ਇਟਲੀ: ਉੱਤਰੀ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਸ਼ਹਿਰ ਕਾਸਤੇਨੇਦਲੋ ਵਿਖੇ ਕਿੰਗ ਪੈਲੇਸ ਵਿੱਚ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬ ਭਵਨ ਸਰੀ, ਕੈਨੇਡਾ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਗੁੱਜਰਾਂਵਾਲਾ, ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਸਹਿਯੋਗ ਨਾਲ ਦੂਜੀ ਯੂਰਪੀ ਪੰਜਾਬੀ ਕਾਨਫਰੰਸ ਕੀਤੀ ਗਈ। ਇਸ ਵਿੱਚ ਕੈਨੇਡਾ, ਜਰਮਨੀ, ਫਰਾਂਸ, ਗ੍ਰੀਸ, ਬੈਲਜੀਅਮ, ਬਰਤਾਨੀਆ ਸਮੇਤ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀਆਂ ਸਿਰਮੌਰ ਸ਼ਖ਼ਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਵਿੱਚ ਹੋਈ ਇਸ ਕਾਨਫਰੰਸ ਦੀ ਸਰਪ੍ਰਸਤੀ ਸੁੱਖੀ ਬਾਠ (ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ) ਨੇ ਕੀਤੀ। ਕਾਨਫਰੰਸ ਦਾ ਰਸਮੀ ਉਦਘਾਟਨ ਮੋਤਾ ਸਿੰਘ ਸਰਾਏ ਅਤੇ ਸੁੱਖੀ ਬਾਠ ਵੱਲੋਂ ਕੀਤਾ ਗਿਆ। ਇਸ ਦਾ ਆਰੰਭ ਬਿੰਦਰ ਕੋਲੀਆਂਵਾਲੀ ਦੇ ਸਵਾਗਤੀ ਭਾਸ਼ਣ ਅਤੇ ਬਲਵਿੰਦਰ ਸਿੰਘ ਚਾਹਲ ਦੁਆਰਾ ਕਾਨਫਰੰਸ ਦੇ ਦੱਸੇ ਗਏ ਉਦੇਸ਼ ਨਾਲ ਸ਼ੁਰੂ ਹੋਇਆ।
ਇਸ ਦੂਜੀ ਯੂਰਪੀ ਪੰਜਾਬੀ ਕਾਨਫਰੰਸ ਦਾ ਮੁੱਖ ਮੰਤਵ ਵਿਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ, ਸਾਹਿਤ ਸੱਭਿਆਚਾਰ ਤੇ ਪੰਜਾਬੀ ਸਮਾਜ ਨੂੰ ਪ੍ਰਫੁੱਲਿਤ ਕਰਨਾ ਅਤੇ ਇਸ ਨੂੰ ਬਣਦਾ ਮਾਣ ਸਤਿਕਾਰ ਦਿਵਾਉਣਾ ਹੈ। ਜਿਸ ਤਹਿਤ ਇਸ ਕਾਨਫਰੰਸ ਵਿੱਚ ਪੰਜਾਬੀ ਬੋਲੀ, ਸਾਹਿਤ, ਸੱਭਿਆਚਾਰ ਅਤੇ ਪੰਜਾਬੀ ਸਮਾਜ ਸਮੇਤ ਵਿਦੇਸ਼ਾਂ ਵਿੱਚ ਵੱਸਦੀ ਨਵੀਂ ਪੀੜ੍ਹੀ ਬਾਰੇ ਕਿਹਰ ਸ਼ਰੀਫ਼, ਕੁਲਵੰਤ ਕੌਰ ਢਿੱਲੋਂ, ਰਾਣਾ ਅਠੌਲਾ, ਮਨਦੀਪ ਖੁਰਮੀ, ਗੁਰਪ੍ਰੀਤ ਕੌਰ ਗੈਦੂ ਵੱਲੋਂ ਪਰਚੇ ਪੜ੍ਹੇ ਗਏ, ਜਿਸ ਦੀ ਸਮੀਖਿਆ ਰੂਪ ਦਵਿੰਦਰ ਅਤੇ ਦਰਸ਼ਨ ਬੁਲੰਦਵੀ ਵੱਲੋਂ ਕੀਤੀ ਗਈ। ਪੰਜਾਬ ਭਵਨ ਸਰੀ, ਕੈਨੇਡਾ ਦੇ ਸਰਪ੍ਰਸਤ ਸੁੱਖੀ ਬਾਠ ਵੱਲੋਂ ਕਿਹਾ ਗਿਆ ਕਿ ਪੰਜਾਬੀ ਮਾਂ ਬੋਲੀ ਵਿਦੇਸ਼ਾਂ ਵਿੱਚ ਤਾਂ ਹੀ ਪ੍ਰਫੁੱਲਿਤ ਹੋ ਸਕਦੀ ਹੈ ਜੇਕਰ ਅਸੀਂ ਆਪਣੇ ਘਰਾਂ ਵਿੱਚ ਆਪ ਪੰਜਾਬੀ ਬੋਲਾਂਗੇ ਤੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਸਿਖਾਵਾਂਗੇ, ਤਾਂ ਹੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਮਾਂ ਬੋਲੀ ਨਾਲ ਜੋੜ ਕੇ ਰੱਖ ਸਕਦੇ ਹਾਂ। ਇਸ ਮੌਕੇ ਉਨ੍ਹਾਂ ਨੇ ਸੰਸਥਾ ਨੂੰ ਅਧੂਰੇ ਕਾਰਜਾਂ ਨੂੰ ਨਜਿੱਠਣ ਲਈ ਵੱਡੀ ਆਰਥਿਕ ਮੱਦਦ ਦਿੰਦਿਆਂ ਹੋਰ ਪੰਜਾਬੀ ਕਾਰੋਬਾਰੀਆਂ ਨੂੰ ਵੀ ਅਜਿਹੇ ਕਾਰਜਾਂ ਲਈ ਆਰਥਿਕ ਯੋਗਦਾਨ ਪਾਉਣ ਲਈ ਪ੍ਰੇਰਿਆ। ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਵੱਲੋਂ ਪੰਜਾਬੀ ਬੋਲੀ ਦਾ ਮਹੱਤਵ ਦੱਸਦਿਆਂ ਅਜੋਕੇ ਸਮੇਂ ਵਿੱਚ ਇਸ ਭਾਸ਼ਾ ਨੂੰ ਤਕਨੀਕੀ ਤੌਰ ’ਤੇ ਸਮੇਂ ਦੇ ਹਾਣ ਦੀ ਬਣਾਉਣ ਅਤੇ ਵਿਸ਼ਵ ਭਰ ਵਿੱਚ ਦੂਜੀਆਂ ਭਾਸ਼ਾਵਾਂ ਨਾਲ ਤਾਲਮੇਲ ਬਣਾ ਕੇ ਪੰਜਾਬੀ ਬੋਲੀ ਦੇ ਵਿਕਾਸ ’ਤੇ ਜ਼ੋਰ ਦਿੱਤਾ ਗਿਆ।
ਇਸ ਮੌਕੇ ਸਭਾ ਵੱਲੋਂ ਵੱਖ ਵੱਖ ਲੇਖਕਾਂ ਦੀਆਂ 9 ਕਿਤਾਬਾਂ ਅਤੇ 3 ਗੀਤ ਰਿਲੀਜ਼ ਕੀਤੇ ਗਏ। ਕਾਨਫਰੰਸ ਵਿੱਚ ਇਟਲੀ ਸਮੇਤ ਕੈਨੇਡਾ ਤੇ ਇੰਗਲੈਂਡ ਤੋਂ ਵੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਹਿਤਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਵੱਲੋਂ ਸ਼ਮੂਲੀਅਤ ਕਰਕੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਇਨ੍ਹਾਂ ਵਿੱਚ ਜਰਮਨ ਤੋਂ ਕੇਹਰ ਸ਼ਰੀਫ਼ ਤੇ ਅਮਜ਼ਦ ਅਲੀ ਆਰਫੀ, ਬੈਲਜੀਅਮ ਤੋਂ ਜੀਤ ਸੁਰਜੀਤ, ਫਰਾਂਸ ਤੋਂ ਕੁਲਵਿੰਦਰ ਸਿੰਘ, ਗ੍ਰੀਸ ਤੋਂ ਗੁਰਪ੍ਰੀਤ ਕੌਰ ਗੈਦੁ, ਗਲਾਸਗੋ ਸਕਾਟਲੈਂਡ ਤੋਂ ਮਨਦੀਪ ਖੁਰਮੀ, ਬਰਤਾਨੀਆ ਤੋਂ ਮੋਤਾ ਸਿੰਘ ਸਰਾਏ, ਕੁਲਵੰਤ ਕੌਰ ਢਿੱਲੋਂ, ਮਨਜੀਤ ਪੱਡਾ, ਦਰਸ਼ਨ ਬੁਲੰਦਵੀ, ਦਰਸ਼ਨ ਢਿੱਲੋਂ ਅਤੇ ਰੂਪ ਦੇਵਿੰਦਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਕਾਨਫਰੰਸ ਦੌਰਾਨ ਮੇਜਰ ਸਿੰਘ ਖੱਖ ਦੀ ਚਿੱਤਰਕਲਾ ਪ੍ਰਦਰਸ਼ਨੀ, ਬੱਚਿਆਂ ਦਾ ਗਿੱਧਾ-ਭੰਗੜਾ ਅਤੇ ਨਿੰਦਰ ਤੇ ਮਨਦੀਪ ਦੀਆਂ ਲੋਕ ਬੋਲੀਆਂ ਖਿੱਚ ਦਾ ਕੇਂਦਰ ਰਹੇ। ਦਿਨ ਭਰ ਚੱਲੇ ਇਸ ਸਮਾਗਮ ਦਾ ਸੰਚਾਲਨ ਦਲਜਿੰਦਰ ਰਹਿਲ ਤੇ ਪ੍ਰੇਮਪਾਲ ਸਿੰਘ ਨੇ ਬਹੁਤ ਖੂਬਸੂਰਤ ਢੰਗ ਨਾਲ ਕੀਤਾ। ਇਸ ਸਮੇਂ ਹੋਏ ਕਵੀ ਦਰਬਾਰ ਵਿੱਚ ਸਤਵੀਰ ਸਾਂਝ, ਕਰਮਜੀਤ ਕੌਰ ਰਾਣਾ, ਰਾਣਾ ਅਠੌਲਾ, ਯਾਦਵਿੰਦਰ ਸਿੰਘ ਬਾਗੀ, ਨਿਰਵੈਲ ਸਿੰਘ ਢਿੱਲੋਂ, ਮਾਸਟਰ ਸੁਰਜੀਤ, ਸਿੱਕੀ ਝੱਜੀ ਪਿੰਡ ਵਾਲਾ, ਬਿੰਦਰ ਕੋਲੀਆਂਵਾਲ, ਅਮਰਵੀਰ ਸਿੰਘ ਹੋਠੀ, ਪ੍ਰੋ. ਬਲਦੇਵ ਸਿੰਘ ਬੋਲਾ, ਸਰਬਜੀਤ ਸਿੰਘ ਢੱਕ, ਕੰਵਰ ਆਰਫੀ, ਦਰਸ਼ਨ ਢਿੱਲੋਂ ਤੇ ਦੇਸ਼ ਵਿਦੇਸ਼ ਤੋਂ ਆਏ ਹੋਰ ਕਵੀਆਂ ਨੇ ਵੀ ਹਾਜ਼ਰੀ ਲਗਵਾਈ। ਪ੍ਰੋ. ਜਸਪਾਲ ਨੇ ਸਭਾ ਵੱਲੋਂ ਸਭ ਦਾ ਧੰਨਵਾਦ ਕੀਤਾ ਤੇ ਅੰਤ ਵਿੱਚ ਸਭਾ ਵੱਲੋਂ ਸਨਮਾਨਯੋਗ ਸ਼ਖ਼ਸੀਅਤਾਂ ਦਾ ਮਾਣ ਸਨਮਾਨ ਕੀਤਾ ਗਿਆ।