ਡਾ. ਗੁਰਬਖ਼ਸ਼ ਸਿੰਘ ਭੰਡਾਲ
ਪਾਕਿਸਤਾਨ ਵਿੱਚ ਜਦੋਂ ਅਸੀਂ ਘਰੋਂ ਨਿਕਲੇ ਤਾਂ ਸੜਕ ‘ਤੇ ਜਾਂਦਿਆਂ ਸਾਡੇ ਕੋਲ ਆ ਕੇ ਮੋਟਰਸਾਈਕਲ ਨੂੰ ਰੋਕ ਕੇ ਦੋ ਨੌਜਵਾਨਾਂ ਨੇ ਕਿਹਾ ਕਿ ਸਰਦਾਰ ਜੀ ਕਿਵੇਂ ਹੋ? ਸਾਡੇ ਵਤਨ ਆਏ ਹੋ, ਆਓ ਤੁਹਾਡੀ ਸੇਵਾ ਕਰੀਏ। ਸਾਧਾਰਨ ਵਿਅਕਤੀਆਂ ਦਾ ਇਹ ਮੋਹ ਭਿੱਜਾ ਵਰਤਾਅ ਦੇਖ ਕੇ ਮਨ ਬਾਗੋ-ਬਾਗ ਹੋ ਗਿਆ। ਉਨ੍ਹਾਂ ਦਾ ਸ਼ੁਕਰੀਆ ਕਰਦਿਆਂ, ਉਨ੍ਹਾਂ ਦੀ ਮੁਹੱਬਤ ਲਈ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ। ਸੁਹੇਲ ਹੁਰਾਂ ਦਾ ਕਹਿਣਾ ਸੀ ਕਿ ਅੱਜ ਲਾਹੌਰ ਵਿਖੇ ਗੁਰਦੁਆਰਾ ਡੇਹਰਾ ਸਾਹਿਬ ਦੇਖਦੇ ਹਾਂ। ਡਾ. ਨਬੀਲਾ ਰਹਿਮਾਨ ਨੂੰ ਮਿਲਾਂਗੇ ਤੇ ਫਿਰ ਬਾਅਦ ਦੁਪਹਿਰ ਆਪਾਂ ਨਾਨਕਾਣਾ ਸਾਹਿਬ ਜਾਵਾਂਗੇ ਕਿਉਂਕਿ ਨਨਕਾਣਾ ਸਾਹਿਬ ਸਿਰਫ਼ ਲਾਹੌਰ ਤੋਂ ਡੇਢ ਕੁ ਘੰਟੇ ਦੀ ਵਾਟ ਹੈ।
ਲਾਹੌਰ ਵਿੱਚ ਮੀਨਾਰ-ਏ-ਪਾਕਿਸਤਾਨ, ਸ਼ਾਹੀ ਮਸਜਿਦ ਅਤੇ ਗੁਰਦੁਆਰਾ ਡੇਹਰਾ ਸਾਹਿਬ ਇੱਕ ਹੀ ਕੰਪਲੈਕਸ ਵਿੱਚ ਸਥਿਤ ਹਨ ਜਿਸ ਦੇ ਚੌਗਿਰਦੇ ਨੂੰ ਫੁੱਲ-ਬੂਟਿਆਂ ਨੇ ਕੁਦਰਤੀ ਦਿੱਖ ਨਾਲ ਸੁੰਦਰਤਾ ਪ੍ਰਦਾਨ ਕੀਤੀ ਹੋਈ ਹੈ। 230 ਫੁੱਟ ਉੱਚੀ ‘ਮੀਨਾਰ-ਏ-ਪਾਕਿਸਤਾਨ’ 1960-68 ਦੇ ਦਰਮਿਆਨ ਉਸਾਰੀ ਗਈ ਸੀ। ਇਹ ਆਲ ਇੰਡੀਆ ਮੁਸਲਿਮ ਲੀਗ ਵੱਲੋਂ 23 ਮਾਰਚ 1940 ਨੂੰ ਲਾਹੌਰ ਵਿਖੇ ਪਾਕਿਸਤਾਨ ਬਣਾਉਣ ਵੇਲੇ ਪਾਸ ਕੀਤੇ ਗਏ ਮਤੇ ਦੀ ਜਗ੍ਹਾ ‘ਤੇ ਬਣਾਈ ਗਈ ਹੈ ਜੋ ਲਾਹੌਰ ਦੀ ਰਿੰਗ ਰੋਡ ਤੋਂ ਵੀ ਦਿਖਾਈ ਦਿੰਦਾ ਹੈ।
ਗੁਰਦੁਆਰਾ ਡੇਹਰਾ ਸਾਹਿਬ ਉਸ ਅਸਥਾਨ ‘ਤੇ ਸੁਸ਼ੋਭਿਤ ਹੈ ਜਿੱਥੇ ਤੱਤੀ ਤਵੀ ‘ਤੇ ਬਿਠਾ ਕੇ ਤਸੀਹੇ ਦੇਣ ਅਤੇ ਦੇਗ ਵਿੱਚ ਉਬਾਲਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਰਾਵੀ ਵਿੱਚ ਇਸ਼ਨਾਨ ਕਰਨ ਗਏ ਅਤੇ 43 ਸਾਲ ਦੀ ਉਮਰ ਵਿੱਚ 30 ਮਈ 1606 ਨੂੰ ਗੁਰਚਰਨਾਂ ਵਿੱਚ ਜਾ ਕੇ ਸ਼ਹਾਦਤ ਪ੍ਰਾਪਤ ਕਰ ਗਏ। ਮਨ ਵਿੱਚ ਵਾਰ ਵਾਰ ਆਉਂਦਾ ਸੀ ਕਿ ‘ਤੇਰਾ ਕੀਆ ਮੀਠਾ ਲਾਗੈ’ ਜਪਦੇ ਹੋਏ ਗੁਰੂ ਜੀ ਨੇ ਤਸੀਹਿਆਂ ਨੂੰ ਹੱਸ ਕੇ ਜ਼ਰਦਿਆਂ ਕਿਵੇਂ ਜਹਾਂਗੀਰ ਦੀਆਂ ਗੁਰੂ ਜੀ ਨੂੰ ਡੁਲਾਉਣ ਦੀਆਂ ਚਾਲਾਂ ਨੂੰ ਨਾਕਾਮ ਕੀਤਾ। ਦੀਦਿਆਂ ਸਾਹਵੇਂ ਉਹ ਦ੍ਰਿਸ਼ ਵੀ ਆ ਗਿਆ ਜਦੋਂ ਰੋਹ ਨਾਲ ਭਰੇ-ਭਰੀਤੇ ਸਾਈਂ ਮੀਰ ਜੀ ਗੁਰੂ ਜੀ ਕੋਲ ਆਏ ਹੋਣਗੇ। ਆਪਣੇ ਪਿਆਰੇ ਮਿੱਤਰ ਦੀ ਪੀੜ ਵਿੱਚ ਪਸੀਜੇ ਹੋਣਗੇ। ਪਰ ਗੁਰੂ ਜੀ ਚੜ੍ਹਦੀ ਕਲਾ ਦੇਖ ਕੇ ਅੰਦਰੋਂ-ਅੰਦਰੀ ਖੁਸ਼ ਵੀ ਹੋਏ ਹੋਣਗੇ ਕਿਉਂਕਿ ਪਹੁੰਚੇ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਅਜਿਹੀ ਸ਼ਹਾਦਤ ਨੇ ਭਵਿੱਖ ਨੂੰ ਕਿਵੇਂ ਨਿਰਧਾਰਤ ਕਰਨਾ ਹੈ? ਇਸ ਵਿੱਚੋਂ ਕਿਸ ਸੋਚ ਨੇ ਪੈਦਾ ਹੋ ਕੇ ਨਵੀਂ ਪੀੜ੍ਹੀ ਨੂੰ ਜ਼ੁਲਮ ਅਤੇ ਤਸ਼ਦੱਦ ਦਾ ਮੁਕਾਬਲਾ ਕਰਨ ਲਈ ਮੁੱਢ ਬੰਨ੍ਹਣਾ ਹੈ? ਇਸ ਸ਼ਹਾਦਤ ਨੇ ਹੀ ਆਉਣ ਵਾਲੇ ਸਮੇਂ ਵਿੱਚ ਚਾਰ ਪੀੜ੍ਹੀਆਂ ਤੀਕ ਚੱਲੀ ਸ਼ਹਾਦਤ ਦੀ ਪਿਰਤ ਨੂੰ ਸ਼ੁਰੂ ਕਰਨਾ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਪੋਤਰੇ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਵਿਖੇ 24 ਨਵੰਬਰ 1675 ਨੂੰ 54 ਸਾਲ ਦੀ ਉਮਰ ਵਿੱਚ ਸ਼ਹਾਦਤ ਪ੍ਰਾਪਤ ਕੀਤੀ, ਪੜਪੋਤਰੇ ਗੁਰੂ ਗੋਬਿੰਦ ਸਿੰਘ ਜੀ 7 ਅਕਤੂਬਰ 1708 ਨੂੰ ਗੁਰਚਰਨਾਂ ਵਿੱਚ ਜਾ ਬਿਰਾਜੇ। ਪਰ ਪੜਪੋਤਰੇ ਦੀ ਸ਼ਹਾਦਤ ਤੋਂ ਪਹਿਲਾਂ ਹੀ ਪੜ-ਪੋਤਰੇ ਦੇ ਚਾਰ ਪੁੱਤਰ, ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਸਾਹਿਬ ਵਿਖੇ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦ ਹੋਏ। ਦਰਅਸਲ, ਇੱਕ ਸ਼ਹਾਦਤ ਵਿੱਚੋਂ ਹੀ ਬਹੁਤ ਸਾਰੀਆਂ ਸ਼ਹਾਦਤਾਂ ਜਨਮ ਲੈਂਦੀਆਂ ਹਨ।
ਗੁਰੂ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਨਮਨ ਕਰਦਿਆਂ, ਜਦੋਂ ਨਵੇਂ ਉਸਰ ਰਹੇ ਹਾਲ ਕੋਲ ਪਹੁੰਚੇ ਤਾਂ ਸਾਡੀ ਅਗਵਾਈ ਕਰ ਰਹੇ ਮੁਸਲਮਾਨ ਨੌਜਵਾਨ ਜਿਸ ਨੂੰ ਸਿੱਖ ਇਤਿਹਾਸ ਬਾਰੇ ਬਾਰੀਕੀ ਨਾਲ ਸਾਰੀ ਜਾਣਕਾਰੀ ਸੀ, ਦੱਸਣ ਲੱਗਾ ਕਿ ਜਦੋਂ ਇਸ ਹਾਲ ਦੀ ਉਸਾਰੀ ਹੋਣੀ ਸੀ ਤਾਂ ਅਸੀਂ ਇਹ ਯਕੀਨੀ ਬਣਾਇਆ ਕਿ ਕੇਂਦਰ ਵਿੱਚ ਬਣੇ ਗੁਰੂ ਜੀ ਦੇ ਸ਼ਹੀਦੀ ਅਸਥਾਨ ਨੂੰ ਪੁਰਾਤਨ ਰੂਪ ਵਿੱਚ ਰੱਖਣਾ ਹੈ। ਇਸ ਨੂੰ ਪਹਿਲੇ ਸਰੂਪ ਵਿਚ ਰੱਖਦਿਆਂ ਹੀ ਇਸ ਦੇ ਚਾਰ-ਚੁਫ਼ੇਰੇ ਹਾਲ ਦੀ ਉਸਾਰੀ ਕਰਵਾਈ ਜਾ ਰਹੀ ਹੈ। ਸੋਚਣ ਲੱਗਾ ਕਿ ਜੇ ਪੰਜਾਬ ਹੁੰਦਾ ਤਾਂ ਕਾਰ-ਸੇਵਾ ਵਾਲੇ ਬਾਬਿਆਂ ਨੇ ਸਭ ਤੋਂ ਪਹਿਲਾਂ ਪੁਰਾਣੇ ਅਸਥਾਨ ਨੂੰ ਤਹਿਸ-ਨਹਿਸ ਕਰ ਦੇਣਾ ਸੀ। ਫਿਰ ਪੱਥਰ ਲਾ ਕੇ ਅਜਿਹੀ ਇਮਾਰਤ ਖੜ੍ਹੀ ਕਰ ਦੇਣੀ ਸੀ ਕਿ ਪਤਾ ਹੀ ਨਹੀਂ ਸੀ ਲੱਗਣਾ ਕਿ ਸ਼ਹਾਦਤ ਦੀ ਜਗ੍ਹਾ ਕਿਹੜੀ ਹੈ? ਫਤਹਿਗੜ੍ਹ ਸਾਹਿਬ ਜਾ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੀ ਪੁਰਾਣੀ ਕੰਧ ਕਿੰਜ ਲੱਭੋਗੇ? ਅਤੇ ਜ਼ਰਾ ਇਨ੍ਹਾਂ ਬਾਬਿਆਂ ਨੂੰ ਪੁੱਛਿਓ ਕਿ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਕਿੱਥੇ ਹੈ? ਸੰਵੇਦਨਸ਼ੀਲ ਸਿੱਖ ਕਦੇ ਵੀ ਇਨ੍ਹਾਂ ਕਾਰ-ਸੇਵਾ ਵਾਲੇ ਕੁਝ ਕੁ ਬਾਬਿਆਂ ਨੂੰ ਮੁਆਫ਼ ਨਹੀਂ ਕਰਨਗੇ।
ਸਾਡਾ ਅਗਲਾ ਪੜਾਅ ਸੀ ਲਾਹੌਰ ਵਿੱਚ ਬਾਬਾ ਸ਼ਾਹ ਅਨਾਇਤ ਅਲੀ ਦੀ ਦਰਗਾਹ ‘ਤੇ ਨਤਮਸਤਕ ਹੋਣਾ। ਮੇਰੇ ਪਿੰਡ ਦੇ ਹਰ ਵਾਸੀ ਲਈ ਅਦਬ ਅਤੇ ਸਤਿਕਾਰ ਦੇ ਪਾਤਰ ਅਤੇ ਪਿੰਡ ਨੂੰ ਨਿਆਮਤਾਂ ਬਖ਼ਸ਼ਣ ਵਾਲੇ ਬਾਬਾ ਸ਼ਾਹ ਅਨਾਇਤ ਅਲੀ ਦੀ ਦਰਗਾਹ ‘ਤੇ ਜਾ ਕੇ ਇਉਂ ਜਾਪਿਆ ਜਿਵੇਂ ਮੈਂ ਸਮੁੱਚੇ ਪਿੰਡ ਵੱਲੋਂ ਉਨ੍ਹਾਂ ਦੀ ਦਰਗਾਹ ‘ਤੇ ਅਕੀਦਤ ਦੇ ਫੁੱਲ ਚੜ੍ਹਾਉਣ ਅਤੇ ਉਨ੍ਹਾਂ ਦੀਆਂ ਬਖ਼ਸ਼ਿਸ਼ਾਂ ਲਈ ਦੁਆਵਾਂ ਕਰ ਰਿਹਾ ਹੋਵਾਂ ਜਿਹੜੀਆਂ ਉਨ੍ਹਾਂ ਨੇ ਮੇਰੇ ਗਰਾਈਂਆਂ ਨੂੰ ਝੋਲੀਆਂ ਭਰ ਕੇ ਵੰਡਣਨੀਆਂ ਨੇ, ਵੰਡ ਵੀ ਰਹੇ ਨੇ ਅਤੇ ਵੰਡੀਆਂ ਵੀ ਨੇ।
ਇੰਨੇ ਚਿਰ ਨੂੰ ਮੁਹੰਮਦ ਇਰਫ਼ਾਨ ਦਾ ਫੋਨ ਆਇਆ ਕਿ ਮੈਂ ਹੁਣ ਵਿਹਲਾ ਹੋ ਗਿਆ ਹਾਂ। ਮੈਂ ਆਉਂਦਾ ਹਾਂ ਅਤੇ ਫਿਰ ਆਪਾਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਆਉਂਦੇ ਹਾਂ। ਅਸ਼ਰਫ਼ ਹੁਰੀਂ ਕੋਲ ਹੀ ਰਹਿੰਦੇ ਪੰਜਾਬੀ ਪਬਲਿਸ਼ਰ ਨੂੰ ਮਿਲਾਉਣ ਲਈ ਨਾਲ ਲੱਗਦੀ ਇਮਾਰਤ ਵਿੱਚ ਵੜ ਗਏ। ਪੰਜਾਬੀ ਨਾਲ ਮੁਹੱਬਤ ਕਰਨ ਵਾਲਿਆਂ ਦੀ ਲਾਹੌਰ ਵਿੱਚ ਕੋਈ ਕਮੀ ਨਹੀਂ ਅਤੇ ਉਹ ਪੰਜਾਬੀ ਅਦਬ ਦੀ ਪ੍ਰਫੁਲੱਤਾ ਲਈ ਨਿੱਠ ਕੇ ਕੰਮ ਕਰ ਰਹੇ ਹਨ।
ਨਨਕਾਣਾ ਸਾਹਿਬ, ਲਾਹੌਰ ਤੋਂ 60 ਕੁ ਮੀਲ ਦੂਰ ਹੈ। ਜਦੋਂ ਅਸੀਂ ਨਨਕਾਣਾ ਸਾਹਿਬ ਦੀ ਹਦੂਦ ਵਿੱਚ ਦਾਖਲ ਹੋਏ ਤਾਂ ਇਉਂ ਜਾਪਿਆ ਜਿਵੇਂ ਇਸ ਚੌਗਿਰਦੇ ਵਿੱਚ ਬਾਬਾ ਨਾਨਕ ਜੀ ਦੇ ਨੂਰ ਦਾ ਪ੍ਰਕਾਸ਼ ਹੈ। ਇਨ੍ਹਾਂ ਗਲੀਆਂ ਵਿੱਚ ਬਾਲ ਨਾਨਕ ਖੇਡਦੇ ਰਹੇ ਹੋਣਗੇ, ਸਕੂਲ ਗਏ ਹੋਣਗੇ ਅਤੇ ਬਚਪਨੇ ਦੇ ਪਲਾਂ ਨੂੰ ਮਾਣਿਆ ਹੋਵੇਗਾ। ਇਸ ਫਿਜ਼ਾ ਵਿੱਚ ਹੀ ਉਨ੍ਹਾਂ ਦੀ ਆਪਣੇ ਤੋਂ ਵੱਡੇ ਭਾਈ ਮਰਦਾਨਾ ਨਾਲ ਰੂਹਾਨੀ ਸਾਂਝ ਪੈਦਾ ਹੋਈ ਜੋ ਭਾਈ ਮਰਦਾਨਾ ਜੀ ਦੇ ਆਖਰੀ ਸਾਹਾਂ ਤੀਕ ਨਿਭੀ। ਇਸ ਨਗਰੀ ਵਿੱਚੋਂ ਹੀ ਬਾਬਾ ਨਾਨਕ ਨੂੰ ਉਨ੍ਹਾਂ ਦੇ ਪਿਤਾ ਜੀ ਨੇ 20 ਰੁਪਏ ਦੇ ਕੇ ਵਪਾਰ ਕਰਨ ਲਈ ਤੋਰਿਆ। ਬਾਬਾ ਨਾਨਕ ਨੇ 20 ਰੁਪਇਆਂ ਨਾਲ ਲੰਗਰ ਦੀ ਪ੍ਰਥਾ ਚਲਾਈ ਜਿਸ ਦੀ ਕਮਾਈ ਸਮੁੱਚੀ ਦੁਨੀਆ ਅੱਜ ਤੀਕ ਵੀ ਖਾ ਰਹੀ ਹੈ। ਕੌਣ ਜਾਣਦਾ ਸੀ ਕਿ ਬਾਬਾ ਨਾਨਕ ਜੀ ਦੇ ਪੈਰੋਕਾਰਾਂ ਨੇ ਸਾਰੀ ਦੁਨੀਆ ਵਿੱਚ ਫੈਲ ਜਾਣਾ ਹੈ? ਇੱਕ ਵੇਲਾ ਅਜਿਹਾ ਆਵੇਗਾ ਕਿ ਸਿੱਖ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਤਰਸਣਗੇ। ਸਿੱਖਾਂ ਦੀ ਪਹਿਲੀ ਤਾਂਘ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੀ ਹੋਵੇਗੀ ਜਿੱਥੇ ਉਨ੍ਹਾਂ ਦੇ ਪਹਿਲੇ ਗੁਰੂ ਬਾਬਾ ਨਾਨਕ ਜੀ ਨੇ ਅਵਤਾਰ ਧਾਰਿਆ ਸੀ। ਜਦੋਂ ਜਨਮ ਅਸਥਾਨ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਏ ਤਾਂ ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਸੀ। ਪਾਠ ਸੁਣਿਆ, ਅਰਦਾਸ ਵਿੱਚ ਸ਼ਾਮਲ ਹੋਏ ਅਤੇ ਹੁਕਮਨਾਮਾ ਸੁਣ ਕੇ ਖ਼ੁਦ ਨੂੰ ਧੰਨ ਭਾਗਾਂ ਵਾਲੇ ਸਮਝਿਆ। ਚਿਰੋਕਣੀ ਰੀਝ ਸੀ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਕਰਕੇ ਪੂਰੀ ਹੋਈ। ਰਾਏ ਭੋਇ ਦੀ ਤਲਵੰਡੀ ਕਰਕੇ ਜਾਣੇ ਜਾਂਦੇ ਨਗਰ ਨੂੰ ਚੌਧਰੀ ਰਾਏ ਬੁਲਾਰ ਨੇ ਨਨਕਾਣਾ ਸਾਹਿਬ ਦਾ ਨਾਮ ਦਿੱਤਾ ਸੀ ਜੋ ਗੁਰੂ ਨਾਨਕ ਜੀ ਦੇ ਪਲੇਠੇ ਸ਼ਰਧਾਲੂਆਂ ਵਿੱਚੋਂ ਇੱਕ ਸਨ। ਚੌਧਰੀ ਰਾਏ ਬੁਲਾਰ ਨੇ ਲਗਭਗ ਅਠਾਰਾਂ ਹਜ਼ਾਰ ਏਕੜ ਦੀ ਜਗੀਰ ਇਸ ਗੁਰਦੁਆਰਾ ਸਾਹਿਬ ਦੇ ਨਾਮ ਲਗਵਾਈ।
ਮੱਥਾ ਟੇਕ ਕੇ ਅਤੇ ਪ੍ਰਸ਼ਾਦ ਲੈ ਕੇ ਬਾਹਰ ਨਿਕਲੇ ਤਾਂ ਇਸ ਦੇ ਕੋਲ ਹੀ ਉਹ ਜੰਡ ਦਿਖਾਈ ਦਿੱਤਾ ਜਿਸ ਨਾਲ ਬੰਨ੍ਹ ਕੇ ਭਾਈ ਲਛਮਣ ਸਿੰਘ ਧਾਰੋਵਾਲ ਨੂੰ ਮਹੰਤ ਨਰੈਣ ਦਾਸ ਦੇ ਗੁੰਡਿਆਂ ਵੱਲੋਂ ਜਿੰਦਾ ਸਾੜਿਆ ਗਿਆ ਸੀ। ਅੱਖਾਂ ਸਾਹਵੇਂ ਪ੍ਰਤੱਖ ਹੋਣ ਲੱਗਾ ਕਿ ਉਹ ਕਿਹੋ ਜਿਹੀ ਭਿਆਨਕ ਸਵੇਰ ਹੋਵੇਗੀ, ਜਦੋਂ ਮਹੰਤ ਨਰੈਣ ਦਾਸ ਅਤੇ ਉਸ ਦੇ ਗੁੰਡਿਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਬੈਠਿਆਂ ਅਤੇ ਉਨ੍ਹਾਂ ਦੀ ਹਜ਼ੂਰੀ ਵਿੱਚ ਬੈਠੀ ਸਿੱਖ-ਸੰਗਤ ਨੂੰ ਗੋਲੀਆਂ ਨਾਲ ਭੁੰਨਿਆ ਹੋਵੇਗਾ, ਤਲਵਾਰਾਂ ਨਾਲ ਵੱਢਿਆ ਅਤੇ ਨੇਜਿਆਂ ਵਿੱਚ ਪਰੋਇਆ ਹੋਵੇਗਾ। ਲਹੂ-ਲੁਹਾਣ ਹੋਈ ਬਾਬਾ ਨਾਨਕ ਜੀ ਦੀ ਜਨਮ ਭੂਮੀ ਨੇ ਖ਼ੁਦ ਨੂੰ ਅੱਥਰੂਆਂ ਨਾਲ ਗਾਲਿਆ ਹੋਵੇਗਾ। ਬਾਬੇ ਨਾਨਕ ਜੀ ਦਾ ਤਾਂ ਕਦੇ ਵੀ ਅਜਿਹਾ ਪੈਗ਼ਾਮ ਨਹੀਂ ਸੀ ਕਿ ਬੇਦੋਸ਼ਿਆਂ ਦੇ ਲਹੂ ਵਿੱਚ ਹੱਥ ਰੰਗੇ ਜਾਣ ਅਤੇ ਖ਼ੁਦ ਨੂੰ ਪਵਿੱਤਰ ਸਮਝਿਆ ਜਾਵੇ। ਦਰਅਸਲ, ਮਹੰਤਾਂ ਨੇ ਬਹੁਤ ਸਾਰੇ ਗੁਰਦੁਆਰਿਆਂ ਨੂੰ ਨਿੱਜੀ ਜਗੀਰਾਂ ਬਣਾ ਲਿਆ ਸੀ। ਉਹ ਇਨ੍ਹਾਂ ਅਸਥਾਨਾਂ ਨੂੰ ਐਸ਼ੋ-ਇਸ਼ਰਤ ਅਤੇ ਕੁਕਰਮਾਂ ਲਈ ਵਰਤਦੇ ਸਨ। ਭਾਵੇਂ ਕਿ ਕੁਝ ਮਹੰਤ ਜਿਵੇਂ ਤਖ਼ਤ ਸ੍ਰੀ ਕੇਸਗੜ੍ਹ ਦੇ ਮਹੰਤ ਭਗਵਾਨ ਦਾਸ ਨੇ ਖ਼ੁਦ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਦਾ ਬੇਟਾ ਭਾਈ ਕਰਮ ਸਿੰਘ ਪੰਜਾ ਸਾਹਿਬ ਦੇ ਸਾਕੇ ਵਿੱਚ ਸ਼ਹੀਦ ਵੀ ਹੋਇਆ ਸੀ। ਗੁਰਦੁਆਰਿਆਂ ਦੀ ਸਾਂਭ-ਸੰਭਾਲ ਲਈ ਸਿੱਖਾਂ ਦੀ ਇਸ ਅਜ਼ੀਮ ਕੁਰਬਾਨੀ ਨੂੰ ਨਤਮਸਤਕ ਹੁੰਦਿਆਂ, ਅਸੀਂ ਵਾਪਸ ਮੁੜਨ ਲੱਗੇ। ਗੁਰਦੁਆਰੇ ਵੱਲ ਝਾਤੀ ਮਾਰੀ ਤਾਂ ਚੰਦਰਮਾ ਦੀ ਚਿੱਪਰ ਗੁਰਦੁਆਰੇ ਦੇ ਉੱਪਰ ਦੀ ਚਾਨਣ ਬਰਸਾ ਰਹੀ ਸੀ। ਇੰਜ ਲੱਗਾ ਜਿਵੇਂ ਬਾਬਾ ਨਾਨਕ ਜੀ ਖ਼ੁਦ ਸਾਡੀ ਆਮਦ ‘ਤੇ ਖੁਸ਼ ਹੋ ਕੇ ਸਾਨੂੰ ਚਾਨਣੀ ਨਾਲ ਵਰਸੋ ਰਹੇ ਹੋਣ। ਅਸੀਂ ਚਾਨਣ-ਰੱਤੇ ਹੋ ਕੇ ਘਰ ਨੂੰ ਚਾਲੇ ਪਾਉਣ ਦੀ ਤਿਆਰੀ ਕਰਨ ਲੱਗੇ।
ਸੂਰਜ ਡੁੱਬਣ ਕਾਰਨ ਹਨੇਰਾ ਪਸਰ ਰਿਹਾ ਸੀ। ਤੁਰਨ ਲੱਗੇ ਤਾਂ ਸਕਿਊਰਿਟੀ ਵਾਲਿਆਂ ਨੇ ਕਿਹਾ ਕਿ ਤੁਸੀਂ ਹੁਣ ‘ਕੱਲੇ ਲਾਹੌਰ ਨਹੀਂ ਜਾ ਸਕਦੇ। ਤੁਹਾਡੇ ਨਾਲ ਸਾਡੀ ਐਸਕਾਰਟ ਜਾਵੇਗੀ ਜੋ ਤੁਹਾਨੂੰ ਹਾਈਵੇਅ ‘ਤੇ ਚਾੜ੍ਹ ਕੇ ਸ਼ੇਖੂਪੁਰ ਦੀ ਐਸਕਾਰਟ ਦੇ ਹਵਾਲੇ ਕਰੇਗੀ ਤਾਂ ਕਿ ਤੁਸੀਂ ਸੁਰੱਖਿਅਤ ਰੂਪ ਵਿੱਚ ਵਾਪਸ ਲਾਹੌਰ ਪਹੁੰਚ ਸਕੋ। ਸਾਡੀ ਕਾਰ ਦੇ ਅੱਗੇ ਅੱਗੇ ਜਾ ਰਹੀ ਕਮਾਂਡੋਜ਼ ਨਾਲ ਭਰੀ ਹੋਈ ਐਸਕਾਰਟ ਨੇ ਸਾਨੂੰ ਹਾਈਵੇ ‘ਤੇ ਚਾੜ੍ਹਿਆ ਅਤੇ ਸ਼ੇਖੂਪੁਰ ਦੀ ਐਸਕਾਰਟ ਨੂੰ ਸੂਚਨਾ ਦੇ ਦਿੱਤੀ। ਰਾਹ ਵਿੱਚ ਸਾਡੇ ਡਰਾਈਵਰ ਮੁਹੰਮਦ ਇਰਫ਼ਾਨ ਨੂੰ ਕਈ ਵਾਰ ਫੋਨ ਆਇਆ ਕਿ ਤੁਸੀਂ ਕਿੱਥੇ ਪਹੁੰਚੇ ਹੋ? ਅਖੀਰ ਵਿੱਚ ਜਦੋਂ ਮੁਹੰਮਦ ਇਰਫ਼ਾਨ ਨੇ ਦੱਸਿਆ ਕਿ ਅਸੀਂ ਲਾਹੌਰ ਪਹੁੰਚ ਗਏ ਤਾਂ ਸਕਿਊਰਿਟੀ ਵਾਲਿਆਂ ਨੇ ਸੁੱਖ ਦਾ ਸਾਹ ਲਿਆ। ਅਸੀਂ ਰਾਤ ਨੂੰ ਦਸ ਕੁ ਵਜੇ ਲਾਹੌਰ ਵਿਖੇ ਅਸ਼ਰਫ਼ ਸੁਹੇਲ ਹੁਰਾਂ ਦੇ ਘਰ ਪਹੁੰਚ ਗਏ।