ਸ਼ਮੀਲ
ਮੈਂ ਖ਼ੁਦ ਬਰੈਂਪਟਨ ਸਿਟੀ ਵਿਚ ਰਹਿੰਦਾ ਹਾਂ। ਇਸ ਦੀ ਭੀੜ ਅਤੇ ਆਪ-ਮੁਹਾਰੀ ਟਰੈਫਿਕ ਦੇ ਬਾਵਜੂਦ ਇਹ ਸ਼ਹਿਰ ਮੈਨੂੰ ਚੰਗਾ ਲੱਗਦਾ ਹੈ। ਇਹ ਵੀ ਸਚਾਈ ਹੈ ਕਿ ਸਾਡੇ ਲੋਕਾਂ ਵਿਚ ਸਾਨੂੰ ਭਾਵੇਂ ਹਜ਼ਾਰਾਂ ਬੁਰਾਈਆਂ ਨਜ਼ਰ ਆਉਣ, ਪਰ ਜਦੋਂ ਸਾਰੀ ਦੁਨੀਆਂ ਵਿਚੋਂ ਆਏ ਲੋਕਾਂ ਨਾਲ ਮੁਕਾਬਲੇ ਵਿਚ ਦੇਖਦੇ ਹਾਂ ਤਾਂ ਇਹ ਵੀ ਮਹਿਸੂਸ ਹੁੰਦਾ ਹੈ ਕਿ ਸਾਡੇ ਲੋਕਾਂ ਵਿਚ ਕਈ ਅਜਿਹੇ ਗੁਣ ਹਨ, ਜਿਹੜੇ ਸ਼ਾਇਦ ਸਾਰਿਆਂ ਵਿਚ ਨਹੀਂ ਹੋਣਗੇ। ਕੈਨੇਡਾ ਵਿਚ ਦੁਨੀਆਂ ਭਰ ’ਚੋਂ ਲੋਕ ਆਏ ਹਨ, ਉਨ੍ਹਾਂ ਵਿਚ ਕਈ ਭਾਈਚਾਰੇ ਅਜਿਹੇ ਹਨ, ਜਿਨ੍ਹਾਂ ਦੀਆਂ ਸਮੱਸਿਆਵਾਂ ਸਾਡੇ ਨਾਲੋਂ ਕਿਤੇ ਵੱਧ ਗੰਭੀਰ ਹਨ। ਜੁਰਮ, ਨਸ਼ਾ, ਭ੍ਰਿਸ਼ਟਾਚਾਰ, ਧੋਖਾਧੜੀ ਦੇ ਮਾਮਲੇ ਵਿਚ ਸਾਡੇ ਨਾਲੋਂ ਕਿਤੇ ਵੱਧ ਮੱਲਾਂ ਮਾਰਨ ਵਾਲੇ ਲੋਕ ਵੀ ਇੱਥੇ ਆਏ ਹੋਏ ਹਨ। ਅਸੀਂ ਸਭ ਤੋਂ ਬੁਰੇ ਨਹੀਂ ਹਾਂ, ਪਰ ਬੁਰਾਈ ਦੀ ਦੁਨੀਆਂ ਵਿਚ ਸਾਡਾ ਵੀ ਇਕ ਹਿੱਸਾ ਹੈ।
ਕੈਨੇਡਾ ਦੇ ਪੂਰਬ ਵਾਲੇ ਪਾਸੇ ਬਰੈਂਪਟਨ ਅਜਿਹਾ ਸ਼ਹਿਰ ਹੈ, ਜਿੱਥੇ ਪੰਜਾਬੀਆਂ ਦੀ ਸਭ ਤੋਂ ਵੱਧ ਆਬਾਦੀ ਹੈ। ਸਮੁੱਚੇ ਦੱਖਣੀ ਏਸ਼ਿਆਈ ਲੋਕਾਂ ਨੂੰ ਜੇ ਵਿਚ ਗਿਣੀਏ, ਜਿਸ ਵਿਚ ਸਾਰੇ ਭਾਰਤੀ, ਪਾਕਿਸਤਾਨੀ, ਸ੍ਰੀਲੰਕਾ ਦੇ ਲੋਕ ਗਿਣੇ ਜਾ ਸਕਦੇ ਹਨ ਤਾਂ ਇਸ ਸ਼ਹਿਰ ਦੀ ਅੱਧੇ ਤੋਂ ਵੱਧ ਆਬਾਦੀ ਦੱਖਣੀ ਏਸ਼ਿਆਈ ਹੈ। ਪੰਜਾਬੀਆਂ ਦਾ ਹਿੱਸਾ 30 ਕੁ ਫੀਸਦੀ ਦੇ ਕਰੀਬ ਹੋਵੇਗਾ। ਇਸ ਸ਼ਹਿਰ ਦੀ ਪਛਾਣ ਹੀ ਇਕ ਬਰਾਊਨ-ਟਾਊਨ ਵਾਲੀ ਹੈ। ਬਰੈਂਪਟਨ ਦੇ ਵਾਰਡ 9 ਅਤੇ 10 ਅਜਿਹੇ ਖੇਤਰ ਹਨ, ਜਿੱਥੇ ਕਰੀਬ 90 ਫੀਸਦੀ ਆਬਾਦੀ ਦੱਖਣੀ ਏਸ਼ਿਆਈ ਹੋਵੇਗੀ।
ਜਿਹੜੇ ਲੋਕ ਇਹ ਕਹਿੰਦੇ ਹਨ ਕਿ ਬਰੈਂਪਟਨ ਹਰ ਤਰ੍ਹਾਂ ਦੀਆਂ ਧੋਖਾਧੜੀਆਂ/ਜਾਅਲਸਾਜ਼ੀਆਂ ਦਾ ਗੜ੍ਹ ਬਣ ਗਿਆ ਹੈ, ਉਹ ਕਈ ਪੱਖਾਂ ਦੀ ਮਿਸਾਲ ਦਿੰਦੇ ਹਨ। ਮੈਂ ਇੱਥੇ ਸਿਰਫ਼ ਦੋ ਕੁ ਵੱਡੇ ਪੱਖ ਸਾਂਝੇ ਕਰਾਂਗਾ, ਜਿਨ੍ਹਾਂ ਦੇ ਆਧਾਰ ’ਤੇ ਅਜਿਹੀਆਂ ਗੱਲਾਂ ਹੁੰਦੀਆਂ ਹਨ। ਇਨ੍ਹਾਂ ਨੂੰ ਝੂਠਾ ਸਾਬਤ ਕਰਨ ਦੀ ਜ਼ਿੰਮੇਵਾਰੀ ਹੁਣ ਸਾਡੀ ਹੈ।
ਬਰੈਂਪਟਨ ਵਿਚ ਆਟੋ-ਇੰਸ਼ੋਰੈਂਸ ਰੇਟ ਪੂਰੇ ਕੈਨੇਡਾ ਵਿਚ ਸਭ ਤੋਂ ਜ਼ਿਆਦਾ ਹਨ। ਕਾਰਾਂ ਦੀ ਇੰਸ਼ੋਰੈਂਸ ਦਾ ਸਿਸਟਮ ਪੱਛਮੀ ਮੁਲਕਾਂ ਵਿਚ ਜਾਂ ਕੈਨੇਡਾ ਵਿਚ ਭਾਰਤ ਦੇ ਮੁਕਾਬਲੇ ਕਾਫ਼ੀ ਵੱਖਰਾ ਹੈ। ਇਸ ਮੁਲਕ ਵਿਚ ਹਰ ਸੂਬੇ ਦੇ ਆਪੋ ਆਪਣੇ ਆਟੋ-ਇੰਸ਼ੋਰੈਂਸ ਕਾਨੂੰਨ ਹਨ ਅਤੇ ਇਸ ਕਰਕੇ ਕਵਰੇਜ ਵਿਚ ਅਤੇ ਹੋਰ ਕਈ ਪੱਖਾਂ ਤੋਂ ਫ਼ਰਕ ਹਨ, ਜਿਨ੍ਹਾਂ ਦੇ ਵਿਸਥਾਰ ਵਿਚ ਜਾਣਾ ਇੱਥੇ ਸੰਭਵ ਨਹੀਂ। ਕੁਝ ਮੁੱਢਲੀਆਂ ਗੱਲਾਂ ਦਾ ਜ਼ਿਕਰ ਹੀ ਕਰਾਂਗਾ। ਇੱਥੇ ਇੰਸ਼ੋਰੈਂਸ ਸਿਰਫ਼ ਗੱਡੀ ਦੀ ਨਹੀਂ ਹੁੰਦੀ ਬਲਕਿ ਡਰਾਈਵਰ ਦੀ ਵੀ ਹੁੰਦੀ ਹੈ। ਜਿਸ ਕਰਕੇ ਐਕਸੀਡੈਂਟ ਦੀ ਸੂਰਤ ਵਿਚ ਇਲਾਜ, ਗੱਡੀ ਦੀ ਰਿਪੇਅਰ, ਥਰਡ-ਪਾਰਟੀ ਕਵਰੇਜ ਜਾਂ ਸੱਟ ਲੱਗ ਜਾਣ ਕਾਰਨ ਆਮਦਨ ਰੁਕਣ ਦੀ ਸੂਰਤ ਵਿਚ ਘੱਟੋ-ਘੱਟ ਮਾਸਿਕ ਵਿੱਤੀ ਸਹਾਇਤਾ ਆਦਿ ਕਈ ਪੱਖ ਇਸ ਵਿਚ ਸ਼ਾਮਲ ਹਨ। ਆਟੋ ਇੰਸ਼ੋਰੈਂਸ ਦਾ ਰੇਟ ਏਰੀਆ ਕੋਡ ਜਾਂ ਪੋਸਟਲ ਕੋਡ ਦੇ ਹਿਸਾਬ ਨਾਲ ਅਲੱਗ ਅਲੱਗ ਹੁੰਦਾ ਹੈ। ਸਾਰੇ ਸ਼ਹਿਰਾਂ ਜਾਂ ਖੇਤਰਾਂ ਵਿਚ ਇਕੋ ਜਿਹਾ ਰੇਟ ਨਹੀਂ। ਜਿਸ ਖੇਤਰ ਵਿਚ ਲੋਕਾਂ ਦੇ ਵੱਧ ਕਲੇਮ ਹੁੰਦੇ ਹਨ, ਉਸ ਖੇਤਰ ਵਿਚ ਕੰਪਨੀਆਂ ਰੇਟ ਵਧਾ ਦਿੰਦੀਆਂ ਹਨ। ਇਸ ਵਕਤ ਪੂਰੇ ਕੈਨੇਡਾ ਵਿਚ ਬਰੈਂਪਟਨ ਅਜਿਹਾ ਸ਼ਹਿਰ ਹੈ, ਜਿਸ ਵਿਚ ਕਾਰਾਂ ਦੀ ਇੰਸ਼ੋਰੈਂਸ ਸਭ ਤੋਂ ਮਹਿੰਗੀ ਹੈ। ਦੁਨੀਆਂ ਦੇ ਹੋਰ ਹਿੱਸਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਇਹ ਸੁਣਕੇ ਹੈਰਾਨੀ ਹੋਵੇਗੀ ਕਿ ਬਰੈਂਪਟਨ ਵਿਚ ਰਹਿਣ ਵਾਲੇ ਲੋਕ ਹਰ ਮਹੀਨੇ ਕਿੰਨੇ ਪੈਸੇ ਆਪਣੀ ਕਾਰ ਦੀ ਇੰਸ਼ੋਰੈਂਸ ਦੇ ਦਿੰਦੇ ਹਨ। ਜਦੋਂ ਕੋਈ ਨਵਾਂ ਬੰਦਾ ਇਸ ਸ਼ਹਿਰ ਵਿਚ ਆਉਂਦਾ ਹੈ ਤਾਂ ਜਦੋਂ ਉਹ ਆਪਣੀ ਕਾਰ ਦੀ ਇੰਸ਼ੋਰੈਂਸ ਦਾ ਕੋਟ ਲੈਂਦਾ ਹੈ ਤਾਂ ਉਸ ਨੂੰ 6 ਸੌ ਡਾਲਰ ਤੋਂ ਲੈ ਕੇ 8 ਸੌ ਡਾਲਰ ਮਹੀਨੇ ਤਕ ਦੇ ਕੋਟ ਮਿਲਦੇ ਹਨ ਅਤੇ ਜ਼ਿਆਦਾਤਰ ਨਵੇਂ ਡਰਾਈਵਰ 4 ਸੌ ਤੋਂ ਲੈ ਕੇ 5 ਸੌ ਡਾਲਰ ਤਕ ਹਰ ਮਹੀਨੇ ਸਿਰਫ਼ ਅਤੇ ਸਿਰਫ਼ ਆਪਣੀ ਕਾਰ ਦੀ ਇੰਸ਼ੋਰੈਂਸ ’ਤੇ ਖ਼ਰਚਦੇ ਹਨ। ਮੈਨੂੰ ਇਕ ਦਹਾਕੇ ਤੋਂ ਵੱਧ ਸਮਾਂ ਇੱਥੇ ਰਹਿੰਦੇ ਨੂੰ ਹੋ ਗਿਆ ਹੈ ਅਤੇ ਮੈਂ ਵੀ ਕਰੀਬ 3 ਸੌ ਡਾਲਰ ਹਰ ਮਹੀਨੇ ਕਾਰ ਦੀ ਇੰਸ਼ੋਰੈਂਸ ਦਿੰਦਾ ਹਾਂ। ਇੱਥੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਓਂਟਾਰੀਓ ਦੇ ਸ਼ਾਰੇ ਸ਼ਹਿਰਾਂ ਵਿਚ ਇਹ ਰੇਟ ਨਹੀਂ ਹੈ। ਇਸਦੇ ਨਾਲ ਲੱਗਦੇ ਸ਼ਹਿਰਾਂ ਵਿਚ ਰੇਟ ਘੱਟ ਹਨ। ਇਸ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਇਸ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਐਕਸੀਡੈਂਟ ਦੇ ਕਲੇਮ ਬਹੁਤ ਜ਼ਿਆਦਾ ਹੁੰਦੇ ਹਨ ਅਤੇ ਜਿਸ ਕਰਕੇ ਇੰਸ਼ੋਰੈਂਸ ਕੰਪਨੀਆਂ ਨੂੰ ਰਗੜਾ ਲੱਗਦਾ ਹੈ। ਉਹ ਆਪਣੇ ਖ਼ਰਚੇ ਬਰਾਬਰ ਰੱਖਣ ਲਈ ਇੰਸ਼ੋਰੈਂਸ ਦੇ ਪ੍ਰੀਮੀਅਮ ਵਧਾ ਦਿੰਦੀਆਂ ਹਨ। ਅਗਲਾ ਸੁਆਲ ਪੈਦਾ ਹੁੰਦਾ ਹੈ ਕਿ ਕੀ ਬਰੈਂਪਟਨ ਵਿਚ ਕਾਰਾਂ ਦੇ ਐਕਸੀਡੈਂਟ ਬਾਕੀ ਸ਼ਹਿਰਾਂ ਨਾਲੋਂ ਬਹੁਤ ਜ਼ਿਆਦਾ ਹੁੰਦੇ ਹਨ। ਅਜਿਹੇ ਕੋਈ ਅੰਕੜੇ ਨਹੀਂ, ਜਿਸ ਦੇ ਆਧਾਰ ’ਤੇ ਕਹਿ ਸਕੀਏ ਕਿ ਬਰੈਂਪਟਨ ਵਿਚ ਸੜਕ ਹਾਦਸਿਆਂ ਦਾ ਬਾਕੀ ਸ਼ਹਿਰਾਂ ਨਾਲੋਂ ਕੋਈ ਬਹੁਤ ਜ਼ਿਆਦਾ ਫ਼ਰਕ ਹੈ। ਫੇਰ ਕਾਰਨ ਕੀ ਹੈ? ਸਮੱਸਿਆ ਨੂੰ ਸਮਝਣ ਵਾਲੇ ਦੱਸਦੇ ਹਨ ਕਿ ਅਸਲ ਵਿਚ ਇੱਥੇ ਫਰੌਡ-ਕਲੇਮ ਦੀ ਇਕ ਪੂਰੀ ਇੰਡਸਟਰੀ ਖੜ੍ਹੀ ਹੋ ਗਈ ਹੈ। ਇਕ ਪੂਰਾ ਅਜਿਹਾ ਤੰਤਰ ਪੈਦਾ ਹੋ ਗਿਆ ਹੈ, ਜਿਹੜਾ ਝੂਠੇ ਕਲੇਮ ਪਾ ਕੇ, ਝੂਠੇ ਖ਼ਰਚੇ ਪਾ ਕੇ ਆਟੋ ਇੰਸ਼ੋਰੈਂਸ ਕੰਪਨੀਆਂ ਨੂੰ ਚੂਸੀ ਜਾ ਰਿਹਾ ਹੈ। ਇਸ ਵਿਚ ਕਲੇਮ ਪਾਉਣ ਵਾਲੇ ਵਕੀਲ, ਬੌਡੀ ਸ਼ੌਪਾਂ ਵਾਲੇ, ਟੋਇੰਗ ਵਾਲੇ ਅਤੇ ਕਿਸੇ ਐਕਸੀਡੈਂਟ ਕਲੇਮ ਦੌਰਾਨ ਸਰਵਿਸਿਜ਼ ਦੇਣ ਵਾਲੇ ਕਿੰਨੇ ਹੀ ਲੋਕ ਸ਼ਾਮਲ ਹਨ। ਲੋਕ ਕਹਿੰਦੇ ਹਨ ਕਿ ਐਨੇ ਜ਼ਿਆਦਾ ਝੂਠੇ ਕਲੇਮ ਬਰੈਂਪਟਨ ਵਿਚ ਹੀ ਜ਼ਿਆਦਾ ਕਿਉਂ ਹੁੰਦੇ ਹਨ? ਇਸ ਦਾ ਇਕ ਜਵਾਬ ਲੋਕ ਖ਼ੁਦ ਹੀ ਦੇ ਦਿੰਦੇ ਹਨ ਕਿ ਜਿਸ ਤਰ੍ਹਾਂ ਦੀ ਇਸ ਸ਼ਹਿਰ ਦੀ ਆਬਾਦੀ ਹੈ, ਉਸੇ ਤਰ੍ਹਾਂ ਦੀਆਂ ਉਨ੍ਹਾਂ ਦੀਆਂ ਆਦਤਾਂ ਹਨ।
ਇਕ ਮਿਸਾਲ ਹੋਰ ਦਿੱਤੀ ਜਾਂਦੀ ਹੈ। ਸਾਡੇ ਲੋਕਾਂ ਅੰਦਰ ਘਰ ਖ਼ਰੀਦਣ ਦੀ ਜੋ ਦੌੜ ਹੈ, ਉਹ ਬਿਨਾਂ ਸ਼ੱਕ ਦੂਜੇ ਬਹੁਤੇ ਭਾਈਚਾਰਿਆਂ ਦੇ ਮੁਕਾਬਲੇ ਕੁਝ ਜ਼ਿਆਦਾ ਹੀ ਲੱਗਦੀ ਹੈ। ਕਾਰਨ ਇਸ ਦੇ ਗਹਿਰੇ ਹੋਣਗੇ, ਪਰ ਇਹ ਸਚਾਈ ਹੈ ਕਿ ਵੱਡੇ ਤੋਂ ਵੱਡੇ ਜਾਂ ਇਕ ਤੋਂ ਵੱਧ ਘਰ ਖ਼ਰੀਦਣ ਨੂੰ ਹੀ ਅਸੀਂ ਆਪਣੀ ਜ਼ਿੰਦਗੀ ਦਾ ਮਿਸ਼ਨ ਬਣਾ ਲਿਆ ਹੈ। ਘਰ ਖ਼ਰੀਦਣ ਲਈ ਸਭ ਤੋਂ ਅਹਿਮ ਚੀਜ਼ ਹੈ ਮੌਰਗੇਜ ਜਾਂ ਬੈਂਕ ਲੋਨ। ਕਿਉਂਕਿ ਸਾਰੇ ਘਰ ਅਸਲ ਵਿਚ ਲੋਨ ਹੀ ਹਨ। ਸੋ ਸਭ ਬੈਂਕ ਲੋਨਾਂ ਦੀ ਖੇਡ ਹੈ। ਮੌਰਗੇਜ ਜਾਂ ਬੈਂਕ ਲੋਨ ਬਾਰੇ ਕੈਨੇਡੀਅਨ ਬੈਂਕਾਂ ਦਾ ਮੋਟਾ ਜਿਹਾ ਇਕ ਨਿਯਮ ਇਹ ਹੈ ਕਿ ਜਿੰਨੀ ਕਿਸੇ ਪਰਿਵਾਰ ਦੀ ਸਾਲਾਨਾ ਆਮਦਨ ਹੁੰਦੀ ਹੈ, ਉਸ ਦਾ ਵੱਧ ਤੋਂ ਵੱਧ ਪੰਜ ਗੁਣਾ ਮੌਰਗੇਜ ਲੋਨ ਮਿਲ ਸਕਦਾ ਹੈ। ਮਿਸਾਲ ਦੇ ਤੌਰ ’ਤੇ ਜੇ ਕਿਸੇ ਦੀ ਸਾਲ ਦੀ ਆਮਦਨ ਇਕ ਲੱਖ ਡਾਲਰ ਹੈ ਤਾਂ ਉਸ ਨੂੰ ਪੰਜ ਲੱਖ ਦਾ ਲੋਨ ਮਿਲ ਸਕਦਾ ਹੈ। ਬਰੈਂਪਟਨ ਵਿਚ ਇਸ ਵਕਤ ਕੋਈ ਵੀ ਘਰ ਅਜਿਹਾ ਨਹੀਂ ਹੈ, ਜਿਹੜਾ ਪੰਜ ਲੱਖ ਵਿਚ ਖ਼ਰੀਦਿਆ ਜਾ ਸਕੇ। ਪੰਜ ਲੱਖ ਨਾਲ ਤੁਸੀਂ ਸਿਰਫ਼ ਕੋਈ ਅਪਾਰਟਮੈਂਟ ਖ਼ਰੀਦ ਸਕਦੇ ਹੋ। ਜਿੱਥੋਂ ਤਕ ਆਮਦਨ ਦਾ ਸੁਆਲ ਹੈ, ਜਿਹੜਾ ਬੰਦਾ ਕਾਰਪੋਰੇਟ ਸੈਕਟਰ ਵਿਚ ਦਰਮਿਆਨੇ ਦਰਜੇ ਤੋਂ ਉੱਪਰ ਦੀ ਜੌਬ ਕਰਦਾ ਹੈ, ਉਨ੍ਹਾਂ ਲੋਕਾਂ ਦਾ ਸਾਲਾਨਾ ਪੈਕੇਜ ਮੁਸ਼ਕਲ ਨਾਲ ਇਕ ਲੱਖ ਡਾਲਰ ਦੇ ਕਰੀਬ ਪਹੁੰਚਦਾ ਹੈ। ਸਾਡੇ ਪਹਿਲੀ ਪੀੜ੍ਹੀ ਦੇ ਇਮੀਗਰੰਟਸ ਵਿਚ ਇਸ ਤਰ੍ਹਾਂ ਦੀਆਂ ਨੌਕਰੀਆਂ ਵਿਚ ਬਹੁਤ ਥੋੜ੍ਹੇ ਲੋਕ ਪਹੁੰਚਦੇ ਹਨ। ਜਿਹੜੇ ਲੋਕ ਟਰੱਕਿੰਗ ਵਗੈਰਾ ਵਿਚ ਹਨ, ਉਹ ਜੇ ਸਾਲ ਦੇ ਐਨੇ ਕੁ ਪੈਸੇ ਕਮਾਉਂਦੇ ਵੀ ਹੋਣਗੇ, ਉਹ ਟੈਕਸ ਫਾਇਲ ਕਰਨ ਵੇਲੇ ਟੈਕਸ ਬਚਾਉਣ ਲਈ ਬਹੁਤ ਘੱਟ ਆਮਦਨ ਪੇਪਰਾਂ ਵਿਚ ਦਿਖਾਉਂਦੇ ਹਨ। ਫੇਰ ਅਜਿਹੇ ਲੋਕ ਇਕ ਇਕ ਮਿਲੀਅਨ ਵਾਲੇ ਘਰਾਂ ਦੇ ਮੌਰਗੇਜ ਲੋਨ ਕਿਵੇਂ ਲੈਂਦੇ ਹਨ? ਇਹ ਸੁਆਲ ਵੀ ਅਕਸਰ ਪੁੱਛਿਆ ਜਾਂਦਾ ਹੈ। ਇਸ ਦਾ ਜਵਾਬ ਲੋਕ ਦਿੰਦੇ ਹਨ ਕਿ ਸਾਰਾ ਕੁਝ ਜਾਅਲੀ ਪੇਪਰਾਂ ਨਾਲ ਕੀਤਾ ਜਾਂਦਾ ਹੈ। ਹਰ ਤਰ੍ਹਾਂ ਦਾ ਜਾਅਲੀ ਪੇਪਰ ਬਣਾਉਣ ਵਾਲਾ ਪੂਰਾ ਤੰਤਰ ਸਾਡੇ ਲੋਕਾਂ ਨੇ ਖੜ੍ਹਾ ਕਰ ਲਿਆ ਹੈ। ਮੇਰਾ ਇਕ ਵਾਕਫ ਮੌਰਗੇਜ ਦਾ ਕੰਮ ਕਰਦਾ ਹੈ ਅਤੇ ਉਸ ਨੇ ਇਕ ਵਾਰ ਮੈਨੂੰ ਦੱਸਿਆ ਕਿ ਅਸੀਂ ਮੌਰਗੇਜ ਸੈਕਟਰ ਦੀ ਕਿਸੇ ਨੈਸ਼ਨਲ ਜਾਂ ਸੂਬਾ ਪੱਧਰੀ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਜਾਂਦੇ ਹਾਂ ਤਾਂ ਕਈ ਵਾਰ ਦੂਜੀਆਂ ਥਾਵਾਂ ਦੇ ਲੋਕ ਇਹ ਗੱਲਾਂ ਕਰਦੇ ਹਨ ਕਿ ਬਰੈਂਪਟਨ ਇਸ ਵਕਤ ਮੁਲਕ ਦੀ ‘ਫਰੌਡ ਕੈਪੀਟਲ’ ਬਣ ਗਿਆ ਹੈ।
ਕੀ ਇਹ ਗੱਲਾਂ ਸਿਰਫ਼ ਬਰੈਂਪਟਨ ਵਿਚ ਹੁੰਦੀਆਂ ਹਨ? ਮੇਰਾ ਖਿਆਲ ਹੈ ਕਿ ਨਹੀਂ। ਪਰ ਫ਼ਰਕ ਇਹ ਹੁੰਦਾ ਹੋਵੇਗਾ ਕਿ ਬਰੈਂਪਟਨ ਵਿਚ ਮੁਕਾਬਲਤਨ ਵੱਧ ਹੁੰਦੀਆਂ ਹੋਣਗੀਆਂ ਅਤੇ ਉਸੇ ਨਾਲ ਸਮੱਸਿਆ ਪੈਦਾ ਹੋ ਜਾਂਦੀ ਹੈ। ਲੋਕ ਸੋਚਦੇ ਹਨ ਕਿ ਇੱਥੇ ਸਾਊਥ ਏਸ਼ੀਅਨ ਲੋਕ ਵੱਧ ਰਹਿੰਦੇ ਹਨ ਅਤੇ ਇਹ ਲੋਕ ਹੀ ਅਜਿਹੇ ਕੰਮ ਜ਼ਿਆਦਾ ਕਰਦੇ ਹਨ। ਬਰੈਂਪਟਨ ਨੂੰ ਪਿਆਰ ਕਰਨ ਵਾਲਿਆਂ ਨੂੰ ਇਹ ਗੱਲਾਂ ਸੁਣਨੀਆਂ ਚੰਗੀਆਂ ਨਹੀਂ ਲੱਗਦੀਆਂ। ਪਰ ਜੇ ਅਜਿਹੀਆਂ ਗੱਲਾਂ ਹੋ ਰਹੀਆਂ ਹਨ ਤਾਂ ਇਹ ਕਿਤੋਂ ਆਈਆਂ ਹਨ। ਕੀ ਇਹ ਨਿਰਾ ਝੂਠ ਹੈ ਜਾਂ ਇਨ੍ਹਾਂ ਵਿਚ ਕੋਈ ਸਚਾਈ ਵੀ ਹੋਵੇਗੀ, ਇਸ ਦਾ ਜਵਾਬ ਲੱਭਣ ਲਈ ਸਾਨੂੰ ਥੋੜ੍ਹੀ ਝਾਤ ਆਪਣੇ ਅੰਦਰ ਵੀ ਮਾਰਨੀ ਪੈਣੀ ਹੈ।