ਕੁਲਦੀਪ ਸਿੰਘ
ਇਹ ਗੱਲ 26 ਅਪਰੈਲ 2004 ਦੀ ਹੈ। ਸਾਰੇ ਪਰਿਵਾਰ ਨੇ ਉਨ੍ਹੀਂ ਦਿਨੀਂ ਪੰਜਾਬ ਜਾਣ ਦੀ ਸਲਾਹ ਬਣਾਈ ਸੀ। ਸੁਖ ਨਾਲ ਸਾਡੇ ਯਾਨੀ ਮੈਂ ਅਤੇ ਮੇਰੀ ਪਤਨੀ ਕੁਲਦੀਪ ਕੌਰ ਦੇ ਤਿੰਨ ਬੱਚੇ ਅਪਰੈਲ 2004 ’ਚ 16, 14 ਅਤੇ 10 ਸਾਲ ਦੇ ਹੋ ਚੁੱਕੇ ਸਨ। ਵੱਡੇ ਦੋ ਲੜਕੇ ਅਤੇ ਛੋਟੀ ਦਸ ਸਾਲ ਦੀ ਉਮਰ ਵਾਲੀ ਲੜਕੀ। ਬੱਚਿਆਂ ਨੂੰ ਆਪਣੀ ਮਰਜ਼ੀ ਨਾਲ ਪੰਜਾਬ ਜਾਣ ਲਈ ਮਨਾਉਣ ਲਈ ਉਨ੍ਹਾਂ ਦੀ ਇਹ ਸਹੀ ਤੇ ਢੁੱਕਵੀਂ ਉਮਰ ਸੀ। ਵਡੇਰੇ ਹੋ ਕੇ ਅਮਰੀਕੀ ਬੱਚੇ ਉਡਾਰੂ ਹੋ ਜਾਂਦੇ ਹਨ। ਉਦੋਂ ਆਪਣੀ ਹਰ ਇੱਕ ਗੱਲ ਬੱਚਿਆਂ ਨੂੰ ਮਨਾਉਣਾ ਜਾਂ ਉਨ੍ਹਾਂ ’ਤੇ ਠੋਸਣਾ ਕਠਿਨ ਹੋ ਜਾਂਦਾ ਹੈ।
ਸਾਰੇ ਪਰਿਵਾਰਕ ਮੈਂਬਰਾਂ ਦੇ ਅਮਰੀਕੀ ਪਾਸਪੋਰਟ ਤਿਆਰ-ਬਰ-ਤਿਆਰ ਸਨ, ਸਿਰਫ਼ ਭਾਰਤ ਦਾ ਵੀਜ਼ਾ ਲਵਾਉਣ ਦੀ ਜ਼ਰੂਰਤ ਬਾਕੀ ਸੀ। ਇਸ ਕੰਮ ਲਈ ਭਾਰਤੀ ਕੌਂਸਲਖਾਨੇ ਸਾਂ ਫਰਾਂਸਿਸਕੋ ਦੇ ਦਫ਼ਤਰ ਹੀ ਜਾਣਾ ਸੀ। ਇਹ ਇੱਕ ਦਿਹਾੜੀ ਦਾ ਕਾਰਜ ਸੀ। ਇਹ ਦਫ਼ਤਰ ਸਾਡੇ ਯੂਨੀਅਨ ਸਿਟੀ ਵਾਲੇ ਘਰੋਂ ਸਿਰਫ਼ ਚਾਲੀ ਮੀਲ ਦੂਰੀ ’ਤੇ ਹੀ ਸਥਿਤ ਹੈ। ਇਸ ਦਫ਼ਤਰ ਪੁੱਜਣ ਲਈ ਘਰ ਤੋਂ ਅੱਧੀ ਮੀਲ ਵਾਟ ’ਤੇ ਪੈਦਲ ਮਾਰਚ ਕਰਕੇ ਬਾਰਟ (ਮੈਟਰੋ) ਗੱਡੀ ਫੜਨੀ ਅਤੇ ਅਗਾਂਹ ਸਾਂ ਫਰਾਂਸਿਸਕੋ ਮਿੰਟਗੁਮਰੀ ਸਟੇਸ਼ਨ ’ਤੇ ਉਤਰ ਕੇ ਲੋਕਲ ਬੱਸ ਦਾ ਸਫ਼ਰ ਹੀ ਕਰਨਾ ਸੀ।
26 ਅਪਰੈਲ ਨੂੰ ਸੁਵਖਤੇ ਸਾਢੇ ਛੇ ਵਜੇ ਦੁਪਹਿਰ ਦਾ ਖਾਣਾ ਅਤੇ ਪਾਣੀ ਘਰੋਂ ਹੀ ਲੈ ਕੇ ਕੌਂਸਲਖਾਨੇ ਵੱਲ ਦਾ ਰੁਖ਼ ਕੀਤਾ। ਕਰੀਬ 9 ਵਜੇ ਦਫ਼ਤਰ ਖੁੱਲ੍ਹਦਿਆਂ ਸਾਰ ਹੀ ਪਾਸਪੋਰਟ-ਵੀਜ਼ਾ ਵਾਲੀ ਖਿੜਕੀ ’ਤੇ ਸਾਰੇ ਪਾਸਪੋਰਟ ਵੀਜ਼ਾ ਨਾਲ ਸਬੰਧਤ ਕਾਗਜ਼ਾਤ ਅਤੇ ਬਣਦੀ ਫੀਸ ਜਮ੍ਹਾਂ ਕਰਾ ਕੇ ਰਸੀਦ ਪ੍ਰਾਪਤ ਕੀਤੀ। ਕੌਂਸਲਖਾਨੇ ਦਾ ਅਸੂਲ ਇਹ ਸੀ ਕਿ ਵੀਜ਼ਾ ਲੱਗੇ ਪਾਸਪੋਰਟ ਦੁਪਹਿਰ ਬਾਅਦ 3-4 ਵਜੇ ਹੀ ਦਿੱਤੇ ਜਾਣੇ ਸਨ। 9 ਵਜੇ ਤੋਂ 12 ਦੁਪਹਿਰ ਦਾ ਸਮਾਂ ਦਫ਼ਤਰ ਨਾਲ ਲੱਗਦੇ ਸਾਂ ਫਰਾਂਸਿਸਕੋ ਦੇ ਸਭ ਤੋਂ ਵੱਡੇ ਪਾਰਕ ‘ਗੋਲਡਨ ਗੇਟ ਪਾਰਕ’ ’ਚ ਟਹਿਲ ਕੇ ਬਤੀਤ ਕੀਤਾ। 12 ਵਜੇ ਦੁਪਹਿਰ ਨੂੰ ਮੁੜ ਦਫ਼ਤਰ ਆ ਕੇ ਇੰਤਜ਼ਾਰ ਕਮਰੇ ’ਚ ਬੈਠ ਗਿਆ। ਉੱਧਰੋਂ ਦਫ਼ਤਰ ਦੀ ਅੱਧੀ ਛੁੱਟੀ ਹੋਣ ਦਾ ਸਮਾਂ ਆ ਗਿਆ।
ਸਭ ਉਡੀਕਵਾਨ ਗਾਹਕ ਦਫ਼ਤਰ ਛੱਡ ਕੇ ਬਾਹਰ ਵੱਲ ਤੁਰ ਪਏ, ਪਰ ਮੈਂ ਇਕੱਲਾ ਹੀ ਉੱਥੇ ਬੈਠਾ ਰਿਹਾ। ਉਸ ਵੇਲੇ ਇੱਕ ਕੌਂਸਲਖਾਨੇ ਦਾ ਕਰਮੀ ਮੇਰੇ ਵੱਲ ਵਧਿਆ ਅਤੇ ਉਸ ਨੇ ਮੈਨੂੰ ਮੁਖ਼ਾਤਿਬ ਹੁੰਦਿਆਂ ਕਿਹਾ, ‘‘ਸਰਦਾਰ ਜੀ, ਯਹਾਂ ਲੰਚ ਬਰੇਕ ਕੇ ਲੀਏ ਦਫ਼ਤਰ ਬੰਦ ਹੋ ਰਹਾ ਹੈ, ਆਪ ਯਹਾਂ ਸੇ ਚਲੇ ਜਾਏਂ।’’ ਮੈਂ ਉਸ ਨੂੰ ਜੁਆਬ ਦਿੱਤਾ, ‘‘ਹਮਾਰਾ ਇਰਾਦਾ ਤੋਂ ਯਹੀਂ ਬੈਠ ਕਰ ਇੰਤਜ਼ਾਰ ਕਰਨੇ ਕਾ ਹੈ, ਵੈਸੇ ਵੀ ਹਮ ਯਹਾਂ ਬੈਠ ਕਰ ਧਿਆਨ ਔਰ ਸਿਮਰਨ ਕਰਨੇ ਜਾ ਰਹੇ ਹੈਂ।’’ ‘‘ਅੱਛਾ, ਤੋ ਯਹ ਬਾਤ ਹੈ।’’ ‘‘ਜੀ ਹਾਂ, ਮਗਰ ਆਪ ਕੀ ਕ੍ਰਿਪਾ ਦ੍ਰਿਸ਼ਟੀ ਹੋ ਜਾਏ, ਤੋਂ ਮੁਝੇ ਪਾਸਪੋਰਟ ਅਭੀ ਵੀ ਮਿਲ ਸਕਤੇ ਹੈਂ।’’ ‘‘ਹਮਾਰੀ ਕ੍ਰਿਪਾ ਦ੍ਰਿਸ਼ਟੀ, ਯਹ ਬਾਤ।’’ ਉਸੇ ਸਮੇਂ ਉਹ ਕਰਮੀ ਮੁੜਦੇ ਪੈਰੀ ਦਫ਼ਤਰ ਅੰਦਰ ਗਿਆ ਅਤੇ ਮੇਰੇ ਵੀਜ਼ਾ ਲੱਗੇ ਪੰਜੇ ਪਾਸਪੋਰਟ ਲੈ ਕੇ ਆ ਗਿਆ।
ਮੇਰੇ ਪਾਸਪੋਰਟ ਮੇਰੇ ਹੱਥ ’ਤੇ ਧਰਦਿਆਂ ਉਸ ਨੇ ਮੈਨੂੰ ਕਿਹਾ, ‘‘ਲਓ ਜੀ, ਹਮਾਰੀ ਕ੍ਰਿਪਾ ਦ੍ਰਿਸ਼ਟੀ ਤੋ ਹੋ ਗਈ।’’ ਮੈਂ ਉਸ ਦਾ ਧੰਨਵਾਦ ਕੀਤਾ ਅਤੇ ਰਵੀਂ ਰਵੀਂ ਵਾਪਸ ਘਰ ਵੱਲ ਨੂੰ ਚਾਲੇ ਪਾ ਦਿੱਤੇ। ਦੋ-ਢਾਈ ਵਜੇ ਮੈਂ ਆਪਣੇ ਘਰ ਪੁੱਜ ਗਿਆ। ਅੱਜ ਮੈਂ ਜਦੋਂ ਵੀ ਕੌਂਸਲਖਾਨੇ ਦੇ ਕਰਮੀ ਦੇ ਕੀਤੇ ਪਰਉਪਕਾਰ ਨੂੰ ਯਾਦ ਕਰਦਾ ਹਾਂ ਤਾਂ ਮੇਰਾ ਹਿਰਦਾ ਉਸ ਦੇ ਦਿੱਤੇ ਪਿਆਰ ਨਾਲ ਭਰਪੂਰ ਹੋ ਜਾਂਦਾ ਹੈ।
ਸੰਪਰਕ: 510 676 0248