ਸ਼ਮੀਲ
ਇਹ ਸੁਆਲ ਹੁਣ ਅਕਸਰ ਪੈਦਾ ਹੋਣ ਲੱਗਾ ਹੈ ਕਿ ਪੰਜਾਬ ਦੀ ਜਿਸ ਵੀ ਰਾਜਨੀਤਕ ਲਹਿਰ ਵਿਚ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਬਹੁਤ ਜ਼ਿਆਦਾ ਰੁਚੀ ਲੈਂਦੇ ਹਨ, ਉਹ ਅਕਸਰ ਫੇਲ੍ਹ ਹੋ ਜਾਂਦੀ ਹੈ। ਜੇ ਪੰਜਾਬ ਦੇ ਪਿਛਲੇ ਕੁਝ ਸਾਲਾਂ ’ਤੇ ਨਜ਼ਰ ਮਾਰੀਏ, ਜਿਨ੍ਹਾਂ ਵੀ ਲਹਿਰਾਂ ਜਾਂ ਧਿਰਾਂ ਵਿਚ ਪਰਵਾਸੀ ਪੰਜਾਬੀਆਂ ਨੇ ਬਹੁਤ ਜ਼ਿਆਦਾ ਰੁਚੀ ਲਈ, ਉਨ੍ਹਾਂ ਦਾ ਕੁਝ ਨਹੀਂ ਬਣਿਆ। ਜ਼ਿਆਦਾ ਦੂਰ ਨਾ ਜਾਈਏ, ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਤੋਂ ਸ਼ੁਰੂ ਕਰ ਸਕਦੇ ਹਾਂ। ਉਸ ਦੀ ਮੁਹਿੰਮ ਬਾਰੇ ਵਿਦੇਸ਼ੀ ਪੰਜਾਬੀਆਂ ਵਿਚ ਬਹੁਤ ਜੋਸ਼ ਸੀ। ਉਹ ਠੁੱਸ ਹੋ ਗਈ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵਿਚ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੇ ਐਨੀ ਜ਼ਿਆਦਾ ਦਿਲਚਸਪੀ ਲਈ ਅਤੇ ਐਨਾ ਜ਼ੋਰ ਲਾਇਆ ਜਿਹੜਾ ਕਿ ਹੈਰਾਨ ਕਰਨ ਵਾਲਾ ਵਰਤਾਰਾ ਸੀ। ਜਦੋਂ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਲੜਨ ਲੱਗੇ ਤਾਂ ਤਕਰੀਬਨ ਹਰ ਤਰ੍ਹਾਂ ਦੇ ਰਾਜਨੀਤਕ ਵਿਚਾਰਾਂ ਵਾਲੇ ਉਨ੍ਹਾਂ ਨਾਲ ਹਮਦਰਦੀ ਰੱਖਦੇ ਸਨ। ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੇ ਉਨ੍ਹਾਂ ਨੂੰ ਜਿਤਾਉਣ ਲਈ ਬਹੁਤ ਜ਼ੋਰ ਲਾਇਆ, ਪਰ ਐਨੀਆਂ ਆਸਾਂ ਉਮੀਦਾਂ ਦੇ ਬਾਵਜੂਦ ਉਹ ਕਾਮਯਾਬ ਨਾ ਹੋ ਸਕੇ।
ਤਾਜ਼ਾ ਕਿਸਾਨੀ ਅੰਦੋਲਨ ਦੇ ਕਾਮਯਾਬ ਹੋ ਜਾਣ ਦੀ ਆਸ ਅਜੇ ਖ਼ਤਮ ਨਹੀਂ ਹੋਈ। ਉਮੀਦ ਹੈ ਕਿ ਇਸ ਅੰਦੋਲਨ ਨਾਲ ਜੁੜੇ ਲੋਕ ਜੇ ਸਬਰ ਨਾਲ ਲੱਗੇ ਰਹੇ ਤਾਂ ਇਕ ਦਿਨ ਆਪਣੇ ਮਿਸ਼ਨ ਵਿਚ ਕਾਮਯਾਬ ਹੋ ਜਾਣਗੇ। ਪਰ ਜੇ ਇਸ ਵਿਚ ਕਾਮਯਾਬੀ ਨਾ ਮਿਲੀ ਤਾਂ ਲੋਕ ਇਸ ਦੇ ਫੇਲ੍ਹ ਹੋਣ ਦਾ ਭਾਂਡਾ ਵੀ ਵਿਦੇਸ਼ੀ ਪੰਜਾਬੀਆਂ ਸਿਰ ਭੰਨ ਸਕਦੇ ਹਨ।
ਮੈਂ ਇਹ ਤਾਂ ਨਹੀਂ ਮੰਨਦਾ ਕਿ ਪਰਵਾਸੀ ਪੰਜਾਬੀ ਕੋਈ ਅਜਿਹੀ ਸ਼ੈਅ ਹਨ, ਜਿਨ੍ਹਾਂ ਦੇ ਹੱਥ ਲਾਉਣ ਨਾਲ ਸੋਨਾ ਸੁਆਹ ਹੋ ਜਾਂਦਾ ਹੈ। ਪਰ ਜੇ ਕੁਝ ਲੋਕ ਹੁਣ ਇਸ ਤਰ੍ਹਾਂ ਸੋਚਣ ਲੱਗੇ ਹਨ ਤਾਂ ਇਸ ਗੱਲ ਦੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਮੈਂ ਨਿੱਜੀ ਤੌਰ ’ਤੇ ਇਹ ਵੀ ਨਹੀਂ ਮੰਨਦਾ ਕਿ ਜਿਨ੍ਹਾਂ ਲਹਿਰਾਂ ਦਾ ਪਿੱਛੇ ਜ਼ਿਕਰ ਕੀਤਾ ਹੈ, ਉਹ ਨਿਰਾਪੁਰਾ ਵਿਦੇਸ਼ੀ ਪੰਜਾਬੀਆਂ ਦੇ ਦਖਲ ਜਾਂ ਲੋੜੋਂ ਵੱਧ ਰੁਚੀ ਲੈਣ ਕਾਰਨ ਫੇਲ੍ਹ ਹੋਈਆਂ ਹਨ। ਪਰ ਐਨਾ ਕੁ ਜ਼ਰੂਰ ਦੇਖਿਆ ਜਾ ਸਕਦਾ ਹੈ ਕਿ ਵਿਦੇਸ਼ਾਂ ਵਿਚ ਬੈਠੇ ਸਾਡੇ ਲੋਕ ਕਈ ਲਹਿਰਾਂ ਵਿਚ ਐਨੀ ਜ਼ਿਆਦਾ ਰੁਚੀ ਲੈਂਦੇ ਹਨ ਅਤੇ ਆਸਾਂ ਉਮੀਦਾਂ ਐਨੀਆਂ ਵਧਾ ਲੈਂਦੇ ਹਨ, ਜਿਹੜੀਆਂ ਅਸਲੀਅਤ ਤੋਂ ਦੂਰ ਹੁੰਦੀਆਂ ਹਨ।
ਇਹ ਹਕੀਕਤ ਹੈ ਕਿ ਆਪਣੇ ਮੁਲਕ ਤੋਂ ਦੂਰ ਰਹਿਣ ਵਾਲੇ ਕਾਫ਼ੀ ਵੱਡੀ ਗਿਣਤੀ ਵਿਚ ਪਰਵਾਸੀ ਲੋਕ ਆਪਣੇ ਪਿਛਲੇ ਮੁਲਕ ਦੀ ਜਾਂ ਸਮਾਜ ਦੀ ਰਾਜਨੀਤੀ ਬਾਰੇ ਉਲਾਰ ਅਤੇ ਵੱਧ ਕੱਟੜ ਵਿਚਾਰ ਰੱਖਦੇ ਹਨ। ਇਸ ਤਰ੍ਹਾਂ ਕਿਉਂ ਹੁੰਦਾ ਹੈ?
ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਇਸ ਦੇ ਦੋ ਪੱਖ ਨਜ਼ਰ ਆਉਂਦੇ ਹਨ। ਜਦੋਂ ਦਹਾਕਾ ਕੁ ਪਹਿਲਾਂ ਮੈਂ ਕੈਨੇਡਾ ਆਇਆ ਸੀ ਤਾਂ ਮੈਨੂੰ ਲੋਕਾਂ ਦੀਆਂ ਰਾਜਨੀਤਕ ਗੱਲਾਂ ਸੁਣ ਕੇ ਕਈ ਵਾਰ ਲੱਗਦਾ ਕਿ ਇਹ ਜਦੋਂ ਦਸ ਜਾਂ ਵੀਹ ਸਾਲ ਪੰਜਾਬ ਛੱਡ ਕੇ ਗਏ ਸਨ, ਇਨ੍ਹਾਂ ਲਈ ਮਾਨਸਿਕ ਤੌਰ ’ਤੇ ਸਮਾਂ ਉੱਥੇ ਹੀ ਖੜ੍ਹ ਗਿਆ ਸੀ। ਇਨ੍ਹਾਂ ਦੀ ਯਾਦ ਜਾਂ ਸਮਝ ਵਿਚ ਪੰਜਾਬ ਉਹੀ ਸੀ, ਜੋ ਦਸ ਜਾਂ ਵੀਹ ਸਾਲ ਪਹਿਲਾਂ ਸੀ। ਉਸ ਤੋਂ ਬਾਅਦ ਪੰਜਾਬ ਵਿਚ ਹਾਲਤ ਭਾਵੇਂ ਬਦਲ ਗਈ, ਪਰ ਇਹ ਨਹੀਂ ਬਦਲੇ। ਇਸ ਵਿਚ ਇਨ੍ਹਾਂ ਦਾ ਕਸੂਰ ਕੋਈ ਨਹੀਂ। ਕੋਈ ਵੀ ਇਨਸਾਨ ਇਸ ਗੱਲ ਤੋਂ ਬਚ ਨਹੀਂ ਸਕਦਾ। ਜਿਹੜਾ ਪੰਜਾਬ ਵਿਚੋਂ ਗੜਬੜੀ ਦੇ ਦਿਨਾਂ ਦੌਰਾਨ ਗਿਆ ਸੀ, ਉਸ ਲਈ ਪੰਜਾਬ ਦੀ ਆਖਰੀ ਯਾਦ ਜਾਂ ਅਨੁਭਵ ਉਹੀ ਸੀ। ਬਹੁਤ ਲੋਕ ਹਨ, ਜਿਹੜੇ ਮਨ ਦੇ ਉਸ ਅਨੁਭਵ ਵਿਚੋਂ ਨਿਕਲ ਕੇ ਅੱਗੇ ਨਹੀਂ ਜਾ ਸਕੇ। ਹਰ ਇਮੀਗਰੰਟ ਕਮਿਉਨਿਟੀ ਨਾਲ ਇਸ ਤਰ੍ਹਾਂ ਹੁੰਦਾ ਹੈ। ਇਹ ਸਿਰਫ਼ ਪੰਜਾਬੀ ਲੋਕਾਂ ਦੀ ਸਮੱਸਿਆ ਨਹੀਂ ਹੈ।
ਦੂਜਾ ਪੱਖ ਇਹ ਹੈ ਕਿ ਵਿਦੇਸ਼ਾਂ ਵਿਚ ਬੈਠੇ ਲੋਕਾਂ ਦੇ ਮੌਜੂਦਾ ਸਥਿਤੀ ਬਾਰੇ ਵਿਚਾਰ ਉਨ੍ਹਾਂ ਦੇ ਸਿੱਧੇ ਅਨੁਭਵ ਵਿਚੋਂ ਨਹੀਂ ਨਿਕਲੇ ਹੁੰਦੇ ਬਲਕਿ ਦੂਰੋਂ ਦੇਖੀਆਂ ਜਾਂ ਸੁਣੀਆਂ ਗੱਲਾਂ ਦੇ ਆਧਾਰ ’ਤੇ ਬਣਦੇ ਹਨ। ਦੂਰੋਂ ਦੇਖੀਆਂ ਚੀਜ਼ਾਂ ਨੂੰ ਇਨਸਾਨ ਅਕਸਰ ਆਪਣੀ ਕਲਪਨਾ ਦਾ ਰੰਗ ਚੜ੍ਹਾ ਦਿੰਦਾ ਹੈ। ਦੂਰੋਂ ਦੇਖੀਆਂ ਚੀਜ਼ਾਂ ਬਾਰੇ ਵਿਚਾਰ ਜ਼ਿਆਦਾ ਪ੍ਰੈਕਟੀਕਲ ਨਹੀਂ ਹੁੰਦੇ। ਜਿਵੇਂ ਦੂਰੋਂ ਕਿਸੇ ਇਨਸਾਨ ਬਾਰੇ ਜੋ ਵਿਚਾਰ ਬਣਾਏ ਹੁੰਦੇ ਹਨ, ਉਹ ਉਸ ਦੇ ਨੇੜੇ ਰਹਿ ਕੇ ਅਕਸਰ ਬਦਲ ਜਾਂਦੇ ਹਨ। ਇਹੀ ਗੱਲ ਰਾਜਨੀਤਕ ਵਿਚਾਰਾਂ ਬਾਰੇ ਵੀ ਕਹੀ ਜਾ ਸਕਦੀ ਹੈ। ਜਿਸ ਸਮਾਜ ਬਾਰੇ, ਜਿਸ ਰਾਜਨੀਤਕ ਲਹਿਰ ਬਾਰੇ, ਜਿਸ ਰਾਜਨੀਤਕ ਘਟਨਾ ਬਾਰੇ, ਜਿਸ ਸਿਆਸੀ ਵਰਤਾਰੇ ਬਾਰੇ ਤੁਸੀਂ ਇਕ ਧਾਰਨਾ ਬਣਾ ਰਹੇ ਹੋ, ਉਸ ਨੂੰ ਸਿੱਧੇ ਤੌਰ ’ਤੇ ਤੁਸੀਂ ਅਨੁਭਵ ਨਹੀਂ ਕੀਤਾ। ਸਿਰਫ਼ ਦੂਰੋਂ ਦੇਖਿਆ ਹੈ। ਜਿਵੇਂ ਸਿਰਫ਼ ਫੋਟੋ ਦੇਖ ਕੇ ਕਿਸੇ ਇਨਸਾਨ ਨੂੰ ਨਹੀਂ ਜਾਣਿਆ ਜਾ ਸਕਦਾ, ਉਸੇ ਤਰ੍ਹਾਂ ਦੂਰੋਂ ਦੇਖੇ ਵਰਤਾਰਿਆਂ ਬਾਰੇ ਸੰਤੁਲਤ ਰਾਜਨੀਤਕ ਵਿਚਾਰ ਨਹੀਂ ਬਣ ਸਕਦੇ।
ਇਕ ਪਾਸੇ ਪੁਰਾਣੇ ਅਤੇ ਬੀਤ ਗਏ ਅਨੁਭਵ ਦੀ ਛਾਪ ਅਤੇ ਦੂਜੇ ਪਾਸੇ ਦੂਰੋਂ ਦੇਖ ਕੇ ਬਣਾਈਆਂ ਧਾਰਨਾਵਾਂ ਕਾਰਨ ਪਰਵਾਸੀ ਲੋਕ ਜਦੋਂ ਕਿਸੇ ਸਿਆਸੀ ਲਹਿਰ ਨੂੰ ਦੇਖਦੇ ਹਨ ਤਾਂ ਉਸ ਬਾਰੇ ਉਲਾਰ ਨਜ਼ਰੀਆ ਬਣਨ ਦਾ ਖ਼ਤਰਾ ਰਹੇਗਾ। ਇਸ ਵਿਚ ਲੋੜੋਂ ਵੱਧ ਉਤੇਜਨਾ ਅਤੇ ਉਤਸ਼ਾਹ ਵੀ ਹੋ ਸਕਦਾ ਹੈ, ਗ਼ੈਰ-ਵਿਹਾਰਕ ਉਮੀਦਾਂ ਵੀ ਹੋ ਸਕਦੀਆਂ ਹਨ ਅਤੇ ਇਸੇ ਜੋਸ਼ ਵਿਚੋਂ ਲੋੜੋਂ ਵੱਧ ਦਖਲ ਦੇਣ ਦੀ ਆਦਤ ਨਿਕਲਦੀ ਹੈ।
ਇਹ ਸੰਭਵ ਹੈ ਕਿ ਇਸ ਤਰ੍ਹਾਂ ਦੇ ਪਰਵਾਸੀ ਤਬਕੇ ਦੀ ਜਦੋਂ ਕਿਸੇ ਸਿਆਸੀ ਲਹਿਰ ਵਿਚ ਰੁਚੀ ਬਹੁਤ ਵਧਦੀ ਹੈ ਜਾਂ ਉਸ ਵਿਚ ਉਹ ਬਹੁਤ ਜ਼ਿਆਦਾ ਦਖਲ ਦੇਣ ਲੱਗ ਜਾਂਦਾ ਹੈ ਤਾਂ ਕਈ ਤਰ੍ਹਾਂ ਦੀਆਂ ਗੜਬੜਾਂ ਕਰ ਸਕਦਾ ਹੈ। ਜਿਵੇਂ ਕਈ ਵਾਰ ਇਹ ਹੁੰਦਾ ਹੈ ਕਿ ਕਿਸੇ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਜਾਂ ਬੱਚਿਆਂ ਦੀਆਂ ਆਦਤਾਂ ਅਤੇ ਕਮੀਆਂ/ਕਮਜ਼ੋਰੀਆਂ ਦਾ ਵੱਧ ਪਤਾ ਹੁੰਦਾ ਹੈ ਅਤੇ ਉਹ ਉਸ ਹਿਸਾਬ ਨਾਲ ਉਨ੍ਹਾਂ ਨਾਲ ਵਿਚਰਦਾ ਹੈ, ਪਰ ਬਾਹਰੋਂ ਆਇਆ ਰਿਸ਼ਤੇਦਾਰ ਕੋਈ ਪੁੱਠੀ ਸਲਾਹ ਦੇ ਜਾਂਦਾ ਹੈ। ਉਨ੍ਹਾਂ ਦੀਆਂ ਸਲਾਹਾਂ ਕਈ ਵਾਰ ਝਗੜੇ ਦਾ ਕਾਰਨ ਵੀ ਬਣ ਜਾਂਦੀਆਂ ਹਨ। ਸ਼ਾਇਦ ਇਹੀ ਕੁਝ ਪਰਵਾਸੀਆਂ ਨਾਲ ਹੁੰਦਾ ਹੋਵੇਗਾ।
ਈਮੇਲ: Jay.shameel@gmail.com