ਦਲਜਿੰਦਰ ਰਹਿਲ
ਰਾਜਿਆ ਰਾਜ ਕਰੇਂਦਿਆ
ਰਾਜਿਆ ਰਾਜ ਕਰੇਂਦਿਆ
ਤੇਰੇ ਰਾਜ, ਤੜਫਦੇ ਲੋਕ।
ਖੂਨ ਜਿਨ੍ਹਾਂ ਦਾ ਚੂਸ ਕੇ
ਤੂੰ ਭੱਠ ਵਿੱਚ ਦੇਂਦਾ ਝੋਕ।
ਰਾਜਿਆ ਰਾਜ ਕਰੇਂਦਿਆ
ਤੇਰੇ ਰਾਜ ਦਾ ਕੀ ਇਨਸਾਫ਼।
ਜੋ ਸੱਚ ਨੂੰ ਸੂਲੀ ਚਾੜ੍ਹਦਾ
ਤੇ ਝੂਠ ਨੂੰ ਕਰਦਾ ਮੁਆਫ਼।
ਰਾਜਿਆ ਰਾਜ ਕਰੇਂਦਿਆ
ਤੇਰੇ ਰਾਜ ਦਾ ਮੰਦੜਾ ਹਾਲ।
ਜਿੱਥੇ ਮਿਹਨਤ ਦਾ ਮੁੱਲ ਡਾਂਗ ਹੈ
ਤੇ ਇੱਜ਼ਤ ਦਾ ਮੁੱਲ ਗਾਲ਼।
ਰਾਜਿਆ ਰਾਜ ਕਰੇਂਦਿਆ
ਤੇਰੇ ਰਾਜ ਨੇ ਚੁੱਕੀ ਅੱਤ।
ਕਹਿ ਕੰਜਕਾਂ ਪੂਜਣ ਜਿਨ੍ਹਾਂ ਨੂੰ
ਫਿਰ ਲੁੱਟ ਕਿਉਂ ਲੈਂਦੇ ਪੱਤ ?
ਰਾਜਿਆ ਰਾਜ ਕਰੇਂਦਿਆ
ਤੈਂ ਰੱਖੇ ਜਿਹੜੇ ਦਲਾਲ।
ਉਹ ਮੁਲਕ ਵੇਚ ਕੇ ਖਾ ਗਏ
ਤੇ, ਤੂੰ ਵੀ ਰਲਿਆ ਨਾਲ।
ਰਾਜਿਆ ਰਾਜ ਕਰੇਂਦਿਆ
ਤੇਰੇ ਰਾਜ ਨੂੰ ਲੱਗੇ ਅੱਗ।
ਜਿੱਥੇ ਚੁੰਨੀਆਂ ਲੀਰੋ ਲੀਰ ਨੇ
ਪੈਰਾਂ ਵਿਚ ਰੁਲਦੀ ਪੱਗ।
ਰਾਜਿਆ ਰਾਜ ਕਰੇਂਦਿਆ
ਤੇਰਾ ਰਾਜ ਨਾ ਬਹੁਤੀ ਦੇਰ।
ਜਦ ਹੜ੍ਹ ਲੋਕਾਂ ਦਾ ਵਗਦਾ
ਫਿਰ ਹੂੰਝਾ ਦਿੰਦਾ ਫੇਰ।
***
ਚੁੱਪ ਦਾ ਤੂਫ਼ਾਨ
ਚੁੱਪ ਦੀ ਕੋਈ ਆਵਾਜ਼ ਨਹੀਂ ਹੁੰਦੀ
ਪਰ ਬੇਜ਼ੁਬਾਨ ਵੀ ਨਹੀਂ ਹੁੰਦੀ ਚੁੱਪ
ਇਸਦਾ ਤੂਫ਼ਾਨ ਸਾਗਰਾਂ ’ਚੋਂ ਨਹੀਂ
ਸਬਰ ਦੀਆਂ ਸ਼ਾਂਤਮਈ ਝੀਲਾਂ ’ਚੋਂ ਉੱਠਦੈ
ਜੋ ਸਮੁੰਦਰਾਂ ਤੋਂ ਵੀ ਗਹਿਰਾ
ਤੇ ਪਰਬਤਾਂ ਤੋਂ ਕਿਤੇ ਵੱਧ ਉੱਚਾ ਹੁੰਦੈ
ਇਹੋ ਤੂਫ਼ਾਨ ਸੰਗਮਰਮਰੀ ਰਾਜ ਮਹਿਲਾਂ ਦੇ
ਜ਼ੁਲਮੀ ਕਿੰਗਰੇ ਢਾਅ ਕੇ
ਦੇਸ਼-ਦਿਸ਼ਾਵਾਂ ਨੂੰ ਬਦਲਦਾ ਹੈ
ਵਰਨਾ… ਸਦੀਆਂ ਤੱਕ
ਕੰਡਿਆਲੇ ਰਾਹ
ਚੁੱਪ ਦੇ ਕਾਫ਼ਲਿਆਂ ਨੂੰ
ਜ਼ਖ਼ਮੀ ਤਸੀਹੇ ਦਿੰਦੇ ਰਹਿੰਦੇ ਹਨ।
***
ਪਿੰਜਰੇ ਦੀ ਖਿੜਕੀ ’ਚੋਂ
ਆਸ਼ਾਵਾਦੀ ਸੁਨੇਹਾ
ਮਨ ਦੇ ਵਿਹੜੇ ਲਾ ਕੇ ਯਾਰੋ,
ਆਸ਼ਾਵਾਂ ਦੇ ਰੁੱਖ ਨਰੋਏ।
ਹਰ ਮੁਸ਼ਕਲ ਨਾਲ ਲੜਨਾ ਸਿੱਖੀਏ
ਫਿਰ ਜੋ ਚਾਹੇ ਹੋਵੇ।
ਇਹ ਕੋਈ ਪਹਿਲਾ ਯੁੱਧ ਨਹੀਂ ਹੈ,
ਸਾਨੂੰ ਪਿਆ ਜੋ ਲੜਨਾ।
ਸਾਡੇ ਪੁਰਖਿਆਂ ਦੱਸਿਆ ਸਾਨੂੰ
ਭਵਸਾਗਰ ਕਿੰਜ ਤਰਨਾ।
ਕੁੱਲ ਦੁਨੀਆਂ ’ਤੇ ਬਣੀ ਮੁਸੀਬਤ
ਬੇਸ਼ੱਕ ਘੜੀ ਹੈ ਔਖੀ।
ਪਰ ਹਿੰਮਤ ਤੇ ਏਕੇ ਅੱਗੇ
ਔਖੀ ਘੜੀ ਵੀ ਸੌਖੀ।
ਪਿੰਜਰੇ ਦਾ ਅੱਜ ਕੈਦੀ ਬਣਿਆ
ਬੰਦਾ ਹਵਾ ਨੂੰ ਫੜਦਾ।
ਕੁਦਰਤ ਫਿਰ ਵੀ ਮਉਲੇ ਮਹਿਕੇ
ਸੂਰਜ ਨਿੱਤ ਦਿਨ ਚੜ੍ਹਦਾ।
ਯੁੱਗਾਂ ਤੋਂ ਚੱਲ ਰਿਹਾ ਨਿਰੰਤਰ
ਇਹ ਉਸਦਾ ਵਰਤਾਰਾ।
ਕਾਦਿਰ ਦੀ ਕੁਦਰਤ ਦਾ ਬੰਦਿਆ
ਭੇਦ ਪਿਆ ਕਦ ਸਾਰਾ।
ਮਨ ਦੇ ਬੂਹੇ ਇਸ ਪਿੰਜਰੇ ਤੋਂ
ਪਾਰ ਵੀ ਹੋਇਆ ਜਾ ਸਕਦਾ ਹੈ।
ਹਰ ਠੋਕਰ ਹੈ ਸਬਕ ਸਿਖਾਉਂਦੀ
ਬਾਹਰ ਵੀ ਹੋਇਆ ਜਾ ਸਕਦਾ ਹੈ।
ਕਾਦਰ ਦੀ ਕੁਦਰਤ ਨਾਲ ਜੇਕਰ
ਇੱਕਮਿੱਕ ਹੋ ਕੇ ਰੈਂਦੇ।
ਨਾ ਹੀ ਘਰ ਵਿਚ ਕੈਦਾਂ ਹੁੰਦੀਆਂ
ਨਾ ਗਲ਼ ਫੰਦੇ ਪੈਂਦੇ।
ਸੰਪਰਕ: 00393272244388