ਹਰਜੀਤ ਸਿੰਘ
‘‘ਸੁਣਾਓ, ਕੀ ਹਾਲ ਹੈ, ਸਭ ਤੋਂ ਪਹਿਲਾਂ ਇਹ ਦੱਸੋ ਕਿ ਧੀ ਰਾਣੀ ਦਾ ਕੀ ਹਾਲ ਹੈ?’’ ਮੇਰਾ ਇਹ ਦੋਸਤ ਮੇਰੀ ਬੇਟੀ ਨੂੰ ਧੀ ਰਾਣੀ ਕਹਿ ਕੇ ਸੰਬੋਧਨ ਕਰਦਾ ਸੀ।
‘‘ਬਹੁਤ ਵਧੀਆ ਹੈ, ਮੈਂ ਨਾਨਾ ਬਣ ਗਿਆ ਹਾਂ। ਦੋਹਤਾ ਹੋਇਆ ਹੈ।’’ ਮੈਂ ਆਖਿਆ।
‘‘ਵਾਹ! ਵਾਹ!, ਵਧਾਈਆਂ… ਵਧਾਈਆਂ…,ਮੈਂ ਅੱਜ ਬਹੁਤ ਖ਼ੁਸ਼ ਹਾਂ। ਮੇਰੇ ਕੋਲ ਲਫਜ਼ ਹੀ ਨਹੀਂ ਹਨ। ਕਿਵੇਂ ਖ਼ੁਸ਼ੀ ਦਾ ਇਜ਼ਹਾਰ ਕਰਾਂ। ਮੇਰੀ ਸਮਝ ਤੋਂ ਬਾਹਰ ਹੈ। ਜੇ ਧੀ ਦੇ ਘਰ ਪੁੱਤਰ ਜਨਮ ਲਵੇ ਤਾਂ ਉਸ ਦੀ ਸਹੁਰੇ ਘਰ ਇੱਜ਼ਤ ਬਣ ਜਾਂਦੀ ਹੈ, ਨਹੀਂ ਤਾਂ ਉਸ ਦੀ ਕੋਈ ਕਦਰ ਨਹੀਂ ਹੁੰਦੀ।’’ ਉਹ ਬੋਲੀ ਜਾ ਰਿਹਾ ਸੀ। ਫਿਰ ਕੁਝ ਸੈਕਿੰਡ ਚੁੱਪ ਕਰਕੇ ਕਹਿਣ ਲੱਗਾ,
‘‘ਚੱਲ ਇਹ ਦੱਸ, ਸਾਡੇ ਧੀਆਂ-ਪੁੱਤਰ ਵਿਦੇਸ਼ ਕਿਉਂ ਜਾਂਦੇ ਹਨ? ਭਾਰਤ ਅਤੇ ਕੈਨੇਡਾ ਵਿੱਚ ਕੀ ਫ਼ਰਕ ਹੈ?’’
‘‘ਸਭ ਤੋਂ ਪਹਿਲਾ ਮੈਂ ਇਹ ਦੱਸ ਦਿਆਂ ਕਿ ਮੈਨੂੰ ਭਾਰਤ ’ਤੇ ਮਾਣ ਹੈ। ਇਹ ਮੇਰਾ ਦੇਸ਼ ਹੈ। ਇਸ ਨੇ ਮੈਨੂੰ ਸਭ ਕੁਝ ਦਿੱਤਾ ਹੈ। ਦੂਜਾ ਕੈਨੇਡਾ ਅਤੇ ਭਾਰਤ ਵਿੱਚ ਫ਼ਰਕ ਸਿਸਟਮ ਦਾ ਹੈ। ਸਾਡਾ ਸਿਸਟਮ ਸਹੀਂ ਨਹੀਂ। ਮਿਸਾਲ ਦੇ ਤੌਰ ’ਤੇ ਆਪਾਂ ਦੋਹਤੇ ਦੀ ਗੱਲ ਕੀਤੀ ਸੀ। ਬਰਥ ਸਰਟੀਫਿਕੇਟ ਲੈਣ ਲਈ ਕਿਸੇ ਦਫ਼ਤਰ ਦੇ ਗੇੜੇ ਨਹੀਂ ਕੱਢਣੇ ਪਏ। ਘਰੋਂ ਹੀ ਅਪਲਾਈ ਕੀਤਾ ਅਤੇ ਸਰਟੀਫਿਕੇਟ ਘਰ ਆ ਗਿਆ। ਹੁਣ ਮੈਂ ਤੈਨੂੰ ਭਾਰਤ ਦੀ ਕਹਾਣੀ ਸੁਣਾਉਂਦਾ ਹਾਂ। ਇੱਕ ਵਿਅਕਤੀ ਨੇ ਆਪਣਾ ਬੱਚਾ ਸਕੂਲ ਵਿੱਚ ਦਾਖਲ ਕਰਾਉਣਾ ਸੀ। ਬੱਚੇ ਦੇ ਬਰਥ ਸਰਟੀਫਿਕੇਟ ਦੀ ਫੋਟੋ ਕਾਪੀ ਲੈ ਕੇ ਉਹ ਸਕੂਲ ਗਿਆ। ਪ੍ਰਿੰਸੀਪਲ ਨੇ ਅਸਲ ਬਰਥ ਸਰਟੀਫਿਕੇਟ ਦੀ ਮੰਗ ਕੀਤੀ। ਉਹ ਘਰ ਗਿਆ। ਸਾਰਾ ਘਰ ਛਾਣ ਮਾਰਿਆ, ਪਰ ਬਰਥ ਸਰਟੀਫਿਕੇਟ ਨਾ ਮਿਲਿਆ। ਹਾਰ ਕੇ ਉਸ ਨੇ ਸੋਚਿਆ ਕਿ ਨਵਾਂ ਸਰਟੀਫਿਕੇਟ ਹੀ ਲੈ ਲਵਾਂ। ਉਹ ਸੁਵਿਧਾ ਸੈਂਟਰ ਗਿਆ। ਦੋ ਲੰਬੀਆਂ ਲਾਈਨਾਂ ਲੱਗੀਆਂ ਸਨ। ਪਹਿਲੀ ਲਾਈਨ ਵਿੱਚ ਇੱਕ ਕਰਮਚਾਰੀ ਫਾਰਮ ਦੇ ਰਿਹਾ ਸੀ ਅਤੇ ਦੱਸ ਰਿਹਾ ਸੀ ਕਿ ਫਾਰਮ ਕਿਵੇਂ ਭਰਨਾ ਹੈ ਅਤੇ ਕਿਹੜੇ ਕਿਹੜੇ ਦਸਤਾਵੇਜ਼ ਨਾਲ ਲਗਾਉਣੇ ਹਨ। ਦੋ ਕੁ ਘੰਟੇ ਬਾਅਦ ਉਸ ਦੀ ਵਾਰੀ ਆਈ। ਉਸ ਨੇ ਫਾਰਮ ਲਿਆ। ਲੋੜੀਂਦੇ ਦਸਤਾਵੇਜ਼ ਲੈਣ ਘਰ ਗਿਆ। ਜਦੋਂ ਵਾਪਸ ਆਇਆ ਤਾਂ ਫਾਰਮ ਲੈਣ ਦਾ ਸਮਾਂ ਨਿਕਲ ਚੁੱਕਾ ਸੀ। ਫਿਰ ਦੂਸਰੇ ਦਿਨ (ਅ) ਸੁਵਿਧਾ ਸੈਂਟਰ ਗਿਆ। ਦੋ ਕੁ ਘੰਟੇ ਬਾਅਦ ਉਸ ਦੀ ਵਾਰੀ ਆਈ। ਰਸੀਦ ਦੇ ਕੇ ਉਸ ਨੂੰ ਮਹੀਨੇ ਕੁ ਬਾਅਦ ਆ ਕੇ ਸਰਟੀਫਿਕੇਟ ਲੈਣ ਲਈ ਕਿਹਾ ਗਿਆ। ਮਹੀਨੇ ਬਾਅਦ ਫਿਰ ਲਾਈਨ ਵਿੱਚ ਲੱਗ ਗਿਆ, ਕਾਫ਼ੀ ਚਿਰ ਬਾਅਦ ਜਦੋਂ ਵਾਰੀ ਆਈ ਤਾਂ ਸਰਟੀਫਿਕੇਟ ਤਿਆਰ ਨਹੀਂ ਸੀ। ਇਸ ਲਈ ਪੰਦਰਾਂ ਦਿਨਾਂ ਬਾਅਦ ਆਉਣ ਦੀ ਹਦਾਇਤ ਹੋਈ। ਅਖੀਰ ਸਰਟੀਫਿਕੇਟ ਮਿਲ ਗਿਆ। ਜਦੋਂ ਘਰ ਜਾ ਕੇ ਉਸ ਨੇ ਪੜ੍ਹਿਆ ਤਾਂ ਪਿਤਾ ਦਾ ਨਾਂ ਗ਼ਲਤ ਸੀ। ਉਹ ਫਿਰ ਸੁਵਿਧਾ ਸੈਂਟਰ ਗਿਆ। ਲਾਈਨ ਵਿੱਚ ਲੱਗਿਆ ਅਤੇ ਆਪਣੀ ਸਮੱਸਿਆ ਦੱਸੀ।
‘‘ਇਸ ਵਿੱਚ ਸਾਡਾ ਕੋਈ ਦੋਸ਼ ਨਹੀਂ। ਵਿਭਾਗ ਨੇ ਜਿਹੜਾ ਸਰਟੀਫਿਕੇਟ ਦਿੱਤਾ, ਉਹ ਹੀ ਅਸੀਂ ਤੁਹਾਨੂੰ ਦੇ ਦਿੱਤਾ। ਅਸੀਂ ਇਸ ਵਿੱਚ ਕੋਈ ਅਦਲਾ ਬਦਲੀ ਨਹੀਂ ਕਰ ਸਕਦੇ। ਤੁਸੀਂ ਸਬੰਧਿਤ ਵਿਭਾਗ ਕੋਲ ਜਾ ਕੇ ਆਪਣੀ ਸਮੱਸਿਆ ਦਾ ਹੱਲ ਲੱਭੋ।’’ ਕਰਮਚਾਰੀ ਨੇ ਜਵਾਬ ਦਿੱਤਾ।
20 ਕੁ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹ ਸਬੰਧਿਤ ਦਫ਼ਤਰ ਪਹੁੰਚਿਆ। ਦਫ਼ਤਰੀ ਬਾਬੂ ਦੇ ਪੇਸ਼ ਹੋਇਆ। ਆਪਣੀ ਸਮੱਸਿਆ ਦੱਸੀ। ਬਾਬੂ ਜੀ ਨੇ ਰਿਕਾਰਡ ਵੇਖਿਆ। ‘‘ਤੇਰਾ ਸਰਟੀਫਿਕੇਟ ਬਿਲਕੁਲ ਸਹੀ ਹੈ। ਸਾਡੇ ਰਿਕਾਰਡ ਮੁਤਾਬਿਕ ਜਿਹੜਾ ਪਿਓ ਦਾ ਨਾਂ ਹੈ, ਉਹ ਹੀ ਲਿਖਿਆ ਹੈ ਜੋ ਤੂੰ ਕਹਿ ਰਿਹਾ ਹੈ, ਉਹ ਨਾਂ ਗ਼ਲਤ ਹੈ।’’ ਦਫ਼ਤਰੀ ਬਾਬੂ ਨੇ ਫ਼ੈਸਲਾ ਸੁਣਾ ਦਿੱਤਾ।
‘‘ਆਹ ਵੇਖੋ, ਤੁਹਾਡੇ ਦਫ਼ਤਰ ਵੱਲੋਂ ਜਿਹੜਾ ਪਹਿਲਾਂ ਸਰਟੀਫਿਕੇਟ ਜਾਰੀ ਕੀਤਾ ਸੀ, ਉਸ ਵਿੱਚ ਮੇਰਾ ਨਾਂ ਸਹੀ ਹੈ, ਹੁਣ ਕਿੱਦਾ ਗ਼ਲਤ ਹੋ ਗਿਆ। ਜੇਕਰ ਇਹ ਸਰਟੀਫਿਕੇਟ ਨਾ ਗੁਆਚਦਾ ਤਾਂ ਮੈ ਕਿਉਂ ਆਉਂਦਾ। ਬਾਬੂ ਜੀ ਮੇਰੀ ਮਦਦ ਕਰੋ। ਮੇਰੇ ਬੱਚੇ ਦਾ ਸਕੂਲ ਵਿੱਚ ਦਾਖਲਾ ਔਖਾ ਹੋ ਜਾਣਾ ਹੈ।’’ ਉਸ ਨੇ ਤਰਲਾ ਮਾਰਿਆ।
‘‘ਮੈਂ ਕੁਝ ਨਹੀਂ ਕਰ ਸਕਦਾ। ਤੂੰ ਦਫ਼ਤਰ ਦੇ ਸੁਪਰਡੈਂਟ ਜਾਂ ਦਫ਼ਤਰੀ ਮੁਖੀ ਨੂੰ ਮਿਲ ਲੈ।’’ ਉਹ ਉਨ੍ਹਾਂ ਨੂੰ ਮਿਲਿਆ, ਪਰ ਗੱਲ ਨਾ ਬਣੀ। ਉਹ ਦਫ਼ਤਰ ਦੇ ਬਾਹਰ ਆ ਗਿਆ ਅਤੇ ਸੋਚੀਂ ਪੈ ਗਿਆ ਕਿ ਕੀ ਕਰਾਂ। ਏਨੇ ਚਿਰ ਨੂੰ ਇੱਕ ਵਿਅਕਤੀ ਆਇਆ ਅਤੇ ਕਹਿਣ ਲੱਗਾ;
‘‘ਵੇਖ ਮਿੱਤਰਾ, ਤੇਰਾ ਕੰਮ ਇਸ ਤਰ੍ਹਾਂ ਨਹੀਂ ਬਣਨਾ। ਰੁਪਏ 15000 ਲੱਗਣਗੇ ਤੇ ਕੱਲ੍ਹ ਤੱਕ ਤੇਰਾ ਕੰਮ ਹੋ ਜਾਵੇਗਾ।’’ ਉਸ ਨੇ ਆਖਿਆ।
‘‘ਪੰਦਰਾਂ ਹਜ਼ਾਰ, ਓ! ਭਰਾਵਾ, ਮੈਂ ਗ਼ਰੀਬ ਬੰਦਾ ਹਾਂ, ਮੇਰੇ ਕੋਲ ਇੰਨੇ ਪੈਸੇ ਨਹੀਂ ਹਨ।’’
‘‘ਠੀਕ ਹੈ ਫਿਰ, ਧੱਕੇ ਖਾਂਦਾ ਰਹਿ। ਤੇਰਾ ਕੁਝ ਨਹੀਂ ਬਣਨਾ।’’ ਇਹ ਕਹਿ ਕਿ ਉਹ ਬੰਦਾ ਤੁਰਦਾ ਬਣਿਆ। ਉਸ ਨੇ ਕੁਝ ਸੈਕਿੰਡ ਸੋਚਿਆ।
‘‘ਗੱਲ ਸੁਣੋ, ਵੀਰ ਜੀ, ਮੈਂ ਸਿਰਫ਼ ਪੰਜ ਹਜ਼ਾਰ ਦਾ ਬੰਦੋਬਸਤ ਕਰ ਸਕਦਾ ਹਾਂ। ਇਸ ਤੋਂ ਜ਼ਿਆਦਾ ਨਹੀਂ।’’
‘‘ਤੇਰਾ ਕੰਮ ਪੰਜਾਹ ਹਜ਼ਾਰ ਦਾ ਹੈ, ਮੇਰੇ ਮੂੰਹੋਂ ਪੰਦਰਾਂ ਹਜ਼ਾਰ ਨਿਕਲ ਗਿਆ। ਮੈਂ ਸੋਚਿਆ ਚਲੋ ਗ਼ਰੀਬ ਬੰਦਾ ਲੱਗਦਾ। ਤੇਰੀ ਮਦਦ ਕਰ ਦਿਆਂ। ਜਾਹ ਫਿਰ ਤੁਰ ਕੇ ਮੇਲਾ ਵੇਖ, ਪੰਜ ਹਜ਼ਾਰ ਵਿੱਚ ਕੰਮ ਕਰਾਉਂਦਾ ਫਿਰਦਾ ਏਂ।’’
ਉਹ ਉਦਾਸ ਹੋ ਕੇ ਘਰ ਆ ਗਿਆ। ਅਗਲੇ ਦਿਨ ਕਚਹਿਰੀ ਗਿਆ। ਵਕੀਲ ਨੂੰ ਆਪਣੀ ਕਹਾਣੀ ਸੁਣਾਈ। ‘‘ਕੋਈ ਨਾ ਹੋ ਜਾਊ ਮਸਲਾ ਹੱਲ। ਪੰਦਰਾਂ ਹਜ਼ਾਰ ਲੱਗੂ।’’ ਵਕੀਲ ਨੇ ਆਖਿਆ।
‘‘ਵੇਖੋ ਵਕੀਲ ਸਾਹਿਬ, ਮੈਂ ਗ਼ਰੀਬ ਬੰਦਾ ਹਾਂ। ਏਨੇ ਪੈਸੇ ਮੇਰੇ ਕੋਲ ਨਹੀਂ ਹਨ, ਪਰ ਮੈਂ ਵਾਅਦਾ ਕਰਦਾ ਹਾਂ ਕਿ ਹਰ ਪੇਸ਼ੀ ’ਤੇ ਤਿੰਨ ਹਜ਼ਾਰ ਦਿਆਂਗਾ, ਜਦੋਂ ਤੱਕ ਤੁਹਾਡੇ ਪੈਸੇ ਪੂਰੇ ਨਹੀਂ ਹੋ ਜਾਂਦੇ।’’ ਵਕੀਲ ਨੇ ਉਸ ਵਿਅਕਤੀ ਵੱਲ ਵੇਖਿਆ, ਹੱਸ ਕੇ ਕਹਿਣ ਲੱਗਾ, ‘‘ਚੱਲ ਤੂੰ ਕੀ ਯਾਦ ਕਰੇਂਗਾ, ਏਦਾ ਹੀ ਸਹੀ।’’
ਮਾਣਯੋਗ ਜੱਜ ਸਾਹਿਬ ਨੇ ਪਹਿਲੀ ਪੇਸ਼ੀ ਹੀ ਦਫ਼ਤਰ ਦਾ ਰਿਕਾਰਡ ਤਲਬ ਕਰ ਲਿਆ। ਹੁਣ ਦਫ਼ਤਰ ਦੇ ਕਰਮਚਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਨ੍ਹਾਂ ਨੇ ਉਸ ਵਿਅਕਤੀ ਨਾਲ ਸੰਪਰਕ ਕੀਤਾ ਅਤੇ ਕੇਸ ਵਾਪਸ ਲੈਣ ਲਈ ਕਿਹਾ।
‘‘ਤੁਸੀਂ ਆਪਣਾ ਕੇਸ ਵਾਪਸ ਲੈ ਲਓ। ਅਸੀਂ ਤੁਹਾਡਾ ਸਰਟੀਫਿਕੇਟ ਹੁਣੇ ਹੀ ਬਣਾ ਦਿੰਦੇ ਹਾਂ।’’
‘‘ਮੇਰੇ ਦੂਜੇ ਬੱਚੇ ਦੇ ਸਰਟੀਫਿਕੇਟ ਵਿੱਚ ਵੀ ਨਾਂ ਦੀ ਗ਼ਲਤੀ ਹੈ।’’ ਉਸ ਨੇ ਅਖਿਆ।
‘‘ਉਹ ਵੀ ਠੀਕ ਕਰ ਦਿੰਦੇ ਹਾਂ। ਬਸ ਕੇਸ ਵਾਪਸ ਲੈ ਲਓ।’’ ਦਫ਼ਤਰ ਦੇ ਕਰਮਚਾਰੀ ਨੇ ਆਖਿਆ।
‘‘ਮੈਂ ਵਕੀਲ ਨੂੰ ਪੰਦਰਾਂ ਹਜ਼ਾਰ ਦੇਣੇ ਹਨ, ਉਹ ਮੈਨੂੰ ਦੇ ਦਿਓ, ਮੈਂ ਕੇਸ ਵਾਪਸ ਲੈ ਲਵਾਂਗਾ।’’
‘‘ਇਹ ਤਾਂ ਬਹੁਤ ਜ਼ਿਆਦਾ ਹੈ। ਤੁਸੀਂ ਜਾਇਓ ਨਾ, ਸਾਨੂੰ ਸਲਾਹ ਕਰ ਲੈਣ ਦਿਓ।’’
ਕੁਝ ਚਿਰ ਬਾਅਦ ਇੱਕ ਕਰਮਚਾਰੀ ਨੇ ਆ ਕੇ ਆਖਿਆ, ‘‘ਅਸੀਂ ਤੈਨੂੰ ਪੰਜ ਹਜ਼ਾਰ ਦਿਆਂਗੇ। ਇਹ ਪੈਸੇ ਵਕੀਲ ਨੂੰ ਦੇ ਦੇ, ਦੋਵੇਂ ਸਰਟੀਫਿਕੇਟ ਵੀ ਬਣਾ ਦਿਆਂਗੇ, ਬਸ ਕੇਸ ਵਾਪਸ ਲੈ ਲੈ।’’
‘‘ਠੀਕ ਹੈ ਵਕੀਲ ਨਾਲ ਸਲਾਹ ਕਰ ਕੇ ਦੱਸਦਾ ਹਾਂ।’’ ਉਹ ਫਿਰ ਵਕੀਲ ਕੋਲ ਗਿਆ, ਸਾਰੀ ਕਹਾਣੀ ਬਿਆਨ ਕੀਤੀ।
ਵਕੀਲ ਨੇ ਆਖਿਆ, ‘‘ਮੇਰਾ ਕੰਮ ਤੈਨੂੰ ਸਹੀ ਸਰਟੀਫਿਕੇਟ ਲੈ ਕੇ ਦੇਣਾ ਸੀ। ਉਹ ਤੈਨੂੰ ਦਫ਼ਤਰ ਦੇਣ ਲਈ ਤਿਆਰ ਹੈ। ਜਿੱਥੋਂ ਤੱਕ ਮੇਰੀ ਫੀਸ ਦਾ ਸਵਾਲ ਹੈ, ਜਿਹੜੇ ਪੰਜ ਹਜ਼ਾਰ ਤੈਨੂੰ ਦਫ਼ਤਰ ਦੇਣ ਲਈ ਤਿਆਰ ਹੈ। ਉਹ ਲਿਆ ਕੇ ਮੈਨੂੰ ਦੇ ਦੇ। ਤੇਰਾ ਮੇਰਾ ਹਿਸਾਬ ਕਿਤਾਬ ਖ਼ਤਮ। ਮੈਂ ਅਗਲੀ ਪੇਸ਼ੀ ਕੇਸ ਵਾਪਸ ਲੈ ਲਵਾਂਗਾ। ਵੈਸੇ ਮਾਰੇ ਨਾਲੋਂ ਭਜਾਇਆ ਚੰਗਾ ਹੁੰਦਾ ਹੈ।’’
ਹੁਣ ਸਰਟੀਫਿਕੇਟ ਲੈਣ ਵਾਲਾ ਵਿਅਕਤੀ, ਦਫ਼ਤਰ ਦਾ ਸਟਾਫ ਅਤੇ ਵਕੀਲ ਸਾਰੇ ਖ਼ੁਸ਼ ਸਨ। ਠੀਕ ਹੈ, ਗ਼ਲਤੀ ਹੋਈ। ਇਹ ਗ਼ਲਤੀ ਸਰਟੀਫਿਕੇਟ ਜਾਰੀ ਕਰਨ ਵਾਲਾ ਦਫ਼ਤਰ ਸੁਧਾਰ ਸਕਦਾ ਸੀ, ਪਰ ਦਫ਼ਤਰੀ ਕਰਮਚਾਰੀ ਲਾਲਚ ਵਿੱਚ ਆ ਗਿਆ। ਮਸਲਾ ਕਚਹਿਰੀ ਜਾ ਕੇ ਹੱਲ ਹੋਇਆ।
ਮੈਨੂੰ ਇਹ ਪਤਾ ਨਹੀਂ ਕਿ ਵਿਕਸਤ ਦੇਸ਼ਾਂ ਵਿੱਚ ਭ੍ਰਿਸ਼ਟਾਚਾਰ ਹੈ ਜਾਂ ਨਹੀਂ, ਪਰ ਜੇਕਰ ਹੁੰਦਾ ਵੀ ਹੋਵੇ ਤਾਂ ਇਹ ਆਮ ਆਦਮੀ ਨੂੰ ਪ੍ਰਭਾਵਿਤ ਨਹੀਂ ਕਰਦਾ। ਉਸ ਦੇ ਕੰਮ ਨਿਰਵਿਘਨ ਅਤੇ ਬਿਨਾਂ ਰਿਸ਼ਵਤ ਤੋਂ ਹੁੰਦੇ ਹਨ। ਗ਼ਲਤੀ ਉੱਥੇ ਵੀ ਹੁੰਦੀ ਹੈ, ਪਰ ਸੁਧਾਰੀ ਜਾਂਦੀ ਹੈ। ਜਿਸ ਪੱਧਰ ’ਤੇ ਗ਼ਲਤੀ ਹੁੰਦੀ ਹੈ, ਉੱਥੇ ਹੀ ਸੁਧਾਰ ਲਈ ਜਾਂਦੀ ਹੈ।
ਇੱਕ ਦਿਨ ਮੇਰਾ ਬੇਟਾ ਮੇਰੇ ਪੋਤੇ ਦਾ ਪਾਸਪੋਰਟ ਬਣਾਉਣ ਲਈ ਫੋਟੋ ਖਿਚਾਉਣ ਲਈ ਵੇਅਰ ਹਾਊਸ ਗਿਆ। ਸਵੇਰੇ 10 ਵਜੇ ਗੱਡੀ ਪਾਰਕਿੰਗ ’ਤੇ ਲਗਾਈ। ਫ੍ਰੀ ਪਾਰਕਿੰਗ ਦੀ ਮਿਆਦ ਇੱਕ ਘੰਟਾ ਸੀ। ਭਾਵ ਜੇਕਰ ਗੱਡੀ ਲਗਾਤਾਰ ਇੱਕ ਘੰਟੇ ਤੋਂ ਵੱਧ ਸਮਾਂ ਲੱਗੀ ਤਾਂ ਜੁਰਮਾਨਾ ਦੇਣਾ ਪੈਣਾ ਸੀ। ਅੰਦਰ ਜਾ ਕੇ ਪਤਾ ਕੀਤਾ, ਪਰ ਉੱਥੇ ਇਹ ਸਹੂਲਤ ਮੌਜੂਦ ਨਹੀਂ ਸੀ। ਪੰਦਰਾਂ ਕੁ ਮਿੰਟਾਂ ਬਾਅਦ ਵਾਪਸ ਆ ਗਏ ਅਤੇ ਲਗਭਗ ਪੰਦਰਾਂ ਕੁ ਮਿੰਟਾਂ ਵਿੱਚ ਮੈਰੀ ਵੈਲ (ਮਾਲ) ਵਿੱਚ ਪਹੁੰਚ ਗਏ। ਫੋਟੋ ਦੀ ਕਾਰਵਾਈ ਪੂਰੀ ਹੁੰਦਿਆਂ ਲਗਭਗ ਅੱਧਾ ਘੰਟਾ ਲੱਗ ਗਿਆ। ਬਿਲ ਦਿੱਤਾ, ਰਸੀਦ ਤੇ ਪੈਸੇ ਦੇਣ ਦਾ ਸਮਾਂ ਗਿਆਰਾ ਵਜੇ ਸੀ। ਹੁਣ ਦੁਬਾਰਾ ਕੁਝ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਕਰਾਉਣ ਲਈ ਫਿਰ ਵੇਅਰ ਹਾਊਸ (ਮਾਲ) ਪਹੁੰਚ ਗਏ। ਸਾਰਾ ਕੰਮ ਪੂਰਾ ਕਰਦਿਆਂ ਅੱਧਾ ਘੰਟਾ ਲੱਗ ਗਿਆ। ਵਾਪਸ ਆਏ ਤਾਂ ਸੱਤਰ ਡਾਲਰ ਦੀ ਪੈਨਲਟੀ ਟਿਕਟ ਕਾਰ ’ਤੇ ਲੱਗੀ ਹੋਈ ਸੀ। ਇਸ ਦੀ ਅਦਾਇਗੀ ਵੀਹ ਦਿਨਾਂ ਦੇ ਅੰਦਰ ਅੰਦਰ ਕਰਨੀ ਸੀ, ਪਰ ਇਸ ਦੇ ਵਿਰੁੱਧ ਅਪੀਲ ਕੀਤੀ ਜਾ ਸਕਦੀ ਹੈ। ਘਰ ਆ ਕੇ ਇੱਕ ਪੱਤਰ ਲਿਖਿਆ ਗਿਆ। ਜਿਸ ਵਿੱਚ ਸਾਰੀ ਸਥਿਤੀ ਸਪੱਸ਼ਟ ਕੀਤੀ ਗਈ ਕਿ ਕਾਰ ਵੇਅਰ ਹਾਊਸ ’ਤੇ ਇੱਕ ਵਾਰ ਨਹੀਂ ਦੋ ਵਾਰ ਲਗਾਈ ਸੀ ਅਤੇ ਦੋਵੇਂ ਵਾਰੀ ਪਾਰਕਿੰਗ ਦਾ ਸਮਾਂ ਇੱਕ ਘੰਟੇ ਤੋਂ ਵੱਧ ਨਹੀਂ ਸੀ। ਨਾਲ ਮੈਰੀ ਵੈਲ ਮਾਲ ਵੱਲੋਂ ਜਾਰੀ ਕੀਤੀ ਬਿੱਲ ਦੀ ਰਸੀਦ ਜਿਸ ’ਤੇ ਸਮਾਂ ਲਿਖਿਆ ਸੀ, ਉਹ ਲਗਾ ਦਿੱਤੀ। ਤਿੰਨ ਦਿਨਾਂ ਬਾਅਦ ਪੱਤਰ ਦਾ ਜਵਾਬ ਆ ਗਿਆ। ਜਿਸ ਵਿੱਚ ਸਬੰਧਿਤ ਅਧਿਕਾਰੀ ਨੇ ਮੁਆਫ਼ੀ ਮੰਗੀ ਅਤੇ ਪੈਨਲਟੀ ਖ਼ਤਮ ਕਰ ਦਿੱਤੀ।
ਬਸ! ਇਹੋ ਹੀ ਫ਼ਰਕ ਹੈ ਉਨ੍ਹਾਂ ਦਾ ਅਤੇ ਸਾਡਾ। ਅਸੀਂ ਗ਼ਲਤੀ ਕਰਦੇ ਹਾਂ, ਫਿਰ ਗ਼ਲਤੀ ’ਤੇ ਗ਼ਲਤੀ ਕਰਦੇ ਹਾਂ, ਪਰ ਉਸ ਨੂੰ ਸੁਧਾਰਦੇ ਨਹੀਂ ਜਦੋਂਕਿ ਉਹ ਗ਼ਲਤੀ ਮੰਨਦੇ ਹਨ ਅਤੇ ਸੁਧਾਰਦੇ ਵੀ ਹਨ।
‘‘ਹੁਣ ਕਿੱਥੇ ਹੋ?’’
‘‘ਹੁਣ ਨਿਊਜ਼ੀਲੈਂਡ ਹਾਂ, ਬੇਟੇ ਕੋਲ। ਇੱਥੇ ਵੀ ਖ਼ੁਸ਼ਖਬ਼ਰੀ ਹੈ, ਮੈਂ ਦਾਦਾ ਬਣ ਗਿਆ ਹਾਂ। ਪੋਤਾ ਹੋਇਆ ਹੈ।’’
‘‘ਵਾਹ! ਤੁਸੀਂ ਬੜੇ ਕਰਮਾਂ ਵਾਲੇ ਹੋ। ਦੋ ਦੋ ਖ਼ੁਸ਼ੀਆਂ। ਤੁਸੀਂ ਮੋਤੀ ਦਾਨ ਕੀਤੇ ਹੋਣੇ ਹਨ।’’
‘‘ਇਹ ਤਾਂ ਕੁਦਰਤ ਦਾ ਨਿਯਮ ਹੈ। ਇਸ ਵਿੱਚ ਕਰਮਾਂ ਦੀ ਕੀ ਗੱੱਲ ਹੋਈ। ਜਿਹੜੇ ਦੇਸ਼ਾਂ ਵਿੱਚ ਬੱਚੇ ਰਹਿ ਰਹੇ ਹਨ, ਉੱਥੇ ਇਹ ਸੋਚ ਨਹੀਂ ਹੈ। ਤੈਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਇੱਥੋਂ ਦੇ ਡਾਕਟਰ ਮਾਂ-ਪਿਓ ਨੂੰ ਦੱਸ ਦਿੰਦੇ ਹਨ ਕਿ ਆਉਣ ਵਾਲਾ ਬੱਚਾ ਲੜਕਾ ਹੈ ਜਾਂ ਲੜਕੀ ਕਿਉਂਕਿ ਇਹ ਬੱਚੀਆਂ ਨੂੰ ਕੁੱਖ ਵਿੱਚ ਨਹੀਂ ਮਾਰਦੇ। ਇੱਕ ਦਿਨ ਮੈਂ ਹਸਪਤਾਲ ਗਿਆ। ਵੇਟਿੰਗ ਰੂਮ ਵਿੱਚ ਮਿਲਣ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਇੱਕ ਗੋਰੀ ਆਪਣੇ ਦੋ ਕੁ ਸਾਲ ਦੇ ਬੇਟੇ ਨੂੰ ਲੈ ਕੇ ਆਈ ਅਤੇ ਆ ਕੇ ਕੁਰਸੀ ’ਤੇ ਬੈਠ ਗਈ। ਵੇਟਿੰਗ ਰੂਮ ਵਿੱਚ ਫ੍ਰੀ ਕੌਫ਼ੀ/ਚਾਹ ਦਾ ਇੰਤਜ਼ਾਮ ਹੁੰਦਾ ਹੈ। ਪੜ੍ਹਨ ਲਈ ਰਸਾਲੇ ਆਦਿ ਮੌਜੂਦ ਹੁੰਦੇ ਹਨ। ਉਹ ਰਸਾਲਾ ਪੜ੍ਹਨ ਲੱਗ ਪਈ। ਉਸ ਦਾ ਬੱਚਾ, ਮੇਰੇ ਕੋਲ ਆ ਗਿਆ। ਮੈਂ ਵੀ ਉਸ ਨਾਲ ਬੱਚਿਆਂ ਵਰਗੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਮੇਰੇ ਨਾਲ ਖੇਡਣ ਲੱਗ ਪਿਆ। ਬੱਚੇ ਜ਼ਰੀਏ ਮੈਂ ਉਸ ਨਾਲ ਗੱਲੀਂ ਲੱਗ ਪਿਆ। ਤੈਨੂੰ ਪਤਾ ਹੈ, ਇਹ ਮੇਰੀ ਭੈੜੀ ਆਦਤ ਹੈ ਕਿ ਮੈਂ ਹਰ ਇੱਕ ਨਾਲ ਗੱਲੀਂ ਲੱਗ ਜਾਂਦਾ ਹਾਂ। ਉਸ ਨੇ ਪੁੱਛਿਆ ਕਿ ਤੁਹਾਨੂੰ ਪਤਾ ਹੈ ਕਿ ਤੁਹਾਡਾ ਬੱਚਾ ਲੜਕਾ ਹੈ ਜਾਂ ਲੜਕੀ। ਮੈਂ ਦੱਸਿਆ ਕਿ ਮੈਨੂੰ ਪਤਾ ਹੈ। ਮੈਂ ਉਸ ਨੂੰ ਦੱਸਿਆ ਕਿ ਸਾਡੇ ਦੇਸ਼ ਵਿੱਚ ਬੱਚੇ ਦੇ ਲਿੰਗ ਬਾਰੇ ਦੱਸਣਾ ਅਪਰਾਧ ਹੈ। ਡਾਕਟਰ ਨੂੰ ਅਜਿਹਾ ਕਰਨ ’ਤੇ ਸਜ਼ਾ ਅਤੇ ਜੁਰਮਾਨਾ ਕਰਨ ਦਾ ਕਾਨੂੰਨ ਹੈ।’’
‘‘ਪਰ ਅਜਿਹਾ ਕਿਉਂ।’’ ਉਸ ਨੇ ਪੁੱਛਿਆ।
‘‘ਇਸ ਕਰਕੇ ਕਿ ਅਸੀਂ ਕੁੱਖ ਵਿੱਚ ਹੀ ਬੱਚੀਆਂ ਦਾ ਕਤਲ ਕਰ ਦਿੰਦੇ ਹਾਂ।’’
‘‘ਓ ਹੌਰੀਬਲ (ਭਿਆਨਕ ਗੱਲ), ਸ਼ੇਮ… ਸ਼ੇਮ…(ਸ਼ਰਮ ਆਉਣੀ ਚਾਹੀਦੀ ਹੈ)।’’ ਉਸ ਨੇ ਆਖਿਆ। ਉਸ ਨੇ ਆਪਣਾ ਸਿਰ ਆਪਣੇ ਗੋਡਿਆਂ ਵਿੱਚ ਰੱਖ ਲਿਆ। ਕੁਦਰਤੀ ਮੇਰੇ ਮਿਲਣ ਦਾ ਸਮਾਂ ਹੋ ਗਿਆ। ਮੈਂ ਉੱਥੋਂ ਉਠ ਪਿਆ। ਮੈਂ ਵੀ ਕਈ ਦਿਨ ਅਸਹਿਜ ਹੀ ਰਿਹਾ।
‘‘ਅੱਛਾ, ਮਿੱਤਰਾ ਤੇਰੇ ਮੁਤਾਬਿਕ, ਜਿਨ੍ਹਾਂ ਘਰਾਂ ਵਿੱਚ ਲੜਕੇ ਜਨਮ ਲੈਂਦੇ ਹਨ, ਉਹ ਘਰ ਕਰਮਾਂ ਵਾਲੇ ਹੁੰਦੇ ਹਨ। ਜੇਕਰ ਇੱਹ ਸੱਚ ਹੈ ਤਾਂ ਇਹ ਦੱਸ ਕਿ ਜਦੋਂ ਇਹ ਲੜਕੇ ਵੱਡੇ ਹੋ ਕੇ ਆਪਣੇ ਬਜ਼ੁਰਗ ਮਾਂ-ਬਾਪ ਨੂੰ ਘਰੋਂ ਬੇਘਰ ਕਰਕੇ ਬਿਰਧ ਆਸ਼ਰਮ ਜਾਂ ਅਨਾਥ ਘਰਾਂ ਵਿੱਚ ਛੱਡ ਆਉਂਦੇ ਹਨ ਤਾਂ ਉਦੋਂ ਮਾਂ-ਪਿਓ ਦੇ ਕਰਮ ਕਿੱਥੇ ਜਾਂਦੇ ਹਨ।’’
‘‘ਅੱਛਾ, ਮੈਂ ਤੇਰਾ ਬਹੁਤ ਸਮਾਂ ਲੈ ਲਿਆ ਹੈ। ਬਾਕੀ ਗੱਲਾਂ ਫਿਰ ਕਰਾਂਗੇ।’’ ਇਹ ਕਹਿ ਕੇ ਉਸ ਨੇ ਫੋਨ ਬੰਦ ਕਰ ਦਿੱਤਾ।
ਮੇਰਾ ਇੱਹ ਦੋਸਤ, ਅਧਿਆਪਕ ਰਿਟਾਇਰ ਹੋਇਆ ਹੈ।
ਸੰਪਰਕ: 92177-01415 (ਵਟਸਐਪ)