ਡਾ. ਗੁਰਵਿੰਦਰ ਸਿੰਘ
ਕਰੋਨਾ ਵਾਇਰਸ ਮਹਾਂਮਾਰੀ ਦੇ ਰੂਪ ’ਚ ਜਿੱਥੇ ਪੂਰੇ ਸੰਸਾਰ ਨੂੰ ਸਿਹਤ ਪੱਖੋਂ ਆਪਣੀ ਜਕੜ ਵਿਚ ਲੈ ਚੁੱਕਿਆ ਹੈ, ਉੱਥੇ ਇਸ ਦੇ ਨਾਂ ਹੇਠ ਦੁਨੀਆਂ ਭਰ ’ਚ ਵਧ ਰਿਹਾ ਨਸਲਵਾਦ ਦਾ ਬੋਲਬਾਲਾ ਹੋਰ ਵੀ ਖ਼ਤਰਨਾਕ ਹੈ। ਦੁਨੀਆਂ ਨੂੰ ਕਰੋਨਾ ਵਾਇਰਸ ਤੋਂ ਤਾਂ ਦੇਰ-ਸਵੇਰ ਛੁਟਕਾਰਾ ਮਿਲਣ ਦੀ ਆਸ ਹੈ, ਪਰ ਨਸਲਵਾਦ ਦਾ ਵਾਇਰਸ ਮਨੁੱਖ ਨੂੰ ਛੇਤੀ ਨਹੀਂ ਛੱਡੇਗਾ। ਵਿਸ਼ਵ ਸਿਹਤ ਸੰਸਥਾ ਨੇ ਇਸ ਖ਼ਤਰੇ ਨੂੰ ਵੇਖਦਿਆਂ ਹੀ ਕਰੋਨਾ ਵਾਇਰਸ ਸ਼ਬਦ ਦੀ ਥਾਂ ‘ਕੋਵਿਡ-19’ ਵਰਤਣ ਲਈ ਕਿਹਾ ਸੀ ਤਾਂ ਕਿ ਇਸ ਦੀ ਆੜ ’ਚ ਕਿਸੇ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ, ਪਰ ਦੁੱਖ ਇਸ ਗੱਲ ਦਾ ਹੈ ਕਿ ਇਸ ਦਾ ਪ੍ਰਭਾਵ ਨਸਲੀ ਵਿਤਕਰੇ ਦੇ ਰੂਪ ’ਚ ਖ਼ਤਰਨਾਕ ਬਣਦਾ ਜਾ ਰਿਹਾ ਹੈ।
ਕੈਨੇਡਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਮੁੱਖ ਜਨਤਕ ਸਿਹਤ ਮੁਖੀ ਦੀ ਕੁਰਸੀ ’ਤੇ ਮਾਹਿਰ ਡਾਕਟਰ ਥੈਰੇਸਾ ਟੈਮ ਨੂੰ ਬਿਠਾ ਕੇ ਲੋਕਾਂ ਨੂੰ ਚੀਨੀ ਭਾਈਚਾਰੇ ਨਾਲ ਕਿਸੇ ਤਰ੍ਹਾਂ ਵੀ ਨਫ਼ਰਤ ਨਾ ਕਰਨ ਦਾ ਸੁਨੇਹਾ ਦਿੱਤਾ ਹੈ। ਚੀਨੀ ਲੋਕਾਂ ਪ੍ਰਤੀ ਪੈਦਾ ਹੋ ਰਹੀ ਈਰਖਾ ਨੂੰ ਠੱਲ੍ਹ ਪਾਉਣ ਲਈ ਟਰੂਡੋ ਨੇ ਰੋਕਾਂ ਅਤੇ ਪਾਬੰਦੀਆਂ ਤੋਂ ਪਹਿਲਾਂ ਆਪਣੀ ਧੀ ਦਾ ਜਨਮ ਦਿਨ ਇਕ ਚੀਨੀ ਰੈਸਟੋਰੈਂਟ ਵਿਚ ਮਨਾ ਕੇ ਭਾਈਚਾਰਕ ਪਿਆਰ ਦਾ ਸੁਨੇਹਾ ਦਿੱਤਾ ਸੀ। ਹਾਲ ਹੀ ਵਿਚ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਤੇ ਐੱਮ.ਪੀ. ਡੈਰਿਕ ਸਲੋਕਨ ਨੇ ਚੀਨੀ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਵਿਵਾਦਗ੍ਰਸਤ ਟਿੱਪਣੀ ਕਰਦਿਆਂ ਡਾ. ਥੈਰੇਸਾ ਟੈਮ ਨੂੰ ਕੈਨੇਡਾ ਦੇ ਮੁੱਖ ਜਨਤਕ ਸਿਹਤ ਅਫ਼ਸਰ ਦੇ ਅਹੁਦੇ ਤੋਂ ਹਟਾਉਣ ਦਾ ਬਿਆਨ ਦਿੱਤਾ। ਇਸ ’ਤੇ ਨਾ ਸਿਰਫ਼ ਪ੍ਰਧਾਨ ਮੰਤਰੀ ਟਰੂਡੋ ਨੇ ਤੁਰੰਤ ਉਸਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ, ਸਗੋਂ ਨਿਊ ਡੈਮੋਕਰੈਟਿਕ ਪਾਰਟੀ ਦੇ ਕੌਮੀ ਆਗੂ ਜਗਜੀਤ ਸਿੰਘ ਨੇ ਵੀ ਡੈਰਿਕ ਸਲੋਕਨ ਦੇ ਬਿਆਨ ਦਾ ਜ਼ੋਰਦਾਰ ਢੰਗ ਨਾਲ ਖੰਡਨ ਕੀਤਾ। ਕੈਨੇਡਾ ਭਰ ’ਚ ਲੋਕਾਂ ਨੇ ਬੁਰਾ ਮਨਾਇਆ ਕਿ ਟੋਰੀ ਪਾਰਟੀ ਦਾ ਪ੍ਰਧਾਨ ਬਣਨ ਦੇ ਸੁਪਨੇ ਦੇਖਣ ਵਾਲਾ ਵਿਅਕਤੀ ਰੰਗਦਾਰ ਭਾਈਚਾਰੇ ਦੀ ਔਰਤ ਪ੍ਰਤੀ ਨਫ਼ਰਤ ਫੈਲਾ ਰਿਹਾ ਹੈ।
ਕਰੋਨਾ ਦੀ ਆੜ ’ਚ ਨਸਲਵਾਦ ਦਾ ਪ੍ਰਗਟਾਵਾ ਅਮਰੀਕਾ ਦੇ ਪ੍ਰਧਾਨ ਡੋਨਲਡ ਟਰੰਪ ਦੇ ਬਿਆਨਾਂ ਵਿਚ ਵੀ ਵੇਖਿਆ ਜਾ ਸਕਦਾ ਹੈ, ਜਦੋਂ ਉਹ ਹਰ ਬਿਆਨ ’ਚ ਨਿਸ਼ਾਨਾ ਚੀਨੀ ਮੂਲ ਦੇ ਲੋਕਾਂ ’ਤੇ ਲਾਉਂਦੇ ਹੋਏ ਇਸਨੂੰ ‘ਚਾਈਨਾ ਵਾਇਰਸ’ ਆਖਦੇ ਹਨ। ਟਰੰਪ ਦੀ ਨਸਲਵਾਦੀ ਪਹੁੰਚ ਜਿੱਥੇ ਚੀਨੀ ਲੋਕਾਂ ਪ੍ਰਤੀ ਈਰਖਾ ਪੈਦਾ ਕਰ ਰਹੀ ਹੈ, ਉੱਥੇ ਉਨ੍ਹਾਂ ਵੱਲੋਂ ਇੰਮੀਗਰੰਟ ਲੋਕਾਂ ਲਈ ਵੀ ਤਿੱਖੇ ਬਿਆਨ ਦੇ ਕੇ ਕੌਮਾਂਤਰੀ ਪੱਧਰ ’ਤੇ ਮਾਹੌਲ ਵਿਗਾੜਿਆ ਜਾ ਰਿਹਾ ਹੈ। ਟਰੰਪ ਦਾ ਇਹ ਕਹਿਣਾ ਕਿ ਕਰੋਨਾ ਦੀ ਸੂਰਤ ’ਚ ਅਮਰੀਕਾ ਦੇ ਦਰਵਾਜ਼ੇ ਪਰਵਾਸੀਆਂ ਲਈ ਬੰਦ ਕੀਤੇ ਜਾਣਗੇ, ਅਤਿ ਚਿੰਤਾਜਨਕ ਹੈ। ਕਰੋਨਾ ਵਾਇਰਸ ਅਮਰੀਕਾ ਦੇ ਖ਼ਿਲਾਫ਼ ਚੀਨ ਵਿਚ ਮਿੱਥ ਕੇ ਤਿਆਰ ਕਰਨ ਦੀ ਟਰੰਪ ਦੀ ਟਿੱਪਣੀ ਵੀ ਨਸਲਵਾਦੀ ਵਰਤਾਰਾ ਹੈ।
ਕਰੋਨਾ ਵਾਇਰਸ ਕਾਰਨ ਘੱਟ ਗਿਣਤੀ ਭਾਈਚਾਰਿਆਂ ਨੂੰ ਜਿਵੇਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਸ ਦੀਆਂ ਬਹੁਤ ਸਾਰੀਆਂ ਮਿਸਾਲਾਂ ਭਾਰਤ ਵਿਚ ਨਜ਼ਰ ਆ ਰਹੀਆਂ ਹਨ। ਇਸਦੇ ਸੰਦਰਭ ਵਿਚ ਉੱਤਰੀ-ਪੂਰਬੀ ਰਾਜਾਂ ਦੇ ਲੋਕਾਂ ਪ੍ਰਤੀ ਇਸ ਕਰਕੇ ਨਫ਼ਰਤ ਕਰਨਾ ਕਿ ਉਨ੍ਹਾਂ ਦੇ ਨੈਣ-ਨਕਸ਼ ਚੀਨੀ ਲੋਕਾਂ ਨਾਲ ਮਿਲਦੇ ਹਨ, ਬਹੁਤ ਮੰਦਭਾਗਾ ਹੈ। ਤਬਲੀਗੀ ਜਮਾਤ ਦੇ ਘਟਨਾਕ੍ਰਮ ਦੀ ਆੜ ਵਿਚ ਮੁਸਲਿਮ ਭਾਈਚਾਰੇ ਖ਼ਿਲਾਫ਼ ਵਧ ਰਿਹਾ ਨਸਲਵਾਦ ਵਿਸਫੋਟਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਹਜ਼ੂਰ ਸਾਹਿਬ ਤੋਂ ਆਏ ਸਿੱਖ ਯਾਤਰੀਆਂ ਪ੍ਰਤੀ ਸਿਆਸੀ ਅਤੇ ਮੀਡੀਆ ਪੱਧਰ ’ਤੇ ਹੋ ਰਿਹੈ ਨਸਲਵਾਦੀ ਪ੍ਰਚਾਰ ਗਹਿਰੀ ਚਿੰਤਾ ਦਾ ਵਿਸ਼ਾ ਹੈ। ਦੇਸ਼ ਦੇ ਉੱਤਰੀ ਹਿੱਸੇ ਵਿਚ ਭਗਵੇਂਕਰਨ ਦੇ ਨਾਂ ’ਤੇ ਕਾਰੋਬਾਰੀ ਲੋਕਾਂ ਅਤੇ ਦੁਕਾਨਦਾਰਾਂ ਵੱਲੋਂ ਸ਼ਰੇਆਮ ਇਹ ਪ੍ਰਚਾਰ ਕਰਨਾ ਕਿ ਲੋਕ ਖ਼ਰੀਦੋ- ਫ਼ਰੋਖ਼ਤ ਗ਼ੈਰ-ਹਿੰਦੂ ਲੋਕਾਂ ਤੋਂ ਨਾ ਕਰਨ ਬੇਹੱਦ ਭਿਆਨਕ ਹੈ। ਇੱਥੋਂ ਤਕ ਕਿ ਗੋਦੀ ਮੀਡੀਆ ਵੱਲੋਂ ਅਫ਼ਵਾਹਾਂ ਫੈਲਾ ਕੇ ਨਸਲਵਾਦ ਨੂੰ ਹਵਾ ਦੇਣਾ ਤੇ ਖ਼ਾਸ ਭਾਈਚਾਰੇ ਦੇ ਲੋਕਾਂ ਪ੍ਰਤੀ ਨਫ਼ਰਤ ਪੈਦਾ ਕਰਨਾ ਉਸ ਤੋਂ ਵੀ ਵੱਧ ਮੰਦਭਾਗਾ ਹੈ।
ਜਿਵੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਕਰੋਨਾ ਦੀ ਆੜ ’ਚ ਨਸਲਵਾਦ ਫੈਲਣ ਤੋਂ ਰੋਕਣ ਲਈ ਭਰਪੂਰ ਇੱਛਾ ਸ਼ਕਤੀ ਦਿਖਾਈ, ਭਾਰਤ ਵਿਚ ਉਹ ਘਾਟ ਮਹਿਸੂਸ ਹੋ ਰਹੀ ਹੈ। ਨਸਲਵਾਦ ਫੈਲਾਉਣ ਵਾਲਿਆਂ ਪ੍ਰਤੀ ਸਖ਼ਤ ਕਾਰਵਾਈ ਕਰਨ ਦੀ ਥਾਂ ਕਈ ਥਾਵਾਂ ’ਤੇ ਤਾਂ ਮੰਤਰੀ, ਐੱਮ.ਪੀ. ਤੇ ਐੱਮ. ਐੱਲ.ਏ. ਵੀ ਵਿਵਾਦਤ ਬਿਆਨ ਦੇ ਕੇ ਮਾਹੌਲ ਨੂੰ ਫਿਰਕੂ ਰੰਗਤ ਦੇ ਰਹੇ ਹਨ। ਗ਼ੈਰ- ਵਿਗਿਆਨਕ ਪਹੁੰਚ ਦੇ ਰੂਪ ਦਾ ‘ਵਿਸ਼ੇਸ਼ ਭਾਈਚਾਰਕ ਮਨੌਤਾਂ’ ਨੂੰ ਕਰੋਨਾ ਭਜਾਉਣ ਲਈ ਪ੍ਰਚਾਰਨਾ ਵੀ ਨਸਲਵਾਦ ਦਾ ਹੀ ਇਕ ਰੂਪ ਹੈ। ਕਈ ਮੰਤਰੀ ਤਾਂ ਗਊ ਮੂਤਰ ਪੀ ਕੇ ਜਾਂ ਗੋਬਰ ਵਰਤੋਂ ਆਦਿ ਦਾ ਪ੍ਰਚਾਰ ਕਰ ਕੇ ਕਰੋਨਾ ਤੋਂ ਛੁਟਕਾਰੇ ਦੇ ਢੰਗ ਦੱਸ ਰਹੇ ਹਨ, ਇਸ ਤੋਂ ਵੱਧ ਗੁਮਰਾਹਕੁੰਨ ਕਥਨ ਹੋਰ ਕੀ ਹੋ ਸਕਦੇ ਹਨ। ਕਰੋਨਾ ਦੇ ਨਾਂ ਹੇਠ ਨਸਲਵਾਦ ਨੂੰ ਰੋਕਣ ਲਈ ਵਧੀਆ ਉਪਰਾਲੇ ਹੋਣੇ ਚਾਹੀਦੇ ਹਨ, ਜਿਵੇਂ ਕਿ ਕੈਨੇਡਾ ਤੋਂ ਲੈ ਕੇ ਦੁਨੀਆਂ ਭਰ ’ਚ ਸਿੱਖਾਂ ਵੱਲੋਂ ਲੰਗਰ ਤੇ ਅੱਜਕੱਲ੍ਹ ਖੂਨਦਾਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਡਾਕਟਰਾਂ ਤੇ ਨਰਸਾਂ ਨਾਲ ਵੀ ਕਿਸੇ ਤਰ੍ਹਾਂ ਦਾ ਵਿਤਕਰਾ ਕਰਨ ਦੀ ਥਾਂ, ਉਨ੍ਹਾਂ ਨੂੰ ਵੱਧ ਤੋਂ ਵੱਧ ਸਤਿਕਾਰ ਦੇਣਾ ਵੀ ਅਹਿਮ ਕਦਮ ਹੈ। ਕਰੋਨਾ ਮਹਾਂਮਾਰੀ ਸਮੇਂ ਨਫ਼ਰਤ, ਵੈਰ-ਵਿਰੋਧ ਅਤੇ ਈਰਖਾ ਛੱਡ ਕੇ ਸੰਕਟ ਦਾ ਮੁਕਾਬਲਾ ਮਿਲ-ਜੁਲ ਕੇ ਕਰਨ ਦੀ ਲੋੜ ਹੈ। ਅਜਿਹੇ ਸਮੇਂ ਮਨੁੱਖੀ ਸੇਵਾ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ।
ਸੰਪਰਕ : 001 604 825 1550 (ਕੈਨੇਡਾ)