ਹਰੀਪਾਲ
ਕੈਨੇਡਾ ਵਿਚ ਦਸ ਦਿਨ ਵੀ ਨਹੀਂ ਲੰਘਦੇ ਕਿ ਟੀਵੀ ਤੋਂ ਖ਼ਬਰ ਆ ਜਾਂਦੀ ਹੈ ਕਿ ਫਲਾਣੇ ਸ਼ਹਿਰ ਐਨੇ ਮਿਲੀਅਨ ਦੀ ਡਰੱਗ ਫੜੀ ਗਈ। ਜਦੋਂ ਮੁਲਜ਼ਮਾਂ ਦੇ ਨਾਵਾਂ ਦੀ ਲਿਸਟ ਜਾਰੀ ਕੀਤੀ ਜਾਂਦੀ ਹੈ ਤਾਂ ਪੰਜਾਬੀ ਮੂਲ ਦੇ ਦੋ ਚਾਰ ਮੁੰਡੇ ਜ਼ਰੂਰ ਹੁੰਦੇ ਹਨ। ਬਹੁਤ ਦਿਲ ਦੁਖੀ ਹੁੰਦਾ ਹੈ ਕਿ ਕੈਨੇਡਾ ਵਿਚ ਆ ਕੇ ਵੀ ਸਾਡਾ ਇਹ ਹਾਲ ਹੈ ਜਾਂ ਸਾਡੀਆਂ ਇੱਛਾਵਾਂ ਐਨੀਆਂ ਵਧ ਗਈਆਂ ਹਨ ਕਿ ਅਸੀਂ ਪੈਸੇ ਲਈ ਸੱਪ ਦੀ ਖੁੱਡ ਵਿਚ ਹੱਥ ਪਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਜਦੋਂ ਕਦੇ ਡਰੱਗ ਵੇਚਣ ਵਾਲੇ ਗੈਂਗਾਂ ਵਿਚ ਲੜਾਈ ਹੁੰਦੀ ਹੈ ਤਦ ਵੀ ਮਰਨ ਜਾਂ ਮਾਰਨ ਵਾਲਿਆਂ ਵਿਚ ਪੰਜਾਬੀਆਂ ਦਾ ਨਾਂ ਪੱਕਾ ਸ਼ਾਮਲ ਹੁੰਦਾ ਹੈ। ਅਜਿਹਾ ਕਿਉਂ ਹੈ? ਵਾਰ ਵਾਰ ਇਹ ਸੁਆਲ ਮਨ ਵਿਚ ਉੱਠਦਾ ਹੈ। ਸਾਡੇ ਵਿਚ ਛੇਤੀ ਅਮੀਰ ਹੋਣ ਦੀ ਇਹ ਭਾਵਨਾ ਐਨੀ ਕਿਉਂ ਹੈ ? ਅਸੀਂ ਚਾਹੁੰਦੇ ਹਾਂ ਕਿ ਸਾਡਾ ਘਰ ਗੁਆਂਢੀਆਂ, ਰਿਸ਼ਤੇਦਾਰਾਂ ਤੋਂ ਵੱਡਾ ਹੋਵੇ, ਸਾਡੇ ਕੋਲ ਮਹਿੰਗੀਆਂ ਕਾਰਾਂ ਹੋਣ, ਸਾਡੇ ਬੱਚਿਆਂ ਦੇ ਵਿਆਹ ਪੂਰੀ ਟੌਹਰ ਵਾਲੇ ਹੋਣ। ਇਨ੍ਹਾਂ ਡਰੱਗ ਮਾਮਲਿਆਂ ਵਿਚ ਫੜੇ ਜਾਂਦੇ ਮੁੰਡਿਆਂ ਦਾ ਬਹੁਤਾ ਕਸੂਰ ਨਹੀਂ ਲੱਗਦਾ ਜਿੰਨਾ ਸਾਡੇ ਦਿਖਾਵੇ ਦੇ ਕਲਚਰ ਦਾ ਲੱਗਦਾ ਹੈ। ਦਿਖਾਵਾ ਕਰਨ ਲਈ ਅਸੀਂ ਪੈਸਾ ਕਮਾਉਣ ਦਾ ਕੋਈ ਵੀ ਢੰਗ ਆਪਣਾ ਸਕਦੇ ਹਾਂ।
ਅਸੀਂ ਚਾਹੇ ਅੱਜ ਹੀ ਕੈਨੇਡਾ ਆਏ ਹਾਂ, ਪਰ ਅਸੀਂ ਆਉਣ ਸਾਰ ਆਪਣੇ ਪਿੰਡ ਦੇ ਉਨ੍ਹਾਂ ਲੋਕਾਂ ਨਾਲ ਮੁਕਾਬਲਾ ਕਰਨ ਲੱਗ ਜਾਂਦੇ ਹਾਂ ਜਿਨ੍ਹਾਂ ਨੂੰ ਕੈਨੇਡਾ ਆਇਆਂ ਨੂੰ ਦਹਾਕੇ ਬੀਤ ਗਏ ਹਨ। ਪਤਾ ਨਹੀਂ ਉਨ੍ਹਾਂ ਵਿਚਾਰਿਆਂ ਨੇ ਇਸ ਮੁਕਾਮ ਤਕ ਪਹੁੰਚਣ ਵਿਚ ਕਿੰਨੀ ਮਿਹਨਤ ਕੀਤੀ ਹੈ, ਪਰ ਅਸੀਂ ਤਾਂ ਆਉਣ ਸਾਰ ਹੀ ਇਨ੍ਹਾਂ ਦੇ ਬਰਾਬਰ ਹੋਣਾ ਲੋਚਦੇ ਹਾਂ। ਇਸ ਸਬੰਧੀ ਇਕ ਫਰਨੀਚਰ ਸਟੋਰ ਦੇ ਮਾਲਕ ਨੇ ਆਪਣੀ ਹੱਡਬੀਤੀ ਮੇਰੇ ਨਾਲ ਸਾਂਝੀ ਕੀਤੀ। ਉਸ ਨੇ ਦੱਸਿਆ, ‘ਮੈਂ ਕੈਨੇਡਾ ਆ ਕੇ ਫਰਨੀਚਰ ਦਾ ਕੰਮ ਵਿੱਢ ਲਿਆ। ਅਸੀਂ ਦੋਵੇਂ ਪਤੀ-ਪਤਨੀ ਨੇ ਇੰਨਾ ਕੰਮ ਕੀਤਾ ਕਿ ਅਸੀਂ ਦੋ ਤਿੰਨ ਸਟੋਰ ਕਰ ਲਏ। ਹੌਲੀ ਹੌਲੀ ਮੈਂ ਆਪਣੇ ਛੋਟੇ ਭਰਾ ਨੂੰ ਪਰਿਵਾਰ ਸਮੇਤ ਇੱਥੇ ਸੱਦ ਲਿਆ। ਛੋਟਾ ਭਰਾ ਮੇਰੇ ਨਾਲ ਹੀ ਸਟੋਰ ’ਤੇ ਕੰਮ ਕਰਨ ਲੱਗ ਪਿਆ। ਮੈਂ ਉਸ ਨੂੰ ਕੁਝ ਚਿਰ ਕੰਮ ਸਿੱਖਣ ਤੋਂ ਬਾਅਦ ਇਕ ਸਟੋਰ ਖੋਲ੍ਹਣ ਵਿਚ ਮਦਦ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਇਕ ਦਿਨ ਜਦੋਂ ਮੈਂ ਕੰਮ ਤੋਂ ਘਰ ਆਇਆ ਤਾਂ ਘਰ ਵਿਚ ਕਲੇਸ਼ ਪਿਆ ਹੋਇਆ ਸੀ। ਜਦੋਂ ਕਾਰਨ ਪੁੱਛਿਆ ਤਾਂ ਛੋਟੀ ਭਰਜਾਈ ਨੇ ਕਿਹਾ ਕਿ ਉਸ ਕੋਲ ਤਾਂ ਸਿਰਫ਼ ਦੋ ਤਿੰਨ ਜੋੜੇ ਹੀ ਜੁੱਤੀਆਂ ਦੇ ਹਨ ਜਦੋਂਕਿ ਵੱਡੇ ਭੈਣ ਜੀ ਕੋਲ ਦਸ ਹਨ। ਉਸ ਨੇ ਇਹ ਨਹੀਂ ਸੋਚਿਆ ਕਿ ਵੱਡੀ ਭੈਣ ਜੀ ਨੂੰ ਇੱਥੇ ਆਈ ਨੂੰ ਵੀ ਪੰਦਰਾਂ ਸਾਲ ਹੋ ਗਏ ਹਨ। ਜਦੋਂ ਮੈਂ ਉਸ ਨੂੰ ਆਪਣੀ ਪਤਨੀ ਦੀ ਪੰਦਰਾਂ ਸਾਲਾਂ ਦੀ ਮਿਹਨਤ ਵਾਰੇ ਦੱਸਿਆ ਤਾਂ ਉਸ ਦਾ ਜਵਾਬ ਸੀ, ‘ਵੀਰ ਜੀ ਅਸੀਂ ਕਿਹੜਾ ਭਾਰਤ ਵਿਚ ਵਿਹਲੇ ਬੈਠੇ ਸੀ।’ ਹਾਰ ਕੇ ਮੈਂ ਆਪਣੇ ਭਰਾ ਨੂੰ ਆਪਣੇ ਤੋਂ ਅਲੱਗ ਹੀ ਕਰ ਦਿੱਤਾ।’ ਇਕ ਵਾਰ ਇਕ ਬਜ਼ੁਰਗ ਨੂੰ ਇਹ ਗਿਲਾ ਸੀ ਕਿ ਉਹ ਜਿਨ੍ਹਾਂ ਦੇ ਕੰਮ ਕਰਦਾ ਹੈ, ਉਹ ਤਾਂ ਕਿਸੇ ਟਾਈਮ ਉਸ ਦੀ ਜ਼ਮੀਨ ਮਾਮਲੇ ’ਤੇ ਵਾਹੁੰਦੇ ਸਨ। ਮੈਂ ਉਸ ਨੂੰ ਕਿਹਾ ਕਿ ਭਾਈ ਸਾਹਿਬ ਇਹ ਬਹੁਤ ਪਹਿਲਾਂ ਦੇ ਆਏ ਹੋਏ ਹਨ, ਇਨ੍ਹਾਂ ਨੇ ਬਹੁਤ ਮਿਹਨਤ ਨਾਲ ਇਹ ਫੈਕਟਰੀ ਖ਼ਰੀਦੀ ਹੈ, ਪਰ ਉਸ ਦੀ ਹਾਉਮੈਂ ਦੀ ਸੂਈ ਤਾਂ ਵੀਹ ਸਾਲ ਪਹਿਲਾਂ ਖੜ੍ਹੀ ਸੀ। ਜਦੋਂ ਵੀ ਲੰਚ ਟਾਈਮ ਹੁੰਦਾ ਤਾਂ ਉਹ ਦੂਜੇ ਵਰਕਰਾਂ ਕੋਲ ਇਹੀ ਦੁਹਾਈ ਪਾਉਂਦਾ ਰਹਿੰਦਾ ਕਿ ਇਹ ਵੱਡੀ ਫੈਕਟਰੀ ਵਾਲੇ ਕਿਸੇ ਸਮੇਂ ਮੇਰੇ ਮੁਜਾਰੇ ਸਨ। ਜਦੋਂ ਇਸ ਗੱਲ ਦਾ ਮਾਲਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਭਾਈ ਸਾਹਿਬ ਕੰਮ ਕਰਨਾ ਕਰੋ ਨਹੀਂ ਤਾਂ ਡੰਡੀ ਫੜੋ।
ਸਾਡੀ ਲਾਲਸਾ ਇੰਨੀ ਵਧ ਗਈ ਹੈ ਕਿ ਸਾਨੂੰ ਹੁੰਦਾ ਹੈ ਕਿ ਅਸੀਂ ਇਸੇ ਜਨਮ ਵਿਚ ਹੀ ਦਸਾਂ ਪੀੜ੍ਹੀਆਂ ਲਈ ਧਨ ਦੌਲਤ ਇਕੱਠੀ ਕਰ ਦੇਈਏ। ਦੂਜੇ ਪਾਸੇ ਗੋਰਿਆਂ ਦੀ ਕਹਾਵਤ ਹੈ ‘ਅਣਕਮਾਈ ਦੌਲਤ ਸਾਡੇ ਵਾਰਸਾਂ ਲਈ ਜ਼ਹਿਰ ਹੁੰਦੀ ਹੈ।’ ਇਹ ਬਿਲਕੁੱਲ ਸੱਚ ਹੈ। ਮਿਹਨਤ ਨਾਲ ਕਮਾਇਆ ਪੈਸਾ ਹੀ ਮਾਣਮੱਤੀ ਜ਼ਿੰਦਗੀ ਦਾ ਥੰਮ੍ਹ ਹੈ। ਅਸੀਂ ਛੋਟੇ ਹੁੰਦੇ ਆਮ ਹੀ ਵੱਡਿਆਂ ਤੋਂ ਇਕ ਉਦਾਹਰਣ ਸੁਣਦੇ ਹੁੰਦੇ ਸੀ ਕਿ ਇਕ ਮੁੰਡਾ ਫਜ਼ੂਲ ਖ਼ਰਚੀ ਕਰਦਾ ਸੀ। ਉਹ ਆਪਣੇ ਪਿਉ ਤੋਂ ਹਰ ਰੋਜ਼ ਇਕ ਰੁਪਈਆ ਲਵੇ ਤੇ ਖ਼ਰਚ ਕਰ ਆਵੇ। ਉਸ ਦੇ ਪਿਉ ਨੂੰ ਬੜਾ ਫ਼ਿਕਰ ਹੋਇਆ ਕਿ ਮੇਰੇ ਮਰਨ ਬਾਅਦ ਇਹ ਫਜ਼ੂਲ ਖ਼ਰਚੀ ਨਾਲ ਨੰਗ ਹੋ ਜਾਵੇਗਾ ਅਤੇ ਭੁੱਖਾ ਮਰੇਗਾ। ਉਸ ਨੇ ਪੁੱਤ ਨੂੰ ਸਿੱਖਿਆ ਦੇਣ ਬਾਰੇ ਸੋਚਿਆ। ਆਪਣੇ ਪੁੱਤ ਨੂੰ ਕੋਲ ਸੱਦ ਕੇ ਉਸ ਨੂੰ ਕਿਹਾ ਕਿ ਤੈਨੂੰ ਪਤਾ ਹੈ ਕਿ ਮੈਂ ਬੁੱਢਾ ਹਾਂ ਤੇ ਮੇਰੀ ਮੌਤ ਬਹੁਤੀ ਦੂਰ ਨਹੀਂ। ਮੈਂ ਚਾਹੁੰਦਾ ਹਾਂ ਕਿ ਅੱਜ ਤੂੰ ਕੁਝ ਕਮਾ ਕੇ ਲਿਆ। ਉਸ ਦਾ ਪੁੱਤ ਕੰਮ ਕਰਨ ਗਿਆ ਤੇ ਸ਼ਾਮ ਨੂੰ ਦੁਆਨੀ ਕਮਾ ਕੇ ਆਪਣੇ ਬਾਪ ਨੂੰ ਦਿੱਤੀ। ਬਾਪ ਨੇ ਕਿਹਾ ਸਾਬਾਸ਼! ਪੁੱਤ ਤੂੰ ਕੰਮ ਕਰਨ ਲੱਗ ਪਿਆ। ਲੈ ਹੁਣ ਇਸ ਤਰ੍ਹਾਂ ਕਰ ਕਿ ਇਹ ਦੁਆਨੀ ਖੂਹ ਵਿਚ ਸੁੱਟ ਆ। ਇੰਨਾ ਸੁਣ ਕੇ ਪੁੱਤ ਤਾਂ ਅੱਗ ਬਬੂਲਾ ਹੋ ਗਿਆ ਅਤੇ ਬੋਲਿਆ, ‘ਤੁਹਾਨੂੰ ਪਤਾ ਹੈ ਬਾਪੂ? ਮੈਂ ਸਾਰਾ ਦਿਨ ਇਹ ਦੁਆਨੀ ਕਮਾਉਣ ਲਈ ਲਾਲਿਆਂ ਦੀਆਂ ਬੋਰੀਆਂ ਢੋਂਹਦਾ ਰਿਹਾ ਹਾਂ ਤੇ ਤੁਸੀਂ ਕਹਿੰਦੇ ਹੋ ਕਿ ਖੂਹ ਵਿਚ ਸੁੱਟ ਆਵਾਂ। ਮੇਰੀ ਢੂਹੀ ਤਾਂ ਅਜੇ ਵੀ ਆਕੜੀ ਪਈ ਹੈ। ਤੁਹਾਡਾ ਦਿਮਾਗ਼ ਖ਼ਰਾਬ ਹੋ ਗਿਆ।’ ਉਸ ਦਾ ਜਵਾਬ ਸੁਣ ਕੇ ਬਾਪ ਬੋਲਿਆ, ‘ਬਸ! ਪੁੱਤ ਇਹੀ ਤੈਨੂੰ ਮੈਂ ਦੱਸਣਾ ਚਾਹੁੰਦਾ ਸੀ ਕਿ ਜਿਹੜੀ ਮੇਰੀ ਦੌਲਤ ਤੂੰ ਉਡਾ ਰਿਹਾ ਹੈਂ, ਮੈਂ ਬੜੀ ਮਿਹਨਤ ਨਾਲ ’ਕੱਠੀ ਕੀਤੀ ਹੈ।’ ਕਹਿੰਦੇ ਹਨ ਇਸ ਤੋਂ ਬਾਅਦ ਪੁੱਤ ਨੂੰ ਅਕਲ ਆ ਗਈ। ਜਿਸ ਤਰ੍ਹਾਂ ਡਰੱਗ ਡੀਲਰ ਪੈਸਾ ਕਮਾਉਂਦੇ ਹਨ, ਉਸੇ ਤਰ੍ਹਾਂ ਹੀ ਉਡਾ ਦਿੰਦੇ ਹਨ। ਜੇਲ੍ਹ ਦਾ ਜਾਂ ਜਾਨ ਦਾ ਜਿਹੜਾ ਖ਼ਤਰਾ ਹੈ, ਉਹ ਵੱਖਰਾ। ਇਕ ਅਜਿਹਾ ਵਿਅਕਤੀ ਮੇਰਾ ਜਾਣਕਾਰ ਸੀ ਜਿਸ ਨੇ ਸਭ ਢੰਗ ਵਰਤ ਕੇ ਬੇਹੱਦ ਦੌਲਤ ’ਕੱਠੀ ਕੀਤੀ। ਉਸ ਨੇ ਠੱਗੀ ਮਾਰਨ ਲਈ ਕੋਈ ਦੋਸਤ, ਰਿਸ਼ਤੇਦਾਰ ਨਹੀਂ ਛੱਡਿਆ ਅਤੇ ਮਰਨ ਲੱਗਿਆਂ ਇਕ ਟਰੱਸਟ ਫੰਡ (40 ਮਿਲੀਅਨ ਡਾਲਰ) ਆਪਣੇ ਤਿੰਨਾਂ ਬੱਚਿਆਂ ਲਈ ਛੱਡ ਗਿਆ। ਜਿਸ ਵਿਚੋਂ ਉਹ ਹਰ ਮਹੀਨੇ ਦਸ ਹਜ਼ਾਰ ਡਾਲਰ ਕਢਵਾ ਸਕਦੇ ਸਨ। ਹੁਣ ਉਸ ਦੇ ਬੱਚੇ ਹਰ ਮਹੀਨੇ ਖ਼ਰਚ ਪਾਣੀ ਲਈ ਦਸ ਹਜ਼ਾਰ ਡਾਲਰ ਕਢਵਾ ਲੈਂਦੇ ਹਨ। ਬੱਚਿਆਂ ਨੂੰ ਕਮਾਉਣ ਦਾ ਫ਼ਿਕਰ ਨਹੀਂ ਰਿਹਾ। ਉਹ ਬਿਲਕੁਲ ਵਿਹਲੇ ਹੋ ਗਏ ਤੇ ਨਸ਼ੇ ਖਾ ਕੇ ਨੀਮ ਪਾਗਲ ਹੋ ਗਏ ਹਨ। ਹੁਣ ਉਨ੍ਹਾਂ ਨੂੰ ਨਾ ਘਰ ਦੀ ਸੁੱਧ ਬੁੱਧ ਹੈ ਤੇ ਨਾ ਹੀ ਆਪਣੇ ਆਪ ਦੀ। ਗੋਰੇ ਇਕ ਉਦਾਹਰਣ ਦਿੰਦੇ ਹਨ ਕਿ ਆਪਣੇ ਬੱਚਿਆਂ ਨੂੰ ਮੱਛੀ ਫੜਨੀ ਸਿਖਾ ਦੇਵੋ, ਪਰ ਉਨ੍ਹਾਂ ਨੂੰ ਮੱਛੀਆਂ ਦਾ ਢੇਰ ਨਾ ਇਕੱਠਾ ਕਰਕੇ ਦਿਓ ਕਿਉਂਕਿ ਮੱਛੀਆਂ ਦਾ ਢੇਰ ਤਾਂ ਬੜੀ ਜਲਦੀ ਮੁਸ਼ਕ ਮਾਰਨ ਲੱਗ ਪਵੇਗਾ। ਮੇਰੇ ਇਕ ਦੋਸਤ ਨੇ ਆਪਣੇ ਬੱਚਿਆਂ ਨੂੰ ਕਿਹਾ ਕਿ ਉਹ ਇਕ ਮਿਹਨਤੀ ਮਜ਼ਦੂਰ ਹੈ ਅਤੇ ਉਨ੍ਹਾਂ ਕੋਲ ਵਿਰਸੇ ਵਿਚ ਤੁਹਾਡੇ ਲਈ ਕੋਈ ਦੌਲਤ ਨਹੀਂ ਹੋਵੇਗੀ। ਤੁਸੀਂ ਆਪਣਾ ਸਭ ਕੁਝ ਆਪ ਬਣਾਉਣਾ ਹੈ। ਅੱਜ ਉਸ ਦਾ ਇਕ ਮੁੰਡਾ ਵਕੀਲ ਹੈ ਅਤੇ ਉਸ ਦੀ ਕੁੜੀ ਸਰਜਨ ਹੈ। ਮੇਰਾ ਇਹ ਦੋਸਤ ਅੱਜ ਵੀ ਉਸ ਛੋਟੇ ਜਿਹੇ ਘਰ ਵਿਚ ਰਹਿੰਦਾ ਹੈ ਅਤੇ ਹਰ ਸਾਲ ਵਿਦੇਸ਼ ਘੁੰਮਣ ਜਾਂਦਾ ਹੈ।
ਅਸੀਂ ਕੈਨੇਡਾ ਵਿਚ ਆ ਕੇ ਵਿਆਹ ਵੀ ਭਾਰਤ ਦੇ ਹਿਸਾਬ ਨਾਲ ਹੀ ਕਰਨ ਲੱਗ ਪਏ ਹਾਂ। ਅਸੀਂ ਵਿਆਹ ’ਤੇ ਮਹਿੰਗੀ ਕਾਰ, ਫਰਨੀਚਰ ਤੇ ਹੋਰ ਸੂਟਾਂ, ਸੋਨੇ ਦੇ ਸੈੱਟਾਂ ਤੋਂ ਲੈ ਕੇ ਸਭ ਕੁਝ ਲੈ ਕੇ ਆਪਣੀ ਧੀ ਨੂੰ ਦਿੰਦੇ ਹਾਂ। ਫੇਰ ਮਹਿੰਗੇ ਤੋਂ ਮਹਿੰਗੇ ਹਾਲ ਵਿਚ ਪਾਰਟੀ ਕਰ ਕੇ ਆਪਣਾ ਝੁੱਗਾ ਚੌੜ ਕਰਾ ਲੈਂਦੇ ਹਾਂ। ਵਿਆਹ ਦੀ ਸ਼ੌਪਿੰਗ ਲਈ ਭਾਰਤ ਵੱਲ ਨੂੰ ਭੱਜਦੇ ਹਾਂ। ਕੀ ਬਹੁਤੇ ਦਾਜ ਨਾਲ ਸਾਡੀ ਧੀ ਜ਼ਿਆਦਾ ਖੁਸ਼ ਰਹੂਗੀ? ਇਹ ਸਾਡਾ ਭੁਲੇਖਾ ਹੈ। ਇਕ ਵਾਰ ਕੈਨੇਡਾ ਦੇ ਇਕ ਮਹਾਂਨਗਰ ਵਿਚ ਇਕ ਵਿਆਹ ਹੋਇਆ, ਜਿਸ ਦੀ ਪਾਰਟੀ ’ਤੇ ਅੱਜ ਤੋਂ ਦਸ ਸਾਲ ਪਹਿਲਾਂ ਦੋ ਲੱਖ ਡਾਲਰ ਖ਼ਰਚ ਆਇਆ ਸੀ। ਵਿਆਹ ਤੋਂ ਬਾਅਦ ਮੁੰਡਾ ਕੁੜੀ ਹਨੀਮੂਨ ਲਈ ਪੈਰਿਸ ਚਲੇ ਗਏ। ਜਦੋਂ ਵਾਪਸ ਆਏ ਮੁੰਡਾ ਆਪਣੇ ਘਰ ਚਲਾ ਗਿਆ ਅਤੇ ਕੁੜੀ ਆਪਣੇ ਘਰ ਚਲੀ ਗਈ। ਇਸ ਸਦਮੇ ਨਾਲ ਕੁੜੀ ਦੇ ਮਾਂ ਬਾਪ ਦੀ ਬਹੁਤ ਜਲਦੀ ਮੌਤ ਹੋ ਗਈ। ਅਸੀਂ ਇਸ ਸਭ ਦੀ ਥਾਂ ’ਤੇ ਕਿਉਂ ਨਹੀਂ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਵਧੀਆ ਸੰਸਕਾਰ ਅਤੇ ਜਿੱਥੇ ਰਹਿੰਦੇ ਹਾਂ, ਉੱਥੋਂ ਦੇ ਰਹਿਣ ਸਹਿਣ ਦੇ ਵਧੀਆ ਤੌਰ ਤਰੀਕੇ ਸਿਖਾਉਂਦੇ। ਜਦੋਂ ਤਕ ਅਸੀਂ ਪੁਰਾਣੀਆਂ ਗਲ਼ੀਆਂ ਸੜੀਆਂ ਕਦਰਾਂ ਕੀਮਤਾਂ ਨਹੀਂ ਛੱਡਦੇ, ਅਸੀਂ ਸੁਖੀ ਨਹੀਂ ਹੋ ਸਕਦੇ।
ਸਿਰਫ਼ ਵਿਆਹ ਹੀ ਨਹੀਂ ਮੈਂ ਕੈਨੇਡਾ ਵਿਚ ਹੁੰਦੇ ਅੰਤਿਮ ਸਸਕਾਰ ’ਤੇ ਵੀ ਬਹੁਤ ਦਿਖਾਵਾ ਦੇਖਿਆ ਹੈ। ਅੰਤਿਮ ਸਸਕਾਰ ’ਤੇ ਆਏ ਲੋਕ ਤਾਂ ਚਾਹੁੰਦੇ ਹਨ ਕਿ ਛੇਤੀ ਸਸਕਾਰ ਹੋਵੇ, ਪਰ ਮਰਨ ਵਾਲੇ ਦੇ ਵਾਰਸਾਂ ਦੇ ਲੈਕਚਰ ਨਹੀਂ ਮੁੱਕਦੇ ਕਿ ਅਸੀਂ ਆਪਣੇ ਮਾਂ/ਬਾਪ ਨੂੰ ਐਨੀ ਚੰਗੀ ਤਰ੍ਹਾਂ ਸਾਂਭਿਆ ਹੈ, ਪਰ ਨਾਲ ਖੜ੍ਹੇ ਲੋਕ ਮਨ ਹੀ ਮਨ ਸੋਚਦੇ ਹਨ ਕਿ ਉਨ੍ਹਾਂ ਨੂੰ ਸਭ ਪਤਾ ਹੈ ਕਿ ਕਿਸ ਤਰ੍ਹਾਂ ਇਨ੍ਹਾਂ ਨੇ ਆਪਣੇ ਬਜ਼ੁਰਗ ਰੋਲੇ ਸਨ। ਮੈਂ ਜਦੋਂ ਆਪਣੇ ਪਿੰਡ ਜਾਂਦਾ ਹਾਂ ਤਾਂ ਸੱਥਾਂ ਵਿਚ ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲ ਕਰਦਾ ਹਾਂ ਤਾਂ ਉਹ ਮੈਨੂੰ ਇਹੀ ਗੱਲ ਕਹਿੰਦੇ ਰਹੇ ਕਿ ਫਲਾਣੇ ਨੇ ਕੈਨੇਡਾ ਜਾ ਕੇ ਬੜਾ ਕੰਮ ਚਾੜ੍ਹਿਆ ਹੈ। ਫਲਾਣੇ ਬਹੁਤ ਵੱਡੇ ਲਾਟੀ ਹਨ। ਉਹ ਮੈਨੂੰ ਪੁੱਛਦੇ ਕਿ ਤੁਸੀਂ ਕੁਝ ਬਣਾਇਆ ਕਿਉਂ ਨਹੀਂ? ਉਨ੍ਹਾਂ ਲਈ ਵਿਦੇਸ਼ ਜਾ ਕੇ ਵੀ ਇਮਾਨਦਾਰੀ ਨਾਲ ਸਾਦਾ ਜ਼ਿੰਦਗੀ ਜਿਊਣਾ ਜਿਵੇਂ ਕੋਈ ਗੁਨਾਹ ਹੋਵੇ।
ਭਾਰਤ ਵਿਚ ਦਿਖਾਵਾ ਸਿਖਰਾਂ ’ਤੇ ਹੈ। ਸਾਡੇ ਇਕ ਵਾਰ ਇਕ ਵਿਆਹ ਹੋਇਆ। ਉਸ ਭਾਈ ਨੇ ਆਪਣੀ ਕੁੜੀ ਨੂੰ ਐਨਾ ਦਾਜ ਦਿੱਤਾ ਕਿ ਹਰ ਇਕ ਪਿੰਡ ਵਾਸੀ ਦੇ ਦੰਦ ਜੁੜ ਗਏ। ਵਿਆਹ ਤੋਂ ਕਈ ਦਿਨਾਂ ਬਾਅਦ ਉਸ ਨੇ ਸੱਥ ਵਿਚ ਆ ਕੇ ਫੜ ਮਾਰੀ ਕਿ ਲਓ ਬਈ ਮੈਂ ਤਾਂ ਖੂਹ ਵਿਚ ਇੱਟ ਸੁੱਟ ਦਿੱਤੀ ਹੈ। ਲੋਕਾਂ ਨੂੰ ਉਸ ਦੀ ਇਹ ਹੰਕਾਰ ਭਰੀ ਗੱਲ ਬੜੀ ਚੁੱਭੀ, ਖ਼ਾਸ ਕਰਕੇ ਉਸ ਦੇ ਚਾਚੇ ਦੇ ਪੁੱਤ ਨੂੰ। ਦੋ ਕੁ ਸਾਲ ਬਾਅਦ ਉਸ ਦੇ ਚਾਚੇ ਦੇ ਪੁੱਤ ਨੇ ਉਸ ਤੋਂ ਵੱਧ ਦਾਜ ਦਿੱਤਾ ਤੇ ਸੱਥ ਵਿਚ ਆ ਕੇ ਕਿਹਾ, ‘ਲਓ ਬਈ! ਮੈਂ ਤਾਂ ਇੱਟ ਖੂਹ ਵਿਚੋਂ ਕੱਢ ਕੇ ਮੌਣ ’ਤੇ ਧਰ ਦਿੱਤੀ ਹੈ।’ ਗੱਲ ਕੀ ਦਿਖਾਵੇ ਦੀ ਭੁੱਖ ਨੇ ਦੋਵਾਂ ਭਰਾਵਾਂ ਨੂੰ ਕੰਗਾਲ ਕਰ ਦਿੱਤਾ। ਦੋਵਾਂ ਚਚੇਰੇ ਭਰਾਵਾਂ ਦੀ ਜ਼ਮੀਨ ਗਹਿਣੇ ਤੋਂ ਬੈਅ ਹੋ ਗਈ ਅਤੇ ਉਨ੍ਹਾਂ ਦੀ ਔਲਾਦ ਹੁਣ ਤਕ ਬਜ਼ੁਰਗਾਂ ਦੀ ਇਸ ਬੇਵਕੂਫ਼ੀ ’ਤੇ ਰੋ ਰਹੀ ਹੈ। ਸਾਡੀਆਂ ਆਦਤਾਂ ਕੈਨੇਡਾ ਵਿਚ ਆ ਕੇ ਵੀ ਆਪਣੇ ਦੇਸ਼ ਵਾਲੀਆਂ ਹੀ ਰਹਿੰਦੀਆਂ ਹਨ। ਜਿਊਣ ਲਈ ਕਿੰਨਾ ਕੁ ਪੈਸਾ ਚਾਹੀਦਾ ਹੈ? ਬਿਨਾਂ ਸ਼ੱਕ ਸਿਰ ’ਤੇ ਛੱਤ, ਕੱਪੜੇ ਰੋਟੀ ਪਾਣੀ। ਐਨਾ ਕੁ ਤਾਂ ਪੈਦਾ ਕਰਨਾ ਇਸ ਮੁਲਕ ਵਿਚ ਕੋਈ ਖ਼ਾਸ ਗੱਲ ਨਹੀਂ, ਪਰ ਸਾਡੇ ਪਰਵਾਸ ਦਾ ਭੈੜਾ ਹਾਲ ਉਦੋਂ ਦੇਖਣ ਨੂੰ ਮਿਲਦਾ ਹੈ, ਜਦੋਂ ਉਨ੍ਹਾਂ ਦੀ ਲਾਲਸਾ ਦਿਨ ਬ ਦਿਨ ਵਧਦੀ ਹੀ ਜਾਂਦੀ ਹੈ ਤੇ ਉਹ ਇਸ ਨੂੰ ਪੂਰਾ ਕਰਨ ਲਈ ਗ਼ਲਤ ਰਸਤਾ ਚੁਣਨ ਤੋਂ ਵੀ ਗੁਰੇਜ਼ ਨਹੀਂ ਕਰਦੇ।
ਜੇਕਰ ਆਪਾਂ ਕਦੇ ਸੀਨੀਅਰ ਕੇਅਰ ਸੈਂਟਰ ਦਾ ਚੱਕਰ ਲਾਈਏ ਤਾਂ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਕਿਵੇਂ ਉਹ ਬਜ਼ੁਰਗ ਪਛਤਾ ਰਹੇ ਹਨ ਕਿ ਉਨ੍ਹਾਂ ਨੇ ਜ਼ਿੰਦਗੀ ਜਿਉਂ ਕੇ ਨਹੀਂ ਦੇਖੀ ਤੇ ਜਿਨ੍ਹਾਂ ਲਈ ਉਮਰ ਗਾਲ਼ੀ, ਜਦੋਂ ਸਾਨੂੰ ਉਨ੍ਹਾਂ ਦੀ ਲੋੜ ਸੀ ਤਾਂ ਉਹ ਇੱਥੇ ਛੱਡ ਗਏ ਤੇ ਹੁਣ ਮਿਲਣ ਵੀ ਨਹੀਂ ਆਉਂਦੇ। ਜੇਕਰ ਅਸੀਂ ਆਪਣਾ ਦੇਸ਼ ਛੱਡ ਕੇ ਇੱਥੇ ਆਏ ਹਾਂ ਤਾਂ ਸਾਨੂੰ ਮਾੜੀ ਮੋਟੀ ਚਿੰਤਾ ਮੁਕਤ ਜ਼ਿੰਦਗੀ ਜਿਊਣ ਲਈ ਸਮਾਂ ਕੱਢਣਾ ਚਾਹੀਦਾ ਹੈ। ਕਰੋਨਾ ਮਹਾਮਾਰੀ ਦੇ ਦੌਰ ਵਿਚ ਭਾਰਤ ਵਿਚ ਹਰ ਕੋਈ ਸੋਚ ਰਿਹਾ ਹੈ ਕਿ ਧਾਰਮਿਕ ਕੇਂਦਰਾਂ ਦੀ ਜਗ੍ਹਾ ਹਸਪਤਾਲ ਬਣਾਉਣੇ ਚਾਹੀਦੇ ਹਨ। ਸੋਸ਼ਲ ਮੀਡੀਆ ’ਤੇ ਇਹ ਗੱਲ ਕਹਿਣ/ਲਿਖਣ ਵਾਲੇ ਬਹੁਤੇ ਪਰਵਾਸੀ ਹਨ, ਪਰ ਕੀ ਇਹ ਪਰਵਾਸੀ ਆਪ ਇਸ ਮੁਲਕ ਵਿਚ ਜਾ ਕੇ ਇਹ ਧਾਰਮਿਕ ਦਿਖਾਵਾ ਘਟਾ ਸਕਦੇ ਹਨ ? ਕੀ ਇਹੀ ਪੈਸਾ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਜਾਂ ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਲਾਇਆ ਜਾ ਸਕਦਾ ਹੈ ? ਇਹ ਸਾਡੇ ਲੋਕਾਂ ਅੱਗੇ ਇਕ ਸਵਾਲ ਹੈ।
ਸਾਡੇ ਲਈ ਜਿਹੜਾ ਸੱਭਿਆਚਾਰ ਸਾਡੇ ਮਹਾਂਪੁਰਖਾਂ ਨੇ ਸੋਚਿਆ ਸੀ ਜਾਂ ਸਾਨੂੰ ਦਿੱਤਾ, ਉਸ ਤੋਂ ਤਾਂ ਅਸੀਂ ਕੋਹਾਂ ਦੂਰ ਚਲੇ ਗਏ ਹਾਂ। ਸਾਨੂੰ ਤਾਂ ਸਿੱਧੇ ਸਾਦੇ ਸ਼ਬਦਾਂ ਵਿਚ ਕਿਹਾ ਗਿਆ ਸੀ ਕਿ ਧਰਤੀ ਸਾਡੀ ਮਾਂ ਹੈ, ਪਾਣੀ ਸਾਡਾ ਪਿਤਾ ਹੈ ਅਤੇ ਹਵਾ ਸਾਡਾ ਗੁਰੂ ਹੈ। ਇਹ ਤਾਂ ਕਿਹਾ ਗਿਆ ਸੀ ਕਿ ਜਿਸ ਤਰ੍ਹਾਂ ਅਸੀਂ ਮਾਂ, ਬਾਪ ਦੀ ਸੰਭਾਲ ਕਰਦੇ ਹਾਂ ਅਤੇ ਗੁਰੂ ਦਾ ਸਤਿਕਾਰ ਕਰਦੇ ਹਾਂ, ਉਸੇ ਤਰ੍ਹਾਂ ਧਰਤੀ, ਹਵਾ ਅਤੇ ਪਾਣੀ ਦੀ ਸੰਭਾਲ ਕਰੀਏ, ਪਰ ਅਸੀਂ ਇਨ੍ਹਾਂ ਤੋਂ ਮੁੱਖ ਮੋੜ ਕੇ ਪੁਜਾਰੀਵਾਦ ਦੇ ਮਗਰ ਲੱਗ ਕੇ ਕਿਸੇ ਅਣਦੇਖੇ ਰੱਬ ਦੀ ਭਾਲ ਵਿਚ ਆਪਣੀ ਸਾਰੀ ਊਰਜਾ ਲਾਈ ਜਾਂਦੇ ਹਾਂ। ਆਪਣੀਆਂ ਗ਼ੈਰ ਜ਼ਰੂਰੀ ਲੋੜਾਂ ਨੂੰ ਪੂਰਾ ਕਰਨ ਲਈ ਅਸੀਂ ਸੈਕਿੰਡ ਜੌਬ ਕਰ ਲੈਂਦੇ ਹਾਂ, ਓਵਰ ਟਾਈਮ ਲਾ ਲੈਂਦੇ ਹਾਂ, ਪਰਿਵਾਰ ਨਾਲ ਸਾਂਝਾ ਸਮਾਂ ਬਤੀਤ ਕਰਨ ਦੀ ਕੁਰਬਾਨੀ ਦੇ ਦਿੰਦੇ ਹਾਂ। ਕੈਨੇਡਾ ਵਿਚ ਇਕ ਨਵਾਂ ਸਰਵੇ ਹੋਇਆ ਹੈ ਕਿ ਹਫ਼ਤੇ ਦੇ 60 ਘੰਟੇ ਕੰਮ ਕਰਨ ਵਾਲਿਆਂ ਦੀ ਉਮਰ ਦਸ ਸਾਲ ਘਟ ਜਾਂਦੀ ਹੈ। ਚਾਲੀ ਘੰਟੇ ਦਾ ਹਫ਼ਤਾ ਜਿਨ੍ਹਾਂ ਨੇ ਸ਼ੁਰੂ ਕਰਾਇਆ ਉਨ੍ਹਾਂ ਨੇ ਕੁਝ ਸੋਚ ਸਮਝ ਕੇ ਹੀ ਕੀਤਾ ਸੀ। ਉਨ੍ਹਾਂ ਨੂੰ ਚਾਲੀ ਘੰਟੇ ਦਾ ਹਫ਼ਤਾ ਕਰਾਉਣ ਲਈ ਆਪਣਾ ਖੂਨ ਵੀ ਡੋਲ੍ਹਣਾ ਪਿਆ, ਪਰ ਅਸੀਂ ਤਾਂ ਹਫ਼ਤਾ ਸੱਤਰ ਅੱਸੀ ਘੰਟੇ ਦਾ ਕਰ ਦਿੱਤਾ ਹੈ।
ਸੋ ਮੁੱਕਦੀ ਗੱਲ ਇਹ ਹੈ ਕਿ ਦਿਖਾਵੇ ਵਿਚ ਕੁਝ ਨਹੀਂ ਪਿਆ। ਦਿਖਾਵੇਬਾਜ਼ੀ ਦੇ ਕਬੂਤਰ ਉਡਾਉਣ ਲਈ ਆਪਣੇ ਆਪ ਨੂੰ ਮਾਰ ਕੇ ਦਿਨ ਰਾਤ ਕੰਮ ਵਿਚ ਹੀ ਨਾ ਲੱਗੇ ਰਹੋ ਤੇ ਨਾ ਹੀ ਪੈਸਾ ਕਮਾਉਣ ਦੇ ਗ਼ਲਤ ਢੰਗ ਅਪਣਾਓ, ਸਗੋਂ ਜ਼ਿੰਦਗੀ ਨੂੰ ਮਾਣੋ। ਇਸ ਕੁਦਰਤ ਨੂੰ ਮਾਣੋ।
ਸੰਪਰਕ: 403 714 4816