ਅਵਤਾਰ ਐੱਸ. ਸੰਘਾ
ਜਦੋਂ ਮੈਂ ਕੈਨੇਡਾ ਗਿਆ ਤਾਂ ਹੇਸਟਿੰਗਜ਼ ਸਟਰੀਟ, ਵੈਨਕੁਵਰ ਵਿੱਚੋਂ ਗੁਜ਼ਰਦੇ ਸਮੇਂ ਗੱਲ ਚੱਲੀ।
‘‘ਸਰ ਜੀ, ਆਹ ਦੇਖੋ ਇਸ ਸੜਕ ਦਾ ਆਲਾ ਦੁਆਲਾ! ਦੇਖ ਲਓ ਇਨ੍ਹਾਂ ਲੋਕਾਂ ਦੀ ਹਾਲਤ! ਕਹਿਣ ਨੂੰ ਇਹ ਵੈਨਕੁਵਰ ਏ। ਆਹ ਸੜਕ ਦੇ ਦੋਹੀਂ ਪਾਸੀਂ ਬੈਠੇ ਬੇਘਰਿਆਂ ਦੀ ਜ਼ਿੰਦਗੀ ਜਾਨਵਰਾਂ ਤੋਂ ਵੀ ਭੈੜੀ ਏ। ਔਹ ਦੇਖ ਲਓ ਕੋਈ ਸਿਰ ਉੱਪਰ ਅਧੋਰਾਣੇ ਕੱਪੜੇ ਦਾ ਤੰਬੂ ਜਿਹਾ ਬਣਾ ਕੇ ਲੰਮਾ ਪਿਆ ਏ, ਕੋਈ ਛਤਰੀ ਤਾਣ ਕੇ ਉਸ ਦੀ ਛਾਵੇਂ ਸੁੱਤਾ ਪਿਆ ਏ, ਕੋਈ ਠੂਠੇ ’ਚੋਂ ਕੁਝ ਖਾ ਰਿਹਾ ਏ, ਕੋਈ ਕਿਧਰੇ ਘਿਸਰ ਘਿਸਰ ਕੇ ਲੰਮਾ ਪੈਣ ਜੋਗਾ ਥਾਂ ਬਣਾ ਰਿਹਾ ਏ, ਕੋਈ ਅੱਧਾ ਕੁ ਬੈਠਾ ਏ ਤੇ ਅੱਧਾ ਕੁ ਖੜ੍ਹਾ ਏ- ਸ਼ਾਇਦ ਨਸ਼ੇ ਦੀ ਡੋਜ਼ ਨੇ ਇਸ ਨੂੰ ਇਵੇਂ ਕਰ ਦਿੱਤਾ ਏ ਤੇ ਕੋਈ ਪੂਰਾ ਨਸ਼ਾ ਖਾ ਕੇ ਘੂਕ ਸੁੱਤਾ ਪਿਆ ਏ। ਮੀਂਹ, ਹਨੇਰੀ, ਝੱਖੜ ਵੇਲੇ ਇਨ੍ਹਾਂ ਦੀ ਕੀ ਹਾਲਤ ਹੁੰਦੀ ਹੋਵੇਗੀ? ਬਰਫ਼ ਪੈਣ ਸਮੇਂ ਇਹ ਕਿਵੇਂ ਡੰਗ ਟਪਾਉਂਦੇ ਹੋਣਗੇ?’’
ਮੇਰਾ ਪੁਰਾਣਾ ਵਿਦਿਆਰਥੀ ਦਲਜੀਤ ਮੇਰੀ ਇਸ ਇਲਾਕੇ ਨਾਲ ਵਾਕਫੀਅਤ ਕਰਵਾਉਂਦਾ ਗਿਆ ਤੇ ਨਾਲ ਨਾਲ ਹੌਲੀ ਹੌਲੀ ਇੱਥੇ ਕਾਰ ਚਲਾਉਂਦਾ ਗੁਜ਼ਰਦਾ ਗਿਆ।
‘‘ਦਲਜੀਤ, ਵੈਨਕੁਵਰ ਨੂੰ ਤਾਂ ਕਈ ਸਰਵੇਖਣਾਂ ਵਿੱਚ ਦੁਨੀਆ ਦਾ ਤੀਜੇ ਨੰਬਰ ਦਾ ‘ਮੋਸਟ ਲਿਵਏਬਲ ਸਿਟੀ’ ਕਿਹਾ ਗਿਆ ਏ। ਜਦ ਸਿਡਨੀ ਤੋਂ ਇੱਧਰ ਨੂੰ ਤੁਰਿਆ ਤਾਂ ਮੈਨੂੰ ਲੱਗਦਾ ਸੀ ਕਿ ਮੈਂ ਕਿਸੇ ਸਵਰਗ ਵੱਲ ਜਾ ਰਿਹਾ ਹਾਂ। ਇੱਥੇ ਆ ਕੇ ਕਾਫ਼ੀ ਕੁਝ ਵਧੀਆ ਲੱਗਾ, ਪਰ ਹੇਸਟਿੰਗਜ਼ ਸਟਰੀਟ ਨੇ ਮੇਰਾ ਮਨ ਖੱਟਾ ਕਰ ਦਿੱਤਾ। ਮੈਂ ਸੁਣਿਆ ਏ ਕਿ ਲੋਕ ਰਾਹਗੀਰਾਂ ਦੇ ਬੋਤਲਾਂ ਵੀ ਮਾਰ ਦਿੰਦੇ ਨੇ? ਕੀ ਇਹ ਚੋਰੀਆਂ ਵੀ ਕਰਦੇ ਹਨ? ਕੀ ਸਰਕਾਰ ਇਨ੍ਹਾਂ ਨੂੰ ਪੈਸੇ ਨਹੀਂ ਦਿੰਦੀ?’’
‘‘ਸਰ, ਇਹ ਲੋਕ ਬੜੇ ਨੇਕ ਲੋਕ ਹਨ। ਇਹ ਵਿਚਾਰੇ ਕਿਸੇ ਨੂੰ ਕੁਝ ਵੀ ਨਹੀਂ ਕਹਿੰਦੇ। ਲੋਕ ਐਵੇਂ ਇਨ੍ਹਾਂ ਨੂੰ ਬਦਨਾਮ ਕਰਦੇ ਰਹਿੰਦੇ ਹਨ। ਕਈ ਗੁਰਦੁਆਰੇ ਵਾਲੇ ਆ ਕੇ ਇਨ੍ਹਾਂ ਨੂੰ ਲੰਗਰ ਛਕਾ ਜਾਂਦੇ ਹਨ। ਮੈਂ ਵੀ ਕਈ ਵਾਰ ਉਨ੍ਹਾਂ ਨਾਲ ਆਇਆ ਸਾਂ। ਜਦ ਅਸੀਂ ਲੰਗਰ ਲੈ ਕੇ ਆਈਦਾ ਏ ਤਾਂ ਇਹ ਵਿਚਾਰੇ ਬੜੇ ਸੋਹਣੇ ਤਰੀਕੇ ਨਾਲ ਲਾਈਨ ਵਿੱਚ ਲੱਗ ਜਾਂਦੇ ਹਨ ਤੇ ਵਾਰੀ ਵਾਰੀ ਸਾਥੋਂ ਭੋਜਨ ਪ੍ਰਾਪਤ ਕਰਦੇ ਹਨ। ਇਨ੍ਹਾਂ ਦਾ ਵਿਵਹਾਰ ਬਹੁਤ ਹੀ ਵਧੀਆ ਹੁੰਦਾ ਏ। ਜੋ ਸਰਕਾਰ ਇਨ੍ਹਾਂ ਨੂੰ ਦਿੰਦੀ ਏ ਉਹ ਬਹੁਤ ਥੋੜ੍ਹਾ ਹੁੰਦਾ ਏ। ਇਹ ਲੋਕ ਨਸ਼ੇ ਤਾਂ ਕਰਦੇ ਹੀ ਹਨ। ਸਰਕਾਰ ਇਨ੍ਹਾਂ ਨੂੰ ਹਾਈਡਰੋ ਮੋਰਫੀਨ ਨਾਂ ਦਾ ਨਸ਼ਾ ਦਿੰਦੀ ਏ। ਇਸ ਨਾਲ ਇਨ੍ਹਾਂ ਦਾ ਨਹੀਂ ਸਰਦਾ। ਇਹ ਵੱਧ ਨਸ਼ੇ ਦੇ ਆਦੀ ਹੋ ਚੁੱਕੇ ਹਨ।’’
‘‘ਕੀ ਇਨ੍ਹਾਂ ਦੁਕਾਨਾਂ ਨੂੰ ਕੋਈ ਖ਼ਤਰਾ ਨਹੀਂ ਜਿਨ੍ਹਾਂ ਦੇ ਮੂਹਰੇ ਇਹ ਲੰਮੇ ਪਏ ਹਨ? ਕੀ ਇਹ ਚੋਰੀਆਂ ਤਾਂ ਨਹੀਂ ਕਰਦੇ? ਕੀ ਇਹ ਦੁਕਾਨਾਂ ਨੂੰ ਤੋੜਦੇ ਤਾਂ ਨਹੀਂ? ਇਹ ਕੋਈ ਕੰਮ ਕਿਉਂ ਨਹੀਂ ਕਰਦੇ?’’ ਮੈਂ ਦਲਜੀਤ ਤੋਂ ਪੁੱਛਿਆ।
ਦਲਜੀਤ ਕਹਿਣ ਲੱਗਾ, ‘‘ਇਹ ਦੁਕਾਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ। ਇਹ ਚੋਰੀਆਂ ਵੀ ਨਹੀਂ ਕਰਦੇ। ਕੰਮ ਕਰਨ ਯੋਗ ਇਹ ਹੈ ਹੀ ਨਹੀਂ। ਇਨ੍ਹਾਂ ਵਿੱਚ ਬਹੁਤੇ ਬੁੱਢੇ ਅਤੇ ਕਮਜ਼ੋਰ ਹਨ। ਮੁਸ਼ਕਿਲ ਨਾਲ ਤਾਂ ਇਨ੍ਹਾਂ ਤੋਂ ਤੁਰ ਹੁੰਦਾ ਏ। ਇਹ ਉੱਠ ਕੇ ਭੀਖ ਮੰਗਣ ਵੀ ਨਹੀਂ ਜਾ ਸਕਦੇ। ਹਾਂ, ਇੱਕ ਗੱਲ ਸੁਣਦੇ ਹਾਂ, ਜੇ ਇਹ ਕਿਸੇ ਦੀ 1000 ਡਾਲਰ ਤੋਂ ਘੱਟ ਕੀਮਤ ਦੀ ਚੀਜ਼ ਚੋਰੀ ਕਰ ਲੈਣ ਤਾਂ ਕਾਨੂੰਨ ਇਨ੍ਹਾਂ ਨੂੰ ਕੁਝ ਨਹੀਂ ਕਹਿੰਦਾ।’’
‘‘ਕੀ ਕੈਨੇਡਾ ਵਿੱਚ ਭੀਖ ਮੰਗਣੀ ਕਾਨੂੰਨੀ ਜੁਰਮ ਨਹੀਂ ਹੈ?’’
‘‘ਸਰ! ਹੈ ਤਾਂ ਜੁਰਮ। ਫਿਰ ਵੀ ਟਾਵੇਂ ਟਾਵੇਂ ਭਿਖਾਰੀ ਲੁਕ ਛਿਪ ਕੇ ਦਾਅ ਲਗਾਉਂਦੇ ਰਹਿੰਦੇ ਹਨ। ਮੈਂ ਤੁਹਾਨੂੰ ਆਪਣੇ ਨਾਲ ਵਾਪਰੀਆਂ ਦੋ ਘਟਨਾਵਾਂ ਦੱਸਦਾ ਹਾਂ।’’
‘‘ਭਿਖਾਰੀਆਂ ਬਾਰੇ?’’
‘‘ਹਾਂ, ਭਿਖਾਰੀਆਂ ਬਾਰੇ। ਮੈਂ ਉਦੋਂ ਟਰੱਕ ਚਲਾਉਂਦਾ ਹੁੰਦਾ ਸਾਂ। ਮੈਂ ਟਰੱਕ ਵਿੱਚ ਤੇਲ ਪਵਾਉਣ ਲਈ ਇੱਕ ਪੈਟਰੋਲ ਸਟੇਸ਼ਨ ’ਤੇ ਰੁਕਿਆ। ਤੇਲ ਪਵਾਉਣ ਵੇਲੇ ਹੋਜ਼ ਟਰੱਕ ’ਚੋਂ ਕੱਢ ਕੇ ਬਾਹਰ ਰੱਖਣੀ ਹੁੰਦੀ ਸੀ। ਮੈਂ ਬਾਹਰ ਰੱਖ ਦਿੱਤੀ। ਤੇਲ ਭਰਵਾਉਣ ਲੱਗ ਪਿਆ। ਉਸ ਵਕਤ ਮੇਰੇ ਪਾਸ ਇੱਕ ਕਾਲਾ ਆ ਟਪਕਿਆ। ਕਹਿੰਦਾ, ‘ਪੰਜ ਡਾਲਰ ਦੇ ਦਿਓ।’ ਮੈਂ ਕਿਹਾ, ਮੇਰਾ ਤੇਲ ਭਰ ਹੋ ਗਿਆ ਏ। ਤੂੰ ਆਹ ਮੇਰੀ ਹੋਜ਼ ਚੁੱਕ ਕੇ ਟਰੱਕ ਵਿੱਚ ਰੱਖਦੇ। ਮੈਂ ਤੈਨੂੰ 5 ਨਹੀਂ 10 ਡਾਲਰ ਦੇ ਦੇਵਾਂਗਾ। ਕਹਿੰਦਾ, ‘ਮੈਂ ਇਹ ਕੰਮ ਨਹੀਂ ਕਰ ਸਕਦਾ।’ ਮੈਂ ਕਿਹਾ, ਬਿਨਾਂ ਕੰਮ ਕੀਤੇ ਪੈਸੇ ਮੰਗਦੇ ਹੋ ਸ਼ਰਮ ਨਹੀਂ ਆਉਂਦੀ? ਉਹ ਕਹਿੰਦਾ, ‘ਦੇਣੇ ਤਾਂ ਦਿਓ, ਨਹੀਂ ਦੇਣੇ ਤਾਂ ਗੋ ਬੈਕ ਟੂ ਯੂਅਰ ਕੰਟਰੀ।’ ਇਹ ਕਹਿੰਦਾ ਕਹਿੰਦਾ ਉਹ ਤੇਜ਼ ਤੇਜ਼ ਤੁਰਦਾ ਮੇਰੇ ਤੋਂ ਪਰੇ ਨੂੰ ਚਲਾ ਗਿਆ। ਇਹ ਹਾਲ ਏ ਇਨ੍ਹਾਂ ਹੱਟੇ ਕੱਟੇ ਭਿਖਾਰੀਆਂ ਦਾ। ਕੀ ਤੁਹਾਡੇ ਸਿਡਨੀ ਵਿੱਚ ਭਿਖਾਰੀ ਨਹੀਂ ਹਨ?’’ ਦਲਜੀਤ ਨੇ ਮੈਨੂੰ ਪੁੱਛਿਆ।
‘‘ਦਲਜੀਤ, ਸਾਡੇ ਸਿਡਨੀ ਵਿੱਚ ਭੀਖ ਮੰਗਣਾ ਕਾਨੂੰਨੀ ਜੁਰਮ ਹੈ। ਹਾਂ, ਇੱਕ ਹੋਰ ਵਰਤਾਰੇ ਦੀ ਆਗਿਆ ਹੈ।’’
‘‘ਸਰ, ਉਹ ਕਿਹੜਾ?’’
‘‘ਸਾਡੇ ਉਹ ਵਿਅਕਤੀ ਭੀਖ ਮੰਗ ਸਕਦਾ ਏ ਜਿਹੜਾ ਕੋਈ ਨਾ ਕੋਈ ਸੰਗੀਤਕ ਪੇਸ਼ਕਾਰੀ ਦੇ ਰਿਹਾ ਹੋਵੇ। ਕੋਈ ਬੰਸਰੀ ਵਜਾ ਕੇ, ਕੋਈ ਆਦੀਵਾਸੀਆਂ ਵਾਲੇ ਸੰਗੀਤਕ ਸਾਜ਼ ਵਜਾ ਕੇ, ਕੋਈ ਗੀਤ ਗਾ ਕੇ, ਕੋਈ ਧਾਰਮਿਕ ਟੱਲੀਆਂ ਖੜਕਾ ਕੇ ਭੀਖ ਮੰਗ ਸਕਦਾ ਹੈ।’’
‘‘ਸਰ, ਮੈਨੂੰ ਇੱਕ ਵਾਰ ਇੱਕ ਹੋਰ ਬੰਦਾ ਟੱਕਰਿਆ। ਉਹ ਰੀਸਾਈਕਲਿੰਗ ਵਾਲੇ ਬਿਨ ਵਿੱਚੋਂ ਸੋਢੇ ਦੇ ਖਾਲੀ ਟਿਨ ਇਕੱਠੇ ਕਰ ਰਿਹਾ ਸੀ। ਉਹ ਮੈਥੋਂ 2 ਡਾਲਰ ਮੰਗਣ ਲੱਗ ਪਿਆ। ਮੈਂ ਕਿਹਾ, ਤੂੰ ਸਾਰੇ ਦਿਨ ਵਿੱਚ ਇਸ ਕੰਮ ਤੋਂ ਕਿੰਨੇ ਕੁ ਪੈਸੇ ਬਣਾ ਲੈਂਦਾ ਏ? ਕਹਿੰਦਾ, ‘ਮੁਸ਼ਕਿਲ ਨਾਲ 12 ਕੁ ਡਾਲਰ।’ ਮੈਂ ਕਿਹਾ, ਜੇ ਤੂੰ ਦਿਨ ਵਿੱਚ ਚਾਰ ਘੰਟੇ ਵੀ ਕੰਮ ਕਰੇ ਤਾਂ ਇੱਕ ਘੰਟੇ ਦੇ ਤੈਨੂੰ 10 ਡਾਲਰ ਮਿਲਣ। ਇਵੇਂ ਤੂੰ 40 ਡਾਲਰ ਬਣਾ ਸਕਦਾ ਏਂ। ਕੀ ਇਸ ਤਰ੍ਹਾਂ 40 ਡਾਲਰ ਬਣਾਉਣੇ ਠੀਕ ਨਹੀਂ। ਕਹਿੰਦਾ, ‘ਮੈਨੂੰ ਇਵੇਂ ਪੈਸੇ ਬਣਾਉਣੇ ਪਸੰਦ ਨਹੀਂ।’ ਉਹ ਕਿਉਂ? ‘ਕਿਸੇ ਅਧੀਨ ਕੰਮ ਕਰਨ ਨਾਲ ਮੇਰੀ ਆਜ਼ਾਦੀ ਖ਼ਤਮ ਹੋ ਜਾਂਦੀ ਏ। ਆਪਣਾ ਕੰਮ ਕਰਦਾ ਹੋਇਆ ਮੈਂ ਪੂਰਨ ਰੂਪ ਵਿੱਚ ਆਜ਼ਾਦ ਹਾਂ, ਮੈਂ ਗ਼ੁਲਾਮ ਹੋ ਕੇ ਕੰਮ ਨਹੀਂ ਕਰ ਸਕਦਾ। ਆਪਣਾ ਕਾਰੋਬਾਰ ਕੁਝ ਹੋਰ ਹੀ ਅਹਿਸਾਸ ਦਿੰਦਾ ਏ।’ ਹੁਣ ਤੂੰ ਮੈਥੋਂ 2 ਡਾਲਰ ਮੰਗ ਰਿਹਾ ਏਂ। ਕੀ ਇਹ ਘਟੀਆ ਵਰਤਾਰਾ ਨਹੀਂ? ਕਹਿੰਦਾ, ‘ਨਹੀਂ ਇਹ ਤਾਂ ਅੱਧੇ ਮਿੰਟ ਦਾ ਕੰਮ ਏ। ਤੂੰ ਨਹੀਂ ਦੇਵੇਂਗਾ ਤਾਂ ਮੈਂ ਅੱਗੇ ਤੁਰ ਜਾਵਾਂਗਾ। ਕਈ ਦੇ ਵੀ ਦਿੰਦੇ ਹਨ। ਕਈ ਤਾਂ 2 ਦੀ ਬਜਾਏ 5 ਵੀ ਦੇ ਦਿੰਦੇ ਹਨ। ਦੁਨੀਆ ਵਿੱਚ ਹਰ ਪ੍ਰਕਾਰ ਦੇ ਬੰਦੇ ਹਨ। ਤੇਰੇ ਜਿਹੇ ਮੱਖੀ ਚੂਸ ਵੀ ਤੇ ਵੱਡੇ ਵੱਡੇ ਦਾਨੀ ਵੀ ਤੇ ਤਰਸ ਖਾਣ ਵਾਲੇ ਵੀ।’ ਇਹ ਕਹਿ ਕੇ ਉਹ ਤੇਜ਼ ਤੇਜ਼ ਮੇਰੇ ਕੋਲੋਂ ਪਰੇ ਨੂੰ ਚਲੇ ਗਿਆ।’’
‘‘ਚੋਣਾਂ ਸਮੇਂ ਇਨ੍ਹਾਂ ਲੋਕਾਂ ਦੀ ਹਾਲਤ ਕੀ ਹੁੰਦੀ ਏ? ਕੀ ਸਿਆਸੀ ਲੋਕ ਵੋਟਾਂ ਲਈ ਇਨ੍ਹਾਂ ਕੋਲ ਚੱਕਰ ਨਹੀਂ ਕੱਟਦੇ?’’ ਮੈਂ ਦਲਜੀਤ ਤੋਂ ਜਾਣਨਾ ਚਾਹਿਆ।
ਉਹ ਅਜੇ ਹੇਸਟਿੰਗਜ਼ ਸਟਰੀਟ ਦੇ ਅੰਤ ਵਿੱਚ ਕਾਰ ਖੜ੍ਹੀ ਕਰਕੇ ਰੁਕਿਆ ਹੀ ਸੀ। ਉਹ ਕਹਿੰਦਾ, ‘‘ਜਦੋਂ ਟਰੂਡੋ ਦੀ ਪਾਰਟੀ ਸੱਤਾ ਵਿੱਚ ਆਈ ਸੀ ਤਾਂ ਉਸ ਨੇ ਆਪਣੇ ਮੈਨੀਫੈਸਟੋ ਵਿੱਚ ਲਿਖਿਆ ਸੀ, ‘‘ਅਸੀਂ ਕੈਨੇਡੀਅਨ ਲੋਕਾਂ ਦੇ ਜੀਵਨ ਵਿੱਚ ਬੁਨਿਆਦੀ ਤਬਦੀਲੀ ਲਿਆਵਾਂਗੇ। ਵੈਨਕੁਵਰ ਵਿੱਚ ਹੇਸਟਿੰਗਜ਼ ਸਟਰੀਟ ’ਤੇ ਹੁਣ ਕੋਈ ਮਾੜਾ ਦ੍ਰਿਸ਼ ਦੇਖਣ ਨੂੰ ਨਹੀਂ ਮਿਲੇਗਾ।’’ ਪਰ ਕਈ ਸਾਲ ਬੀਤਣ ਤੋਂ ਬਾਅਦ ਵੀ ਇਨ੍ਹਾਂ ਬੇਘਰੇ ਲੋਕਾਂ ਦੀ ਹਾਲਤ ਵਿੱਚ ਨਿਖਾਰ ਆਉਣ ਦੀ ਜਗ੍ਹਾ ਹੋਰ ਨਿਘਾਰ ਆਈ ਜਾ ਰਿਹਾ ਏ। ਜਦ ਹੁਣ ਇਨ੍ਹਾਂ ਦੀ ਗਿਣਤੀ ਹੋਰ ਵਧੀ ਜਾ ਰਹੀ ਏ ਤਾਂ ਕੰਜ਼ਰਵੇਟਿਵ ਪਾਰਟੀ ਵਾਲੇ ਟਰੂਡੋ ਦੀ ਸ਼ਬਦਾਵਲੀ ਦਾ ਮਜ਼ਾਕ ਉਡਾਉਂਦੇ ਹਨ ਤੇ ਵਿਅੰਗ ਨਾਲ ਕਹਿੰਦੇ ਹਨ ਕਿ ਲਿਬਰਲਜ਼ ਨੇ ਹੇਸਟਿੰਗਜ਼ ਸਟਰੀਟ ਨੂੰ ਗ੍ਰੈਂਡਵਿਊ ਬਣਾ ਦਿੱਤਾ ਹੈ। ਵਾਹ ਟਰੂਡੋ! ਤੇਰੇ ਰਾਜ ਵਿੱਚ ਬਰੈਂਪਟਨ ਬਠਿੰਡਾ ਬਣ ਗਿਆ ਏ। ਭਾਰਤੀ ਵਿਦਿਆਰਥੀ ਭੀਖ ਮੰਗ ਰਹੇ ਹਨ। ਕੰਮ ਉਨ੍ਹਾਂ ਨੂੰ ਮਿਲਦੇ ਨਹੀਂ। ‘ਵਾਪਸ ਭਾਰਤ ਮੁੜੋ’ ਦੀ ਤਲਵਾਰ ਉਨ੍ਹਾਂ ਦੇ ਸਿਰ ’ਤੇ ਲਟਕ ਰਹੀ ਏ। ਉਨ੍ਹਾਂ ਦੀਆਂ ਫੀਸਾਂ ਪੂਰੀਆਂ ਨਹੀਂ ਹੁੰਦੀਆਂ। ਉਨ੍ਹਾਂ ਨੂੰ ਘਰ ਨਹੀਂ ਮਿਲ ਰਹੇ। ਕੁੜੀਆਂ ਦੇਹ ਵਪਾਰ ਵੱਲ ਨੂੰ ਵਧ ਰਹੀਆਂ ਹਨ। ਫੀਸਾਂ ਪੂਰੀਆਂ ਨਹੀਂ ਹੁੰਦੀਆਂ। ਜੋ ਲੱਖਾਂ ਖ਼ਰਚ ਕਰਕੇ ਆ ਗਿਆ ਉਸ ਨੂੰ ਵਾਪਸ ਭੇਜਣਾ ਸਰਕਾਰ ਦੇ ਮੱਥੇ ’ਤੇ ਕਲੰਕ ਹੈ। ਬਰੈਂਪਟਨ ਵਿੱਚ ਸ਼ੈਰੇਡਨ ਕਾਲਜ ਦਾ ਇਲਾਕਾ ਅਤੇ ਪ੍ਰਿੰਸ ਐਡਵਰਡ ਆਈਲੈਂਡ ਦੀ ਹਾਲਤ ਵੀ ਵੈਨਕੁਵਰ ਦੀ ਹੇਸਟਿੰਗਜ਼ ਸਟਰੀਟ ਜਿਹੀ ਹੀ ਬਣਦੀ ਜਾ ਰਹੀ ਏ।
ਸੰਪਰਕ:- +61 437 641 033