ਹਰਜੀਤ ਅਟਵਾਲ
ਜਿਪਸੀ ਜਿਨ੍ਹਾਂ ਲਈ ਅਸੀਂ ਖਾਨਾਬਦੋਸ਼ ਸ਼ਬਦ ਵਰਤਦੇ ਹਾਂ, ਦੁਨੀਆ ਭਰ ਵਿੱਚ ਫੈਲੇ ਹੋਏ ਹਨ। ਇਕੱਲੇ ਲੰਡਨ ਵਿੱਚ ਹੀ ਤੀਹ ਹਜ਼ਾਰ ਜਿਪਸੀ ਕੈਂਪਾਂ ਵਿੱਚ ਵੱਸਦੇ ਜਾਂ ਆਉਂਦੇ-ਜਾਂਦੇ ਰਹਿੰਦੇ ਹਨ। ਲੰਡਨ ਦੇ ਹਰ ਹਿੱਸੇ ਵਿੱਚ ਜਿਪਸੀਆਂ ਦੇ ਕੈਂਪ ਹਨ। ਪਿੱਛੇ ਜਿਹੇ ਟੈਲੀਵਿਜ਼ਨ ਉੱਪਰ ਇੱਕ ਪ੍ਰੋਗਰਾਮ ਦਿਖਾਇਆ ਗਿਆ ਜਿਸ ਦਾ ਨਾਂ ਸੀ- ‘ਮਾਈ ਬਿੱਗ ਫੈਟ ਜਿਪਸੀ ਵੈਡਿੰਗ’। ਇੱਕ ਸਰਵੇ ਮੁਤਾਬਕ ਇਸ ਪ੍ਰੋਗਰਾਮ ਨੂੰ ਨੱਬੇ ਲੱਖ ਲੋਕਾਂ ਨੇ ਦੇਖਿਆ। ਯੂ-ਟਿਊਬ ਉੱਪਰ ਤਾਂ ਇਸ ਦੇ ਦਰਸ਼ਕ ਕਰੋੜਾਂ ਵਿੱਚ ਹੋਣਗੇ। ਜਿੱਥੇ ਆਮ ਲੋਕਾਂ ਵਿੱਚ ਇਹ ਪ੍ਰੋਗਰਾਮ ਬਹੁਤ ਪ੍ਰਸਿੱਧ ਹੋਇਆ, ਉੱਥੇ ਜਿਪਸੀ ਇਸ ਤੋਂ ਨਾ-ਖ਼ੁਸ਼ ਹਨ। ਉਨ੍ਹਾਂ ਮੁਤਾਬਕ ਇਹ ਪ੍ਰੋਗਰਾਮ ਉਨ੍ਹਾਂ ਦੇ ਜੀਵਨ ਦੀ ਸਹੀ ਤਰਜ਼ਮਾਨੀ ਨਹੀਂ ਕਰਦਾ। ਜਿਪਸੀ ਜਾਂ ਖਾਨਾਬਦੋਸ਼ ਅਜਿਹੇ ਲੋਕ ਹਨ ਜੋ ਹਰ ਵੇਲੇ ਸਫ਼ਰ ਵਿੱਚ ਰਹਿੰਦੇ ਹਨ। ਭਾਰਤ ਵਿੱਚ ਸਾਨੂੰ ਖਾਨਾਬਦੋਸ਼ਾਂ ਦੇ ਕਈ ਰੂਪ ਮਿਲਦੇ ਹਨ। ਕੋਈ ਵੇਲਾ ਸੀ ਕਿ ਇਹ ਜਿਪਸੀ ਦੁਨੀਆ ਭਰ ਦਾ ਸਫ਼ਰ ਕਰਦੇ ਸਨ, ਪਰ ਪਿਛਲੀ ਸਦੀ ਤੋਂ ਸਰਹੱਦਾਂ ਕੁਝ ਅਜਿਹੇ ਕੰਟਰੋਲ ਵਿੱਚੋਂ ਲੰਘੀਆਂ ਹਨ ਕਿ ਪਾਸਪੋਰਟ ਬਿਨਾਂ ਬਹੁਤ ਸਾਰੇ ਮੁਲਕਾਂ ਵਿੱਚ ਦਾਖਲ ਹੋਣਾ ਅਸੰਭਵ ਹੈ। ਇਵੇਂ ਜਿਪਸੀਆਂ ਦੀਆਂ ਸਰਗਰਮੀਆਂ ਸੀਮਤ ਹੋ ਗਈਆਂ ਹਨ।
ਇਨ੍ਹਾਂ ਦੇ ਡੀ.ਐੱਨ.ਏ. ਵਿੱਚ ਘੁੰਮਣਾ ਫਿਰਨਾ ਹੈ, ਸੋ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਸਫ਼ਰ ਕਰਦੇ ਹੀ ਰਹਿੰਦੇ ਹਨ। ਬਹੁਤੇ ਜਿਪਸੀਆਂ ਦਾ ਕੋਈ ਸਹੀ ਟਿਕਾਣਾ ਨਾ ਹੋਣ ਕਰਕੇ, ਇਨ੍ਹਾਂ ਦੀ ਸਹੀ ਜਨਗਣਨਾ ਨਹੀਂ ਮਿਲਦੀ। ਇੱਕ ਰਿਪੋਰਟ ਮੁਤਾਬਕ ਯੂਕੇ ਵਿੱਚ ਤਿੰਨ ਜਿਪਸੀ ਹਨ। ਅਮਰੀਕਾ ਵਿੱਚ ਇੱਕ ਲੱਖ ਚੌਂਹਟ ਹਜ਼ਾਰ ਜਿਪਸੀ ਘੁੰਮਦੇ ਹਨ। ਇੱਕ ਸਰਵੇ ਮੁਤਾਬਕ ਲੰਡਨ ਵਿੱਚ ਇਨ੍ਹਾਂ ਦੀ ਗਿਣਤੀ ਤੀਹ ਹਜ਼ਾਰ ਹੈ। 2011 ਦੀ ਜਨਗਣਨਾ ਵਿੱਚ ਪਹਿਲੀ ਵਾਰ ਜਿਪਸੀਆਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਮੁਤਾਬਕ ਲੰਡਨ ਵਿੱਚ ਇਨ੍ਹਾਂ ਦੀ ਗਿਣਤੀ 8169 ਸੀ। 2008 ਵਿੱਚ ਹੋਈ ਇੱਕ ਸਟੱਡੀ ਮੁਤਾਬਕ ਲੰਡਨ ਵਿੱਚ ਜਿਪਸੀਆਂ ਦੀ ਗਿਣਤੀ 17644 ਸੀ।
ਯੂਕੇ ਵਿੱਚ ਜਿਪਸੀਆਂ ਦੀਆਂ ਦੋ ਕਿਸਮਾਂ ਹਨ। ਇੱਕ ਟਰੈਵਲਰਜ਼ ਤੇ ਦੂਜੇ ਰੋਮਾਨੀਕਲਜ਼। ਟਰੈਵਲਰਜ਼ ਦਾ ਮੂਲ ਆਇਰਲੈਂਡ ਨਾਲ ਜੁੜਦਾ ਹੈ ਤੇ ਰੋਮਾਨੀਕਲਜ਼ ਦਾ ਪਿਛੋਕੜ ਭਾਰਤ ਦੇ ਸੂਬੇ ਰਾਜਸਥਾਨ ਨਾਲ ਹੈ। ਇੱਕ ਧਾਰਨਾ ਮੁਤਾਬਕ ਜਦੋਂ ਮਹਾਰਾਣਾ ਪ੍ਰਤਾਪ (ਸੋਲਵੀਂ-ਸਦੀ) ਗੱਦੀ ਗੁਆ ਚੁੱਕਾ ਸੀ ਤਾਂ ਉਸ ਦੇ ਕਬੀਲੇ ਦੇ ਰਾਜਪੂਤਾਂ ਨੇ ਸਹੁੰ ਖਾਧੀ ਸੀ ਕਿ ਜਦੋਂ ਤੱਕ ਆਪਣੀ ਮਾਤਭੂਮੀ ਨੂੰ ਦੁਬਾਰਾ ਜਿੱਤ ਨਹੀਂ ਲੈਂਦੇ, ਉਹ ਟਿਕ ਕੇ ਨਹੀਂ ਬੈਠਣਗੇ, ਪੰਜਾਬ ਵਿੱਚ ਘੁੰਮਦੇ ਗੱਡੀਆਂ ਵਾਲੇ ਉਹੀ ਰਾਜਪੂਤ ਹਨ। ਪਰ ਗਿਆਰਵੀਂ ਸਦੀ ਵਿੱਚ ਇਹ ਲੋਕ ਰਾਜਸਥਾਨ ਵਿੱਚੋਂ ਉੱਠ ਕੇ ਯੂਰਪ ਵੱਲ ਨੂੰ ਕਿਉਂ ਤੁਰ ਪਏ, ਇਸ ਬਾਰੇ ਕੋਈ ਸਹੀ ਕਹਾਣੀ ਨਹੀਂ ਮਿਲਦੀ। ਆਇਰਸ਼-ਟਰੈਵਲਰਜ਼ ਅਇਰਲੈਂਡ ਵਿੱਚੋਂ ਸੋਲਵੀਂ ਸਦੀ ਵਿੱਚ ਉੱਖੜਦੇ ਹਨ, ਜਦੋਂ ਕਰੋਮਵੈਲੀਅਨ ਆਇਰਲੈਂਡ ਉੱਪਰ ਕਬਜ਼ਾ ਕਰ ਲੈਂਦਾ ਹੈ। ਉਹ ਅਜਿਹੇ ਉੱਖੜੇ ਕਿ ਮੁੜ ਕੇ ਵੱਸ ਨਾ ਸਕੇ। ਬਹੁਤੇ ਲੋਕ ਟਰੈਵਲਰਜ਼ ਤੇ ਜਿਪਸੀਆਂ ਨੂੰ ਇਕੋ ਹੀ ਸਮਝਦੇ ਹਨ। ਇਹ ਦੇਖਣ ਨੂੰ ਲੱਗਦੇ ਵੀ ਇੱਕੋ ਜਿਹੇ ਹਨ ਤੇ ਇਨ੍ਹਾਂ ਦੀ ਬੋਲੀ ਵਿੱਚ ਵੀ ਬਹੁਤ ਥੋੜ੍ਹਾ ਫ਼ਰਕ ਹੈ। ਰੋਮਾਨੀਕਲਜ਼ ਦੀ ਬੋਲੀ ਨੂੰ ਐਂਗਲੋਰੋਮਾਨੀ ਆਖਦੇ ਹਨ ਤੇ ਟਰੈਵਲਰਜ਼ ਦੀ ਬੋਲੀ ਸ਼ੈਲਟਾ ਹੈ, ਪਰ ਦੋਵਾਂ ਨੂੰ ਅੰਗਰੇਜ਼ੀ ਦਾ ਤੜਕਾ ਲੱਗਾ ਹੋਣ ਕਾਰਨ, ਦੋਵੇਂ ਹੀ ਇੱਕੋ ਜਿਹੀ ਧੁੰਨੀ ਪੈਦਾ ਕਰਦੀਆਂ ਹਨ।
ਕਿਹਾ ਜਾਂਦਾ ਹੈ ਕਿ ਰੋਮਾਨੀਕਲਜ਼ (ਜਿਪਸੀ) ਗਿਆਰਵੀਂ ਸਦੀ ਵਿੱਚ ਭਾਰਤ ਤੋਂ ਤੁਰੇ। ਸੰਨ 1506 ਵਿੱਚ ਇਹ ਸਕੌਟਲੈਂਡ ਵਿੱਚ ਰਿਕਾਰਡ ਹੁੰਦੇ ਹਨ ਜਾਂ ਇਨ੍ਹਾਂ ਦੀ ਹਾਜ਼ਰੀ ਲੱਗਦੀ ਹੈ। ਉਦੋਂ ਕੁ ਹੀ ਆਇਰਲੈਂਡ ਵਿੱਚੋਂ ਟਰੈਵਲਰਜ਼ ਉੱਠਦੇ ਹਨ। ਯੂਕੇ ਵਿੱਚ ਇਨ੍ਹਾਂ ਦੋਵਾਂ ਕਿਸਮਾਂ ਦੇ ਜਿਪਸੀਆਂ ਨੂੰ ਕਦੇ ਵੀ ਚੰਗਾ ਨਹੀਂ ਸਮਝਿਆ ਗਿਆ ਕਿਉਂਕਿ ਇਨ੍ਹਾਂ ਨੇ ਇੱਕ ਥਾਂ ਟਿਕ ਕੇ ਨਹੀਂ ਬਹਿਣਾ ਹੁੰਦਾ, ਇਸ ਲਈ ਜਿਸ ਇਲਾਕੇ ਵਿੱਚ ਇਹ ਰੁਕੇ ਹੁੰਦੇ ਹਨ, ਉੱਥੇ ਹੁੰਦੀਆਂ ਚੋਰੀਆਂ ਇਨ੍ਹਾਂ ਦੇ ਨਾਂ ਲੱਗ ਜਾਂਦੀਆਂ ਸਨ। ਇਨ੍ਹਾਂ ਵਿੱਚ ਕੁਝ ਜਰਾਇਮ ਪੇਸ਼ਾ ਲੋਕ ਹੋ ਵੀ ਸਕਦੇ ਹਨ। ਇੱਕ ਸਮੇਂ ’ਤੇ ਇਨ੍ਹਾਂ ਦਾ ਅਕਸ ਏਨਾ ਵਿਗੜਿਆ ਕਿ ਇੰਗਲੈਂਡ ਦੇ ਕਿੰਗ ਐਡਵਰਡ ਛੇਵੇਂ ਨੇ ਇਨ੍ਹਾਂ ਨੂੰ ਇੰਗਲੈਂਡ ਵਿੱਚ ਵੜਨ ਤੋਂ ਰੋਕ ਦਿੱਤਾ ਸੀ। ਜਿਹੜੇ ਜਿਸਪੀ ਦੇਸ਼ ਵਿੱਚ ਹਾਜ਼ਰ ਸਨ, ਉਨ੍ਹਾਂ ਨੂੰ ਸੋਲਾਂ ਦਿਨਾਂ ਦੇ ਵਿੱਚ-ਵਿੱਚ ਮੁਲਕ ਛੱਡ ਕੇ ਚਲੇ ਜਾਣ ਦਾ ਹੁਕਮ ਦੇ ਦਿੱਤਾ ਸੀ। 1596 ਵਿੱਚ 106 ਜਿਪਸੀ ਮਰਦਾਂ-ਔਰਤਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਤੇ ਨੌਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਵੀ ਦਿੱਤਾ ਗਿਆ ਸੀ। ਸਮੇਂ-ਸਮੇਂ ਇਨ੍ਹਾਂ ਖਿਲਾਫ਼ ਸਖ਼ਤ ਕਾਨੂੰਨ ਵੀ ਬਣਦੇ ਰਹੇ ਹਨ। ਸਤਾਰਵੀਂ ਸਦੀ ਵਿੱਚ ਸੈਮੂਅਲ ਰਿਡ ਨਾਂ ਦੇ ਬੰਦੇ ਨੇ ਯੂਕੇ ਵਿੱਚ ਰਹਿਣ ਵਾਲੇ ਜਿਪਸੀਆਂ ਬਾਰੇ ਕਾਫ਼ੀ ਕੁਝ ਹਾਂ-ਵਾਚਕ ਲਿਖਿਆ। 1780 ਵਿੱਚ ਐਂਟੀ-ਰੋਮਾਨੀ ਕਾਨੂੰਨ ਖ਼ਤਮ ਕੀਤੇ ਗਏ। ਰੋਮਾਨੀ ਜਿਪਸੀਆਂ ਦਾ ਯੂਕੇ ਵਿੱਚ ਸਰਗਰਮ ਰਹਿਣ ਦਾ ਸਮਾਂ 1680 ਤੋਂ ਲੈ ਕੇ 1800 ਤੱਕ ਦਾ ਹੈ। ਸ਼ੁਰੂ ਵਿੱਚ ਜਿਪਸੀ ਪੈਦਲ ਹੀ ਚੱਲਦੇ ਸਨ। ਸਾਮਾਨ ਲਈ ਘੋੜਿਆਂ-ਬਲਦਾਂ ਵਾਲੇ ਛੋਟੇ ਗੱਡੇ ਹੁੰਦੇ ਸਨ। ਫਿਰ ਘੋੜਾ-ਬੱਘੀਆਂ ਆ ਗਈਆਂ ਜੋ ਖੁੱਲ੍ਹੀਆਂ ਸਨ। ਉਨੀਵੀਂ ਸਦੀ ਵਿੱਚ ਵੈਗਨਾਂ ਬਣਨੀਆਂ ਸ਼ੁਰੂ ਹੋ ਗਈਆਂ। ਇਨ੍ਹਾਂ ਵਿੱਚੋਂ ਕੁਝ ਚਮਕ-ਦਮਕ ਵਾਲੀਆਂ ਵੈਗਨਾਂ ਵੀ ਹੁੰਦੀਆਂ ਸਨ, ਜਿਨ੍ਹਾਂ ਨੂੰ ਵਾਰਡੋਜ਼ ਕਹਿੰਦੇ ਸਨ।
ਟੈਲੀਵਿਜ਼ਨ ਦੇ ਪ੍ਰੋਗਰਾਮ ‘ਮਾਈ ਬਿੱਗ ਫੈਟ ਜਿਪਸੀ ਵੈਡਿੰਗ’ ਦੀ ਬਹੁਤ ਆਲੋਚਨਾ ਹੋ ਰਹੀ ਹੈ ਕਿ ਲੰਡਨ ਦੇ ਜਿਪਸੀਆਂ ਦੇ ਅਸਲ ਜੀਵਨ ਨੂੰ ਨਹੀਂ ਦਿਖਾਇਆ ਗਿਆ। ਇਸ ਪ੍ਰੋਗਾਰਮ ਵਿੱਚ ਜਿਪਸੀਆਂ ਦੇ ਜੀਵਨ ਦੇ ਅਮੀਰ ਪੱਖ, ਮਹਿੰਗੀਆਂ ਕਾਰਾਂ-ਕੱਪੜੇ ਆਦਿ ਜਾਂ ਫਿਰ ਕੁਝ ਨਾਂਹ-ਪੱਖੀ ਗੱਲਾਂ ਹੀ ਦਿਖਾਈਆਂ ਗਈਆਂ। ਲੰਡਨ ਦੇ ਜਿਪਸੀ ਹੀ ਨਹੀਂ ਯੂਕੇ ਭਰ ਦੇ ਜਿਪਸੀਆਂ ਦਾ ਜੀਵਨ ਬਹੁਤ ਹੇਠਲੀ ਪੱਧਰ ਦਾ ਹੈ। ਇਹਦੇ ਬਾਰੇ ਇਹ ਆਪਣੀਆਂ ਵੈੱਬਸਾਈਟਸ ’ਤੇ ਸ਼ਿਕਾਇਤਾਂ ਕਰਦੇ ਰਹਿੰਦੇ ਹਨ। ਇਨ੍ਹਾਂ ਦੇ ਜੀਵਨ ਉੱਪਰ ਹੋਰ ਵੀ ਬਹੁਤ ਸਾਰੀਆਂ ਫ਼ਿਲਮਾਂ, ਦਸਤਾਵੇਜ਼ੀ ਫ਼ਿਲਮਾਂ ਤੇ ਕਿਤਾਬਾਂ ਆਦਿ ਉਪਲੱਬਧ ਹਨ। ਭਾਵੇਂ ਅਜਿਹੇ ਜੀਵਨ ਨੂੰ ਚੁਣਨ ਵਿੱਚ ਇਨ੍ਹਾਂ ਦੀ ਜੀਵਨਸ਼ੈਲੀ ਦਾ ਵੀ ਹੱਥ ਹੈ, ਪਰ ਫਿਰ ਵੀ ਸਰਕਾਰਾਂ ਦਾ ਕੰਮ ਇਨ੍ਹਾਂ ਦੇ ਜੀਵਨ-ਪੱਧਰ ਨੂੰ ਉੱਪਰ ਚੁੱਕਣਾ ਹੁੰਦਾ ਹੈ ਜਿੱਥੇ ਉਹ ਫੇਲ੍ਹ ਹਨ। ਸਮਾਜ ਵਿੱਚ ਇਨ੍ਹਾਂ ਨੂੰ ਪੂਰੀ ਤਰ੍ਹਾਂ ਅਪਣਾਇਆ ਨਹੀਂ ਜਾ ਰਿਹਾ। ਲੋਕ ਇਨ੍ਹਾਂ ਦੇ ਜਿਊਣ ਢੰਗ ਨੂੰ ਖ਼ਤਰਾ ਸਮਝਦੇ ਹੋਏ ਇਨ੍ਹਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਨ।
ਲੰਡਨ ਵਿੱਚ ਜਿਪਸੀਆਂ ਦੇ ਕਈ ਕੈਂਪ ਹਨ, ਕੁਝ ਥਾਵਾਂ ਸਰਕਾਰ ਨੇ ਕੈਂਪ ਲਈ ਦਿੱਤੀਆਂ ਹਨ ਤੇ ਕੁਝ ਉੱਪਰ ਇਹ ਕਬਜ਼ਾ ਵੀ ਕਰ ਲੈਂਦੇ ਹਨ। ਇਨ੍ਹਾਂ ਕੈਂਪਾਂ ਵਿੱਚ ਲੋਕ ਆਉਂਦੇ ਜਾਂਦੇ ਰਹਿੰਦੇ ਹਨ। ਵੈਂਬਲੀ ਵਾਲੇ ਕੈਂਪ ਵਿੱਚ ਮੈਨੂੰ ਕਈ ਵਾਰ ਜਾਣ ਦਾ ਮੌਕਾ ਮਿਲਿਆ ਹੈ। ਕੁਝ ਦੇਰ ਮੈਂ ਚੈਰਿਟੀ-ਬੱਸ ਵੀ ਚਲਾਈ ਹੈ ਜੋ ਜਿਪਸੀ ਬੱਚਿਆਂ ਨੂੰ ਘਰਾਂ ਤੋਂ ਚੁੱਕ ਕੇ ਸਕੂਲ ਲੈ ਜਾਂਦੀ ਸੀ ਤੇ ਛੁੱਟੀ ਹੋਣ ’ਤੇ ਉਨ੍ਹਾਂ ਨੂੰ ਘਰ ਛੱਡਦੀ ਸੀ। ਇਸ ਕੈਂਪ ਵਿੱਚ ਕੁਝ ਸਥਾਈ ਘਰ ਵੀ ਸਨ ਤੇ ਕੁਝ ਕੈਰਾਵੈਨਾਂ ਵੀ। ਜੋ ਸਥਾਈ ਘਰ ਸਨ, ਉਹ ਆਮ ਘਰਾਂ ਵਾਂਗ ਨਹੀਂ ਹਨ ਸਗੋਂ ਇਹ ਸਿੱਧੇ ਅਣਘੜਤ ਜਿਹੜੀਆਂ ਇੱਟਾਂ ਲਾ ਕੇ ਬਣਾਏ ਗਏ ਸਨ, ਬਿਨਾਂ ਕਿਸੇ ਹੈਲਥ-ਸੇਫਟੀ ਦਾ ਧਿਆਨ ਰੱਖਿਆਂ। ਸਰਦੀਆਂ ਵਿੱਚ ਇਨ੍ਹਾਂ ਘਰਾਂ ਨੂੰ ਗਰਮਾਉਣ ਦਾ ਕੋਈ ਸਥਾਈ ਸਾਧਨ ਨਹੀਂ। ਗੁਸਲਖਾਨੇ ਤੇ ਪਖਾਨੇ ਵੀ ਨਾਂ ਦੇ ਹੀ ਹਨ ਜੋ ਗਿਣਤੀ ਮੁਤਾਬਕ ਬਹੁਤ ਥੋੜ੍ਹੇ ਹਨ। ਸਭ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਦੇ ਬੱਚੇ ਨਹੀਂ ਪੜ੍ਹਦੇ। ਲੰਡਨ ਜਾਂ ਸ਼ਹਿਰਾਂ ਵਿੱਚ ਰਹਿੰਦੇ ਜਿਪਸੀ ਬੱਚਿਆਂ ਨੂੰ ਤਾਂ ਸਰਕਾਰ ਪੜ੍ਹਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਸ਼ਹਿਰਾਂ ਤੋਂ ਦੂਰ ਰਹਿੰਦੇ ਬੱਚੇ ਬਿਲਕੁਲ ਅਨਪੜ੍ਹ ਰਹਿ ਜਾਂਦੇ ਹਨ। ਇੱਕੀਵੀਂ ਸਦੀ ਵਿੱਚ ਵੀ ਤੁਹਾਨੂੰ ਪੰਦਰਾਂ-ਸੋਲਾਂ ਸਾਲਾਂ ਦੇ ਸੈਂਕੜੇ ਬੱਚੇ ਕੋਰੇ-ਅਨਪੜ੍ਹ ਮਿਲ ਜਾਣਗੇ। ਜਿਹੜੇ ਬੱਚਿਆਂ ਨੂੰ ਸਕੂਲ ਜ਼ਬਰਦਸਤੀ ਲੈ ਜਾਇਆ ਜਾਂਦਾ ਹੈ, ਉਨ੍ਹਾਂ ਦਾ ਪੜ੍ਹਾਈ ਵਿੱਚ ਕੋਈ ਮਨ ਨਹੀਂ ਹੁੰਦਾ, ਉਂਜ ਇਨ੍ਹਾਂ ਵਿੱਚੋਂ ਕੁਝ ਬੱਚੇ ਬਹੁਤ ਜ਼ਹੀਨ ਹੁੰਦੇ ਹਨ। ਇਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਨੇ ਵੱਡੇ ਹੋ ਕੇ ਕੋਈ ਪੜ੍ਹਾਈ ਵਾਲਾ ਕੰਮ ਨਹੀਂ ਕਰਨਾ ਹੁੰਦਾ। ਇਨ੍ਹਾਂ ਨੇ ਆਪਣੇ ਵਡੇਰਿਆਂ ਤੋਂ ਕੋਈ ਕਾਰੀਗਰੀ ਸਿੱਖ ਹੀ ਲੈਣੀ ਹੁੰਦੀ ਹੈ। ਹਰ ਜਿਪਸੀ ਕਿਸੇ ਨਾ ਕਿਸੇ ਕੰਮ ਵਿੱਚ ਮਾਹਿਰ ਜ਼ਰੂਰ ਹੁੰਦਾ ਹੈ।
ਉਂਜ ਦੁਨੀਆ ਨਾਲ ਜਿਪਸੀ ਵੀ ਬਦਲ ਰਹੇ ਹਨ। ਅੱਜ 60% ਜਿਪਸੀ ਇੱਟਾਂ ਦੇ ਬਣੇ ਘਰਾਂ ਵਿੱਚ ਵਸਦੇ ਹਨ ਤੇ ਰਸਮੀ ਟੈਂਟਾਂ, ਕੈਰਾਵੈਨਾਂ, ਟਰੇਲਰਾਂ ਆਦਿ ਵਿੱਚ ਹੁਣ 40% ਲੋਕ ਰਹਿੰਦੇ ਹਨ। 2008 ਵਿੱਚ ਰਜਿਸਟ੍ਰੇਸ਼ਨ ਵਾਲੇ ਮਹਿਕਮੇ ਕੋਲ 13386 ਕੈਰਾਵੈਨਾਂ ਜਿਪਸੀਆਂ ਰਜਿਸਟਰ ਸਨ। ਵੈਸੇ ਤਾਂ ਇਨ੍ਹਾਂ ਕੈਰਾਵੈਨਾਂ ਨੂੰ ਖੜ੍ਹੀਆਂ ਕਰਨ ਲਈ ਕਾਨੂੰਨੀ ਜਗ੍ਹਾ ਹੁੰਦੀ ਹੈ ਤੇ ਇਹ ਲੋਕ ਕੌਂਸਲ ਟੈਕਸ ਵੀ ਦਿੰਦੇ ਹਨ, ਪਰ ਫਿਰ ਵੀ ਦਸ ਕੁ ਪ੍ਰਤੀਸ਼ਤ ਲੋਕ ਗ਼ੈਰਕਾਨੂੰਨੀ ਥਾਵਾਂ ਮੱਲ ਕੇ ਕੈਰਾਵੈਨਾਂ ਤੇ ਹੋਰ ਵਾਹਨ ਖੜ੍ਹੇ ਕਰਦੇ ਹਨ ਜਿਸ ਕਰਕੇ ਇਨ੍ਹਾਂ ਦਾ ਪੁਲੀਸ ਨਾਲ ਪੰਗਾ ਪਿਆ ਰਹਿੰਦਾ ਹੈ। 1968 ਵਿੱਚ ਬ੍ਰਿਟਿਸ਼ ਕੈਰਾਵੈਨ ਸਾਈਟ ਐਕਟ ਬਣਿਆ ਸੀ ਜਿਸ ਮੁਤਾਬਕ ਇੱਕ ਸਾਈਟ ਜਾਂ ਕੈਂਪ ਵਿੱਚ ਤੁਸੀਂ ਇੱਕ ਹੱਦ ਤੱਕ ਹੀ ਵਾਹਨ ਖੜ੍ਹੇ ਕਰ ਸਕਦੇ ਹੋ, ਜਿਹੜੇ ਵਾਹਨਾਂ ਨੂੰ ਕੈਂਪਾਂ ਵਿੱਚ ਖੜ੍ਹਨ ਤੋਂ ਰੋਕਿਆ ਗਿਆ, ਉਹ ਸਾਰੇ ਗ਼ੈਰਕਾਨੂੰਨੀ ਜ਼ੱਦ ਵਿੱਚ ਆ ਗਏ। ਅਜਿਹੇ ਲੋਕਾਂ ਨੂੰ ਨਵੀਂ ਜਗ੍ਹਾ ਲੱਭ ਕੇ ਕੈਂਪ ਬਣਾਉਣੇ ਪੈਂਦੇ ਹਨ। ਦੋ ਕੁ ਦਹਾਕੇ ਪਹਿਲਾਂ ਲੰਡਨ ਵਿੱਚ ਡੇਲ-ਫਾਰਮ ਨਾਂ ਦੀ ਇੱਕ ਜਗ੍ਹਾ ਬਹੁਤ ਖ਼ਬਰਾਂ ਵਿੱਚ ਰਹੀ ਜਿੱਥੇ ਜਿਪਸੀਆਂ ਦਾ ਕੈਂਪ ਸੀ, ਜਿਸ ਨੂੰ ਸਰਕਾਰ ਨੇ ਪੁਲੀਸ ਦੀ ਮਦਦ ਨਾਲ ਖਦੇੜਿਆ ਸੀ। ਇਸ ਵਿੱਚ ਦਰਜਨ ਭਰ ਲੋਕ ਜ਼ਖ਼ਮੀ ਹੋਏ ਸਨ। ਸੇਲਜ਼ਬਰੀ ਵਿੱਚ ਮਸ਼ਹੂਰ ਇਤਿਹਾਸਕ ਜਗ੍ਹਾ ‘ਸਟੋਨਹੈਂਜ’ ਉੱਪਰ ਵੀ ਇਹ ਕਈ ਵਾਰ ਆਪਣਾ ਹੱਕ ਜਤਾ ਚੁੱਕੇ ਹਨ ਤੇ ਪੁਲੀਸ ਨਾਲ ਖੂਨੀ ਟੱਕਰਾਂ ਲੈ ਚੁੱਕੇ ਹਨ।
ਲੰਡਨ ਦੇ ਜਿਪਸੀ ਨਸਲਵਾਦ ਦਾ ਬਹੁਤ ਸ਼ਿਕਾਰ ਹੁੰਦੇ ਹਨ। ਇਨ੍ਹਾਂ ਵਿੱਚੋਂ ਬਹੁਗਿਣਤੀ ਦੇ ਰੰਗ ਭਾਵੇਂ ਗੋਰੇ ਹਨ, ਪਰ ਅੰਗਰੇਜ਼ ਇਨ੍ਹਾਂ ਨੂੰ ਕਾਲਿਆਂ ਜਾਂ ਏਸ਼ੀਅਨਾਂ ਨਾਲੋਂ ਵੀ ਘਟੀਆ ਸਮਝ ਕੇ ਵਰਤਾਓ ਕਰਦੇ ਹਨ। 2008 ਵਿੱਚ ਇਨ੍ਹਾਂ ਨਾਲ ਹੋਏ ਨਸਲੀ ਵਿਤਕਰੇ ਦੇ ਰਿਕਾਰਡ ਤੋੜ ਕੇਸ ਸਾਹਮਣੇ ਆਏ। ਇਨ੍ਹਾਂ ਨਾਲ ਨੌਕਰੀਆਂ, ਸਿਹਤ-ਸੇਵਾਵਾਂ, ਕੌਂਸਲ ਦੇ ਘਰਾਂ ਆਦਿ ਵਿੱਚ ਬਹੁਤ ਫ਼ਰਕ ਕੀਤਾ ਜਾਂਦਾ ਹੈ। ਆਮ ਜੀਵਨ ਵਿੱਚ ਲੋਕ ਇਨ੍ਹਾਂ ਨਾਲ ਵਰਤਣਾ ਪਸੰਦ ਨਹੀਂ ਕਰਦੇ, ਇਨ੍ਹਾਂ ਦੇ ਗੁਆਂਢ ਵਿੱਚ ਨਹੀਂ ਰਹਿਣਾ ਚਾਹੁੰਦੇ। ਸਕੂਲਾਂ ਵਿੱਚ ਇਨ੍ਹਾਂ ਦੇ ਬੱਚਿਆਂ ਨਾਲ ਹੋਰ ਬੱਚੇ ਖੇਡ ਕੇ ਖ਼ੁਸ਼ ਨਹੀਂ ਹੁੰਦੇ। ਜਿਪਸੀਆਂ ਨੂੰ ਆਮ ਤੌਰ ’ਤੇ ਜਰਾਇਮ ਪੇਸ਼ਾ ਲੋਕ ਸਮਝਿਆ ਜਾਂਦਾ ਹੈ ਜਦੋਂ ਕਿ ਇਹ ਗੱਲ ਸਹੀ ਨਹੀਂ ਹੈ। ਮੈਂ ਬਹੁਤ ਸਾਰੇ ਜਿਪਸੀਆਂ ਨੂੰ ਜਾਣਦਾ ਹਾਂ ਜੋ ਬਹੁਤ ਭਲੇ ਲੋਕ ਹਨ। ਇੱਕ ਹੋਰ ਅਜੀਬ ਤੱਥ ਦੇਖਣ ਨੂੰ ਮਿਲਦਾ ਹੈ ਕਿ ਜੇਲ੍ਹਾਂ ਵਿੱਚ ਵੀ ਜਿਪਸੀਆਂ ਦੀ ਗਿਣਤੀ ਆਮ ਨਾਲੋਂ ਜ਼ਿਆਦਾ ਹੈ। ਇਨ੍ਹਾਂ ਦੀ ਆਬਾਦੀ ਦਾ 5% ਹਨ।
1989 ਵਿੱਚ ਜਿਪਸੀਆਂ ਤੇ 2000 ਵਿੱਚ ਟਰੈਵਲਰਜ਼ ਨੂੰ ਘੱਟਗਿਣਤੀ ਦਾ ਰੁਤਬਾ ਮਿਲ ਗਿਆ ਸੀ। ਇਵੇਂ ਇਨ੍ਹਾਂ ਨੂੰ ਘੱਟਗਿਣਤੀ ਵਾਲੇ ਲੋਕਾਂ ਵਾਲੀਆਂ ਸਹੂਲਤਾਂ ਮਿਲਣ ਲੱਗੀਆਂ ਹਨ।
ਈ-ਮੇਲ : harjeetatwal@hotmail.co.uk