ਹਰਪ੍ਰੀਤ ਸੇਖਾ
ਅਰਜਨ ਸਕੂਲੋਂ ਮੁੜਨ ਸਾਰ ਆਮ ਵਾਂਗ ਸਿੱਧਾ ਰਸੋਈ ਵਿੱਚ ‘ਸਨੈਕ’ ਵਾਲੀ ਅਲਮਾਰੀ ਵੱਲ ਜਾਂਦਾ ਹੈ। ਉੱਥੇ ਉਸ ਦੇ ਚਿਪਸ ਨਹੀਂ ਹਨ। ਉਹ ਹੈਰਾਨੀ ਨਾਲ ਮੇਰੇ ਵੱਲ ਦੇਖਦਾ ਹੈ। ‘‘ਚੱਲ ਬੈਠ, ਮੈਂ ਲਿਆ ਦਿੰਨੀ ਆਂ ਓਥੇ।’’ ਮੈਂ ਟੀਵੀ ਵੱਲ ਇਸ਼ਾਰਾ ਕਰਦੀ ਹਾਂ। ਉਹ ਫੈਮਿਲੀ ਰੂਮ ਵੱਲ ਚਲਾ ਜਾਂਦਾ ਹੈ। ਆਮ ਵਾਂਗ ਉਹ ਪਹਿਲਾਂ ਟੀਵੀ ਦਾ ਰਿਮੋਟ ਕੰਟਰੋਲ ਚੁੱਕ ਕੇ ਟੀਵੀ ਚਲਾਉਂਦਾ ਹੈ ਤੇ ਫੇਰ ਆਪਣਾ ਬਸਤਾ ਮੋਢਿਆਂ ਤੋਂ ਲਾਹੁੰਦਾ ਹੈ। ਫਿਰ ਅੱਧ ਲੇਟ ਕੇ ਟੀਵੀ ਦੇਖਣ ਲੱਗਦਾ ਹੈ। ਮੈਂ ਚੌਲਾਂ ਵਿੱਚ ਦਹੀਂ ਰਲਾ ਕੇ ਪਲੇਟ ਉਸ ਦੀ ਬੁੱਕਲ ਵਿੱਚ ਜਾ ਰੱਖਦੀ ਹਾਂ। ਉਹ ਹੈਰਾਨੀ ਨਾਲ ਮੇਰੇ ਵੱਲ ਦੇਖ ਕੇ ਬੋਲਦਾ ਹੈ, ‘‘ਨਾਨੀ, ਮੇਰੀਆਂ ਚਿਪਸ ਦਿਓ। ਮੈਂ ਨ੍ਹੀਂ ਹੁਣੇ ਖਾਣਾ ਡਿਨਰ।’’
‘‘ਚੌਲ ਖਾ ਲੈ। ਸਕੂਲੋਂ ਆ ਕੇ ਤੂੰ ਚਿਪਸਾਂ ਨਾਲ ਢਿੱਡ ਭਰ ਲੈਨਾਂ ਫੇਰ ਡਿਨਰ ਚੱਜ ਨਾਲ ਖਾਂਦਾ ਨ੍ਹੀਂ।’’
ਮੇਰੀ ਗੱਲ ਦਾ ਜਵਾਬ ਦਿੱਤੇ ਬਿਨਾਂ ਹੀ ਅਰਜਨ ਚੌਲਾਂ ਵਾਲੀ ਪਲੇਟ ਕੌਫ਼ੀ ਟੇਬਲ ’ਤੇ ਰੱਖ ਦਿੰਦਾ ਹੈ।
‘‘ਚੱਲ ਦੇ, ਦੇ ਚਿਪਸ। ਕਿਉਂ ਜਵਾਕ ਨੂੰ ਤਰਸਾਉਂਦੀ ਐਂ।” ਸਿੰਮੀ ਦੇ ਡੈਡੀ ਆਖਦੇ ਹਨ।
‘‘ਮੇਰੇ ਨਾਲ ਨਿੱਕੀ ਆ ਕੇ ਲੜੂਗੀ। ਦੇਖੀ ਨਹੀਂ ਸੀ ਕੱਲ੍ਹ, ਕਿਵੇਂ ਚਿਪਸਾਂ ਨਾਲ ਭਰੀ ਕਬਰਡ ਦੇਖ ਕੇ ਭੜਕ ਪਈ ਸੀ? ਉਸੇ ਨੇ ਕੱਢ ਕੇ ਸੁੱਟੀਆਂ ਚਿਪਸਾਂ ਸਾਰੀਆਂ। ਕਹਿੰਦੀ ਜੇ ਜਵਾਕ ਨੂੰ ਜੰਕ ਨਾਲ ਢਿੱਡ ਭਰਨ ਦਿਓਗੇ ਤਾਂ ਹੈਲਦੀ ਖਾਣਾ ਕਿਵੇਂ ਖਾਵੇਗਾ।’’
‘‘ਚੰਗਾ।’’ ਆਖ ਕੇ ਸਿੰਮੀ ਦੇ ਡੈਡੀ ਚੁੱਪ ਕਰ ਜਾਂਦੇ ਹਨ। ਮੈਂ ਉਨ੍ਹਾਂ ਦੇ ਨਾਲ ਸੋਫੇ ’ਤੇ ਬੈਠ ਜਾਂਦੀ ਹਾਂ। ਅਰਜਨ ਟੀਵੀ ’ਤੇ ਅੱਖਾਂ ਗੱਡ ਲੈਂਦਾ ਹੈ। ਮੇਰੇ ਚਿੱਤ ਵਿੱਚ ਆਉਂਦੀ ਹੈ ਕਿ ਲਕੋ ਕੇ ਰੱਖੇ ਦੋ ਬੈਗਾਂ ’ਚੋਂ ਇੱਕ ਲਿਆ ਕੇ ਇਸ ਨੂੰ ਦੇ ਦੇਵਾਂ। ਇਹਦੀ ਆਦਤ ਇਕਦਮ ਕਿਵੇਂ ਬਦਲ ਜਾਵੇਗੀ। ਫਿਰ ਨਿੱਕੀ ਦੀ ਗੱਲ ਯਾਦ ਕਰਕੇ ਮੈਂ ਆਪਣੇ ਆਪ ਨੂੰ ਰੋਕ ਲੈਂਦੀ ਹਾਂ। ਨਿੱਕੀ, ਸਾਡੀ ਛੋਟੀ ਧੀ ਆਪਣੇ ਪਰਿਵਾਰ ਨਾਲ ਆਸਟਰੇਲੀਆ ਦੇ ਮੈਲਬੌਰਨ ਸ਼ਹਿਰ ਰਹਿੰਦੀ ਹੈ। ਆਪਣੇ ਬੱਚਿਆਂ ਸਮੇਤ ਪਰਸੋਂ ਆਈ ਹੈ ਕ੍ਰਿਸਮਸ ਦੀਆਂ ਛੁੱਟੀਆਂ ਮਨਾਉਣ। ਤਿੰਨਾਂ ਸਾਲਾਂ ਬਾਅਦ ਉਸ ਦਾ ਗੇੜਾ ਵੱਜਿਆ ਹੈ। ਠਹਿਰੇ ਇਹ ਨਿੱਕੀ ਦੇ ਸਹੁਰੇ ਪਰਿਵਾਰ ਕੋਲ ਹਨ। ਕੱਲ੍ਹ ਸਾਨੂੰ ਇਕੱਲੀ ਹੀ ਮਿਲਣ ਆਈ ਸੀ। ਨਾਲੇ ਜਵਾਕਾਂ ਤੋਂ ਓਹਲੇ ਨਾਲ ਕ੍ਰਿਸਮਸ ਦੇ ਤੋਹਫਿਆਂ ਵਾਲੇ ਡੱਬੇ ਰੱਖ ਗਈ। ਜਾਂਦੀ ਹੋਈ ਉਹ ਕਈ ਨਸੀਹਤਾਂ ਦੇ ਗਈ।
ਮੇਰੇ ਚਿੱਤ ਵਿੱਚ ਖੋਹ ਪੈਂਦੀ ਹੈ ਕਿ ਜਵਾਕ ਸਾਰੇ ਦਿਨ ਦਾ ਭੁੱਖਾ ਹੋਵੇਗਾ। ਮੈਂ ਆਖਦੀ ਹਾਂ, ‘‘ਅਰਜਨ, ਖਾ ਲੈ ਮੇਰਾ ਪੁੱਤ। ਭੁੱਖ ਲੱਗੀ ਹੋਊ।’’
ਉਹ ਕੋਈ ਜਵਾਬ ਨਹੀਂ ਦਿੰਦਾ। ਟੀਵੀ ਦੇਖਦਿਆਂ ਇਸ ਨੂੰ ਕੁਝ ਸੁਣਾਈ ਨਹੀਂ ਦਿੰਦਾ। ਜਦੋਂ ਤੱਕ ਇਸ ਦੇ ਹੱਥੋਂ ਰਿਮੋਟ ਕੰਟਰੋਲ ਫੜ ਕੇ ਟੀਵੀ ਬੰਦ ਨਾ ਕਰ ਦੇਈਏ, ਇਹ ਕੋਈ ਜਵਾਬ ਨਹੀਂ ਦਿੰਦਾ। ਇਹੀ ਕਰਨ ਲਈ ਮੈਂ ਉੱਠਦੀ ਹਾਂ। ਮੇਰੇ ਸੱਜੇ ਪੈਰ ਵਿੱਚੋਂ ਤਿੱਖੀ ਚੀਸ ਨਿਕਲਦੀ ਹੈ। ‘ਮਾਰ ਲਿਆ ਜੋੜਾਂ ਦੇ ਦਰਦਾਂ ਨੇ। ਇਹ ਉਮਰ ਕਿਤੇ ਜਵਾਕ ਸੰਭਾਲਣ ਦੀ ਹੈ।’ ਮੇਰੇ ਚਿੱਤ ਵਿੱਚ ਆਉਂਦੀ ਹੈ। ਦਿਲ ਕਰਦਾ ਹੈ ਕਿ ਵਾਪਸ ਸੋਫੇ ’ਤੇ ਬੈਠ ਜਾਵਾਂ ਤੇ ਅਰਜਨ ਨੂੰ ਆਖ ਦਿਆਂ ਕਿ ਚਿਪਸ ਚੁੱਕ ਲਿਆਵੇ, ਪਰ ਮੈਂ ਬੈਠਦੀ ਨਹੀਂ। ਸੋਫੇ ਦਾ ਸਹਾਰਾ ਲੈ ਕੇ ਪੈਰ ਨੂੰ ਥੋੜ੍ਹਾ ਉਗਾਸਦੀ ਹਾਂ ਤੇ ਫੇਰ ਅਰਜਨ ਦੇ ਸੋਫੇ ਕੋਲ ਜਾ ਕੇ ਉਸ ਦਾ ਮੋਢਾ ਹਲੂਣ ਕੇ ਉਸ ਨੂੰ ਚੌਲ ਖਾਣ ਲਈ ਆਖਦੀ ਹਾਂ।
ਟੀਵੀ ਵਿੱਚ ਅੱਖਾਂ ਗੱਡੀ ਹੀ ਉਹ ਆਖਦਾ ਹੈ, ‘‘ਭੁੱਖ ਨਹੀਂ, ਨਾਨੀ।’’
‘‘ਲੈ, ਭੁੱਖ ਕਿਉਂ ਨਹੀਂ।’’ ਆਖਦੀ ਮੈਂ ਕੌਫ਼ੀ ਟੇਬਲ ’ਤੇ ਬੈਠ ਕੇ ਚੌਲਾਂ ਵਾਲੀ ਪਲੇਟ ਚੁੱਕ ਲੈਂਦੀ ਹਾਂ ਤੇ ਚਮਚਾ ਭਰ ਕੇ ਅਰਜਨ ਦੇ ਮੂੰਹ ਕੋਲ ਕਰ ਦਿੰਦੀ ਹਾਂ। ਉਹ ਮੂੰਹ ਟੱਡ ਦਿੰਦਾ ਹੈ ਤੇ ਮੈਂ ਚਮਚਾ ਉਸ ਦੇ ਮੂੰਹ ’ਚ ਪਾ ਦਿੰਦੀ ਹਾਂ। ਉਦੋਂ ਹੀ ਬਾਹਰ ਦਰਵਾਜ਼ੇ ਦੀ ਘੰਟੀ ਖੜਕਦੀ ਹੈ। ਸਿੰਮੀ ਦੇ ਡੈਡੀ ਦਰਵਾਜ਼ਾ ਖੋਲ੍ਹਣ ਉੱਠਦੇ ਹਨ। ਨਿੱਕੀ ਅਤੇ ਉਸ ਦੇ ਦੋਵੇਂ ਨਿਆਣੇ, ਰਾਇਨ ਤੇ ਨਿਧੀ ਹਨ। ਮੈਨੂੰ ਇਸ ਤਰ੍ਹਾਂ ਅਰਜਨ ਦੇ ਮੂੰਹ ਵਿੱਚ ਚਮਚਾ ਪਾਉਂਦੀ ਦੇਖ ਨਿੱਕੀ ਆਖਦੀ ਹੈ, ‘‘ਮਾਂ, ਯੂ ਆਰ ਗੋਇੰਗ ਟੂ ਸਪੌਇਲ ਹਿਮ। ਹੀ ਇਜ਼ ਨਾਟ ਏ ਬੇਬੀ ਨਾਓ। ਹੀ ਇਜ਼ ਸੈਵਨ। ਐਂਡ ਲਿਮਟ ਹਿਜ਼ ਟੀਵੀ ਟਾਈਮ।’’
ਆਪਣੀ ਮਾਸੀ ਦੀ ਤਿੱਖੀ ਆਵਾਜ਼ ਸੁਣ ਕੇ ਅਰਜਨ ਦਾ ਚਿਹਰਾ ਮਸੋਸਿਆ ਜਾਂਦਾ ਹੈ। ਉਸ ਨੂੰ ਦੇਖ ਮੇਰੇ ਮੂੰਹੋਂ ਆਪ ਹੀ ਨਿਕਲ ਜਾਂਦਾ ਹੈ, ‘‘ਤੁਸੀਂ ਤਾਂ ਵਿਗੜੀਆਂ ਨਹੀਂ। ਰੋਟੀ ਦੀਆਂ ਬੁਰਕੀਆਂ ਲੈ ਲੈ ਮੈਂ ਥੋਡੇ ਮਗਰ ਫਿਰਦੀ ਹੁੰਦੀ ਸੀ।’’
‘‘ਓਦੋਂ ਅਸੀਂ ਸੱਤਾਂ ਸਾਲਾਂ ਦੀਆਂ ਨਹੀਂ ਸੀ ਹੁੰਦੀਆਂ।’’
‘‘ਤੇ ਟੀਵੀ ਨੂੰ ਕਿਹੜਾ ਸਾਰਾ ਦਿਨ ਸਾਹ ਲੈਣ ਦਿੰਦੀਆਂ ਸੀ।’’ ਸਿੰਮੀ ਦੇ ਡੈਡੀ ਆਖਦੇ ਹਨ।
ਸਿਰ ਮਾਰ ਕੇ ਉਹ ਕ੍ਰਿਸਮਸ ਟ੍ਰੀ ਕੋਲ ਜਾ ਖੜ੍ਹਦੀ ਹੈ ਜਿਵੇਂ ਆਖਦੀ ਹੋਵੇ ਕਿ ਤੁਸੀਂ ਨਹੀਂ ਬਦਲੋਗੇ। ਮੈਨੂੰ ਲੱਗਦਾ ਹੈ ਕਿ ਉਸ ਨੂੰ ਬੱਚਿਆਂ ਸਾਹਮਣੇ ਉਸ ਦੇ ਬਚਪਨ ਬਾਰੇ ਯਾਦ ਕਰਵਾਉਣਾ ਚੰਗਾ ਨਹੀਂ ਲੱਗਾ। ਉਹ ਆਖਦੀ ਹੈ, ‘‘ਅਰਜਨ, ਡਾਈਨਿੰਗ ਟੇਬਲ ’ਤੇ ਸਹੀ ਤਰੀਕੇ ਨਾਲ ਬੈਠ ਕੇ ਖਾਇਆ ਕਰ। ਲੇਟ ਕੇ ਖਾਣਾ ਤੇਰੀ ਸਿਹਤ ਲਈ ਠੀਕ ਨਹੀਂ। ਉੱਠ, ਮੇਰਾ ਚੰਗਾ ਪੁੱਤ।’’ ਅਰਜਨ ਅਣਮੰਨੇ ਮਨ ਨਾਲ ਉੱਠ ਕੇ ਖਾਣੇ ਵਾਲੇ ਮੇਜ਼ ’ਤੇ ਚਲਾ ਜਾਂਦਾ ਹੈ। ਰਾਇਨ ਤੇ ਨਿਧੀ ਵੀ ਉਸ ਨਾਲ ਬੈਠ ਜਾਂਦੇ ਹਨ। ਨਿੱਕੀ ਕ੍ਰਿਸਮਸ ਟ੍ਰੀ ਉੱਪਰ ਟੰਗੀਆਂ ਲੜੀਆਂ ਵੱਲ ਦੇਖਣ ਲੱਗਦੀ ਹੈ।
ਇਹ ਕ੍ਰਿਸਮਸ ਟ੍ਰੀ ਕੁਝ ਦਿਨ ਪਹਿਲਾਂ ਸਿੰਮੀ ਦੇ ਡੈਡੀ ਤੇ ਅਰਜਨ ਨੇ ਜੋੜ ਦਿੱਤਾ ਸੀ। ਤੇ ਫਿਰ ਸਜਾਵਟੀ ਬਲਬਾਂ ਤੇ ਲੜੀਆਂ ਨਾਲ ਸ਼ਿੰਗਾਰ ਦਿੱਤਾ ਸੀ। ਇਹ ਟ੍ਰੀ ਸਿੰਮੀ ਪੰਦਰਾਂ-ਸੋਲਾਂ ਸਾਲ ਪਹਿਲਾਂ ਬੌਕਸਿੰਗ ਡੇਅ ਦੀ ਸੇਲ ਤੋਂ ਲੈ ਕੇ ਆਈ ਸੀ। ਕ੍ਰਿਸਮਸ ਤੋਂ ਅਗਲੇ ਦਿਨ ਲੱਗਦੀਆਂ ਸੇਲਾਂ ਤੋਂ ਇਹ ਸਸਤੇ ਮਿਲ ਜਾਂਦੇ ਹਨ। ਸਿੰਮੀ ਪੂਰੀ ਹਿਸਾਬੀ ਸੀ। ਸੋਚ ਸੋਚ ਕੇ ਖਰਚ ਕਰਦੀ ਸੀ। ਇਹ ਟ੍ਰੀ ਵੀ ਉਮਰ ਭਰ ਦਾ ਗਹਿਣਾ ਬਣ ਗਿਆ ਹੈ। ਇਸ ਨੂੰ ਕ੍ਰਿਸਮਸ ਤੋਂ ਦਸ-ਪੰਦਰਾਂ ਦਿਨ ਪਹਿਲਾਂ ਜੋੜ ਕੇ ਫੈਮਿਲੀ ਰੂਮ ਦੇ ਕੋਨੇ ਵਿੱਚ ਰੱਖ ਦਿੰਦੇ ਹਾਂ। ਫਿਰ ਨਵੇਂ ਸਾਲ ਵਾਲੇ ਦਿਨ ਤੋਂ ਬਾਅਦ ਡੱਬੇ ’ਚ ਬੰਦ ਕਰਕੇ ਗੈਰਾਜ ’ਚ ਰੱਖ ਦਿੰਦੇ ਹਾਂ। ਪਹਿਲਾਂ ਇਹ ਕੰਮ ਸਿੰਮੀ ਤੇ ਨਿੱਕੀ ਕਰਦੀਆਂ ਸਨ। ਉਨ੍ਹਾਂ ਦੇ ਵਿਆਹਾਂ ਤੋਂ ਬਾਅਦ ਕੁਝ ਸਾਲ ਇਹ ਗੈਰਾਜ ’ਚ ਅਣ ਖੋਲ੍ਹਿਆ ਹੀ ਪਿਆ ਰਿਹਾ ਸੀ। ਹੁਣ ਪੰਜ ਕੁ ਸਾਲਾਂ ਤੋਂ, ਜਦੋਂ ਦਾ ਅਰਜਨ ਸਾਡੇ ਨਾਲ ਰਹਿਣ ਲੱਗਾ ਹੈ, ਇਹ ਕੰਮ ਸਿੰਮੀ ਦੇ ਡੈਡੀ ਕਰਨ ਲੱਗ ਪਏ ਹਨ।
‘‘ਮੰਮ, ਇਹ ਸਾਰੇ ਔਰਨਾਮੈਂਟਲ ਉਹੀ ਪੁਰਾਣੇ ਈ ਆ ਨਾ?’’ ਮੈਨੂੰ ਨਿੱਕੀ ਦੀ ਆਵਾਜ਼ ਸੁਣਦੀ ਹੈ।
‘‘ਹੋਰ ਏਨ੍ਹਾਂ ਦਾ ਕੀ ਘਸ ਜਾਣੈ। ਓਵੇਂ ਹੀ ਪਏ ਆ ਨਵਿਆਂ ਵਰਗੇ।’’
‘‘ਆਪਾਂ ਬਦਲ ਦਿੰਨੇ ਆਂ।’’
ਫਿਰ ਨਿੱਕੀ ਬੱਚਿਆਂ ਵੱਲ ਦੇਖ ਕੇ ਆਖਦੀ ਹੈ, ‘‘ਚਲੋ ਬੱਚਿਓ, ਆਪਾਂ ਮਾਲ ਚੱਲੀਏ। ਉੱਥੇ ਹੀ ਖਾਣਾ ਖਾਵਾਂਗੇ।’’
‘‘ਬਦਲਣ ਨੂੰ ਕੀ ਐ, ਨਿੱਕੀ। ਚੱਲੀ ਜਾਂਦੈ।’’ ਸਿੰਮੀ ਦੇ ਡੈਡੀ ਕਹਿੰਦੇ ਹਨ। ਪਰ ਨਿੱਕੀ ਨੇ ਸ਼ਾਇਦ ਇਹ ਸੁਣਿਆ ਨਹੀਂ ਹੈ। ਉਸ ਦਾ ਧਿਆਨ ਬੱਚਿਆਂ ਵੱਲ ਹੈ। ਨਿਧੀ ਤੇ ਰਾਇਨ , ‘ਯੇਅਅ।’’ ਕਹਿੰਦੇ ਬੁੜ੍ਹਕ ਕੇ ਕੁਰਸੀਆਂ ਤੋਂ ਉੱਠਦੇ ਹਨ। ਅਰਜਨ ਉਵੇਂ ਹੀ ਬੈਠਾ ਰਹਿੰਦਾ ਹੈ। ਨਿੱਕੀ ਉਸ ਨੂੰ ਆਖਦੀ ਹੈ, ‘‘ਚੱਲ ਉੱਠ, ਅਰਜਨ।’’
ਅਰਜਨ ਨੇ ਮੇਰੇ ਵੱਲ ਦੇਖਿਆ। ਮੈਂ ਕਿਹਾ, ‘‘ਜਾਹ, ਚਲਾ ਜਾਹ ਤੂੰ ਵੀ।’’
ਅਰਜਨ ਉੱਠ ਕੇ ਰਇਨ ਤੇ ਨਿਧੀ ਦੇ ਮਗਰ ਤੁਰ ਪੈਂਦਾ ਹੈ।
ਮੈਨੂੰ ਲੱਗਦਾ ਹੈ ਕਿ ਇਸ ਸਾਲ ਅਰਜਨ ਦੀ ਕ੍ਰਿਸਮਸ ਚੰਗੀ ਲੰਘ ਜਾਵੇਗੀ। ਪਿਛਲੇ ਸਾਲ ਇਸ ਦਾ ਡੈਡੀ ਨੀਨਾ ਨਾਲ ਹਨੀਮੂਨ ’ਤੇ ਹਵਾਈ ਗਿਆ ਹੋਇਆ ਸੀ। ਸਾਨੂੰ ਦੋਹਾਂ ਜੀਆਂ ਨੂੰ ਬਹੁਤਾ ਲੱਲ ਨਹੀਂ। ਅਸੀਂ ਅਰਜਨ ਨੂੰ ਇੱਕ ਦੋ ਖਿਡਾਉਣੇ ਲਿਆ ਦਿੱਤੇ ਤੇ ਕ੍ਰਿਸਮਸ ਤੋਂ ਪਹਿਲੀ ਸ਼ਾਮ ਉਸ ਨੂੰ ਕਾਰ ’ਚ ਬਿਠਾ ਕੇ ਬਾਹਰ ਜਗਦੀਆਂ ਬੱਤੀਆਂ ਦਿਖਾ ਲਿਆਏ। ਸਿੰਮੀ ਹੁੰਦੀ ਤਾਂ ਹੋਰ ਗੱਲ ਸੀ। ਮੇਰੇ ਮਨ ਵਿੱਚ ਵੈਰਾਗ ਭਰ ਜਾਂਦਾ ਹੈ। ਮੇਰੀ ਭੁੱਬ ਨਿਕਲ ਜਾਂਦੀ ਹੈ। ਅਰਜਨ ਦੀ ਹਾਜ਼ਰੀ ’ਚ ਆਪਣੇ ਆਪ ਨੂੰ ਘੁੱਟ ਘੁੱਟ ਕੇ ਰੱਖਦੇ ਹਾਂ। ਉਸ ਦੀ ਗੈਰ-ਹਾਜ਼ਰੀ ਵਿੱਚ ਮੈਂ ਰੱਜ ਕੇ ਆਪਣਾ ਚਿੱਤ ਹੌਲਾ ਕਰ ਲੈਂਦੀ ਹਾਂ। ਸਿੰਮੀ ਦੇ ਡੈਡੀ ਮੈਨੂੰ ਚੁੱਪ ਨਹੀਂ ਕਰਵਾਉਂਦੇ। ਉਹ ਚੁੱਪ ਕਰਕੇ ਬੈੱਡਰੂਮ ਵਿੱਚ ਚਲੇ ਜਾਂਦੇ ਹਨ। ਫਿਰ ਕੁਝ ਦੇਰ ਬਾਅਦ ਵਾਪਸ ਫੈਮਿਲੀ ਰੂਮ ’ਚ ਆ ਕੇ ਕਹਿੰਦੇ ਹਨ, ‘‘ਸੰਭਾਲ ਆਪਣੇ ਆਪ ਨੂੰ। ਅਰਜਨ ਆਉਣ ਵਾਲਾ ਹੋਣੈ।’’
ਅਰਜਨ ਹੋਰਾਂ ਦੇ ਮੁੜਨ ਤੱਕ ਮੈਂ ਆਪਣੇ ਆਪ ਨੂੰ ਸੰਭਾਲ ਲੈਂਦੀ ਹਾਂ। ਅਰਜਨ ਵੀ ਟਹਿਕਦਾ ਲੱਗਦਾ ਹੈ। ਜਿਉਂ ਹੀ ਸਿੰਮੀ ਦੇ ਡੈਡੀ ਉਨ੍ਹਾਂ ਲਈ ਬਾਹਰਲਾ ਦਰਵਾਜ਼ਾ ਖੋਲ੍ਹਦੇ ਹਨ, ਜਵਾਕ ਦੌੜ ਕੇ ਮੇਰੇ ਵੱਲ ਆਉਂਦੇ ਹਨ। ਜਿਵੇਂ ਉਨ੍ਹਾਂ ਨੇ ਮੈਨੂੰ ਪਹਿਲਾਂ ਛੋਹਣ ਦੀ ਸ਼ਰਤ ਲਾਈ ਹੋਵੇ। ਅਰਜਨ ਮੇਰੇ ਤੱਕ ਪਹਿਲਾਂ ਪਹੁੰਚ ਜਾਂਦਾ ਹੈ। ਉਹ ਮੇਰੀ ਬੁੱਕਲ ਵਿੱਚ ਵੜ ਜਾਂਦਾ ਹੈ। ‘‘ਮੇਰੀ ਨਾਨੀ ਐ।’’ ਆਖ ਕੇ ਉਹ ਮੇਰੇ ਨਾਲ ਚਿੰਬੜ ਜਾਂਦਾ ਹੈ। ਮੈਂ ਉਸ ਨੂੰ ਆਪਣੇ ਨਾਲ ਘੁੱਟ ਲੈਂਦੀ ਹਾਂ। ਕੋਲ ਖੜ੍ਹੀ ਨਿਧੀ ਵੱਲ ਮੇਰਾ ਧਿਆਨ ਨਹੀਂ ਜਾਂਦਾ। ਉਹ ਬੈਗ ਚੁੱਕੀ ਆਉਂਦੀ ਨਿੱਕੀ ਦੇ ਨਾਲ ਲੱਗ ਕੇ ਬੋਲਦੀ ਹੈ, ‘‘ਮੇਰੀ ਮੰਮੀ ਹੈ।’’ ਫਿਰ ਰਾਇਨ ਵੀ ਉਸ ਨਾਲ ਲੱਗ ਕੇ ਖੜ੍ਹ ਜਾਂਦਾ ਹੈ। ਨਿੱਕੀ ਬੈਗ ਰੱਖਦੀ ਬੋਲਦੀ ਹੈ, ‘‘ਆਓ ਬੱਚਿਓ, ਕ੍ਰਿਸਮਸ ਟ੍ਰੀ ਨੂੰ ਸਜਾਈਏ।’’ ਰਾਇਨ ਤੇ ਨਿਧੀ ਲਿਫ਼ਾਫ਼ੇ ਫਰੋਲਣ ਲੱਗਦੇ ਹਨ। ਅਰਜਨ ਮੇਰੀ ਗੋਦੀ ਵਿੱਚ ਹੀ ਬੈਠਾ ਰਹਿੰਦਾ ਹੈ। ਨਿੱਕੀ ਉਸ ਵੱਲ ਦੇਖ ਕੇ ਆਖਦੀ ਹੈ, ‘‘ਅਰਜਨ, ਤੂੰ ਨਹੀਂ ਸਾਡੀ ਮਦਦ ਕਰੇਂਗਾ? ਥੱਕ ਗਿਆ?’’ ਅਰਜਨ ਉੱਠ ਕੇ ਆਪਣੀ ਮਾਸੀ ਕੋਲ ਚਲਾ ਜਾਂਦਾ ਹੈ।
ਨਿੱਕੀ ਉਸ ਨੂੰ ਟ੍ਰੀ ਤੋਂ ਪੁਰਾਣੀਆਂ ਲੜੀਆਂ ਤੇ ਬਲਬ ਵਗੈਰਾ ਉਤਾਰਨ ਦੇ ਆਹਰ ਲਾ ਲੈਂਦੀ ਹੈ। ਫਿਰ ਨਵੀਆਂ ਲੜੀਆਂ, ਬਲਬਾਂ ਤੇ ਹੋਰ ਨਿੱਕ-ਸੁੱਕ ਵਾਲੇ ਲਿਫ਼ਾਫ਼ੇ ਆਪਣੇ ਨੇੜੇ ਕਰ ਲੈਂਦੀ ਹੈ। ਲਿਫ਼ਾਫ਼ੇ ਵਿੱਚੋਂ ਇੱਕ ਲਾਲ ਰੰਗ ਦਾ ਬਲਬ ਕੱਢਦੀ ਹੈ ਤੇ ਉਸ ਨੂੰ ਉੱਪਰ ਚੁੱਕ ਕੇ ਪੁੱਛਦੀ ਹੈ, ‘‘ਇਹ ਕਿੱਥੇ ਲੱਗੇਗਾ? ਖੱਬੇ ਪਾਸੇ? ਸੱਜੇ ਪਾਸੇ? ਉੱਪਰ ਜਾਂ ਹੇਠ?’’
ਨਿਧੀ ਛੇਤੀ ਨਾਲ ਇੱਕ ਟਾਹਣੀ ਨੂੰ ਹੱਥ ਲਾ ਕੇ ਕਹਿੰਦੀ ਹੈ, ‘‘ਐਥੇ।’’ ਨਿੱਕੀ ਉਸ ਨੂੰ ਬਲਬ ਫੜਾਉਣ ਲੱਗਦੀ ਹੈ, ਪਰ ਅਰਜਨ ਝਪਟ ਕੇ ਵਿੱਚੋਂ ਹੀ ਫੜ ਲੈਂਦਾ ਹੈ ਤੇ ਖਿੜ ਖਿੜਾਕੇ ਹੱਸ ਪੈਂਦਾ ਹੈ। ਨਿਧੀ ਮੂੰਹ ਸੁਜਾ ਲੈਂਦੀ ਹੈ। ‘‘ਅਰਜਨ, ਇਹ ਗਲਤ ਗੱਲ ਐ। ਆਪਣੀ ਵਾਰੀ ਦੀ ਉਡੀਕ ਕਰ ਤੇ ਇਹ ਬਲਬ ਨਿਧੀ ਨੂੰ ਦੇਹ।’’ ਨਿੱਕੀ ਆਖਦੀ ਹੈ। ਅਰਜਨ ਉਵੇਂ ਹੀ ਖੜ੍ਹਾ ਰਹਿੰਦਾ ਹੈ। ‘‘ਸੁਣਿਆ ਮੈਂ ਕੀ ਕਿਹਾ।’’ ਨਿੱਕੀ ਆਖਦੀ ਹੈ। ਅਰਜਨ ਮੇਰੀ ਗੋਦੀ ਵਿੱਚ ਆਣ ਬੈਠਦਾ ਹੈ। ਨਿੱਕੀ ਕੁਝ ਦੇਰ ਉਸ ਵੱਲ ਦੇਖਦੀ ਰਹਿੰਦੀ ਹੈ, ਫਿਰ ਉਸ ਨੂੰ ਮੇਰੀ ਬੁੱਕਲ ਵਿੱਚੋਂ ਕੱਢ ਕੇ ਆਪਣੇ ਨਾਲ ਘੁੱਟ ਲੈਂਦੀ ਹੈ ਤੇ ਆਖਦੀ ਹੈ, ‘‘ਤੂੰ ਮਾਸੀ ਦਾ ਪਿਆਰਾ ਪਿਆਰਾ ਬੱਚਾ ਹੈਂ। ਆਪਾਂ ਇਹ ਖੇਡ ਇਸ ਲਈ ਖੇਡਦੇ ਹਾਂ ਕਿ ਸਾਰਿਆਂ ਨੂੰ ਮਜ਼ਾ ਆਵੇ। ਇਹ ਫੇਰ ਹੀ ਆਵੇਗਾ ਜੇ ਅਸੀਂ ਸਾਰੇ ਰਲਕੇ ਖੇਡਾਂਗੇ। ਚੱਲ ਆ ਟ੍ਰੀ ਸਜਾਈਏ।’’ ਅਰਜਨ ਬਲਬ ਨਿਧੀ ਨੂੰ ਫੜਾ ਦਿੰਦਾ ਹੈ ਤੇ ਉਹ ਟਾਹਣੀ ਨਾਲ ਟੰਗ ਦਿੰਦੀ ਹੈ। ਹੌਲੀ-ਹੌਲੀ ਅਰਜਨ ਵੀ ਇਸ ਖੇਡ ਵਿੱਚ ਹਿੱਸਾ ਲੈਣ ਲੱਗਦਾ ਹੈ। ਉਹ ਇਸ ਖੇਡ ਵਿੱਚ ਘੰਟੇ ਤੋਂ ਵੱਧ ਸਮਾਂ ਲਾ ਦਿੰਦੇ ਹਨ। ਸਾਥੋਂ ਇਹ ਲੱਲ ਕਿੱਥੇ ਹੁੰਦੇ ਆ। ਸਿੰਮੀ ਦੇ ਡੈਡੀ ਤਾਂ ਪੰਜਾਂ ਮਿੰਟਾਂ ’ਚ ਸਾਰੀ ਸਜਾਵਟ ਦਾ ਸਾਮਾਨ ਟੰਗ ਦਿੰਦੇ ਹਨ।
ਫਿਰ ਖੜ੍ਹੀ ਹੁੰਦੀ ਨਿੱਕੀ ਆਖਦੀ ਹੈ, ‘‘ਚੱਲੋ ਬੱਚਿਓ, ਚੱਲੀਏ। ਕੱਲ੍ਹ ਨੂੰ ਅਰਜਨ ਨੇ ਸਕੂਲ ਵੀ ਜਾਣਾ ਹੈ। ਏਹਨੂੰ ਆਪਾਂ ਸੌਣ ਦੇਈਏ।’’
ਨਿਧੀ ਤੇ ਰਾਇਨ ਆਪਣੀਆਂ ਜੈਕਟਾਂ ਪਾਉਣ ਲੱਗਦੇ ਹਨ। ਅਰਜਨ ਉਨ੍ਹਾਂ ਤੋਂ ਪੁੱਛਦਾ ਹੈ, ‘‘ਤੁਸੀਂ ਅੱਜ ਇੱਥੇ ਨਹੀਂ ਸੌਂ ਸਕਦੇ?’’
ਨਿਧੀ ਹੱਥ ਦਾ ਓਹਲਾ ਬਣਾਕੇ ਉਸ ਦੇ ਕੰਨ ਕੋਲ ਮੂੰਹ ਕਰਕੇ ਆਖਦੀ ਹੈ, ‘‘ਮੇਰੀ ਮਾਂ ਨੂੰ ਪੁੱਛ ਲੈ।’’ ਇਹ ਗੱਲ ਮੈਨੂੰ ਵੀ ਸੁਣ ਜਾਂਦੀ ਹੈ। ਅਰਜਨ ਆਪਣੀ ਮਾਸੀ ਵੱਲ ਦੇਖਦਾ ਹੈ, ਪਰ ਮੂੰਹੋਂ ਕੁਝ ਨਹੀਂ ਬੋਲਦਾ। ਨਿੱਕੀ ਹੀ ਆਖਦੀ ਹੈ, ‘‘ਅਸੀਂ ਕ੍ਰਿਸਮਸ ਈਵ ਵਾਲੀ ਰਾਤ ਇੱਥੇ ਰਹਾਂਗੇ। ਫਿਰ ਕ੍ਰਿਸਮਸ ਵਾਲੇ ਦਿਨ ਸਾਰੇ ਰਲ ਮਿਲਕੇ ਤੋਹਫੇ ਖੋਲ੍ਹਾਂਗੇ। ਠੀਕ ਐ?’’ ਫਿਰ ਅਰਜਨ ਨੂੰ ਆਪਣੇ ਨਾਲ ਘੁੱਟਦੀ ਆਖਦੀ ਹੈ, ‘‘ਕੱਲ੍ਹ ਨੂੰ ਤੇਰੇ ਸਕੂਲ ਕ੍ਰਿਸਮਸ ਕਨਸਰਟ ’ਤੇ ਆਵਾਂਗੇ। ਠੀਕ ਹੈ? ਚੇਤੇ ਐ ਕਿ ਕੱਲ੍ਹ ਤੋਂ ਸੋਫੇ ’ਤੇ ਬੈਠ ਕੇ ਟੀਵੀ ਦੇਖਦਿਆਂ ਖਾਣਾ ਨਹੀਂ ਖਾਣਾ।’’
ਅਰਜਨ ਇਸ ਦਾ ਜਵਾਬ ‘‘ਓਕੇ’’ ਆਖ ਕੇ ਦਿੰਦਾ ਹੈ।
ਅਗਲੀ ਸਵੇਰ ਉਹ ਸੱਚਮੁੱਚ ਹੀ ਸਕੂਲ ਜਾਣ ਤੋਂ ਪਹਿਲਾਂ ਖਾਣੇ ਵਾਲੇ ਮੇਜ਼ ਦੁਆਲੇ ਡੱਠੀ ਕੁਰਸੀ ’ਤੇ ਬੈਠ ਕੇ ਆਖਦਾ ਹੈ, ‘‘ਨਾਨੀ, ਮੇਰੇ ਸੀਰੀਅਲ ਇੱਥੇ ਲਿਆ ਦਿਓਗੇ?’’
ਤੇ ਸਕੂਲੋਂ ਵਾਪਸ ਮੁੜ ਕੇ ਵੀ ਉੱਥੇ ਹੀ ਬੈਠ ਜਾਂਦਾ ਹੈ।
‘‘ਲੈ ਬਈ ਏਹਨੂੰ ਦੁੱਧ ਦੇ ਨਾਲ ਕੁੱਕੀਆਂ ਦੇ। ਰਾਹ ’ਚ ਮੈਨੂੰ ਕਹਿੰਦਾ ਕਿ ਇਹ ਅੱਜ ਤੋਂ ਸਕੂਲੋਂ ਮੁੜਣ ਸਾਰ ਪਹਿਲਾਂ ਦੁੱਧ ਨਾਲ ਕੁੱਕੀਆਂ ਖਾਇਆ ਕਰੇਗਾ, ਫਿਰ ਟੀਵੀ ’ਤੇ ਸਿਰਫ਼ ਦੋ ਸ਼ੋਅ ਹੀ ਦੇਖਿਆ ਕਰੇਗਾ।’’ ਅਰਜਨ ਦੇ ਮਗਰ ਮਗਰ ਆਉਂਦੇ ਸਿੰਮੀ ਦੇ ਡੈਡੀ ਆਖਦੇ ਹਨ। ਅਰਜਨ ਨੂੰ ਸਕੂਲ ਛੱਡਣ ਤੇ ਲਿਆਉਣ ਦਾ ਕੰਮ ਉਨ੍ਹਾਂ ਦਾ ਹੈ।
ਅਰਜਨ ਹਾਲੇ ਦੁੱਧ ਦਾ ਗਿਲਾਸ ਖਾਲੀ ਕਰਦਾ ਹੀ ਹੈ ਕਿ ਨਿੱਕੀ ਤੇ ਉਸ ਦੇ ਨਿਆਣੇ ਆ ਜਾਂਦੇ ਹਨ। ਆਉਂਦਿਆਂ ਹੀ ਅਰਜਨ ਤੋਂ ਨਿੱਕੀ ਪੁੱਛਦੀ ਹੈ, ‘‘ਤੈਨੂੰ ਕ੍ਰਿਸਮਸ ਪਾਰਟੀ ਦਾ ਚਾਅ ਹੈ?’’
‘‘ਹਾਂ ਜੀ।’’ ਅਰਜਨ ਜਵਾਬ ਦਿੰਦਾ ਹੈ।
ਪਿਛਲੇ ਸਾਲ ਅਰਜਨ ਕ੍ਰਿਸਮਸ ਪਾਰਟੀ ’ਤੇ ਗਿਆ ਹੀ ਨਹੀਂ ਸੀ। ਨਾ ਜਾਣ ਲਈ ਵੀਹਰ ਗਿਆ ਸੀ। ਸਿੰਮੀ ਦੇ ਡੈਡੀ ਕਹਿੰਦੇ, ‘‘ਦਫਾ ਕਰ ਜੇ ਨਹੀਂ ਜਾਂਦਾ ਤਾਂ ਨਾ ਸਹੀ।’’ ਇਸ ਸਾਲ ਵੀ ਕਹਿੰਦਾ ਸੀ ਕਿ ਨਹੀਂ ਜਾਣਾ, ਪਰ ਕ੍ਰਿਸਮਸ ਟ੍ਰੀ ਲਈ ਸਜਾਵਟ ਦਾ ਸਾਮਾਨ ਲੈਣ ਗਿਆਂ ਤੋਂ ਨਿੱਕੀ ਨੇ ਪਤਾ ਨਹੀਂ ਕੀ ਸਮਝਾਇਆ ਕਿ ਮੰਨ ਗਿਆ। ਨਿੱਕੀ ਇਸ ਲਈ ਨਵੇਂ ਕੱਪੜੇ ਵੀ ਲੈ ਆਈ ਸੀ। ਨਿੱਕੀ ਇਸ ਨੂੰ ਤਿਆਰ ਕਰ ਕੇ ਸਿਰ ’ਤੇ ਲਾਲ ਰੰਗ ਦੀ ਟੂਕ ਦੇ ਦਿੰਦੀ ਹੈ। ਅਰਜਨ ਦੇ ਖਿੜ੍ਹੇ ਚਿਹਰੇ ਨੂੰ ਦੇਖ ਕੇ ਮੇਰੇ ਅੰਦਰੋਂ ਹੂਕ ਨਿਕਲਦੀ ਹੈ। ਸਿੰਮੀ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗਦੀ ਹੈ। ਮੇਰੀਆਂ ਅੱਖਾਂ ਨਮ ਹੋਣ ਲੱਗਦੀਆਂ ਹਨ। ਮੈਂ ਰਸੋਈ ਵੱਲ ਚਲੀ ਜਾਂਦੀ ਹਾਂ।
ਸਕੂਲ ਦੇ ਜਿੰਮ ਵਿੱਚ ਕ੍ਰਿਸਮਸ ਪਾਰਟੀ ਰੱਖੀ ਹੋਈ ਹੈ। ਪਹਿਲਾਂ ਕੱਚੀ ਤੇ ਫੇਰ ਪਹਿਲੀ ਜਮਾਤ ਦੇ ਜਵਾਕ ਇੱਕ ਸੁਰ ਵਿੱਚ ਗੀਤ ਗਾਉਂਦੇ ਹਨ। ‘‘ਕੱਠੇ ਗਾਉਂਦੇ ਜਵਾਕ ਕਿੰਨੇ ਸੋਹਣੇ ਲੱਗਦੇ ਆ।’’ ਸਿੰਮੀ ਦੇ ਡੈਡੀ ਆਖਦੇ ਹਨ। ਇਹ ਸਿੰਮੀ ਤੇ ਨਿੱਕੀ ਦੇ ਸਕੂਲੀ ਦਿਨਾਂ ਵੇਲੇ ਕਦੇ ਵੀ ਸਕੂਲ ਨਹੀਂ ਸੀ ਗਏ। ਆਪਣੇ ਕੰਮ ਵਿੱਚ ਹੀ ਰੁੱਝੇ ਰਹਿੰਦੇ। ਮੈਂ ਕਈ ਵਾਰੀ ਚਲੀ ਜਾਂਦੀ। ਸਟੇਜ ’ਤੇ ਗਾਉਂਦੇ ਜਵਾਕਾਂ ਵਿੱਚੋਂ ਇੱਕ ਮੂਹਰੇ ਖੜ੍ਹੀ ਕੁੜੀ ਵੱਲ ਦੇਖ ਕੇ ਮੈਨੂੰ ਸਿੰਮੀ ਦਾ ਝਾਉਲਾ ਪੈਂਦਾ ਹੈ। ਉਹ ਵੀ ਹਰ ਕੰਮ ’ਚ ਮੂਹਰੇ ਹੁੰਦੀ। ਸੰਗਦੀ ਨਹੀਂ ਸੀ। ਮੇਰੀ ਬਾਂਹ ਝੰਜੋੜ ਕੇ ਨਾਲ ਬੈਠੀ ਨਿਧੀ ਮੈਨੂੰ ਸੋਚਾਂ ’ਚੋਂ ਕੱਢਦੀ ਹੈ। ‘‘ਨਾਨੀ, ਓਹ ਦੇਖੋ ਅਰਜਨ ਕਿਸੇ ਕੁੜੀ ਨੂੰ ਤੰਗ ਕਰੀ ਜਾਂਦੈ।’’ ਮੈਂ ਸਟੇਜ ਵੱਲ ਦੇਖਦੀ ਹਾਂ। ਅਰਜਨ ਸਾਰਿਆਂ ਨਾਲੋਂ ਪਿਛਲੀ ਕਤਾਰ ਵਿੱਚ ਖੜ੍ਹਾ ਹੈ। ਉਹ ਆਪਣੇ ਮੂਹਰਲੀ ਲਾਈਨ ਵਿੱਚ ਖੜ੍ਹੀ ਕੁੜੀ ਦੀ ਗੁੱਤ ਨੂੰ ਛੇੜ ਰਿਹਾ ਹੈ। ਕੁੜੀ ਆਪਣੀ ਗੁੱਤ ਅੱਗੇ ਕਰ ਲੈਂਦੀ ਹੈ। ਬੱਚੇ ਗਾਉਣ ਲੱਗਦੇ ਹਨ:
ਜਿੰਗਲ ਬੈੱਲਜ਼, ਜਿੰਗਲ ਬੈੱਲਜ਼, ਜਿੰਗਲ ਆਲ ਦਾ ਵੇਅ—
ਇਹ ਲਾਈਨਾਂ ਤਾਂ ਮੈਨੂੰ ਵੀ ਯਾਦ ਹੋ ਗਈਆਂ ਹਨ। ਸਿੰਮੀ ਤੇ ਨਿੱਕੀ ਵੀ ਛੋਟੀਆਂ ਹੁੰਦੀਆਂ ਆਮ ਹੀ ਗਾਉਂਦੀਆਂ ਹੁੰਦੀਆਂ ਸਨ।
ਮੇਰੀ ਨਿਗ੍ਹਾ ਅਰਜਨ ’ਤੇ ਹੈ। ਉਸ ਦਾ ਧਿਆਨ ਗਾਉਣ ਵੱਲ ਨਹੀਂ ਹੈ। ਉਹ ਵੀਡੀਓ ਬਣਾ ਰਹੀ ਨਿੱਕੀ ਨੂੰ ਸੈਨਤਾਂ ਕਰ ਰਿਹਾ ਹੈ।
ਨਿੱਕੀ ਵਾਪਸੀ ਵੇਲੇ ਅਰਜਨ ਨੂੰ ਆਖਦੀ ਹੈ, ‘‘ਅਰਜਨ, ਦੂਜਿਆਂ ਨੂੰ ਤੰਗ ਨਾ ਕਰਿਆ ਕਰ। ਟੀਚਰ ਦੀ ਗੱਲ ਸੁਣਿਆ ਕਰ।’’ ਫਿਰ ਉਹ ਇੱਕ ਕਦਮ ਅੱਗੇ ਤੁਰ ਰਹੇ ਆਪਣੇ ਡੈਡੀ ਨੂੰ ਆਖਦੀ ਹੈ, ‘‘ਡੈਡ, ਇਸ ਨੂੰ ਸਾਕਰ ਵਗੈਰਾ ਦੀ ਟੀਮ ਵਿੱਚ ਪਾਓ। ਦੂਜਿਆਂ ਨਾਲ ਰਲ ਕੇ ਰਹਿਣਾ ਸਿੱਖੇਗਾ।’’
‘‘ਕੋਈ ਨਹੀਂ ਵੱਡਾ ਹੋ ਕੇ ਸਿੱਖ ਜਾਵੇਗਾ, ਜਵਾਕ ਚੌੜ ਕਰਦੇ ਈ ਹੁੰਦੇ ਆ।’’ ਉਸ ਦੇ ਡੈਡੀ ਜਵਾਬ ਦਿੰਦੇ ਹਨ। ਮੈਨੂੰ ਵੀ ਇਵੇਂ ਹੀ ਲੱਗਦਾ ਹੈ। ਅਰਜਨ ਦੀ ਟੀਚਰ ਨੇ ਵੀ ਕਈ ਵਾਰੀ ਉਲਾਂਭੇ ਦਿੱਤੇ ਹਨ ਕਿ ਇਹ ਇਲਤਾਂ ਕਰਦੈ। ਚੁੱਪ ਕਰਕੇ ਨਹੀਂ ਬੈਠਦਾ। ਇੱਕ ਵਾਰੀ ਚਿੱਤ ਵਿੱਚ ਆਈ ਕਿ ਅਰਜਨ ਦੇ ਡੈਡੀ ਨੂੰ ਆਖ ਦਿਆਂ ਕਿ ਇੱਕ ਦਿਨ ਸਕੂਲ ਜਾ ਆਵੇ, ਫਿਰ ਸੋਚਿਆ ਕਿ ਐਵੇਂ ਜਵਾਕ ਨੂੰ ਝਿੜਕੇ ਨਾ। ਉਨ੍ਹਾਂ ਦਾ ਘਰ ਤਾਂ ਬਹੁਤਾ ਦੂਰ ਨਹੀਂ, ਪਰ ਉਸ ਦਾ ਕੰਮ ਹੀ ਅਜਿਹਾ ਹੈ ਕਿ ਉਸ ਨੂੰ ਵਿਹਲ ਹੀ ਨਹੀਂ ਮਿਲਦੀ। ਟੂਰਾਂ ’ਤੇ ਰਹਿੰਦਾ ਹੈ। ਮੈਂ ਆਪ ਸਕੂਲ ਜਾ ਆਈ। ਆਖ ਆਈ ਕਿ ਅਗਾਂਹ ਤੋਂ ਨਹੀਂ ਕਰਦਾ ਕਿਸੇ ਨੂੰ ਤੰਗ। ਪੁੱਛਣ ਵਾਲਾ ਹੋਵੇ ਬਈ ਤੁਸੀਂ ਕਾਹਦੀ ਤਨਖਾਹ ਲੈਨੀਆਂ ਜੇ ਜਵਾਕਾਂ ਨੂੰ ਚੁੱਪ ਕਰਕੇ ਬਿਠਾਉਣ ਲਈ ਮਾਪੇ ਹੀ ਸਕੂਲ ਆਉਣ।
ਨਿੱਕੀ ਜਵਾਕਾਂ ਵੱਲ ਮੂੰਹ ਕਰਕੇ ਆਖਦੀ ਹੈ, ‘‘ਚਲੋ ਬੱਚਿਓ, ਆਪਾਂ ਆਈਸ ਰੈਂਕ ਸਕੇਟਿੰਗ ਕਰਨ ਚੱਲਦੇ ਹਾਂ। ਕੱਲ੍ਹ ਨੂੰ ਤਾਂ ਅਰਜਨ ਨੇ ਵੀ ਸਕੂਲ ਨਹੀਂ ਜਾਣਾ।’’
‘‘ਹੁਣ ਲੇਟ ਨਹੀਂ?’’ ਮੈਂ ਪੁੱਛਦੀ ਹਾਂ।
‘‘ਕੋਈ ਲੇਟ ਨਹੀਂ। ਆਈਸ ਰੈਂਕ ਦਸ ਵਜੇ ਤੱਕ ਖੁੱਲ੍ਹੇ ਹੁੰਦੇ ਆ। ਹਾਲੇ ਤਾਂ ਅੱਠ ਹੀ ਵੱਜੇ ਆ।’’ ਨਿੱਕੀ ਦੱਸਦੀ ਹੈ।
ਰਾਇਨ ਤੇ ਨਿਧੀ ਟੱਪਣ ਲੱਗਦੇ ਹਨ। ‘‘ਚਲੋ, ਚੱਲੀਏ। ਚਲੋ ਚੱਲੀਏ।’’ ਨਿੱਕੀ ਤਿੰਨਾਂ ਜਵਾਕਾਂ ਨੂੰ ਲੈ ਕੇ ਚਲੀ ਜਾਂਦੀ ਹੈ। ਫਿਰ ਰਾਤ ਨੂੰ ਅਰਜਨ ਨੂੰ ਛੱਡ ਕੇ ਆਪਣੇ ਸਹੁਰਿਆਂ ਦੇ ਘਰ ਚਲੀ ਜਾਂਦੀ ਹੈ।
ਅਗਲੀ ਸਵੇਰ ਮੈਂ ਦਾਲਾਂ ਸਬਜ਼ੀਆਂ ਬਣਾਉਣ ਵਿਚ ਰੁੱਝ ਜਾਂਦੀ ਹਾਂ। ਸਵੇਰੇ ਉੱਠਣ ਸਾਰ ਹੀ ਜੋੜਾਂ ਦੇ ਦਰਦ ਤੋਂ ਦਵਾਈ ਲੈ ਲੈਂਦੀ ਹਾਂ। ਨਿੱਕੀ ਚਾਹੁੰਦੀ ਹੈ ਕਿ ਉਹ ਆਪਣੇ ਸਹੁਰੇ-ਪੇਕੇ ਸਾਰੇ ਪਰਿਵਾਰਾਂ ਨਾਲ ਇਕੱਠੀ ਹੀ ਕ੍ਰਿਸਮਸ ਮਨਾਵੇ। ਪੇਕੇ ’ਚੋਂ ਤਾਂ ਅਸੀਂ ਹੀ ਹਾਂ ਜਾਂ ਅਰਜਨ ਦਾ ਡੈਡੀ ਤੇ ਨੀਨਾ ਆਉਣਗੇ। ਨਿੱਕੀ ਦੇ ਸਹੁਰਿਆਂ ’ਚੋਂ ਕਈ ਪਰਿਵਾਰ ਹਨ; ਦਰਾਣੀ, ਜਠਾਣੀ ਤੇ ਦੋ ਨਣਾਣਾਂ ਦੇ ਪਰਿਵਾਰ। ਕਿੰਨੇ ਸਾਲਾ ਬਾਅਦ ਘਰ ਵਿੱਚ ਕੋਈ ਪਾਰਟੀ ਰੱਖੀ ਹੈ। ਮੈਂ ਖਿੱਚ ਧੂਹ ਕਰਕੇ ਦੋ ਸਬਜ਼ੀਆਂ ਤੇ ਦਾਲ ਬਣਾ ਲੈਂਦੀ ਹਾਂ। ਅਰਜਨ ਦੇਰ ਨਾਲ ਉੱਠਦਾ ਹੈ। ਸੀਰੀਅਲ ਖਾਂਦਾ ਹੈ। ਫਿਰ ਕੁਝ ਦੇਰ ਟੀਵੀ ਦੇਖਦਾ ਹੈ। ਫਿਰ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੈ। ਚਾਰ ਕੁ ਵਜੇ ਨਿੱਕੀ ਆ ਜਾਂਦੀ ਹੈ। ਉਹ ਵੀ ਖਾਣੇ ਲਈ ਕਈ ਕੁਝ ਬਣਾ ਲਿਆਈ ਹੈ। ਪ੍ਰਾਹੁਣੇ ਆਉਣ ਲੱਗਦੇ ਹਨ। ਜਦੋਂ ਵੀ ਬਾਹਰਲੇ ਦਰਵਾਜ਼ੇ ਦੀ ਘੰਟੀ ਖੜਕਦੀ ਹੈ, ਅਰਜਨ ਭੱਜ ਕੇ ਦਰਵਾਜ਼ਾ ਖੋਲ੍ਹਣ ਜਾਂਦਾ ਹੈ। ਜਦੋਂ ਹਰ ਵਾਰ ਦਰਵਾਜ਼ਾ ਖੁੱਲ੍ਹਦਾ ਹੈ, ਮੈਨੂੰ ਲੱਗਦਾ ਹੈ ਕਿ ਸਿੰਮੀ ਆਪਣੇ ਖਿੜੇ ਚਿਹਰੇ ਨਾਲ ਦੂਰੋਂ ਹੀ ਬਾਹਾਂ ਫੈਲਾਉਂਦੀ ਮੇਰੇ ਵੱਲ ਆਵੇਗੀ। ਪਰ ਸਿੰਮੀ ਨੇ ਕਿੱਥੋਂ ਆਉਣਾ ਸੀ! ਮੇਰਾ ਮਨ ਬੁਝ ਜਾਂਦਾ ਹੈ। ਮੈਂ ਅਰਜਨ ਵੱਲ ਦੇਖਦੀ ਹਾਂ, ਉਹ ਆਪਣੇ ਡੈਡੀ ਦੀਆਂ ਬਾਹਾਂ ਵਿੱਚ ਹੈ। ਉਸ ਦਾ ਡੈਡੀ ਆਖ ਰਿਹਾ ਹੈ, ‘‘ਸੌਰੀ ਬੱਡ, ਮੈਂ ਕੱਲ੍ਹ ਤੇਰੀ ਕ੍ਰਿਸਮਸ ਪਾਰਟੀ ’ਤੇ ਨਹੀਂ ਪਹੁੰਚ ਸਕਿਆ।’’ ਅਰਜਨ ਉਸ ਵੱਲ ਨਹੀਂ ਦੇਖ ਰਿਹਾ। ਉਹ ਨੀਨਾ ਦੇ ਹੱਥ ਵਿੱਚ ਫੜੇ ਡੱਬੇ ਵੱਲ ਦੇਖ ਰਿਹਾ ਹੈ। ਨੀਨਾ ਉਸ ਨੂੰ ਡੱਬਾ ਫੜਾ ਕੇ ਉਸ ਦੀ ਗੱਲ੍ਹ ਚੁੰਮ ਲੈਂਦੀ ਹੈ। ਅਰਜਨ ਡੱਬਾ ਲੈ ਕੇ ਆਪਣੇ ਕਮਰੇ ਵੱਲ ਭੱਜ ਜਾਂਦਾ ਹੈ।
ਪ੍ਰਾਹੁਣਿਆਂ ਦੀ ਸੇਵਾ ਦਾ ਕੰਮ ਨਿੱਕੀ ਤੇ ਨੀਨਾ ਸੰਭਾਲ ਲੈਂਦੀਆਂ ਹਨ। ਸਨੈਕ ਖਾਣ ਤੋਂ ਬਾਅਦ ਵੀ ਕੁੜੀਆਂ ਖਾਣੇ ਵਾਲੇ ਮੇਜ਼ ਦੁਆਲੇ ਬੈਠੀਆਂ ਰਹਿੰਦੀਆਂ ਹਨ। ਮੈਂ ਫੈਮਿਲੀ ਰੂਮ ਵਿੱਚ ਬੈਠ ਜਾਂਦੀ ਹਾਂ। ਸਵੇਰ ਦੀ ਕੰਮ ਕਰਦੀ ਥੱਕ ਗਈ ਹਾਂ। ਬੱਚੇ ਅਰਜਨ ਦੇ ਕਮਰੇ ਵਿੱਚ ਚਲੇ ਗਏ ਹਨ। ‘ਅਰਜਨ ਕਿਤੇ ਇੱਲਤਾਂ ਨਾ ਕਰਦਾ ਹੋਵੇ। ਇੱਕ ਵਾਰ ਜਾ ਕੇ ਦੇਖ ਨਾ ਆਵਾਂ।’ ਮੇਰੇ ਚਿੱਤ ਵਿੱਚ ਆਉਂਦੀ ਹੈ, ਪਰ ਉੱਠਣ ਦੀ ਹਿੰਮਤ ਨਹੀਂ ਪੈਂਦੀ। ਮੈਨੂੰ ਕਿਸੇ ਕੁੜੀ ਦੀ ਉੱਚੀ ਹੱਸਣ ਦੀ ਆਵਾਜ਼ ਸੁਣਦੀ ਹੈ। ਮੈਨੂੰ ਲੱਗਦਾ ਹੈ ਜਿਵੇਂ ਇਹ ਸਿੰਮੀ ਹੋਵੇ। ਮੈਂ ਅਚੇਤ ਹੀ ਹੱਸਣ ਵਾਲੀ ਵੱਲ ਦੇਖਦੀ ਹਾਂ। ਨਿੱਕੀ ਦੀ ਨਣਦ ਹੈ। ਸਿੰਮੀ ਵੀ ਏਨਾਂ ਉੱਚੀ ਹੀ ਖੁੱਲ੍ਹ ਕੇ ਹੱਸਦੀ ਸੀ। ਰੌਣਕ ਲਾ ਦਿੰਦੀ ਸੀ। ਹਾਸੇ ਬਖੇਰ ਦਿੰਦੀ ਸੀ। ਮੇਰੀ ਨਜ਼ਰ ਆਪ ਮੁਹਾਰੇ ਹੀ ਕੰਧ ’ਤੇ ਲਟਕਦੀ ਤਸਵੀਰ ’ਤੇ ਚਲੀ ਜਾਂਦੀ ਹੈ। ਦੋਵੇਂ ਭੈਣਾਂ ਦੀਆਂ ਗ੍ਰੈਜੂਏਸ਼ਨ ਵੇਲੇ ਦੀਆਂ ਫੋਟੋਆਂ ਨਾਲ ਨਾਲ ਟੰਗੀਆਂ ਹੋਈਆਂ ਹਨ। ਦੋਵਾਂ ਦੇ ਚਿਹਰੇ ਖਿੜ੍ਹੇ ਹੋਏ ਹਨ। ਜੀਅ ਕਰਦਾ ਹੈ ਕਿ ਇਨ੍ਹਾਂ ਫੋਟੋਆਂ ਵੱਲ ਦੇਖੀ ਜਾਓ। ਇੱਕ ਦਿਨ ਇਸ ਤਰ੍ਹਾਂ ਦੇਖਦੀ ਨੂੰ ਅਰਜਨ ਕਹਿੰਦਾ ਕਿ ਨਾਨੀ ਮਾਂ ਤੁਸੀਂ ਇਸ ਫੋਟੋ ਵੱਲ ਕਿਉਂ ਦੇਖਦੇ ਰਹਿੰਦੇ ਹੋ। ਮੈਂ ਕੀ ਜਵਾਬ ਦਿੰਦੀ! ਮੈਂ ਆਖ ਦਿੱਤਾ ਕਿ ਪਤਾ ਨਹੀਂ ਮੇਰੀ ਧੀ ਨੂੰ ਬਾਬਾ ਜੀ ਆਪਣੇ ਕੋਲ ਐਡੀ ਛੇਤੀ ਕਿਉਂ ਲੈ ਗਏ। ਅਰਜਨ ਬੋਲਿਆ, ‘‘ਉਸ ਨੂੰ ਕੈਂਸਰ ਸੀ, ਨਾਨੀ।’’ ਮੈਂ ਹੈਰਾਨ ਹੋ ਗਈ। ਇਸ ਨੂੰ ਸਿੰਮੀ ਬਾਰੇ ਅਸੀਂ ਦੋਹੇਂ ਜੀਅ ਤਾਂ ‘ਬਾਬਾ ਜੀ ਆਪਣੇ ਕੋਲ ਲੈ ਗਏ’ ਦੱਸਦੇ ਰਹੇ ਸੀ। ਸੋਚਦੇ ਸੀ ਕਿ ਨਿਆਣਾ ਹੈ। ਵੱਡਾ ਹੋ ਕੇ ਆਪੇ ਸਮਝ ਜਾਵੇਗਾ, ਪਰ ਇਸ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ ਸੀ। ਮੇਰੀਆਂ ਅੱਖਾਂ ਭਰ ਆਈਆਂ। ਅਰਜਨ ਬੋਲਿਆ, ‘‘ਨਾਨੀ, ਰੋ ਨਾ। ਮੈਂ ਤੇਰੇ ਕੋਲ ਹਾਂ। ਵੱਡਾ ਹੋ ਕੇ ਤੇਰੀ ਲੁੱਕ ਆਫਟਰ ਕਰਿਆ ਕਰੂੰਗਾ।’’ ਮੈਂ ਅਰਜਨ ਨੂੰ ਆਪਣੀ ਬੁੱਕਲ ਵਿੱਚ ਘੁੱਟ ਲਿਆ। ਫੋਟੋ ਵੱਲ ਦੇਖਦੀ ਦੀਆਂ ਮੇਰੀਆਂ ਅੱਖਾਂ ਭਰਨ ਲੱਗਦੀਆਂ ਹਨ। ਮੇਰਾ ਰੋਣ ਨਾ ਨਿਕਲ ਜਾਵੇ, ਇਸ ਲਈ ਆਪਣਾ ਧਿਆਨ ਪਾਸੇ ਲਾਉਣ ਲਈ ਮੈਂ ਉੱਠ ਖੜ੍ਹਦੀ ਹਾਂ। ਰਸੋਈ ਵਿੱਚ ਚਲੀ ਜਾਂਦੀ ਹਾਂ। ਚਿੱਤ ਕਾਹਲਾ ਪੈਣ ਲੱਗਦਾ ਹੈ। ਜੀਅ ਕਰਦਾ ਹੈ ਕਿ ਕਿਹੜਾ ਵੇਲਾ ਹੋਵੇ ਤੇ ਪ੍ਰਾਹੁਣੇ ਘਰੋਂ ਤੁਰ ਜਾਣ।
ਆਖਰ ਰੋਟੀ ਖਾ ਕੇ ਪ੍ਰਾਹੁਣੇ ਜਾਣ ਲੱਗਦੇ ਹਨ। ਨਿੱਕੀ ਅਤੇ ਬੱਚੇ ਰਹਿ ਪੈਂਦੇ ਹਨ। ਕ੍ਰਿਸਮਸ ਟ੍ਰੀ ਦੇ ਨੇੜੇ ਹੀ ਉਨ੍ਹਾਂ ਨੇ ਗਦੈਲੇ ਵਿਛਾਅ ਲਏ ਹਨ। ਨਿੱਕੀ ਜਵਾਕਾਂ ਨਾਲ ਜਵਾਕਾਂ ਵਰਗੀ ਹੋ ਗਈ ਹੈ। ਉਹ ਉੱਚੀ-ਉੱਚੀ ਉਹੀ ਗੀਤ ਗਾਉਣ ਲੱਗਦੇ ਹਨ, ਜਿਹੜੇ ਗੀਤ ਸਕੂਲ ਵਿੱਚ ਜਵਾਕ ਗਾਉਂਦੇ ਸਨ। ਫਿਰ ਨਿੱਕੀ ਆਖਦੀ ਹੈ, ‘‘ਜਿਹੜਾ, ਜ਼ਿਆਦਾ ਉੱਚੀ ਗਾਊ, ਸੈਂਟਾ ਕਲਾਜ਼ ਉਸ ਲਈ ਜ਼ਿਆਦਾ ਤੋਹਫੇ ਰੱਖ ਕੇ ਜਾਊ।’’ ਉਹ ਹੋਰ ਉੱਚੀ ਗਾਉਣ ਲੱਗਦੇ ਹਨ। ਮੈਂ ਉਨ੍ਹਾਂ ਕੋਲ ਬੈਠੀ ਰਹਿੰਦੀ ਹਾਂ। ਨਿੱਕੀ ਨੇ ਮੇਰੀ ਡਿਊਟੀ ਲਾਈ ਹੋਈ ਹੈ ਕਿ ਜਦੋਂ ਨਿਆਣੇ ਸੌਂ ਗਏ, ਤੋਹਫਿਆਂ ਵਾਲੇ ਸਾਰੇ ਡੱਬੇ ਲਿਆ ਕੇ ਕ੍ਰਿਸਮਸ ਟ੍ਰੀ ਹੇਠ ਰੱਖਣੇ ਹਨ। ਫਿਰ ਗੀਤ ਗਾਉਣੇ ਰੋਕ ਕੇ ਨਿੱਕੀ ਉੱਠਦੀ ਹੈ ਤੇ ਦੁੱਧ ਦਾ ਗਿਲਾਸ ਤੇ ਕੁਝ ਕੁੱਕੀਆਂ ਪਲੇਟ ਵਿੱਚ ਰੱਖ ਕੇ ਕ੍ਰਿਸਮਸ ਟ੍ਰੀ ਦੇ ਨਾਲ ਹੀ ਬਣੀ ਹੋਈ ਫਾਇਰ ਪਲੇਸ ਕੋਲ ਰੱਖ ਦਿੰਦੀ ਹੈ ਤੇ ਆਖਦੀ ਹੈ, ‘‘ਬੱਚਿਓ, ਹੁਣ ਸੌਂ ਜਾਓ। ਮੈਂ ਸੈਂਟਾ ਵਾਸਤੇ ਦੁੱਧ ਤੇ ਕੁੱਕੀਆਂ ਰੱਖ ਦਿੱਤੀਆਂ। ਜਦੋਂ ਤੁਸੀਂ ਸੌਂ ਗਏ, ਉਹ ਚਿਮਨੀ ਰਾਹੀਂ ਤੁਹਾਡੇ ਲਈ ਤੋਹਫੇ ਲੈ ਕੇ ਆਵੇਗਾ ਤੇ ਕੁੱਕੀਆਂ ਨਾਲ ਦੁੱਧ ਪੀ ਕੇ ਜਾਵੇਗਾ। ਠੀਕ ਹੈ? ਹੁਣ ਸੌਂ ਜਾਵੋ।’’ ਬੱਚੇ ਅੱਖਾਂ ਮੀਚ ਲੈਂਦੇ ਹਨ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਸੱਚੀਂ ਲੱਗਦਾ ਹੈ ਕਿ ਸੈਂਟਾ ਕਲਾਜ਼ ਉਨ੍ਹਾਂ ਲਈ ਤੋਹਫੇ ਰੱਖ ਕੇ ਜਾਵੇਗਾ ਜਾਂ ਉਹ ਜਾਣ ਕੇ ਅਣਜਾਣ ਬਣ ਜਾਂਦੇ ਹਨ। ਦੂਜਿਆਂ ਦਾ ਤਾਂ ਮੈਨੂੰ ਨਹੀਂ ਪਤਾ, ਪਰ ਅਰਜਨ ਲਈ ਤਾਂ ਹਰ ਸਾਲ ਅਸੀਂ ਉਸ ਦੇ ਸਾਹਮਣੇ ਹੀ ਤੋਹਫੇ ਰੱਖਦੇ ਹਾਂ। ਬੱਚਿਆਂ ਦੇ ਸੌਣ ਸਾਰ ਹੀ ਮੈਂ ਤੋਹਫੇ ਰੱਖ ਦਿੰਦੀ ਹਾਂ ਤੇ ਦੁੱਧ ਵਾਲਾ ਗਿਲਾਸ ਖਾਲੀ ਕਰ ਦਿੰਦੀ ਹਾਂ। ਪਲੇਟ ’ਚੋਂ ਕੁੱਕੀਆਂ ਚੁੱਕ ਕੇ ਵਾਪਸ ਡੱਬੇ ਵਿੱਚ ਪਾ ਦਿੰਦੀ ਹਾਂ।
ਸਵੇਰੇ ਜਵਾਕ ਐਨੇ ਡੱਬੇ ਦੇਖ ਕੇ ਰਜਾਈਆਂ ਵਿੱਚੋਂ ਛਾਲਾਂ ਮਾਰ ਕੇ ਬਾਹਰ ਨਿਕਲਦੇ ਹਨ। ‘‘ਪਹਿਲਾਂ ਨਾਸ਼ਤਾ ਕਰ ਲਵੋ, ਫੇਰ ਤੋਹਫੇ ਖੋਲ੍ਹਾਂਗੇ।’’ ਨਿੱਕੀ ਆਖਦੀ ਹੈ।
‘‘ਨਾ ਨਾ , ਪਹਿਲਾਂ ਖੋਲ੍ਹਾਂਗੇ।’’ ਜਵਾਕ ਇਕੱਠੇ ਹੀ ਬੋਲਦੇ ਹਨ।
‘‘ਚੰਗਾ, ਪਹਿਲਾਂ ਦੰਦਾਂ ’ਤੇ ਬੁਰਸ਼ ਕਰ ਆਓ।’’ ਨਿੱਕੀ ਆਖਦੀ ਹੈ। ਜਵਾਕ ਭੱਜੇ ਅਤੇ ਮਿੰਟਾਂ ’ਚ ਹੀ ਬੁਰਸ਼ ਕਰਕੇ ਵਾਪਸ ਆ ਜਾਂਦੇ ਹਨ। ਨਿੱਕੀ ਡੱਬਿਆਂ ਕੋਲ ਬੈਠ ਜਾਂਦੀ ਹੈ। ਉਹ ਆਖਦੀ ਹੈ, ‘‘ਮੈਂ ਡੱਬੇ ਤੋਂ ਨਾਂ ਪੜ੍ਹਾਂਗੀ। ਜਿਸ ਦਾ ਨਾਂ ਬੋਲਿਆ, ਉਹ ਆ ਕੇ ਆਪਣਾ ਗਿਫਟ ਲੈ ਲਵੇ ਤੇ ਮੁੜ ਆਪਣੀ ਥਾਂ ਬੈਠ ਕੇ ਗਿਫਟ ਖੋਲ੍ਹੇ। ਉਸ ਤੋਂ ਬਾਅਦ ਹੀ ਮੈਂ ਦੂਜਾ ਡੱਬਾ ਚੁੱਕਾਂਗੀ। ਠੀਕ ਐ?’’
‘‘ਠੀਕ ਐ।’’ ਜਵਾਕ ਇਕੱਠੇ ਹੀ ਬੋਲਦੇ ਹਨ। ਨਿੱਕੀ ਇਸ ਨੂੰ ਵੀ ਖੇਡ ਬਣਾ ਲੈਂਦੀ ਹੈ। ਉਨ੍ਹਾਂ ਚਾਰਾਂ ਨੂੰ ਹੱਸਦਿਆਂ ਟੱਪਦਿਆਂ ਦੇਖ ਅਸੀਂ ਦੋਵੇਂ ਵੀ ਖੁਸ਼ ਹੋਣ ਲੱਗਦੇ ਹਾਂ। ਨਾਸ਼ਤਾ ਕਰਕੇ ਨਿੱਕੀ ਆਪਣੇ ਜਵਾਕਾਂ ਨੂੰ ਲੈ ਕੇ ਚਲੀ ਜਾਂਦੀ ਹੈ। ਘਰ ਭਾਂਅ ਭਾਂਅ ਕਰਨ ਲੱਗਦਾ ਹੈ। ਕੱਲ੍ਹ ਸਾਰਾ ਦਿਨ ਕੰਮ ਕਰਦੀ ਰਹੀ ਹੋਣ ਕਰਕੇ ਮੇਰਾ ਵੀ ਜੋੜ ਜੋੜ ਦਰਦ ਕਰਦਾ ਹੈ। ਮੇਰਾ ਕੁਝ ਵੀ ਕਰਨ ਲਈ ਮਨ ਨਹੀਂ ਕਰਦਾ। ਅਰਜਨ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੈ। ਮੈਂ ਸੋਫੇ ’ਤੇ ਹੀ ਟੇਢਾ ਹੋਣ ਬਾਰੇ ਸੋਚਦੀ ਹਾਂ। ਫਿਰ ਬੌਕਸਿੰਗ ਡੇਅ ਦੀਆਂ ਸੇਲਾਂ ਵਾਲੇ ਇਸ਼ਤਿਹਾਰਾਂ ਦਾ ਖਿਆਲ ਆਉਂਦਾ ਹੈ। ਕੱਲ੍ਹ ਮੈਂ ਇਹ ਓਪਰੀ ਜਿਹੀ ਨਿਗ੍ਹਾ ਮਾਰ ਕੇ ਇਕੱਠੇ ਕਰਕੇ ਪਾਸੇ ਰੱਖ ਦਿੱਤੇ ਸਨ। ਕ੍ਰਿਸਮਸ ਵਾਂਗ ਇਸ ਦਿਨ ਇਹ ਇਸ਼ਤਿਹਾਰ ਦੇਖਣੇ ਵੀ ਮੇਰੇ ਲਈ ਰਵਾਇਤ ਹੀ ਬਣ ਗਈ ਹੈ। ਖਰੀਦਣਾ ਭਾਵੇਂ ਕੁਝ ਵੀ ਨਾ ਹੋਵੇ। ਇਸ਼ਤਿਹਾਰ ਫਰੋਲਦੀ ਮੈਂ ਬੇਅ ਸਟੋਰ ਦੇ ਇਸ਼ਤਿਹਾਰ ਚੁੱਕ ਲੈਂਦੀ ਹਾਂ। ਉਨ੍ਹਾਂ ਨੇ ਤਾਂ ਇਸ਼ਤਿਹਾਰਾਂ ਦੀ ਪੂਰੀ ਕਿਤਾਬੜੀ ਬਣਾ ਕੇ ਭੇਜ ਦਿੱਤੀ ਹੈ। ਮੈਂ ਉਹ ਖੋਲ੍ਹ ਲੈਂਦੀ ਹਾਂ। ਉਸ ਵਿੱਚੋਂ ਕੁਝ ਵਰਕੇ ਪਾੜੇ ਹੋਏ ਹਨ। ਮੈਂ ਕਿਤਾਬੜੀ ਨੂੰ ਦੁਬਾਰਾ ਫਰੋਲਦੀ ਹਾਂ। ਔਰਤਾਂ ਦੇ ਕੱਪੜਿਆਂ ਦੀਆਂ ਮਸ਼ਹੂਰੀਆਂ ਕਰਨ ਵਾਲੇ ਕਈ ਪੰਨੇ ਗਾਇਬ ਹਨ। ਮੈਨੂੰ ਯਾਦ ਹੈ ਕਿ ਕੱਲ੍ਹ ਉਹ ਵਰਕੇ ਇਸ ਵਿੱਚ ਸਨ। ਇੱਕ ਕੁੜੀ ਦੇ ਚਿਹਰੇ ’ਤੇ ਮੇਰੀ ਨਿਗ੍ਹਾ ਅਟਕ ਗਈ ਸੀ। ਉਸ ਦੇ ਖਿੜ੍ਹੇ ਚਿਹਰੇ ਨੂੰ ਦੇਖ ਮੇਰੇ ਅੰਦਰ ਖੋਹ ਪਈ ਸੀ ਤੇ ਮੈਂ ਕਿਤਾਬੜੀ ਬੰਦ ਕਰ ਦਿੱਤੀ।
ਮੈਂ ਦੂਜੇ ਸੋਫੇ ’ਤੇ ਲਿਟੇ ਸਿੰਮੀ ਦੇ ਡੈਡੀ ਵੱਲ ਦੇਖਦੀ ਹਾਂ। ਮੇਰੇ ਮਨ ਵਿੱਚ ਸ਼ੱਕ ਉੱਠਦੀ ਹੈ। ਮੈਂ ਪੁੱਛਦੀ ਹਾਂ, ‘‘ਆਹ ਬੇਅ ਸਟੋਰ ਵਾਲੇ ਕੈਟਾਲਾਗ ’ਚੋਂ ਕਈ ਵਰਕੇ ਗਾਇਬ ਨੇ। ਤੁਸੀਂ ਪਾੜੇ ਆ?’’
‘‘ਮੈਂ ਸਿਰ ਮਾਰਨੇ ਸੀ।’’
‘‘ਫੇਰ ਕਿੱਧਰ ਗਏ?’’
‘‘ਮੈਨੂੰ ਕੀ ਪਤੈ। ਜਵਾਕਾਂ ਨੇ ਖੇਡਦਿਆਂ ਪਾੜ-ਪੂੜ ਦਿੱਤੇ ਹੋਣੇ ਆ।’’
ਉਨ੍ਹਾਂ ਦੇ ਇਸ ਜਵਾਬ ਤੋਂ ਮੇਰੀ ਤਸੱਲੀ ਨਹੀਂ ਹੁੰਦੀ। ਉਨ੍ਹਾਂ ਵਰਕਿਆਂ ’ਤੇ ਕੁਝ ਤਸਵੀਰਾਂ ਜਵਾਨ ਕੁੜੀਆਂ ਦੀਆਂ ਵੀ ਸਨ। ‘ਅਰਜਨ ਤਾਂ ਕੱਲ੍ਹ ਦਾ ਜਵਾਕ ਹੈ ਉਸ ਨੂੰ ਕੀ ਦਿਲਚਸਪੀ ਹੋ ਸਕਦੀ ਹੈ ਇਹੋ-ਜਿਹੀਆਂ ਤਸਵੀਰਾਂ ਵਿੱਚ?’ ਮੇਰੇ ਮਨ ’ਚ ਪ੍ਰਸ਼ਨ ਉੱਠਦਾ ਹੈ। ਮੈਂ ਆਪਣਾ ਸ਼ੱਕ ਦੂਰ ਕਰਨ ਲਈ ਅਰਜਨ ਨੂੰ ਆਵਾਜ਼ ਮਾਰਦੀ ਹਾਂ। ਪਰ ਉਹ ਕੋਈ ਹੁੰਗਾਰਾ ਨਹੀਂ ਭਰਦਾ। ਮੈਂ ਉਸ ਦੇ ਕਮਰੇ ਵਿੱਚ ਚਲੀ ਜਾਂਦੀ ਹਾਂ। ਉਹ ਆਪਣੇ ਬਿਸਤਰੇ ’ਤੇ ਮੂਧੇ ਮੂੰਹ ਲਿਟਿਆ ਹੋਇਆ ਹੈ। ਬਾਹਾਂ ਫੈਲਾਈਆਂ ਹੋਈਆਂ ਹਨ।
‘‘ਅਰਜਨ, ਬੋਲਦਾ ਨਹੀਂ ਮੈਂ ਆਵਾਜ਼ਾਂ ਮਾਰੀ ਜਾਨੀ ਆਂ।’’ ਮੈਂ ਆਖਦੀ ਹਾਂ। ਪਰ ਉਹ ਅਣਸੁਣੀ ਕਰਕੇ ਉਵੇਂ ਹੀ ਪਿਆ ਰਹਿੰਦਾ ਹੈ। ਮੈਂ ਉਸ ਨੂੰ ਹਲੂਣਦੀ ਹਾਂ, ਪਰ ਉਹ ਮੂੰਹ ਸਿੱਧਾ ਨਹੀਂ ਕਰਦਾ। ਉਸ ਨੂੰ ਹਲੂਣਨ ਨਾਲ ਮੈਨੂੰ ਬਿਸਤਰੇ ’ਚੋਂ ਕੜ ਕੜ ਦੀ ਆਵਾਜ਼ ਆਉਂਦੀ ਹੈ। ਮੈਂ ਚਾਦਰ ਪਾਸੇ ਕਰਕੇ ਦੇਖਦੀ ਹਾਂ। ਹੇਠ ਪਾਟੇ ਹੋਏ ਵਰਕੇ ਵਿਛੇ ਹੋਏ ਹਨ। ਮੈਨੂੰ ਇਸ ਦੀ ਸਮਝ ਨਹੀਂ ਲੱਗਦੀ। ਮੈਂ ਸਿੰਮੀ ਦੇ ਡੈਡੀ ਨੂੰ ਆਵਾਜ਼ ਮਾਰਦੀ ਹਾਂ, ‘‘ਉੱਪਰ ਆਇਓ ਇੱਕ ਮਿੰਟ।’’ ਮੇਰੀ ਸ਼ਾਇਦ ਉੱਚੀ ਆਵਾਜ਼ ਸੁਣ ਕੇ ਅਰਜਨ ਪਾਸਾ ਪਰਤਦਾ ਹੈ। ਉਸ ਦੀਆਂ ਅੱਖਾਂ ਭਰੀਆਂ ਹੋਈਆਂ ਹਨ। ਉਹ ਉੱਠ ਕੇ ਮੈਨੂੰ ਜੱਫੀ ਪਾ ਲੈਂਦਾ ਹੈ। ‘‘ਆਈ ਮਿਸ ਮਾਈ ਮੰਮ।’’ ਆਖਦੇ ਦੀ ਉਸ ਦੀ ਲੇਰ ਨਿਕਲ ਜਾਂਦੀ ਹੈ।
ਸੰਪਰਕ: +1-778-231-1189