ਜਤਿੰਦਰ ਸਿੰਘ ਚੀਮਾ
ਹਾਲ ਹੀ ਵਿੱਚ ਹੋਈਆਂ ਕੈਨੇਡਾ ਦੀਆਂ ਫੈਡਰਲ ਚੋਣਾਂ ਦੇ ਨਤੀਜੇ ਡਾਕ ਰਾਹੀਂ ਆਈਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਮੁਕੰਮਲ ਤੌਰ ’ਤੇ ਐਲਾਨ ਦਿੱਤੇ ਗਏ ਹਨ, ਪਰ ਇਨ੍ਹਾਂ ਨਤੀਜਿਆਂ ਨੇ ਆਉਣ ਵਾਲੇ ਸਮੇਂ ਲਈ ਸੁਆਲ ਖੜ੍ਹੇ ਕਰ ਦਿੱਤੇ ਹਨ। ਚਾਹੇ ਵੱਖ-ਵੱਖ ਚੋਣ ਸਰਵੇਖਣਾਂ ਵਿੱਚ ਲੱਗ ਰਿਹਾ ਸੀ ਕਿ ਇਸ ਵਾਰ ਲਬਿਰਲ ਤੇ ਕੰਜ਼ਰਵੇਟਿਵ ਪਾਰਟੀਆਂ ਦਰਮਿਆਨ ਤਿੱਖੀ ਟੱਕਰ ਹੋਵੇਗੀ ਤੇ ਕੋਈ ਵੀ ਪਾਰਟੀ ਸਰਕਾਰ ਬਣਾ ਸਕਦੀ ਹੈ। ਇਸ ਵਾਰ ਐਰਿਨ ਓ ਟੂਲ ਦੀ ਅਗਵਾਈ ਵਿੱਚ ਲੜ ਰਹੀ ਕੰਜ਼ਰਵੇਟਿਵ ਪਾਰਟੀ ਨੂੰ ਲਗਾਤਾਰ ਤੀਸਰੀ ਵਾਰ ਲਬਿਰਲਜ਼ ਦੇ ਹੱਥੋਂ ਹਾਰ ਦਾ ਮੂੰਹ ਦੇਖਣਾ ਪਿਆ ਹੈ। ਸਾਲ 2015 ਵਿੱਚ ਸਟੀਫਨ ਹਾਰਪਰ ਦੀ ਹੋਈ ਹਾਰ ਤੋਂ ਬਾਅਦ ਹੁਣ ਤੱਕ ਕੰਜ਼ਰਵੇਟਿਵ ਪਾਰਟੀ ਦੇ ਪੈਰ ਨਹੀਂ ਲੱਗ ਰਹੇ।
ਚਾਹੇ ਲਬਿਰਲ ਪਾਰਟੀ ਤੀਜੀ ਵਾਰ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ ਹੈ, ਪਰ ਜਸਟਿਨ ਟਰੂਡੋ ਦੀ ਕੈਨੇਡੀਅਨ ਵੋਟਰਾਂ ਵਿੱਚ ਘਟ ਰਹੀ ਸਾਖ਼ ਉਸ ਦੀ ਲੀਡਰਸ਼ਿਪ ਲਈ ਵੀ ਆਉਣ ਵਾਲੇ ਸਮੇਂ ਵਿੱਚ ਸੰਕਟ ਖੜ੍ਹਾ ਕਰ ਸਕਦੀ ਹੈ। ਚਾਹੇ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਲਬਿਰਲਜ਼ ਦੀ ਇਹ ਤੀਜੀ ਜਿੱਤ ਹੈ, ਪਰ ਪਿਛਲੀਆਂ ਦੋਵੇਂ ਚੋਣਾਂ ਵਿੱਚ ਮਿਲੀਆਂ ਘੱਟ ਸੀਟਾਂ ਟਰੂਡੋ ਦੀ ਯੋਗਤਾ ’ਤੇ ਸਵਾਲ ਖੜ੍ਹੇ ਕਰ ਗਈਆਂ ਹਨ। ਲਬਿਰਲਜ਼ ਦੇ ਅੰਦਰੂਨੀ ਸਰੋਤਾਂ ਦੀ ਜੇ ਗੱਲ ਕਰੀਏ ਤਾਂ ਇਹ ਵੀ ਸੰਭਵ ਹੈ ਕਿ ਇਹ ਚੋਣਾਂ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਲੜੀਆਂ ਗਈਆਂ ਆਖਰੀ ਚੋਣਾਂ ਸਾਬਤ ਹੋਣ।
ਜਸਟਿਨ ਟਰੂਡੋ ਦੇ ਪਿਤਾ ਤੇ ਕੈਨੇਡਾ ਦੇ 15ਵੇਂ ਪ੍ਰਧਾਨ ਮੰਤਰੀ ਪੀਅਰੇ ਟਰੂਡੋ ਦੀ ਅਗਵਾਈ ਵਿੱਚ ਲਬਿਰਲ ਪਾਰਟੀ ਨੇ ਪੰਜ ਚੋਣਾਂ ਲੜੀਆਂ ਤੇ ਇਨ੍ਹਾਂ ਵਿੱਚੋਂ ਚਾਰ ਵਿੱਚ ਜਿੱਤ ਦਰਜ ਕੀਤੀ ਸੀ। ਪੀਅਰੇ ਟਰੂਡੋ ਨੇ ਚਾਹੇ ਬਤੌਰ ਕੈਨੇਡਾ ਦੇ ਪ੍ਰਧਾਨ ਮੰਤਰੀ 15 ਸਾਲ ਤੋਂ ਵੱਧ ਰਾਜ ਕੀਤਾ ਸੀ, ਪਰ ਉਸ ਦੀ ਆਖਰੀ ਪਾਰੀ ਵਿੱਚ ਲਬਿਰਲ ਸਰਕਾਰ ਦੀ ਹਰਮਨਪਿਆਰਤਾ ਐਨੀ ਘਟ ਗਈ ਸੀ ਕਿ ਪਾਰਟੀ ਵੱਲੋਂ ਪੀਅਰੇ ਟਰੂਡੋ ਦੀ ਚੋਣਾਂ ਤੋਂ ਲਗਭਗ 10 ਹਫ਼ਤੇ ਪਹਿਲਾਂ ਛੁੱਟੀ ਕਰ ਦਿੱਤੀ ਗਈ ਸੀ ਤੇ ਜੌਹਨ ਟਰਨਰ ਨੂੰ 10 ਹਫ਼ਤਿਆਂ ਲਈ ਪ੍ਰਧਾਨ ਮੰਤਰੀ ਨਿਯੁਕਤ ਕਰਨਾ ਪਿਆ ਸੀ। ਭਾਵੇਂ ਜਸਟਿਨ ਟਰੂਡੋ ਸ਼ੁਰੂ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਮੁਕਾਬਲੇ ਪੱਛੜਦਾ ਨਜ਼ਰ ਆ ਰਿਹਾ ਸੀ, ਪਰ ਜਿਉਂ-ਜਿਉਂ ਚੋਣ ਪ੍ਰਚਾਰ ਜ਼ੋਰ ਫੜਦਾ ਗਿਆ ਜਸਟਿਨ ਟਰੂਡੋ ਦੀ ਲਬਿਰਲ ਪਾਰਟੀ ਦੀ ਡਿੱਗ ਰਹੀ ਸਾਖ਼ ਵਿੱਚ ਸੁਧਾਰ ਹੁੰਦਾ ਨਜ਼ਰ ਆਉਣ ਲੱਗਾ। ਜੇਕਰ ਚੋਣ ਮਾਹਿਰਾਂ ਦੀ ਮੰਨੀਏ ਤਾਂ ਲਬਿਰਲ ਪਾਰਟੀ ਦੀਆਂ ਵੱਧ ਸੀਟਾਂ ਲੈ ਕੇ ਜਾਣ ਪਿੱਛੇ ਕਈ ਕਾਰਨ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਚਾਹੇ ਕੰਜ਼ਰਵੇਟਿਵ ਪਾਰਟੀ ਸ਼ੁਰੂ ਵਿੱਚ ਪੰਜ ਅੰਕਾਂ ਦੇ ਫ਼ਰਕ ਨਾਲ ਲਬਿਰਲ ਤੋਂ ਅੱਗੇ ਚੱਲ ਰਹੀ ਸੀ, ਪਰ 2018 ਵਿੱਚ ਉਨ੍ਹਾਂ ਤੋਂ ਵੱਖ ਹੋਏ ਮੈਕਸਿਮ ਬਰਨੀ ਦੀ ਅਗਵਾਈ ਵਿੱਚ ਬਣੀ ਪੀਪਲਜ਼ ਪਾਰਟੀ ਆਫ ਕੈਨੇਡਾ ਨੇ ਕੰਜ਼ਰਵੇਟਿਵ ਪਾਰਟੀ ਦੀ ਬੇੜੀ ਡੋਬਣ ਵਿੱਚ ਮੁੱਖ ਭੂਮਿਕਾ ਨਿਭਾਈ। ਮੈਕਸਿਮ ਬਰਨੀ ਦੀ ਪਾਰਟੀ ਨੂੰ ਮਿਲੀਆਂ 5 ਫੀਸਦੀ ਵੋਟਾਂ ਕੰਜ਼ਰਵੇਟਿਵ ਲਈ ਬਹੁਤ ਨੁਕਸਾਨਦਾਇਕ ਸਾਬਤ ਹੋਈਆਂ ਅਤੇ ਉਹ ਕਈ ਸੀਟਾਂ ਬੜੀਆਂ ਘੱਟ ਵੋਟਾਂ ਨਾਲ ਹਾਰ ਗਏ। ਅਮਰੀਕਾ ਦੇ ਮਸ਼ਹੂਰ ਅਖ਼ਬਾਰ ‘ਵਾਸ਼ਿੰਗਟਨ ਪੋਸਟ’ ਵਿੱਚ ਛਪੇ ਇੱਕ ਲੇਖ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਪੀਪਲਜ਼ ਪਾਰਟੀ ਆਫ ਕੈਨੇਡਾ ਨੂੰ ਪਈਆਂ ਵੋਟਾਂ ਕੰਜ਼ਰਵੇਟਿਵ ਨੂੰ ਪੈ ਜਾਂਦੀਆਂ ਤਾਂ ਉਨ੍ਹਾਂ ਨੂੰ ਅੰਦਾਜ਼ਨ 145 ਸੀਟਾਂ ’ਤੇ ਜਿੱਤ ਪ੍ਰਾਪਤ ਹੋਣੀ ਸੀ। ਇਸ ਸਥਿਤੀ ਵਿੱਚ ਲਬਿਰਲਜ਼ ਨੂੰ ਕੇਵਲ 141 ਸੀਟਾਂ ’ਤੇ ਹੀ ਸਬਰ ਕਰਨਾ ਪੈਣਾ ਸੀ।
ਕੰਜ਼ਰਵੇਟਿਵ ਪਾਰਟੀ ਵਿੱਚ ਇੱਕ ਪ੍ਰਮੁੱਖ ਧੜਾ ਇਸ ਸਾਰੇ ਲਈ ਐਰਿਨ ਓ ਟੂਲ ਦੀ ਅਗਵਾਈ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਉਨ੍ਹਾਂ ਦਾ ਇਹ ਮੰਨਣਾ ਹੈ ਕਿ ਪਾਰਟੀ ਦੇ ਲੀਡਰ ਵੱਲੋਂ ਖੱਬੇ ਪੱਖੀਆਂ ਵੱਲ ਕੀਤਾ ਝੁਕਾਅ ਪਾਰਟੀ ਦੇ ਸੱਜੇ ਪੱਖੀ ਵੋਟ ਬੈਂਕ ਨੂੰ ਖੋਰਾ ਲਾ ਗਿਆ ਤੇ ਕੰਜ਼ਰਵੇਟਿਵ ਪਾਰਟੀ ਨੂੰ ਤੀਜੀ ਵਾਰ ਹਾਰ ਦਾ ਮੂੰਹ ਦੇਖਣਾ ਪਿਆ। ਕੰਜ਼ਰਵੇਟਿਵ ਪਾਰਟੀ ਦੇ ਵਿਧਾਨ ਵਿੱਚ ਇਹ ਲਿਖਿਆ ਹੋਇਆ ਹੈ ਕਿ ਜਦੋਂ ਪਾਰਟੀ ਚੋਣਾਂ ਹਾਰਦੀ ਹੈ ਤਾਂ ਪਾਰਟੀ ਦੇ ਲੀਡਰ ਨੂੰ ਦੁਬਾਰਾ ਅਗਨੀ ਪ੍ਰੀਖਿਆ ਵਿੱਚੋਂ ਲੰਘਣਾ ਪੈਂਦਾ ਹੈ। ਐਰਿਨ ਓ ਟੂਲ ਵੱਲੋਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੀਤੇ ਭਾਸ਼ਨ ਵਿੱਚ ਭਾਵੇਂ ਇਸ ਗੱਲ ’ਤੇ ਤਸੱਲੀ ਪ੍ਰਗਟਾਈ ਗਈ ਹੈ ਕਿ ਉਸ ਦੀ ਅਗਵਾਈ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਜਸਟਿਨ ਟਰੂਡੋ ਵੱਲੋਂ ਬਹੁਮਤ ਲੈਣ ਦੀ ਕੋਸ਼ਿਸ਼ ਨੂੰ ਅਸਫਲ ਬਣਾ ਦਿੱਤਾ ਹੈ। ਉਸ ਨੇ ਕਿਹਾ ਕਿ ਉਸ ਨੂੰ ਪੂਰੀ ਆਸ ਹੈ ਕਿ ਭਵਿੱਖ ਵਿੱਚ ਜਦੋਂ ਵੀ ਚੋਣਾਂ ਹੋਈਆਂ ਤਾਂ ਉਹ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਵਿੱਚ ਚੋਣਾਂ ਜਿੱਤਕੇ ਵਿਖਾਏਗਾ। ਪਰ ਰਾਜਨੀਤਕ ਮਾਹਿਰਾਂ ਦੇ ਇਹ ਗੱਲ ਗਲ਼ੇ ਨਹੀਂ ਉਤਰ ਰਹੀ। ਉਨ੍ਹਾਂ ਦਾ ਇਹ ਕਹਿਣਾ ਹੈ ਕਿ ਪਿਛਲੇ ਲੀਡਰ ਐਂਡਰਿਊ ਸ਼ੀਅਰ ਨੇ ਵੀ 2019 ਦੀਆਂ ਚੋਣਾਂ ਹਾਰਨ ਤੋਂ ਬਾਅਦ ਅਜਿਹਾ ਹੀ ਵਾਅਦਾ ਕੀਤਾ ਸੀ, ਪਰ ਪਾਰਟੀ ਨੇ ਦੋ ਮਹੀਨਿਆਂ ਬਾਅਦ ਹੀ ਉਸ ਦਾ ਅਸਤੀਫਾ ਮੰਗ ਲਿਆ।
ਇਨ੍ਹਾਂ ਚੋਣਾਂ ਵਿੱਚ ਜੇਕਰ ਜਗਮੀਤ ਸਿੰਘ ਦੀ ਅਗਵਾਈ ਵਾਲੀ ਪਾਰਟੀ ਐੱਨ.ਡੀ.ਪੀ. ਦੀ ਗੱਲ ਕਰੀਏ ਤਾਂ ਇਹ ਸੰਭਾਵਨਾ ਹੈ ਕਿ ਜਗਮੀਤ ਸਿੰਘ ਦੀ ਲੀਡਰਸ਼ਿਪ ਨੂੰ ਹਾਲ ਦੀ ਘੜੀ ਕੋਈ ਖ਼ਤਰਾ ਨਜ਼ਰ ਨਹੀਂ ਆ ਰਿਹਾ। ਇਨ੍ਹਾਂ ਚੋਣਾਂ ਵਿੱਚ ਉਕਤ ਪਾਰਟੀ ਨੂੰ ਪਿਛਲੀਆਂ ਚੋਣਾਂ ਦੇ ਮੁਕਾਬਲੇ ਕੇਵਲ ਇੱਕ ਸੀਟ ਹੀ ਵੱਧ ਮਿਲੀ ਹੈ, ਪਰ ਇਸ ਵਾਰ ਦੀਆਂ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਹੈ। ਜਸਟਿਨ ਟਰੂਡੋ ਨੂੰ ਆਪਣੀ ਸਰਕਾਰ ਚਲਾਉਣ ਲਈ ਜਗਮੀਤ ਸਿੰਘ ’ਤੇ ਟੇਕ ਰੱਖਣੀ ਹੋਵੇਗੀ। ਜਗਮੀਤ ਸਿੰਘ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਇਹ ਇਸ਼ਾਰਾ ਕਰ ਦਿੱਤਾ ਗਿਆ ਹੈ ਕਿ ਟਰੂਡੋ ਨੂੰ ਹਮਾਇਤ ਕੇਵਲ ਮੁੱਦਿਆਂ ਦੇ ਆਧਾਰ ’ਤੇ ਹੀ ਦਿੱਤੀ ਜਾਵੇਗੀ। ਦੂਸਰੇ ਪਾਸੇ ਬਲਾਕ ਕਿਊਬਿਕ ਪਾਰਟੀ ਦੇ ਮੁਖੀ ਨੇ ਵੀ ਟਰੂਡੋ ਦੀ ਹਮਾਇਤ ਲਈ ਕੁਝ ਸ਼ਰਤਾਂ ਰੱਖ ਦਿੱਤੀਆਂ ਹਨ। ਜਿਨ੍ਹਾਂ ਵਿੱਚ ਮੁੱਖ ਮੰਗ ਵਿੱਚ ਸਿਹਤ ਸੇਵਾਵਾਂ ਲਈ ਦਿੱਤੀ ਜਾਂਦੀ ਗ੍ਰਾਂਟ ਵਿੱਚ ਚੋਖਾ ਵਾਧਾ ਕਰਨਾ ਤੇ ਲਬਿਰਲਜ਼ ਨੂੰ ਸੇਵਾਮੁਕਤ ਕੈਨੇਡੀਅਨਾਂ ਲਈ ਪੈਨਸ਼ਨ ਵਿੱਚ ਕੀਤੇ ਜਾਣ ਵਾਲੇ ਵਾਧੇ ਨੂੰ 75 ਸਾਲ ਦੀ ਉਮਰ ਤੋਂ ਘਟਾਕੇ 65 ਸਾਲ ਕਰਨਾ ਸ਼ਾਮਲ ਹੈ।
ਅਜਿਹੇ ਵਿੱਚ ਚਲਦਿਆਂ ਜਸਟਿਨ ਟਰੂਡੋ ਨੂੰ ਆਉਣ ਵਾਲੇ ਸਮੇਂ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਹੋਵੇਗਾ। ਜਸਟਿਨ ਟਰੂਡੋ ਵੱਲੋਂ ਖੇਡਿਆ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਦਾਅ ਉਸ ਦੇ ਰਾਸ ਨਹੀਂ ਆਇਆ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ।
ਸੰਪਰਕ: 403-629-3577