ਹਰਜੀਤ ਅਟਵਾਲ
ਮਨੁੱਖੀ ਇਤਿਹਾਸ ਵਿੱਚ ਮਰਦਾਂ ਵਾਂਗ ਔਰਤਾਂ ਵੀ ਮਨੁੱਖਤਾ ਦੀ ਭਲਾਈ ਲਈ ਅੱਗੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀਆਂ ਔਰਤਾਂ ਇਤਿਹਾਸ ਦਾ ਅਹਿਮ ਪਾਤਰ ਬਣ ਜਾਂਦੀਆਂ ਹਨ। ਲੇਡੀ ਗੌਡਿਵਾ ਵੀ ਅਜਿਹੀ ਹੀ ਇਕ ਔਰਤ ਹੈ ਜੋ ਦੱਬੇ-ਕੁਚਲੇ ਲੋਕਾਂ ਦੀ ਮਸੀਹਾ ਬਣ ਨਿੱਬੜੀ ਹੈ। ਜਿਵੇਂ ਫੂਲਨ ਦੇਵੀ ਨੂੰ ਸਾਡੇ ਜਗੀਰੂ ਸਮਾਜ ਦੇ ਲੋਕ ਪਾਣੀ ਭਰਨ ਲਈ ਨਗਨ ਅਵਸਥਾ ਵਿੱਚ ਤੁਰਨ ਲਈ ਮਜਬੂਰ ਕਰਦੇ ਹਨ, ਅਜਿਹੀ ਹੀ ਸਥਿਤੀ ਇੰਗਲਿਸ਼-ਜਗੀਰੂ ਸਮਾਜ ਦੇ ਚੌਧਰੀ ਲੇਡੀ ਗੌਡਿਵਾ ਲਈ ਪੈਦਾ ਕਰ ਦਿੰਦੇ ਹਨ। ਇਹ ਘਟਨਾ ਗਿਆਰਵੀਂ ਸਦੀ ਦੀ ਹੈ, ਪਰ ਏਨੀ ਸ਼ਰਮਨਾਕ ਹੈ ਕਿ ਦੋ ਸਦੀਆਂ ਤੱਕ ਇਸ ਨੂੰ ਦਬਾਈ ਰੱਖਿਆ। ਜਦੋਂ ਇਹ ਕਹਾਣੀ ਸਾਹਮਣੇ ਆਈ ਵੀ ਤਾਂ ਇਸ ਦੇ ਸੱਚ ਨੂੰ ਗੰਧਲਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜੋ ਅੱਜ ਤੱਕ ਕਾਇਮ ਹਨ।
ਪੱਛਮੀ ਸਮਾਜ ਦੀ ਚਕਾਚੌਂਧ ਜੋ ਅੱਜ ਨਜ਼ਰ ਆ ਰਹੀ ਹੈ, ਇਸ ਦੀ ਉਮਰ ਸਿਰਫ਼ ਸੌ ਕੁ ਸਾਲ ਹੀ ਹੈ। ਇਸ ਤੋਂ ਪਹਿਲਾਂ ਪੱਛਮ ਵਿੱਚ ਵੀ ਔਰਤ ਦੀ ਸਥਿਤੀ ਕੋਈ ਵਧੀਆ ਨਹੀਂ ਸੀ। ਲੇਡੀ ਗੌਡਿਵਾ ਦੀ ਕਹਾਣੀ ਗਿਆਰਵੀਂ ਸਦੀ ਦੀ ਹੈ ਜਦੋਂ ਔਰਤ ਨੂੰ ਕਈ ਪਰਦਿਆਂ ਵਿੱਚ ਰੱਖਿਆ ਜਾਂਦਾ ਸੀ ਤੇ ਉਸ ਨੂੰ ਬਾਹਾਂ ਨੰਗੀਆਂ ਕਰਨ ਦੀ ਵੀ ਇਜਾਜ਼ਤ ਨਹੀਂ ਸੀ। ਇਤਿਹਾਸ ਵਿੱਚ ਆਉਂਦਾ ਹੈ ਕਿ ਲੇਡੀ ਗੌਡਿਵਾ ਆਪਣੇ ਵੇਲੇ ਇੱਕੋ-ਇੱਕ ਔਰਤ ਹੋਈ ਹੈ ਜੋ ਏਨੀ ਜਾਇਦਾਦ ਦੀ ਮਾਲਕ ਹੋਵੇ। ਉਸ ਦਾ ਜਾਇਦਾਦ ਦਾ ਮਾਲਕ ਹੋਣਾ ਜਾਂ ਉਸ ਦੇ ਹੱਥ ਵਿੱਚ ਤਾਕਤ ਹੋਣਾ ਬਹੁਤ ਸਾਰੇ ਲੋਕਾਂ ਲਈ ਅਸਹਿ ਸੀ।
ਗਿਆਰਵੀਂ ਸਦੀ ਵਿੱਚ ਕਵੈਂਟਰੀ ਸ਼ਹਿਰ ਉੱਪਰ ਲੀਓਫਰਿਕ ਨਾਂ ਦੇ ਬੰਦੇ ਦਾ ਰਾਜ ਹੁੰਦਾ ਸੀ। ਉਸ ਨੇ ਸ਼ਹਿਰ ਦੇ ਲੋਕਾਂ ਉੱਪਰ ਬਹੁਤ ਜ਼ਿਆਦਾ ਟੈਕਸ ਲਾਏ ਹੋਏ ਸਨ। ਲੋਕ ਤ੍ਰਾਹ-ਤ੍ਰਾਹ ਕਰ ਰਹੇ ਸਨ। ਲੇਡੀ ਗੌਡਿਵਾ ਇਕ ਦਾਨਣ ਔਰਤ ਸੀ। ਉਹ ਕਵੈਂਟਰੀ ਤੇ ਆਲੇ-ਦੁਆਲੇ ਦੇ ਚਰਚਾਂ ਤੇ ਹੋਰ ਸੰਸਥਾਵਾਂ ਨੂੰ ਦਾਨ ਦਿੰਦੀ ਰਹਿੰਦੀ ਸੀ। ਦਾਨ ਦੇਣ ਵਿੱਚ ਉਸ ਦਾ ਨਾਂ ਲੰਡਨ ਦੇ ਸੇਂਟ ਪਾਲ ਚਰਚ ਤੱਕ ਬੋਲਦਾ ਸੀ। ਇਸ ਕਾਰਨ ਉਹ ਕਵੈਂਟਰੀ ਸ਼ਹਿਰ ਦੇ ਲੋਕਾਂ ਵਿੱਚ ਬਹੁਤ ਹਰਮਨ-ਪਿਆਰੀ ਸੀ। ਇਤਫਾਕਨ ਲੇਡੀ ਗੌਡਿਵਾ ਲੀਓਫਰਿਕ ਦੀ ਪਤਨੀ ਵੀ ਸੀ। ਲੀਓਫਰਿਕ ਤੇ ਸ਼ਹਿਰ ਦੇ ਹੋਰ ਚੌਧਰੀਆਂ ਨੂੰ ਉਸ ਦੀ ਹਰਮਨ-ਪਿਆਰਤਾ ਪਸੰਦ ਨਹੀਂ ਸੀ। ਸ਼ਹਿਰ ਦੇ ਆਮ ਲੋਕਾਂ ਦਾ ਉਸ ਕੋਲ ਸ਼ਿਕਾਇਤ ਲੈ ਕੇ ਜਾਣਾ ਬਹੁਤ ਸਾਰੇ ਲੋਕਾਂ ਨੂੰ ਬੁਰਾ ਲੱਗਾ। ਲੇਡੀ ਗੌਡਿਵਾ ਨੇ ਕਾਊਂਟ ਲੀਓਫਰਿਕ ਨੂੰ ਲੋਕਾਂ ਦੇ ਟੈਕਸ ਮੁਆਫ਼ ਕਰਨ ਦੀ ਬੇਨਤੀ ਹੀ ਨਹੀਂ ਕੀਤੀ ਬਲਕਿ ਉਸ ’ਤੇ ਦਬਾਅ ਵੀ ਪਾਇਆ। ਲੀਓਫਰਿਕ ਨੇ ਆਪਣੇ ਸਲਾਹਕਾਰਾਂ ਨਾਲ ਮੀਟਿੰਗ ਕਰਕੇ ਅਜਿਹਾ ਸਖ਼ਤ ਫ਼ੈਸਲਾ ਕੀਤਾ ਜਿਸ ਨੂੰ ਕੋਈ ਵੀ ਔਰਤ ਕਦੇ ਮੰਨ ਹੀ ਨਹੀਂ ਸੀ ਸਕਦੀ। ਉਸ ਨੇ ਕਿਹਾ ਕਿ ਲੋਕਾਂ ਦੇ ਟੈਕਸ ਸਿਰਫ਼ ਇਕ ਸ਼ਰਤ ’ਤੇ ਮੁਆਫ਼ ਕੀਤੇ ਜਾ ਸਕਦੇ ਹਨ ਜੇ ਲੇਡੀ ਗੌਡਿਵਾ ਨਿਰਵਸਤਰ ਹੋ ਕੇ ਘੋੜੇ ’ਤੇ ਬਹਿ ਕੇ ਕਵੈਂਟਰੀ ਸ਼ਹਿਰ ਦਾ ਚੱਕਰ ਲਾਏ। ਉਸ ਵੇਲੇ ਜਦੋਂ ਔਰਤ ਬਾਂਹ ਵੀ ਨੰਗੀ ਨਹੀਂ ਸੀ ਰੱਖ ਸਕਦੀ, ਉਸ ਨੂੰ ਨਿਰਵਸਤਰ ਹੋਣ ਲਈ ਕਿਹਾ ਜਾਣਾ ਤੇ ਉਸੇ ਅਸਵਸਥਾ ਵਿੱਚ ਹੀ ਸ਼ਹਿਰ ਦਾ ਚੱਕਰ ਲਾਉਣ ਲਈ ਵੀ ਕਿਹਾ ਜਾਣਾ, ਇਸ ਤੋਂ ਘਿਨਾਉਣੀ ਸੋਚ ਕੀ ਹੋ ਸਕਦੀ ਹੈ? ਕਾਫ਼ੀ ਕੁਝ ਸੋਚ ਕੇ ਲੇਡੀ ਗੌਡਿਵਾ ਨੇ ਲੋਕਾਂ ਲਈ ਇਹ ਸ਼ਰਤ ਮੰਨ ਲਈ ਤੇ ਇੰਜ ਕਰਕੇ ਲੋਕਾਂ ਦੇ ਸਾਰੇ ਟੈਕਸ ਮੁਆਫ਼ ਕਰਾਏ। ਉਹ ਨੌਂ ਬੱਚਿਆਂ ਦੀ ਮਾਂ ਸੀ। ਉਸ ਦੇ ਇਕ ਪੁੱਤਰ ਦਾ ਨਾਂ ਐਲਫਗਰ ਸੀ।
ਜਦੋਂ ਲੇਡੀ ਗੌਡਿਵਾ ਨੇ ਇੰਜ ਕਰਨਾ ਮੰਨ ਲਿਆ ਤਾਂ ਸ਼ਹਿਰ ਦੇ ਹੁਕਮਰਾਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਇੰਜ ਕਰਨਾ ਮੰਨ ਜਾਵੇਗੀ। ਅਕਸਰ ਉਹ ਉਨ੍ਹਾਂ ਦੇ ਵਰਗ ਦੀ ਔਰਤ ਸੀ, ਇਸ ਵਿੱਚ ਉਨ੍ਹਾਂ ਦੀ ਵੀ ਬੇਇੱਜ਼ਤੀ ਸੀ। ਸ਼ਹਿਰ ਵਿੱਚ ਐਲਾਨ ਕਰਾ ਦਿੱਤਾ ਗਿਆ ਕਿ ਜਿਸ ਦਿਨ ਲੇਡੀ ਗੌਡਿਵਾ ਘੋੜੇ ’ਤੇ ਬਹਿ ਕੇ ਸ਼ਹਿਰ ਦਾ ਚੱਕਰ ਲਾਵੇ ਤਾਂ ਸਾਰੇ ਲੋਕ ਬੂਹੇ-ਬਾਰੀਆਂ ਬੰਦ ਕਰਕੇ ਘਰਾਂ ਦੇ ਅੰਦਰ ਵੜ ਜਾਣ। ਕੋਈ ਵੀ ਲੇਡੀ ਗੌਡਿਵਾ ਨੂੰ ਨਾ ਦੇਖੇ। ਧਾਰਮਿਕ ਨੇਤਾਵਾਂ ਨੇ ਐਲਾਨ ਵਿੱਚ ਵਾਧਾ ਕਰਦਿਆਂ ਕਿਹਾ ਕਿ ਜੋ ਵੀ ਲੇਡੀ ਗੌਡਿਵਾ ਨੂੰ ਉਸ ਹਾਲਤ ਵਿੱਚ ਦੇਖਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਰੱਬ ਦੀ ਮਾਰ ਪਵੇਗੀ। ਇੰਜ ਹੀ ਹੋਇਆ। ਜਿਸ ਦਿਨ ਲੇਡੀ ਗੌਡਿਵਾ ਘੋੜੇ ’ਤੇ ਬਹਿ ਕੇ ਸ਼ਹਿਰ ਦੀਆਂ ਗਲੀਆਂ ਵਿੱਚੋਂ ਲੰਘੀ, ਉਸ ਦਿਨ ਸਾਰੀ ਜਨਤਾ ਦੁਬਕ ਕੇ ਘਰਾਂ ਦੇ ਅੰਦਰ ਬੈਠੀ ਰਹੀ। ਪਰ ਇਸ ਸਭ ਕਾਸੇ ਵਿੱਚ ਇਕ ਅਪਵਾਦ ਹੋ ਗਿਆ। ਟੌਮ ਨਾਂ ਦੇ ਇਕ ਬੰਦੇ ਨੇ ਬਾਰੀ ਖੋਲ੍ਹ ਕੇ ਲੇਡੀ ਗੌਡਿਵਾ ਨੂੰ ਦੇਖ ਲਿਆ। ਮਾਨਤਾ ਅਨੁਸਾਰ ਉਹ ਬੰਦਾ ਥਾਵੇਂ ਹੀ ਅੰਨ੍ਹਾ ਹੋ ਗਿਆ ਤੇ ਫਿਰ ਮਰ ਗਿਆ। ਸਮੇਂ ਨਾਲ ਉਹ ਬੰਦਾ ਇਸ ਗਾਥਾ ਦਾ ਇਕ ਅਹਿਮ ਕਿਰਦਾਰ ਬਣ ਗਿਆ। ਉਸ ਨੂੰ ਪੀਪਿੰਗ-ਟੌਮ ਨਾਂ ਨਾਲ ਚੇਤੇ ਕੀਤਾ ਜਾਂਦਾ ਹੈ, ਬਲਕਿ ‘ਪੀਪਿੰਗ-ਟੌਮ’ ਇਕ ਟਰਮ ਬਣ ਚੁੱਕੀ ਹੈ। ਜੋ ਬੰਦਾ ਕਿਸੇ ਨੂੰ ਲੁਕ ਕੇ ਦੇਖੇ ਉਹ ਹੈ ਪੀਪਿੰਗ-ਟੌਮ। ਪੀਪਿੰਗ- ਭਾਵ ਲੁਕ ਕੇ ਦੇਖਣਾ।
ਗਿਆਰਵੀਂ ਸਦੀ ਵਿੱਚ ਇਹ ਘਟਨਾ ਬਹੁਤ ਵੱਡੀ ਸੀ। ਇਕ ਔਰਤ ਵੱਲੋਂ ਮਰਦਾਂ ਦੇ ਮੂੰਹ ’ਤੇ ਚਪੇੜ ਸੀ। ਅੱਜ ਅਜਿਹੀ ਘਟਨਾ ਸ਼ਾਇਦ ਬਹੁਤੀ ਵੱਡੀ ਨਾ ਲੱਗੇ, ਪਰ ਉਸ ਵੇਲੇ ਇਹ ਏਨੀ ਅਹਿਮੀਅਤ ਵਾਲੀ ਸੀ ਕਿ ਇਸ ਨੂੰ ਛੁਪਾ ਲਿਆ ਗਿਆ ਸੀ। ਕਈ ਸਦੀਆਂ ਤੱਕ ਇਹ ਕਹਾਣੀ ਦਬਾਈ ਰੱਖੀ। ਤੇਰਵੀਂ ਸਦੀ ਵਿੱਚ ਜਾ ਕੇ ਇਹ ਕਹਾਣੀ ਬਾਹਰ ਆਉਣ ਲੱਗੀ ਤੇ ਲੋਕ ਇਸ ਦਾ ਇਤਿਹਾਸ ਫਰੋਲਣ ਲੱਗੇ। ਫਿਰ ਇਕ ਹੋਰ ਸਾਜ਼ਿਸ਼ ਹੋਣ ਲੱਗੀ ਕਿ ਇਸ ਕਹਾਣੀ ਨੂੰ ਮਨਫ਼ੀ ਕਰਨ ਲਈ ਇਸ ਦੇ ਬਰਾਬਰ ਹੋਰ ਕਹਾਣੀਆਂ ਖੜ੍ਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਅੱਜ ਲੇਡੀ ਗੌਡਿਵਾ ਇਤਿਹਾਸ ਦਾ ਇਕ ਅਹਿਮ ਪਾਤਰ ਹੈ। ਉਸ ਦੇ ਬੁੱਤ ਬਣੇ ਹੋਏ ਹਨ, ਦੁਨੀਆ ਭਰ ਦੇ ਮਿਊਜ਼ੀਅਮਾਂ ਵਿੱਚ ਉਸ ਦੀਆਂ ਤਸਵੀਰਾਂ ਮਿਲਦੀਆਂ ਹਨ। ਇਸ ਕਹਾਣੀ ਉੱਪਰ ਕਿੰਨੀਆਂ ਹੀ ਫ਼ਿਲਮਾਂ ’ਤੇ ਦਸਤਾਵੇਜ਼ੀ ਫ਼ਿਲਮਾਂ ਬਣੀਆਂ ਹਨ, ਕਿਤਾਬਾਂ ਵੀ ਲਿਖੀਆਂ ਗਈਆਂ ਹਨ।
ਜੇ ਲੇਡੀ ਗੌਡਿਵਾ ਦੇ ਇਤਿਹਾਸ ਵੱਲ ਜਾਈਏ ਤਾਂ ਕੁਝ ਵੀ ਸਿੱਧਾ ਲਿਖਿਆ ਨਹੀਂ ਮਿਲਦਾ, ਇਸ ਨੂੰ ਏਧਰੋਂ ਓਧਰੋਂ ਇਕੱਠਾ ਕਰਨਾ ਪੈਂਦਾ ਹੈ। ਉਸ ਦੇ ਪਤੀ ਲੀਓਫਰਿਕ ਦਾ ਜ਼ਿਕਰ ਕਈ ਥਾਵਾਂ ’ਤੇ ਆਉਂਦਾ ਹੈ ਜਿਸ ਦੀ ਮੌਤ 1057 ਵਿੱਚ ਹੋਈ ਮੰਨੀ ਜਾਂਦੀ ਹੈ। ਲੇਡੀ ਗੌਡਿਵਾ ਦੀ ਮੌਤ ਦੇ ਸਹੀ ਸਾਲ ਦਾ ਪਤਾ ਨਹੀਂ ਚੱਲਦਾ। ਇਕ ਅੰਦਾਜ਼ੇ ਮੁਤਾਬਕ ਉਸ ਦੀ ਮੌਤ 1066 ਤੋਂ ਲੈ ਕੇ 1086 ਵਿਚਕਾਰ ਕਿਸੇ ਵੇਲੇ ਹੋਈ। ਇਹ ਉਹ ਵੇਲਾ ਸੀ ਜਦ ਨੌਰਮਨਾਂ ਨੇ ਇੰਗਲੈਂਡ ਉੱਪਰ ਹਮਲਾ ਕਰਕੇ ਆਪਣੇ ਕਾਬੂ ਵਿੱਚ ਕਰ ਲਿਆ ਸੀ।
ਇਕ ਥਾਂ ਦਾਨ ਦੇਣ ਤੋਂ ਬਾਅਦ ਲੇਡੀ ਗੌਡਿਵਾ ਦੇ ਦਸਤਖ਼ਤ ਵੀ ਮਿਲਦੇ ਹਨ ਜਿਨ੍ਹਾਂ ਵਿੱਚ ਉਸ ਵੱਲੋਂ ਤੋਹਫ਼ਾ ਦੇਣ ਸਮੇਂ ਅਜਿਹੀ ਭਾਵਨਾ ਪ੍ਰਗਟ ਹੁੰਦੀ ਹੈ, ‘ਮੈਂ, ਕਾਊਂਟੈਸ ਗੌਡਿਵਾ, ਕਾਫ਼ੀ ਦੇਰ ਤੋਂ ਇਹ ਤਮੰਨਾ ਰੱਖਦੀ ਹਾਂ…’। ਉਸ ਦੇ ਲਿਖੇ ਇਹ ਸ਼ਬਦ ਅਜਿਹੇ ਚਾਰਟਰ ਵਿੱਚ ਅੰਕਿਤ ਹਨ ਜੋ ਇਤਿਹਾਸ ਦਾ ਸੋਮਾ ਬਣਦਾ ਹੈ।
ਇੱਕ ਥਾਂ ਹੋਰ ਅੰਦਰਾਜ਼ ਮਿਲਦਾ ਹੈ ਜਿਸ ਮੁਤਾਬਕ ਇੰਗਲੈਂਡ ਵਿੱਚ ਲੇਡੀ ਗੌਡਿਵਾ ਇਕੱਲੀ ਅਜਿਹੀ ਔਰਤ ਸੀ ਜੋ ਏਨੀ (ਬਹੁਤ-ਵੱਡੀ) ਜਾਇਦਾਦ ਦੀ ਮਾਲਕ ਸੀ। ਗੌਡਿਵਾ ਦੇ ਜਨਮ-ਮਰਨ ਦੋਨਾਂ ਬਾਰੇ ਖ਼ਾਸ ਤਰੀਕਾਂ ਦਾ ਨਹੀਂ ਪਤਾ ਤੇ ਨਾ ਹੀ ਵਿਆਹ ਦੇ ਵਰ੍ਹੇ ਬਾਰੇ ਕੁਝ ਪਤਾ ਹੈ।
ਮੌਤ ਤੋਂ ਬਾਅਦ ਲੇਡੀ ਗੌਡਿਵਾ ਨੂੰ ਕਿੱਥੇ ਦਫ਼ਨਾਇਆ ਗਿਆ ਸੀ ਇਸ ਬਾਰੇ ਵੀ ਵਿਵਾਦ ਹਨ। ਕਵੈਂਟਰੀ ਦੇ ਨੇੜਲੇ ਸ਼ਹਿਰ ਈਵਸ਼ੈਮ ਦੇ ਲੋਕ ਕਹਿੰਦੇ ਹਨ ਕਿ ਉਸ ਨੂੰ ਈਵਸ਼ੈਮ ਵਿੱਚ ਦਫ਼ਨਾਇਆ ਗਿਆ ਸੀ। ਈਵਸ਼ੈਮ ਦੀ ਅਖ਼ਬਾਰ ਈਵਸ਼ੈਮ-ਕਰੌਨਿਕ ਅਨੁਸਾਰ ਉਸ ਨੂੰ ਸ਼ਹਿਰ ਦੇ ਚਰਚ ਆਫ ਦਿ ਬਲੈੱਸਡ ਟਰਿੰਟੀ ਵਿੱਚ ਦਫ਼ਨਾਇਆ ਗਿਆ ਸੀ, ਪਰ ਉਹ ਚਰਚ ਹੁਣ ਕਾਇਮ ਨਹੀਂ ਹੈ। ਔਕਸਫੌਰਡ-ਆਫ-ਨੇਸ਼ਨ-ਬਾਇਓਗ੍ਰਾਫ਼ੀ ਮੁਤਾਬਕ ਉਸ ਨੂੰ ਕਵੈਂਟਰੀ ਵਿੱਚ ਉਸ ਦੇ ਪਤੀ ਦੇ ਕੋਲ ਹੀ ਦਫ਼ਨਾਇਆ ਗਿਆ ਸੀ।
ਕੁਝ ਇਤਿਹਾਸਕਾਰ ਮੰਨਦੇ ਹਨ ਕਿ ਲੇਡੀ ਗੌਡਿਵਾ ਇੰਜ ਘੋੜੇ ’ਤੇ ਨਿਕਲੀ ਸੀ, ਪਰ ਇਹ ਕੋਈ ਟੈਕਸ ਮੁਆਫ਼ ਕਰਾਉਣ ਲਈ ਨਹੀਂ ਸਗੋਂ ਉਸ ਨੇ ਇੰਜ ਜਣਨ-ਸੰਸਕਾਰਾਂ ਦਾ ਜਸ਼ਨ ਮਨਾਉਣ ਲਈ ਕੀਤਾ ਸੀ। ਇਕ ਹੋਰ ਮਿੱਥ ਮੁਤਾਬਕ ਗੌਡਿਵਾ ਬਹਾਰ ਦੇ ਮੌਸਮ ਦੇ ਜਸ਼ਨ ਵਿੱਚ ਇੰਜ ਸ਼ਹਿਰ ਵਿੱਚ ਆਈ ਸੀ। ਇਕ ਹੋਰ ਕਹਾਣੀ ਮੁਤਾਬਕ ਗੌਡਿਵਾ ਮਾਰਕੀਟ ਦੇ ਇਕ ਪਾਸੇ ਤੋਂ ਦੂਜੇ ਪਾਸੇ ਤੱਕ ਹੀ ਘੋੜੇ ’ਤੇ ਚੜ੍ਹ ਕੇ ਗਈ ਸੀ। ਮਾਰਕੀਟ ਦੇ ਦੂਜੇ ਪਾਸੇ ਲੋਕ ਇਕੱਠ ਹੋਣੇ ਸਨ, ਪਰ ਦੋ ਨਾਈਟਸ (ਅਮੀਰ-ਲੋਕ) ਹੀ ਆਏ। ਇਕ ਹੋਰ ਕਹਾਣੀ ਮੁਤਾਬਕ ਲੀਓਫਰਿਕ ਨੇ ਟੈਕਸ ਪਹਿਲਾਂ ਹੀ ਮੁਆਫ਼ ਕਰ ਦਿੱਤੇ ਸਨ, ਪਰ ਘੋੜਾ ਟੈਕਸ ਮੁਆਫ਼ ਨਹੀਂ ਸੀ ਕੀਤਾ ਤੇ ਗੌਡਿਵਾ ਨੇ ਘੋੜਾ ਟੈਕਸ ਮੁਆਫ਼ ਕਰਾਉਣ ਲਈ ਹੀ ਇਵੇਂ ਕੀਤਾ ਸੀ। ਸਤਾਰਵੀਂ ਸਦੀ ਵਿੱਚ ਲਿਖਿਆ ਇਕ ਗੀਤ ਮਿਲਦਾ ਹੈ ਜਿਸ ਵਿੱਚ ਗੌਡਿਵਾ ਦੇ ਨਿਰਵਸਤਰ ਹੋ ਕੇ ਸ਼ਹਿਰ ਵਿੱਚ ਨਿਕਲਣ ਦਾ ਜ਼ਿਕਰ ਹੈ ਜਿਸ ਦਾ ਕਾਰਨ ਘੋੜਾ ਟੈਕਸ ਦੱਸਿਆ ਗਿਆ ਹੈ ਤੇ ਸ਼ਹਿਰ ਦੇ ਅਧਿਕਾਰੀਆਂ ਵੱਲੋਂ ਸ਼ਹਿਰ ਨੂੰ ਬੰਦ ਰੱਖਣ ਦੀਆਂ ਹਦਾਇਤਾਂ ਦਾ ਜ਼ਿਕਰ ਵੀ ਹੈ। ਕੁਝ ਵੀ ਹੋਵੇ ਲੇਡੀ ਗੌਡਿਵਾ ਨੂੰ ਕਦੇ ਵੀ ਘਟੀਆ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ। ਉਂਜ ਉਸ ਸਦੀਆਂ ਦੀਆਂ ਇਨ੍ਹਾਂ ਸ਼ਹਿਰਾਂ ਦੀਆਂ ਕਰੌਨਿਕ-ਅਖ਼ਬਾਰਾਂ ਗੌਡਿਵਾ ਨੂੰ ਸਦਾ ਇਕ ਧਾਰਮਿਕ ਤੇ ਇੱਜ਼ਤਦਾਰ ਔਰਤ ਚਿਤਰਦੀਆਂ ਹਨ।
ਲੇਡੀ ਗੌਡਿਵਾ ਦੇ ਨਾਲ-ਨਾਲ ਪੀਪਿੰਗ ਟੌਮ ਵੀ ਘੱਟ ਮਸ਼ਹੂਰ ਨਹੀਂ ਹੈ। ਉਸ ਦੇ ਵੀ ਬੁੱਤ ਬਣੇ ਹਨ। ਕੇਂਦਰੀ ਕਵੈਂਟਰੀ ਵਿੱਚ ਲੇਡੀ ਗੌਡਿਵਾ ਦਾ ਬੁੱਤ ਹਰ ਘੰਟੇ ਬਾਅਦ ਨਿਕਲਦਾ ਹੈ ਤੇ ਉਸ ਨੂੰ ਪੀਪਿੰਗ ਟੌਮ ਦੇਖ ਰਿਹਾ ਹੁੰਦਾ ਹੈ। ਪੀਪਿੰਗ ਟੌਮ ਬਾਰੇ ਵੀ ਕਈ ਵਿਵਾਦਤ ਕਹਾਣੀਆਂ ਪ੍ਰਚੱਲਿਤ ਹਨ। ਟੌਮ ਇਕ ਦਰਜ਼ੀ ਸੀ। ਦਰਜ਼ੀ ਭਾਈਚਾਰਾ ਅੱਜ ਵੀ ਪੀਪਿੰਗ ਟੌਮ ਨਾਲ ਨੇੜਤਾ ਦਰਸਾਉਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਟੌਮ ਅਮੀਰਾਂ ਦਾ ਜਾਸੂਸ ਸੀ ਇਸ ਲਈ ਉਸ ਨੇ ਲੇਡੀ ਗੌਡਿਵਾ ਨੂੰ ਦੇਖ ਲਿਆ ਸੀ।
ਇਹ ਵੀ ਕਿਹਾ ਜਾਂਦਾ ਹੈ ਕਿ ਟੌਮ ਨੂੰ ਕੁਝ ਨਹੀਂ ਸੀ ਹੋਇਆ, ਭਾਵ ਉਹ ਲੇਡੀ ਗੌਡਿਵਾ ਨੂੰ ਦੇਖ ਕੇ ਅੰਨ੍ਹਾ ਨਹੀਂ ਸੀ ਹੋਇਆ। ਕੇਂਦਰੀ ਕਵੈਂਟਰੀ ਜਾਵੋ ਤਾਂ ਗੌਡਿਵਾ ਕਲੌਕ ਦੇਖਣਾ ਨਾ ਭੁੱਲਣਾ ਜਿਸ ਦੇ ਘੰਟੇ ਦੇ ਵੱਜਣ ਨਾਲ ਘੋੜੇ ’ਤੇ ਚੜ੍ਹੀ ਗੌਡਿਵਾ ਨਿਕਲਦੀ ਹੈ ਤੇ ਪੀਪਿੰਗ-ਟੌਮ ਉਸ ਨੂੰ ਦੇਖਦਾ ਹੈ।
ਈ-ਮੇਲ : harjeetatwal@hotmail.co.uk