ਟ੍ਰਿਬਿਊਨ ਨਿਊਜ਼ ਸਰਵਿਸ
ਮੈਲਬਰਨ: ਆਸਟਰੇਲੀਆ ਵਿਖੇ ‘ਇੱਕ ਸ਼ਾਮ ਨਵੀਆਂ ਕਿਤਾਬਾਂ ਦੇ ਨਾਮ’ ਹੇਠ ਪੰਜਾਬੀ ਸੱਥ ਮੈਲਬਰਨ ਅਤੇ ਸਾਹਿਤਕ ਸੱਥ ਮੈਲਬਰਨ ਦੇ ਸਹਿਯੋਗ ਨਾਲ ਪੁਸਤਕ ਲੋਕ ਅਰਪਣ ਸਮਾਗਮ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਕਲਾਈਡ ਪਬਲਿਕ ਹਾਲ ਵਿਖੇ ਸਾਹਿਤਕ ਸਮਾਗਮ ਦੌਰਾਨ ਰਮਿੰਦਰ ਕੌਰ ਖਿਆਲਾ ਦੀ ਕਾਵਿ ਪੁਸਤਕ ‘ਜਜ਼ਬਾਤ’ ਅਤੇ ਹਰਪਾਲ ਸਿੰਘ ਨਾਗਰਾ ਦੀ ਕਾਵਿ ਪੁਸਤਕ ‘ਹੱਕਾਂ ਖ਼ਾਤਿਰ ਤੂੰ ਵੀ ਬੋਲ’ (ਦੋਵੇਂ ਲੇਖਕ ਪਿਓ ਅਤੇ ਧੀ) ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਵਜੋਂ ਨਾਮਵਰ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਅਤੇ ਡਾ. ਸੰਦੀਪ ਭਗਤ ਹਾਜ਼ਰ ਹੋਏ।
ਕਾਵਿ ਪੁਸਤਕ ‘ਜਜ਼ਬਾਤ’ ਬਾਰੇ ਬਲਜੀਤ ਫੁਰਵਾਲੀ ਅਤੇ ‘ਹੱਕਾਂ ਖ਼ਾਤਿਰ ਤੂੰ ਵੀ ਬੋਲ’ ਬਾਰੇ ਮਨਿੰਦਰ ਬਰਾੜ ਨੇ ਵਿਚਾਰ ਪੇਸ਼ ਕੀਤੇ। ਮੁੱਖ ਮਹਿਮਾਨ ਸੁਖਵਿੰਦਰ ਅੰਮ੍ਰਿਤ ਨੇ ਕਿਹਾ ਕਿ ਇੱਕੋ ਸਮੇਂ ਪਿਓ ਅਤੇ ਧੀ ਦੀਆਂ ਕਾਵਿ ਪੁਸਤਕਾਂ ਦਾ ਲੋਕ ਅਰਪਣ ਹੋਣਾ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਰਮਿੰਦਰ ਕੌਰ ਕੋਲ ਸੂਖਮ ਭਾਵਨਾਵਾਂ ਨਾਲ ਲਬਰੇਜ਼ ਕੋਮਲ ਤੇ ਅਨੁਭਵੀ ਮਨ ਹੈ, ਜਿਸ ਵਿੱਚੋਂ ਸਮੁੱਚੀ ਮਾਨਵਤਾ ਦੇ ਦੁੱਖ- ਸੁੱਖ ਅਤੇ ਫ਼ਿਕਰ ਨਾਲ ਓਤ- ਪੋਤ ਕਵਿਤਾ ਦਾ ਸੋਮਾ ਫੁੱਟਦਾ ਹੈ। ਡਾ. ਸੰਦੀਪ ਭਗਤ ਨੇ ਕਿਹਾ ਕਿ ਰਮਿੰਦਰ ਦੀਆਂ ਰਚਨਾਵਾਂ ਉੱਚੀਆਂ ਕਦਰਾਂ ਤੇ ਬਰਾਬਰੀ ਵਾਲਾ ਸਮਾਜ ਸਿਰਜਣ ਦੀ ਪ੍ਰਬਲ ਕਾਮਨਾ ਹਨ। ਬਲਜੀਤ ਫੁਰਵਾਲੀ ਨੇ ਕਿਹਾ ਕਿ ਰਮਿੰਦਰ ਕੌਰ ਨੇ ਰਿਸ਼ਤਿਆਂ ਤੇ ਲੋਕਾਈ ਬਾਰੇ ਲਿਖ ਕੇ ਗਾਗਰ ਵਿੱਚ ਸਾਗਰ ਭਰ ਦਿੱਤਾ ਹੈ। ਸੁਖਵਿੰਦਰ ਅੰਮ੍ਰਿਤ ਨੇ ਹਰਪਾਲ ਸਿੰਘ ਨਾਗਰਾ ਦੀ ਕਾਵਿ ਪੁਸਤਕ ‘ਹੱਕਾਂ ਖ਼ਾਤਿਰ ਤੂੰ ਵੀ ਬੋਲ’ ਬਾਰੇ ਕਿਹਾ ਕਿ ਇਸ ਕਾਵਿ ਪੁਸਤਕ ਦੇ ਲੇਖਕ ਨੇ ਲੋਕ ਸੰਘਰਸ਼ਾਂ ਵਿੱਚ ਵਿਚਰ ਕੇ ਪੀੜਤ ਧਿਰ ਦੇ ਹੱਕਾਂ ਦੀ ਬਾਖ਼ੂਬੀ ਗੱਲ ਕੀਤੀ ਹੈ। ਡਾ. ਸੰਦੀਪ ਭਗਤ ਅਤੇ ਮਨਿੰਦਰ ਬਰਾੜ ਨੇ ਕਿਹਾ ਕਿ ਹਰਪਾਲ ਸਿੰਘ ਨਾਗਰਾ ਨੇ ਲੋਕਾਈ ਦੇ ਹੱਕਾਂ ਦੀ ਗੱਲ ਕੀਤੀ ਹੈ।
ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿੱਚ ਕੁਲਜੀਤ ਕੌਰ ਗ਼ਜ਼ਲ, ਜਸਬੀਰ ਕੌਰ, ਮਨਦੀਪ ਬਰਾੜ, ਪਤਰਸ ਪਰਦੇਸੀ, ਰੁਬਿੰਦਰ ਕੌਰ, ਹਰਸ਼ ਬੋਪਾਰਾਏ ਅਤੇ ਬੱਬੂ ਗਿੱਲ ਨੇ ਹਿੱਸਾ ਲਿਆ। ਛੋਟੇ ਬੱਚੇ ਅਵਰਾਜ ਸਿੰਘ, ਅਸੀਸ ਕੌਰ ਨੇ ਕਵਿੱਤਾ ਅਤੇ ਹਰਕੀਰਤ ਸਿੰਘ ਤੇ ਮਨਜੋਤ ਸਿੰਘ ਨੇ ਸੰਗੀਤ ਦੀ ਪੇਸ਼ਕਾਰੀ ਕੀਤੀ। ਸਾਹਿਤਕ ਸਮਾਗਮ ਮੌਕੇ ਜੱਸੀ ਧਾਲੀਵਾਲ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ, ਸ਼ਿਵ ਸ਼ੰਕਰ ਸਿੰਘ (ਸ਼ਿਵ ਆਰਟ) ਅਤੇ ਰਮਾ ਸੇਖੋਂ ਵੱਲੋਂ ਲਗਾਈ ਗਈ ਚਿੱਤਰ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਸਾਹਿਤਕ ਸਮਾਗਮ ਦੇ ਪ੍ਰਬੰਧਕਾਂ ਰਮਿੰਦਰ ਕੌਰ, ਅਮਨਦੀਪ ਸਿੰਘ ਖਿਆਲਾ, ਨਿਤਿਕਾ ਕੌਰ ਚੋਪੜਾ ਅਤੇ ਸਤਿੰਦਰ ਸਿੰਘ ਵੱਲੋਂ ਹਾਜ਼ਰ ਮੁੱਖ ਮਹਿਮਾਨ ਸੁਖਵਿੰਦਰ ਅੰਮ੍ਰਿਤ, ਡਾ. ਸੰਦੀਪ ਭਗਤ ਅਤੇ ਹਰਪਾਲ ਸਿੰਘ ਨਾਗਰਾ, ਕਵੀ ਦਰਬਾਰ ਵਿੱਚ ਸ਼ਾਮਲ ਲੇਖਕਾਂ, ਸ਼ਿਵ ਆਰਟ, ਰਮਾ ਸੇਖੋਂ, ਜੱਸੀ ਧਾਲੀਵਾਲ ਅਤੇ ਖਾਸ ਮਹਿਮਾਨ ਵਜੋਂ ਹਾਜ਼ਰ ਕੁਲਦੀਪ ਕੌਰ, ਰਣਜੋਧ ਸਿੰਘ, ਅਮਰੀਕ ਸਿੰਘ ਚੰਨ, ਬਲਬੀਰ ਸਿੰਘ ਪਰਵਾਨਾ ਨੂੰ ਸਨਮਾਨਿਤ ਕੀਤਾ ਗਿਆ।
ਪੰਜਾਬੀ ਸੱਥ ਮੈਲਬਰਨ ਦੀ ਸਮੁੱਚੀ ਟੀਮ ਵੱਲੋਂ ਹਰਪਾਲ ਸਿੰਘ ਨਾਗਰਾ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਰਮਾ ਸੇਖੋਂ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਮਧੂ ਤਨਹਾ, ਸਤਨਾਮ ਸਿੰਘ, ਕੁਲਬੀਰ ਸਿੰਘ, ਤਜਿੰਦਰ ਗਿੱਲ, ਸਰਬਰਿੰਦਰ ਸੰਧੂ, ਇੰਦਰਜੀਤ ਸੰਧੂ, ਮਾਨਵਦੀਪ ਸਿੰਘ, ਪ੍ਰਭਜੋਤ ਛੀਨਾ, ਲਵਲੀਨ ਕੌਰ, ਜਸਪ੍ਰੀਤ ਸੰਧੂ, ਪਰਮਜੀਤ ਸਿੰਘ, ਓਂਕਾਰ ਸੰਧਾਵਾਲੀਆ, ਪਰਮ ਸੰਧਾਵਾਲੀਆ, ਅੰਮ੍ਰਿਤ ਢਿੱਲੋਂ, ਸੰਨੀ ਸਿੰਘ ਅਤੇ ਵੱਡੀ ਗਿਣਤੀ ਵਿੱਚ ਲੇਖਕ ਤੇ ਸਰੋਤੇ ਹਾਜ਼ਰ ਸਨ।