ਪਰਮਿੰਦਰ ਕੌਰ ਸਵੈਚ
ਇਸ ਸਾਲ ਦੇ ਸ਼ੁਰੂ ਤੋਂ ਹੀ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਦੇ ਲੋਕ ਚਿੰਤਾ ਵਿਚ ਹਨ। ਜਦੋਂ ਉਹ ਦੇਖਦੇ ਹਨ ਕਿ ਕਦੇ ਕਿਸੇ ਸ਼ੌਪਿੰਗ ਮਾਲ ਵਿਚ, ਕਦੇ ਖੇਡ ਕੰਪਲੈਕਸ ਦੇ ਬਾਹਰ ਤੇ ਕਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਜਾਂ ਭੀੜ ਭੜੱਕੇ ਵਾਲੀਆਂ ਸਟਰੀਟਾਂ ’ਤੇ ਬਰਾਬਰ ਜਾਂਦੀਆਂ ਕਾਰਾਂ ਵਿਚੋਂ ਦਿਨ ਦਿਹਾੜੇ ਸ਼ਰੇਆਮ ਗੋਲ਼ੀਆਂ ਚੱਲਦੀਆਂ ਸੁਣਦੀਆਂ ਹਨ ਤਾਂ ਆਮ ਜਨ ਸਾਧਾਰਣ ਦਾ ਦਿਲ ਦਹਿਲ ਜਾਂਦਾ ਹੈ। ਸ਼ਾਂਤ ਜਿਹੇ ਦੇਸ਼ ਕੈਨੇਡਾ ਵਿਚ ਵੀ ਲੋਕਾਂ ਨੂੰ ਡਰ ਡਰ ਕੇ ਜਿਉਣਾ ਪੈ ਰਿਹਾ ਹੈ। ਪਿਛਲੇ ਦਿਨਾਂ ਤੋਂ ਕੁਝ ਨੌਜਵਾਨਾਂ ਦੀਆਂ ਫੋਟੋਆਂ ਟੀਵੀ ’ਤੇ ਦਿਖਾਈਆਂ ਜਾ ਰਹੀਆਂ ਹਨ ਕਿ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ। ਆਮ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਇਹ ਸੰਭਵ ਹੈ ? ਕੀ ਪਤਾ ਲੱਗੇ ਕਿ ਉਹ ਕਿੱਥੇ ਫਿਰ ਰਹੇ ਹਨ ? ਕਿੱਧਰ ਜਾ ਰਹੇ ਹਨ ? ਜੇ ਪੁਲੀਸ ਦੇ ਹੱਥ ਨਹੀਂ ਆ ਸਕਦੇ ਤਾਂ ਆਮ ਲੋਕ ਕਿਵੇਂ ਬਚਣ ? ਮੂੰਹਾਂ ’ਤੇ ਮਾਸਕਾਂ ਵਿਚ ਕੌਣ ਲੁਕਿਆ ਹੈ ਕਿਵੇਂ ਦੇਖੀਏ ? ਹਵਾ ਵਿਚ ਲਟਕ ਰਹੇ ਇਹੋ ਜਿਹੇ ਅਨੇਕਾਂ ਸਵਾਲ ਸਾਡੇ ਸਾਹਮਣੇ ਮੂੰਹ ਅੱਡੀ ਖੜ੍ਹੇ ਹਨ। ਦੁੱਖ ਦੀ ਗੱਲ ਹੈ ਕਿ ਇਨ੍ਹਾਂ ਵਿਚ ਪੰਜਾਬੀ ਕਮਿਊਨਿਟੀ ਦੇ ਅੱਧ ਤੋਂ ਵੱਧ ਨੌਜਵਾਨ ਹਨ ਜੋ ਦਿਨਾਂ ਵਿਚ ਅਮੀਰ ਹੋਣ ਦੀ ਇੱਛਾ ਨਾਲ ਪਰਿਵਾਰਾਂ ਸਮੇਤ ਇਸ ਕੋਹਰਾਮ ਦਾ ਅੰਗ ਬਣ ਰਹੇ ਹਨ ਤੇ ਫੜੇ ਜਾ ਰਹੇ ਹਨ। ਇਸ ਸਮੇਂ ਇਸ ਭਿਆਨਕ ਵਰਤਾਰੇ ਬਾਰੇ ਸੋਚਣ ਦੀ ਲੋੜ ਹੈ, ਜਿਸ ਨਾਲ ਲੋਕਾਂ ਦਾ ਜੀਵਨ ਇਸ ਗੈਂਗਵਾਰ ਤੋਂ ਬਚਾਇਆ ਜਾ ਸਕੇ।
ਸਾਰੀ ਦੁਨੀਆ ਇਸ ਸਮੇਂ ਕਰੋਨਾ ਮਹਾਮਾਰੀ ਨਾਲ ਜੂਝ ਰਹੀ ਹੈ, ਪਰ ਕੈਨੇਡਾ ਦਾ ਬੀ. ਸੀ. ਸੂਬਾ ਇਕ ਨਹੀਂ ਤਿੰਨ ਤਿੰਨ ਮਹਾਮਾਰੀਆਂ ਨਾਲ ਜੂਝ ਰਿਹਾ ਹੈ, ਜਿਸ ਵਿਚ ਕਰੋਨਾ ਤਾਂ ਹੈ ਹੀ, ਪਰ ਨਾਲ ਨਾਲ ਗੈਂਗਵਾਰ ਤੇ ਡਰੱਗ ਓਵਰਡੋਜ਼ ਨਾਲ ਵੀ।
ਬੀ.ਸੀ. ਵਿਚ ਗੈਂਗਾਂ ਦਾ ਇਤਿਹਾਸ ਸੌ ਸਾਲ ਤੋਂ ਵੀ ਪੁਰਾਣਾ ਹੈ। ਪਹਿਲਾਂ ਪਹਿਲ ਇਹ ਛੋਟੇ ਛੋਟੇ ਗੈਂਗ ਸਨ, ਪਰ ਬਾਅਦ ਵਿਚ ਇਹ ਉੱਤਰੀ ਅਮਰੀਕਾ ਵਿਚ ਤੇ ਸਾਰੀ ਦੁਨੀਆ ਵਿਚ ਜਥੇਬੰਦਕ ਤੌਰ ’ਤੇ ਫੈਲ ਗਏ। ਇਨ੍ਹਾਂ ਦੇ ਕੰਮ ਲੁੱਟਾਂ-ਖੋਹਾਂ, ਕਤਲ, ਚੋਰੀਆਂ, ਡਾਕੇ, ਭੰਨ-ਤੋੜ, ਹਿੰਸਾ, ਹਥਿਆਰ ਤੇ ਡਰੱਗ ਦਾ ਵਪਾਰ ਆਦਿ ਨਾਲ ਜੁੜੇ ਰਹੇ ਹਨ। ਜਿਉਂ ਜਿਉਂ ਸਮਾਜ ਵਿਚ ਅਮੀਰ ਗਰੀਬ ਦਾ ਪਾੜਾ ਵਧ ਰਿਹਾ ਹੈ ਤੇ ਬਹੁਗਿਣਤੀ ਲੋਕਾਂ ਦੀ ਆਮਦਨ ਬਹੁਤ ਘੱਟ ਹੋਣ ਕਰਕੇ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ ਹੈ ਤਾਂ ਬਹੁਤੀ ਵਾਰ ਨਾ ਚਾਹੁੰਦੇ ਹੋਏ ਵੀ ਲੋਕ ਇਹੋ ਜਿਹੇ ਘਟੀਆ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦਾ ਲਾਲਚ ਦੇ ਕੇ ਕੰਮ ਕਰਵਾਉਣਾ ਸੌਖਾ ਹੋ ਜਾਂਦਾ ਹੈ। ਕੁਝ ਲੋਕ ਆਪਣੇ ਮੁਨਾਫ਼ੇ ਲਈ ਕੁਝ ਕੁ ਨੌਜਵਾਨਾਂ ਨੂੰ ਗੈਂਗ ਲੀਡਰ ਬਣਾ ਕੇ ਹੱਥਾਂ ਵਿਚ ਹਥਿਆਰ, ਮਹਿੰਗੀਆਂ ਗੱਡੀਆਂ ਤੇ ਅਪਾਰਟਮੈਂਟ ਕਿਰਾਏ ’ਤੇ ਲੈ ਦੇ ਕੇ ਉਨ੍ਹਾਂ ਨੂੰ ਕੰਮ ਦੇ ਦਿੱਤਾ ਜਾਂਦਾ ਹੈ ਕਿ ਛੋਟੇ ਛੋਟੇ ਬੱਚਿਆਂ ਨੂੰ ਸਕੂਲਾਂ ਵਿਚੋਂ ਭਰਤੀ ਕਰੋ ਤੇ ਸਟਰੀਟਾਂ ਤੇ ਡਰੱਗ ਨੂੰ ਵੇਚੋ ਤੇ ਪੈਸਾ ਕਮਾਓ, ਹੋਰ ਕੰਮ ਕਰਨ ਜਾਂ ਪੜ੍ਹਨ ਦੀ ਲੋੜ ਨਹੀਂ ਹੈ। ਇਨਸਾਨੀ ਸੁਭਾਅ ਤੇ ਫਿਰ ਅੱਲ੍ਹੜ ਉਮਰ ਜਿਸ ਵਿਚ ਅਸੀਂ ਛੇਤੀ ਤੋਂ ਛੇਤੀ ਅਮੀਰ ਹੋਣ ਦੀ ਲਾਲਸਾ ਪਾਲ਼ਦੇ ਹਾਂ, ਤਾਂ ਇਹ ਵਾਪਰਨਾ ਸੁਭਾਵਿਕ ਹੈ।
ਡਰੱਗ ਦਾ ਧੰਦਾ ਸਿਰਫ਼ ਕੈਨੇਡਾ ਅਮਰੀਕਾ ਦਾ ਨਹੀਂ ਸਗੋਂ ਸਾਰੀ ਦੁਨੀਆ ਦਾ ਸਭ ਤੋਂ ਵੱਡਾ ਧੰਦਾ ਹੈ। ਇਸ ਵਿਚ ਦੁਨੀਆ ਦੇ ਕੁਝ ਕੁ ਅਮੀਰ ਲੋਕ ਇਹ ਧੰਦਾ ਚਲਾ ਰਹੇ ਹਨ ਅਤੇ ਮਣਾਂ ਮੂੰਹੀਂ ਮੁਨਾਫ਼ਾ ਖੱਟ ਰਹੇ ਹਨ ਅਤੇ ਨੌਜਵਾਨਾਂ ਨੂੰ ਬਲਦੀ ਦੇ ਬੁੱਥੇ ਦੇ ਰਹੇ ਹਨ। ਇਨ੍ਹਾਂ ਦੀ ਗਿਣਤੀ ਗਲ਼ੀਆਂ ਵਿਚ ਡਰੱਗ ਵੇਚਣ ਵਾਲਿਆਂ ਤੋਂ ਲੈ ਕੇ ਜਥੇਬੰਦਕ ਗੈਂਗਾਂ ਸਣੇ ਬੀ. ਸੀ. ਵਿਚ ਤਕਰੀਬਨ 188 ਹੋ ਚੁੱਕੀ ਹੈ। ਵੀਹਵੀਂ ਸਦੀ ਦੇ ਅਖੀਰਲੇ ਸਾਲਾਂ ਤੋਂ ਸ਼ੁਰੂ ਹੋਈ ਗੈਂਗਵਾਰ ਵਿਚ 400 ਤੋਂ ਵੀ ਵੱਧ ਨੌਜਵਾਨ ਗੋਲ਼ੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਪਏ ਹਨ। ਇਨ੍ਹਾਂ ਦੀ ਇਸ ਲੜਾਈ ਵਿਚ ਆਮ ਲੋਕਾਂ ਨੂੰ ਵੀ ਹਮੇਸ਼ਾਂ ਖ਼ਤਰਾ ਬਣਿਆ ਰਹਿੰਦਾ ਹੈ। ਇਨ੍ਹਾਂ ਵਿਚ ਭਰਤੀ ਕੀਤੇ ਨੌਜਵਾਨ ਪਹਿਲਾਂ ਛੋਟੇ ਛੋਟੇ ਬੱਚਿਆਂ ਨੂੰ ਡਰੱਗ ਖਾਣ ਲਾਉਂਦੇ ਹਨ ਅਤੇ ਜਦੋਂ ਡਰੱਗ ਉਨ੍ਹਾਂ ਦੀ ਲੋੜ ਬਣ ਜਾਂਦੀ ਹੈ ਤਾਂ ਉਹ ਜੁਰਮ ਦੇ, ਵੇਚਣ ਦੇ ਰਾਹ ਤੁਰ ਪੈਂਦੇ ਹਨ। ਅੰਕੜੇ ਦੱਸਦੇ ਹਨ ਕਿ ਇਨ੍ਹਾਂ ਦੀ ਉਮਰ 14 ਸਾਲਾਂ ਤੋਂ 35 ਸਾਲ ਦੇ ਦਰਮਿਆਨ ਹੀ ਸੀ। ਪਿਛਲੇ ਤਿੰਨ ਹਫ਼ਤਿਆਂ ਵਿਚ ਵੈਨਕੂਵਰ ਖੇਤਰ ਵਿਚ ਗਿਆਰਾਂ ਵਾਰ ਗੋਲ਼ੀ ਚੱਲੀ ਤੇ ਨੌਂ ਨੌਜਵਾਨ ਮਾਰੇ ਗਏ ਹਨ। ਮਾਰਨ ਵਾਲੇ ਪੁਲੀਸ ਦੇ ਅੱਗਿਓਂ ਦੀ ਭੱਜ ਜਾਂਦੇ ਹਨ ਤੇ ਨਾਲ ਦੇ ਸ਼ਹਿਰ ਜਾ ਕੇ ਗੱਡੀ ਸਾੜ ਕੇ ਸਬੂਤ ਵੀ ਖ਼ਤਮ ਕਰ ਦਿੰਦੇ ਹਨ। ਇਸ ਤਰ੍ਹਾਂ ਸਰਕਾਰਾਂ, ਪੁਲੀਸ ਸਭ ਬੇਵਸੀ ਜ਼ਾਹਰ ਕਰ ਰਹੇ ਹਨ ਤੇ ਸਾਰਾ ਆਲਮ ਉਦਾਸੀ ਦੀਆਂ ਆਹਾਂ ਭਰ ਰਿਹਾ ਹੈ।
ਤੀਸਰੀ ਸਮੱਸਿਆ ਡਰੱਗ ਖਾਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਜਿੱਥੇ ਡਰੱਗ ਨੂੰ ਵੇਚਣ ਵਾਲਿਆਂ ਵਿਚ ਘੋਰ ਯੁੱਧ ਚੱਲ ਰਿਹਾ ਹੈ, ਉੱਥੇ ਖਾਣ ਵਾਲਿਆਂ ਦੀਆਂ ਮੌਤਾਂ ਵਿਚ ਦਿਨੋਂ ਦਿਨ ਗਿਣਤੀ ਵਧਦੀ ਜਾ ਰਹੀ ਹੈ। ਜੇ ਅਸੀਂ ਪਿਛਲੇ ਦਸ ਸਾਲਾਂ ਦੇ ਅੰਕੜੇ ਦੇਖੀਏ ਤਾਂ 2011 ਵਿਚ 295 ਲੋਕ ਡਰੱਗ ਖਾ ਕੇ ਮਰੇ, 2012 ਵਿਚ 270, 2013 ਵਿਚ 334, 2014 ਵਿਚ 369, 2015 ਵਿਚ 529, 2016 ਵਿਚ 991, 2017 ਵਿਚ 1493, 2018 ਵਿਚ 1550, 2019 ਵਿਚ 985, 2020 ਵਿਚ 1723 ਡਰੱਗ ਦਾ ਸੇਵਨ ਕਰਕੇ ਮੌਤ ਦੇ ਮੂੰਹ ਜਾ ਪਏ। ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਹੀ 498 ਲੋਕ ਡਰੱਗ ਖਾ ਕੇ ਇਸ ਜਹਾਨੋਂ ਕੂਚ ਕਰ ਗਏ ਹਨ। ਓਵਰਡੋਜ਼ ਜੋ ਮੌਜੂਦਾ ਪੀੜ੍ਹੀ ਨੂੰ ਚੁੱਪ ਚੁਪੀਤੇ ਨਿਗਲ ਰਹੀ ਹੈ, ਇਸ ’ਤੇ ਗੱਲ ਕਰਨੀ ਵੀ ਕਰੋਨਾ ਜਿੰਨੀ ਹੀ ਜ਼ਰੂਰੀ ਹੈ। ਹਰ ਜ਼ਿੰਦਗੀ ਦੀ ਆਪਣੀ ਕੀਮਤ ਹੈ, ਉਹ ਅਜਾਈਂ ਨਹੀਂ ਜਾਣੀ ਚਾਹੀਦੀ। ਸਰਕਾਰ ਨੇ ਪਿਛਲੇ ਸਮੇਂ ਵਿਚ ਇਸ ਦੀ ਰੋਕਥਾਮ ਲਈ ਕਾਫ਼ੀ ਕਦਮ ਵੀ ਚੁੱਕੇ ਸਨ ਜਿਸ ਕਰਕੇ 2019 ਵਿਚ ਕੁਝ ਅੰਕੜੇ ਘਟੇ ਸਨ, ਪਰ ਫਿਰ 2020 ਵਿਚ ਕਰੋਨਾ ਦੀ ਆੜ ਵਿਚ ਇਹ ਧੰਦਾ ਵਧਿਆ ਹੈ ਜਿਸ ਨਾਲ ਇਹ ਦੁੱਗਣੇ ਹੋ ਗਏ। ਇਸ ਦਾ ਮੁੱਖ ਕਾਰਨ ਇਸ ਸਮੇਂ ਡਰੱਗ ਦੀ ਆਮਦ ਘਟਣਾ ਤੇ ਉਸ ਵਿਚ ਗੈਰ ਕਾਨੂੰਨੀ ਕੈਮੀਕਲਾਂ ਦੀ ਵਾਧੂ ਮਿਲਾਵਟ ਕਰਕੇ ਡਰੱਗ ਵੇਚਣ ਵਾਲਿਆਂ ਨੇ ਸਸਤੇ ਤੇ ਖ਼ਤਰਨਾਕ ਕੈਮੀਕਲ ਮਿਲਾ ਕੇ ਲੋੜਵੰਦਾਂ ਵਿਚ ਸੁੱਟੇ ਤੇ ਮਨਮਰਜ਼ੀ ਦੇ ਭਾਅ ਵੇਚ ਕੇ ਲੋਹੜੇ ਦਾ ਮੁਨਾਫ਼ਾ ਵੀ ਕਮਾਇਆ ਤੇ ਜਾਨਾਂ ਵੀ ਲੈ ਲਈਆਂ। ਇਸ ਦੀ ਮਾਰ ਹੇਠ ਆਉਣ ਵਾਲੇ ਵਿਅਕਤੀ ਤਾਂ ਕੋਈ ਸਬੂਤ ਵੀ ਨਹੀਂ ਦੇ ਸਕਦੇ ਕਿ ਉਨ੍ਹਾਂ ਨੇ ਡਰੱਗ ਕਿੱਥੋਂ ਲਈ, ਕਿਉਂ ਲਈ, ਕਿਉਂਕਿ ਸਣੇ ਸਬੂਤ ਹੀ ਬੰਦਾ ਤੁਰ ਜਾਂਦਾ ਹੈ।
ਹੁਣ ਸਮਾਂ ਆ ਗਿਆ ਹੈ ਕਿ ਜਿਵੇਂ ਪਹਿਲਾਂ ਪਹਿਲ ਕਰੋਨਾ ਨੂੰ ਚੀਨ ਦੇ ਨਾਂ ਨਾਲ ਭੰਡਿਆ ਜਾ ਰਿਹਾ ਸੀ, ਉਹ ਵਿਅਰਥ ਗੱਲਾਂ ਸਨ। ਜਲਦੀ ਹੀ ਦੁਨੀਆ ਨੇ ਆਪਸ ਵਿਚ ਸਿਰ ਜੋੜੇ ਤੇ ਕਰੋਨਾ ਵਾਇਰਸ ਦੀ ਵੈਕਸੀਨ ਲੱਭ ਕੇ ਅਤੇ ਇਹਤਿਆਤ ਦੇ ਸਾਰੇ ਸੰਭਵ ਹੀਲੇ ਲੋਕਾਂ ਤਕ ਪਹੁੰਚਾ ਕੇ ਇਸ ਦੀ ਰੋਕਥਾਮ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ, ਉਸੇ ਤਰ੍ਹਾਂ ਡਰੱਗ ਓਵਰਡੋਜ਼ ਤੇ ਗੈਂਗਵਾਰ ਨੂੰ ਹਟਾਉਣ ਲਈ ਸਰਕਾਰਾਂ ਨੂੰ ਯੋਗ ਕਦਮ ਪੁੱਟਣੇ ਚਾਹੀਦੇ ਹਨ। ਪਿਛਲੇ ਸਾਲਾਂ ਵਿਚ ਗੈਂਗਵਾਰ ਨੂੰ ਪੰਜਾਬੀ ਮਾਪਿਆਂ ਦਾ ਕਸੂਰ ਠਹਿਰਾਇਆ ਗਿਆ ਜੋ ਚੰਗਾ ਪਾਲਣ ਪੋਸ਼ਣ ਨਹੀਂ ਕਰਦੇ ਜਾਂ ਇਹ ਪੰਜਾਬੀਆਂ ਦੀ ਆਪਣੀ ਖਹਬਿਾਜ਼ੀ ਦੀ ਲੜਾਈ ਹੈ, ਗੈਂਗਸਟਰ ਇਕ ਦੂਜੇ ਨੂੰ ਮਾਰ ਰਹੇ ਹਨ ਆਦਿ ਕਹਿ ਕੇ ਪੁਲੀਸ ਆਪਣੇ ਗਲੋਂ ਜ਼ਿੰਮੇਵਾਰੀ ਲਾਹੁੰਦੀ ਰਹੀ ਹੈ ਤੇ ਮਾਪੇ ਪੁਲੀਸ ਦੀਆਂ ਨਾਕਾਮੀਆਂ ’ਤੇ ਉਂਗਲ ਧਰਦੇ ਰਹੇ ਹਨ। ਹੁਣ ਉਹ ਸਮਾਂ ਨਹੀਂ ਰਿਹਾ। ਹੁਣ ਲੋੜ ਹੈ, ਅਮਾਨਵੀ, ਅਪਰਾਧਕ ਪ੍ਰਵਿਰਤੀ ਵਾਲੇ ਲੋਕ ਜੋ ਆਪਣੀ ਨਿੱਜ ਦੀ ਸੰਪਤੀ ਵਿਚ ਵਾਧਾ ਕਰਨ ਲਈ ਇਹ ਸਾਰਾ ਕੁਝ ਕਰਵਾ ਰਹੇ ਹਨ, ਉਨ੍ਹਾਂ ਵੱਲ ਦੇਖਣ ਦੀ ਕਿ ਉਹ ਆਮ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਦਾਅ ’ਤੇ ਲਾ ਕੇ ਆਪਣਾ ਕਾਰੋਬਾਰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਵੱਲ ਕਿਵੇਂ ਲਿਜਾ ਰਹੇ ਹਨ? ਪੁਲੀਸ ਦੀ ਚੁੱਪੀ ਵੀ ਇਹ ਦੱਸ ਰਹੀ ਹੈ ਕਿ ਉਹ ਕੁਝ ਵੀ ਨਹੀਂ ਕਰ ਸਕਦੀ। ਸੋ ਸਰਕਾਰਾਂ ਨੂੰ ਹੋਰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
ਇਹ ਡਰੱਗ ਜੋ ਹਵਾਈ ਤੇ ਸਮੁੰਦਰੀ ਰਾਹਾਂ ਵਿਚੋਂ ਦੀ ਹੋ ਕੇ ਕੈਨੇਡਾ ਦੀ ਧਰਤੀ ’ਤੇ ਪਹੁੰਚਦੀ ਹੈ, ਕੀ ਇਸ ਨੂੰ ਪੁਖਤਾ ਤਰੀਕਿਆਂ ਨਾਲ ਨਹੀਂ ਰੋਕਿਆ ਜਾ ਸਕਦਾ। ਜੇ ਨਹੀਂ ਤਾਂ ਇਸ ਦਾ ਇਕੋ ਇਕ ਹੱਲ ਹੈ ਕਿ ਇਸ ਨੂੰ ਕਾਨੂੰਨ ਦੇ ਦਾਇਰੇ ਵਿਚ ਜਿਵੇਂ ਸ਼ਰਾਬ ਦੀ ਵਿਕਰੀ ਹੁੰਦੀ ਹੈ, ਉਸ ਤਰ੍ਹਾਂ ਵੇਚਿਆ ਜਾਵੇ। ਇਸ ਗੈਰਕਾਨੂੰਨੀ ਵਿਕਣ ਵਾਲੀ ਡਰੱਗ ਨੂੰ ਵੇਚਣ ਲਈ ਹੀ ਗੈਂਗ ਬਣਦੇ ਹਨ, ਫਿਰ ਉਹ ਆਪਣੇ ਆਪਣੇ ਖੇਤਰ ਲਈ ਲੜਦੇ ਹਨ। ਬਹੁਤ ਸਾਰੇ ਡਰੱਗ ਖਾਣ ਵਾਲਿਆਂ ਨੂੰ ਡਰੱਗ ਦੀ ਲੋੜ ਹੈ ਤਾਂ ਉਨ੍ਹਾਂ ਨੂੰ ਖਾਣ ਤੋਂ ਰੋਕਿਆ ਨਹੀਂ ਜਾ ਸਕਦਾ। ਡਰੱਗ ਦੀ ਮੁਸ਼ਕਿਲ ਨੂੰ ਸਿਹਤ ਦੀ ਮੁਸ਼ਕਿਲ ਵਜੋਂ ਲੈਣਾ ਚਾਹੀਦਾ ਹੈ ਨਾ ਕਿ ਅਪਰਾਧ ਸਮਝਿਆ ਜਾਣਾ ਚਾਹੀਦਾ ਹੈ। ਇਸ ਲਈ ਪੁਲੀਸ ਦੀ ਗਿਣਤੀ ਵਧਾਉਣ ਦੀ ਲੋੜ ਨਹੀਂ ਸਗੋਂ ਮਰੀਜ਼ਾਂ ਨੂੰ ਇਲਾਜ ਦੇਣ ਦੀ ਲੋੜ ਹੈ। ਜਦੋਂ ਇਹ ਡਰੱਗ ਸਟੋਰਾਂ ’ਤੇ ਵਿਕੇਗੀ, ਲੋਕ ਆਪਣੀ ਮਰਜ਼ੀ ਨਾਲ ਖਾ ਸਕਣਗੇ। ਉਸ ਦੇ ਨਫ਼ੇ ਨੁਕਸਾਨ ਬਾਰੇ ਤੇ ਮਿਕਦਾਰ ਬਾਰੇ ਪੂਰੀ ਜਾਣਕਾਰੀ ਦਿੱਤੀ ਹੋਵੇਗੀ। ਜਦੋਂ ਉਹ ਗੈਰਕਾਨੂੰਨੀ ਡਰੱਗ ਸਟਰੀਟਾਂ ਤੋਂ ਖ਼ਰੀਦਦੇ ਹਨ ਤਾਂ ਉਨ੍ਹਾਂ ਨੂੰ ਪਤਾ ਨਹੀਂ ਕਿ ਇਹ ਅਸਲ ਵਿਚ ਡਰੱਗ ਹੈ ਵੀ ਜਾ ਨਹੀਂ। ਬਹੁਤੀ ਵਾਰ ਇਹ ਮਿਲਾਵਟੀ ਜ਼ਹਿਰ ਉਨ੍ਹਾਂ ਦੀ ਜਾਨ ਦਾ ਖੌਅ ਬਣ ਨਿੱਬੜਦੀ ਹੈ। ਉਹ ਸ਼ਰਾਬ ਵਾਂਗ ਕਿਸੇ ਦੇ ਸਾਹਮਣੇ ਲੈ ਨਹੀਂ ਸਕਦੇ ਜੋ ਖਾ ਕੇ ਅੰਦਰ ਹੀ ਮਰ ਜਾਂਦੇ ਹਨ। ਜਿੰਨਾ ਚਿਰ ਇਸ ਨੂੰ ਲੀਗਲ ਨਹੀਂ ਕੀਤਾ ਜਾਂਦਾ, ਓਨਾ ਚਿਰ ਨਾ ਗੈਂਗਵਾਰ ਤੋਂ ਛੁਟਕਾਰਾ ਪੈ ਸਕਦਾ ਹੈ ਤੇ ਨਾ ਹੀ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਘੱਟ ਹੋ ਸਕਦੀ ਹੈ ਕਿਉਂਕਿ ਸਾਡੇ ਦੇਖਦੇ ਦੇਖਦੇ ਇਹ ਡਰੱਗ ਦਾ ਵਪਾਰ ਪਹਿਲਾਂ ਸਿਰਫ਼ ਵੱਡੇ ਸ਼ਹਿਰਾਂ ਦੀਆਂ ਬਰੂਹਾਂ ਤਕ ਸੀਮਤ ਸੀ, ਪਰ ਹੁਣ ਇਹ ਛੋਟੇ ਵੱਡੇ ਕਸਬਿਆਂ ਵਿਚ ਫੈਲ ਕੇ ਦੇਸ਼ ਵਿਆਪੀ ਹੋ ਗਿਆ ਹੈ। ਜੇ ਡਰੱਗ ਕਾਨੂੰਨੀ ਤੌਰ ’ਤੇ ਵਿਕੇਗੀ ਤਾਂ ਇਸ ਤੋਂ ਹੋਣ ਵਾਲੀ ਆਮਦਨ ਨਾਲ ਲੋਕਾਂ ਵਿਚ ਡਰੱਗ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਪ੍ਰਚਾਰ ਕੀਤਾ ਜਾ ਸਕਦਾ ਤੇ ਇਸ ਦੀ ਗ੍ਰਿਫ਼ਤ ਵਿਚ ਆਏ ਲੋਕਾਂ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਇਸ ਨਾਲ ਹੀ ਆਪਣੇ ਨਿੱਜੀ ਹਿੱਤਾਂ ਲਈ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਵਾਲੇ ਲੋਕਾਂ ਦੇ ਮੂੰਹ ’ਤੇ ਚਪੇੜ ਵੀ ਲੱਗ ਸਕਦੀ ਹੈ ਤੇ ਮਨੁੱਖਤਾ ਪੱਖੀ ਰੋਲ ਵੀ ਅਦਾ ਕੀਤਾ ਜਾ ਸਕਦਾ ਹੈ ਜਿਸ ਦੀ ਆਸ ਲੈ ਕੇ ਜਨਤਾ ਸਰਕਾਰਾਂ ਨੂੰ ਚੁਣਦੀ ਹੈ। ਹੁਣ ਸਮਾਂ ਹੈ ਕਿ ਉਹ ਵੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਤਾਂ ਕਿ ਲੋਕਾਂ ਨੂੰ ਇਨ੍ਹਾਂ ਅਲਾਮਤਾਂ ਤੋਂ ਸਾਹ ਲੈਣ ਵਿਚ ਰਾਹਤ ਮਿਲੇ।