ਹਰਜੀਤ ਅਟਵਾਲ
ਲੰਡਨ ਤੋਂ
ਹਾਂ, ਜੀ ਇਕ ਲੰਡਨ ਜ਼ਮੀਨ ’ਤੇ ਵਸਦਾ ਹੈ ਤੇ ਇਕ ਲੰਡਨ ਪਾਣੀ ਉੱਪਰ, ਭਾਵ ਕਿਸ਼ਤੀਆਂ ਵਿਚ। ਹਜ਼ਾਰਾਂ ਲੋਕ ਜ਼ਮੀਨ ਨਾਲੋਂ ਪਾਣੀ ਉੱਪਰ ਰਹਿਣਾ ਪਸੰਦ ਕਰਦੇ ਹਨ। ਲੰਡਨ ਦੀ ਇਕ ਕਹਾਵਤ ਹੈ ਕਿ ਜੇ ਤੁਸੀਂ ਛੇ ਮਹੀਨੇ ਪਾਣੀ ਉੱਪਰ ਰਹਿ ਲਓ ਤਾਂ ਜ਼ਮੀਨ ਉੱਪਰ ਰਹਿਣਾ ਤੁਹਾਡੇ ਲਈ ਮੁਸ਼ਕਲ ਹੋ ਜਾਵੇਗਾ।
ਪਾਣੀ ਉੱਪਰ ਰਹਿਣ ਵਾਲੇ ਲੋਕਾਂ ਨਾਲ ਮੇਰਾ ਵਾਹ ਇੰਗਲੈਂਡ ਆਉਂਦੇ ਹੀ ਪੈ ਗਿਆ। ਜਿਸ ਰਿਸ਼ਤੇਦਾਰ ਦੇ ਘਰ ਠਹਿਰਿਆ ਉਸ ਦੇ ਘਰ ਦੇ ਪਿੱਛੇ ਗਰੈਂਡ ਯੂਨੀਅਨ ਕੈਨਾਲ ਪੈਂਦੀ ਹੈ। ਲੰਡਨ ਵਿਚ ਇਨ੍ਹਾਂ ਨਹਿਰਾਂ ਦਾ ਜਾਲ ਵਿਛਿਆ ਹੋਇਆ ਹੈ। ਪਹਿਲਾਂ ਇਹ ਢੋਆ-ਢੁਆਈ ਦੇ ਕੰਮ ਆਉਂਦੀਆਂ ਸਨ, ਹੁਣ ਕਿਸ਼ਤੀਆਂ ਵਿਚ ਰਹਿਣ ਵਾਲੇ ਘੁਮੱਕੜਾਂ ਦੇ। ਲੰਡਨ ਹੀ ਨਹੀਂ ਪੂਰੇ ਇੰਗਲੈਂਡ ਵਿਚ ਇਹ ਨਹਿਰਾਂ ਹਨ ਤੇ ਸਾਰੀਆਂ ਆਪਸ ਵਿਚ ਜੁੜੀਆਂ ਹੋਈਆਂ ਹਨ। ਮੈਂ ਨਹਿਰ ਕੰਢੇ ਘੁੰਮਣ ਨਿਕਲਦਾ ਤਾਂ ਦੇਖਦਾ ਹਾਂ ਕਿ ਸਾਹਮਣੇ ਇਕ ਰੰਗਦਾਰ ਕਿਸ਼ਤੀ ਆ ਰਹੀ ਹੈ। ਅਜੀਬ ਜਿਹੀ ਕਿਸ਼ਤੀ ਹੈ, ਭੀੜੀ ਜਿਹੀ ਤੇ ਲੰਮੀ ਲੰਮੀ। ਘਰ ਵਾਂਗ ਛੱਤੀ ਹੋਈ ਵੀ। ਕਿਸ਼ਤੀ ਦੇ ਮੁਹਰੇ ਬਾਲਕੋਨੀ ਜਿਹੀ ਹੈ, ਇਕ ਬੰਦਾ ਬੈਠਾ ਅਖ਼ਬਾਰ ਪੜ੍ਹ ਰਿਹਾ ਹੈ, ਦੋ ਬੱਚੇ ਕੁੱਤੇ ਨਾਲ ਖੇਡ ਰਹੇ ਹਨ। ਕਿਸ਼ਤੀ ਵਿਚੋਂ ਧੂੰਆਂ ਨਿਕਲ ਰਿਹਾ ਹੈ ਭਾਵ ਕੁਝ ਖਾਣਾ ਬਗੈਰਾ ਬਣ ਰਿਹਾ ਹੋਵੇਗਾ। ਫਿਰ ਦਰਵਾਜ਼ਾ ਖੋਲ੍ਹਦੀ ਇਕ ਸੁਆਣੀ ਅੰਦਰੋਂ ਨਿਕਲਦੀ ਹੈ। ਉਸ ਦੇ ਹੱਥ ਵਿਚ ਚਾਹ ਜਾਂ ਕੌਫ਼ੀ ਦਾ ਕੱਪ ਹੈ। ਮੈਨੂੰ ਦੇਖਦੇ ਹੀ ਉਹ ਹੱਥ ਹਿਲਾਉਣ ਲੱਗਦੇ ਹਨ। ਉਨ੍ਹਾਂ ਦੇ ਚਿਹਰੇ ਉੱਪਰ ਅਜੀਬ ਖੇੜਾ ਜਿਹਾ ਹੈ। ਮੈਨੂੰ ਇਹ ਦ੍ਰਿਸ਼ ਕੀਲ ਲੈਂਦਾ ਹੈ। ਮੈਂ ਹਰ ਰੋਜ਼ ਇਸ ਨਹਿਰ ਵੱਲ ਨਿਕਲ ਆਉਂਦਾ ਹਾਂ ਤੇ ਅਜਿਹੀਆਂ ਕਈ ਕਿਸ਼ਤੀਆਂ ਨੂੰ ਦੇਖਦਾ ਰਹਿੰਦਾ ਹਾਂ। ਮੇਰਾ ਬਹੁਤ ਦਿਲ ਕਰਦਾ ਹੈ ਕਿ ਮੈਂ ਇਨ੍ਹਾਂ ਕਿਸ਼ਤੀਆਂ ਨੂੰ ਅੰਦਰੋਂ ਵੀ ਦੇਖਾਂ।
ਇਕ ਦਿਨ ਮੈਂ ਹੇਜ਼ ਦੇ ਇਕ ਪੱਬ ਵਿਚ ਗਿਆ। ਪੱਬ ਇਕ ਮੈਰੀਨਾ ਕੰਢੇ ਸੀ। ਮਰੀਨਾ ਜਿੱਥੇ ਬਹੁਤ ਸਾਰੀਆਂ ਕਿਸ਼ਤੀਆਂ ਮੂਰ ਕੀਤੀਆਂ ਹੋਈਆਂ ਸਨ। ਜਿਵੇਂ ਕਾਰ ਨੂੰ ਅਸੀਂ ਪਾਰਕ ਕਰਦੇ ਹਾਂ, ਕਿਸ਼ਤੀ ਨੂੰ ਮੂਰ ਕਰਨਾ ਕਹਿੰਦੇ ਹਨ ਤੇ ਜਿੱਥੇ ਬਹੁਤ ਸਾਰੀਆਂ ਕਿਸ਼ਤੀਆਂ ਖੜ੍ਹੀਆਂ ਹੋਣ, ਉਸ ਨੂੰ ਮੂਰਿੰਗ ਆਖਦੇ ਹਨ, ਜਿਵੇਂ ਕਾਰਾਂ ਲਈ ਪਾਰਕਿੰਗ। ਕਿਸ਼ਤੀ ਜਾਂ ਜਹਾਜ਼ ਆਦਿ ਨਾਲ ਪਾਣੀ ਉੱਪਰ ਘੁੰਮਣ ਨੂੰ ਕਰੂਜ਼ ਕਰਨਾ ਕਹਿੰਦੇ ਹਨ। ਇਕ ਹੋਰ ਸ਼ਬਦ ਮੇਰੀ ਸ਼ਬਦਾਵਲੀ ਵਿਚ ਆਇਆ, ਉਹ ਸੀ ਨੈਰੋਬੋਟ-ਰਿਹਾਇਸ਼ ਵਾਲੀਆਂ ਕਿਸ਼ਤੀਆਂ। ਨੈਰੋਬੋਟ ਇਸ ਕਰਕੇ ਕਿ ਇਹ ਭੀੜੀਆਂ ਹਨ। ਸੱਤ ਫੁੱਟ ਦੇ ਅੰਦਰ, ਨਹਿਰਾਂ ਦੀ ਚੌੜਾਈ ਦੇ ਹਿਸਾਬ ਨਾਲ ਰੱਖੀਆਂ ਜਾਂਦੀਆਂ ਹਨ। ਲੰਬਾਈ ਬਹੱਤਰ ਫੁੱਟ ਤਕ ਹੋ ਜਾਂਦੀ ਹੈ,ਪਰ ਬਹੁਤੀਆਂ ਕਿਸ਼ਤੀਆਂ ਸਤਵੰਜਾ ਫੁੱਟ ਲੰਮੀਆਂ ਹੁੰਦੀਆਂ ਹਨ। ਮਰੀਨਾ ਦੁਆਲੇ ਕਾਰ ਪਾਰਕ ਸੀ ਜਿਸ ਵਿਚ ਇਹ ਲੋਕ ਕਾਰਾਂ ਖੜ੍ਹੀਆਂ ਕਰਦੇ ਸਨ। ਰੈਸਟੋਰੈਂਟ, ਟੌਇਲਟ, ਸ਼ਾਵਰ, ਰੈਸਟ-ਰੂਮ ਆਦਿ ਵੀ ਸਨ, ਇੱਥੇ ਆ ਕੇ ਇਹ ਲੋਕ ਆਰਾਮ ਕਰਦੇ ਸਨ। ਜਿਹੜੇ ਪਰਿਵਾਰਾਂ ਵਿਚ ਬੱਚੇ ਸਨ, ਉਨ੍ਹਾਂ ਦੇ ਸਕੂਲ ਵੀ ਨਜ਼ਦੀਕ ਹੀ ਸਨ। ਅਜਿਹੀਆਂ ਅਨੇਕਾਂ ਮਰੀਨਾ ਜਾਂ ਕਿਸ਼ਤੀਆਂ ਲਈ ਮੂਰਿੰਗਜ਼ ਪੂਰੇ ਲੰਡਨ ਵਿਚ ਹਨ। ਇੱਥੇ ਕਿਸ਼ਤੀ ਮੂਰ ਕਰਨ ਦੀ ਕਾਫ਼ੀ ਸਾਰੀ ਫੀਸ ਲਈ ਜਾਂਦੀ ਹੈ। ਇਹ ਜਾਣਕਾਰੀ ਮੈਨੂੰ ਪੱਬ ਵਿਚ ਕੰਮ ਕਰਦੇ ਇਕ ਬੰਦੇ ਨੇ ਦਿੱਤੀ। ਮੂਰਿੰਗ ਵਿਚ ਮੂਰ ਕੀਤੀਆਂ ਕਿਸ਼ਤੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਸਨ, ਪਰ ਇਨ੍ਹਾਂ ਨੂੰ ਅੰਦਰੋਂ ਦੇਖ ਸਕਣ ਦੀ ਭੁੱਖ ਕੁਝ ਸਾਲ ਬਾਅਦ ਪੂਰੀ ਹੋਈ।
ਹੋਇਆ ਇਹ ਕਿ ਗੁਰਦੀਪ ਦੀ ਅਚਾਨਕ ਨਟਾਲੀਆ ਨਾਂ ਦੀ ਕੁੜੀ ਨਾਲ ਦੋਸਤੀ ਹੋ ਗਈ। ਨਟਾਲੀਆ ਨੈਰੋਬੋਟ ਵਿਚ ਹੀ ਰਹਿੰਦੀ ਸੀ। ਨੈਰੋਬੋਟ ਦਾ ਨਾਂ ਸੁਣ ਕੇ ਮੇਰੇ ਕੰਨ ਖੜ੍ਹੇ ਹੋ ਗਏ। ਉਸ ਨੇ ਗੁਰਦੀਪ ਨੂੰ ਆਪਣੀ ਨੈਰੋਬੋਟ ਵਿਚ ਆਉਣ ਦਾ ਸੱਦਾ ਦਿੱਤਾ। ਗੁਰਦੀਪ ਮੈਨੂੰ ਨਾਲ ਚੱਲਣ ਲਈ ਕਹਿਣ ਲੱਗਾ। ਨੈਰੋਬੋਟ ਦੇਖਣ ਲਈ ਤਾਂ ਮੈਂ ਜਾ ਸਕਦਾ ਸਾਂ, ਪਰ ਗੁਰਦੀਪ ਦੀ ਨਟਾਲੀਆ ਨਾਲ ਦੋਸਤੀ ਹਾਲੇ ਨਵੀਂ ਨਵੀਂ ਸੀ, ਇਹ ਸੋਚਦਾ ਮੈਂ ਜਾਣੋਂ ਝਿਜਕ ਰਿਹਾ ਸਾਂ। ਗੁਰਦੀਪ ਨੇ ਦੱਸਿਆ ਕਿ ਨਟਾਲੀਆ ਨੇ ਹੀ ਕਿਹਾ ਹੈ ਕਿ ਆਪਣੇ ਦੋਸਤ ਨੂੰ ਵੀ ਨਾਲ ਲੈ ਕੇ ਆਵੀਂ। ਅਸੀਂ ਦੋਵੇਂ ਨਟਾਲੀਆ ਦੀ ਨੈਰੋਬੋਟ ਵਿਚ ਗਏ। ਇਹ ਥੇਮਜ਼ ਦਰਿਆ ਵਿਚ ਖੜ੍ਹੀ ਸੀ, ਬੈਟਰਸੀ ਬਰਿੱਜ ਦੇ ਨੇੜੇ। ਉਂਜ ਦਰਿਆ ਇਨ੍ਹਾਂ ਕਿਸ਼ਤੀਆਂ ਨੂੰ ਮੂਰ ਕਰਨ ਲਈ ਕੋਈ ਵਧੀਆ ਜਗ੍ਹਾ ਨਹੀਂ। ਨਟਾਲੀਆ ਨੇ ਆਰਜ਼ੀ ਜਿਹੀ ਹੀ ਥੇਮਜ਼ ਵਿਚ ਨੈਰੋਬੋਟ ਮੂਰ ਕੀਤੀ ਸੀ, ਜਲਦੀ ਹੀ ਉਸ ਨੂੰ ਵੌਰਫ ਮਰੀਨਾ ਵਿਚ ਮੂਰਿੰਗ ਦੀ ਜਗ੍ਹਾ ਮਿਲਣ ਵਾਲੀ ਸੀ। ਖ਼ੈਰ, ਦਰਿਆ ਥੇਮਜ਼ ਟਾਈਡਲ ਦਰਿਆ ਹੈ, ਉਸ ਵੇਲੇ ਦਰਿਆ ਉਤਰ ਕੇ ਹੇਠਾਂ ਚਲੇ ਗਿਆ ਸੀ ਤੇ ਬਹੁਤ ਭੀੜਾ ਜਿਹਾ ਹੋ ਗਿਆ ਸੀ। ਨਟਾਲੀਆ ਦੀ ਨੈਰੋਬੋਟ, ਜਿਸ ਦਾ ਨਾਂ ਮੈਗੀ ਸੀ,ਵੀ ਬਹੁਤ ਹੇਠਾਂ ਚਲੇ ਗਈ ਸੀ। ਅਸੀਂ ਇਕ ਫੱਟੇ ਰਾਹੀਂ ਨੈਰੋਬੋਟ ਵੱਲ ਉਤਰਨ ਲੱਗੇ। ਫੱਟਾ ਡਿਗੂੰ ਡਿਗੂੰ ਕਰ ਰਿਹਾ ਸੀ। ਗੁਰਦੀਪ ਬਹੁਤ ਡਰ ਰਿਹਾ ਸੀ। ਅਸੀਂ ਬੋਟ ਵਿਚ ਪੁੱਜੇ ਤਾਂ ਉੱਥੇ ਨਟਾਲੀਆ ਦਾ ਪੁਰਾਣਾ ਬੁਆਏ ਫਰੈਂਡ ਰੌਨ ਵੀ ਹਾਜ਼ਰ ਸੀ। ਅਸਲ ਵਿਚ ਰੌਨ ਨੈਰੋਬੋਟ ਛੱਡ ਕੇ ਨਹੀਂ ਸੀ ਜਾ ਰਿਹਾ। ਨਟਾਲੀਆ ਨੇ ਰੌਨ ਨੂੰ ਗੁਰਦੀਪ ਰਾਹੀਂ ਆਪਣੀ ਤਾਕਤ ਦਿਖਾਈ ਸੀ ਤੇ ਮੈਂ ਵੀ ਵਰਤਿਆ ਗਿਆ ਸੀ। ਪਰ ਨੈਰੋਬੋਟ ਨੂੰ ਅੰਦਰੋਂ ਦੇਖਣ ਲਈ ਇਹ ਸੌਦਾ ਮਾੜਾ ਨਹੀਂ ਸੀ। ਰੌਨ ਹੌਲੀ ਜਿਹੀ ਖਿਸਕ ਗਿਆ। ਮੈਂ ਨਟਾਲੀਆ ਦੀ ਨੈਰੋਬੋਟ ਨੂੰ ਅੰਦਰੋਂ ਧਿਆਨ ਨਾਲ ਦੇਖਣ ਲੱਗਾ। ਇਕ ਬੈੱਡਰੂਮ ਸੀ। ਬੈਠਕ ਵਿਚ ਪਿਆ ਸੋਫਾ ਵੀ ਬੈੱਡ ਹੀ ਬਣ ਜਾਂਦਾ ਸੀ। ਇਕ ਵਾਧੂ ਮੈਟਰਸ ਵੀ ਇਕ ਪਾਸੇ ਸਾਂਭਿਆ ਹੋਇਆ ਸੀ। ਛੋਟੀ ਜਿਹੀ ਟੌਇਲਟ, ਸ਼ਾਵਰ ਰੂਮ, ਰਸੋਈ ਆਦਿ ਸਭ ਸਨ। ਟੈਲੀਵਿਜ਼ਨ ਵੀ ਸੀ, ਪੁਰਾਣੇ ਵੇਲੇ ਦੇ ਵੀਸੀਆਰ ਆਦਿ ਵੀ ਸਨ। ਕਿਸ਼ਤੀ ਦਾ ਅੰਦਰੋਂ ਇਕ ਇਕ ਇੰਚ ਵਰਤਿਆ ਹੋਇਆ ਸੀ। ਮੇਰੇ ਲਈ ਇਹ ਸਭ ਸੁਪਨਮਈ ਸੀ। ਇੱਥੋਂ ਲੰਡਨ ਵੱਖਰਾ ਹੀ ਦਿਸ ਰਿਹਾ ਸੀ ਤੇ ਥੇਮਜ਼ ਦਰਿਆ ਵੀ। ਮੈਂ ਇਸ ਦ੍ਰਿਸ਼ ਦੀ ਸਿਫਤ ਕਰ ਰਿਹਾ ਸੀ, ਪਰ ਗੁਰਦੀਪ ਬਹੁਤ ਅਸਹਿਜ ਸੀ। ਅਸੀਂ ਦੇਰ ਤਕ ਡਰਿੰਕ ਕਰਦੇ ਰਹੇ। ਜਦੋਂ ਕਿਸ਼ਤੀ ਡੋਲਣ ਲੱਗਦੀ ਤਾਂ ਗੁਰਦੀਪ ਇਕਦਮ ਕਿਸੇ ਚੀਜ਼ ਨੂੰ ਫੜ ਲੈਂਦਾ। ਸਵੇਰੇ ਗੁਰਦੀਪ ਜਲਦੀ ਹੀ ਉਠ ਗਿਆ ਤੇ ਮੈਨੂੰ ਵੀ ਜਗਾ ਲਿਆ। ਕਿਸ਼ਤੀ ਜ਼ੋਰ ਨਾਲ ਹਿੱਲ ਰਹੀ ਸੀ। ਚੜ੍ਹਿਆ ਦਰਿਆ ਕੰਢਿਆਂ ਤੋਂ ਬਾਹਰ ਡਿੱਗਣ ਨੂੰ ਸੀ। ਗੁਰਦੀਪ ਨੇ ਮੈਨੂੰ ਉਥੋਂ ਚੱਲਣ ਲਈ ਕਿਹਾ, ਮੈਨੂੰ ਤਾਂ ਜਿਵੇਂ ਮੰਜ਼ਿਲ ਮਿਲੀ ਸੀ। ਮੈਂ ਨਟਾਲੀਆ ਤੋਂ ਪੁੱਛ ਕੇ ਕੁਝ ਦਿਨ ਨੈਰੋਬੋਟ ਵਿਚ ਰਹਿਣ ਦਾ ਮਨ ਬਣਾ ਲਿਆ।
ਮੈਂ ਇਕ ਮਹੀਨਾ ਉੱਥੇ ਰਿਹਾ। ਕੰਮ ਤੋਂ ਮੈਂ ਛੁੱਟੀ ਲੈ ਲਈ। ਮੈਨੂੰ ਨਟਾਲੀਆ ਨੇ ਨੈਰੋਬੋਟ ਬਾਰੇ ਬਹੁਤ ਸਾਰੀਆਂ ਬੇਸਿਕ ਗੱਲ ਸਿਖਾ ਦਿੱਤੀਆਂ। ਉਸ ਦਾ ਇੰਜਣ ਕਾਰ ਦੇ ਇੰਜਣ ਵਰਗਾ ਹੀ ਹੁੰਦਾ ਹੈ। ਗੈਸ ਦੇ ਸਿਲੰਡਰ ਕਿਵੇਂ ਬਦਲਣੇ ਹਨ, ਪਾਣੀ ਦਾ ਟੈਂਕ ਕਿਵੇਂ ਭਰਨਾ ਹੈ, ਬੈਟਰੀਆਂ ਕਿਵੇਂ ਚਾਰਜ ਰੱਖਣੀਆਂ ਹਨ ਆਦਿ। ਬੋਟ ਚਲਾਉਣੀ ਵੀ ਸਿੱਖ ਲਈ। ਸਭ ਤੋਂ ਔਖਾ ਕੰਮ ਟੌਇਲਟ ਦੇ ਬੈਗ ਬਦਲਣੇ ਲੱਗੇ, ਪਹਿਲਾਂ ਪਹਿਲ ਬਹੁਤ ਸੂੰਕ ਆਉਂਦੀ ਹੈ। ਨੈਰੋਬੋਟ ਦੀਆਂ ਤਿੰਨ ਚੀਜ਼ਾਂ ਹੀ ਮੁੱਖ ਹੁੰਦੀਆਂ ਹਨ, ਪਾਣੀ ਦਾ ਟੈਂਕ ਭਰ ਕੇ ਰੱਖਣਾ, ਬੋਟ ਵਿਚ ਬਿਜਲੀ ਤੇ ਫਿਊਲ ਦਾ ਪੂਰਾ ਧਿਆਨ ਰੱਖਣਾ ਤੇ ਟੌਇਲਟ ਸਾਫ਼ ਕਰਨੀ। ਨੈਰੋਬੋਟ ਚਲਾਉਂਦਿਆਂ ਮੈਨੂੰ ਲੌਕ ਵਿਚ ਜਾਣ ਦਾ ਤਜਰਬਾ ਬਹੁਤ ਚੰਗਾ ਲੱਗਾ। ਇੰਗਲੈਂਡ ਬਹੁਤ ਉੱਚਾ ਨੀਵਾਂ ਮੁਲਕ ਹੈ ਤੇ ਇਵੇਂ ਹੀ ਨਹਿਰਾਂ ਵੀ ਉੱਚੇ ਨੀਵੇਂ ਥਾਵੇਂ ਬਣੀਆਂ ਹਨ। ਕਿਸ਼ਤੀਆਂ ਨੂੰ ਉਤੇ ਥੱਲੇ ਲੌਕਾਂ ਵਿਚ ਬਣੇ ਹੌਜ਼ਾਂ ਨਾਲ ਕੀਤਾ ਜਾਂਦਾ ਹੈ। ਹੌਜ਼ ਵਿਚ ਕਿਸ਼ਤੀ ਵਾੜ ਦਿਓ ਤੇ ਉਸਨੂੰ ਪਾਣੀ ਨਾਲ ਭਰ ਦਿਓ ਤੇ ਬੋਟ ਉੱਪਰ ਉਠ ਜਾਵੇਗੀ, ਇਵੇਂ ਹੀ ਪਾਣੀ ਕੱਢ ਦਿਓ ਤਾਂ ਬੋਟ ਹੇਠਾਂ ਆ ਜਾਵੇਗੀ।
ਜਦੋਂ ਨਟਾਲੀਆ ਦੀ ਨੈਰੋਬੋਟ ਨੂੰ ਵੌਰਫ ਮਰੀਨਾ ਵਿਚ ਮੂਰ ਕਰਨ ਦੀ ਜਗ੍ਹਾ ਮਿਲ ਗਈ ਤਾਂ ਮੈਨੂੰ ਜਾਪਿਆ ਜਿਵੇਂ ਮੈਂ ਕਿਸੇ ਪਿੰਡ ਵਿਚ ਰਹਿਣ ਆ ਗਿਆ ਹੋਵਾਂ। ਨੈਰੋਬੋਟਾਂ ਵਿਚ ਟੈਲੀਵਿਜ਼ਨ ਚੱਲ ਰਹੇ ਹੁੰਦੇ, ਬੱਚੇ ਖੇਡ ਰਹੇ ਹੁੰਦੇ, ਪਤਨੀ-ਪਤੀ ਬਹਿਸ ਰਹੇ ਹੁੰਦੇ, ਕੱਪੜੇ ਸੁੱਕ ਰਹੇ ਹੁੰਦੇ। ਅਸੀਂ ਲੰਡਨ ਦੇ ਹੋਰ ਵੀ ਕਈ ਮਰੀਨਾ ਜਾਂ ਨੈਰੋਬੋਟ ਮੂਰਿੰਗ ਵਿਚ ਵੀ ਗਏ। ਸਾਰੇ ਲੋਕ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਇਕ ਦੂਜੇ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਸਨ। ਜਿਵੇਂ ਉਹ ਇਕ ਵੱਖਰਾ ਹੀ ਸਮਾਜ ਹੋਵੇ। ਇਨ੍ਹਾਂ ਦੇ ਕਈ ਸ਼ਬਦ ਵੀ ਅਲੱਗ ਹਨ ਜੇ ਮੈਂ ਕੁਝ ਸਮਾਂ ਹੋਰ ਰਹਿ ਗਿਆ ਹੁੰਦਾ ਤਾਂ ਬਹੁਤ ਕੁਝ ਸਿਖ ਜਾਂਦਾ। ਮੈਨੂੰ ਸੁਨੇਹਾ ਮਿਲਿਆ ਕਿ ਮੇਰੀ ਮਾਂ ਸਖ਼ਤ ਬਿਮਾਰ ਹੈ। ਮੈਨੂੰ ਭਾਰਤ ਜਾਣਾ ਪਿਆ। ਨਟਾਲੀਆ ਨੇ ਵੀ ਆਪਣੇ ਮਾਂ ਪਿਓ ਨੂੰ ਮਿਲਣ ਆਪਣੇ ਪਿੰਡ ਯੌਰਕ ਜਾਣਾ ਸੀ।
ਭਾਰਤ ਜਾ ਕੇ ਪਤਾ ਲੱਗਾ ਕਿ ਮੈਨੂੰ ਬਹਾਨੇ ਨਾਲ ਸੱਦਿਆ ਗਿਆ ਸੀ ਕਿਉਂਕਿ ਮੇਰੇ ਰਿਸ਼ਤੇਦਾਰ ਨੇ ਮੇਰੀ ਮਾਂ ਨੂੰ ਲਿਖ ਦਿੱਤਾ ਸੀ ਕਿ ਮੈਂ ਵਿਗੜ ਗਿਆ ਹਾਂ, ਘਰ-ਬਾਰ ਛੱਡ ਕੇ ਕਿਸ਼ਤੀ ਵਿਚ ਰਹਿਣ ਲੱਗਾ ਹਾਂ। ਉਨ੍ਹਾਂ ਦਿਨਾਂ ਵਿਚ ਇੰਗਲੈਂਡ ਆਉਣ ਦਾ ਮਤਲਬ ਸਿਰਫ਼ ਪੈਸੇ ਕਮਾਉਣਾ ਹੁੰਦਾ ਸੀ। ਭਾਰਤ ਗਏ ਦਾ ਮੇਰਾ ਵਿਆਹ ਹੋ ਗਿਆ, ਬੱਚੇ ਹੋ ਗਏ, ਜ਼ਿੰਦਗੀ ਬਦਲ ਗਈ। ਮੈਂ ਆਪਣੇ ਇਸ ਤਜਰਬੇ ਬਾਰੇ ਆਪਣੇ ਨਾਵਲ ‘ਸਵਾਰੀ’ ਵਿਚ ਥੋੜ੍ਹਾ ਜਿਹਾ ਜ਼ਿਕਰ ਕੀਤਾ ਹੈ।
ਨੈਰੋਬੋਟ ਪਾਣੀ ਉੱਪਰ ਘੁੰਮਦੇ ਵਾਹਨਾਂ ਵਿਚ ਨੰਬਰ ਚਾਰ ਕਲਾਸ ਵਿਚ ਆਉਂਦੀ ਹੈ। ਹਰ ਨੈਰੋਬੋਟ ਨੂੰ ਖਾਸ ਵਿਭਾਗ ਵਿਚ ਰਜਿਸਟਰ ਹੋਣਾ ਪੈਂਦਾ ਹੈ। ਇਸ ਵੇਲੇ ਲੰਡਨ ਵਿਚ ਪੰਜ ਹਜ਼ਾਰ ਤੋਂ ਵੱਧ ਨੈਰੋਬੋਟਾਂ ਰਜਿਸਟਰਡ ਹਨ। ਇਕ ਬੋਟ ਵਿਚ ਦੋ-ਤਿੰਨ ਬੰਦੇ ਵੀ ਰਹਿੰਦੇ ਹੋਣ ਤਾਂ ਅੰਦਾਜ਼ਾ ਲਾ ਲਓ ਕਿ ਕਿੰਨੇ ਬੰਦੇ ਪਾਣੀ ਉੱਪਰ ਰਹਿੰਦੇ ਹੋਏ। ਇਨ੍ਹਾਂ ਨੂੰ ਵਾਰਡਨ ਚੈੱਕ ਕਰਦੇ ਰਹਿੰਦੇ ਹਨ, ਪਰ ਫਿਰ ਵੀ ਕੁਝ ਡੁਪਲੀਕੇਟ ਕਿਸ਼ਤੀਆਂ ਵੀ ਜ਼ਰੂਰ ਘੁੰਮਦੀਆਂ ਹੋਣਗੀਆਂ। ਇੰਗਲੈਂਡ ਵਿਚ ਪੰਦਰਾਂ ਤੋਂ ਵੀਹ ਹਜ਼ਾਰ ਤਕ ਨੈਰੋਬੋਟਾਂ ਨਹਿਰਾਂ ਵਿਚ ਹਨ। ਇਹ ਨਹਿਰਾਂ ਦਰਿਆਵਾਂ ਨਾਲ ਜੁੜਦੀਆਂ ਹਨ ਤੇ ਦਰਿਆ ਸਮੁੰਦਰ ਨਾਲ। ਇਹ ਨੈਰੋਬੋਟਾਂ ਸਮੁੰਦਰ ਵਿਚ ਤਾਂ ਨਹੀਂ ਜਾਂਦੀਆਂ, ਪਰ ਦਰਿਆਵਾਂ ਵਿਚ ਲੋਕ ਆਮ ਚਲੇ ਜਾਂਦੇ ਹਨ। ਜਿਨ੍ਹਾਂ ਨੂੰ ਕਿਸੇ ਮਰੀਨਾ ਜਾਂ ਮੂਰਿੰਗ ਲਈ ਪੱਕੀ ਜਗ੍ਹਾ ਮਿਲ ਜਾਂਦੀ ਹੈ ਉਨ੍ਹਾਂ ਦੀ ਜ਼ਿੰਦਗੀ ਕੁਝ ਹੋਰ ਹੁੰਦੀ ਹੈ ਕਿ ਉਹ ਇਕ ਜਗ੍ਹਾ ਤਿੰਨ ਸਾਲ ਤਕ ਰੁਕ ਸਕਦੇ ਹਨ ਜਿੱਥੇ ਉਨ੍ਹਾਂ ਦਾ ਬਿਜਲੀ, ਪਾਣੀ ਤੇ ਟੌਇਲਟ ਵਾਲੇ ਮਸਲੇ ਹੱਲ ਹੋ ਜਾਂਦੇ ਹਨ ਤੇ ਡਾਕ ਲਈ ਵੀ ਪੱਕਾ ਟਿਕਾਣਾ ਮਿਲ ਜਾਂਦਾ ਹੈ। ਜੇ ਮੂਰਿੰਗ ਲਈ ਪੱਕੀ ਜਗ੍ਹਾ ਨਹੀਂ ਤਾਂ ਤੁਸੀਂ ਇਕ ਜਗ੍ਹਾ ਸਿਰਫ਼ ਦੋ ਹਫ਼ਤੇ ਹੀ ਰੁਕ ਸਕਦੇ ਹੋ ਤੇ ਤੁਹਾਨੂੰ ਕੁਝ ਮੀਲ ਕਿਸ਼ਤੀ ਜ਼ਰੂਰ ਚਲਾਉਣੀ ਪੈਂਦੀ ਹੈ। ਜਦੋਂ ਤੁਸੀਂ ਨੈਰੋਬੋਟ ਵਿਚ ਤੁਰੇ ਫਿਰਦੇ ਹੋ ਤਾਂ ਕਿਤੇ ਵੀ ਕੁੰਡਾ ਪਾ ਕੇ ਕਿਸ਼ਤੀ ਰੋਕ ਸਕਦੇ ਹੋ। ਟੌਇਲਟ ਖਾਲੀ ਕਰਨ, ਪਾਣੀ ਭਰਨ ਤੇ ਬਿਜਲੀ ਚਾਰਜ ਕਰਨ ਜਾਂ ਗੈਸ ਸਿਲੰਡਰ ਲੈਣ ਲਈ ਜਾਂ ਹੋਰ ਜ਼ਰੂਰਤਾਂ ਲਈ ਬਹੁਤ ਸਾਰੇ ਸਟੇਸ਼ਨ ਬਣੇ ਹੁੰਦੇ ਹਨ। ਨੈਰੋਬੋਟਾਂ ਵਿਚ ਰਹਿਣਾ ਜ਼ਿੰਦਗੀ ਦਾ ਇਕ ਵੱਖਰਾ ਹੀ ਅਨੁਭਵ ਹੈ। ਇਹ ਘਰਾਂ ਵਿਚ ਰਹਿਣ ਨਾਲੋਂ ਸਸਤਾ ਵੀ ਪੈਂਦਾ ਹੈ।
ਹਾਂ, ਮੌਸਮ ਨੈਰੋਬੋਟਾਂ ਵਿਚ ਰਹਿਣ ਵਾਲਿਆਂ ਉੱਪਰ ਸਿੱਧਾ ਹਮਲਾ ਕਰਦਾ ਹੈ। ਹਨੇਰੀ ਵਿਚ ਨੈਰੋਬੋਟ ਡੋਲਦੀ ਵੀ ਬਹੁਤ ਹੈ, ਸਰਦੀਆਂ ਨੂੰ ਇਸ ਦੇ ਪਾਈਪ ਜੰਮ ਜਾਣ ਦਾ ਖ਼ਤਰਾ ਰਹਿੰਦਾ ਹੈ। ਅੰਦਰ ਨਿੱਘੇ ਕਰਨੇ ਵੀ ਜ਼ਰਾ ਮੁਸ਼ਕਲ ਹੋ ਜਾਂਦੇ ਹਨ। ਜੇ ਬੱਚੇ ਹੋਣ ਤਾਂ ਸਕੂਲਾਂ ਦੇ ਹਿਸਾਬ ਨਾਲ ਢਲਣਾ ਪੈਂਦਾ ਹੈ। ਕਿੰਨੀਆਂ ਵੀ ਔਕੜਾਂ ਦਾ ਸਾਹਮਣਾ ਕਰਨਾ ਪਵੇ ਫਿਰ ਵੀ ਲੋਕ ਨੈਰੋਬੋਟਾਂ ਵਿਚ ਰਹਿੰਦੇ ਹਨ ਤੇ ਰਹਿੰਦੇ ਵੀ ਹਨ ਖੁਸ਼ੀ-ਖੁਸ਼ੀ। ਮੈਂ ਅਕਸਰ ਸੋਚਦਾ ਹਾਂ ਕਿ ਰਿਟਾਇਰ ਹੋ ਕੇ ਨੈਰੋਬੋਟ ਖ਼ਰੀਦ ਲਵਾਂ। ਇਸ ਲਈ ਮੈਂ ‘ਕੈਨਾਲ ਬੋਟ ਮੈਗਜ਼ੀਨ’ ਵਿਚ ਨੈਰੋਬੋਟਾਂ ਦੀਆਂ ਕੀਮਤਾਂ ਚੈੱਕ ਕਰਦਾ ਰਹਿੰਦਾ ਹਾਂ, ਬਸ ਮੂਡ ਘੁੰਮਣ ਦੀ ਦੇਰ ਹੈ।
ਈਮੇਲ: harjeetatwal@hotmail.co.uk