ਅਮਨਦੀਪ ਸਿੰਘ
ਨਰਿੰਦਰ ਨੇ ਕੰਪਿਊਟਰ ਸਕਰੀਨ ’ਤੇ ਇੱਕ ਵਾਰ ਫਿਰ ਦੇਖਿਆ। ਇੱਕ ਵਾਰ ਨਹੀਂ ਉਸ ਨੇ ਪਿਛਲੇ ਕੁਝ ਮਿੰਟਾਂ ਵਿੱਚ ਹਜ਼ਾਰ ਵਾਰ ਸਕਰੀਨ ’ਤੇ ਉੱਕਰੇ ਨੰਬਰਾਂ ਨੂੰ ਦੇਖਿਆ ਸੀ ਜਿਸ ’ਤੇ ਉਸ ਦੀ ਮੌਤ ਦਾ ਸਮਾਂ ਉੱਕਰਿਆ ਹੋਇਆ ਸੀ। ਉਸ ਦੇ ਦਿਲ ਵਿੱਚ ਡੋਬੂੰ ਪੈ ਰਹੇ ਸਨ ਤੇ ਉਸ ਨੂੰ ਇੰਝ ਲੱਗ ਰਿਹਾ ਸੀ ਕਿ ਉਹ ਕਿਸੇ ਡੂੰਘੇ ਕਾਲੇ ਖੂਹ ਵਿੱਚ ਡਿੱਗਦਾ ਜਾ ਰਿਹਾ ਹੈ ਤੇ ਮਰਨ ਤੋਂ ਪਹਿਲਾਂ ਹੀ ਮਰ ਰਿਹਾ ਹੈ। ਮੌਤ ਜੋ ਕਿ ਅਟੱਲ ਸਚਾਈ ਹੈ। ਹਰ ਇੱਕ ਸ਼ੈਅ, ਜਿਸ ਦਾ ਜਨਮ ਹੋਇਆ ਹੈ, ਨੇ ਅੰਤ ਮਿੱਟੀ ਵਿੱਚ ਸਮਾ ਜਾਣਾ ਹੈ। ਮਿੱਟੀ ਵਿੱਚੋਂ ਉਪਜਿਆ ਮਿੱਟੀ ਦਾ ਬਾਵਾ ਤੇ ਅੰਤ ਮਿੱਟੀ ਵਿੱਚ ਹੀ ਬਿਨਸ ਜਾਣ ਵਾਲਾ। ਅਸੀਂ ਸਭ ਸਿਤਾਰਿਆਂ ਦੀ ਧੂੜ ਦਾ ਹੀ ਅੰਸ਼ ਹਾਂ ਤੇ ਅੰਤ ਨੂੰ ਸਿਤਾਰਿਆਂ ਦੀ ਧੂੜ ਵਿੱਚ ਹੀ ਮਿਲ ਜਾਣਾ ਹੈ ਜਾਂ ਫਿਰ ਜਿਸ ਨੇ ਚੰਗੇ ਕਰਮ ਕੀਤੇ ਹਨ, ਉਹ ਇੱਕ ਸਿਤਾਰਾ ਬਣ ਕੇ ਚਮਕਦਾ ਰਹਿੰਦਾ ਹੈ, ਰਹਿੰਦੀ ਦੁਨੀਆ ਉਸ ਨੂੰ ਯਾਦ ਰੱਖਦੀ ਹੈ।
ਉਸ ਨੇ ਅਜਿਹਾ ਕੀ ਕੀਤਾ ਕਿ ਜਿਸ ਨਾਲ ਦੁਨੀਆ ਉਸ ਨੂੰ ਯਾਦ ਰੱਖੇ? ਉਲਟਾ ਆਪਣੇ ਕਿੱਤੇ ਦਾ ਗ਼ਲਤ ਉਪਯੋਗ ਕੀਤਾ। ਉਸ ਨੇ ਮਸਨੂਈ ਬੁੱਧੀ ਰਾਹੀਂ ਅਨੁਮਾਨ ਲਗਾਇਆ ਹੋਇਆ ਆਪਣੀ ਮੌਤ ਦਾ ਸਮਾਂ ਦੇਖ ਲਿਆ ਸੀ। ਮਸਨੂਈ ਬੁੱਧੀ ਇੰਨੀ ਸਮਰੱਥ ਹੋ ਚੁੱਕੀ ਸੀ ਕਿ ਕਿਸੇ ਦੀ ਵੀ ਮੌਤ ਦਾ 99% ਸਹੀ ਅਨੁਮਾਨ ਲਗਾ ਸਕਦੀ ਸੀ ਪਰ ਅਜਿਹਾ ਸਿਰਫ਼ ਪ੍ਰਯੋਗਾਤਮਕ ਤੌਰ ’ਤੇ ਕੀਤਾ ਜਾਂਦਾ ਸੀ ਜਾਂ ਫਿਰ ਸਮਾਜ ਦੇ ਕਿਸੇ ਵਰਗ ਦਾ ਸਾਂਝਾ ਅਨੁਮਾਨ ਲਗਾਉਣ ਲਈ ਤਾਂ ਜੋ ਸਿਹਤ ਵਿਭਾਗ ਲੋਕਾਂ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਲਈ ਜਾਗਰੂਕ ਕਰ ਸਕੇ। ਉਸ ਨੇ ਇਹ ਕੀ ਕੀਤਾ? ਮਸਨੂਈ ਬੁੱਧੀ ਨੂੰ ਹੈਕ ਕਰਕੇ ਉਸ ਦੇ ਨਿਯਮਾਂ ਨੂੰ ਤੋੜ ਕੇ ਆਪਣੀ ਹੀ ਮੌਤ ਦਾ ਅਨੁਮਾਨ ਲਗਾ ਲਿਆ ਸੀ।
ਉਸ ਸੋਚ ਰਿਹਾ ਸੀ, ‘‘ਉਹ ਕਿਹੜੀ ਮਨਹੂਸ ਘੜੀ ਸੀ ਜਦੋਂ ਆਪਣੀ ਮੌਤ ਬਾਰੇ ਜਾਣਨ ਦਾ ਫ਼ਤੂਰ ਉਸ ਦੇ ਦਿਮਾਗ਼ ਵਿੱਚ ਚੜ੍ਹ ਗਿਆ ਸੀ।…ਤੇ ਹੁਣ ਉਸ ਨੂੰ ਇਸ ਦਾ ਨਤੀਜਾ ਭੁਗਤਣਾ ਪੈਣਾ ਹੈ ਪਰ ਉਹ ਤਾਂ ਅਜੇ ਸਿਰਫ਼ ਪੰਤਾਲੀ ਵਰ੍ਹਿਆਂ ਦਾ ਹੀ ਹੈ ਤੇ ਉਹ ਇੰਨੀ ਜਲਦੀ ਕਿਵੇਂ ਮਰ ਸਕਦਾ ਹੈ ਜਿਵੇਂ ਕਿ ਮਸਨੂਈ ਬੁੱਧੀ ਦੱਸ ਰਹੀ ਸੀ। ਕਿਤੇ ਨਾ ਕਿਤੇ ਅੰਕੜਿਆਂ ਵਿੱਚ ਕੋਈ ਕਮੀ ਰਹਿ ਗਈ ਹੋਣੀ ਏ।’’
ਉਸ ਨੇ ਕਈ ਵਾਰ ਚੈੱਕ ਕੀਤਾ। ਸਭ ਅੰਕੜੇ ਸਹੀ ਸਨ। ਉਸ ਦੀ ਸਿਹਤ ਦੇ ਰਿਕਾਰਡ, ਜੀਨੋਮ ਤੇ ਸ਼ਖ਼ਸੀਅਤ ਬਾਰੇ ਸਭ ਤੱਥ ਸਹੀ ਸਨ।
‘‘ਜੇ ਸਭ ਅੰਕੜੇ ਸਹੀ ਸਨ ਤਾਂ ਫਿਰ ਉਸ ਦੀ ਮੌਤ ਦਾ ਸਮਾਂ ਵੀ ਸਹੀ ਹੀ ਹੋਵੇਗਾ! ਇਹ ਕੀ? ਕੀ ਉਹ ਸੱਚਮੁੱਚ ਹੀ ਇੱਕ ਸਾਲ ਨੂੰ ਮਰ ਜਾਵੇਗਾ? ਅਜੇ ਤਾਂ ਉਸ ਨੇ ਬਹੁਤ ਕੰਮ ਕਰਨੇ ਹਨ। ਉਸ ਦੇ ਪਰਿਵਾਰ ਦਾ ਕੀ ਹੋਵੇਗਾ? ਉਸ ਦੇ ਬੱਚੇ ਛੋਟੇ ਹਨ। ਉਸ ਕੋਲ ਇੰਨੀ ਦੌਲਤ ਵੀ ਨਹੀਂ ਕਿ ਉਸ ਦੇ ਮਰਨ ਤੋਂ ਬਾਅਦ ਉਹ ਆਰਾਮ ਨਾਲ ਸੁਖੀ ਜ਼ਿੰਦਗੀ ਬਤੀਤ ਕਰ ਸਕਣਗੇ।’’
ਫਿਰ ਉਸ ਨੂੰ ਧਿਆਨ ਆਇਆ ਕਿ ਉਸ ਦਾ ਜੀਵਨ-ਬੀਮਾ ਤਾਂ ਹੈ ਹੀ ਤੇ ਉਸ ਦੀ ਕੰਪਨੀ ਵੱਲੋਂ ਗਰੁੱਪ ਬੀਮੇ ਵਿੱਚੋਂ ਵੀ ਕੁਝ ਪੈਸੇ ਮਿਲ ਜਾਣਗੇ। ਇਹ ਸੋਚ ਕੇ ਉਸ ਨੂੰ ਥੋੜ੍ਹੀ ਤਸੱਲੀ ਹੋਈ। ਫਿਰ ਉਸ ਦੇ ਦਿਮਾਗ਼ ਵਿੱਚ ਡਾਕਟਰੀ ਟੈਸਟ ਕਰਵਾਉਣ ਦਾ ਵਿਚਾਰ ਆਇਆ। ਉਹ ਡਾਕਟਰ ਕੋਲ ਪਹੁੰਚ ਗਿਆ। ਉਸ ਨੇ ਆਪਣੇ ਸਾਰੇ ਟੈਸਟ ਕਰਵਾਏ। ਸਭ ਸਹੀ ਸਨ। ਉਸ ਨੂੰ ਫੇਰ ਵੀ ਤਸੱਲੀ ਨਾ ਹੋਈ। ਉਹ ਦੂਜੇ ਡਾਕਟਰ ਕੋਲ ਗਿਆ। ਸਭ ਕੁਝ ਸਹੀ ਸੀ ਪਰ ਇਹ ਕੀ ਉਸ ਨੇ ਆਪਣੇ ਆਪ ਨੂੰ ਇੱਕ ਨਵਾਂ ਰੋਗ ਲਾ ਲਿਆ, ਚਿੰਤਾ ਰੋਗ। ਚਿੰਤਾ ਦੇ ਨਾਲ ਉਸ ਦਾ ਬਲੱਡ-ਪ੍ਰੈੱਸ਼ਰ ਵਧਣ ਲੱਗ ਪਿਆ। ਉਸ ਨੇ ਸੋਚਿਆ ਸੀ ਕਿ ਉਸ ਨੂੰ ਆਪਣੀ ਮੌਤ ਬਾਰੇ ਜਾਣ ਕੇ ਕੋਈ ਚਿੰਤਾ ਨਹੀਂ ਹੋਵੇਗੀ, ਕੋਈ ਡਰ ਨਹੀਂ ਲੱਗੇਗਾ ਪਰ ਅਜਿਹਾ ਨਹੀਂ ਹੋਇਆ। ਚਿੰਤਾ ਤੇ ਡਰ ਉਸ ਦੇ ਦਿਲੋਂ-ਦਿਮਾਗ਼ ਵਿੱਚ ਘਰ ਕਰ ਕੇ ਬੈਠ ਗਏ। ਹਰ ਵਕਤ ਉਸ ਨੂੰ ਆਪਣੀ ਮੌਤ ਦਾ ਡਰ ਹੀ ਸਤਾਈ ਜਾਂਦਾ ਸੀ। ਉਸ ਦਾ ਮਨ ਕੀਤਾ ਕਿ ਆਪਣੇ ਆਪ ਨੂੰ ਕਿਸੇ ਸੁਰੱਖਿਅਤ ਕਮਰੇ ਵਿੱਚ ਬੰਦ ਕਰ ਲਵੇ।
ਫਿਰ ਉਸ ਨੇ ਅਜਿਹਾ ਹੀ ਕੀਤਾ। ਆਪਣੇ ਆਪ ਨੂੰ ਘਰ ਵਿੱਚ ਅਲੱਗ ਕਰ ਲਿਆ। ਉਸ ਦੀ ਪਤਨੀ ਤੇ ਬੱਚੇ ਇਕਦਮ ਬਹੁਤ ਘਬਰਾ ਗਏ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਨਾਲ ਇਕਦਮ ਇਹ ਕੀ ਭਾਣਾ ਵਾਪਰ ਗਿਆ? ਡਾਕਟਰਾਂ ਦਾ ਵਿਚਾਰ ਸੀ ਕਿ ਉਸ ਨੂੰ ਡਿਪਰੈਸ਼ਨ ਹੋ ਗਿਆ ਹੈ। ਉਹ ਸਿਰਫ਼ ਦਵਾਈਆਂ ਦੇ ਸਕਦੇ ਸਨ ਜਾਂ ਕਾਊਂਸਲਿੰਗ ਕਰ ਸਕਦੇ ਸਨ ਪਰ ਨਰਿੰਦਰ ਕੁਝ ਵੀ ਕਰਨ ਨੂੰ ਤਿਆਰ ਨਹੀਂ ਸੀ। ਦਿਨੋਂ-ਦਿਨ ਉਸ ਦੀ ਹਾਲਤ ਖ਼ਰਾਬ ਹੁੰਦੀ ਜਾ ਰਹੀ ਸੀ। ਬਿਸਤਰੇ ’ਤੇ ਲੰਮਾ ਪਿਆ ਉਹ ਸਿਫ਼ਰ ਵੱਲ ਅਪਲਕ ਦੇਖਦਾ ਰਹਿੰਦਾ ਸੀ ਤੇ ਆਪਣੀ ਮੌਤ ਦੇ ਦਿਨ ਦਾ ਇੰਤਜ਼ਾਰ ਕਰਦਾ ਰਹਿੰਦਾ ਸੀ।
ਇੱਕ ਦਿਨ ਇੰਝ ਸਿਫ਼ਰ ਵੱਲ ਦੇਖਦਿਆਂ ਉਸ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ ਤੇ ਉਸ ਦੇ ਸਾਹ ਰੁਕ ਗਏ। ਬਲੱਡ-ਪ੍ਰੈੱਸ਼ਰ ਵਧਣ ਕਰਕੇ ਉਸ ਨੂੰ ਸਟ੍ਰੋਕ ਹੋ ਗਿਆ ਸੀ। ਮਸਨੂਈ ਬੁੱਧੀ ਨੇ ਉਸ ਦੀ ਮੌਤ ਦਾ ਇੱਕ ਸਾਲ ਬਾਅਦ ਅਨੁਮਾਨ ਲਾਇਆ ਸੀ ਪਰ ਉਹ ਤਿੰਨ ਮਹੀਨੇ ਦੇ ਅੰਦਰ ਹੀ ਪੂਰਾ ਹੋ ਗਿਆ।
ਸੰਪਰਕ: +1-508-243-8846