ਡਾ. ਗੁਰਬਖ਼ਸ਼ ਸਿੰਘ ਭੰਡਾਲ
ਮੇਰਾ ਸਰੀਰ ਵੀ ਮੇਰਾ ਨਹੀਂ। ਇਹ ਤਾਂ ਮੇਰੇ ਮਾਪਿਆਂ ਦੀ ਵਰੋਸਾਈ ਦਾਤ ਅਤੇ ਹੁਣ ਮੈਂ ਇਸ ਵਿੱਚ ਵਾਸ ਕਰਦਾ ਹਾਂ। ਮੈਂ ਤਾਂ ਕੁਝ ਵੀ ਨਹੀਂ ਸਗੋਂ ਇਸ ਸਰੀਰ ਵਿੱਚੋਂ ਹੀ ਆਪਣਾ ਰੂਪ ਧਾਰਦਾ ਹਾਂ।
ਮੈਂ ਤੇ ਮੇਰਾ ਸਰੀਰ, ਜੀਵਨ-ਸਾਥੀ। ਇੱਕ ਦੂਜੇ ਦੇ ਪੂਰਕ। ਇੱਕ ਦੂਜੇ ਦੀ ਹੋਂਦ ਤੇ ਹਾਸਲ। ਇੱਕ ਦੂਜੇ ਦੇ ਸਾਹੀਂ ਜਿਉਂਦੇ। ਸਰੀਰਕ ਹਰਕਤ ਹੀ ਮੇਰੇ ਜਿਉਂਦੇ ਹੋਣ ਦੀ ਨਿਸ਼ਾਨੀ।
ਹੁਣ ਇਹ ਸਰੀਰ ਮੇਰਾ ਹੈ ਅਤੇ ਮੈਂ ਇਸ ਨੂੰ ਕਿਵੇਂ ਸਮਝਣਾ, ਸੰਵਾਰਨਾ, ਸੁੰਦਰ ਬਣਾਉਣਾ ਅਤੇ ਇਸ ਦੀ ਸਿਹਤਮੰਦੀ ਲਈ ਕੀ, ਕੁਝ ਤੇ ਕਿਵੇਂ ਕਰਨਾ, ਇਹ ਵੀ ਮੇਰੀ ਹੀ ਜ਼ਿੰਮੇਵਾਰੀ ਹੈ। ਸਰੀਰ ਤੰਦੁਰਸਤ ਹੋਵੇ ਤਾਂ ਮਨ ਸਿਹਤਮੰਦ ਹੁੰਦਾ ਹੈ। ਸ਼ੁਭ ਵਿਚਾਰਾਂ ਦੀ ਧਰਾਤਲ ‘ਤੇ ਸ਼ੁਭ-ਕਰਮਨ ਦਾ ਪ੍ਰਵਾਹ ਚੱਲਦਾ ਹੈ। ਇਸ ਪ੍ਰਵਾਹ ਵਿੱਚ ਮੈਂ ਆਪਣੀ ਰੂਹ-ਰੇਜ਼ਤਾ ਨੂੰ ਬਾਖ਼ੂਬੀ ਮਾਣਦਾ ਹਾਂ।
ਸਰੀਰ ਹਰਕਤ ਵਿੱਚ ਹੋਵੇ ਤਾਂ ਮਨੁੱਖ, ਹਰਕਤਹੀਣ ਹੋਵੇ ਤਾਂ ਮਿੱਟੀ ਦੀ ਢੇਰੀ। ਮਿੱਟੀ ਦੀ ਢੇਰੀ ਨੂੰ ਘਰੋਂ ਬਾਹਰ ਕੱਢਣ ਅਤੇ ਇਸ ਦੀਆਂ ਆਖ਼ਰੀ ਰਸਮਾਂ ਕਰਨ ਲਈ ਹਰੇਕ ਕਾਹਲਾ ਹੋ ਜਾਂਦਾ ਹੈ, ਭਾਵੇਂ ਉਹ ਤੁਹਾਡਾ ਪਤੀ/ਪਤਨੀ, ਭਰਾ/ਭੈਣ, ਮਾਂ/ਪਿਉ, ਪੁੱਤਰ/ਧੀ, ਮਿੱਤਰ/ਬੇਲੀ ਜਾਂ ਸਕੇ ਸਬੰਧੀ ਹੋਣ। ਸਭ ਨੂੰ ਕਾਹਲ ਹੁੰਦੀ ਹੈ ਕਿਉਂਕਿ ਉਹ ਜਲਦੀ ਵਿਹਲੇ ਹੋ ਕੇ ਆਪਣੇ ਜੀਵਨ ਦੇ ਰੁਝੇਵਿਆਂ ਵਿੱਚ ਰੁੱਝ ਜਾਣਾ ਲੋਚਦੇ ਹਨ।
ਸਰੀਰ ਭਾਵੇਂ ਤਕੜਾ ਹੋਵੇ, ਮਜ਼ਬੂਤ ਜਾਂ ਕਮਜ਼ੋਰ, ਰੂਪਵੰਤ ਜਾਂ ਕਰੂਪ, ਸਰੀਰ ਨਾਲ ਸਭ ਨੂੰ ਬਹੁਤ ਪਿਆਰ ਹੁੰਦਾ ਹੈ ਅਤੇ ਇਸ ਦੀ ਸਿਹਤਯਾਬੀ ਲਈ ਹਰ ਮਨੁੱਖ ਆਹਰ ਕਰਦਾ ਹੈ।
ਸਰੀਰ, ਮੇਰਾ ਰੈਣ-ਬਸੇਰਾ ਹੈ। ਮੇਰੀਆਂ ਕਰਨੀਆਂ-ਕੀਰਤੀਆਂ ਦਾ ਆਧਾਰ, ਸੋਚਾਂ ਅਤੇ ਸੁਪਨਿਆਂ ਦਾ ਸਿਰਜਣਹਾਰ। ਮੇਰੀਆਂ ਤਮੰਨਾਵਾਂ ਅਤੇ ਤਾਘਾਂ ਦੀ ਤ੍ਰਿਪਤੀ ਦਾ ਸਬੱਬ। ਭਾਵਨਾਵਾਂ ਦੀ ਪੂਰਤੀ ਦਾ ਕਾਰਨ। ਮੇਰੇ ਹਾਵ-ਭਾਵਾਂ ਦਾ ਪ੍ਰਗਟਾਅ। ਅੰਦਰਲੇ ਜਜ਼ਬਾਤਾਂ ਨੂੰ ਮਿਲੀ ਜ਼ੁਬਾਨ। ਅੰਦਰ ਵੱਸਦੇ ਸੱਚ ਨੂੰ ਸ਼ਬਦਾਂ ਵਿੱਚ ਢਾਲਣ ਦੀ ਜੁਗਤ। ਆਪਣੇ ਅੰਤਰੀਵ ਨੂੰ ਉਲਥਾਉਣ ਦਾ ਵਸੀਲਾ।
ਸਰੀਰ ਸਿਰਫ਼ ਸਰੀਰ ਹੀ ਨਹੀਂ ਸਗੋਂ ਮੇਰੀਆਂ ਮਨੁੱਖੀ ਕਿਰਿਆਵਾਂ ਦਾ ਬਿੰਦੂ ਹੈ। ਇਹ ਕਿਰਿਆਵਾਂ ਦਾ ਸਮੁੱਚ ਹੀ ਮੈਨੂੰ ਮਨੁੱਖ ਬਣਾਉਂਦਾ ਹੈ। ਆਪਣੇ ਅੰਬਰ ਦੀ ਤਾਮੀਰ ਕਰਦਾ ਹਾਂ। ਮੈਨੂੰ ਮੇਰੇ ਹਿੱਸੇ ਦੀ ਜ਼ਮੀਨ ਮਿਲਦੀ ਹੈ। ਸਰੀਰ ਦੀ ਕਿਰਿਆਤਮਿਕਤਾ ਹੀ ਮੈਨੂੰ ਪਰਿਵਾਰ ਦਾ ਅੰਗ ਬਣਾਉਂਦੀ, ਸਮਾਜ ਦੀ ਸਿਰਜਣਾ ਦਾ ਮੁੱਢ ਬੰਨ੍ਹਦੀ ਹੈ। ਇਹ ਸਿਰਜਣਾਤਮਿਕਤਾ ਸਦਕਾ ਹੀ ਵੱਖ ਵੱਖ ਕਿਰਿਆਵਾਂ ਵਿੱਚ ਵੱਖੋ-ਵੱਖਰੇ ਰੂਪ ਰੂਪਮਾਨ ਹੁੰਦੇ ਹਨ ਜੋ ਮੈਨੂੰ ਵਿਸਥਾਰ ਦਿੰਦੀ, ਸੋਚਾਂ ਅਤੇ ਸੰਭਾਵਨਾਵਾਂ ਨੂੰ ਮੋਕਲਾ ਕਰਦੀ ਅਤੇ ਵਸੀਹ ਅੰਬਰ ਤੇ ਅਸੀਮ ਸਮੁੰਦਰ ਵਰਗੀ ਸੋਚ ਦਾ ਹਾਣੀ ਬਣਾਉਣ ਲਈ ਪ੍ਰੇਰਿਤ ਕਰਦੀ ਹੈ।
ਮੈਂ ਮਨੁੱਖੀ ਸਰੀਰ ਦਾ ਉਹ ਰੂਪ ਹਾਂ ਜਿਹੜਾ ਜੱਗ-ਜ਼ਾਹਰ ਹੁੰਦਾ ਹੈ। ਜਿਹੜਾ ਰੂਪ ਸਮਾਜ ਵਿੱਚ ਪ੍ਰਗਟ ਹੁੰਦਾ ਹੈ, ਇਹ ਵੀ ਸਰੀਰ ਦੀ ਹੀ ਦੇਣ ਹੈ। ਭਾਵੇਂ ਇਹ ਦਿਮਾਗ਼ ਦੀਆਂ ਗਿਣਤੀਆਂ-ਮਿਣਤੀਆਂ ਅਤੇ ਖ਼ੁਆਬਾਂ-ਖ਼ਿਆਲਾਂ ਵਿੱਚੋਂ ਪੈਦਾ ਹੋਇਆ ਹੋਵੇ ਜਾਂ ਦਿਲ ਦੀਆਂ ਕੋਮਲ ਭਾਵਨਾਵਾਂ ਹੋਣ। ਧੜਕਣ ਦੇ ਰੂਪ ਵਿੱਚ ਮੋਹ ਦੀਆਂ ਤਰੰਗਾਂ ਦਾ ਦਿਲ ਦੇ ਵਿਹੜੇ ਵਿੱਚ ਪੈਲ ਪਾਉਣਾ ਹੋਵੇ, ਦਿਲ-ਦਰਾਂ ‘ਤੇ ਪਾਣੀ ਡੋਲ੍ਹਣਾ ਜਾਂ ਤੇਲ ਚੋਣਾ ਹੋਵੇ ਜਾਂ ਸ਼ਗਨਾਂ ਭਰੀ ਰੁੱਤ ਨੂੰ ਦਿਲ-ਬੀਹੀ ਵਿੱਚ ਲੰਘਾਉਣਾ ਹੋਵੇ। ਇਹ ਸਭ ਕੁਝ ਸਰੀਰ ਦੇ ਅੰਦਰ ਹੀ ਵਾਪਰਦਾ ਹੈ। ਸਰੀਰ ਇਸ ਦਾ ਸਭ ਤੋਂ ਵੱਡਾ ਰਾਜ਼ਦਾਰ ਅਤੇ ਚਸ਼ਮਦੀਦ ਹੈ। ਸਰੀਰ ਤੋਂ ਲੁਕਾ ਕੇ ਮੈਂ ਕੁਝ ਵੀ ਨਹੀਂ ਕਰ ਸਕਦਾ।
ਸਰੀਰਕ ਅੰਗ ਹੀ ਮੈਨੂੰ ਆਲੇ-ਦੁਆਲੇ ਨੂੰ ਦੇਖਣ ਅਤੇ ਦਿੱਖ ਵਿੱਚੋਂ ਦ੍ਰਿਸ਼ਟੀ ਨੂੰ ਨਿਰਧਾਰਤ ਕਰਨ ਦਾ ਵੱਲ ਸਿਖਾਉਂਦੇ ਹਨ। ਮੇਰੇ ਪੈਰਾਂ ਵਿੱਚ ਸਫ਼ਰ ਵੀ ਉਗਾਉਂਦਾ ਅਤੇ ਕਦੇ ਤਾਂ ਰਾਹਾਂ ਵਿਚ ਉੱਗੇ ਕੰਡਿਆਂ ਅਤੇ ਖਾਈਆਂ ਨੂੰ ਟੱਪ ਮੇਰੀ ਮੰਜ਼ਿਲ ਨੂੰ ਮਿਲਾਉਂਦਾ ਹੈ।
ਮੇਰੇ ਸਰੀਰ ਦੀਆਂ ਬਹੁਤ ਸਾਰੀਆ ਲੋੜਾਂ ਹਨ। ਕੁਝ ਸਰੀਰਕ, ਕੁਝ ਮਾਨਸਿਕ, ਕੁਝ ਰੂਹਦਾਰੀ ਦੀਆਂ, ਕੁਝ ਭਾਵਨਾਤਮਿਕ ਅਤੇ ਕੁਝ ਧਾਰਮਿਕ/ਅਧਾਰਮਿਕ ਵੀ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਕਿਹੜੀਆਂ ਪ੍ਰਮੁੱਖ ਹਨ ਅਤੇ ਕਿਹੜੀਆਂ ਨੂੰ ਵਿਸਾਰ ਕੇ ਜੀਵਨ ਰੰਗ ਨੂੰ ਮਾਣਿਆ ਜਾ ਸਕਦਾ ਹੈ, ਇਹ ਮਨੁੱਖੀ ਫਿਤਰਤ ਦੇ ਹਿੱਸੇ ਆਇਆ ਹੈ। ਦਰਅਸਲ, ਸਰੀਰ ਨੂੰ ਹਮਰਾਜ਼ ਸਮਝ ਕੇ ਇਸ ਦੀਆਂ ਲੋੜਾਂ ਤੇ ਥੋੜਾਂ ਨੂੰ ਪੂਰਿਆਂ ਕਰਨਾ ਸਭ ਤੋਂ ਜ਼ਰੂਰੀ ਹੁੰਦਾ ਹੈ। ਇਨ੍ਹਾਂ ਦੀ ਪੂਰਤੀ ਵਿੱਚੋਂ ਹੀ ਆਪਣੇ ਹਿੱਸੇ ਦੇ ਅੰਬਰ ਤੇ ਧਰਤ ਨਾਲ ਆਪਣੀ ਜ਼ਿੰਦਗੀ ਨੂੰ ਵਿਉਂਤਣਾ ਅਤੇ ਜਿਉਣ ਜੋਗਾ ਕਰਨਾ ਸ਼ਾਮਲ ਹੈ। ਅਜਿਹੇ ਬਹੁਤ ਲੋਕ ਹੁੰਦੇ ਹਨ ਜਿਨ੍ਹਾਂ ਲਈ ਆਪਣੇ ਹਿੱਸੇ ਦੀ ਜ਼ਿੰਦਗੀ ਦੇ ਕੋਈ ਅਰਥ ਨਹੀਂ ਹੁੰਦੇ ਅਤੇ ਉਹ ਸਿਰਫ਼ ਦੂਸਰਿਆਂ ਲਈ ਹੀ ਜਿਉਂਦੇ, ਜੀਵਨ ਨੂੰ ਅਕਾਰਥ ਹੀ ਗੁਆ ਲੈਂਦੇ ਹਨ।
ਪੈਸਾ ਕਮਾਉਣ ਦੀ ਦੌੜ ਵਿੱਚ ਹਫ਼ੇ ਮਨੁੱਖ ਨੂੰ ਆਪਣੇ ਸਰੀਰ ਦਾ ਕੋਈ ਚੇਤਾ ਹੀ ਨਹੀਂ ਰਹਿੰਦਾ ਕਿ ਉਸ ਦੀਆਂ ਕੀ ਲੋੜਾਂ ਹਨ? ਜਦ ਸਰੀਰ ਹੀ ਜਵਾਬ ਦੇ ਜਾਵੇ ਤਾਂ ਕਮਾਇਆ ਧਨ ਵਿਅਰਥ ਹੋ ਜਾਂਦਾ ਹੈ। ਸਿਹਤ ਨੂੰ ਗੁਆ ਕੇ ਕੀਤੀ ਕਮਾਈ ਕੋਈ ਸੁਖ ਨਹੀਂ ਦੇ ਸਕਦੀ।
ਸਰੀਰ ਕਾਰਨ ਹੀ ਮੈਨੂੰ ਭੁੱਖ, ਪਿਆਸ ਅਤੇ ਥਕਾਵਟ ਦਾ ਅਹਿਸਾਸ ਹੁੰਦਾ ਹੈ। ਕਦੇ ਸੂਹੇ ਰੰਗਾਂ ਨੂੰ ਦੇਖਣ ਦੀ ਚਾਹ ਹੁੰਦੀ ਹੈ। ਕਦੇ ਬੱਦਲਾਂ ਵਿਚਲੇ ਆਕਾਰਾਂ ਨੂੰ ਨਿਹਾਰਨਾ ਅਤੇ ਕਦੇ ਕੁਦਰਤ ਦੀ ਕਲਾਕਾਰੀ ਨੂੰ ਮਾਣਨ ਦੀ। ਕਦੇ ਪੈਰਾਂ ਵਿੱਚ ਉੱਗੇ ਸਫ਼ਰ ਦੀਆਂ ਪੈੜਾਂ ਨੂੰ ਦੇਖਦਿਆਂ, ਦੂਰ ਦਿਸਹੱਦਿਆਂ ਦਾ ਸਿਰਨਾਵਾਂ ਦੀਦਿਆਂ ਦੇ ਨਾਮ ਕਰਨ ਦੀ।
ਸਰੀਰਕ ਲੋੜਾਂ ਦੀ ਪੂਰਤੀ ਲਈ ਸਮੇਂ ਸਿਰ ਸੰਤੁਲਿਤ ਭੋਜਨ ਖਾਣਾ, ਸਰੀਰਕ ਆਰਾਮ ਲਈ ਨੀਂਦ ਪੂਰਾ ਕਰਨਾ, ਦਿਨ ਭਰ ਦੇ ਰੂਟੀਨ ਵਿੱਚੋਂ ਕੁਝ ਸਮਾਂ ਆਪਣਿਆਂ ਨਾਲ ਗੁਜ਼ਾਰਨਾ ਅਤੇ ਕੁਝ ਸਮਾਂ ਆਪਣੇ-ਆਪ ਨਾਲ ਗੁਜ਼ਾਰਨਾ, ਮੈਨੂੰ ਚੰਗਾ ਲੱਗਦਾ ਹੈ।
ਸਭ ਤੋਂ ਅਹਿਮ ਅਤੇ ਭਾਵਪੂਰਨ ਹੈ ਮਾਨਸਿਕ ਤ੍ਰਿਪਤੀ ਲਈ ਰੂਹ ਅਣਦੇਖੀ ਨਾ ਕਰਨਾ। ਜਦੋਂ ਅਸੀਂ ਮਨ ਨੂੰ ਨਕਾਰਦੇ ਹਾਂ ਤਾਂ ਦਰਅਸਲ, ਅਸੀਂ ਖ਼ੁਦ ਨੂੰ ਨਕਾਰ ਕੇ ਖ਼ੁਦਕੁਸ਼ੀ ਲਈ ਤਿਆਰ ਹੁੰਦੇ ਹਾਂ। ਮਨੁੱਖ ਸਰੀਰਕ ਤੌਰ ‘ਤੇ ਸਿਰਫ਼ ਇੱਕ ਵਾਰ ਹੀ ਮਰਦਾ ਹੈ, ਪਰ ਭਾਵਨਾਤਮਿਕ ਪੱਧਰ ‘ਤੇ ਉਹ ਦਿਨ ਵਿੱਚ ਕਈ ਵਾਰ ਮਰਦਾ ਹੈ। ਵਾਰ ਵਾਰ ਮਰ ਕੇ ਜਿਉਣਾ ਅਤੇ ਇਸ ਨੂੰ ਜ਼ਿੰਦਗੀ ਦਾ ਨਾਮ ਦੇਣਾ ਮੈਨੂੰ ਬਹੁਤ ਪੀੜਤ ਕਰਦਾ ਹੈ।
ਸਰੀਰ ਦੀਆਂ ਭਾਵਨਾਤਮਿਕ ਲੋੜਾਂ ਹਰੇਕ ਵਿਅਕਤੀ ਲਈ ਵੱਖੋ-ਵੱਖਰੀਆਂ ਹੁੰਦੀਆਂ ਹਨ। ਜਦ ਮੇਰੇ ਵਰਗੇ ਕਿਸੇ ਕਲਾਕਾਰ, ਕਵੀ ਜਾਂ ਸੁਹਜ ਬਿਰਤੀਆਂ ਵਾਲੇ ਮਨੁੱਖ ਨੂੰ ਬੋਲਾਂ ਦੀਆਂ ਝਰੀਟਾਂ ਨਾਲ ਛਿੱਲਿਆ ਜਾਵੇ ਅਤੇ ਉਸ ਦੀ ਸੂਖ਼ਮਤਾ ਨੂੰ ਕਠੋਰਤਾ ਦੇ ਨਹੁੰਆਂ ਨਾਲ ਖੁਰਚਿਆ ਜਾਵੇ ਤਾਂ ਅਸਹਿ ਪੀੜ ਰੂਹ ਵਿੱਚ ਕੰਬਣੀ ਛੇੜਦੀ ਹੈ। ਫਿਰ ਇੱਕ ਚੁੱਪ ਹੀ ਸਾਥ ਨਿਭਾਉਂਦੀ ਹੈ ਅਤੇ ਇਸ ਚੁੱਪ ਵਿੱਚੋਂ ਅਦਿੱਖ ਲਾਵਾ ਫੁੱਟਦਾ ਹੈ ਜਿਹੜਾ ਬੋਲਾਂ ਜਾਂ ਸ਼ਬਦਾਂ ਦੇ ਮੇਚ ਵੀ ਨਹੀਂ ਆਉਂਦਾ। ਇਹ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਮਨੁੱਖ ਨੂੰ ਆਪਣੀਆਂ ਲੋੜਾਂ ਦਾ ਗਿਆਨ ਹੋਵੇ। ਇਨ੍ਹਾਂ ਦੀ ਪੂਰਤੀ ਲਈ ਖ਼ੁਦ ਹੀ ਉਚੇਚ ਕਰੇ ਕਿਉਂਕਿ ਕਿਸੇ ਦੇ ਮੋਢੇ ‘ਤੇ ਸਿਰ ਰੱਖ ਕੇ ਰੋਇਆ ਜਾ ਸਕਦਾ, ਦਰਦ ਵੀ ਵੰਡਾਇਆ ਜਾ ਸਕਦਾ ਪਰ ਕਈ ਵਾਰ ਆਪਣੀ ਅੰਦਰ ਦੀ ਦੁਖਦੀ ਰਗ ਦਿਖਾਈ ਨਹੀਂ ਜਾ ਸਕਦੀ।
ਸਰੀਰ ਹੀ ਮੇਰੇ ਸਾਰੇ ਅੰਗਾਂ ਦਾ ਸੁੰਦਰ ਘਰ ਹੈ। ਇਹ ਅੰਗ ਸਰੀਰ ਦੀ ਤੀਮਾਰਦਾਰੀ ਵਿੱਚ ਹਰ ਪਲ ਰੁੱਝੇ ਰਹਿੰਦੇ ਹਨ। ਦਿਲ ਦਾ ਨਿਰੰਤਰ ਧੜਕਣਾ ਅਤੇ ਪੈਰਾਂ ਵਿੱਚ ਹਰ ਰੋਜ਼ ਉਗ ਰਿਹਾ ਸਫ਼ਰ। ਦੀਦਿਆਂ ਵਿੱਚ ਸੰਸਾਰਕ ਦ੍ਰਿਸ਼ਾਂ ਦੀ ਭਰਮਾਰ। ਆਲੇ-ਦੁਆਲੇ ਦੀ ਸੰਗੀਤਕ ਫਿਜ਼ਾ, ਚੀਕ-ਚਿਹਾੜਾ, ਹਾਕ-ਹੁੰਗਾਰਾ, ਗੀਤ ਸੰਗੀਤ ਜਾਂ ਮਿੱਤਰ-ਪਿਆਰਿਆਂ ਦੇ ਅਪਣੱਤੀ ਬੋਲ। ਮੋਹ ਭਿੱਜੀਆਂ ਗੱਲਾਂ ਦੀ ਪਾਕੀਜ਼ਗੀ ਵਿੱਚੋਂ ਉਛਲਦਾ ਮੋਹ ਦਾ ਸਾਗਰ, ਮੇਰੀ ਅੰਤਰੀਵੀ ਰੱਜਤਾ ਲਈ ਸਭ ਤੋਂ ਅਹਿਮ ਹੈ।
ਸਰੀਰ ਦੀ ਦੇਖਭਾਲ ਮੇਰਾ ਹੀ ਫ਼ਰਜ਼ ਹੈ ਅਤੇ ਨਿੱਜੀ ਤਵੱਜੋਂ ਮੰਗਦੀ ਹੈ। ਮੇਰੀ ਪਹਿਲ ਤੇ ਪਾਕੀਜ਼ਗੀ, ਮਾਣ ਤੇ ਮਰਿਆਦਾ, ਮੁਹੱਬਤ ਤੇ ਮਿਲਣਸਾਰਤਾ, ਪਿਆਰ ਤੇ ਪ੍ਰਤਿਗਿਆ ਅਤੇ ਪਹਿਚਾਣ ਤੇ ਪ੍ਰਮੁੱਖਤਾ।
ਸਰੀਰ ਰਾਹੀਂ ਹੀ ਮੈਂ ਖ਼ੁਦ ਨੂੰ ਖ਼ੁਦ ਨਾਲ ਮਿਲਦਾ ਹਾਂ। ਖ਼ੁਦ ਦੇ ਦਰਸ਼-ਦੀਦਾਰੇ ਆਪਣੇ ਨੈਣਾਂ ਵਿੱਚੋਂ ਝਲਕਦੇ ਅਤੇ ਇਸ ਵਿੱਚੋਂ ਮੇਰੀ ਬੇਲਾਗਤਾ, ਬੇਮੁਹਤਾਜੀ ਤੇ ਬੇਗਾਨਗੀ ਵੀ ਜ਼ਾਹਰ ਹੁੰਦੀ ਹੈ। ਕੁਝ ਬੰਦਿਸ਼ਾਂ ਤੇ ਬਗ਼ਾਵਤਾਂ ਦੀ ਭਾਈਵਾਲੀ; ਕੁਝ ਸਾਝਾਂ ਅਤੇ ਸੰਗਮਾਂ ਦਾ ਸੁਮੇਲ; ਕੁਝ ਰਾਹਾਂ ਤੇ ਰਾਵਾਂ ਦੀ ਮਿਲੀਭੁਗਤ; ਕੁਝ ਸਾਧਨਾਂ ਤੇ ਸਹੂਲਤਾਂ ਦਾ ਸੰਯੋਗ; ਕੁਝ ਸੁਪਨਿਆਂ ਤੇ ਸੰਭਾਵਨਾਵਾਂ ਦੀ ਸੰਗਤ; ਕੁਝ ਚਾਵਾਂ ਤੇ ਭਾਵਾਂ ਦੀ ਪੂਰਤੀ; ਸੰਦਲੀ ਰੁੱਤਾਂ ਤੇ ਸੂਹੇ ਪਲਾਂ ਦਾ ਮਿਲਣ-ਪਹਿਰ; ਮੋਹਵੰਤੇ ਦੇ ਅੰਤਰੀਵ ਵਿੱਚ ਉਤਰਨ ਦੀ ਲੋਚ ਤੇ ਕੁਝ ਵਕਤ ਦੀ ਠਹਿਰ; ਸਾਹ-ਸੁਰੰਗੀ ਵਿੱਚ ਸਰੋਦੀਪੁਣੇ ਵਾਲੀ ਬਹਿਰ; ਪੱਬਾਂ ਭਾਰ ਹੋ ਕੇ ਤੁਰਨ ਦਾ ਵਿਸਮਾਦ ਸਰੀਰ ਲਈ ਜ਼ਰੂਰੀ ਹੁੰਦੀ ਹੈ। ਪਿਆਰਿਆਂ ਦੇ ਦਿਲਾਂ ਵਿੱਚ ਮਿੱਠੜੀ ਜਹੀ ਯਾਦ ਹੋਵੇ। ਸੱਜਣ ਨੂੰ ਮਿਲਣ ਦੀ ਫਰਿਆਦ ਹੋਵੇ ਅਤੇ ਮਨ ਬਹਾਰਾਂ ਦੇ ਰੰਗਾਂ ਵਿੱਚ ਆਬਾਦ ਹੋਵੇ।
ਸਰੀਰ ਤੋਂ ਸਰੀਰ ਤੀਕ ਦਾ ਪੈਂਡਾ ਤੈਅ ਕਰਦਿਆਂ ਜਦ ਮਨ ਪਿਘਲਦਾ ਹੈ ਤਾਂ ਅੰਦਰ ਤਰਲ ਤਰਲ ਹੋ ਜਾਂਦਾ ਹੈ। ਇਹ ਤਰਲਤਾ ਹੀ ਮਨੁੱਖ ਨੂੰ ਉਸ ਦੀ ਸਰੀਰਕ ਹੋਂਦ ਅਤੇ ਮਾਨਸਿਕ ਹਾਸਲ ਦੀ ਸੋਝੀ ਕਰਵਾਉਂਦੀ ਹੈ। ਦਿਲ ਦੇ ਪਿਘਲਣ ਤੋਂ ਸਰੀਰ ਦੇ ਤਰਲ ਹੋਣ ਦੀ ਤਫ਼ਸੀਲ ਸਿਰਫ਼ ਖ਼ੁਦ ਨੂੰ ਪਤਾ ਹੁੰਦੀ ਹੈ। ਇਹ ਤਫ਼ਸੀਲ ਹੀ ਤਵਾਰੀਖ਼ ਦਾ ਸਭ ਤੋਂ ਸੁੱਚਾ ਅਤੇ ਸੱਚਾ ਵਰਕਾ ਬਣ ਕੇ ਵਕਤ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਤ ਕਰਨ ਵਿੱਚ ਅਹਿਮ ਹੁੰਦੀ ਹੈ।
ਸਰੀਰ, ਮਨ ਅਤੇ ਭਾਵਨਾਵਾਂ, ਸਾਹ-ਸੁਰੰਗੀ ਵਿਚੋਂ ਮਨਪਸੰਦ ਸੰਗੀਤ ਪੈਦਾ ਕਰਨ ਦੇ ਕਾਬਲ ਹੁੰਦੇ ਹਨ। ਇਸ ਸੰਗੀਤ ਨੂੰ ਕਿਹੜੇ ਰਾਗ ਵਿੱਚ ਗਾਉਣਾ, ਇਹ ਖ਼ੁਦ ‘ਤੇ ਨਿਰਭਰ ਕਰਦਾ ਹੈ। ਯਾਦ ਰੱਖਣਾ ਕਿ ਸਰੀਰ ਤੰਦਰੁਸਤ ਹੋਵੇਗਾ ਤਾਂ ਮਨ ਸਿਹਤਮੰਦ ਹੋਵੇਗਾ ਅਤੇ ਮਨ ਦੀ ਸਿਹਤਮੰਦੀ ਹੀ ਸਰਬ-ਸੁਖਨ ਦਾ ਰਾਜ਼ ਹੁੰਦੀ ਹੈ।
ਸਰੀਰਕ ਤੇ ਮਾਨਸਿਕ ਮਜ਼ਬੂਤੀ ਨਾਲ ਹਰ ਔਖੀ ਘੜੀ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਕਿਉਂਕਿ ਮੁਸ਼ਕਿਲਾਂ ਜੀਵਨ ਦਾ ਹਿੱਸਾ ਹਨ ਅਤੇ ਇਨ੍ਹਾਂ ਵਿੱਚੋਂ ਨਿਕਲਣਾ ਜੀਵਨ-ਜਾਚ।
ਮਨੁੱਖੀ ਸਰੀਰ ਦੀ ਸ਼ੁੱਧਤਾ ਅਤੇ ਸਿਹਤਯਾਬੀ ਲਈ ਗੁਰਬਾਣੀ ਦਾ ਫੁਰਮਾਨ ਹੈ:
ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ।।
ਗੁਰਿ ਰਾਖੇ ਸੇ ਨਿਰਮਲੇ ਸਬਦਿ ਨਿਵਾਰੀ ਭਾਹਿ।।
ਹਨੇਰ ਨਾਲ ਭਰੀ ਇਸ ਦੁਨੀਆਂ ਵਿੱਚ ਮਨੁੱਖੀ ਤਨ ਅਤੇ ਮਨ ਵੀ ਕਾਲਾ ਹੀ ਹੋ ਜਾਂਦਾ ਹੈ, ਪਰ ਇਨ੍ਹਾਂ ਨੂੰ ਗੁਰ-ਸ਼ਬਦ ਨਾਲ ਉਜਿਆਰਾ ਕੀਤਾ ਜਾ ਸਕਦਾ ਹੈ।
ਸਰੀਰ ਸੱਚਮੁੱਚ ਬਹੁਤ ਹੀ ਕੋਮਲਭਾਵੀ ਅਤੇ ਆਲੇ-ਦੁਆਲੇ ਤੋਂ ਬਹੁਤ ਜਲਦੀ ਪ੍ਰਭਾਵਿਤ ਹੋਣ ਵਾਲਾ ਹੈ। ਨਿੱਕੇ ਨਿੱਕੇ ਸਰੋਕਾਰ ਵੀ ਮੇਰੇ ਮਨ ਤੇ ਸਰੀਰ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ ਜ਼ਰਾ ਦੇਖਣਾ:
ਅੱਖ ਵਿੱਚ
ਸੁਪਨਾ ਉਗਿਆ
ਸਾਰਾ ਅੰਬਰ
ਕਲਾਵੇ ਵਿੱਚ ਆ ਗਿਆ।
ਅੱਖ ਵਿਚਲਾ
ਸੁਪਨਾ ਤਿੜਕਿਆ
ਅੰਬਰ
ਸਿੱਲ੍ਹਾ ਸਿੱਲ੍ਹਾ ਹੋ ਗਿਆ।
ਪੈਰਾਂ ਵਿੱਚ
ਸਫ਼ਰ ਨੇ ਅੰਗੜਾਈ ਭਰੀ
ਮੰਜ਼ਿਲਾਂ
ਪੈਰ ਚੁੰਮਣ ਲੱਗੀਆਂ।
ਪੈੜ ਨੂੰ
ਹਾਲਾਤ ਨੇ ਹੜੱਪ ਲਿਆ
ਦਿਸਹੱਦੇ
ਧੁਆਂਖੇ ਗਏ।
ਸਰੀਰ ਨੂੰ ਮੈਂ ਅਕਸਰ ਮਿਲਦਾ ਹਾਂ ਅਤੇ ਇਹ ਮਿਲਣੀ ਜਦ ਬਾਹਰੀ ਸੰਪਰਕ ਤੀਕ ਹੀ ਸਿਮਟ ਜਾਵੇ ਤਾਂ ਬਹੁਤ ਕੁਝ ਗੁਆਚਦਾ ਹੈ। ਦਰਅਸਲ, ਮਿਲਣੀ ਦਾ ਸਫ਼ਰ ਬਾਹਰ ਤੋਂ ਅੰਦਰ ਨੂੰ ਸ਼ੁਰੂ ਹੁੰਦਾ ਹੈ। ਜਦ ਅਸੀਂ ਅੰਦਰਲੀ ਯਾਤਰਾ ‘ਤੇ ਤੁਰਦੇ ਹਾਂ ਤਾਂ ਉਨ੍ਹਾਂ ਮਰਹੱਲਿਆਂ ਨੂੰ ਮਿਲਦੇ ਹਾਂ ਜਿਨ੍ਹਾਂ ਤੀਕ ਸਾਡੀ ਰਸਾਈ ਹੁਣ ਤੀਕ ਹੋਈ ਨਹੀਂ ਹੁੰਦੀ। ਅੰਦਰਲੀ ਪਹੁੰਚ ਨਾਲ ਅਸੀਂ ਸਰੀਰ ਦੇ ਉਨ੍ਹਾਂ ਸੂਖ਼ਮ ਅਹਿਸਾਸਾਂ ਨੂੰ ਪਛਾਣਨ ਅਤੇ ਜਿਉਂਦੇ ਰੱਖਣ ਲਈ ਉਚੇਚ ਕਰ ਸਕਦੇ ਹਾਂ ਜਿਨ੍ਹਾਂ ਤੋਂ ਅਸੀਂ ਹੁਣ ਤੀਕ ਪਰਦਾਦਾਰੀ ਕੀਤੀ ਹੁੰਦੀ ਹੈ।
ਸਰੀਰ ਮੜੰਗਾ ਨਹੀਂ ਹੁੰਦਾ ਅਤੇ ਨਾ ਹੀ ਇਹ ਆਕਾਰ, ਰੰਗ-ਰੂਪ ਜਾਂ ਨੈਣ-ਨਕਸ਼ਾਂ ਵਿੱਚੋਂ ਹੀ ਪ੍ਰਗਟਦਾ ਹੈ। ਸਰੀਰ ਤਾਂ ਤੁਹਾਡੇ ਸਮੁੱਚ ਦਾ ਉਹ ਮੰਦਰ ਹੈ ਜਿਸ ਵਿੱਚ ਆਰਤੀ ਵੀ ਹੁੰਦੀ ਅਤੇ ਅਜ਼ਾਨ ਵੀ ਗੂੰਜਦੀ ਹੈ, ਪਿਆਰ ਦਾ ਰਾਗ ਵੀ ਅਤੇ ਉਦਾਸੀ ਦਾ ਮਾਤਮ ਵੀ ਪੈਦਾ ਹੁੰਦਾ ਹੈ। ਹਾਸੇ ਵੀ ਫੁੱਟਦੇ ਹਨ ਅਤੇ ਹੰਝੂਆਂ ਦੀ ਨੈਂਅ ਵੀ ਨਿਕਲਦੀ ਹੈ। ਚੁੱਪ ਦਾ ਆਸਣ ਵੀ ਲਗਾ ਲਈਦਾ ਅਤੇ ਬੋਲ-ਬੁਲਾਰਿਆਂ ਨਾਲ ਛੱਤ ਨੂੰ ਸਿਰ ‘ਤੇ ਚੁੱਕ ਲਈਦਾ ਹੈ। ਇਕੱਲੇ ਵੀ ਇਕੱਠ ਹੋਈਦਾ ਅਤੇ ਇਕੱਠ ਵਿੱਚ ਵੀ ‘ਕੱਲੇ ਰਹਿ ਜਾਈਦਾ ਹੈ। ਕਾਫ਼ਲੇ ਵਿੱਚ ਹੁੰਦਿਆਂ ਵੀ ‘ਕੱਲਿਆਂ ਹੀ ਸਫ਼ਰ ਤੈਅ ਕਰਨਾ ਪੈਂਦਾ ਅਤੇ ਕਦੇ ਕਦਾਈਂ ‘ਕੱਲੇ ਹੁੰਦਿਆਂ ਵੀ ਕਾਫ਼ਲਿਆਂ ਦਾ ਅਹਿਸਾਸ ਹੁੰਦਾ ਹੈ। ਕਦੇ ਸੁਪਨਈ ਸੰਸਾਰ ਦੀ ਆਸ ਪੈਦਾ ਹੁੰਦੀ ਅਤੇ ਕਦੇ ਟੁੱਟਦੇ ਸੁਪਨਿਆਂ ਵਿੱਚੋਂ ਫੁੱਟਦੀ ਚੀਸ ਨੂੰ ਅਣਸੁਣੀ ਕਰਨਾ ਪੈਂਦਾ ਹੈ। ਕਦੇ ਪਿਆਰੇ ਨੂੰ ਮਿਲਣ ਲਈ ਤੜਫ਼ ਬਣ ਜਾਈਦਾ ਅਤੇ ਕਦੇ ਵਿਛੋੜੇ ਵਿੱਚ ਖ਼ੁਦ ਸਮਝਾ ਨੂੰ ਲਈਦਾ ਹੈ। ਸਰੀਰ ਦੇ ਅੰਤਰੀਵ ਵਿੱਚ ਹੁੰਦੀਆਂ ਬਹੁਤ ਸਾਰੀਆਂ ਕਿਰਿਆਵਾਂ ਦਾ ਰੂਪ, ਇਨ੍ਹਾਂ ਦਾ ਰੰਗ-ਬਿਰੰਗਾਪਣ ਹੀ ਦਰਅਸਲ ਮਨੁੱਖ ਦਾ ਸੱਚ ਹੁੰਦਾ ਹੈ।
ਸਰੀਰ ਕਦੇ ਵੀ ਬੁੱਢਾ ਨਹੀਂ ਹੁੰਦਾ। ਇਹ ਤਾਂ ਮਨੁੱਖ ਦੀ ਮਾਨਸਿਕ ਅਵਸਥਾ ਹੁੰਦੀ ਹੈ। ਮਨ ਜਵਾਨ ਰਹੇ ਤਾਂ ਇਨਸਾਨ ਕਦੇ ਵੀ ਬੁੱਢਾ ਨਹੀਂ ਹੁੰਦਾ। ਦਰਅਸਲ ਜਦ ਜਵਾਨੀ ਵਾਲੇ ਸ਼ੌਕ ਦਫ਼ਨ ਹੋਣੇ ਸ਼ੁਰੂ ਹੋ ਜਾਣ ਤਾਂ ਸਮਝੋ ਕਿ ਮਨੁੱਖ ਬੁੱਢਾ ਹੋ ਰਿਹਾ ਹੈ। ਜਦ ਨਵੇਂ ਕੱਪੜਿਆਂ ਨੂੰ ਖਰੀਦਣ ਅਤੇ ਪਹਿਨਣ ਦਾ ਸ਼ੌਕ ਹੋਵੇ, ਮੀਂਹ ਵਾਲੇ ਦਿਨ ਪਕੌੜੇ ਖਾਣ ਦੀ ਚਾਹਤ ਹੋਵੇ, ਸੱਜਣਾਂ ਨੂੰ ਮਿਲਣ ਦਾ ਸ਼ੌਕ ਹੋਵੇ, ਬਚਪਨੇ ਨੂੰ ਮੁੜ ਜਿਊਣ ਦੀ ਲਾਲਸਾ ਹੋਵੇ, ਕਦੇ ਕਦਾਈਂ ਮੀਂਹ ਵਿੱਚ ਭਿੱਜਣ ਨੂੰ ਚਿੱਤ ਕਰੇ, ਹਰ ਰਾਤ ਨੂੰ ਸੁਪਨਈ ਨੀਂਦ ਮਾਣੀਏ ਅਤੇ ਹਰ ਦਿਨ ਦੇ ਨਾਵੇਂ ਨਵੇਂ ਸੁਪਨਿਆਂ ਦਾ ਸਫ਼ਰ ਕਰਨਾ ਹੋਵੇ ਅਤੇ ਕੁਝ ਨਵਾਂ ਚਾਹੁਣਾ, ਵੱਖਰਾ ਸੋਚਣਾ ਤੇ ਨਿਵੇਕਲਾ ਕਰਨ ਨੂੰ ਮਨ ਕਰੇ ਤਾਂ ਸਮਝੋ ਕਿ ਮਨੁੱਖ ਜਵਾਨ ਹੈ। ਉਮਰ ਦੇ ਹਿੰਦਸੇ ਭਾਵੇਂ ਕੁਝ ਵੀ ਹੋਣ।
ਸਰੀਰ ਤੁਰ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਮਨ ਵਿੱਚ ਵੱਸਦੇ ਖ਼ੁਆਬਾਂ, ਖ਼ਿਆਲਾਂ ਅਤੇ ਖ਼ਬਤਾਂ ਦਾ ਵਿਸ਼ਾਲ ਭੰਡਾਰ ਦਫ਼ਨ ਹੋ ਜਾਂਦਾ ਹੈ। ਰੀਝਾਂ, ਰਾਵਾਂ ਅਤੇ ਰੰਗਰੇਜ਼ਤਾ ਰਾਖ ਹੋ ਜਾਂਦੀਆਂ ਹਨ। ਸੁਪਨੇ, ਸਾਂਝਾਂ, ਸਬੰਧ ਅਤੇ ਸੁਗਮ ਸੁਨੇਹੇ ਸਵਾਹ ਹੋ ਜਾਂਦੇ ਹਨ। ਹਾਉਕੇ, ਹੂਕਾਂ, ਹਾਵੇ, ਹੁੰਗਾਰੇ, ਹਾਕਾਂ ਅਤੇ ਹੰਭਲੇ ਹਵਾ ਵਿੱਚ ਰਲ ਜਾਂਦੇ ਹਨ। ਜਿਉਂਦੇ ਜੀਅ ਬਿਤਾਏ ਹੋਏ ਸੁਖਨਵਰ ਪਲ, ਸੁਹਾਵਣੇ ਵਕਤਾਂ ਦੀ ਤਸ਼ਬੀਹ, ਮਿੱਤਰ-ਮਿਲਣੀਆਂ ਦਾ ਬਿਰਤਾਂਤ ਅਤੇ ਯਾਦਾਂ ਦਾ ਅਸੀਮ ਜਖ਼ੀਰਾ ਮੌਤ ਤੋਂ ਬਾਅਦ ਮਨੁੱਖ ਦੇ ਸਰੀਰ ਨੂੰ ਤੋਰਨ ਆਇਆਂ ਦੇ ਚੇਤਿਆਂ ਵਿੱਚੋਂ ਜਲਦੀ ਖੁਰ ਜਾਂਦੇ ਹਨ। ਸਿਵੇ ਦੀ ਰਾਖ਼ ਛੇਤੀ ਹੀ ਹਵਾ ਵਿਚ ਮਿਲ ਜਾਂਦੀ ਹੈ ਅਤੇ ਕਿਸੇ ਨੂੰ ਇਸ ਸਰੀਰ ਦਾ ਚੇਤਾ ਵੀ ਨਹੀਂ ਰਹਿਣਾ।
ਸਰੀਰਕ ਤੰਦਰੁਸਤੀ ਲਈ ਅਤਿਅੰਤ ਮਹੱਤਵਪੂਰਨ ਹੁੰਦਾ ਹੈ ਕਿ ਖ਼ੁਦ ਹੀ ਇਸ ਸਰੀਰ ਦਾ ਖ਼ਿਆਲ ਰੱਖੀਏ। ਇਸ ਦੀਆਂ ਤਰਜੀਹਾਂ ਦੀ ਤਰਫ਼ਦਾਰੀ ਕਰੀਏ। ਇਸ ਦੇ ਸੁਹਜ, ਸਹਿਜ ਅਤੇ ਸੁਖਨ ਦੀ ਸੰਭਾਵਨਾ ਬਣੀਏ। ਇਸ ਦਾ ਅੰਬਰ ਵੀ ਖ਼ੁਦ ਬਣੀਏ, ਤਾਰੇ ਵੀ, ਚੰਨ ਵੀ ਅਤੇ ਚਾਨਣੀ ਵੀ। ਰਾਂਗਲੇ ਪਲਾਂ ਦਾ ਪੀਹੜਾ ਵੀ ਖ਼ੁਦ ਹੀ ਡਾਹੀਏ ਤਾਂ ਕਿ ਅਜਿਹੇ ਪਲਾਂ ਦੀ ਸੰਜੀਵਨੀ ਸਰੀਰ ਨੂੰ ਖ਼ੁਸ਼ਦਿਲੀ ਅਤੇ ਖ਼ੈਰੀਅਤ ਬਖ਼ਸ਼ੇ। ਸੰਪੂਰਨਤਾ ਨਾਲ ਇਸ ਜੱਗ ਤੋਂ ਰੁਖ਼ਸਤ ਹੋਵੇ। ਸਰੀਰ ਨੂੰ ਇਹ ਗਿਲਾ ਨਾ ਹੋਵੇ ਕਿ ਅਜਿਹਾ ਕੁਝ ਨਹੀਂ ਹੋਇਆ ਜਿਹੜਾ ਮੈਂ ਚਿਤਵਦਾ ਹੀ ਰਿਹਾ ਅਤੇ ਸਾਹਾਂ ਦੀ ਤੰਦ ਤੜੱਕ ਕਰਕੇ ਟੁੱਟ ਗਈ। ਪਤਾ ਨਹੀਂ ਕਦ ਇਹ ਸਾਹਾਂ ਦਾ ਸਾਜ਼ ਚੁੱਪ ਹੋ ਜਾਵੇ। ਸੋ ਇਸ ਤੋਂ ਪਹਿਲਾਂ ਕਿ ਇਹ ਸਦੀਵੀ ਤੌਰ ‘ਤੇ ਚੁੱਪ ਹੋਵੇ, ਆਓ, ਇਸ ਦੀਆਂ ਤੰਦਾਂ ਵਿੱਚੋਂ ਜੀਵਨ ਦੇ ਅਜਿਹੇ ਸੁਰ ਪੈਦਾ ਕਰੀਏ ਜੋ ਸਾਡੀ ਸੋਚ, ਸੇਧ, ਸੁਪਨਿਆਂ ਅਤੇ ਸਮਿਆਂ ਨੂੰ ਸੁਹਾਂਢਣਾ ਕਰ ਜਾਣ।
ਜੀਵਨ ਵਿੱਚ ਆਈਆਂ ਤੁਹਾਡੇ ਹਿੱਸੇ ਦੀਆਂ ਦੁੱਖ ਤੇ ਤਕਲੀਫ਼ਾਂ ਤੁਹਾਡੇ ਹੀ ਸਰੀਰ ਨੂੰ ਹੰਢਾਉਣੀਆਂ ਪੈਣੀਆਂ ਪਰ ਇਨ੍ਹਾਂ ਵਿੱਚੋਂ ਕਿਵੇਂ ਉਭਰ ਵੀ ਤੁਸੀਂ ਖ਼ੁਦ ਹੀ ਸਕਦੇ ਹੋ। ਸਰੀਰ ਦੇ ਜਜ਼ਬਾਤਾਂ ਨੂੰ ਕਿਹੜੀ ਤਰਤੀਬ ਅਤੇ ਸੇਧ ਦੇਣੀ, ਇਹ ਤੁਹਾਡੇ ਵੱਸ ਹੈ। ਤੁਹਾਡੀਆਂ ਤਰਜੀਹਾਂ ਅਤੇ ਤਸ਼ਬੀਹਾਂ ਵਿੱਚੋਂ ਕਿਹੜੀ ਤਕਦੀਰ ਨੇ ਤੁਹਾਡੇ ਮੱਥੇ ‘ਤੇ ਉੱਕਰੇ ਜਾਣਾ, ਇਹ ਵੀ ਤੁਹਾਡੇ ਹੱਥਾਂ ਦੀ ਕਰਮਯੋਗਤਾ ਹੁੰਦੀ ਹੈ। ਸੋ ਲੋੜ ਹੈ ਆਪਣੇ ਕਾਰਜ ਖ਼ੁਦ ਸੰਵਾਰਦੇ ਰਹੀਏ ਤਾਂ ਕਿਸੇ ਦੀ ਮੁਥਾਜੀ ਨਾ ਝੱਲਣੀ ਪਵੇ। ਵੈਸੇ ਵੀ ਜਦ ਸਰੀਰ ਹੀ ਤੁਹਾਡਾ ਹੈ ਤਾਂ ਇਸ ਪ੍ਰਤੀ ਧਿਆਨ ਦੇਣ ਅਤੇ ਸਿਹਤਯਾਬੀ ਲਈ ਕਿਸੇ ‘ਤੇ ਟੇਕ ਕਿਉਂ ਰੱਖੀਏ? ਤੁਸੀਂ ਇੰਨੇ ਤਾਂ ਹੀਣੇ ਨਹੀਂ ਕਿ ਆਪਣੇ ਸਰੀਰ ਦੀ ਖ਼ੁਦ ਦੇਖਭਾਲ ਨਹੀਂ ਕਰ ਸਕਦੇ। ਤੁਹਾਨੂੰ ਪੀੜ ਵਿੱਚੋਂ ਉਭਰਨ, ਦਰਦ ਨੂੰ ਸਹਿਣ, ਗ਼ਮ ਨੂੰ ਪੀਣ, ਤੰਗੀਆਂ ਤੁਰਸ਼ੀਆਂ ਵਿੱਚ ਹੱਸ ਕੇ ਜਿਉਣ ਦੀ ਜਾਚ ਹੋਣੀ ਚਾਹੀਦੀ ਹੈ।
ਖ਼ੁਦ ਹੀ ਖ਼ੁਦ ਨੂੰ ਮਿਲ ਕੇ ਇਸ ਦਾ ਹਾਲਚਾਲ ਪੁੱਛਦੇ ਰਹੀਏ ਤਾਂ ਸਾਡਾ ਸਰੀਰ ਕਦੇ ਬਿਮਾਰ ਨਹੀਂ ਹੁੰਦਾ। ਸਰੀਰ ਤੁਹਾਡੀ ਅਮਾਨਤ ਵਿੱਚ ਕਦੇ ਵੀ ਖ਼ਿਆਨਤ ਨਹੀਂ ਕਰੇਗਾ।
ਸੰਪਰਕ: 001-216-556-2080 (ਵੱਟਸਐਪ)