ਸੁਰਿੰਦਰ ਗੀਤ
ਇਹ ਗੱਲ 1997 ਦੀ ਹੈ। ਮੈਂ ਸਿਟੀ ਆਫ ਕੈਲਗਰੀ ਦੇ ਟਰਾਂਸਪੋਰਟ ਪਲੈਨਿੰਗ ਮਹਿਕਮੇ ’ਚ ਬਦਲ ਕੇ ਕੈਲਗਰੀ ਪੁਲੀਸ ਪ੍ਰਬੰਧਕੀ ਢਾਂਚੇ ’ਚ ਗਈ ਸਾਂ। ਮੇਰੇ ਨਾਲ ਹੀ ਕੁਝ ਦਿਨਾਂ ਦੇ ਵਕਫ਼ੇ ਨਾਲ ਇੰਸਪੈਕਟਰ ਪੀਟਰ ਜੋਹਨਸਟਨ ਪੁਲੀਸ ਹੋਮੋਸਾਈਡ ਮਹਿਕਮੇ ’ਚੋਂ ਬਦਲ ਕੇ ਪੁਲੀਸ ਪ੍ਰਬੰਧ ’ਚ ਆਇਆ ਸੀ। ਉਸ ਦਾ ਪੂਰਾ ਨਾਂ ਕੋਈ ਨਹੀਂ ਸੀ ਲੈਂਦਾ। ਸਭ ਉਸ ਨੂੰ ਪੀਟਰ ਹੀ ਆਖਦੇ ਸਨ। ਮੇਰੀ ਸ਼ਿਫਟ ਬਦਲਦੀ ਰਹਿੰਦੀ, ਪਰ ਪੀਟਰ ਦੀ ਸ਼ਿਫਟ ਹਮੇਸ਼ਾਂ ਸਵੇਰੇ ਸੱਤ ਵਜੇ ਸ਼ੁਰੂ ਹੋ ਕੇ ਸ਼ਾਮ ਦੇ ਚਾਰ ਕੁ ਵਜੇ ਤਕ ਹੁੰਦੀ ਸੀ। ਉਸ ਸਮੇਂ ਪੀਟਰ ਮੇਰਾ ਸੁਪਰਵਾਈਜ਼ਰ ਸੀ। ਜਿਸ ਦਿਨ ਮੇਰੀ ਸਵੇਰ ਦੀ ਡਿਊਟੀ ਹੁੰਦੀ, ਪੀਟਰ ਆਪਣਾ ਕੌਫ਼ੀ ਦਾ ਕੱਪ ਲੈ ਕੇ ਅਕਸਰ ਮੇਰੇ ਕੋਲ ਆ ਬੈਠਦਾ।
ਮੈਨੂੰ ਚੰਗਾ ਨਹੀਂ ਸੀ ਲੱਗਦਾ ਕਿ ਪੀਟਰ ਸਵੇਰੇ ਸਵੇਰੇ ਮੇਰੇ ਕੋਲ ਆ ਕੇ ਬੈਠੇ। ਮੈਨੂੰ ਲੱਗਦਾ ਜਿਵੇਂ ਉਸ ਦੀਆਂ ਤੇਜ਼ ਤਰਾਰ ਅੱਖਾਂ ਮੈਨੂੰ ਪਰਖ ਰਹੀਆਂ ਹੋਣ। ਤਰ੍ਹਾਂ ਤਰ੍ਹਾਂ ਦੇ ਖਿਆਲ ਮੇਰੇ ਦਿਮਾਗ਼ ਵਿਚ ਆਉਂਦੇ। ਕੀ ਇਹ ਇੱਥੇ ਬੈਠ ਕੇ ਮੇਰੇ ’ਤੇ ਨਿਗਾਹ ਰੱਖਦਾ ਹੈ? ਕੀ ਮੇਰਾ ਕੰਮ ਇਸ ਨੂੰ ਪਸੰਦ ਨਹੀਂ ਹੈ? ਇਹ ਵੀ ਤਾਂ ਹੋਊ ਕਿ ਮੈਂ ਇਕੱਲੀ ਪੰਜਾਬੀ ਔਰਤ ਹਾਂ ਇਸ ਦਫ਼ਤਰ ਵਿਚ। ਕੋਈ ਨਸਲੀ ਭੇਦ ਭਾਵ ਹੋਵੇਗਾ। ਕਿਸੇ ਨੇ ਮੇਰੇ ਕੋਈ ਬਾਰੇ ਸ਼ਿਕਾਇਤ ਕੀਤੀ ਹੋਵੇਗੀ। ਮੈਂ ਇਸ ਤਰ੍ਹਾਂ ਦੇ ਸਵਾਲਾਂ ਵਿਚ ਉਲਝੀ ਰਹਿੰਦੀ। ਪਰ ਮੈਂ ਆਪਣਾ ਕੰਮ ਬੜੇ ਧਿਆਨ ਨਾਲ ਕਰਦੀ। ਜੇਕਰ ਕਿਸੇ ਪੁਲੀਸ ਅਧਿਕਾਰੀ ਦਾ ਕਿਸੇ ਕੰਮ ਬਾਰੇ ਜਾਂ ਕਿਸੇ ਫਾਈਲ ਬਾਰੇ ਜਾਂ ਕਿਸੇ ਵਿਅਕਤੀ ਬਾਰੇ ਕੋਈ ਸਵਾਲ ਹੁੰਦਾ ਤਾਂ ਮੈਂ ਬੜੀ ਫੁਰਤੀ ਨਾਲ ਸੁਲਝੇ ਹਏ ਢੰਗ ਨਾਲ ਜਵਾਬ ਦਿੰਦੀ। ਮੈਨੂੰ ਸਾਰੇ ਸਿਸਟਮ ਦੀ ਚੰਗੀ ਜਾਣਕਾਰੀ ਹੈ, ਮੈਂ ਇਹ ਦਿਖਾਉਣ ਲਈ ਤੇਜ਼ੀ ਨਾਲ ਕੰਪਿਊਟਰ ’ਤੇ ਹੱਥ ਚਲਾਉਂਦੀ। ਜਿਸ ਦਿਨ ਪੀਟਰ ਕੰਮ ’ਤੇ ਨਾ ਆਉਂਦਾ, ਉਸ ਦਿਨ ਮੈਨੂੰ ਸੁਖ ਦਾ ਸਾਹ ਆਉਂਦਾ। ਮੈਂ ਹਲਕਾ ਹਲਕਾ ਮਹਿਸੂਸ ਕਰਦੀ।
ਪੀਟਰ ਜੋਹਨਸਟਨ ਬੜਾ ਮਿੱਠ ਬੋਲੜਾ ਸੀ। ਬਹੁਤ ਸਰਲ ਜਿਹਾ ਲੱਗਦਾ ਸੀ। ਕੋਈ ਆਕੜ ਨਹੀਂ ਸੀ, ਪਰ ਸੀ ਤਾਂ ਮੇਰਾ ਸੁਪਰਵਾਈਜ਼ਰ ਹੀ। ਭਾਵੇਂ ਉਸ ਨੇ ਕਦੇ ਮੇਰੇ ਕੰਮ ਵਿਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਸੀ, ਪਰ ਫਿਰ ਵੀ ਮੈਨੂੰ ਚੰਗਾ ਨਹੀਂ ਸੀ ਲੱਗਦਾ ਕਿ ਉਹ ਮੇਰੇ ਕੋਲ ਆ ਕੇ ਬੈਠੇ। ਉਸ ਦੀਆਂ ਤੇਜ਼ ਪੁਲੀਸ ਵਾਲੀਆਂ ਅੱਖਾਂ ਮੇਰੇ ’ਤੇ ਟਿਕੀਆਂ ਰਹਿਣ।
ਇਕ ਦਿਨ ਮੈਂ ਕੌਫ਼ੀ ਬਰੇਕ ’ਤੇ ਸਾਂ। ਮੈਂ ਕੌਫ਼ੀ ਸ਼ਾਪ ਵਿਚ ਬੈਠੀ ਸੀ। ਪੀਟਰ ਨੇ ਕੌਫ਼ੀ ਲਈ ਤੇ ਮੇਰੇ ਤੋਂ ਪੁੱਛ ਕੇ ਮੇਰੇ ਸਾਹਮਣੇ ਵਾਲੀ ਕੁਰਸੀ ’ਤੇ ਬੈਠ ਗਿਆ। ਸਿੱਖ ਧਰਮ ਬਾਰੇ ਉਸ ਨੇ ਮੇਰੇ ਤੋਂ ਕੁਝ ਜਾਣਕਾਰੀ ਲੈਣੀ ਚਾਹੀ। ਮੈਂ ਆਪਣੀ ਬੁੱਧੀ ਅਨੁਸਾਰ ਉਸ ਦੇ ਹਰ ਸਵਾਲ ਦਾ ਜਵਾਬ ਦਿੱਤਾ। ਫਿਰ ਉਸ ਨੇ ਸਿੱਖ ਧਰਮ ਨਾਲ ਸਬੰਧਿਤ ਕੋਈ ਕਿਤਾਬ ਮੰਗੀ, ਜਿਸ ਨੂੰ ਪੜ੍ਹ ਕੇ ਉਹ ਸਿੱਖ ਧਰਮ ਬਾਰੇ ਪੂਰੀ ਜਾਣਕਾਰੀ ਲੈ ਸਕੇ। ਚੰਗੀ ਕਿਸਮਤ ਨਾਲ ਮੇਰੇ ਕੋਲ ਡਾ. ਗੋਪਾਲ ਸਿੰਘ ਹੋਰਾਂ ਦੀ ਲਿਖੀ ਪੁਸਤਕ ਪਈ ਸੀ। ਮੇਰੇ ਬਾਪੂ ਜੀ ਇੱਥੇ ਮੇਰੇ ਕੋਲ ਛੱਡ ਗਏ ਸਨ। ਹੁਣ ਮੈਨੂੰ ਕੁਝ ਹੌਸਲਾ ਜਿਹਾ ਹੋ ਗਿਆ ਸੀ, ਇਹ ਮੇਰੀ ਨਿਗਰਾਨੀ ਨਹੀਂ ਕਰਦਾ ਸਗੋਂ ਮੇਰੇ ਤੋਂ ਕੁਝ ਭਾਲਣ ਦੀ ਕੋਸ਼ਿਸ਼ ਕਰਦਾ ਹੈ। ਸਿੱਖ ਧਰਮ ਅਤੇ ਸਿੱਖਾਂ ਬਾਰੇ ਜਾਣਨਾ ਚਾਹੁੰਦਾ ਹੈ।
ਅਗਲੀ ਸਵੇਰ ਮੈਂ ਕੀਤੇ ਵਾਅਦੇ ਅਨੁਸਾਰ ਡਾ. ਗੋਪਾਲ ਸਿੰਘ ਹੋਰਾਂ ਦੀ ਲਿਖੀ ‘ਸਿੱਖ ਹਿਸਟਰੀ’ ਪੀਟਰ ਦੇ ਦਫ਼ਤਰ ਜਾ ਉਸ ਦੀ ਟੇਬਲ ’ਤੇ ਰੱਖ ਆਈ। ਉਹ ਆਪ ਉਸ ਸਮੇਂ ਦਫ਼ਤਰ ਵਿਚ ਨਹੀਂ ਸੀ।
ਉਸ ਦਿਨ ਮੈਂ ਪੀਟਰ ਦੀ ਉਡੀਕ ਕਰ ਰਹੀ ਸੀ। ਮੈਨੂੰ ਪਤਾ ਸੀ ਕਿ ਉਹ ਜ਼ਰੂਰ ਮੇਰਾ ਧੰਨਵਾਦ ਕਰਨ ਆਵੇਗਾ। ਤੇ ਹਾਂ, ਇਸੇ ਤਰ੍ਹਾਂ ਹੀ ਹੋਇਆ। ਉਹ ਮੇਰੇ ਦਫ਼ਤਰ ਆਇਆ। ਉਸ ਦੇ ਹੱਥ ਵਿਚ ਉਹੀ ਮੋਟੀ ਭਾਰੀ ਕਿਤਾਬ ਫੜੀ ਹੋਈ ਸੀ। ਉਸ ਦੇ ਚਿਹਰੇ ’ਤੇ ਇਕ ਵੱਖਰੀ ਕਿਸਮ ਦੀ ਮੁਸਕਰਾਹਟ ਸੀ। ਉਸ ਪ੍ਰਤੀ, ਅੱਜ ਮੇਰਾ ਰਵੱਈਆ ਵੀ ਕੁਝ ਬਦਲਿਆ ਹੋਇਆ ਸੀ। ਮੈਨੂੰ ਉਹ ਸੁਪਰਵਾਈਜ਼ਰ ਨਾਲੋਂ ਦੋਸਤ ਜ਼ਿਆਦਾ ਪ੍ਰਤੀਤ ਹੋ ਰਿਹਾ ਸੀ।
ਉਸ ਨੇ ਕਿਤਾਬ ਲਈ ਮੇਰਾ ਧੰਨਵਾਦ ਕੀਤਾ ਤੇ ਪੜ੍ਹ ਕੇ ਵਾਪਸ ਕਰਨ ਦਾ ਵਾਅਦਾ ਕੀਤਾ। ਨਾਲ ਹੀ ਮੁਸਕਰਾ ਕੇ ਇਹ ਵੀ ਕਹਿ ਦਿੱਤਾ ਕਿ ਕਿਤਾਬ ਬਹੁਤ ਵੱਡੀ ਹੈ, ਇਸ ਲਈ ਪੜ੍ਹਨ ’ਚ ਕਾਫ਼ੀ ਸਮਾਂ ਲੱਗੇਗਾ। ਮੈਂ ਹੱਸ ਪਈ ਤੇ ਆਖਿਆ,‘ਕੋਈ ਗੱਲ ਨਹੀਂ ਜਿੰਨੀ ਦੇਰ ਮਰਜ਼ੀ ਰੱਖੋ।’’
ਇਸ ਤੋਂ ਬਾਅਦ ਪੀਟਰ ਦਾ ਮੇਰੇ ਕਮਰੇ ਵਿਚ ਆਉਣਾ ਘਟ ਗਿਆ ਸੀ। ਪਤਾ ਨਹੀਂ ਕਿਉਂ? ਸ਼ਾਇਦ ਉਸ ਨੂੰ ਪਤਾ ਲੱਗ ਗਿਆ ਹੈ ਕਿ ਅਸੀਂ ਬਹੁਤ ਮਿਹਨਤੀ ਲੋਕ ਹਾਂ। ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਉਸ ਦੇ ਸਵਾਲਾਂ ਦੇ ਜਵਾਬ ਮਿਲ ਗਏ ਹੋਣ। ਕੁਝ ਵੀ ਹੋਵੇ…।
ਕਾਫ਼ੀ ਦਿਨਾਂ ਬਾਅਦ ਉਹ ਪਹਿਲਾਂ ਦੀ ਤਰ੍ਹਾਂ ਆਪਣਾ ਕੌਫ਼ੀ ਨਾਲ ਭਰਿਆ ਕੱਪ ਲੈ ਕੇ ਮੇਰੇ ਦਫ਼ਤਰ ਆ ਗਿਆ। ਪਹਿਲਾਂ ਦੀ ਤਰ੍ਹਾਂ ਉਸ ਨੇ ਮੇਰੇ ਤੋਂ ਬੈਠਣ ਦੀ ਇਜਾਜ਼ਤ ਮੰਗੀ। ਹੁਣ ਮੈਂ ਅੰਦਰੋਂ ਦੁਖੀ ਹੋ ਕੇ ਨਹੀਂ, ਸਗੋਂ ਬੜੇ ਚਾਅ ਨਾਲ ਬੈਠਣ ਲਈ ਕਿਹਾ ਸੀ।
ਉਸ ਨੇ ਕੌਫ਼ੀ ਦਾ ਘੁੱਟ ਭਰਦਿਆਂ ਮੇਰੇ ਚਿਹਰੇ ’ਤੇ ਨਿਗਾਹ ਟਿਕਾਅ ਕੇ ਬੜੇ ਹੀ ਵੱਖਰੇ ਅੰਦਾਜ਼ ’ਚ ਕਿਹਾ, ‘ਸਿੱਖਜ਼ ਆਰ ਵੈਰੀ ਵੰਡਰਫੁੱਲ ਪੀਪਲ।’
ਮੈਂ ਅੰਦਰੋਂ ਅੰਦਰੀਂ ਬਹੁਤ ਖੁਸ਼ ਸਾਂ। ਮੈਂ ਪੀਟਰ ਬਾਰੇ ਕੀ ਸੋਚ ਰਹੀ ਸੀ ਅਤੇ ਕੀ ਨਿਕਲਿਆ। ਨਾਲ ਹੀ ਉਸ ਨੇ ਮੇਰੇ ਨਾਲ ਇਕ ਪੰਜਾਬੀ ਸਿੱਖ ਦੀ ਕਹਾਣੀ ਸਾਂਝੀ ਕੀਤੀ ਕਿ ਕਿਵੇਂ ਉਸ ਨੇ ਉਸ ਨੂੰ ਗੁਰਦੁਆਰੇ ’ਚੋਂ ਫੜਿਆ ਸੀ ਜੋ ਆਪਣੀ ਪਤਨੀ ਦਾ ਕਤਲ ਕਰਕੇ ਗੁਰਦੁਆਰੇ ਚਲਾ ਗਿਆ ਸੀ। ਹੁਣ ਤਕ ਮੈਂ ਪੀਟਰ ਨਾਲ ਵਿਚਾਰ ਵਟਾਂਦਰੇ ਕਰਨ ਦੇ ਸਮਰੱਥ ਹੋ ਗਈ ਸਾਂ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਮੈਂ ਉਸ ਦੇ ਕਾਫ਼ੀ ਨਜ਼ਦੀਕ ਹੋ ਗਈ ਸੀ। ਮੈਂ ਉਸ ਨਾਲ ਕਦੇ ਕੈਨੇਡਾ ਦੀ ਪੁਲੀਸ ਅਤੇ ਕਦੇ ਪੰਜਾਬ ਪੁਲੀਸ ਬਾਰੇ ਗੱਲਬਾਤ ਕਰਦੀ। ਕਦੇ ਕਦੇ ਰਸਮਾਂ ਰਿਵਾਜ਼ਾਂ ਦੀ ਲੜੀ ਸ਼ੁਰੂ ਹੋ ਜਾਂਦੀ। ਵਾਰਤਾਲਾਪ ਚੱਲਦਾ ਹੀ ਰਹਿੰਦਾ।
ਉਸ ਦੇ ਮੂੰਹੋਂ ਕਤਲ ਵਾਲੀ ਕਹਾਣੀ ਸੁਣ ਕੇ ਮੈਂ ਆਪਣੇ ਵਿਚਾਰ ਦੱਸਣੇ ਸ਼ੁਰੂ ਕਰ ਦਿੱਤੇ। ਮੈਂ ਕਿਹਾ, ‘‘ਇਹ ਇਰਾਦਾ ਕਤਲ ਨਹੀਂ ਸੀ। ਉਹ ਤਾਂ ਆਪਣੀ ਪੰਜਾਬੀ ਆਦਤ ਅਨੁਸਾਰ ਵੇਲਣਾ ਆਪਣੀ ਪਤਨੀ ਦੇ ਹੱਥੋਂ ਫੜ ਕੇ ਉਸ ਦੇ ਸਿਰ ’ਤੇ ਮਾਰ ਕੇ ਆਪਣੀ ਤਾਕਤ ਜਾਂ ਆਪਣੇ ਮਰਦ ਹੋਣ ਦਾ ਅਹਿਸਾਸ ਹੀ ਦਿਵਾਉਣਾ ਚਾਹੁੰਦਾ ਸੀ।’
ਮੇਰੀ ਇਹ ਗੱਲ ਸੁਣ ਕੇ ਉਸ ਨੇ ਮੇਰਾ ਮੋਢਾ ਥੱਪ ਥਪਾਇਆ ਤੇ ਆਖਿਆ, ‘ਸੁਰਿੰਦਰ। ਯੂ ਆਰ ਵੈਰੀ ਇਨਟੈਲੀਜੈਂਟ।’
ਉਸ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਮੈਂ ਅੰਦਰੋਂ ਅੰਦਰ ਬਹੁਤ ਵਧੀਆ ਮਹਿਸੂਸ ਕਰ ਰਹੀ ਸੀ। ਉਸ ਨੇ ਮੈਨੂੰ ਦੱਸਿਆ ਕਿ ਕੋਰਟ ਨੇ ਵੀ ਉਸ ਉੱਪਰ ਇਰਾਦਾ ਕਤਲ ਦਾ ਕੇਸ ਨਹੀਂ ਸੀ ਪਾਇਆ। ਉਸ ਨੂੰ ਸੈਕਿੰਡ ਡਿਗਰੀ ਕਤਲ ਦੀ ਸਜ਼ਾ ਹੋਈ ਸੀ।
ਪੀਟਰ ਨਾਲ ਗੱਲਬਾਤ ਕਰਦਿਆਂ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਸੀ ਕਿ ਉਹ ਦੋਸ਼ੀਆਂ ਨੂੰ ਵੀ ਬੜੀ ਚੰਗੀ ਨਜ਼ਰ ਨਾਲ ਦੇਖਦਾ ਸੀ। ਉਹ ਹਰ ਦੋਸ਼ ਦੇ ਪਿੱਛੇ ਦੀ ਕਹਾਣੀ ਜਾਣਨ ਦੀ ਕੋਸ਼ਿਸ਼ ਕਰਦਾ ਸੀ। ਉਸ ਦੀ ਹਰ ਗੱਲਬਾਤ ਮਨੁੱਖੀ ਅਧਿਕਾਰਾਂ ਦੀ ਤਰਜ਼ਮਾਨੀ ਕਰਦੀ ਸੀ। ਮਨੁੱਖਤਾ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਉਸ ਦੀ ਅਥਾਹ ਸ਼ਰਧਾ ਸੀ। ਕਈ ਵਾਰ ਉਹ ਦੋਸ਼ੀਆਂ ਨੂੰ ਵੀ ਚੰਗੇ ਇਨਸਾਨ ਕਹਿ ਦਿੰਦਾ ਸੀ। ਬਹੁਤ ਵਾਰੀ ਮੈਂ ਉਸ ਦੇ ਮੂੰਹੋਂ ਸੁਣਿਆ ਸੀ ਕਿ ਫਲਾਣਾ ਆਦਮੀ ਦੋਸ਼ੀ ਤਾਂ ਹੈ, ਪਰ ਮਾੜਾ ਨਹੀਂ ਹੈ, ਉਸ ਨੂੰ ਮਦਦ ਦੀ ਜ਼ਰੂਰਤ ਹੈ। ਸਾਨੂੰ ਚਾਹੀਦਾ ਹੈ ਕਿ ਉੁਸ ਦੀ ਮਦਦ ਕਰਕੇ ਉਸ ਨੂੰ ਵਾਪਸ ਸਮਾਜ ਵਿਚ ਲਿਆਈਏ।
ਉਸ ਵੇਲੇ ਮੇਰਾ ਧਿਆਨ ਪੰਜਾਬ ਪੁਲੀਸ ਵੱਲ ਚਲਾ ਜਾਂਦਾ ਕਿ ਉਹ ਕਿਵੇਂ ਲੋਕਾਂ ’ਤੇ ਝੂਠੇ ਕੇਸ ਪਾਉਂਦੇ ਹਨ, ਛੋਟੀ ਗੱਲ ਨੂੰ ਵੱਡੀ ਬਣਾ ਦਿੰਦੇ ਹਨ। ਪੈਸੇ ਲੇ ਕੇ ਕੇਸ ਖੁਰਦ-ਬੁਰਦ ਕਰ ਦਿੰਦੇ ਹਨ। ਸਬੂਤ ਮਿਟਾ ਦਿੰਦੇ ਹਨ ਜਾਂ ਸਬੂਤ ਬਣਾ ਲੈਂਦੇ ਹਨ। ਅਸਲੀ ਗੁਨਾਹਗਾਰ ਛੁੱਟ ਜਾਂਦਾ ਹੈ ਅਤੇ ਕੋਈ ਹੋਰ ਹੀ ਬੇਗੁਨਾਹ ਫਸਾ ਲਿਆ ਜਾਂਦਾ ਹੈ।
ਦਿਨ ਬੀਤਦੇ ਗਏ। ਪੀਟਰ ਮੈਨੂੰ ਬਹੁਤ ਚੰਗਾ ਲੱਗਣ ਲੱਗ ਪਿਆ। ਮੈਂ ਹਰ ਛੋਟੀ ਗੱਲ ਉਸ ਨਾਲ ਸਾਂਝੀ ਕਰ ਲੈਂਦੀ। ਹੁਣ ਉਹ ਮੈਨੂੰ ਮੇਰਾ ਦੋਸਤ ਜਾਪਦਾ ਸੀ। ਵਿਸਾਖੀ ਦਾ ਤਿਓਹਾਰ ਆ ਗਿਆ। ਵਿਸਾਖੀ ਵਾਲੇ ਦਿਨ ਕੈਲਗਰੀ ਗੁਰੂ ਘਰ ’ਚ ਸ਼ਾਮ ਨੂੰ ਕੀਰਤਨ ਦਰਬਾਰ ਸਜਣਾ ਸੀ। ਮੇਰਾ ਚਿੱਤ ਤਾਂ ਕਰਦਾ ਸੀ ਕਿ ਮੈਂ ਵੀ ਜਾਵਾਂ, ਪਰ ਉਸ ਦਿਨ ਮੇਰੀ ਰਾਤ ਦੀ ਡਿਊਟੀ ਸੀ। ਦਫ਼ਤਰ ਦੇ ਅਸੂਲਾਂ ਅਨੁਸਾਰ ਬਹਾਨਾ ਬਣਾਉਣਾ ਮੁਸ਼ਕਿਲ ਸੀ। ਸੋ ਮੈਂ ਦਿਨੇ ਸੌਂ ਕੇ, ਆਪਣੀ ਨੀਂਦ ਪੂਰੀ ਕਰਕੇ ਸ਼ਾਮ ਨੂੰ ਸੱਤ ਕੁ ਵਜੇ ਕੰਮ ’ਤੇ ਚਲੀ ਗਈ।
ਮੈਂ ਆਪਣੀ ਸਕਿਊਰਿਟੀ ਵਾਲੀ ਚਾਬੀ ਨਾਲ ਦਰਵਾਜ਼ਾ ਖੋਲ੍ਹ ਕੇ ਦੋ ਕੁ ਕਦਮ ਹੀ ਅੱਗੇ ਗਈ ਸਾਂ ਕਿ ਪੀਟਰ ਆਪਣੇ ਦਫ਼ਤਰ ’ਚੋਂ ਨਿਕਲ ਆਇਆ।
‘ਇਹ ਇਸ ਵੇਲੇ ਕੀ ਕਰਦਾ ਹੈ?’ ਮੈਂ ਆਪਣੇ ਆਪ ਨੂੰ ਕਿਹਾ।
ਹੈਲੋ ਹਾਏ ਕਹਿ ਕਿ ਮੈਨੂੰ ਪੁੱਛਣ ਲੱਗਾ, ‘‘ਵਟ ਆਰ ਯੂ ਡੂਇੰਗ ਹਿਅਰ? ਦੀਅਰ ਇਜ਼ ਬਿੱਗ ਸੈਲੀਬਰੇਸ਼ਨ ਇਨ ਸਿੱਖ ਟੈਂਪਲ।’ ਭਾਵ ਤੂੰ ਇੱਥੇ ਕੀ ਕਰ ਰਹੀ ਹੈ? ਗੁਰਦੁਆਰੇ ਵਿਚ ਬਹੁਤ ਵੱਡਾ ਸਮਾਗਮ ਹੈ।
ਮੈਂ ਹੈਰਾਨ ਜਿਹੀ ਹੋ ਗਈ ਕਿ ਇਸ ਨੂੰ ਕਿਵੇਂ ਪਤਾ ਹੈ। ਖੈਰ, ਮੈਂ ਕਹਿਣਾ ਸ਼ੁਰੂ ਕੀਤਾ ਕਿ ਅੱਜ ਮੇਰੀ ਡਿਊਟੀ ਹੈ। ਛੁੱਟੀ ਨਹੀਂ ਸੀ।
ਮੇਰਾ ਜਵਾਬ ਸੁਣ ਕੇ ਉਸ ਨੇ ਬੜੇ ਫਖ਼ਰ ਨਾਲ ਕਿਹਾ, ‘ਆਈ ਵਿਲ ਲੁੱਕ ਆਫਟਰ ਦਿ ਆਫਿਸ, ਯੂ ਕੈਨ ਗੋ ਟੂ ਸਿੱਖ ਟੈਂਪਲ ਐਂਡ ਇਨਜੁਆਏ।’
‘ਭਾਵ ਮੈਂ ਦਫ਼ਤਰ ਦੇ ਕੰਮ ਦੀ ਖੁਦ ਦੇਖਭਾਲ ਕਰਾਂਗਾ। ਤੂੰ ਜਾ ਅਤੇ ਗੁਰਦੁਆਰੇ ਜਾ ਕੇ ਆਨੰਦ ਮਾਣ।’’
ਮੈਂ ਘਰ ਵਾਪਸ ਆ ਗਈ। ਕੱਪੜੇ ਬਦਲ ਕੇ ਤਿਆਰ ਹੋ ਕੇ ਗੁਰੂ ਘਰ ਚਲੀ ਗਈ। ਮੈਂ ਅੱਜ ਤਕ ਸੋਚ ਰਹੀ ਹਾਂ ਕਿ ਇਸ ਧਰਤੀ ’ਤੇ ਇਸ ਤਰ੍ਹਾਂ ਦੇ ਵੀ ਲੋਕ ਹਨ।