ਮਨਜੀਤ ਕੌਰ ਅੰਬਾਲਵੀ
‘ਸੁਨਿਮਰ’ ਦਾ ਚਿਹਰਾ ਕਦੋਂ ਭੁੱਲਦਾ ਏ! ਮਾਂ ਅਮਰਜੀਤ ਹੁਣ ਵੀ ਕਦੇ ਕਦੇ ਯਾਦ ਕਰ ਕੇ ਹੱਸਦੀ-ਹੱਸਦੀ ਲੋਟ-ਪੋਟ ਹੋ ਜਾਂਦੀ ਹੈ। ਹੁਣ ਵੀ ਉਹਦੇ ਢਿੱਡੀਂ ਪੀੜਾਂ ਪੈਣ ਲੱਗ ਪੈਂਦੀਆਂ ਨੇ। ਉਹ ਭੁੱਲਦੀ ਨਹੀਂ ਉਸ ਘਟਨਾ ਨੂੰ…, ਉਸ ਪਾਰਕ ਵਿਚ ਘੁੰਮਣ ਦੇ ਦ੍ਰਿਸ਼ ਨੂੰ ਜਿਸ ਨੂੰ ਜੈਲਜ਼ ਪਾਰਕ ਕਹਿੰਦੇ ਹਨ। ਇਹ ਪਾਰਕ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਇਕ ਸਬਰਬ ਦਾ ਪਾਰਕ ਹੈ। ਜੋ ਬਹੁਤ ਵੱਡੇ ਖੇਤਰ ਵਿਚ ਫੈਲਿਆ ਹੋਇਆ ਹੈ। ਜਿਸ ਦੀਆਂ ਲੰਮੀਆਂ ਬਾਹਾਂ ਹੋਰ ਵੀ ਕਈ ਸਬਰਬਾਂ ਨੂੰ ਜਾ ਵਲਦੀਆਂ ਨੇ। ਵਿਚੋਂ-ਵਿਚੋਂ ਨਿਕਲਦੀਆਂ ਸੜਕਾਂ ਪਤਾ ਨ੍ਹੀਂ ਉਸ ਪਾਰਕ ਨਾਲ ਕਿਹੜੇ-ਕਿਹੜੇ ਸਬਰਬਾਂ ਨੂੰ ਜੋੜਦੀਆਂ ਨੇ। ਮੈਂ ਵੀ ਤਾਂ ਇਨ੍ਹਾਂ ਦੇ ਮੱਕੜਜਾਲ ਵਿਚ ਹੀ ਫਸੀ ਫਿਰਦੀ ਰਹੀ, ਸਾਹੋ-ਸਾਹ ਹੋਈ। ਡੌਰ ਭੌਰ ਹੋਈ ਕਦੇ ਇੱਧਰ ਵੇਖਾਂ, ਕਦੇ ਉੱਧਰ…! ਸੁਨਿਮਰ ਚਾਹੁੰਦੀ ਸੀ ਕਿ ਮੌਸਮ ਠੀਕ ਹੈ, ਇਸ ਲਈ ਬੱਚਿਆਂ ਨੂੰ ਪਾਰਕ ਘੁੰਮਾਇਆ ਜਾਏ। ਮੈਲਬੌਰਨ ਦਾ ਮੌਸਮ ਵੀ ਕੀ ਮੌਸਮ ਹੈ! ਫਰਵਰੀ ਮਹੀਨੇ ਦੇ ਆਏ ਹਾਲੇ ਤਕ ਠੰਢ ਹੀ ਠੰਢ ਦੇਖ ਰਹੇ ਹਾਂ। ਹੁਣ ਥੋੜ੍ਹੀ ਜਿਹੀ ਗਰਮੀ ਸ਼ੁਰੂ ਹੋਈ ਹੈ, ਪਰ ਉਹ ਵੀ ਨਾਂ ਵਰਗੀ, ਜੇ ਇਕ ਦਿਨ ਧੁੱਪ ਤਾਂ ਦੋ ਦਿਨ ਫੇਰ ਬਾਰਸ਼, ਜੇ ਦੋ ਘੰਟੇ ਪਹਿਲਾਂ ਧੁੱਪ ਤਾਂ ਪਲ ਵਿਚ ਮੀਂਹ ਪੈਣ ਲੱਗ ਜਾਂਦਾ ਹੈ, ਤੇਜ਼ ਹਵਾ ਚੱਲਣ ਲੱਗ ਪੈਂਦੀ ਹੈ, ਮੌਸਮ ਵੀ ਗਿਰਗਟ ਵਾਂਗ ਰੰਗ ਬਦਲਦਾ ਹੈ।
ਦਿਨ ਵਿਚ ਕਈ ਵਾਰ ਮੌਸਮ ਦੇ ਰੰਗ ਬਦਲਦੇ ਹਨ। ਮੀਂਹ ਕਦੋਂ ਆ ਜਾਏ ਪਤਾ ਹੀ ਨਹੀਂ ਲੱਗਦਾ। ਹਵਾ ਕਦੋਂ ਪੂਰੀ ਰਫ਼ਤਾਰ ਨਾਲ ਸੀਟੀਆਂ ਮਾਰਦੀ ਵਗਣ ਲੱਗੇ, ਕੋਈ ਹੈਰਾਨੀ ਦੀ ਗੱਲ ਨਹੀਂ ਹੁੰਦੀ। ਲੋਕੀਂ ਜਦੋਂ ਮੀਂਹ ਵਰ੍ਹਦਾ-ਵਰ੍ਹਦਾ ਰੁਕ ਜਾਂਦਾ ਹੈ, ਉਦੋਂ ਹੀ ਛਤਰੀਆਂ ਲੈ ਕੇ ਸੈਰ ਲਈ ਨਿਕਲ ਪੈਂਦੇ ਹਨ। ਮੌਸਮ ਫਿਰ ਨਾ ਖ਼ਰਾਬ ਹੋ ਜਾਏ, ਇਸ ਲਈ ਉਹ ਛੇਤੀ-ਛੇਤੀ ਫਾਇਦਾ ਉਠਾਉਣ ਦਾ ਯਤਨ ਕਰਦੇ ਹਨ। ਇਸੇ ਕਰਕੇ ਤਾਂ ਸੁਨਿਮਰ ਵੀ ਬੱਚਿਆਂ ਨੂੰ ਘੁਮਾਉਣਾ ਚਾਹੁੰਦੀ ਸੀ। ਉਹਨੂੰ ਇਹ ਵੀ ਲਾਹਾ ਹੁੰਦਾ ਕਿ ਮਾਂ-ਪਿਓ ਨੂੰ ਵੀ ਘੁਮਾ ਲਿਆਵੇ ਕਿਉਂਕਿ ਉਹ ਦੁਖੀ ਹੁੰਦੀ ਇਹ ਸੋਚ ਕਿ ਮਾਂ-ਪਿਓ ਜਦੋਂ ਦੇ ਆਏ ‘ਕਰੋਨਾ’ ਕਰਕੇ ਘਰ ਹੀ ਬੈਠੇ ਹਨ। ਸੁਨਿਮਰ ਨੇ ਮੰਮੀ, ਪਾਪਾ ਦੋਹਾਂ ਨੂੰ ਤਿਆਰ ਹੋਣ ਲਈ ਆਖਿਆ, ਪਰ ਪਾਪਾ ਨਾਂਹ ਕਰ ਗਏ। ਮੰਮੀ ਝੱਟ ਤਿਆਰ ਹੋ ਗਈ ਕਿਉਂਕਿ ਮੰਮੀ ਨੂੰ ਘੁੰਮ ਫਿਰ ਕੇ ਕੁਦਰਤੀ ਸੁੰਦਰਤਾ ਵੇਖਣਾ ਚੰਗਾ ਲੱਗਦਾ ਸੀ।
ਸੱਤ, ਅੱਠ ਮਹੀਨੇ ਪਹਿਲਾਂ ਦੇ ਭਾਰਤ ਤੋਂ ਆਏ ਲੌਕਡਾਊਨ ਕਰਕੇ ਅੰਦਰ ਹੀ ਤਾਂ ਬੈਠੇ ਸੀ। ਅਮਰਜੀਤ ਦਾ ਦਿਲ ਕਈ ਵਾਰ ਜਦੋਂ ਜ਼ਿਆਦਾ ਉਦਾਸ ਹੁੰਦਾ ਤਾਂ ਉਹ ਕੈਨਵਸ ’ਤੇ ਰੰਗ ਤੇ ਬੁਰਸ਼ ਲੈ ਕੇ ਕੁਦਰਤ ਦੇ ਰੰਗ ਚਿਤਰਨ ਲੱਗਦੀ। ਹੁਣ ਉਹ ਬੈਠੀ-ਬੈਠੀ ਕਈ ਵਾਰੀ ਸੋਚਦੀ,‘ਕੈਦ ਵੀ ਕਿੰਨੀ ਬੁਰੀ ਹੁੰਦੀ ਹੈ! ਕਿੰਨਾ ਔਖਾ ਹੈ ਇਕੋ ਜਗ੍ਹਾ ਬੰਦ ਹੋ ਕੇ ਰਹਿਣਾ! ਕੈਦੀ ਜੇਲ੍ਹਾਂ ਵਿਚ ਕਿਵੇਂ ਰਹਿੰਦੇ ਹੋਣਗੇ?’
ਸੁਨਿਮਰ ਨੇ ਆਪਣੀ ਗੱਡੀ ਗੈਰਾਜ ਤੋਂ ਬਾਹਰ ਕੱਢੀ, ਮਾਂ ਤੇ ਬੱਚਿਆਂ ਨੂੰ ਬਿਠਾ ਪੰਦਰਾਂ ਮਿੰਟਾਂ ਵਿਚ ਪਾਰਕ ਪੁੱਜ ਗਈ। ਪਾਰਕਿੰਗ ਵਿਚ ਗੱਡੀ ਖੜ੍ਹੀ ਕਰਦਿਆਂ ਹੀ ਉਹਦੀ ਨਜ਼ਰ ਆਪਣੀ ਬੇਟੀ ਸੰਗੀਤ ਦੀ ਸਹੇਲੀ ’ਤੇ ਪਈ। ਹੁਣ ਤਾਂ ਸੁਭਾਵਿਕ ਹੀ ਸੀ ਕਿ ਸੰਗੀਤ ਆਪਣੀ ਸਹੇਲੀ ਨਾਲ ਖੇਡੇਗੀ। ਇਸ ਲਈ ਅਮਰਜੀਤ ਦੀ ਧੀ ਸੁਨਿਮਰ ਨੇ ਮਾਂ ਨੂੰ ਕਿਹਾ, ‘ਮੰਮੀ ਤੁਸੀਂ ਹੌਲੀ-ਹੌਲੀ ਉੱਧਰ ਝੀਲ ਵੱਲ ਨੂੰ ਚੱਲੋ! ਮੈਂ ਆਈ ਪੰਜ ਮਿੰਟ ਵਿਚ… !’ ਅਮਰਜੀਤ ਵੀ ਹਾਂ ਕਰਕੇ ਉੱਧਰ ਨੂੰ ਤੁਰ ਪਈ ਸੀ।
ਅਮਰਜੀਤ ਦੀ ਕਹਾਣੀ ਸੁਣਦਿਆਂ-ਸੁਣਦਿਆਂ ਤਾਂ ਮੇਰੀ ਵੀ ਦਿਲਚਸਪੀ ਹੋਰ ਵਧ ਗਈ ਕਿ ਅੱਗੇ ਕੀ ਹੋਇਆ ਹੋਊ? ਸੁਨਿਮਰ ਨੂੰ ਥੋੜ੍ਹੀ ਦੇਰ ਆਪਣੀ ਸੰਗੀਤ ਦੀ ਸਹੇਲੀ ਐਲਨਾ ਦੀ ਮਾਂ ਨਾਲ ਖੜ੍ਹ ਕੇ ਗੱਲਬਾਤ ਕਰਨੀ ਪੈ ਗਈ। ਅਮਰਜੀਤ ਤੁਰਦੀ-ਤੁਰਦੀ ਝੀਲ ਦੇ ਕਿਨਾਰੇ ਪੁੱਜੀ ਤਾਂ ਝੀਲ ਦਾ ਨਜ਼ਾਰਾ ਦੇਖਦਿਆਂ ਦੇਖਦਿਆਂ ਝੀਲ ਦੇ ਨਾਲ ਨਾਲ ਖੱਬੇ ਪਾਸੇ ਨੂੰ ਜਾਂਦੀ ਸੜਕ ’ਤੇ ਹੋ ਤੁਰੀ। ਸੜਕ ਤਾਂ ਇਕ ਸੱਜੇ ਪਾਸੇ ਨੂੰ ਵੀ ਮੁੜਦੀ ਸੀ। ਪਾਰਕ ਵਿਚ ਚਾਰੇ ਪਾਸੇ ਵੱਡੇ-ਵੱਡੇ ਰੁੱਖ ਨਜ਼ਰ ਆ ਰਹੇ ਸਨ। ਉਹ ਸੋਚਦੀ ਸੋਚਦੀ ਅੱਗੇ ਵਧੀ ਸੀ ਕਿ ਸਾਹਮਣੇ ਜਾ ਕੇ ਹੀ ਪਿੱਛੇ ਪਰਤ ਆਵੇਗੀ। ਸੁਨਿਮਰ ਨੂੰ ਉਡੀਕ ਕਰਨੀ ਪਊ। ਸਾਹਮਣੇ ਤੋਂ ਆਉਂਦਾ ਉਹਨੂੰ ਇਕ ਭਾਰਤੀ ਬੰਦਾ ਮਿਲਿਆ। ਵਾਹ! ਇਹ ਵੀ ਕਮਾਲ ਸੀ ਕਿ ਇੱਥੇ ਗੋਰੇ ਤਾਂ ‘ਮੌਰਨਿੰਗ’ ਆਖ ਕੇ ਨਿਕਲਦੇ ਹਨ, ਪਰ ਭਾਰਤੀ ਤਾਂ ਚੁੱਪ ਕਰਕੇ ਖਿਸਕਣ ਦੀ ਕਰਦੇ ਹਨ। ਫਿਰ ਉਸ ਨੂੰ ਇਕ ਭਾਰਤੀ ਔਰਤ ਤੇਜ਼-ਤੇਜ਼ ਸੈਰ ਕਰਦੀ ਦਿਖਾਈ ਦਿੱਤੀ, ਜਿਸ ਨੂੰ ਉਹ ਝੀਲ ਤੋਂ ਪਰਲੇ ਪਾਸੇ ਦੇਖ ਚੁੱਕੀ ਸੀ। ਪਤਾ ਨਹੀਂ ਉਸ ਦੇ ਦਿਮਾਗ਼ ਵਿਚ ਕੀ ਆਇਆ। ਉਹ ਉਸ ਔਰਤ ਦੇ ਪਿੱਛੇ ਪਿੱਛੇ ਚੱਲਣ ਲੱਗੀ। ਉਹ ਸੱਜੇ ਪਾਸੇ ਦੀ ਸੜਕ ’ਤੇ ਮੁੜੀ, ਉਸ ਦੀ ਚਾਲ, ਉਹ ਤਾਂ ਜਿਵੇਂ ਹਵਾ ਦੇ ਘੋੜੇ ਸਵਾਰ ਸੀ। ਹਵਾ ਨਾਲ ਗੱਲਾਂ ਕਰਦੀ ਦੌੜੀ ਜਾਵੇ। ਅਮਰਜੀਤ ਨੂੰ ਵੀ ਉਹਦੇ ਪਿੱਛੇ ਦੌੜ-ਦੌੜ ਭੱਜਣਾ ਪਿਆ। ਵਿਚਕਾਰ ਰਸਤਾ ਆਲੇ ਦੁਆਲੇ ਵੱਡੇ-ਵੱਡੇ ਦਰੱਖਤ, ’ਕੱਲਾ ਬੰਦਾ ਤਾਂ ਭਾਈ ਡਰ ਹੀ ਜਾਵੇ। ਕੁਝ ਦੇਰ ਤਾਂ ਉਹ ਸਾਹਮਣੇ ਨਜ਼ਰ ਆਉਂਦੀ ਰਹੀ, ਫਿਰ ਅਚਾਨਕ ਓਹਲੇ ਹੋ ਗਈ। ਫਿਰ ਦੂਰੋਂ ਹੀ ਉਹ ਖੱਬੇ ਪਾਸੇ ਮੁੜਦੀ ਦਿਖਾਈ ਦਿੱਤੀ।
ਸੜਕਾਂ ਤਾਂ ਅੰਦਰੋਂ-ਅੰਦਰੀਂ ਕਈ ਪਾਸੇ ਨੂੰ ਨਿਕਲਦੀਆਂ ਸਨ, ਪਰ ਅਮਰਜੀਤ ਵੀ ਉਸ ਦੇ ਪਿੱਛੇ ਹੀ ਲੱਗੀ ਰਹੀ। ਉਹ ਅੱਗੇ-ਅੱਗੇ, ਅਮਰਜੀਤ ਪਿੱਛੇ-ਪਿੱਛੇ ਜਿਵੇਂ ਕਿਸੇ ਚੋਰ ਪਿੱਛੇ ਸਿਪਾਹੀ ਦੀ ਦੌੜ ਲੱਗੀ ਹੁੰਦੀ ਹੈ। ਕੁਝ ਦੇਰ ਬਾਅਦ ਉਹ ਦਿਸਣੋਂ ਹਟ ਗਈ। ਅਮਰਜੀਤ ਦੇ ਠੰਢ ਵਿਚ ਵੀ ਪਸੀਨੇ ਛੁਟ ਗਏ। ਉਹਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ। ਚੱਲੀ ਸੀ ਝੀਲ ਦੇ ਨਜ਼ਾਰਿਆਂ ਦਾ ਆਨੰਦ ਮਾਣਨ, ਪਰ ਫਿਰ ਵੀ ਇਹ ਹੌਸਲਾ ਉਸ ਨੂੰ ਸੀ ਕਿ ਇਹ ਸੜਕਾਂ ਆਖਰ ਨਿਕਲਦੀਆਂ ਤਾਂ ਝੀਲ ’ਤੇ ਜਾ ਕੇ ਹੀ ਹੋਣੀਐਂ। ਇਹ ਸੋਚ ਕੇ ਉਸ ਨੂੰ ਕੁਝ ਕੁ ਹੌਸਲਾ ਹੋ ਜਾਂਦਾ ਸੀ।
ਤੁਰਦਿਆਂ-ਤੁਰਦਿਆਂ ਚਾਹੁੰਦੀ ਤਾਂ ਸੀ ਕਿ ਸਾਰੇ ਦ੍ਰਿਸ਼ ਸੁਆਰ ਕੇ ਖੜ੍ਹ ਖੜ੍ਹ ਕੇ ਦੇਖਦੀ। ਇੰਨੇ ਵੱਡੇ ਪਾਰਕ ਦਾ ਨਜ਼ਾਰਾ ਦੇਖਦੀ, ਪਰ ਦਿਲ ਦਾ ਤੌਖਲਾ ਕਿੱਥੇ ਦੇਖਣ ਦਿੰਦਾ। ਦਿਲ ਤਾਂ ਧੁੜਕੂੰ-ਧੁੜਕੂੰ ਕਰ ਰਿਹਾ ਸੀ। ਝੀਲ ਵਿਚੋਂ ਵਿਚੋਂ ਹੀ ਬਹੁਤ ਦੂਰ ਤਕ ਫੈਲੀ ਹੋਈ ਸੀ। ਪੰਛੀ ਹੀ ਪੰਛੀ ਉੱਡਦੇ ਫਿਰਦੇ ਸਨ। ਪਾਣੀ ਵਿਚ ਬਣੇ ਵੱਡੇ ਵੱਡੇ ਥੜਿ੍ਹਆਂ ’ਤੇ ਬੈਠੇ ਚਿੱਟੇ-ਚਿੱਟੇ ਪੰਛੀ ਦੂਰੋਂ ਦੇਖਣ ਨੂੰ ਖੁੰਬਾਂ ਹੀ ਲੱਗ ਰਹੀਆਂ ਸਨ, ਪਰ ਵਿਚ ਵਿਚ ਸੰਘਣੇ ਰੁੱਖਾਂ ਨਾਲ ਭਰਿਆ ਪਾਰਕ ਦਾ ਇਕ ਵੱਡਾ ਹਿੱਸਾ ਜੰਗਲ ਹੀ ਲੱਗ ਰਿਹਾ ਸੀ। ਉਹ ਹਿੱਸਾ ਤਾਂ ਪਾਰ ਕਰਨਾ ਵੀ ਔਖਾ ਜਿਹਾ ਹੋ ਗਿਆ ਸੀ, ਪਰ ਸ਼ੂਟ ਵੱਟ ਕੇ ਚੱਲਦੀ ਰਹੀ।
ਚੱਲਦੀ ਚੱਲਦੀ ਅੰਦਾਜ਼ੇ ਨਾਲ ਸੜਕਾਂ ਬਦਲਦੀ ਰਹੀ, ਪਰ ਝੀਲ ਦਾ ਫੈਲਿਆ ਦਾਇਰਾ ਨਜ਼ਰ ਆਉਂਦਿਆਂ ਵੀ ਉੱਥੇ ਅਪੜਨ ਦਾ ਕੋਈ ਰਾਹ ਨ੍ਹੀਂ ਸੀ ਨਜ਼ਰ ਆ ਰਿਹਾ। ਹੁਣ ਤਾਂ ਉਹ ਘਬਰਾ ਗਈ ਸੀ। ਹੁਣ ਧੀ ਰਹਿ ਰਹਿ ਕੇ ਯਾਦ ਆ ਰਹੀ ਸੀ। ਹਾਏ ਰੱਬਾ! ਕੁੜੀ ਤਾਂ ਮੇਰੀ ਖਪਦੀ ਹੋਣੀ ਕਿ ਮਾਂ ਆਖਰ ਕਿੱਧਰ ਤੁਰ ਗਈ। ਹੁਣ ਉਹਨੂੰ ਪਛਤਾਵਾ ਹੋ ਰਿਹਾ ਸੀ ਕਿ ਕਿਉਂ ਲੱਗੀ ਉਹਦੇ ਮਗਰ। ਉਹ ਜਿੱਧਰ ਨੂੰ ਕੋਈ ਸੜਕ ਮੁੜਦੀ, ਉੱਧਰ ਨੂੰ ਹੀ ਮੁੜ ਪੈਂਦੀ। ਲੋਕ ਉਨ੍ਹਾਂ ਸੜਕਾਂ ’ਤੇ ਉਸ ਨੂੰ ਆਉਂਦੇ ਜਾਂਦੇ ਵੀ ਦਿਸਦੇ, ਪਰ ਉਹ ਸੜਕ ਵੀ ਕਿਸੇ ਹੋਰ ਪਾਸੇ ਹੀ ਨਿਕਲ ਜਾਂਦੀ। ਉਹ ਪ੍ਰੇਸ਼ਾਨ ਸੀ, ਪੁੱਛੇ ਵੀ ਤਾਂ ਕਿਸ ਨੂੰ ਪੁੱਛੇ। ਸਾਰੇ ਤਾਂ ਗੋਰੇ ਜਾਂ ਚੀਨੀ ਹੀ ਦਿਸਦੇ ਸੀ। ਉਨ੍ਹਾਂ ਦਾ ਅੰਗਰੇਜ਼ੀ ਬੋਲਣ ਦਾ ਢੰਗ ਵੀ ਅਜਿਹਾ ਕਿ ਕੁਝ ਸਮਝ ਹੀ ਨ੍ਹੀਂ ਸੀ ਆਉਣਾ। ਉਹ ਆਪ ਵੀ ਟੁੱਟੀ-ਫੁੱਟੀ ਅੰਗਰੇਜ਼ੀ ਹੀ ਬੋਲ ਸਕਦੀ ਸੀ। ਸੋਚਦੀ-ਸੋਚਦੀ ਉਹ ਫਿਰ ਦੂਜੀ ਸੜਕ ਵੱਲ ਮੁੜ ਗਈ। ਹੁਣ ਉਹਨੂੰ ਸਾਹਮਣੇ ਤੋਂ ਪਹਿਲਾਂ ਵਾਲਾ ਹੀ ਭਾਰਤੀ ਬੰਦਾ ਆਉਂਦਾ ਦਿਸਿਆ, ਪਰ ਹੁਣ ਉਹਨੂੰ ਹੋਰ ਮੁਸ਼ਕਲਾਂ ਪੇਸ਼ ਆਈਆਂ। ਨਾ ਕੋਲ ਫੋਨ, ਨਾ ਕੋਈ ਡਾਇਰੀ, ਨਾ ਕਿਸੇ ਦਾ ਫੋਨ ਨੰਬਰ ਹੀ ਯਾਦ। ਯਾਦ ਸੀ ਤਾਂ ਸੁਨਿਮਰ ਦੇ ਡੈਡੀ ਦਾ ਨੰਬਰ ਹੀ ਯਾਦ ਸੀ, ਪਰ ਉਹ ਤਾਂ ਪਹਿਲਾਂ ਹੀ ਘਰ ਸਨ। ਹੁਣ ਕੀ ਕਰਾਂਗੀ? ਸੋਚ ਉਹ ਹੋਰ ਘਬਰਾ ਗਈ। ਫਿਰ ਹੌਸਲਾ ਕਰਕੇ ਉਸ ਭਾਰਤੀ ਨੂੰ ਝੀਲ ਵਾਲੇ ਪਾਸੇ ਦਾ ਰਾਹ ਪੁੱਛਿਆ। ਸੋਚਿਆ ਕਿ ਹਿੰਦੀ ਬੋਲ ਕੇ ਵੇਖਦੀ ਹਾਂ, ਕੋਈ ਤਾਂ ਜਵਾਬ ਮਿਲੂਗਾ।
‘ਭਾਈ ਸਾਹਿਬ! ਝੀਲ ਕੇ ਪਾਸ ਕੌਨ ਸੀ ਸੜਕ ਜਾਏਗੀ?’
‘ਝੀਲ ਤੋ ਦੋ ਕਿਲੋਮੀਟਰ ਪੀਛੇ ਛੋੜ ਆਏ ਆਪ!’
ਇਹ ਸੁਣਦਿਆਂ ਹੀ ਉਸ ਨੂੰ ਤੌਣੀ ਆ ਗਈ। ਮੱਥੇ ਤੋਂ ਪਸੀਨਾ ਪੂੰਝਦਿਆਂ ਫਿਰ ਆਖਿਆ।
‘ਉਧਰ ਸੇ ਤੋ ਅਭੀ ਆਈ ਹੂੰ, ਫਿਰ ਇਤਨਾ ਪੀਛੇ ਜਾਨਾ ਪੜੇਗਾ।’
‘ਆਪ ਆਏ ਕਿਸ ਕੇ ਸਾਥ ਹੋ? ਲੋ ਮੇਰੇ ਫੋਨ ਸੇ ਫੋਨ ਕਰ ਲੋ।’
ਅਮਰਜੀਤ ਫਿਰ ਆਊਂ-ਬਤਾਊਂ ਕਰੇ। ‘ਫੋਨ ਕਾ ਨੰਬਰ ਯਾਦ ਹੀ ਨ੍ਹੀਂ ਆ ਰਹਾ।’
‘ਆਪ ਆਏ ਕਿਸ ਤਰਫ਼ ਸੇ ਹੋ ? ਗਾੜੀ ਕਿਸ ਤਰਫ਼ ਖੜ੍ਹੀ ਹੈ?’
‘ਗਲੈੱਨ ਬੇਵਰਲੇ’ ਸਬਰਬ ਸੇ। ਗਾੜੀ ਕੈਫ਼ੇ ਕੀ ਸਾਈਡ ਖੜ੍ਹੀ ਹੈ।’
‘ਚਲੋ ਫਿਰ ਮੈਂ ਗਾੜੀ ਸੇ ਛੋੜ ਦੇਤਾ ਹੂੰ! ਕੋਈ ਬਾਤ ਨ੍ਹੀਂ ਘਬਰਾਓ ਨਾ। ਆ ਜਾਓ ਮੇਰੀ ਗਾੜੀ ਵਹਾਂ ਪਾਰਕਿੰਗ ਮੇਂ ਹੈ!’ ਚੱਲ ਪਈ ਸੀ ਅਮਰਜੀਤ ਚੁੱਪ ਕਰਕੇ। ਉਸ ਨੂੰ ਭਾਰਤੀ ਬੰਦਾ ਵੇਖ ਕੇ ਲੱਗਾ ਕਿ ਡੁੱਬਦੀ ਨੂੰ ਤਿਣਕੇ ਦਾ ਸਹਾਰਾ ਮਿਲ ਗਿਆ। ਮਰਦੀ ਕੀ ਨਾ ਕਰਦੀ! ਉੱਪਰੋਂ ਧੀ ਦੀ ਡਾਂਟ ਦਾ ਡਰ ਕਿ ਪਤਾ ਨਹੀਂ ਕਿੰਨਾ ਗੁੱਸਾ ਕਰੇਗੀ, ਪਰ ਫਿਰ ਆਪੇ ਦਿਲ ਸਮਝਾ ਲੈਂਦੀ, ‘ਨਹੀਂ, ਨਹੀਂ! ਮੈਂ ਕਿਹੜਾ ਜਾਣ ਕੇ ਕੀਤਾ ਹੈ! ਮੈਂ ਤਾਂ ਸੋਚਿਆ ਸੀ ਸੜਕ ਜਾ ਕੇ ਝੀਲ ’ਤੇ ਹੀ ਨਿਕਲੂ!’
‘ਮੈਡਮ ਆ ਜਾਓ! ਯੇ ਹੈ ਮੇਰੀ ਗਾੜੀ।’
ਗੱਡੀ ਦੇ ਕੋਲ ਖੜ੍ਹੀ ਉਹੀ ਔਰਤ ਜਿਸ ਦੇ ਪਿੱਛੇ ਉਹ ਰੇਸ ਲਾਉਂਦੀ ਗਈ ਸੀ, ਦੇਖ ਕੇ ਉਹ ਹੈਰਾਨ ਹੋ ਗਈ।
‘ਓ ਹੋ! ਆਪ ਤੇਜ਼-ਤੇਜ਼ ਘੂਮ ਰਹੇ ਥੇ…ਦੇਖ ਕਰ ਮੈਂ ਵੀ ਪੀਛੇ-ਪੀਛੇ ਭਾਗ ਲੀ। ਕੋਈ ਭੀ ਭਾਰਤੀ ਦੇਖੂੰ ਤੋ ਮੇਰਾ ਦਿਲ ਕਰਤਾ ਹੈ, ਬੁਲਾਊਂ, ਕੋਈ ਬਾਤ ਕਰੂੰ, ਕਹਾਂ ਸੇ ਹੋ, ਕਹਾਂ ਰਹਿਤੇ ਹੋ ? ਪਰ ਆਪ ਛੂਹ-ਮੰਤਰ ਹੀ ਹੋ ਗਏ!’
‘ਆਪ ਆਵਾਜ਼ ਲਗਾ ਦੇਤੇ! ਮੈਂ ਰੁਕ ਜਾਤੀ।’
ਹੁਣ ਤਾਂ ਅਮਰਜੀਤ ਦਾ ਡਰ ਬਿਲਕੁਲ ਦੂਰ ਹੋ ਗਿਆ ਸੀ। ਸੋਚਣ ਲੱਗੀ, ਘੁੰਮਦਿਆਂ-ਘੁੰਮਦਿਆਂ ਜਿਹੜੇ ਸਭ ਤੋਂ ਪਹਿਲਾਂ ਸੜਕ ’ਤੇ ਦੇਖੇ ਸੀ, ਰੱਬ ਨੇ ਕਿਵੇਂ ਮਿਲਾਇਆ ਉਨ੍ਹਾਂ ਨਾਲ…ਇਹ ਤਾਂ ਸੋਚਿਆ ਵੀ ਨਹੀਂ ਸੀ ਕਿ ਇੰਜ ਵੀ ਹੋ ਸਕਦੈ।
ਉਹ ਦੋਵੇਂ ਗੱਡੀ ਵਿਚ ਬੈਠ ਗਏ। ਅਮਰਜੀਤ ਵੀ ਬੈਠ ਗਈ, ਪਰ ਦਿਲ ਧੁੜਕੂੰ- ਧੁੜਕੂੰ ਕਰ ਰਿਹਾ ਸੀ ਕਿ ਹੁਣ ਧੀ ਦਾ ਸਾਹਮਣਾ ਕਿਵੇਂ ਕਰੂ…! ਖੁਆਰ ਹੋ ਗਈ ਹੋਣੀ ਵਿਚਾਰੀ ਲੱਭਦੀ ਲੱਭਦੀ। ਕਿੰਨੀ ਦੁਖੀ ਹੋ ਰਹੀ ਹੋਣੀ ਐਂ। ਕੀ- ਕੀ ਸੋਚਦੀ ਹੋਣੀ ਐਂ ?
‘ਮੈਡਮ ਕਿਆ ਸੋਚਨੇ ਲਗੇ? ਕੁੱਛ ਨ੍ਹੀਂ ਹੋਤਾ ਦੋ ਮਿੰਟ ਮੇਂ ਪਹੁੰਚ ਜਾਏਂਗੇ।’
‘ਨਹੀਂ- ਨਹੀਂ, ਕੁੱਛ ਨਹੀਂ! ਬਸ ਐਸੇ ਹੀ…।’
‘ਆਪ ਕਹਾਂ ਸੇ ਹੋ ਇੰਡੀਆ ਸੇ ?’
‘ਹਮ ਪਾਨੀਪਤ ਸੇ ਹੈਂ… ਹਰਿਆਣਾ ਸੇ।’
‘ਹਮ ਭੀ ਅੰਬਾਲਾ ਸੇ ਹੈਂ। ਬੜੀ ਖੁਸ਼ੀ ਹੂਈ ਸੁਨ ਕਰ।’
ਗੱਡੀ ਰੁਕੀ। ਅਮਰਜੀਤ ਨੇ ਸ਼ੁਕਰਾਨਾ ਕੀਤਾ ਭੱਜ ਲੀ ਵਾਹੋ-ਦਾਹੀ ਧੀ ਨੂੰ ਲੱਭਣ। ਜੋ ਪਛਾਣ ਉਹਨੇ ਗੱਡੀ ਦੀ ਦੱਸੀ, ਉਹ ਪਾਰਕਿੰਗ ਵਿਚ ਵਿਚਾਰੇ ਗੱਡੀ ਕੋਲ ਗਏ ਕਿ ਕਿਤੇ ਇਨ੍ਹਾਂ ਦੀ ਧੀ ਗੱਡੀ ਕੋਲ ਨਾ ਹੋਵੇ।
ਉਹ ਜਿਉਂ ਹੀ ਚਾਰ ਕਦਮ ਅੱਗੇ ਵਧੀ, ਸੁਨਿਮਰ ਇਕਦਮ ਉਹਦੇ ਸਾਹਮਣੇ ਸੀ। ਉਹ ਡਰਦਿਆਂ-ਡਰਦਿਆਂ ਉਹਦੇ ਚਿਹਰੇ ਨੂੰ ਪੜ੍ਹਨ ਲੱਗੀ…,ਇਹ ਦੇਖਣ ਲਈ ਕਿ ਗੁੱਸੇ ਨਾਲ ਤਮਤਮਾ ਰਿਹਾ ਹੋਵੇਗਾ, ਪਰ ਉਹ ਹੈਰਾਨ ਸੀ, ਉਹ ਤਾਂ ਫੁੱਲਾਂ ਵਾਂਗ ਖਿੜਿਆ ਸੀ। ਉਹ ਤਾਂ ਹਸੂੰ- ਹਸੂੰ ਕਰ ਰਹੀ ਸੀ। ਉਹਨੂੰ ਰੱਬ ਨੇ ਬਣਾਇਆ ਹੀ ਇਹੋ ਜਿਹਾ ਹੈ ਕਿ ਖ਼ੁਸ਼ੀ ਹਰ ਸਮੇਂ ਉਹਦੀ ਸਹੇਲੀ ਬਣੀ ਰਹਿੰਦੀ ਹੈ। ਉਹ ਨਾ ਅੱਕਦੀ, ਨਾ ਥੱਕਦੀ, ਸਾਰਾ ਦਿਨ ਭੰਬੀਰੀ ਵਾਂਗ ਘੁੰਮਦੀ। ਉਹ ਉਸ ਦੇ ਦੋਹਤੇ ਦੋਹਤੀ ਨਾਲ ਘੁੰਮਦੀ ਉਸ ਨੂੰ ਹੁਣ ਵੀ ਆਪਣੀ ਉਹੀ ਛੋਟੀ ਜਿਹੀ ਗੁੱਡੀ ਜਾਪਦੀ, ਜਿਹੜੀ ਬਚਪਨ ਵਿਚ ਬਾਹਾਂ ਦੇ ਝੂਟੇ ਲੈਂਦਿਆਂ ਲੋਰੀਆਂ ਸੁਣਦੀ ਸੀ। ਉਹਨੂੰ ਉਹ ਹੋਰ ਵੀ ਪਿਆਰੀ-ਪਿਆਰੀ ਜਿਹੀ ਲੱਗਣ ਲੱਗੀ।
ਪਾਣੀਪਤ ਵਾਲਿਆਂ ਦਾ ਸ਼ੁਕਰੀਆ ਕਰਕੇ ਉਹ ਆਪਣੀ ਧੀ ਨੂੰ ਸਚਾਈ ਦੱਸਣ ਲੱਗੀ।
‘ਧੀਏ! ਮੈਂ ਤਾਂ ਊਈਂ ਲੰਘ ਗੀ ਉਸ ਜਨਾਨੀ ਦੇ ਪਿੱਛੇ-ਪਿੱਛੇ…। ਮੈਂ ਤਾਂ ਸੋਚਿਆ ਆਹ ਸੜਕ ਇੱਥੇ ਜਿਹੇ ਹੀ ਮੁੜ ਆਉਂਦੀ ਹੋਊ ਝੀਲ ’ਤੇ…ਮੈਂ ਤਾਂ ਮੁੜ ਆਉਣਾ ਸੀ, ਪਰ ਸੜਕਾਂ ਹੋਰ ਪਾਸੇ, ਹੋਰ ਪਾਸੇ ਹੀ ਨਿਕਲੀ ਗਈਆਂ, ਪਰ ਤੂੰ ਤਾਂ ਸੱਚੀਂ ਪਰੇਸ਼ਾਨ ਹੋ ਗਈ ਹੋਣੀ, ਮੈਂ ਤਾਂ ਹੀ ਘਬਰਾਈ ਪਈ ਤੀ ਕਿ ਮੇਰੀ ਧੀ ਦੁਖੀ ਹੋ ਗਈ ਹੋਣੀ। ਚੱਲ ਕੋਈ ਨਾ ਪੁੱਤ ਗਲਤੀ ਹੋ ਜਾਂਦੀ ਕਦੇ-ਕਦੇ।’
‘ਕੋਈ ਨ੍ਹੀਂ ਮੰਮੀ! ਕੁਝ ਨ੍ਹੀਂ ਹੋ ਗਿਆ। ਤੁਸੀਂ ਆ ਗਏ ਹੋ, ਇਹੀ ਬਹੁਤ ਹੈ। ਫ਼ਿਕਰ ਤਾਂ ਮੈਨੂੰ ਬਹੁਤ ਹੋ ਗਿਆ ਸੀ। ਤੁਸੀਂ ਕਿੱਥੇ ਹੋਣੇ? ਪਰੇਸ਼ਾਨ ਹੋ ਰਹੇ ਹੋਣੇ, ਇੰਨਾ ਵੱਡਾ ਪਾਰਕ, ਕਿੰਨੀਆਂ ਹੀ ਤਾਂ ਇਹਦੇ ਵਿਚ ਪਾਰਕਿੰਗ ਨੇ… ਕਿੱਥੇ ਜਾਓਗੇ, ਕਿੱਧਰ ਘੁੰਮੋਗੇ…? ਹਾਂ ਇਹ ਵੀ ਕਿ ਕਿਤੇ ਪਾਣੀ ਦੇ ਜ਼ਿਆਦਾ ਕੋਲ ਨਾ ਚਲੇ ਗਏ ਹੋਣ, ਪਾਣੀ ਵਿਚ ਹੀ ਤਾਂ ਨ੍ਹੀਂ ਡਿੱਗ ਗਏ। ਇਹ ਤਾਂ ਦਿਲ ਦੀਆਂ ਘੁੰਮਣਘੇਰੀਆਂ ਨੇ ਮੰਮੀ! ਤੁਸੀਂ ਵੀ ਤਾਂ ਘੁੰਮਣਘੇਰੀ ਵਿਚ ਹੀ ਫਸ ਗਏ ਸੀ, ਸ਼ੁਕਰ ਹੈ ਨਿਕਲ ਆਏ ਹੋ।’
ਮਾਵਾਂ ਧੀਆਂ ਦੋਵਾਂ ਨੇ ਸੁੱਖ ਦਾ ਸਾਹ ਲਿਆ। ਬੱਚੇ ਤਾਂ ਸਹੇਲੀ ਦੇ ਪਰਿਵਾਰ ਨਾਲ ਖੇਡਦੇ ਰਹੇ, ਪਰ ਮਾਂ ਧੀ ਦਾ ਸਮਾਂ ਤਾਂ ਪੰਜਾਹ ਮਿੰਟ ਦੀ ਘੁੰਮਣਘੇਰੀ ਵਿਚ ਹੀ ਨਿਕਲ ਗਿਆ। ਬਸ ਘਰ ਪੁੱਜਦਿਆਂ ਹੀ ਸਭ ਤੋਂ ਪਹਿਲਾਂ ਛੋਟੀ ਜਿਹੀ ਡਾਇਰੀ ਲੱਭ ਉਹ ਲੱਗੀ ਸਭ ਦੇ ਫੋਨ ਨੰਬਰ ਲਿਖਣ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਗ਼ਲਤੀ ਹੁਣ ਫਿਰ ਨਾ ਹੋਵੇ।
ਅਮਰਜੀਤ ਦੀ ਜ਼ੁਬਾਨੀ ਇਸ ਪਾਰਕ ਦੀ ਸੈਰ ਬਾਰੇ ਸੁਣ ਕੇ ਤਾਂ ਮੈਨੂੰ ਜਾਪਣ ਲੱਗਾ ਕਿ ਮੈਂ ਹੀ ਫਸ ਗਈ ਹੋਵਾਂ ਅਜਿਹੀ ਘੁੰਮਣਘੇਰੀ ਵਿਚ… ਮੈਨੂੰ ਵੀ ਅਜੇ ਆਸਟਰੇਲੀਆ ਆਇਆਂ ਇਕ ਮਹੀਨਾ ਹੀ ਹੋਇਐ। ਪਤਾ ਨ੍ਹੀਂ ਭਾਈ! ਕਿਹੜੀ-ਕਿਹੜੀ ਘੁੰਮਣਘੇਰੀ ਵਿਚ ਫਸਣਾ ਪਊ… ਇੱਥੇ ਤਾਂ ਬੋਲੀ ਦੀ ਸਭ ਤੋਂ ਵੱਡੀ ਸਮੱਸਿਆ ਹੈ।
ਅਮਰਜੀਤ ਨੂੰ ਤਾਂ ਰਾਤੀ ਸੁਪਨੇ ਵਿਚ ਵੀ ਉਹੀ ਝੀਲ, ਝੀਲ ਵਿਚਲੇ ਪਾਣੀ ਵਿਚ ਬਣਿਆ ਜਖ਼ੀਰਾ, ਉਸ ਉੱਤੇ ਸੁਰੀਲੀਆਂ ਆਵਾਜ਼ਾਂ ਵਿਚ ਬੋਲਦੇ…ਪੰਛੀ ਦੂਰੋਂ ਖੁੰਬਾਂ ਵਾਂਗੂੰ ਨਜ਼ਰ ਆਉਂਦੇ। ਪਰ ਉਹਦੀ ਆਪ ਬੀਤੀ ਸੁਣ ਲੱਗਦੈ ਕਿ ਘੁੰਮਣਘੇਰੀ ਵਿਚ ਉਹ ਨਹੀਂ, ਉਹਦੇ ਨਾਲ ਨਾਲ ਮੈਂ ਵੀ ਘੁੰਮਣ ਲੱਗ ਪਈ ਹਾਂ।