤਾਵਨੀ ਵੀ ਦੇਣੀ ਹੁੰਦੀ ਹੈ ਕਿ ਇਸ ਘਟਨਾ ਨਾਲ ਉਨ੍ਹਾਂ ਦੇ ਜੀਵਨ ਉੱਪਰ ਕੀ ਅਸਰ ਪਵੇਗਾ। ਇਵੇਂ ਸਭ ਰਲ਼ਾ ਕੇ ਪੱਤਰਕਾਰ ਕਿਸੇ ਘਟਨਾ ਬਾਰੇ ਲੋਕ-ਰਾਇ ਬਣਾਉਣ ਵਿਚ ਸਹਾਈ ਹੁੰਦਾ ਹੈ। ਇਵੇਂ ਉਸ ਦੀ ਜ਼ਿੰਮੇਵਾਰੀ ਬਹੁਤ ਹੀ ਵਧ ਜਾਂਦੀ ਹੈ। ਇਕੀਵੀਂ ਸਦੀ ਦੇ ਪੱਤਰਕਾਰ ਨੇ ਤਾਂ ‘ਸਟੇਟਸ ਕੋ’ ਵਾਲੀ ਸਥਿਤੀ ਨੂੰ ਵੀ ਤੋੜਨਾ ਹੁੰਦਾ ਹੈ। ਉਹ ਇਕ ਸਾਧਾਰਨ ਪੱਤਰਕਾਰ ਨਾ ਹੋ ਕੇ ਘਟਨਾ ਤੇ ਆਮ ਬੰਦੇ ਵਿਚ ਅਹਿਮ ਕੜੀ ਹੋ ਨਿੱਬੜਦਾ ਹੈ। ਕਈ ਪੱਤਰਕਾਰ ਇਕੋ ਘਟਨਾ ਨੂੰ ਲੈ ਕੇ ਸਾਲਾਂ ਬੱਧੀ ਇਸ ਦੀ ਤਹਿਕੀਕਾਤ ਕਰਦੇ ਰਹਿੰਦੇ ਹਨ ਤੇ ਕਈ ਵਾਰ ਜਾਨ ਵੀ ਗੁਆ ਲੈਂਦੇ ਹਨ। ਮੇਰਾ ਦੋਸਤ ਟਿਮ ਬਲੇਅਰ ਜਿਸ ਨੇ ਮੈਨੂੰ ਪੱਤਰਕਾਰੀ ਦੀ ਅਹਿਮੀਅਤ ਬਾਰੇ ਦੱਸਿਆ, ਉਸ ’ਤੇ ਦੋ ਵਾਰ ਜਾਨ ਲੇਵਾ ਹਮਲਾ ਹੋਇਆ। ਉਹ ਕਰਾਈਮ ਰਿਪੋਰਟਰ ਹੈ। ਉਸ ਨੇ ਹੀ ਮੈਨੂੰ ਕਿਹਾ ਸੀ ਕਿ ਹਰ ਲੇਖਕ ਨੂੰ ਪੱਤਰਕਾਰ ਵੀ ਹੋਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਆਪਣੀ ਲਿਖੀ ਰਚਨਾ ਨੂੰ ਸੰਪਾਦਿਤ ਕਰਨਾ ਆ ਜਾਵੇ।
ਅੱਜ ਦੀ ਪੱਤਰਕਾਰੀ ਤਾਂ ਇਕ ਸਮੁੰਦਰ ਹੈ। ਕੋਈ ਕਰਾਈਮ ਰਿਪੋਰਟਰ ਹੋ ਸਕਦਾ ਹੈ, ਕੋਈ ਖੇਡ ਰਿਪੋਰਟਰ, ਕੋਈ ਸਾਇੰਸ, ਰਾਜਨੀਤੀ, ਸਿਨਮਾ, ਜਾਣੀ ਕਿ ਹਰ ਸ਼ੋਭੇ ਦੇ ਰਿਪੋਰਟਰ ਹੁੰਦੇ ਹਨ। ਅੱਸੀਵਿਆਂ ਵਿਚ ਕੇਟ ਐਡੀ ਨਾਂ ਦੀ ਬੀਬੀਸੀ ਦੀ ਵਾਰ ਰਿਪੋਰਟਰ ਹੁੰਦੀ ਸੀ, ਉਸ ਬਾਰੇ ਚੁਟਕਲਾ ਘੜਿਆ ਹੋਇਆ ਸੀ ਕਿ ਜਿੱਥੇ ਵੀ ਇਹ ਔਰਤ ਜਾਵੇ, ਉੱਥੇ ਹੀ ਲੜਾਈ ਲੱਗ ਜਾਂਦੀ ਹੈ। ਹਰ ਪੱਤਰਕਾਰ ਦੀ ਇਕ ਵਿਸ਼ੇਸ਼ ਸ਼ੈਲੀ ਹੁੰਦੀ ਹੈ ਜਿਸ ਕਰਕੇ ਉਸ ਨੂੰ ਪਸੰਦ ਤੇ ਯਾਦ ਕੀਤਾ ਜਾਂਦਾ ਹੈ।
ਜੇ ਆਪਾਂ ਲੰਡਨ ਦੀ ਪੱਤਰਕਾਰੀ ਬਾਰੇ ਗੱਲ ਕਰੀਏ ਤਾਂ ਲੰਡਨ ਬਰਤਾਨੀਆ ਤੇ ਯੂਰੋਪ ਦੀ ਪੱਤਰਕਾਰੀ ਦਾ ਧੁਰਾ ਰਿਹਾ ਹੈ। ਇਸ ਦਾ ਇਤਿਹਾਸ ਦੇਖਣ ਲਈ ਪੰਦਰਵੀਂ ਸਦੀ ਤਕ ਜਾਣਾ ਹੋਵੇਗਾ। ਯੂਰੋਪ ਤੇ ਬਰਤਾਨੀਆ ਵਿਚ ਪੱਤਰਕਾਰੀ ਤਕਰੀਬਨ ਇਕੋ ਸਮੇਂ ਹੀ ਪ੍ਰਫੁੱਲਤ ਹੋਣੀ ਸ਼ੁਰੂ ਹੋਈ। ਖ਼ਬਰਾਂ ਨੂੰ ਇਕੱਠੀਆਂ ਕਰਕੇ ਉਨ੍ਹਾਂ ਨੂੰ ਅੱਗੇ ਪ੍ਰਸਾਰਿਤ ਕਰਨ ਦੇ ਤਰੀਕੇ ਹੌਲੀ ਹੌਲੀ ਪੜਾਅ ਦਰ ਪੜਾਅ ਵਧੇ-ਫੁੱਲੇ ਹਨ। ਖ਼ਬਰਾਂ ਨੂੰ ਇਕੱਠਿਆਂ ਕਰਨ ਦੀ ਪ੍ਰਕਿਰਿਆ ਸਦਾ ਸਹਿਜ ਵਿਚ ਹੁੰਦੀ ਹੈ ਤੇ ਇਨ੍ਹਾਂ ਨੂੰ ਪ੍ਰਸਾਰਿਤ ਕਰਨ ਦੀ ਰਫ਼ਤਾਰ ਬਹੁਤ ਤੇਜ਼ ਹੁੰਦੀ ਹੈ। ਅਖ਼ਬਾਰ ਪ੍ਰਮੁੱਖ ਤੌਰ ’ਤੇ ਸਤਾਰਵੀਂ ਸਦੀ ਤੋਂ ਸ਼ੁਰੂ ਹੁੰਦੀ ਹੈ ਤੇ ਮੈਗਜ਼ੀਨ ਅਠਾਰਵੀਂ ਸਦੀ ਤੋਂ ਆਰੰਭ ਹੁੰਦੇ ਹਨ ਤੇ ਇਸ ਸਦੀ ਵਿਚ ਪ੍ਰਿੰਟ ਮੀਡੀਆ ਦੀ ਪੱਤਰਕਾਰੀ ਆਪਣੇ ਅਰੂਜ਼ ’ਤੇ ਜਾ ਪੁੱਜੀ ਸੀ। ਉਨੀਵੀਂ ਸਦੀ ਵਿਚ ਰੇਡੀਓ ਤੇ ਫਿਰ ਟੈਲੀਵਿਜ਼ਨ ਆ ਗਏ। ਖ਼ਬਰਾਂ ਪ੍ਰਸਾਰਿਤ ਕਰਨ ਦੇ ਤਰੀਕੇ ਵੀ ਸਮੇਂ ਸਮੇਂ ਬਦਲਦੇ ਰਹੇ ਹਨ। ਮੇਰੇ ਬਾਬੇ ਨੇ ਮੈਨੂੰ ਦੱਸਿਆ ਸੀ ਕਿ ਰਣਜੀਤ ਸਿੰਘ ਦੇ ਵੇਲੇ ਲਾਹੌਰ ਵਿਚ ਵਾਪਰੀਆਂ ਘਟਨਾਵਾਂ ਗਵੱਈਏ ਪਿੰਡਾਂ ਵਿਚ ਗਾ ਕੇ ਸੁਣਾਇਆ ਕਰਦੇ ਸਨ। ਸ਼ੁਰੂ ਦੇ ਦਿਨਾਂ ਵਿਚ ਬੈਲਜੀਅਮ ਖ਼ਬਰਾਂ ਦੇ ਚੈਨਲ ਦਾ ਹੱਬ ਹੁੰਦਾ ਸੀ। ਇਸ ਦੇ ਯੂਰੋਪ ਨੂੰ ਜੋੜਨ ਦੇ ਦੋ ਲਿੰਕ ਸਨ, ਇਕ ਫਰਾਂਸ, ਜਰਮਨੀ, ਹਾਲੈਂਡ ਤੇ ਬਰਤਾਨੀਆ ਤੇ ਦੂਜਾ ਇਟਲੀ, ਸਪੇਨ ਤੇ ਪੁਰਤਗਾਲ। ਇਨ੍ਹਾਂ ਵਿਚ ਵੱਡੀਆਂ ਖ਼ਬਰਾਂ ਲੜਾਈ, ਫ਼ੌਜਾਂ ਦੇ ਆਪਸੀ ਸਬੰਧਾਂ, ਡਿਪਲੋਮੈਸੀ, ਅਦਾਲਤਾਂ ਅਤੇ ਛੋਟੇ-ਮੋਟੇ ਗੌਸਿਪ ਹੁੰਦੇ ਸਨ। 1622 ਵਿਚ ਪਹਿਲਾ ਅੰਗਰੇਜ਼ੀ ਜ਼ੁਬਾਨ ਦਾ ਵੀਕਲੀ ਮੈਗਜ਼ੀਨ ‘ਏ ਕਰੰਟ ਔਫ ਜਨਰਲ ਨਿਊਜ਼’ ਛਪਿਆ ਸੀ, ਇਹ ਚੌਵੀ ਸਫੇ ਦੀ ਸੀ। ਬਰਤਾਨੀਆ ਵਿਚ ਯੂਰੋਪ ਦੇ ਮੁਕਾਬਲੇ ਛਪਾਈ ਦਾ ਕੰਮ ਬਹੁਤ ਮੁਸ਼ਕਲ ਸੀ। ਇਹ ਸਭ ਰਾਜੇ ਜਾਣੀ ਕਿ ਸਰਕਾਰ ਦੇ ਹੱਥ ਵਿਚ ਸੀ। ਆਮ ਕਰਕੇ ਧਾਰਮਿਕ ਕਿਤਾਬਾਂ ਜਾਂ ਪ੍ਰਸੰਸਾਮਈ ਰਾਜਨੀਤਕ ਸਮੱਗਰੀ ਨੂੰ ਹੀ ਛਾਪਿਆ ਜਾਂਦਾ। ਕਿਸੇ ਚੀਜ਼ ਛਾਪਣ ਉੱਪਰ ਬਹੁਤ ਪਾਬੰਦੀਆਂ ਸਨ। ਬੈਂਜਮਿਨ ਹੈਰਿਸ ਨੂੰ ਰਾਜੇ ਦੀ ਹਲਕੀ ਜਿਹੀ ਨੁਕਤਾਚੀਨੀ ਕਾਰਨ ਭਾਰੀ ਜੁਰਮਾਨਾ ਕਰ ਦਿੱਤਾ ਗਿਆ। ਉਹ ਜੁਰਮਾਨਾ ਨਾ ਦੇ ਸਕਿਆ ਤਾਂ ਉਸ ਨੂੰ ਜੇਲ੍ਹ ਕਰ ਦਿੱਤੀ। ਬਾਅਦ ਵਿਚ ਉਸ ਨੇ ਅਮਰੀਕਾ ਵਿਚ ਜਾ ਕੇ ਆਪਣੀ ਅਖ਼ਬਾਰ ਕੱਢੀ ਸੀ। ਵਿਲੀਅਮ ਤੀਜੇ ਦੇ ਆਉਣ ਤਕ ਅਖ਼ਬਾਰਾਂ ਨੂੰ ਕੁਝ ਢਿੱਲ ਮਿਲੀ। ਹੁਣ ਪਾਰਲੀਮੈਂਟ ਵਿਚ ਵਿਰੋਧੀ ਪਾਰਟੀ ਦੀ ਧਾਰਨਾ ਨੇ ਪੈਰ ਫੜ ਲਏ ਸਨ ਤੇ ਵਿਰੋਧੀ ਪਾਰਟੀ ਨੇ ਸਰਕਾਰ ਦੀ ਆਲੋਚਨਾ ਕਰਨੀ ਹੀ ਹੁੰਦੀ ਸੀ। ਇਵੇਂ ਨੁਕਤਾਚੀਨੀ ਖ਼ਬਰਾਂ ਦਾ ਅਹਿਮ ਹਿੱਸਾ ਬਣਦੀ ਗਈ। ਅਠਾਰਵੀਂ ਸਦੀ ਦੇ ਆਉਣ ਤਕ ਬਰਤਾਨੀਆ ਦੀ ਆਰਥਿਕ ਤੇ ਸਮਾਜਿਕ ਹਾਲਤ ਬਹੁਤ ਪਤਲੀ ਰਹੀ ਹੈ। ਗ਼ੁਰਬਤ ਬਹੁਤ ਸੀ ਤੇ ਸਿਵਲ ਵਾਰ ਨੇ ਵੀ ਬਰਤਾਨੀਆ ਦਾ ਲੱਕ ਤੋੜਿਆ ਹੋਇਆ ਸੀ। ਪਰ ਫਿਰ ਬਰਤਾਨੀਆ ਨੇ ਕਾਲੋਨੀਆਂ ਬਣਾ ਕੇ ਆਪਣਾ ਵਿਸਥਾਰ ਕਰਨਾ ਸ਼ੁਰੂ ਕੀਤਾ। ਭਾਰਤ ਵਰਗੀਆਂ ਕਾਲੋਨੀਆਂ ਤੋਂ ਖ਼ੂਬ ਲੁੱਟ-ਮਾਰ ਕੀਤੀ ਤੇ ਆਪਣੇ ਖ਼ਜ਼ਾਨੇ ਭਰਨੇ ਸ਼ੁਰੂ ਕਰ ਦਿੱਤੇ, ਇੰਡਸਟਰੀਅਲ ਰੈਵੋਲੂਸ਼ਨ ਨੇ ਬਰਤਾਨੀਆ ਨੂੰ ਕਿਤੇ ਦਾ ਕਿਤੇ ਪਹੁੰਚਾ ਦਿੱਤਾ। ਲੋਕ ਪੜ੍ਹ ਲਿਖ ਗਏ। ਹਰ ਸ਼ੋਭੇ ਵਿਚ ਤਰੱਕੀ ਹੋਈ ਤੇ ਇਸ ਦੇ ਨਾਲ ਹੀ ਪ੍ਰਿੰਟ ਮੀਡੀਆ ਨੇ ਵੀ ਬਹੁਤ ਤਰੱਕੀ ਕੀਤੀ। ਅਣਗਿਣਤ ਅਖ਼ਬਾਰਾਂ ਨਿਕਲਣ ਲੱਗੀਆਂ। ਅਖ਼ਬਾਰਾਂ ਨੇ ਬਹੁਤ ਸਾਰੇ ਲੇਖਕ ਬਣਾਏ। ਪੱਤਰਕਾਰੀ ਦਾ ਇਕ ਸੱਭਿਆਚਾਰ ਪੈਦਾ ਹੋਇਆ।
ਬਰਤਾਨੀਆ ਵਿਚ ਡੈਨੀਅਲ ਡੀਫੋਏ (1660-1731) ਨੂੰ ਪੱਤਰਕਾਰੀ ਦਾ ਪਿਤਾਮਾ ਮੰਨਿਆ ਜਾਂਦਾ ਹੈ। ਇੱਥੇ ਪਹਿਲੀ ਅਖ਼ਬਾਰ 1665 ਵਿਚ ਛਪੀ ਜਿਸ ਦਾ ਨਾਂ ‘ਦਿ ਔਕਸਫੋਰਡ ਗਜ਼ਟ’ ਸੀ, ਜੋ ਹਫ਼ਤਾਵਰੀ ਸੀ, ਜਿਸ ਨੇ ਉਸੇ ਸਾਲ ਫੈਲੀ ਗਰੇਟ ਪਲੇਗ ਔਫ ਲੰਡਨ ਨੂੰ ਕਵਰ ਕੀਤਾ ਤੇ ਅਗਲੇ ਸਾਲ ਹੀ ਇਸ ਦਾ ਨਾਂ ‘ਦਿ ਲੰਡਨ ਗਜ਼ਟ’ ਕਰ ਦਿੱਤਾ। ਪਹਿਲੀ ਰੋਜ਼ਾਨਾ ਅਖ਼ਬਾਰ ‘ਦਿ ਡੇਲੀ ਕਰੰਟ’ 4 ਮਾਰਚ 1703 ਨੂੰ ਛਪੀ। ਇਹ ਅਖ਼ਬਾਰ ਲੰਡਨ ਦੀ ਫਲੀਟ ਸਟਰੀਟ ’ਤੇ ਛਪਣੀ ਸ਼ੁਰੂ ਹੋਈ ਸੀ। ਉਦੋਂ ਤੋਂ ਲੈ ਕੇ ਅੱਜ ਤਕ ਬਰਤਾਨੀਆ ਦੀਆਂ ਬਹੁਤੀਆਂ ਅਖ਼ਬਾਰਾਂ ਫਲੀਟ ਸਟਰੀਟ ਤੋਂ ਹੀ ਛਪਦੀਆਂ ਆ ਰਹੀਆਂ ਹਨ। ਇਸ ਤੋਂ ਬਾਅਦ ਤਾਂ ਅਖ਼ਬਾਰਾਂ ਦਾ ਹੜ੍ਹ ਆ ਗਿਆ। ਸਭ ਤੋਂ ਪੁਰਾਣਾ ਅਖ਼ਬਾਰ ਜੋ ਅੱਜ ਵੀ ਨਿਕਲ ਰਿਹਾ ਹੈ, ‘ਦਿ ਟਾਈਮਜ਼’ (01/01/1788) ਹੈ। ਇਵੇਂ ਹੀ ‘ਦਿ ਓਬਜ਼ਰਬਰ’ (01/12/1791) ਜੋ ਹਰ ਐਤਵਾਰ ਨਿਕਲਣ ਵਾਲਾ ਪਹਿਲਾ ਅਖ਼ਬਾਰ ਹੈ, ਉਹ ਅੱਜ ਵੀ ਹਰ ਐਤਵਾਰ ਨੂੰ ਪ੍ਰਕਾਸ਼ਿਤ ਹੁੰਦਾ ਹੈ। ਅੱਜ ਲੰਡਨ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਅਖ਼ਬਾਰਾਂ ਦਾ ਘਰ ਹੈ। ਇੱਥੇ ਪੱਤਰਕਾਰਾਂ ਦਾ ਹਜ਼ੂਮ ਹੈ। ਲੰਡਨ ਪ੍ਰੈੱਸ ਕਲੱਬ ਵੱਲੋਂ ਕਈ ਕਿਸਮ ਦੇ ਪ੍ਰੋਗਰਾਮ ਨਿਰੰਤਰ ਚਲਦੇ ਰਹਿੰਦੇ ਹਨ। ਮੇਲੇ ਲੱਗਦੇ ਰਹਿੰਦੇ ਹਨ। ਹਰ ਸਾਲ ਪੱਤਰਕਾਰਾਂ ਨੂੰ ਇਨਾਮ ਦਿੱਤੇ ਜਾਂਦੇ ਹਨ।
ਪੱਤਰਕਾਰੀ ਦਾ ਸੱਭਿਆਚਾਰ ਪੱਤਰਕਾਰਾਂ ਤੇ ਪੱਤਰਕਾਰੀ ਦੀਆਂ ਲੋੜਾਂ ਸਿਰਜਦਾ ਹੈ। ਲੰਡਨ ਪੱਤਰਕਾਰਾਂ ਦਾ ਗੜ੍ਹ ਤਾਂ ਹੈ ਹੀ, ਇੱਥੇ ਪੱਤਰਕਾਰਾਂ ਦੀ ਸਭ ਤੋਂ ਵੱਡੀ ਯੂਨੀਅਨ ‘ਬੀਏਜੇ’ (BAJ-The British Association of Journalists) ਹੈ। ਉਂਜ ਹਰ ਸ਼ੋਭੇ ਦੇ ਪੱਤਰਕਾਰਾਂ ਦੀਆਂ ਵੱਖ ਵੱਖ ਯੂਨੀਅਨਾਂ ਵੀ ਹਨ ਜਿਵੇਂ ਖੇਤੀਬਾੜੀ ਨਾਲ ਜੁੜੇ ਪੱਤਰਕਾਰਾਂ ਦੀ ਆਪਣੀ, ਖੇਡਾਂ ਨਾਲ ਜੁੜਿਆਂ ਦੀ ਆਪਣੀ ਤੇ ਇਵੇਂ ਹੀ ਹੋਰ ਵੀ। ਲੰਡਨ ਦੇ ਪੱਤਰਕਾਰ ਵੀ ਆਪਣਾ ਕੰਮ ਕੱਢਣ ਲਈ ਕਈ ਕਿਸਮ ਦੇ ਹੱਥਕੰਡੇ ਅਪਣਾਉਂਦੇ ਹਨ। ਜਦ ਵੀ ਕਦੇ ਭਾਰਤੀ ਪੱਤਰਕਾਰਾਂ ਤੇ ਪੱਛਮੀ ਦੁਨੀਆਂ ਦੇ ਪੱਤਰਕਾਰਾਂ ਵਿਚਲੇ ਫ਼ਰਕ ਦੀ ਗੱਲ ਹੁੰਦੀ ਹੈ ਤਾਂ ਸਭ ਕਹਿੰਦੇ ਹਨ ਕਿ ਭਾਰਤੀ ਪੱਤਰਕਾਰ ਸੱਚ ਉੱਪਰੋਂ ਧੂੜ ਨੂੰ ਪੂਰੀ ਤਰ੍ਹਾਂ ਨਹੀਂ ਝਾੜਦੇ। ਪੱਛਮੀ ਪੱਤਰਕਾਰੀ ਵਿਚ ਵੀ ‘ਗਰੇਅ ਏਰੀਏ’ ਹਨ। ਭਾਰਤ ਵਾਂਗ ਲੰਡਨ ਦੇ ਕੁਝ ਪੱਤਰਕਾਰ ਵੀ ਖ਼ਬਰ ਨੂੰ ਸਨਸਨੀ ਬਣਾ ਕੇ ਪੇਸ਼ ਕਰਦੇ ਹਨ, ਪਰ ਹਿਸਾਬ ਨਾਲ। ਸਾਡੇ ਤਾਂ ਅੱਜਕੱਲ੍ਹ ਆਵਾ ਹੀ ਊਤਿਆ ਪਿਆ ਹੈ। ਭਾਰਤ ਦਾ ਅੱਜ ਦਾ ਮੀਡੀਆ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾ ਰਿਹਾ ਬਲਕਿ ਸਰਕਾਰ ਦੇ ਗੋਦੀ ਲਏ ਮੀਡੀਆ ਨੇ ਤਾਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਛਿੱਕੇ ਹੀ ਟੰਗ ਰੱਖਿਆ ਹੈ। ਆਪਣੇ ਚੈਨਲਾਂ ਦੀ ਟੀ.ਆਰ.ਪੀ. ਵਧਾਉਣ ਲਈ ਜਾਂ ਵੱਧ ਅਖ਼ਬਾਰ ਵੇਚਣ ਲਈ ਉਹ ਕਿਸੇ ਵੀ ਪੱਧਰ ਤਕ ਡਿੱਗ ਸਕਦੇ ਹਨ। ਇਹ ਬਹੁਤ ਫਿਕਰ ਵਾਲੀ ਗੱਲ ਹੈ।