ਬਲਵਿੰਦਰ ਬਾਲਮ
ਕੈਨੇਡਾ ਦਾ ਕੁਦਰਤ ਦੀ ਕਿਰਪਾ ਨਾਲ ਮਾਲਾ-ਮਾਲ ਹੋਇਆ ਸ਼ਹਿਰ ਹੈ ਡਰੱਮ ਹੈਲਰ। ਇਸ ਸ਼ਹਿਰ ’ਚ ਦੁਨੀਆ ਦਾ ਸਭ ਤੋਂ ਵੱਡਾ ਡਾਇਨਾਸੋਰ ਹੈ। ਇਹ ਸਥਾਨ ਖ਼ਾਸ ਕਰਕੇ ਬੱਚਿਆਂ ਦੀ ਖਿੱਚ ਦਾ ਕੇਂਦਰ ਹੈ। ਬੱਚੇ ਇੱਥੇ ਆ ਕੇ ਬਹੁਤ ਮਸਤੀ ਕਰਦੇ ਹਨ।
ਇਸ ਸ਼ਹਿਰ ਦਾ ਨਿਰਮਾਣ ਆਧੁਨਿਕ, ਵਿਗਿਆਨਕ ਸ਼ੈਲੀ, ਸ਼ਿਲਪ ਅਤੇ ਪ੍ਰਾਚੀਨ ਪਿੱਠਭੂਮੀ ਮੁਤਾਬਿਕ ਕੀਤਾ ਗਿਆ ਹੈ। ਇਹ ਜਿੱਥੇ ਅਨੇਕ ਸਿਰਜਣਸ਼ੀਲ ਕਿਰਿਆਵਾਂ ਕਰਕੇ ਪ੍ਰਸਿੱਧ ਹੈ, ਉੱਥੇ ਇਹ ਡਾਇਨਾਸੋਰ ਕਰਕੇ ਵਿਸ਼ਵ ਪ੍ਰਸਿੱਧ ਹੈ। ਇਸ ਸ਼ਹਿਰ ਦੇ ਹਰ ਚੌਕ ਵਿਚ ਤੁਹਾਨੂੰ ਡਾਇਨਾਸੋਰ ਦਾ ਸਟੈਚੂ ਮਿਲੇਗਾ। ਇੱਥੇ ਕਈ ਸੌ ਡਾਇਨਾਸੋਰਾਂ ਦੇ ਸਟੈਚੂ ਮੌਜੂਦ ਹਨ।
ਇੱਥੇ ਦੁਨੀਆ ਦਾ ਸਭ ਤੋਂ ਵੱਡਾ ਡਾਇਨਾਸੋਰ ਦਾ ਸਟੈਚੂ ਇਕ ਉੱਚੀ ਗੁਫ਼ਾ ਵਾਂਗ ਬਣਾਇਆ ਗਿਆ ਹੈ। ਬਾਹਰੋਂ ਇਕ ਵੱਡਾ ਡਾਇਨਾਸੋਰ ਨਜ਼ਰ ਆਉਂਦਾ ਹੈ, ਪਰ ਇਸ ਦੇ ਅੰਦਰ ਰੰਗਦਾਰ ਗੁਫ਼ਾਨੁਮਾ ਪੌੜੀਆਂ ਹਨ ਜੋ ਉਸ ਦੇ ਮੂੰਹ ਤਕ ਜਾਂਦੀਆਂ ਹਨ। ਇਸ ਡਾਇਨਾਸੋਰ ਵਿਚ ਲਗਭਗ 106 ਪੌੜੀਆਂ ਹਨ ਜੋ ਪੈਰਾਂ ਤੋਂ ਲੈ ਕੇ ਮੂੰਹ ਦੇ ਫੈਲਾਅ ਤਕ ਅੰਦਰੋਂ-ਅੰਦਰੀਂ ਜਾਂਦੀਆਂ ਹਨ। ਇਸ ਅੰਦਰਲਾ ਭਾਗ ਇਸ ਦੇ ਜਿਸਮ ਦੇ ਰੰਗਾਂ ਨਾਲ ਮੇਲ ਖਾਂਦਾ ਬਣਾਇਆ ਗਿਆ ਹੈ। ਅੰਦਰਲਾ ਭਾਗ ਮਾਸ ਦੇ ਰੰਗ ਵਰਗਾ ਹੈ। ਪੌੜੀਆਂ ਵੀ ਮਾਸ ਦੇ ਰੰਗ ਵਰਗੀਆਂ ਹਨ। ਤੁਸੀਂ ਮਹਿਸੂਸ ਕਰੋਗੇ ਕਿ ਜਿਉਂਦੇ ਡਾਇਨਾਸੋਰ ਵਿਚੋਂ ਹੀ ਲੰਘ ਰਹੇ ਹੋ। ਡਾਇਨਾਸੋਰ ਦੇ ਅੰਦਰਲੇ ਭਾਗ ਵਿਚ ਉਸ ਦੀਆਂ ਮਾਸਪੇਸ਼ੀਆਂ, ਧਮਣੀਆਂ, ਸਿਰਾਵਾਂ, ਚਰਬੀ ਆਦਿ ਦੇ ਰੰਗ ਰੂਪ ਤੇ ਸ਼ੈਲੀ ਵਾਂਗ ਬਣਾਈਆਂ ਗਈਆਂ ਹਨ।
ਡਾਇਨਾਸੋਰ ਦੇ ਮੂੰਹ ਤਕ ਜਾਣ ਲਈ 106 ਪੌੜੀਆਂ ਦੇ ਰਸਤੇ ਵਿਚ ਕੁਝ-ਕੁਝ ਦੂਰੀ ਉੱਪਰ ‘ਠਹਿਰਨ ਸਥਾਨ’ ਬਣਾਏ ਹੋਏ ਹਨ ਜਿੱਥੇ ਤੁਸੀਂ ਰੁਕ ਸਕਦੇ ਹੋ ਜਾਂ ਬੈਂਚ ਉੱਪਰ ਬੈਠ ਸਕਦੇ ਹੋ। ਇਹ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਡਾਇਨਾਸੋਰ ਦੇ ਪੇਟ ਵਿਚ ਕੋਈ ਰਸਤਾ (ਸੜਕ) ਜਾ ਰਿਹਾ ਹੋਵੇ। ਇਸ ਦਾ ਅੰਦਰਲਾ ਭਾਗ ਉਤਰਾਅ-ਚੜ੍ਹਾਅ ਵਾਲਾ ਅਤੇ ਵਿਗਿਆਨਕ ਕਲਾਕਾਰੀ ਦਾ ਨਾਯਾਬ ਨਮੂਨਾ ਹੈ।
ਜਦੋਂ ਇਸ ਦੀਆਂ ਪੌੜੀਆਂ ਚੜ੍ਹ ਕੇ ਇਸ ਦੇ ਖੁੱਲ੍ਹੇ ਮੂੰਹ ਤਕ ਜਾਂਦੇ ਹਾਂ ਤਾਂ ਉੱਥੇ ਪਹੁੰਚ ਕੇ ਇਸ ਦੇ ਮੂੰਹ ਦਾ ਆਕਾਰ ਇਕ ਵੱਡੇ ਕਮਰੇ ਜਿੰਨਾ ਖੁੱਲ੍ਹਾ ਹੈ ਜਿਸ ਵਿਚ ਜਾਲੀਨੁਮਾ ਜੰਗਲ ਬਣਾਇਆ ਗਿਆ ਹੈ। ਇਸ ’ਚ ਖੜ੍ਹ ਕੇ ਤੁਸੀਂ ਕਈ ਮੀਲ ਦੂਰ ਦੇ ਸੁੰਦਰ ਨਜ਼ਾਰੇ ਵੇਖ ਸਕਦੇ ਹੋ। ਇਸ ਦੇ ਮੂੰਹ ਵਿਚ ਕਈ ਵਿਅਕਤੀ ਇਕੱਠੇ ਖੜ੍ਹ ਸਕਦੇ ਹਾਂ।
ਡਾਇਨਾਸੋਰ ਦੇ ਸਭ ਤੋਂ ਪਹਿਲਾਂ ਇਸ ਇਲਾਕੇ ਵਿਚ ਹੀ ਸਰੀਰਕ ਚਿੰਨ੍ਹ ਮਿਲੇ ਸਨ। ਇੱਥੇ ਉਨ੍ਹਾਂ ਦੇ ਜਬਾੜੇ ਅਤੇ ਹੱਡੀਆਂ ਦੇ ਚਿੰਨ੍ਹਾਂ ਨੂੰ ਇਕ ਵੱਡੇ ਆਜਾਇਬ ਘਰ ਵਿਚ ਸੰਭਾਲ ਕੇ ਰੱਖਿਆ ਹੋਇਆ ਹੈ, ਜਿੱਥੇ ਲੋਕ ਇਨ੍ਹਾਂ ਨੂੰ ਉਤਸ਼ਾਹ ਨਾਲ ਵੇਖਦੇ ਹਨ। ਇਸ ਕਾਰਨ ਡਰੱਮ ਹੈਲਰ ਨੂੰ ‘ਡਾਇਨਾਸੋਰ ਕੈਪੀਟਲ’ ਵੀ ਕਹਿੰਦੇ ਹਨ। ਲੱਖਾਂ ਸਾਲ ਪਹਿਲਾਂ ਇਹ ਇਲਾਕਾ ਜਾਣਿਆ-ਪਛਾਣਿਆ ਇਲਾਕਾ ਸੀ ਕਿਉਂਕਿ ਇੱਥੇ ਤਰ੍ਹਾਂ-ਤਰ੍ਹਾਂ ਦੇ ਵੱਖ-ਵੱਖ ਪ੍ਰਜਾਤੀਆਂ ਦੇ ਪੌਦੇ ਪਾਏ ਜਾਂਦੇ ਹਨ, ਜਿੱਥੇ ਡਾਇਨਾਸੋਰ ਰਹਿਣਾ ਪਸੰਦ ਕਰਦੇ ਸਨ। ਉਹ ਇਸ ਇਲਾਕੇ ਦੇ ਜਲਵਾਯੂ, ਵਾਤਾਵਰਣ ਵਿਚ ਖੁਸ਼ ਰਹਿੰਦੇ ਸਨ। ਹਾਲਾਤ ਤੇ ਸਮੇਂ ਦੀ ਕਰਵਟ ਨਾਲ ਇਨ੍ਹਾਂ ਜਾਨਵਰਾਂ ਦੀ ਨਸਲ ਖ਼ਤਮ ਹੁੰਦੀ ਚਲੀ ਗਈ ਤੇ ਇਸ ਇਲਾਕੇ ਵਿਚ ਸਿਰਫ਼ ਉਨ੍ਹਾਂ ਦੇ ਸਰੀਰ ਦੇ ਪਿੰਜਰ ਹੀ ਰਹਿ ਗਏ।
ਵਿਗਿਆਨਕ ਖੋਜ ਤੋਂ ਪਤਾ ਲੱਗਾ ਹੈ ਕਿ ਲਗਭਗ 1880 ਦੇ ਲਾਗੇ-ਚਾਗੇ ਇਨ੍ਹਾਂ ਦੀ ਹੋਂਦ ਦਾ ਪਤਾ ਲੱਗਾ ਜਿੱਥੋਂ ਉਨ੍ਹਾਂ ਦੇ ਸਿਰਫ਼ ਪਿੰਜਰ ਹੀ ਮਿਲੇ ਸਨ। ਸਭ ਤੋਂ ਪਹਿਲਾਂ ਟਾਇਰਲ ਨਾਂ ਦਾ ਵਿਅਕਤੀ ਇਸ ਇਲਾਕੇ ਵੱਲ ਆਇਆ। ਉਸ ਨੂੰ ਗਿਆਨ ਹੋਇਆ ਕਿ ਇਸ ਇਲਾਕੇ ਵਿਚ ਡਾਇਨਾਸੋਰ ਰਹਿੰਦੇ ਹਨ। ਅੰਦਾਜ਼ਾ ਹੈ ਕਿ ਲਗਭਗ 11 ਹਜ਼ਾਰ ਸਾਲ ਪਹਿਲਾਂ ਇਸ ਇਲਾਕੇ ਵੱਲ ਡਾਇਨਾਸੋਰ ਮੌਜੂਦ ਸਨ।
ਇਸ ਇਲਾਕੇ ਵੱਲ ਤੇਲ ਅਤੇ ਕੋਇਲੇ ਦੀਆਂ ਖਾਣਾਂ ਦੇ ਭੰਡਾਰ ਵੀ ਮੌਜੂਦ ਹਨ। ਇਸ ਇਲਾਕੇ ਨੂੰ ਅਲਬਰਟਾ ਸੋਰੂ ਨਾਂ ਨਾਲ ਵੀ ਪ੍ਰਸਿੱਧੀ ਮਿਲੀ।
ਇੱਧਰ ਰੈੱਡ ਡੀਅਰ ਰਿਵਰ ਵੈਲੀ ਦੇ ਨਜ਼ਦੀਕ ਵੱਡੇ-ਵੱਡੇ ਗਲੇਸ਼ੀਅਰਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਜਿਨ੍ਹਾਂ ਦੇ ਪਿਘਲਣ ਨਾਲ ਦੂਰ-ਦੂਰ ਤਕ ਅਨੇਕਾਂ ਵਾਦੀਆਂ ਤੇ ਘਾਟੀਆਂ ਸਨ। ਇਸ ਇਲਾਕੇ ਵੱਲ ਘੁੰਮਣ ਫਿਰਨ ਆਏ ਲੋਕਾਂ ਨੇ ਡਾਇਨਾਸੋਰ ਦੇ ਚਿੰਨ੍ਹ ਵੇਖੇ ਸਨ ਜਿਸ ਤੋਂ ਖੋਜ ਸੰਭਵ ਹੋਈ।
ਕੈਲਗਰੀ ਸ਼ਹਿਰ ਤੋਂ ਡਰੱਮ ਹੈਲਰ ਨੂੰ 1913 ਦੇ ਕਰੀਬ ਰੇਲਵੇ ਸਫ਼ਰ ਸ਼ੁਰੂ ਹੋਇਆ ਅਤੇ ਹੌਲੀ-ਹੌਲੀ ਧੰਦਾਯੁਕਤ ਲੋਕ ਇਸ ਇਲਾਕੇ ਵੱਲ ਵੱਸਦੇ ਗਏ। ਜਿਨ੍ਹਾਂ ਲੋਕਾਂ ਨੂੰ ਵੀ ਇਹ ਇਲਾਕਾ ਚੰਗਾ ਲੱਗਾ ਇੱਥੇ ਵੱਸਦੇ ਗਏ।
ਇੱਥੇ ਲਗਭਗ 1911 ਦੇ ਕਰੀਬ ਕੋਇਲੇ ਦੇ ਸ਼ਿੱਪ ਲੋਡ ਹੁੰਦੇ ਰਹੇ ਅਤੇ ਕੈਨੇਡਾ ਵਿਚ ਜਾਂਦੇ ਰਹੇ।
ਇਸ ਸ਼ਹਿਰ ਦੇ ਨਾਂ ਪਿੱਛੇ ਵੀ ਇਕ ਕਹਾਣੀ ਹੈ। ਕਿਹਾ ਜਾਂਦਾ ਹੈ ਕਿ ਇਸ ਇਲਾਕੇ ਵੱਲ ਸੈਮੂਅਲ ਡਰੱਮ ਹੈਲਰ ਨਾਮ ਦੇ ਇਕ ਵਿਅਕਤੀ ਨੇ ਜ਼ਮੀਨ ਖ਼ਰੀਦੀ। ਉਸ ਨੇ ਇਹ ਜ਼ਮੀਨ ਨੈਸ਼ਨਲ ਰੇਲਵੇ ਨੂੰ ਨਵਾਂ ਸ਼ਹਿਰ ਬਣਾਉਣ ਲਈ ਵੇਚ ਦਿੱਤੀ। ਸੈਮੂਅਲ ਡਰੱਮ ਹੈਲਰ ਅਤੇ ਇਕ ਹੋਰ ਵਿਅਕਤੀ ਨੇ ਆਪਣੇ ਨਾਵਾਂ ਦੇ ਸਿੱਕੇ ਨਾਲ ਟਾਸ ਪਾਇਆ ਕਿ ਜਿਸ ਦਾ ਨਾਂ ਟਾਸ ਵਿਚ ਸਹੀ ਆਵੇਗਾ ਉਸ ਦੇ ਨਾਂ ਉੱਪਰ ਇਸ ਇਲਾਕੇ ਦਾ ਨਾਮ ਹੋਵੇਗਾ। ਨਤੀਜਾ ਇਹ ਨਿਕਲਿਆ ਕਿ ਸੈਮੂਅਲ ਡਰੱਮ ਹੈਲਰ ਟਾਸ ਜਿੱਤ ਗਿਆ ਅਤੇ ਉਸ ਦੇ ਨਾਂ ਉੱਪਰ ਇਸ ਇਲਾਕੇ ਦਾ ਨਾਮ ਡਰੱਮ ਹੈਲਰ ਰੱਖ ਦਿੱਤਾ ਗਿਆ।
ਇਸ ਇਲਾਕੇ ਵੱਲ 1911-1979 ਦੇ ਸਮੇਂ ਦੌਰਾਨ ਲਗਭਗ 139 ਕੋਇਲੇ ਦੀਆਂ ਖਾਣਾਂ ਰਜਿਸਟਰ ਹੋਈਆਂ ਅਤੇ ਲਗਭਗ 56 ਲੱਖ ਟਨ ਕੋਇਲਾ ਸ਼ਿੱਪ ਜ਼ਰੀਏ ਕੈਨੇਡਾ ਦੇ ਸ਼ਹਿਰ ਨੂੰ ਭੇਜਿਆ ਗਿਆ। ਕੋਇਲੇ ਦੀਆਂ ਖਾਣਾਂ ਵਿਚ ਨੌਕਰੀ ਕਰਨਾ ਇਕ ਖ਼ਤਰਨਾਕ ਧੰਦਾ ਸੀ। ਜਿਸ ਕਾਰਨ ਅਨੇਕਾਂ ਕਾਮਿਆਂ ਦੀਆਂ ਜਾਨਾਂ ਗਈਆਂ। ਜਿਨ੍ਹਾਂ ਕਾਮਿਆਂ ਦੀਆਂ ਮੌਤਾਂ ਕੋਇਲੇ ਦੀਆਂ ਖਾਣਾਂ ਕਰਕੇ ਹੋਈਆਂ ਉਨ੍ਹਾਂ ਦੀ ਯਾਦ ਵਿਚ 224, ਸੈਂਟਰਲ ਸਟਰੀਟ ਵਿਖੇ ਇਕ ਯਾਦਗਾਰ ਸਥਾਪਤ ਕਰ ਦਿੱਤੀ ਗਈ ਜੋ ‘ਐਟਲਸ ਕੋਲ ਮਾਈਨ ਨੈਸ਼ਨਲ ਹਿਸਟੋਰੀਕਲ ਸਾਈਟ’ ਨਾਲ ਪ੍ਰਸਿੱਧ ਹੈ। 1979 ਵਿਚ ਇਹ ਆਖਰੀ ਕੋਇਲੇ ਦੀ ਖਾਣ ਸੀ। ਇਸ ਸਥਾਨ ਨੂੰ ਵੇਖਣ ਲਈ ਹਜ਼ਾਰਾਂ ਲੋਕ ਆਉਂਦੇ ਹਨ।
ਅੱਜਕੱਲ੍ਹ ਇਹ ਇਲਾਕਾ ਡਾਇਨਾਸੋਰ ਦੀ ਵਿਸ਼ਵ ਪ੍ਰਸਿੱਧੀ ਲਈ ਅਤੇ ਤੇਲ ਤੇ ਗੈਸ ਦੇ ਭੰਡਾਰ ਤੋਂ ਇਲਾਵਾ ਖੇਤੀ ਉਦਯੋਗ ਦਾ ਵੱਡਾ ਕੇਂਦਰ ਹੈ। ਅਨੇਕਾਂ ਲੋਕ ਇਸ ਇਲਾਕੇ ਵਿਚ ਇਨ੍ਹਾਂ ਭੰਡਾਰਾਂ ਕਰਕੇ ਨੌਕਰੀਆਂ ਕਰਦੇ ਹਨ। ਅੱਜਕੱਲ੍ਹ ਇਹ ਟੂਰਿਜ਼ਮ ਵਾਲਾ ਅਤੇ ਹਜ਼ਾਰਾਂ ਲੋਕਾਂ ਦੇ ਮਨੋਰੰਜਨ ਦਾ ਸਥਾਨ ਬਣ ਗਿਆ ਹੈ। ਇਸ ਸ਼ਹਿਰ ਵਿਚ ਬਹੁਤ ਵੱਡਾ ਵਿਸ਼ਵ ਪ੍ਰਸਿੱਧ ਡਾਇਨਾਸੋਰ ‘ਟਾਇਰਲ ਮਿਊਜ਼ੀਅਮ’ ਹੈ। ਅਮੀਰ ਵਿਰਸੇ ਦੀ ਖ਼ੂਬਸੂਰਤ ਦਿਖ ਵਾਲਾ ਇਹ ਇਲਾਕਾ ਖ਼ੂਬਸੂਰਤ ਮੌਸਮ ਅਤੇ ਮਨੋਰੰਜਨ ਕਿਰਿਆਵਾਂ ਦਾ ਮਨਮੋਹਕ ਸਥਾਨ ਹੈ। ਜਿੱਥੇ ਡਰੱਮ ਹੈਲਰ ਦੀ ਪ੍ਰਾਚੀਨਤਾ ਅਤੇ ਆਧੁਨਿਕਤਾ ਦਾ ਗਹਿਰਾ ਪ੍ਰਭਾਵ ਪੈਂਦਾ ਹੈ।
ਰੈੱਡ ਡੀਅਰ ਨਦੀ ਦੀ ਮਹਾਨਤਾ ਵੀ ਇਸ ਇਲਾਕੇ ਨੂੰ ਚਾਰ ਚੰਨ ਲਾਉਂਦੀ ਹੈ। ਸਵੇਰੇ ਸ਼ਾਮ ਪਹਾੜੀ ਇਲਾਕੇ ਦੀਆਂ ਭੂਮੀ ਨੁੱਕਰਾਂ ’ਚੋਂ ਆਕਰਸ਼ਕ ਸੁੰਦਰ ਦ੍ਰਿਸ਼ ਅਤੇ ਨਦੀ ਵਿਚ ਕਈ ਤਰ੍ਹਾਂ ਦੀਆਂ ਕਿਸ਼ਤੀ ਖੇਡਾਂ ਦੇ ਨਜ਼ਾਰੇ ਮਾਨਣ ਵਾਲੇ ਹੁੰਦੇ ਹਨ।
ਇਸ ਇਲਾਕੇ ਦਾ ਪ੍ਰਸਿੱਧ ਲੱਕੀ ਫਿੱਗਰ ਡਰੈੱਸ (ਲੰਬਾ ਪਹਿਰਾਵਾ) ਵੀ ਮਸ਼ਹੂਰ ਹੈ। ਇਕ ਲੰਬਾ ਲਬਿਾਸ ਜੋ ਗੋਡਿਆਂ ਤਕ ਹੁੰਦਾ ਹੈ। ਇਸ ਇਲਾਕੇ ਦੀ ਬੰਜਰ ਜ਼ਮੀਨ ਨੂੰ ਵੀ ਮਨੋਰੰਜਨ ਕਿਰਿਆਵਾਂ ਲਈ ਵਰਤਿਆ ਜਾਂਦਾ ਹੈ। ਭਾਵੇਂ ਇਹ ਜ਼ਮੀਨ ਉਪਜਾਊ ਨਹੀਂ ਹੈ, ਪਰ ਇਸ ਨੂੰ ਮਨੋਰੰਜਨ ਕਿਰਿਆਵਾਂ ਨਾਲ ਜੋੜ ਕੇ ਆਮਦਨ ਦਾ ਸਾਧਨ ਬਣਾ ਲਿਆ ਗਿਆ ਹੈ। ਇਨ੍ਹਾਂ ਬੰਜਰ ਪਥਰੀਲੇ ਰਸਤਿਆਂ ਉੱਪਰ ਸਾਈਕਲ ਚਲਾਉਣਾ, ਘੋੜ ਖੇਡਾਂ ਆਦਿ ਦਾ ਮਜ਼ਾ ਲਿਆ ਜਾ ਸਕਦਾ ਹੈ। ਮੋਟਰਸਾਈਕਲ ਦੇ ਵੀ ਇਸ ਉੱਪਰ ਮਜ਼ੇ ਲਏ ਜਾ ਸਕਦੇ ਹਨ।
ਇਸ ਇਲਾਕੇ ਵੱਲ ਸੁੰਦਰ ਹਰੀਆਂ ਭਰੀਆਂ ਵਾਦੀਆਂ ਝੀਲਾਂ, ਝਰਨੇ, ਨਦੀਆਂ, ਸੁੰਦਰਤਾ ਨਾਲ ਲਬਰੇਜ਼ ਹਨ। ਇੱਥੋਂ ਦਾ ਨੀਮ ਪਹਾੜੀ ਇਲਾਕਾ ਵੀ ਕਮਾਲ ਦੇ ਮਨਮੋਹਕ ਦ੍ਰਿਸ਼ਾਂ ਨਾਲ ਭਰਪੂਰ ਹੈ। ਇਸ ਇਲਾਕੇ ਦੀਆਂ ਲਘੂ ਪਹਾੜੀਆਂ ਦੁਨੀਆਂ ਦੀਆ ਪਹਾੜੀਆਂ ਨਾਲੋਂ ਬਿਲਕੁਲ ਵੱਖਰੀਆਂ ਹਨ। ਖੁੰਭਾਂ ਵਰਗੀਆਂ ਛੋਟੀਆਂ-ਛੋਟੀਆਂ ਚੂੜੀਦਾਰ ਪਹਾੜੀਆਂ ਸ਼ਾਨਦਾਰ ਦ੍ਰਿਸ਼ ਪੇਸ਼ ਕਰਦੀਆਂ ਹਨ। ਚਾਕਲੇਟ ਅਤੇ ਗੁੜ ਦੀਆਂ ਪੇਸ਼ੀਆਂ ਵਰਗੀਆਂ ਕਿੰਗਰੇਦਾਰ, ਬਹੁਰੰਗੀ ਧਾਰੀਦਾਰ, ਕਿਸੇ ਦੁਪੱਟੇ ਦੇ ਅਨੇਕਾਂ ਰੰਗਾਂ ਵਰਗੀਆਂ ਨਿਹਾਇਤ ਖ਼ੂਬਸੂਰਤ ਪਹਾੜੀਆਂ ਵੇਖ-ਵੇਖਕੇ ਜੀ ਨਹੀਂ ਰੱਜਦਾ।
ਸੰਪਰਕ: 780-807-6007 (ਐਡਮਿੰਟਨ)