ਸੁਰਜੀਤ
ਸਦੀਆਂ ਤੋਂ ਔਰਤ ਨੂੰ ਦੂਜੇ ਦਰਜੇ ਦਾ ਮਨੁੱਖ ਮੰਨਿਆ ਜਾਂਦਾ ਰਿਹਾ ਹੈ। ਅਸੀਂ ਰੋਜ਼ ਅਖ਼ਬਾਰਾਂ ਵਿੱਚ ਪੜ੍ਹਦੇ ਹਾਂ ਕਿ ਦੁਨੀਆ ਦੇ ਹਰ ਖਿੱਤੇ ਵਿੱਚ ਰੋਜ਼ਾਨਾ ਕੁੜੀਆਂ ਦੀ ਇੱਜ਼ਤ ਲੁੱਟੀ ਜਾਂਦੀ ਹੈ ਜਾਂ ਜਾਨੋਂ ਮਾਰ ਦਿੱਤੀਆਂ ਜਾਂਦੀਆਂ ਹਨ। ਦੁਨੀਆ ਦੇ ਹਰ ਖਿੱਤੇ ਵਿੱਚ ਉਸ ਦੀ ਸਰੀਰਕ ਕਮਜ਼ੋਰੀ ਦਾ ਫਾਇਦਾ ਉਠਾਉਣ ਵਾਲੇ ਮੌਜੂਦ ਬੈਠੇ ਹਨ। ਸੁਰਖੀਆਂ ਦੱਸਦੀਆਂ ਹਨ ਕਿ ਅਮਰੀਕਾ ਵਰਗੇ ਵਿਕਸਤ ਦੇਸ਼ ਵਿੱਚ ਕਿਸੇ ਨੇ ਇੱਕ ਬਾਲੜੀ ਨੂੰ ਘਰ ਦੇ ਪਿਛਵਾੜੇ ਵਿੱਚ 17 ਸਾਲ ਕੈਦ ਕਰਕੇ ਰੱਖਿਆ ਤੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਅਸਟਰੀਆ ਵਿੱਚ ਇੱਕ ਦਰਿੰਦੇ ਨੇ ਆਪਣੀ ਹੀ ਬੇਟੀ ਨੂੰ ਆਪਣੇ ਹੀ ਘਰ ਦੀ ਬੇਸਮੈਂਟ ਵਿੱਚ 24 ਸਾਲ ਕੈਦ ਕਰੀਂ ਰੱਖਿਆ ਅਤੇ ਉਸ ਤੋਂ ਸੱਤ ਬੱਚੇ ਵੀ ਪੈਦਾ ਕੀਤੇ। ਇਹੋ ਜਿਹੀਆਂ ਅਨੇਕਾਂ ਦੁਖਦਾਈ ਘਟਨਾਵਾਂ ਸਾਰੇ ਸੰਸਾਰ ਵਿੱਚ ਵੇਖਣ ਨੂੰ ਮਿਲਦੀਆਂ ਹਨ। ਹਜ਼ਾਰਾਂ ਔਰਤਾਂ ਕਦੇ ਦਾਜ ਦੀ ਬਲੀ ਚੜ੍ਹਾਈਆਂ ਜਾਂਦੀਆਂ ਹਨ ਤੇ ਕਦੇ ਈਰਖਾ ਦੀ; ਕਦੇ ਇੱਜ਼ਤ ਦੇ ਨਾਂ ’ਤੇ ਕੁਰਬਾਨ ਕੀਤੀਆਂ ਜਾਂਦੀਆਂ ਹਨ। ਕੁੱਖ ਵਿੱਚ ਮਾਰ ਦਿੱਤੀਆਂ ਜਾਂਦੀਆਂ ਹਨ। ਜੰਗ ਦੇ ਦੌਰਾਨ ਸਭ ਤੋਂ ਵੱਧ ਜ਼ੁਲਮ ਔਰਤਾਂ ਅਤੇ ਬੱਚਿਆਂ ’ਤੇ ਹੀ ਕੀਤੇ ਜਾਂਦੇ ਹਨ। ਪਿੱਤਰ ਸੱਤਾ ਨੇ ਔਰਤ ਨੂੰ ਕਦੇ ਦਾਸੀ, ਕਦੇ ਪੈਰ ਦੀ ਜੁੱਤੀ ਦਾ ਰੁਤਬਾ ਦਿੱਤਾ, ਪਰ ਇਨਸਾਨ ਨਹੀਂ ਸਮਝਿਆ।
ਔਰਤ ਦੇ ਹਾਲਾਤ ਨੂੰ ਸੁਧਾਰਨ ਲਈ ਅਤੇ ਉਸ ਦਾ ਉੱਥਾਨ ਕਰਨ ਲਈ ਹੀ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਣ ਲੱਗਾ। ਇਸ ਸਮੇਂ ਦੌਰਾਨ ਬਹੁਤ ਉਥਲ ਪੁਥਲ ਹੋ ਰਹੀ ਸੀ। ਔਰਤਾਂ ਨੇ ਆਪਣੇ ਹੱਕਾਂ ਲਈ ਬੋਲਣਾ ਅਤੇ ਤਬਦੀਲੀ ਲਿਆਉਣ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ। 1908 ਵਿੱਚ 15000 ਔਰਤਾਂ ਨੇ ਨਿਊ ਯੌਰਕ ਸਿਟੀ ਵਿੱਚ ਮਾਰਚ ਕਰਕੇ ਮੰਗ ਕੀਤੀ ਕਿ ਉਨ੍ਹਾਂ ਦੇ ਕੰਮ ਦੇ ਘੰਟੇ ਘਟਾਏ ਜਾਣ, ਉਨ੍ਹਾਂ ਨੂੰ ਬਿਹਤਰ ਤਨਖਾਹ ਅਤੇ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ।
1910 ਵਿੱਚ ਕੋਪਨ ਹੇਗਨ ਵਿੱਚ ਕੰਮ ਕਾਜੀ ਔਰਤਾਂ ਦੀ ਇੱਕ ਅੰਤਰਰਾਸ਼ਟਰੀ ਕਾਨਫਰੰਸ ਹੋਈ। ਜਰਮਨੀ ਦੀ ਸੋਸ਼ਲ ਡੈਮੋਕਰੈਟਿਕ ਪਾਰਟੀ ਦੀ ਲੀਡਰ ਕਲਾਰਾ ਜੈਟਕਿਨ ਨੇ ਉਸ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ। ਉਸ ਨੇ ਕਿਹਾ ਕਿ ਹਰ ਸਾਲ ਇਸੇ ਦਿਨ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਵੇ ਅਤੇ ਔਰਤਾਂ ਆਪਣੀਆਂ ਮੰਗਾਂ ਰੱਖਣ। ਇਸ ਕਾਨਫਰੰਸ ਵਿੱਚ 17 ਦੇਸ਼ਾਂ ਦੀਆਂ 100 ਔਰਤਾਂ ਸ਼ਾਮਲ ਹੋਈਆਂ। ਕਲਾਰਾ ਦਾ ਪ੍ਰਸਤਾਵ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ਅਤੇ ਉਦੋਂ ਤੋਂ ਇਹ ਦਿਨ ਮਨਾਇਆ ਜਾਣ ਲੱਗਾ।
ਹੁਣ ਹਰ ਵਰ੍ਹੇ 8 ਮਾਰਚ ਨੂੰ ਔਰਤਾਂ ਦੀਆਂ ਸਮਾਜਿਕ, ਰਾਜਨੀਤਕ ਤੇ ਆਰਥਿਕ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਲਈ ਕੌਮਾਂਤਰੀ ਨਾਰੀ ਦਿਵਸ ਮਨਾਇਆ ਜਾਂਦਾ ਹੈ। ਪੂਰੇ ਮਾਰਚ ਹੀ ਇਸ ਸਬੰਧੀ ਵੱਖ ਵੱਖ ਪ੍ਰੋਗਰਾਮ ਕੀਤੇ ਜਾਂਦੇ ਹਨ। ਔਰਤਾਂ ਦੀ ਸਥਿਤੀ ਨੂੰ ਸੁਧਾਰਨ ਲਈ ਸਰਕਾਰਾਂ ਅਤੇ ਔਰਤਾਂ ਦੀਆਂ ਸੰਸਥਾਵਾਂ ਵੱਲੋਂ ਬਹੁਤ ਸਾਰੇ ਕਦਮ ਚੁੱਕੇ ਗਏ ਅਤੇ ਚੁੱਕੇ ਜਾ ਰਹੇ ਹਨ। ਅੱਜਕੱਲ੍ਹ ਔਰਤਾਂ ਦੇ ਹੱਕਾਂ ਦੀ ਗੱਲ ਹਰ ਜਗ੍ਹਾ ਹੋ ਰਹੀ ਹੈ।
ਵੱਖ ਵੱਖ ਜਥੇਬੰਦੀਆਂ, ਸਰਕਾਰੀ ਮਹਿਕਮੇ, ਔਰਤਾਂ ਨਾਲ ਸਬੰਧਿਤ ਸੰਸਥਾਵਾਂ ਤੇ ਚੈਰਿਟੀ ਗਰੁੱਪ ਹਰ ਵਰ੍ਹੇ ਔਰਤਾਂ ਨਾਲ ਸਬੰਧਿਤ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਕਰਦੇ ਹਨ। ਜਿਵੇਂ ਕਿ ‘ਕੁੜੀਆਂ ਨੂੰ ਜਥੇਬੰਦ ਕਰੋ ਤੇ ਉਨ੍ਹਾਂ ਦੇ ਭਵਿੱਖ ਨੂੰ ਉੱਜਵਲ ਕਰੋ’! ਹਰ ਵਰ੍ਹੇ ਯੂਨਾਈਟਿਡ ਨੇਸ਼ਨ ਵੀ ‘ਪੇਂਡੂ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਓ- ਭੁੱਖਮਰੀ ਤੇ ਗ਼ਰੀਬੀ ਹਟਾਓ’ ਵਰਗੇ ਪ੍ਰਸਤਾਵ ਰੱਖਦੀ ਹੈ। 2012 ਵਿੱਚ ਯੂਰਪ ਦੀ ਪਾਰਲੀਮੈਂਟ ਵਿੱਚ ਉਸ ਸਾਲ ਦਾ ਪ੍ਰਸਤਾਵ ਸੀ- ਬਰਾਬਰ ਦੇ ਕੰਮ ਲਈ ਬਰਾਬਰ ਦੀ ਤਨਖਾਹ।
ਭਾਵੇਂ ਆਪਣੀ ਸਰੀਰਕ ਬਣਤਰ ਕਰਕੇ ਔਰਤ ਜ਼ੁਲਮ ਦੀ ਸ਼ਿਕਾਰ ਹੋਈ ਹੈ, ਪਰ ਜੇਕਰ ਇਤਿਹਾਸ ਦੇ ਪੰਨੇ ਫਰੋਲ ਕੇ ਵੇਖੀਏ ਤਾਂ ਇਹੋ ਜਿਹੀਆਂ ਵੀਰਾਂਗਣਾਵਾਂ ਦੀ ਵੀ ਕਮੀ ਨਹੀਂ ਜਿਨ੍ਹਾਂ ਨੇ ਆਪਣੀ ਹਿੰਮਤ ਤੇ ਹੌਸਲੇ ਸਦਕਾ ਸਮਾਜ ਵਿੱਚ ਵਿਸ਼ੇਸ਼ ਮੁਕਾਮ ਹਾਸਲ ਕੀਤਾ। ਅੱਜਕੱਲ੍ਹ ਤਕਰੀਬਨ ਸਾਰੀ ਦੁਨੀਆ ਵਿੱਚ ਹੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਦੇ ਅਧਿਕਾਰ ਮਿਲੇ ਹੋਏ ਹਨ ਤੇ ਉਨ੍ਹਾਂ ਨੇ ਹਰ ਖੇਤਰ ਵਿੱਚ ਬਹੁਤ ਤਰੱਕੀ ਕੀਤੀ ਹੈ। ਹਿਲਰੀ ਕਲਿੰਟਨ, ਓਪਰਾ ਵਿਨਫਰੇ, ਸ਼ੈਰਨ ਸਟੋਨ, ਅਲਿਜ਼ਬੈਥ ਟੇਲਰ, ਟੀਨਾ ਟਰਨਰ, ਪਰਲ ਬਕ, ਡਾਇਨ ਫਾਇਨਸਟਾਈਨ, ਐਮਿਲਡਾ ਮਾਰਕਸ, ਮਿਸ਼ੈਲ ਓਬਾਮਾ, ਇੰਦਰਾ ਗਾਂਧੀ, ਕਿਰਨ ਬੇਦੀ, ਕਲਪਨਾ ਚਾਵਲਾ, ਦੀਪਾ ਮਹਿਤਾ, ਗੁਰਿੰਦਰ ਚੱਢਾ ਤੇ ਅੰਮ੍ਰਿਤਾ ਪ੍ਰੀਤਮ ਨੇ ਆਪਣੇ ਆਪਣੇ ਖੇਤਰਾਂ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ। ਫ਼ਿਲਮਾਂ ਤੇ ਸੰਗੀਤ ਦੇ ਖੇਤਰ ਵਿੱਚ ਤਾਂ ਅਣਗਿਣਤ ਕੁੜੀਆਂ ਨੇ ਨਵੇਂ ਦਿਸਹੱਦਿਆਂ ਨੂੰ ਛੂਹਿਆ ਹੈ। ਪੰਜਾਬੀ ਸਾਹਿਤ ਵਿੱਚ ਦਲੀਪ ਕੌਰ ਟਿਵਾਣਾ, ਅਜੀਤ ਕੌਰ, ਪ੍ਰਭਜੋਤ ਕੌਰ, ਸੁਖਵਿੰਦਰ ਅੰਮ੍ਰਿਤ, ਪਾਲ ਕੌਰ ਤੇ ਅਨੇਕਾਂ ਹੋਰਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਖੇਡ ਜਗਤ ਵਿੱਚ ਵੀ ਹੁਣ ਔਰਤਾਂ ਪਿੱਛੇ ਨਹੀਂ ਰਹੀਆਂ।
ਜੇ ਅਸੀਂ ਆਪਣੇ ਇਤਿਹਾਸਕ ਪਿਛੋਕੜ ਵੱਲ ਨਜ਼ਰ ਮਾਰੀਏ ਤਾਂ ਅਜਿਹੀਆਂ ਇਸਤਰੀਆਂ ਦੇ ਨਾਂ ਸਾਡੇ ਸਾਹਮਣੇ ਆਉਂਦੇ ਹਨ ਜਿਨ੍ਹਾਂ ’ਤੇ ਇਸਤਰੀ ਜਾਤੀ ਨੂੰ ਮਾਣ ਹੈ। ਮਾਤਾ ਗੁਜਰੀ, ਮਾਤਾ ਸਾਹਿਬ ਦੇਵਾਨ ਤੇ ਮਾਈ ਭਾਗੋ ਹਿੰਮਤ ਤੇ ਹੌਸਲੇ ਦੀ ਮਿਸਾਲ ਹਨ। ਮਦਰ ਟਰੇਸਾ, ਫਲੋਰੈਂਸ ਨਾਈਟਿੰਗੇਲ, ਮੇਰੀ ਕਿਊਰੀ ਤੇ ਝਾਂਸੀ ਦੀ ਰਾਣੀ ਵਰਗੀਆਂ ਇਸਤਰੀਆਂ ਨੇ ਸਮਾਜ ਨੂੰ ਮਹਾਨ ਦੇਣ ਦਿੱਤੀ। ਜੇਨ ਆਸਟਨ, ਐਮਿਲੀ ਡਿਕਨਜ਼, ਜਾਰਜ ਇਲੀਅਟ ਅਤੇ ਵਿਰਜੀਨੀਆ ਵੁਲਫ਼ ਦੀ ਮਹਾਨ ਸਾਹਿਤਕ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ।
ਅੱਜ ਉਨ੍ਹਾਂ ਪੰਜ ਕੈਨੀਡੀਅਨ ਔਰਤਾਂ ਨੂੰ ਵੀ ਅਸੀਂ ਭੁਲਾ ਨਹੀਂ ਸਕਦੇ ਜਿਨ੍ਹਾਂ ਨੂੰ ‘ਫੇਮਸ ਫਾਈਵ’ ਕਰਕੇ ਜਾਣਿਆ ਜਾਂਦਾ ਹੈ। ਗੱਲ 1927 ਦੀ ਹੈ ਕਿ ਪੰਜ ਔਰਤਾਂ-ਐਮਿਲੀ ਮਰਫ਼ੀ, ਆਇਰਨ ਮਾਰਟਿਨ ਪਾਰਲਬੀ, ਨੈਲੀ ਮੂਲੀ ਮੈਕਲੰਗ, ਲੂਈਸ ਮਕਿਨੀ ਤੇ ਹੈਨਰੀਅਟਾ ਮਯੂਰ ਨੇ ਕੈਨੇਡਾ ਦੀ ਸੁਪਰੀਮ ਕੋਰਟ ਕੋਲੋਂ ਬ੍ਰਿਟਿਸ਼ ਸੰਵਿਧਾਨ ਵਿੱਚ ਲਿਖੀ ਕਲਾਜ਼ ‘ਕੁਆਲੀਫਾਈਡ ਪਰਸਨਜ਼’ ਦੀ ਪਰਿਭਾਸ਼ਾ ਪੁੱਛੀ। ਉਨ੍ਹਾਂ ਨੇ ਪੁੱਛਿਆ ਕਿ ਕੀ ‘ਪਰਸਨਜ਼’ ਵਿੱਚ ਔਰਤਾਂ ਵੀ ਸ਼ਾਮਲ ਹਨ ਜਾਂ ਨਹੀਂ। ਉਨ੍ਹਾਂ ਦਾ ਭਾਵ ਸੀ ਕਿ ਕੀ ਔਰਤਾਂ ਸੈਨੇਟ ਦੀ ਨੁਮਾਇੰਦਗੀ ਵਿੱਚ ਸ਼ਾਮਲ ਹੋ ਸਕਦੀਆਂ ਹਨ ਕਿ ਨਹੀਂ। 1928 ਵਿੱਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਸੁਣਾਇਆ ਕਿ ਔਰਤਾਂ ‘ਪਰਸਨਜ਼’ ਨਹੀਂ ਹਨ। ਇਸ ਫ਼ੈਸਲੇ ਦੀ ਆਖਰੀ ਸਤਰ ਵਿੱਚ ਲਿਖਿਆ ਗਿਆ ਸੀ ਕਿ ਔਰਤਾਂ ਨੂੰ ਕੈਨੇਡਾ ਦੀ ਸੈਨੇਟ ਦੀਆਂ ਮੈਂਬਰ ਬਣਨ ਦਾ ਅਧਿਕਾਰ ਨਹੀਂ ਹੈ। ਇਸ ਕੇਸ ਨੂੰ ‘ਪਰਸਨਜ਼ ਕੇਸ’ ਦਾ ਨਾਂ ਦਿੱਤਾ ਗਿਆ। ਪਰ ਇਹ ਬਹਾਦਰ ਔਰਤਾਂ ਹਾਰੀਆਂ ਨਹੀਂ। ਇਨ੍ਹਾਂ ਨੇ ਇਸ ਕੇਸ ਦੀ ਇੰਗਲੈਂਡ ਵਿੱਚ ਬ੍ਰਿਟਿਸ਼ ਸਰਕਾਰ ਦੀ ਜੂਡੀਸ਼ੀਅਲ ‘ਪਰੀਵੀ ਕੌਂਸਲ’ ਅੱਗੇ ਪਟੀਸ਼ਨ ਕੀਤੀ। 18 ਅਕਤੂਬਰ 1929 ਨੂੰ ਪਹਿਲੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਗਿਆ ਤੇ ‘ਪਰਸਨਜ਼’ ਵਿੱਚ ਔਰਤਾਂ ਵੀ ਸ਼ਾਮਲ ਕੀਤੀਆਂ ਗਈਆਂ। ਔਰਤਾਂ ਨੂੰ ਕੈਨੇਡਾ ਦੀ ਸੈਨੇਟ ਦੀਆਂ ਮੈਂਬਰ ਬਣਨ ਦੇ ਅਧਿਕਾਰ ਪ੍ਰਾਪਤ ਹੋ ਗਏ।
ਇਨ੍ਹਾਂ ਪੰਜਾਂ ਨੇ ਜੋ ਕਿ ਐਲਬਰਟਾ (ਕੈਨੇਡਾ) ਦੀਆਂ ਵਸਨੀਕ ਸਨ, ਕੈਨੇਡੀਅਨ ਔਰਤਾਂ ਦੇ ਹੱਕਾਂ ਲਈ ਬਹੁਤ ਸਾਰੇ ਕੰਮ ਕੀਤੇ। ਕੰਮ ’ਤੇ ਔਰਤ ਕਾਮਿਆਂ ਲਈ ਸੁਖਾਵਾਂ ਮਾਹੌਲ, ਸਿਹਤ ਸੇਵਾਵਾਂ, ਵਿਆਹੁਤਾ ਔਰਤਾਂ ਦੇ ਅਧਿਕਾਰ, ਬੱਚਿਆਂ ਨੂੰ ਪਾਲਣ-ਪੋਸ਼ਣ ਸਬੰਧੀ ਅਧਿਕਾਰ, ਰਾਜਨੀਤੀ ਵਿੱਚ ਹਿੱਸਾ ਲੈਣ ਦੇ ਅਧਿਕਾਰ ਅਤੇ ਵਿਦਿਅਕ ਅਦਾਰਿਆਂ ਆਦਿ ਵਿੱਚ ਔਰਤਾਂ ਦੇ ਹਰ ਮਸਲੇ ਲਈ ਇਨ੍ਹਾਂ ਨੇ ਸਾਰੀ ਜ਼ਿੰਦਗੀ ਲਗਨ ਅਤੇ ਹਿੰਮਤ ਨਾਲ ਅੱਗੇ ਹੋ ਕੇ ਕੰਮ ਕੀਤਾ। ਨਿਆਂ ਪ੍ਰਾਪਤੀ ਲਈ ਇਨ੍ਹਾਂ ਬਿਨਾਂ ਰੰਗ-ਭੇਦ, ਨਸਲ, ਉਮਰ ਅਤੇ ਲਿੰਗ-ਭੇਦ ਦੀ ਪਰਵਾਹ ਕਰਦਿਆਂ ਹਰੇਕ ਦੀ ਮਦਦ ਕੀਤੀ।
ਇਨ੍ਹਾਂ ‘ਫੇਮਸ ਫਾਈਵ’ ਨੂੰ ਮਾਣ ਦੇਣ ਲਈ ਕੈਨੇਡਾ ਦੀ ਸਰਕਾਰ ਨੇ ਇਨ੍ਹਾਂ ਦੀਆਂ ਜੀਵਨੀਆਂ ਤਿਆਰ ਕਰਵਾਈਆਂ ਹਨ। ਇਨ੍ਹਾਂ ਦੀ ਤਸਵੀਰ ਪੰਜਾਹਾਂ ਦੇ ਨੋਟ ’ਤੇ ਛਾਪੀ ਗਈ ਹੈ। ਕੈਨੇਡਾ ਦੀ ਸਰਕਾਰ ਨੇ ਇਨ੍ਹਾਂ ਨੂੰ ਟਰਾਫੀਆਂ ਦੇ ਕੇ ਵੀ ਸਨਮਾਨਤ ਕੀਤਾ। ਇਨ੍ਹਾਂ ਦੇ ਬੁੱਤ ਕੈਨੇਡਾ ਦੀ ਮਸ਼ਹੂਰ ਬੁੱਤਕਾਰ ਬਾਰਬਰਾ ਪੈਟਰਸਨ ਵੱਲੋਂ ਬਣਵਾ ਕੇ ਪਾਰਲੀਮੈਂਟ ਹਿੱਲ, ਓਟਵਾ ਅਤੇ ਓਲੰਪਿਕ ਪਲਾਜ਼ਾ ਕੈਲਗਰੀ ਵਿੱਚ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਦੇ ਨਾਂ ’ਤੇ ਐਡਮਿੰਟਨ ਵਿੱਚ ਪੰਜ ਪਾਰਕਾਂ ਦੇ ਨਾਂ ਰੱਖੇ ਗਏ। ਆਪਣੇ ਜੀਵਨ ਕਾਲ ਵਿੱਚ ਇਨ੍ਹਾਂ ਪੰਜਾਂ ਵਿੱਚੋਂ ਕੋਈ ਵੀ ਸੈਨੇਟਰ ਨਹੀਂ ਬਣੀ, ਪਰ 8 ਅਕਤੂਬਰ 2009 ਨੂੰ ਇਨ੍ਹਾਂ ਪੰਜਾਂ ਨੂੰ ਪਹਿਲੀਆਂ ਪੰਜ ਆਨਰੇਰੀ ਇਸਤਰੀ ਸੈਨੇਟਰਾਂ ਦੀ ਪਦਵੀ ਦਿੱਤੀ ਗਈ। 18 ਅਕਤੂਬਰ, 1999 ਨੂੰ ‘ਪਰਸਨਜ਼ ਕੇਸ’ ਦੇ ਆਧਾਰ ’ਤੇ ਕੈਨੇਡਾ ਵਿੱਚ ਔਰਤਾਂ ਦੇ ਅਧਿਕਾਰਾਂ ਦੀ 70ਵੀਂ ਵਰੇਗੰਢ ਮਨਾਈ ਗਈ। ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਸਾਰੀ ਇਸਤਰੀ ਜਾਤੀ ਨੂੰ ਮਾਣ ਹੈ। ਇਹ ਘਟਨਾ ਔਰਤਾਂ ਦੇ ਹੌਸਲੇ ਦੀ ਬਹੁਤ ਵੱਡੀ ਮਿਸਾਲ ਹੈ। ਆਓ, ਸਾਰੇ ਮਿਲ ਕੇ ਔਰਤਾਂ ਨੂੰ ਸਮਾਜ ਵਿੱਚ ਬਰਾਬਰ ਦੇ ਹੱਕ ਦੁਆਉਣ ਵਿੱਚ ਆਪਣਾ ਆਪਣਾ ਯੋਗਦਾਨ ਪਾਈਏ ਤਾਂ ਹੀ ਹਰ ਵਰ੍ਹੇ ਅੰਤਰਰਾਸ਼ਟਰੀ ਇਸਤਰੀ ਦਿਵਸ ਮਨਾਉਣ ਦਾ ਫਾਇਦਾ ਹੈ।
ਈ-ਮੇਲ: surjitk33@gmail.com (ਟੋਰਾਂਟੋ)