ਗੁਰਚਰਨ ਕੌਰ ਥਿੰਦ
ਕਿਸਾਨ ਸੰਘਰਸ਼ ਨੂੰ ਦਿੱਲੀ ਦੀਆਂ ਬਰੂਹਾਂ ’ਤੇ ਚੱਲਦਿਆਂ ਇਸ ਮਹੀਨੇ ਦੇ ਅੰਤ ਵਿੱਚ ਸਾਲ ਹੋ ਜਾਣਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ’ਤੇ ਪ੍ਰਧਾਨ ਮੰਤਰੀ ਵੱਲੋਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ। ਹਾਲ ਦੀ ਘੜੀ ਗੱਲ ਖੁਸ਼ੀ ਵਾਲੀ ਹੈ, ਪਰ ਇਤਿਹਾਸ ਗਵਾਹ ਹੈ ਕਿ ਆਮ ਲੋਕ ਲੀਡਰਾਂ ਦੇ ਐਲਾਨਾਂ ਅੰਦਰ ਛੁਪੇ ਏਜੰਡਿਆਂ ਨੂੰ ਸਮਝਣ ਵਿੱਚ ਅਕਸਰ ਧੋਖਾ ਖਾ ਜਾਂਦੇ ਹਨ। ਇਸ ਲਈ ਜਦੋਂ ਤੱਕ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਕਾਗਜ਼ੀ ਕਾਰਵਾਈ ਪੂਰੀ ਨਹੀਂ ਹੋ ਜਾਂਦੀ, ਦਿੱਲੀ ਦੇ ਬਾਹਰਵਾਰ ਕਿਸਾਨ ਸੰਘਰਸ਼ ਅਜੇ ਜਿਉਂ ਦਾ ਤਿਉਂ ਚੱਲਣਾ ਹੈ।
ਹੁਣ ਤੱਕ ਕਿਸਾਨਾਂ ਨੇ ਆਪਣੇ ਟਰੈਕਟਰ-ਟਰਾਲੀਆਂ ਦੇ ਤਰਪਾਲਾਂ ਨਾਲ ਬਣਾਏ ਸਿਰ ਲੁਕਾਵਿਆਂ ਅਤੇ ਕੱਚੇ-ਪੱਕੇ ਆਰਜ਼ੀ ਤੌਰ ’ਤੇ ਖੜ੍ਹੇ ਕੀਤੇ ਘਰਾਂ, ਛੰਨਾਂ ਤੇ ਛੱਪਰਾਂ ਨਾਲ ਦਿੱਲੀ ਦੇ ਬਾਹਰਵਾਰ ਸੜਕਾਂ ਕਿਨਾਰੇ ਛੋਟੇ-ਛੋਟੇ ਪਿੰਡ ਰੂਪੀ ਸਮੂਹ ਉਸਾਰ ਲਏ ਹਨ। ਇੱਥੇ ਸਾਂਝਾ ਲੰਗਰ ਪੱਕਦਾ ਹੈ ਤੇ ਵਰਤਾਇਆ ਜਾਂਦਾ ਹੈ। ਇਨ੍ਹਾਂ ਕਿਸਾਨਾਂ ਲਈ ਲੋੜ ਅਨੁਸਾਰ ਨਹਾਉਣ ਧੋਣ, ਦਵਾਈ-ਬੂਟੀ ਤੇ ਹੋਰ ਨਿੱਕੀਆਂ ਮੋਟੀਆਂ ਸਹੂਲਤਾਂ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ। ਪਿਛਲੇ ਇੱਕ ਸਾਲ ਤੋਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਔਰਤਾਂ ਤੇ ਬੱਚਿਆਂ ਸਮੇਤ ਆਪਣੇ ਪਿੰਡੇ ’ਤੇ ਕੜਾਕੇ ਦੀ ਠੰਢ, ਬਰਸਾਤਾਂ ਤੇ ਗਰਮੀ ਹੰਢਾ ਰਹੇ ਹਨ। ਪ੍ਰਤੀਕੂਲ ਹਾਲਾਤ ਕਾਰਨ ਸੱਤ ਸੌ ਤੋਂ ਉੱਪਰ ਕਿਸਾਨ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਜਿਸ ਜ਼ਾਬਤੇ ਅਤੇ ਸਿਰੜ ਨਾਲ ਧਰਤੀ ਦੇ ਜਾਏ ਵੱਡੀਆਂ ਕਾਰਪੋਰੇਸ਼ਨਾਂ ਤੋਂ ਆਪਣੀਆਂ ਫ਼ਸਲਾਂ ਤੇ ਨਸਲਾਂ ਦੀ ਰਾਖੀ ਲਈ ਬੈਠੇ ਹੋਏ ਹਨ, ਉਹ ਕਦੇ ਕਿਸੇ ਨੇ ਵੇਖਿਆ, ਸੁਣਿਆ ਜਾਂ ਕਿਆਸਿਆ ਨਹੀਂ ਹੋਣਾ। ਦੁਨੀਆ ਦੇ ਇਤਿਹਾਸ ਨੂੰ ਫਰੋਲ ਕੇ ਵੇਖ ਲਓ, ਐਨਾ ਲੰਮਾ ਸ਼ਾਂਤਮਈ ਕਿਸਾਨੀ ਸੰਘਰਸ਼ ਆਪਣੀ ਮਿਸਾਲ ਆਪ ਹੈ।
ਹਾਂ, 1978 ਵਿੱਚ ‘ਅਮਰੀਕਨ ਐਗਰੀਕਲਚਰਲ ਮੂਵਮੈਂਟ’ ਨਾਂ ਦਾ ਇਸੇ ਤਰ੍ਹਾਂ ਦਾ ਇੱਕ ਸੰਘਰਸ਼ ਕਿਸਾਨਾਂ ਵੱਲੋਂ ਵਾਸ਼ਿੰਗਟਨ ਡੀ.ਸੀ. ਵਿੱਚ ਵਿੱਢਿਆ ਗਿਆ ਸੀ। ਮਸਲਾ ਉੱਥੇ ਵੀ ਕਿਸਾਨਾਂ ਸਿਰ ਚੜ੍ਹੇ ਬੈਂਕਾਂ ਦੇ ਕਰਜ਼ੇ ਦੀ ਦੇਣਦਾਰੀ ਦਾ ਸੀ। ਕਰਜ਼ੇ ਦੀ ਵਸੂਲੀ ਲਈ ਬੈਂਕਾਂ ਵੱਲੋਂ ਫਾਰਮਾਂ ਦੀਆਂ ਲਗਾਈਆਂ ਜਾ ਰਹੀਆਂ ਘੱਟ ਕੀਮਤਾਂ ਦਾ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ, ਇੱਕ ਲਹਿਰ ਬਣ ਕੇ ਜਨਵਰੀ 1979 ਵਿੱਚ ਦੂਰ ਦੁਰਾਡੇ ਦੇ ਪ੍ਰਦੇਸ਼ਾਂ ਤੋਂ ਟਰੈਕਟਰ ਟਰਾਲੀਆਂ ’ਤੇ ਸਵਾਰ ਕਿਸਾਨਾਂ ਦੇ ਰੋਹ ਦੇ ਰੂਪ ਵਿੱਚ ਵਾਸ਼ਿੰਗਟਨ ਵੱਲ ਨੂੰ ਵਹੀਰਾਂ ਘੱਤ ਤੁਰਿਆ ਸੀ। ਕਈ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਕੇ ਤਿੰਨ ਕੁ ਹਜ਼ਾਰ ਦੇ ਕਰੀਬ ਟਰੈਕਟਰਾਂ ’ਤੇ ਸਵਾਰ ਕਿਸਾਨ ਵਾਸ਼ਿੰਗਟਨ ਡੀ.ਸੀ. ਪਹੁੰਚ ਸੜਕਾਂ ਮੱਲ ਬੈਠੇ ਸਨ। ਹਫ਼ਤੇ ਕੁ ਬਾਅਦ ਉਸ ਵੇਲੇ ਦੇ ਰਾਸ਼ਟਰਪਤੀ ਜਿਮੀ ਕਾਰਟਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਦਿਖਾਵਾ ਕੀਤਾ, ਪਰ ਜਿਉਂ ਹੀ ਕਿਸਾਨ ਰੈਲੀ ਖ਼ਤਮ ਹੋਈ ਹਾਕਮ ਆਪਣੇ ਵਾਅਦਿਆਂ ਤੋਂ ਮੁੱਕਰ ਗਏ। ਇਤਿਹਾਸ ਗਵਾਹ ਹੈ ਕਿ ਉਸ ਵੇਲੇ ਦੀ ਕਿਸਾਨ ਮੰਦੀ ਨੇ ਬਹੁਤ ਸਾਰੇ ਕਿਸਾਨਾਂ ਨੂੰ ਆਪਣੇ ਫਾਰਮ ਵੇਚਣ ਅਤੇ ਖੇਤੀ ਦਾ ਧੰਦਾ ਛੱਡ ਮਜ਼ਦੂਰ ਬਣਨ ਲਈ ਮਜਬੂਰ ਕਰ ਦਿੱਤਾ ਸੀ। ਇੱਥੇ ਛੋਟਾ ਕਿਸਾਨ ਖ਼ਤਮ ਹੁੰਦਾ ਗਿਆ ਅਤੇ ਵੱਡੀਆਂ ਕਾਰਪੋਰੇਸ਼ਨਾਂ ਦਾ ਜ਼ਮੀਨਾਂ ’ਤੇ ਕਬਜ਼ਾ ਹੁੰਦਾ ਗਿਆ।
ਅੱਧੀ ਸਦੀ ਪਹਿਲਾਂ ਜੋ ਅਮਰੀਕਾ ਦੇ ਕਿਸਾਨਾਂ ਦੀ ਹੋਣੀ ਬਣੀ ਸੀ, ਉਸੇ ਹੀ ਤਰਜ਼ ’ਤੇ ਆਮਦਨ ਦੁੱਗਣੀ ਕਰਨ ਦਾ ਲਾਰਾ ਲਾਉਣ ਵਾਲੇ ਤਿੰਨ ਖੇਤੀ ਕਾਨੂੰਨਾਂ ਰਾਹੀਂ ਭਾਰਤ ਦੇ ਖੇਤੀ ’ਤੇ ਨਿਰਭਰ ਸੂਬਿਆਂ ਦੇ ਕਿਸਾਨਾਂ ਦੀਆਂ ਜ਼ਰਖ਼ੇਜ਼ ਜ਼ਮੀਨਾਂ ਹੜੱਪਣ ਦੀ ਸਾਜ਼ਿਸ਼ ਕੀਤੀ ਗਈ। ਸ਼ੁਕਰ ਹੈ ਅੱਜ ਦਾ ਕਿਸਾਨ ਜਾਗਰੂਕ ਹੈ ਅਤੇ ਉਹ ਸਰਕਾਰੀ ਚੁਸਤੀਆਂ ਤੇ ਲਾਰਿਆਂ ਤੋਂ ਚੰਗੀ ਤਰ੍ਹਾਂ ਸੁਚੇਤ ਹੈ। ਜਿਉਂ ਹੀ ਕਾਨੂੰਨ ਹੋਂਦ ਵਿੱਚ ਆਏ ਇਨ੍ਹਾਂ ਦੀ ਚਕਾਚੌਂਧ ਵਿੱਚ ਲੁਕਿਆ ਕੱੱਚ ਸੱਚ ਸਾਹਮਣੇ ਆਇਆ ਤਾਂ ਲੋਕ ਰੋਹ ਪੈਦਾ ਹੋ ਗਿਆ।
ਸਰਕਾਰ ਲਈ ਇਹ ਮਸਲਾ ‘ਸੱਪ ਦੇ ਮੂੰਹ ਕੋਹੜ ਕਿਰਲੀ’ ਬਣ ਗਿਆ ਸੀ। ਹੁਣ ਇਹ ਮਸਲਾ ਨਿਰਾ ਕਿਸਾਨਾਂ ਦੀਆਂ ਜ਼ਮੀਨਾਂ ਜਾਂ ਉਹਦੀਆਂ ਫ਼ਸਲਾਂ ਦੀਆਂ ਕੀਮਤਾਂ ਜਾਂ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦਾ ਹੀ ਨਹੀਂ ਰਹਿ ਗਿਆ ਸੀ ਬਲਕਿ ਇਹ ਸਮਾਜਿਕ ਲੋੜਾਂ ਥੋੜ੍ਹਾਂ ਦਾ ਮਸਲਾ ਬਣ ਗਿਆ ਹੈ। ਹੁਣ ਕਿਸਾਨੀ ਨਾਲ ਜੁੜੇ ਆੜ੍ਹਤੀਏ, ਵਪਾਰੀ, ਖੇਤ ਮਜ਼ਦੂਰ, ਮੰਡੀ ਮਜ਼ਦੂਰ ਗੱਲ ਕੀ ਰੋਟੀ ਖਾਣ ਵਾਲੇ ਹਰ ਢਿੱਡ ਦਾ ਇਸ ਸੰਘਰਸ਼ ਨਾਲ ਡੂੰਘਾ ਰਿਸ਼ਤਾ ਬਣ ਚੁੱਕਾ ਹੈ।
ਇਸ ਕਿਸਾਨੀ ਸੰਘਰਸ਼ ਤੋਂ ਬਣੇ ਲੋਕ ਸੰਘਰਸ਼ ਦੇ ਸਮਾਜਿਕ ਪਹਿਲੂ ’ਤੇ ਨਜ਼ਰ ਮਾਰੀਏ ਤਾਂ ਵੇਖਦੇ ਹਾਂ ਕਿ ਇਸ ਸੰਘਰਸ਼ ਨੇ ਲੋਕਾਂ ਨੂੰ ਇੱਕ ਸਾਂਝਾ ਪਲੈਟਫਾਰਮ ਪ੍ਰਦਾਨ ਕਰ ਕੇ ਇੱਕਮੁੱਠ ਕਰਨ ਵਿੱਚ ਤਕੜਾ ਰੋਲ ਨਿਭਾਇਆ ਹੈ। ਲੋਕ ਪ੍ਰਾਂਤਕ ਝਗੜੇ ਭੁੱਲ ਗਲੇ ਮਿਲ ਰਹੇ ਹਨ। ਪੰਜਾਬ ਵਿੱਚੋਂ ਨਿਕਲੇ ਹਰਿਆਣਾ ਸੂਬੇ ਦੀ ਗੱਲ ਕਰੀਏ ਤਾਂ ਪੰਜਾਬੀਆਂ ਅਤੇ ਹਰਿਆਣਵੀਆਂ ਦਰਮਿਆਨ ਕਿੰਨੀ ਵੱਡੀ ਖਾਈ ਖੋਦ ਦਿੱਤੀ ਗਈ ਸੀ। ਕਦੇ ਪਾਣੀਆਂ ਦੇ ਨਾਂ ’ਤੇ, ਕਦੇ ਬੋਲੀ ਦੇ ਆਧਾਰ ’ਤੇ ਪਿੰਡਾਂ ਦੀ ਵੰਡ ਅਤੇ ਕਦੇ ਹੋਰ ਕਈ ਨਿਗੂਣੀਆਂ ਗੱਲਾਂ। ਹੁਣ ਜਦੋਂ ਇੱਕ ਸਾਂਝੇ ਮਸਲੇ ਨੇ ਦੋ ਗੁਆਂਢੀ ਭਰਾਵਾਂ ਨੂੰ ਇੱਕ ਮੁਹਾਜ਼ ’ਤੇ ਲਿਆ ਖੜ੍ਹਾ ਕੀਤਾ ਹੈ ਤਾਂ ਇਹੋ ਜਿਹੇ ਪ੍ਰਾਂਤਕ ਝਗੜੇ ਜਿਵੇਂ ਵਿਸਰ ਹੀ ਗਏ ਹੋਣ। ਉਹ ਸਿਰ ਜੋੜ ਕੇ ਬਹਿੰਦੇ ਹਨ, ਇੱੱਕ ਦੂਜੇ ਦੇ ਸਾਹੀਂ ਜਿਉਂਦੇ ਹਨ, ਬੁਰਕੀ ਸਾਂਝੀ ਹੋ ਗਈ ਹੈ। ਉੱਥੇ ਬੈਠ ਭਵਿੱਖੀ ਰਿਸ਼ਤੇਦਾਰੀਆਂ ਵੀ ਗੰਢ ਰਹੇ ਹਨ। ਸਿਆਣਿਆਂ ਦਾ ਕਿਹਾ, ‘ਆਖਰ ਭੱਜੀਆਂ ਬਾਹਵਾਂ ਗਲ਼ ਨੂੰ ਆਉਂਦੀਆਂ ਨੇ’ ਸੱਚ ਸਿੱਧ ਹੋ ਰਿਹਾ ਹੈ। ਸਭ ਤੋਂ ਵਿਲੱਖਣ ਗੱਲ ਔਰਤਾਂ ਤੇ ਮੁਟਿਆਰਾਂ ਦਾ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਸੰਘਰਸ਼ ਵਿੱਚ ਸ਼ਾਮਲ ਹੋਣਾ ਹੈ। ਲਿੰਗੀ ਬਰਾਬਰਤਾ ਨਿਰਉਚੇਚ ਜੜਾਂ ਫੜ ਰਹੀ ਹੈ। ਊਚ-ਨੀਚ ਅਤੇ ਸਮਾਜਿਕ ਵਿਤਕਰਿਆਂ ਦੀਆਂ ਕੰਡਿਆਲੀਆਂ ਤਾਰਾਂ ਪਾਰ ਕਰ ਕੇ ਸਾਂਝਾ ਭਾਈਚਾਰਾ ਮਜ਼ਬੂਤ ਹੋ ਰਿਹਾ ਹੈ। ਸਿਹਤਮੰਦ ਸਮਾਜਿਕ ਵਿਕਾਸ ਦਾ ਜੋ ਪ੍ਰਚਾਰ ਇੱਥੇ ਹੋ ਰਿਹਾ ਹੈ, ਜਾਤਾਂ, ਧਰਮਾਂ ਅਤੇ ਖੇਤਰੀਵਾਦ ਦੇ ਨਾਂ ’ਤੇ ਵੰਡੇ ਭਾਰਤ ਵਿੱਚ ਅਜਿਹਾ ਹੋ ਜਾਣਾ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ। ਜਿਨ੍ਹਾਂ ਦੇ ਨਸੀਬ ਵਿੱਚ ਸਕੂਲ ਦੀਆਂ ਦਹਿਲੀਜ਼ਾਂ ਹੈ ਨਹੀਂ ਸਨ, ਉਹ ਬੱਚੇ ਇੱਥੇ ਮੁਫ਼ਤ ਤੇ ਮਿਆਰੀ ਗਿਆਨ ਹਾਸਲ ਕਰ ਰਹੇ ਹਨ। ਜਾਤੀ ਵਿਤਕਿਰਿਆਂ ਨੂੰ ਵਿਸਾਰ ਸਰਬ ਸਾਂਝੀਵਾਲਤਾ ਦਾ ਪਾਠ ਹਰੇਕ ਦੇ ਕੰਨਾਂ ਤੱਕ ਬਿਨਾਂ ਕਿਸੇ ਉਚੇਚ ਦੇ ਪਹੁੰਚ ਰਿਹਾ ਹੈ। ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੂਝਵਾਨ ਨੇਤਾ ਇੱਕਜੁੱਟ ਹੋ ਕੇ ਇਸ ਲੰਮੇ ਹੁੰਦੇ ਜਾ ਰਹੇ ਸੰਘਰਸ਼ ਦੀ ਵਾਗ ਡੋਰ ਬੜੀ ਸੁਚੱਜਤਾ ਨਾਲ ਸੰਭਾਲਦੇ ਰਹੇ ਹਨ।
ਇਸ ਸੰਘਰਸ਼ ਦੌਰਾਨ ਬਹੁਤ ਕੁਝ ਚੰਗਾ ਤੇ ਮਾੜਾ ਵੀ ਵਾਪਰਿਆ। ਦੇਸ਼ ਦੀ ਸੰਸਦ ਦੇ ਬਰਾਬਰ ਕਿਸਾਨਾਂ ਵੱਲੋਂ ਲਗਾਈ ਗਈ ਸੰਸਦ ਕਿਸਾਨਾਂ ਦੀ ਸੂਝ-ਬੂਝ ਦੀ ਮੂੰਹ ਬੋਲਦੀ ਤਸਵੀਰ ਸਾਰੇ ਸੰਸਾਰ ਨੇ ਵੇਖੀ ਤੇ ਸਲਾਹੀ ਹੈ। ਪੂਰੇ ਯੋਜਨਾਬੱਧ ਢੰਗ ਨਾਲ ਇਸ ਨੂੰ ਸ਼ੁਰੂ ਕੀਤਾ, ਚਲਾਇਆ ਅਤੇ ਨੇਪਰੇ ਚਾੜ੍ਹਿਆ ਗਿਆ। ਆਮ ਜਿਹੇ ਦਿਸਦੇ ਕਿਸਾਨਾਂ ਨੇ ਕਿਸਾਨੀ ਦੇ ਇੱਕ ਇੱਕ ਮੁੱਦੇ ’ਤੇ ਸਰਕਾਰ ਦੇ, ਵਿਰੋਧੀਆਂ ਦੇ ਅਤੇ ਲੋਕਾਂ ਦੇ ਕੰਨ ਖੋਲ੍ਹ ਦਿੱਤੇ। ਲਖੀਮਪੁਰ ਖੀਰੀ ਵਰਗੀਆਂ ਹਿੰਸਕ ਕਿਸਾਨ ਮਾਰੂ ਘਟਨਾਵਾਂ ਸ਼ਾਂਤਮਈ ਸੰਘਰਸ਼ ਨੂੰ ਠਿੱਬੀ ਲਾ ਮੂਧੇ ਮੂੰਹ ਸੁੱਟਣ ਲਈ ਕਾਫ਼ੀ ਸਨ, ਪਰ ਸਦਕੇ ਜਾਈਏ ਕਿਸਾਨ ਆਗੂਆਂ ਦੇ ਜਿਨ੍ਹਾਂ ਦੇ ਏਕੇ ਅੱਗੇ ਸਰਕਾਰ ਦਾ ਇਹ ਤੀਰ ਵੀ ਖੁੰਢਾ ਹੋ ਗਿਆ। ਸਿਰ ਝੁਕਦਾ ਹੈ ਸੰਘਰਸ਼ ਦੇ ਉਨ੍ਹਾਂ ਹਜ਼ਾਰਾਂ ਵਾਲੰਟੀਅਰਾਂ ਦੇ ਅੱਗੇ ਜਿਹੜੇ ਸਾਲ ਭਰ ਤੋਂ ਹਰ ਪ੍ਰਕਾਰ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਆਪਣੇ ਦੇਸ਼ ਦੇ ਹੀ ਨਹੀਂ ਬਲਕਿ ਵਿਦੇਸ਼ ਤੋਂ ਵੀ ਆਪਣੇ ਚੱਲਦੇ ਕਾਰੋਬਾਰ ਤੇ ਨੌਕਰੀਆਂ ਛੱਡ ਬਹੁਤ ਸਾਰੇ ਸਵੈ-ਸੇਵੀ ਨਿਗੂਣੀਆਂ ਤੋਂ ਲੈ ਕੇ ਆਪਣੇ ਹੁਨਰ ਵਾਲੀਆਂ ਵੱਡੀਆਂ ਤੋਂ ਵੱਡੀਆਂ ਸੇਵਾਵਾਂ ਨਿਰਸਵਾਰਥ ਨਿਭਾਉਂਦੇ ਰਹੇ ਹਨ।
ਇਹ ਮੁਕਤੀ ਦੇ ਰਾਹ ਚੱਲੀ ਆਮ ਲੋਕਾਂ ਦੀ ਫ਼ੌਜ ਹੈ ਜਿਸ ਸਦਕਾ ਸਮਾਜਿਕ ਜਾਗ੍ਰਿਤੀ ਦੀ ਨਵੀਂ ਲਹਿਰ ਦਾ ਜਨਮ ਹੋਇਆ ਹੈ। ਇਸ ਲਹਿਰ ਨੇ ਲਾਚਾਰ ਤੇ ਬੇਵੱਸ ਦਿਸਦੀ ਖ਼ਲਕਤ ਦੀ ਗੂੰਗੀ ਜ਼ੁਬਾਨ ਨੂੰ ਬੋਲ ਦੇ ਦਿੱਤੇ ਹਨ। ਲੋਕ ਜਿਹੜੇ ਹੱਥੀਂ ਚੁਣੇ ਰਾਜਨੀਤਕ ਨੇਤਾਵਾਂ ਨੂੰ ਹੱਥੀਂ ਛਾਵਾਂ ਕਰਦੇ ਸੀ, ਉਨ੍ਹਾਂ ਦੀ ਆਮਦ ’ਤੇ ਰਾਜੇ ਵਾਂਗ ਸਵਾਗਤ ਕਰਦੇ ਤੇ ਨੀਵੇਂ ਬਹਿ ਸੰਤੁਸ਼ਟ ਹੋ ਜਾਂਦੇ ਸਨ, ਹੁਣ ਖੜ੍ਹੇ ਕਰਕੇ ਉਨ੍ਹਾਂ ਨੂੰ ਸਵਾਲ ਪੁੱਛਦੇ ਹਨ। ਪਿਛਲੇ ਕੀਤੇ ਵਾਅਦਿਆਂ ਦਾ ਹਿਸਾਬ ਮੰਗਦੇ ਹਨ। ਉਨ੍ਹਾਂ ਦਾ ਸਵਾਗਤ ਕਰਨ ਦੀ ਬਜਾਏ ਕਾਲੇ ਝੰਡਿਆਂ ਨਾਲ ਵਿਰੋਧ ਕਰਦੇ ਹਨ। ਇਸ ਆਮ ਲੋਕਾਂ ਦੀ ਭੀੜ ਨੂੰ ਸੁਚੇਤ ਲੋਕਾਂ ਦਾ ਸਮੂਹ ਬਣਿਆ ਵੇਖ ਨੇਤਾ ਭਮੰਤਰ ਗਏ ਹਨ। ਕਦੇ ਸਵਾਲਾਂ ਨੂੰ ਆਇਆ ਗਿਆ ਕਰਦੇ ਹਨ ਅਤੇ ਕਦੇ ਰਾਹ ਬਦਲ ਜਾਂਦੇ ਹਨ। ਇਸ ਅਚਾਨਕ ਆਈ ਸਮਾਜਿਕ ਕ੍ਰਾਂਤੀ ਨੇ ਵਰ੍ਹਿਆਂ ਦੇ ਲਾਏ ਲਾਰਿਆਂ ਅਤੇ ਅਣਕੀਤੇ ਕੰਮਾਂ ਨੂੰ ਪੂਰਾ ਕਰਨ ਦੀ ਹੋੜ ਲਾ ਦਿੱਤੀ ਹੈ। ਇਹ ਪਿਰਤ ਬਣੀ ਰਹਿਣ ਅਤੇ ਬਣਾਈ ਰੱਖਣ ਦੀ ਲੋੜ ਹੈ। ਵਕਤ ਦੇ ਹਾਕਮਾਂ ਨੂੰ ਇਹ ਲੋਕ ਤਬਦੀਲੀ ਚਾਹੇ ਫੁੱਟੀ ਅੱਖ ਨਾ ਭਾਉਂਦੀ ਹੋਵੇ, ਪਰ ਮਨੁੱਖਤਾ ਦੇ ਸੁਨਹਿਰੇ ਭਵਿੱਖ ਲਈ ਇਹ ਇੱਕ ਰੌਸ਼ਨ ਰਾਹ ਹੈ ਜਿਸ ’ਤੇ ਧਰੇ ਲੋਕ ਪਿਆਰ, ਮੁਹੱਬਤ ਤੇ ਇੱਕਮੁਠਤਾ ਦੇ ਚਿਰਾਗ ਲੋਕਾਈ ਨੂੰ ਰੌਸ਼ਨ ਕਰਦੇ ਰਹਿਣਗੇ। ਗੱਲ ਕੀ ਸਾਰੇ ਦੇਸ਼ ਦੇ ਲੋਕ ਇੱਕ ਧਰਾਤਲ ’ਤੇ ਆ ਇਕੱਠੇ ਹੋਏ ਹਨ, ਉਹ ਸੋਚਣ ਲੱਗ ਪਏ ਹਨ, ਆਪਣੇ ਬਾਰੇ ਵੀ, ਦੂਜਿਆਂ ਬਾਰੇ ਵੀ ਅਤੇ ਦੇਸ਼ ਦੀ ਕਿਸਮਤ ਬਾਰੇ ਵੀ। ਹੈ ਨਾ ਸਮਾਜਿਕ ਚੇਤਨਾ ਦੀ ਇਹ ਕਮਾਲ ਦੀ ਲੋਕ ਲਹਿਰ। ਸ਼ਾਲਾ! ਇਹ ਤਬਦੀਲੀ ਚਿਰਸਥਾਈ ਬਣ ਕੇ ਲੋਕਾਂ ਦੀਆਂ ਸੋਚਾਂ ਨੂੰ ਟੁੰਬਦੀ ਰਹੇ।
ਸੰਪਰਕ: 001-403-402-9635