ਹਰਜੀਤ ਅਟਵਾਲ
ਮੈਂ ਪਿਛਲੇ ਚਾਲੀ-ਪੰਤਾਲੀ ਸਾਲ ਤੋਂ ਗਰਮ ਪਾਣੀ ਨਾਲ ਨਹਾਉਂਦਾ ਆਇਆ ਹਾਂ। ਮੇਰੇ ਗਰਮ ਪਾਣੀ ਨਾਲ ਨਹਾਉਣ ਦਾ ਕਾਰਨ ਸੀ ਕਿ ਮੈਨੂੰ ਛਪਾਕੀ (ਇੱਕ ਕਿਸਮ ਦੀ ਅਲਰਜੀ) ਨਿਕਲਣ ਲੱਗ ਪਈ ਸੀ। ਇਸ ਦੇ ਕਾਰਨ ਦਾ ਪਤਾ ਨਹੀਂ ਸੀ ਚੱਲ ਰਿਹਾ ਤੇ ਨਾ ਹੀ ਕੋਈ ਦਵਾਈ ਅਸਰ ਕਰ ਰਹੀ ਸੀ। ਕਿਸੇ ਸਿਆਣੇ ਨੇ ਕਿਹਾ ਕਿ ਸਦਾ ਗਰਮ ਪਾਣੀ ਨਾਲ ਨਹਾਓ। ਮੈਂ ਇਵੇਂ ਹੀ ਕੀਤਾ ਤੇ ਠੀਕ ਹੋ ਗਿਆ। ਪਰ ਪਾਣੀ ਗਰਮ ਕਰਨ ਦੀ ਬਹੁਤ ਸਮੱਸਿਆ ਰਹਿੰਦੀ ਸੀ। ਇੰਗਲੈਂਡ ਆ ਕੇ ਇਹ ਕੰਮ ਸੌਖਾ ਹੋ ਗਿਆ। ਮੁੜ ਕੇ ਮੈਂ ਕਦੇ ਵੀ ਠੰਢੇ ਪਾਣੀ ਨਾਲ ਨਹੀਂ ਨਹਾਇਆ। ਭਾਰਤ ਜਾਂਦਾ ਤਾਂ ਗਰਮੀਆਂ ਨੂੰ ਵੀ ਗਰਮ ਪਾਣੀ ਨਾਲ ਨਹਾਉਣ ਕਾਰਨ ਮੈਨੂੰ ਮਜ਼ਾਕ ਦਾ ਮੌਜੂ ਬਣਨਾ ਪੈਂਦਾ।
ਮਨੁੱਖ ਮੁੱਢ ਕਦੀਮ ਤੋਂ ਹੀ ਠੰਢੇ ਪਾਣੀ ਨਾਲ ਨਹਾਉਂਦਾ ਆਇਆ ਹੈ। ਸਰਦੀਆਂ ਨੂੰ ਕੁਝ ਲੋਕ ਭਾਵੇਂ ਚੁੱਲ੍ਹੇ ਆਦਿ ’ਤੇ ਪਾਣੀ ਗਰਮ ਕਰ ਲੈਂਦੇ ਹੋਣਗੇ। ਵੈਸੇ ਵੀ ਸਰਦੀਆਂ ਨੂੰ ਸਵੇਰੇ-ਸਵੇਰੇ ਨਲਕਿਆਂ-ਖੂਹਾਂ ਦਾ ਪਾਣੀ ਨਿੱਘਾ ਨਿਕਲਦਾ ਸੀ। ਇੰਗਲੈਂਡ ਵਰਗੇ ਠੰਢੇ ਮੁਲਕ ਵਿੱਚ ਲੋਕ ਨਹਾਉਣ ਲਈ ਪਾਣੀ ਗਰਮ ਕਰ ਲੈਂਦੇ ਸਨ, ਪਰ ਇੱਥੇ ਲੋਕ ਨਹਾਉਂਦੇ ਹੀ ਕਦੇ-ਕਦੇ ਸਨ। ਸੱਠਵਿਆਂ ਵਿੱਚ ਇੰਗਲੈਂਡ ਆਏ ਸਾਡੇ ਲੋਕ ਵੀ ਹਫ਼ਤੇ ਵਿੱਚ ਇੱਕ ਵਾਰ ਹੀ ਨਹਾਉਂਦੇ ਸਨ। ਘਰਾਂ ਵਿੱਚ ਗੁਸਲਖਾਨੇ ਨਹੀਂ ਸਨ, ਪਬਲਿਕ ਬਾਥ ਸਨ ਜਿੱਥੇ ਸਾਰੇ ਨਹਾਉਂਦੇ, ਉਹ ਵੀ ਛੁੱਟੀ ਵਾਲੇ ਦਿਨ। ਨਹਾਉਣ ਦੇ ਦੁੱਖੋਂ ਹੀ ਬਹੁਤ ਸਾਰੇ ਲੋਕਾਂ ਨੇ ਵਾਲ਼ ਕਟਾ ਲਏ ਸਨ। ਜਦੋਂ ਘਰਾਂ ਵਿੱਚ ਬਾਥ ਲੱਗਣ ਲੱਗੇ ਤਾਂ ਗਰਮ ਪਾਣੀ ਨਾਲ ਟੱਬ ਭਰ ਕੇ ਉਸ ਵਿੱਚ ਬਹਿਣਾ ਆਮ ਪ੍ਰਚੱਲਤ ਹੋ ਗਿਆ। ਕਿਹਾ ਜਾਂਦਾ ਸੀ ਕਿ ਗਰਮ ਪਾਣੀ ਵਿੱਚ ਨਹਾਉਣ ਨਾਲ ਥਕਾਵਟ ਦੂਰ ਹੋ ਜਾਂਦੀ ਹੈ। ਫਿਰ ਨਹਾਉਂਦੇ ਸਮੇਂ ਟੱਬ ਵਿੱਚ ਪਾਉਣ ਲਈ ਕਈ ਕਿਸਮ ਦੇ ਪਾਊਡਰ ਵੀ ਆਏ ਜੋ ਅਖਾਉਤੀ ਤੌਰ ’ਤੇ ਜਿਸਮ ਨੂੰ ਆਰਾਮ ਦਿੰਦੇ ਸਨ। ਬਾਥਰੂਮ ਦੇ ਟੱਬਾਂ ਨੂੰ ਫਿਲਮਾਂ ਵਿੱਚ ਵੀ ਬਹੁਤ ਦਿਖਾਇਆ ਗਿਆ। ਪਤਾ ਨਹੀਂ ਇਨ੍ਹਾਂ ਵਿੱਚ ਕਿੰਨੇ ਕਤਲ ਵੀ ਕਰਾਏ ਗਏ। ਫਿਰ ਗਰਮ ਪਾਣੀ ਤੋਂ ਵੀ ਇੱਕ ਕਦਮ ਅੱਗੇ ਹੋ ਕੇ ਸਟੀਮ ਬਾਥ ਜਾਂ ਸੋਨਾ ਬਾਥ ਨਿਕਲ ਆਏ ਕਿ ਹੁਣ ਭਾਫ਼ ਨਾਲ ਨਹਾਓ। ਕਿਹਾ ਜਾਂਦਾ ਸੀ ਕਿ ਭਾਫ਼ ਨਾਲ ਜਿਸਮ ਦੇ ਮੁਸਾਮ ਖੁੱਲ੍ਹ ਜਾਂਦੇ ਹਨ। ਹੁਣ ਯਕਾ-ਯਕ ਮੁੜ ਕੇ ਠੰਢੇ ਪਾਣੀ ਨਾਲ ਨਹਾਉਣ ਬਾਰੇ ਪ੍ਰਚਾਰ ਹੋਣ ਲੱਗ ਪਿਆ। ਯੂ-ਟਿਊਬ, ਟਿਕਟੌਕ ਤੋਂ ਲੈ ਕੇ ਹਰ ਤਰ੍ਹਾਂ ਦੇ ਸੋਸ਼ਲ ਮੀਡੀਆ ਉੱਪਰ ਹੀ ਹੁਣ ਠੰਢੇ ਪਾਣੀ ਨਾਲ ਨਹਾਉਣ ਦੀ ਵਕਾਲਤ ਹੋ ਰਹੀ ਹੈ।
ਠੰਢੇ ਪਾਣੀ ਨਾਲ ਨਹਾਉਣ ਵਿੱਚ ਆਈਸ-ਬਾਥ ਵੀ ਸ਼ਾਮਲ ਹੈ ਜਿਸ ਵਿੱਚ ਲੋਕ ਬਰਫ਼ ਦੀ ਭਰੀ ਬਾਲਟੀ-ਟੱਬ ਵਿੱਚ ਕੁਝ ਮਿੰਟਾਂ ਲਈ ਬਹਿੰਦੇ ਹਨ। ਠੰਢੇ ਪਾਣੀ ਨਾਲ ਨਹਾਉਣ ਲਈ ਕੁਝ ਲੋਕ 10-15 ਡਿਗਰੀ ਸੈਂਟੀਗਰੇਡ ਪਸੰਦ ਕਰਦੇ ਹਨ ਤੇ ਕੁਝ 15-20 ਡਿਗਰੀ ਸੈਂਟੀਗਰੇਡ। ਆਈਸ-ਬਾਥ ਦਾ ਰੁਝਾਨ ਸ਼ੁਰੂ ਕਰਨ ਦਾ ਸਿਹਰਾ 2002 ਦੀ ਯੂਰਪੀ ਮੈਰਾਥਨ ਜੇਤੂ ਪੋਲਾ ਰੈਡਕਲਿਫ ਸਿਰ ਬੱਝਦਾ ਹੈ। ਉਸ ਨੇ ਕਿਹਾ ਸੀ ਕਿ ਉਸ ਦੀ ਜਿੱਤ ਦਾ ਕਾਰਨ ਹੈ ਕਿ ਉਹ ਦੌੜਨ ਤੋਂ ਪਹਿਲਾਂ ਆਈਸ ਬਾਥ ਲੈਂਦੀ ਹੈ। ਇਸ ਤੋਂ ਬਾਅਦ ਤਾਂ ਆਈਸ ਬਾਥ ਨੂੰ ਇੱਕ ਤਕਨੀਕ ਦੇ ਤੌਰ ’ਤੇ ਵਰਤਿਆ ਜਾਣ ਲੱਗ ਪਿਆ। ਅਮਰੀਕਾ ਵਿੱਚ ਤਾਂ ਇਸ ਨੂੰ ਮਿਲਟਰੀ ਦੀ ਟਰੇਨਿੰਗ ਵਿੱਚ ਵੀ ਸ਼ਾਮਲ ਕਰ ਲਿਆ ਗਿਆ ਹੈ। 2014 ਵਿੱਚ ਏ.ਐੱਲ.ਐੱਸ. ਐਸੋਸੀਏਸ਼ਨ ਨਾਮੀ ਚੈਰਿਟੀ ਨੇ ਪੈਸੇ ਇਕੱਠੇ ਕਰਨ ਲਈ ‘ਆਈਸ-ਬਕਿਟ ਚੈਲੰਜ’ ਸ਼ੁਰੂ ਕੀਤਾ ਸੀ ਜੋ ਸੋਸ਼ਲ-ਮੀਡੀਆ ’ਤੇ ਬਹੁਤ ਵਾਇਰਲ ਹੋਇਆ ਸੀ। ਇਸ ਵਿੱਚ ਬਰਫ਼ ਦੀ ਭਰੀ ਬਾਲਟੀ ਤੁਸੀਂ ਆਪਣੇ ਸਿਰ ’ਤੇ ਉਲੱਦਣੀ ਹੁੰਦੀ ਸੀ। ਇਹ ਚੈਲੰਜ ਬਹੁਤ ਹਰਮਨਪਿਆਰਾ ਹੋਇਆ ਸੀ। ਬਾਈ ਦਿਨਾਂ ਵਿੱਚ ਇਸ ਚੈਰਿਟੀ ਲਈ 16 ਮਿਲੀਅਨ ਡਾਲਰ ਇਕੱਠੇ ਕੀਤੇ ਗਏ ਸਨ। ਯੂਨਾਨ ਦੀ ਸਭਿਅਤਾ ਵਿੱਚ ਠੰਢੇ ਪਾਣੀ ਨਾਲ ਨਹਾਉਣ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ। ਉਸ ਜ਼ਿਕਰ ਵਿੱਚ ਠੰਢੇ ਪਾਣੀ ਨਾਲ ਨਹਾਉਣਾ ਮਨੁੱਖ ਨੂੰ ਸੂਰਬੀਰ ਤੇ ਅਕਲਵੰਦ ਬਣਾਉਣ ਵਿੱਚ ਸਹਾਈ ਹੁੰਦਾ ਹੈ। ਸਕੌਟਲੈਂਡ ਵਿੱਚ ਨਵੇਂ ਸਾਲ ਵਾਲੇ ਦਿਨ ਬਰਫ਼ ਜੰਮੇ ਦਰਿਆ ਵਿੱਚ ਛਾਲਾਂ ਮਾਰਨ ਦਾ ਰਿਵਾਜ ਬਹੁਤ ਪੁਰਾਣਾ ਹੈ। ਨਿਊਯਾਰਕ ਵਿੱਚ ਵੀ ਨਵੇਂ ਸਾਲ ’ਤੇ ਬਰਫ਼ੀਲੇ ਪਾਣੀ ਵਿੱਚ ਨਹਾਉਣ ਦਾ ਰਿਵਾਜ ਹੈ। ਈਸਟਰਨ ਯੂਰਪ ਦੇ ਕਈ ਮੁਲਕਾਂ ਵਿੱਚ ਸਿਆਲਾਂ ਵਿੱਚ ਬਰਫ਼ੀਲੇ ਪਾਣੀ ਵਿੱਚ ਨਹਾਉਣ ਦਾ ਧਾਰਮਿਕ ਉਤਸਵ ਹੈ। ਅਮਰੀਕਾ ਵਿੱਚ ਵੀ ‘ਪੋਲਰ ਬੇਅਰ ਪਲੰਜ’ ਦਿਵਸ ’ਤੇ ਲੋਕ ਠੰਢੇ ਪਾਣੀ ਵਿੱਚ ਨਹਾਉਂਦੇ ਹਨ। ਬਹੁਤ ਸਾਰੇ ਮੁਲਕਾਂ ਵਿੱਚ ਸਿਆਲਾਂ ਨੂੰ ਬਰਫ਼ੀਲੇ ਪਾਣੀ ਵਿੱਚ ਤੈਰਨ ਵਾਲੀਆਂ ਸੰਸਥਾਵਾਂ ਬਣੀਆਂ ਹੋਈਆਂ ਹਨ। ਇਕੱਲੇ ਚੀਨ ਵਿੱਚ ਹੀ ਅਜਿਹੀਆਂ 141 ਸੰਸਥਾਵਾਂ ਹਨ ਜਿਨ੍ਹਾਂ ਦੇ ਦੋ ਲੱਖ ਤੋਂ ਵੱਧ ਮੈਂਬਰ ਹਨ। ਇਸ ਸਭ ਦੇ ਬਾਵਜੂਦ ਹੁਣ ਆਮ ਲੋਕਾਂ ਲਈ ਠੰਢੇ ਪਾਣੀ ਨਾਲ ਨਹਾਉਣ ਦਾ ਰਿਵਾਜ ਨਵਾਂ ਹੈ।
ਮਨੁੱਖੀ ਸਰੀਰ ਸਦਾ ਗਰਮ ਰਹਿੰਦਾ ਹੈ ਤੇ ਠੰਢਾ ਪਾਣੀ ਉਸ ਦੇ ਰੁਟੀਨ ਨੂੰ ਤੋੜਦਾ ਹੈ, ਠੰਢਾ ਪਾਣੀ ਉਸ ਰੁਟੀਨ ਉੱਪਰ ਸ਼ੌਕ ਵਾਂਗ ਲੱਗਦਾ ਹੈ। ਭਾਰਤ ਵਿੱਚ ਠੰਢੇ ਪਾਣੀ ਨਾਲ ਨਹਾਉਂਦੇ ਸਮੇਂ ਲੋਕ ‘ਰਾਮ-ਰਾਮ’ ਆਖਦੇ ਜਾਂ ਰੱਬ ਨੂੰ ਚੇਤੇ ਕਰਦੇ ਆਮ ਮਿਲ ਜਾਂਦੇ ਹਨ। ਪਾਣੀ ਦੀ ਇਹ ਠੰਢਕ ਕਈਆਂ ਨੂੰ ਬਾਥਰੂਮ-ਸਿੰਗਰ ਵੀ ਬਣਾ ਦਿੰਦੀ ਹੈ। ਅੱਜਕੱਲ੍ਹ ਠੰਢੇ ਪਾਣੀ ਨਾਲ ਨਹਾਉਣ ਦੇ ਅਨੇਕ ਫਾਇਦੇ ਦੱਸੇ ਜਾ ਰਹੇ ਹਨ। ਏਨਾ ਕੁ ਤਾਂ ਸਾਰੇ ਹੀ ਜਾਣਦੇ ਹਨ ਕਿ ਜੇ ਗਰਮ ਪਾਣੀ ਨਾਲ ਨਹਾ ਕੇ ਬਾਹਰ ਨਿਕਲ ਜਾਈਏ ਤਾਂ ਜ਼ੁਕਾਮ ਹੋਣ ਦੇ ਮੌਕੇ ਬਹੁਤ ਵਧ ਜਾਂਦੇ ਹਨ ਤੇ ਠੰਢੇ ਪਾਣੀ ਨਾਲ ਨਹਾਉਣ ਕਰਕੇ ਅਜਿਹਾ ਨਹੀਂ ਹੁੰਦਾ। ਕਿਤੇ ਖਾਜ ਹੁੰਦੀ ਹੋਏ ਤਾਂ ਠੰਢਾ ਪਾਣੀ ਪਾਉਣ ਨਾਲ ਠੀਕ ਹੋ ਜਾਂਦੀ ਹੈ।
ਆਓ ਇਸ ਦੇ ਫਾਇਦਿਆਂ ਦੀ ਗੱਲ ਕਰੀਏ। ਠੰਢੇ ਪਾਣੀ ਨਾਲ ਨਹਾਉਣਾ ਮਨ ਤੇ ਤਨ ਵਿੱਚ ਚੌਕਸੀ ਜਾਂ ਸਜਗਤਾ ਵਧਾਉਂਦਾ ਹੈ। ਸਵੇਰੇ ਉੱਠਦਿਆਂ ਜੋ ਸਰੀਰ ਵਿੱਚ ਸੁਸਤੀ ਹੁੰਦੀ ਹੈ, ਉਹ ਠੰਢੇ ਪਾਣੀ ਨਾਲ ਇਕਦਮ ਕਾਫੂਰ ਹੋ ਜਾਂਦੀ ਹੈ। ਠੰਢੇ ਪਾਣੀ ਦਾ ਅਸਰ ਵੀ ਲੰਮਾ ਸਮਾਂ ਰਹਿੰਦਾ ਹੈ। ਅਮਰੀਕਨ ਡਾਕਟਰ ਡੇਵਿਡ ਗਰਿਓਨਰ ਮੁਤਾਬਕ ਸਵੇਰ ਸਾਰ ਜਾਂ ਰਾਤ ਨੂੰ ਠੰਢੇ ਪਾਣੀ ਨਾਲ ਨਹਾਉਣਾ ਮਨੁੱਖ ਦੀ ਚੌਕਸੀ ਦੇ ਪੱਧਰ ਨੂੰ ਬਹੁਤ ਉੱਪਰ ਲੈ ਜਾਂਦਾ ਹੈ।
ਠੰਢੇ ਪਾਣੀ ਨਾਲ ਨਹਾਉਣਾ ਤੁਹਾਡੇ ਵਾਲਾਂ ਨੂੰ ਸਿਹਤਮੰਦ ਬਣਾਉਂਦਾ ਹੈ ਤੇ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ। ਇਸ ਪਿੱਛੇ ਮਾਹਿਰ ਦਲੀਲ ਇਹ ਦਿੰਦੇ ਹਨ ਕਿ ਠੰਢੇ ਪਾਣੀ ਨਾਲ ਨਹਾਉਣ ਕਾਰਨ ਵਾਲਾਂ ਵਾਲੇ ਮੁਸਾਮ ਬੰਦ ਰਹਿੰਦੇ ਹਨ ਜੋ ਵਾਲਾਂ ਨੂੰ ਝੜਨ ਤੋਂ ਰੋਕਦੇ ਹਨ, ਗਰਮ ਪਾਣੀ ਨਾਲ ਇਹ ਮੁਸਾਮ ਖੁੱਲ੍ਹ ਜਾਂਦੇ ਹਨ। ਇਹ ਗੱਲ ਆਮ ਦੇਖਣ ਵਿੱਚ ਆਉਂਦੀ ਹੈ ਕਿ ਗਰਮ ਪਾਣੀ ਨਾਲ ਨਹਾਉਣ ਵਾਲਿਆਂ ਦੇ ਵਾਲ ਵਧੇਰੇ ਝੜਦੇ ਹਨ।
ਠੰਢੇ ਪਾਣੀ ਨਾਲ ਨਹਾਉਣਾ ਖੂਨ ਦੇ ਵਹਾਅ ਨੂੰ ਤੇਜ਼ ਕਰਦਾ ਹੈ ਜਿਸ ਕਾਰਨ ਦਿਮਾਗ਼ ਤੇ ਸਰੀਰ ਦੇ ਹੋਰ ਪ੍ਰਮੁੱਖ ਅੰਗਾਂ ਨੂੰ ਵਧੇਰੇ ਆਕਸੀਜਨ ਮਿਲਦੀ ਹੈ। ਇਹ ਦਿਲ ਦੀਆਂ ਬਿਮਾਰੀਆਂ ਨੂੰ ਕਾਬੂ ਵਿੱਚ ਰੱਖਣ ਲਈ ਮਦਦ ਕਰਦਾ ਹੈ। ਗਰਮ ਪਾਣੀ ਨਾਲ ਨਹਾਉਣਾ ਇਸ ਤੋਂ ਉਲਟ ਹੈ। ਠੰਢੇ ਪਾਣੀ ਨਾਲ ਨਹਾਉਣ ਕਾਰਨ ਭਾਰ ਵੀ ਘਟਦਾ ਹੈ। ਇੱਕ ਖੋਜ ਅਨੁਸਾਰ ਠੰਢਕ ਸਰੀਰ ਦੀ ਵਾਧੂ ਚਰਬੀ ਨੂੰ ਖਾਰਜ ਕਰਦੀ ਹੈ ਤੇ ਇੱਕ ਸਾਲ ਵਿੱਚ ਚਾਰ ਕਿਲੋ ਤੱਕ ਭਾਰ ਘਟਦਾ ਹੈ। ਭਾਰ ਘਟਾਉਣ ਲਈ ਸਿਹਤਮੰਦ ਖਾਣੇ ਤੇ ਵਰਜਿਸ਼ ਦੇ ਨਾਲ-ਨਾਲ ਠੰਢੇ ਪਾਣੀ ਨਾਲ ਨਹਾਉਣਾ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੈ।
ਇਹ ਸਰੀਰ ਦੇ ਪੱਠਿਆਂ ਦਾ ਦਰਦ ਘਟਾਉਣ ਵਿੱਚ ਸਹਾਈ ਹੁੰਦਾ ਹੈ। ਖਿਡਾਰੀ ਸਖ਼ਤ ਮਿਹਨਤ ਤੋਂ ਬਾਅਦ ਠੰਢੇ ਪਾਣੀ ਨਾਲ ਹੀ ਨਹਾਉਂਦੇ ਹਨ ਜਾਂ ਇਸ ਤੋਂ ਵੀ ਅੱਗੇ ਬਹੁਤ ਸਾਰੇ ਆਈਸ ਬਾਥ ਲੈਂਦੇ ਹਨ। ਇਸ ਸਟੱਡੀ ਵਿੱਚ 360 ਲੋਕਾਂ ਉੱਪਰ 17 ਸਰਵੇਖਣ ਕੀਤੇ ਗਏ ਜਿਸ ਵਿੱਚ ਲੋਕਾਂ ਨੂੰ ਸਖ਼ਤ ਵਰਜਿਸ਼ ਕਰਨ ਤੋਂ ਬਾਅਦ ਠੰਢੇ ਪਾਣੀ ਨਾਲ ਨਹਾਇਆ ਗਿਆ ਤੇ ਕੁਝ ਲੋਕਾਂ ਨੂੰ ਗਰਮ ਪਾਣੀ ਨਾਲ ਵੀ। ਠੰਢੇ ਪਾਣੀ ਨਾਲ ਨਹਾਉਣ ਵਾਲਿਆਂ ਦੇ ਪੱਠਿਆਂ ਦੀ ਖਿੱਚ ਜਾਂ ਦਰਦ ਜਲਦੀ ਦੂਰ ਹੋ ਗਈ। ‘ਜਰਨਲ ਆਫ ਐਥਲੈਟਿਕ ਟਰੇਨਿੰਗ’ ਨਾਮੀ ਮੈਗਜ਼ੀਨ ਮੁਤਾਬਕ ਠੰਢਾ ਪਾਣੀ ਐਕਸਟਰਨਲ-ਹਾਇਪੋਥੈਮੀਆ ਨੂੰ ਆਰਾਮ ਦਿੰਦਾ ਹੈ। ਇਵੇਂ ਹੀ ਠੰਢੇ ਪਾਣੀ ਨਾਲ ਨਹਾਉਣਾ ਸਟਰੈੱਸ ਨੂੰ ਘਟਾਉਂਦਾ ਹੈ। ਸਟਰੈੱਸ ਤਾਂ ਅੱਜਕੱਲ੍ਹ ਪੂਰੀ ਦੁਨੀਆ ਵਿੱਚ ਆਮ ਹੈ। ਠੰਢੇ ਪਾਣੀ ਨਾਲ ਨਹਾਉਣ ਕਾਰਨ ਜੋ ਸ਼ੌਕ ਤਨ ਨੂੰ ਵੱਜਦਾ ਹੈ, ਉਹ ਮਨ ਨੂੰ ਸਟਰੈੱਸ ਝੱਲਣਯੋਗ ਬਣਾਉਂਦਾ ਹੈ। ਇੱਕ ਸਟੱਡੀ ਮੁਤਾਬਕ ਠੰਢਾ ਸ਼ਾਵਰ ਨਰਵਸ ਸਿਸਟਮ ਵਿੱਚ ਓਕਸੀਡੇਟਿਵ-ਸਟਰੈੱਸ ਬਣਾਉਂਦਾ ਹੈ ਜੋ ਮੁੱਖ ਸਟਰੈੱਸ ਨੂੰ ਖਾਰਜ ਕਰਦਾ ਹੈ। ਸਟਰੈੱਸ ਦੇ ਨਾਲ-ਨਾਲ ਠੰਢਾ ਸ਼ਾਵਰ ਡਿਪਰੈਸ਼ਨ ਵੀ ਘਟਾਉਂਦਾ ਹੈ। ਡਾਕਟਰ ਨਿਕੋਲਾਈ ਸ਼ੈਵਚੱਕ ਦਾ ਯਕੀਨ ਹੈ ਕਿ ਠੰਢੇ ਪਾਣੀ ਦੇ ਸ਼ਾਵਰ ਨਾਲ ਸਰੀਰ ਵਿੱਚ ਉਹ ਹਾਰਮੋਨ ਪੈਦਾ ਹੁੰਦੇ ਹਨ ਜੋ ਐਂਟੀ-ਡਿਪਰੈਸੰਟ ਦੀ ਦਵਾਈ ਵਿੱਚ ਮਿਲਦੇ ਹਨ। ਮੈਡੀਕਲ-ਹਾਇਪੋਥੈਸਿਸ ਮੁਤਾਬਕ ਠੰਢੇ ਪਾਣੀ ਨਾਲ ਨਹਾਉਣਾ ਮੂਡ ਨੂੰ ਬੂਸਟ ਕਰਦਾ ਹੈ।
ਠੰਢੇ ਪਾਣੀ ਨਾਲ ਸ਼ਾਵਰ ਲੈਣ ਨਾਲ ਮਨੁੱਖ ਦੀ ਮਾਨਸਿਕ ਸਿਹਤ ਠੀਕ ਹੁੰਦੀ ਹੈ ਤੇ ਉਹ ਜਜ਼ਬਾਤੀ ਤੌਰ ’ਤੇ ਮਜ਼ਬੂਤ ਹੁੰਦਾ ਹੈ। ਜਿੱਥੇ ਇਹ ਮਾਨਸਿਕ ਸਟਰੈੱਸ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ, ਉੱਥੇ ਭਾਵੁਕ ਸਹਿਣਸ਼ਕਤੀ ਨੂੰ ਵਧਾਉਣ ਵਿੱਚ ਸਹਾਈ ਹੁੰਦਾ ਹੈ। ਇੱਕ ਹੋਰ ਸਟੱਡੀ ਮੁਤਾਬਕ ਠੰਢਾ ਸ਼ਾਵਰ ਮਨੁੱਖ ਦੀ ਮਰਦਾਨਗੀ ਉੱਪਰ ਹਾਂ-ਪੱਖੀ ਪ੍ਰਭਾਵ ਪਾਉਂਦਾ ਹੈ, ਇਹ ਸ਼ਕਰਾਣੂਆਂ ਵਿੱਚ ਵਾਧਾ ਕਰਦਾ ਹੈ। ਉੱਥੇ ਗਰਮ ਪਾਣੀ ਨਾਲ ਨਹਾਉਣਾ ਨਾਂਹ ਪੱਖੀ ਅਸਰ ਪਾਉਂਦਾ ਹੈ। ਠੰਢਾ ਸ਼ਾਵਰ ਲੈਣਾ ਐਂਟੀ-ਏਜਿੰਗ ਵੀ ਹੈ ਭਾਵ ਕਿ ਇਹ ਵਧਦੀ-ਉਮਰ ਦੇ ਅਸਰ ਨੂੰ ਘਟਾਉਂਦਾ ਹੈ। ਸਰੀਰ ਵਿੱਚ ਖੂਨ ਦਾ ਵਹਾਅ ਤੇਜ਼ ਹੋ ਜਾਣ ਕਾਰਨ ਚਮੜੀ ਦੇ ਹੇਠਲੇ ਟੀਸ਼ੂ-ਸੈੱਲ ਮਜ਼ਬੂਤ ਹੋ ਜਾਂਦੇ ਹਨ, ਚਮੜੀ ਵਿੱਚ ਨੂਰ ਆਉਣ ਲੱਗਦਾ ਹੈ, ਬੁਢਾਪੇ ਕਾਰਨ ਜਿਹੜੀ ਚਮੜੀ ਵਿੱਚ ਵਲ਼ ਪਏ ਹੁੰਦੇ ਹਨ, ਉਹ ਠੀਕ ਹੋਣ ਲੱਗਦੇ ਹਨ। ਚਮੜੀ ਨੂੰ ਵਧੇਰੇ ਆਕਸੀਜਨ ਮਿਲਣ ਕਾਰਨ ਬੁਢਾਪੇ ਵਾਲੇ ਚਿੰਨ੍ਹ ਗਾਇਬ ਹੋਣ ਲੱਗਦੇ ਹਨ।
ਯੂਕੇ ਵਿੱਚ ਗਰਮ ਸ਼ਾਵਰ ਦਾ ਏਨਾ ਰਿਵਾਜ ਹੈ ਕਿ ਠੰਢੇ ਪਾਣੀ ਨਾਲ ਨਹਾਉਣਾ ਉਹ ਸੋਚ ਵੀ ਨਹੀਂ ਸਕਦੇ, ਪਰ ਹੁਣ ਠੰਢੇ ਪਾਣੀ ਨਾਲ ਨਹਾਉਣ ਦੇ ਪ੍ਰਚਾਰ ਨੇ ਹਰ ਕਿਸੇ ਦਾ ਧਿਆਨ ਖਿੱਚਿਆ ਹੈ। ਬੀ.ਬੀ.ਸੀ. ਵਾਲਿਆਂ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਪ੍ਰੋਗਰਾਮ ਹੀ ਬਣਾ ਦਿੱਤਾ, ‘ਫਰੀਜ਼ ਐਂਡ ਫੀਅਰ’। ਇਸ ਪ੍ਰੋਗਰਾਮ ਨੂੰ ਹੋਲੀ ਵਿਲੋਬਰੀ ਨੇ ਹੋਸਟ ਕੀਤਾ ਹੈ। ਇਸ ਵਿੱਚ ਵੱਡੇ-ਵੱਡੇ ਸੈਲੇਬ੍ਰਿਟੀਜ਼ ਸਬ-ਜ਼ੀਰੋ ਤਾਪਮਾਨ ਵਿੱਚ ਨਹਾਉਂਦੇ ਦਿਖਾਏ ਜਾਂਦੇ ਹਨ। ਇੱਕ ਡੱਚ ਖਿਡਾਰੀ ਵਿਮ ਹੌਫ ਵੀ ਬਰਫ਼ੀਲੇ ਪਾਣੀ ਨਾਲ ਨਹਾਉਣ ਦੀ ਵਕਾਲਤ ਕਰਦਾ ਨਜ਼ਰ ਆ ਰਿਹਾ ਹੈ। ਉਸ ਦੀਆਂ ਬਰਫ਼ ਦੇ ਟੱਬ ਵਿੱਚ ਬੈਠੇ ਦੀਆਂ ਤਸਵੀਰਾਂ ਆਮ ਵਾਇਰਲ ਹੁੰਦੀਆਂ ਰਹੀਆਂ ਹਨ। ਉਸ ਦਾ ਕਹਿਣਾ ਹੈ ਕਿ ਸੈਂਟਰਲ-ਹੀਟਿੰਗ ਵਾਲੇ ਘਰਾਂ ਵਿੱਚੋਂ ਨਿਕਲੋ ਤੇ ਕੁਦਰਤੀ ਠੰਢ ਵਿੱਚ ਜੀਓ ਤੇ ਸਿਹਤਮੰਦ ਬਣੋ। ਕੁਝ ਲੋਕ ਤਾਂ ਇੱਥੋਂ ਤੱਕ ਕਹਿ ਜਾਂਦੇ ਹਨ ਕਿ ਗਰਮ ਪਾਣੀ ਨਾਲ ਨਹਾਉਣਾ ਗੈਰ-ਕੁਦਰਤੀ ਹੈ।
ਊਂਜ ਇਕਦਮ ਠੰਢੇ ਪਾਣੀ ਨਾਲ ਨਹਾਉਣਾ ਖਤਰਨਾਕ ਵੀ ਹੋ ਸਕਦਾ ਹੈ। ਇਹ ਤੁਹਾਡੇ ਸਰੀਰ ਦੇ ਤਾਪਮਾਨ ਨੂੰ ਇਕਦਮ ਹੇਠਾਂ ਸੁੱਟ ਸਕਦਾ ਹੈ। ਸਾਹ ਲੈਣ ਵਿੱਚ ਤਕਲੀਫ਼ ਦੇ ਸਕਦਾ ਹੈ। ਹਾਰਟ-ਬੀਟ ਵੀ ਘਟਾ ਸਕਦਾ ਹੈ, ਬੇਹੋਸ਼ ਤੱਕ ਕਰ ਸਕਦਾ ਹੈ। ਦਿਲ ਦੇ ਮਰੀਜ਼ਾਂ ਨੂੰ ਤੇ ਕਮਜ਼ੋਰ ਪਾਚਨ-ਸ਼ਕਤੀ ਵਾਲਿਆਂ ਨੂੰ ਤਾਂ ਠੰਢੇ ਪਾਣੀ ਨਾਲ ਨਹੀਂ ਨਹਾਉਣਾ ਚਾਹੀਦਾ। ਇਸ ਨੂੰ ਕਿਸੇ ਦਵਾਈ ਦਾ ਬਦਲ ਵੀ ਨਹੀਂ ਸਮਝ ਲੈਣਾ ਚਾਹੀਦਾ। ਸ਼ਾਵਰ ਦਾ ਤਾਪਮਾਨ ਹੌਲੀ-ਹੌਲੀ ਹੀ ਘਟਾਉਣਾ ਚਾਹੀਦਾ ਹੈ। ਮਾਹਿਰ ਕਹਿੰਦੇ ਹਨ ਕਿ ਗਰਮ ਪਾਣੀ ਨਾਲ ਨਹਾਉਣਾ ਸ਼ੁਰੂ ਕਰੋ ਤੇ ਸ਼ਾਵਰ ਦੇ ਦਰਮਿਆਨ ਹੀ ਕੁਝ ਚਿਰ ਲਈ ਸ਼ਾਵਰ ਦੇ ਪਾਣੀ ਨੂੰ ਠੰਢਾ ਕਰ ਲਓ। ਠੰਢੇ ਪਾਣੀ ਨਾਲ ਨਹਾਉਣ ਦਾ ਸਮਾਂ ਤੀਹ ਸੈਕਿੰਡ ਤੋਂ ਲੈ ਕੇ ਦੋ ਮਿੰਟ ਤੱਕ ਹੀ ਹੋਣਾ ਚਾਹੀਦਾ ਹੈ। ਵੈਸੇ ਤਾਂ ਠੰਢੇ ਪਾਣੀ ਨੂੰ ਮਹਿਸੂਸ ਕਰਨਾ ਵੱਖ-ਵੱਖ ਸਰੀਰਾਂ ਲਈ ਭਿੰਨ-ਭਿੰਨ ਹੋ ਸਕਦਾ ਹੈ, ਪਰ ਆਮ ਤੌਰ ’ਤੇ 20 ਸੈਂਟੀਗਰੇਡ ਵਾਲੇ ਪਾਣੀ ਨੂੰ ਆਦਰਸ਼ਕ ਠੰਢਾ ਮੰਨਿਆ ਜਾਂਦਾ ਹੈ।
ਠੰਢੇ ਪਾਣੀ ਨਾਲ ਨਹਾਉਣ ਦੇ ਪ੍ਰਚਾਰ ਦਾ ਅਸਰ ਮੇਰੇ ’ਤੇ ਵੀ ਹੋਇਆ ਹੈ। ਮੈਂ ਵੀ ਹੁਣ ਠਰਨ ਫੁੱਟੇ ਪਾਣੀ ਨਾਲ ਨਹਾਉਣ ਲੱਗਾ ਹਾਂ।
ਈ-ਮੇਲ : harjeetatwal@hotmail.co.uk