ਅਮਨਦੀਪ ਸਿੰਘ
ਸਟੀਫਨ ਹਾਕਿੰਗ ਦਾ ਕਹਿਣਾ ਸੀ ਕਿ ਆਪਣੀ ਬਿਮਾਰੀ ਕਾਰਨ ਹੀ ਉਹ ਇੱਕ ਬਿਹਤਰੀਨ ਵਿਗਿਆਨੀ ਬਣ ਸਕਿਆ ਹੈ। ਉਸ ਅਨੁਸਾਰ ‘ਆਪਣੀਆਂ ਸਰੀਰਕ ਅਸਮਰੱਥਾਵਾਂ ਦੀ ਵਜ੍ਹਾ ਨਾਲ ਹੀ ਮੈਨੂੰ ਬ੍ਰਹਿਮੰਡ ’ਤੇ ਕੀਤੀ ਖੋਜ ’ਤੇ ਸੋਚਣ ਦਾ ਕੰਮ ਮਿਲਿਆ। ਮੇਰੇ ਅਧਿਐਨ ਨੇ ਇਹ ਸਾਬਤ ਕੀਤਾ ਹੈ ਕਿ ਦੁਨੀਆ ਵਿੱਚ ਕੋਈ ਵਿਕਲਾਂਗ ਨਹੀਂ ਹੈ। ਮੈਂ ਦਿਮਾਗ਼ ਨੂੰ ਇੱਕ ਕੰਪਿਊਟਰ ਸਮਝਦਾ ਹਾਂ ਜੋ ਉਸ ਦੇ ਅਲੱਗ ਅਲੱਗ ਹਿੱਸਿਆਂ ਦੇ ਅਸਫਲ ਹੋਣ ਦੀ ਵਜ੍ਹਾ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ।’
ਉਹ ਨੌਜਵਾਨ ਜਿਸ ਬਾਰੇ ਡਾਕਟਰਾਂ ਨੇ ਕਿਹਾ ਸੀ ਕਿ ਉਹ ਦੋ ਸਾਲ ਤੋਂ ਵੱਧ ਜਿਊਂਦਾ ਨਹੀਂ ਰਹਿ ਸਕਦਾ। ਉਸ ਸ਼ਖ਼ਸ ਵਿਗਿਆਨਕ ਖੇਤਰ ਵਿੱਚ ਅਮਿੱਟ ਪੈੜਾਂ ਛੱਡਦਾ ਹੋਇਆ 76 ਸਾਲ ਦੀ ਉਮਰ ਵਿੱਚ ਦੁਨੀਆ ਤੋਂ ਰੁਖ਼ਸਤ ਹੋਇਆ। ਇਹ ਸੀ ਮਹਾਨ ਵਿਗਿਆਨੀ ਸਟੀਫਨ ਵਿਲੀਅਮ ਹਾਕਿੰਗ ਜਿਸ ਨੇ ਦੁਨੀਆ ਨੂੰ ਆਪਣੀਆਂ ਖੋਜਾਂ ਨਾਲ ਕਈ ਵਾਰ ਹੈਰਾਨ ਕੀਤਾ ਹੈ। ਬਚਪਨ ਤੋਂ ਹੀ ਹੁਸ਼ਿਆਰ ਸਟੀਫਨ ਨੇ ਸੋਚ ਲਿਆ ਸੀ ਕਿ ਉਹ ਪੁਲਾੜ ਵਿਗਿਆਨੀ ਬਣੇਗਾ। ਉਸ ਨੂੰ 20 ਸਾਲ ਦੀ ਉਮਰ ਵਿੱਚ ਕੈਂਬਰਿਜ ਯੂਨੀਵਰਸਿਟੀ ਵਿੱਚ ਕੌਸਮੋਲੌਜੀ ਵਿਸ਼ੇ ਵਿੱਚ ਖੋਜ ਲਈ ਚੁਣਿਆ ਗਿਆ ਅਤੇ ਇਸ ਵਿਸ਼ੇ ’ਤੇ ਉਸ ਨੇ ਪੀਐੱਚ ਡੀ. ਕੀਤੀ।
ਸਿਰਫ਼ 21 ਸਾਲ ਦੀ ਉਮਰ ਵਿੱਚ ਹੀ ਹਾਕਿੰਗ ਦੀ ਯੂਨੀਵਰਸਿਟੀ ਵਿੱਚ ਪੁਖਤਾ ਪਛਾਣ ਬਣ ਗਈ ਸੀ, ਪਰ ਇਸ ਦੌਰਾਨ ਹੀ ਉਸ ਨੂੰ ਅਜਿਹੀ ਬਿਮਾਰੀ ਲੱਗੀ ਜਿਸ ਨੂੰ ਡਾਕਟਰਾਂ ਨੇ ਬੇਹੱਦ ਗੰਭੀਰ ਦੱਸਿਆ। ਮੋਟਰ ਨਿਊਰੋਨ ਨਾਂ ਦੀ ਇਸ ਬਿਮਾਰੀ ਵਿੱਚ ਸਰੀਰ ਨੂੰ ਅਧਰੰਗ ਹੋ ਜਾਂਦਾ ਹੈ ਅਤੇ ਸਾਰੇ ਅੰਗ ਹੌਲੀ ਹੌਲੀ ਕੰਮ ਕਰਨਾ ਬੰਦ ਕਰ ਦਿੰਦੇ ਹਨ। ਡਾਕਟਰਾਂ ਨੇ ਉਸ ਦੀ ਉਮਰ ਸਿਰਫ਼ ਦੋ ਸਾਲ ਦੱਸੀ, ਪਰ ਆਪਣੀ ਜ਼ਿੰਦਾ ਦਿਲੀ ਨਾਲ ਮੌਤ ਨੂੰ ਅੱਗੇ ਨਾ ਵਧਣ ਦਿੰਦਿਆਂ ਉਹ 50 ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਜਿਉਂਦਾ ਰਿਹਾ। ਸਟੀਫਨ ਹਾਕਿੰਗ ਦਾ ਕਹਿਣਾ ਸੀ ਕਿ ਇਸ ਬਿਮਾਰੀ ਕਾਰਨ ਹੀ ਉਹ ਇੱਕ ਬਿਹਤਰੀਨ ਵਿਗਿਆਨੀ ਬਣ ਸਕਿਆ ਹੈ। ਉਸ ਅਨੁਸਾਰ ‘ਆਪਣੀਆਂ ਸਰੀਰਕ ਅਸਮਰੱਥਾਵਾਂ ਦੀ ਵਜ੍ਹਾ ਨਾਲ ਹੀ ਮੈਨੂੰ ਬ੍ਰਹਿਮੰਡ ’ਤੇ ਕੀਤੀ ਖੋਜ ’ਤੇ ਸੋਚਣ ਦਾ ਕੰਮ ਮਿਲਿਆ। ਮੇਰੇ ਅਧਿਐਨ ਨੇ ਇਹ ਸਾਬਤ ਕੀਤਾ ਹੈ ਕਿ ਦੁਨੀਆ ਵਿੱਚ ਕੋਈ ਵਿਕਲਾਂਗ ਨਹੀਂ ਹੈ। ਮੈਂ ਦਿਮਾਗ਼ ਨੂੰ ਇੱਕ ਕੰਪਿਊਟਰ ਸਮਝਦਾ ਹਾਂ ਜੋ ਉਸ ਦੇ ਅਲੱਗ ਅਲੱਗ ਹਿੱਸਿਆਂ ਦੇ ਅਸਫਲ ਹੋਣ ਦੀ ਵਜ੍ਹਾ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ।’
1974 ਵਿੱਚ ਸਟੀਫਨ ਨੇ ਦੁਨੀਆ ਨੂੰ ਆਪਣੀ ਸਭ ਤੋਂ ਮਹੱਤਵਪੂਰਨ ਖੋਜ ਬਲੈਕ ਹੋਲ ਥਿਓਰੀ ਬਾਰੇ ਦੱਸਿਆ। ਉਸ ਨੇ ਦੱਸਿਆ ਕਿ ਬਲੈਕ ਹੋਲ ਕਵਾਂਟਮ ਪ੍ਰਭਾਵਾਂ ਕਾਰਨ ਗਰਮੀ ਫੈਲਾਉਂਦੇ ਹਨ। ਇਸ ਤੋਂ ਪੰਜ ਸਾਲ ਬਾਅਦ ਹੀ ਉਹ ਕੈਂਬਰਿਜ ਯੂਨੀਵਰਸਿਟੀ ਵਿੱਚ ਗਣਿਤ ਦਾ ਪ੍ਰੋਫੈਸਰ ਬਣ ਗਿਆ। ਇਹੀ ਉਹ ਪਦ ਸੀ ਜਿਸ ’ਤੇ ਕਦੇ ਮਹਾਨ ਵਿਗਿਆਨੀ ਆਇੰਸਟਾਈਨ ਨਿਯੁਕਤ ਸੀ।
ਸਾਲ 1998 ਵਿੱਚ ਪ੍ਰਕਾਸ਼ਿਤ ਹੋਈ ਉਸ ਦੀ ਕਿਤਾਬ ‘ਏ ਬ੍ਰੀਫ਼ ਹਿਸਟਰੀ ਆਫ ਟਾਈਮ’ ਨੇ ਪੂਰੀ ਦੁਨੀਆ ਵਿੱਚ ਤਹਿਲਕਾ ਮਚਾ ਦਿੱਤਾ ਸੀ। ਇਸ ਕਿਤਾਬ ਵਿੱਚ ਉਸ ਨੇ ਬ੍ਰਹਿਮੰਡ ਦੇ ਮੁਸ਼ਕਿਲ ਵਿਸ਼ਿਆਂ ਜਿਵੇਂ ‘ਬਿੱਗ ਬੈਂਗ ਥਿਓਰੀ’ ਅਤੇ ਬਲੇਕ ਹੋਲ ਨੂੰ ਇੰਨੇ ਸਰਲ ਤਰੀਕੇ ਨਾਲ ਦੱਸਿਆ ਕਿ ਇੱਕ ਸਾਧਾਰਨ ਪਾਠਕ ਵੀ ਉਸ ਨੂੰ ਆਸਾਨੀ ਨਾਲ ਸਮਝ ਜਾਵੇ। ਇਸ ਕਿਤਾਬ ਦੀਆ ਇੱਕ ਕਰੋੜ ਤੋਂ ਜ਼ਿਆਦਾ ਕਾਪੀਆਂ ਵਿਕੀਆਂ ਸਨ। ਇਹ ਉਹ ਕਿਤਾਬ ਹੈ ਜਿਸ ਵਿੱਚ ਉਸ ਨੇ ਰੱਬ (ਕਰਤਾ) ਦੀ ਹੋਂਦ ਨੂੰ ਨਕਾਰ ਦਿੱਤਾ ਸੀ।
ਸਟੀਫਨ ਹਾਕਿੰਗ ਸਾਡੇ ਸਮੇਂ ਦਾ ਆਇੰਸਟਾਈਨ ਤੋਂ ਬਾਅਦ ਇੱਕ ਮਹਾਨ ਭੌਤਿਕ ਵਿਗਿਆਨੀ, ਤਾਰਾ ਵਿਗਿਆਨੀ, ਲੇਖਕ ਅਤੇ ਕੈਂਬਰਿਜ ਯੂਨੀਵਰਸਿਟੀ (ਇੰਗਲੈਂਡ) ਵਿੱਚ ਸਥਿਤ ਤਾਰਾ ਵਿਗਿਆਨ ਕੇਂਦਰ ਦਾ ਮੋਢੀ ਸੀ। ਉਸ ਨੇ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਮ ਆਦਮੀ ਨੂੰ ਸਮਾਂ ਜਾਂ ਕਾਲ, ਬ੍ਰਹਿਮੰਡ, ਪੁਲਾੜ ਦੇ ਬਲੈਕ ਹੋਲ, ਭੌਤਿਕ ਅਤੇ ਤਾਰਾ ਵਿਗਿਆਨ ਬਾਰੇ ਸਮਝਾਉਣ ਲਈ ਕਿਤਾਬਾਂ ਰਚੀਆਂ।
ਸਾਲ 1942 ਵਿੱਚ ਪੈਦਾ ਹੋਇਆ ਡਾਕਟਰ ਮਾਤਾ-ਪਿਤਾ ਦਾ ਹੋਣਹਾਰ ਲਾਡਲਾ ਬਚਪਨ ਤੋਂ ਹੀ ਬੁੱਧੀਮਾਨ ਸੀ। ਸਕੂਲ ਵਿੱਚ ਉਸ ਨੇ ਆਪਣੇ ਗਣਿਤ ਦੇ ਅਧਿਆਪਕ ਅਤੇ ਸਾਥੀਆਂ ਦੀ ਮਦਦ ਨਾਲ ਇੱਕ ਘੜੀ, ਫੋਨ ਅਤੇ ਹੋਰ ਵਸਤਾਂ ਨੂੰ ਮੁੜ ਵਰਤ ਕੇ ਇੱਕ ਕੰਪਿਊਟਰ ਬਣਾਇਆ। ਉਸ ਨੂੰ ਸਕੂਲ ਵਿੱਚ ‘ਆਇੰਸਟਾਈਨ’ ਕਿਹਾ ਜਾਂਦਾ ਸੀ।
ਉਸ ਨੇ ਆਕਸਫੋਰਡ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਉਹ ਤੱਥਾਂ ਤੋਂ ਜ਼ਿਆਦਾ ਥਿਓਰੀ ਦੇ ਪ੍ਰਸ਼ਨ ਹੱਲ ਕਰਨੇ ਪਸੰਦ ਕਰਦਾ ਸੀ। ਆਕਸਫੋਰਡ ਤੋਂ ਸਫਲਤਾ ਪ੍ਰਾਪਤ ਕਰਕੇ ਉਹ ਕੈਂਬਰਿਜ ਯੂਨੀਵਰਸਿਟੀ ਵਿੱਚ ਉੱਚ ਵਿਦਿਆ ਪ੍ਰਾਪਤ ਕਰਨ ਚਲਾ ਗਿਆ। ਉੱਥੇ ਉਸ ਨੂੰ ਪਹਿਲਾ ਸਾਲ ਔਖਾ ਲੱਗਿਆ। ਉਸ ਨੂੰ ਮਹਿਸੂਸ ਹੋਇਆ ਕਿ ਉਸ ਦਾ ਗਣਿਤ ਸਾਧਾਰਨ ਸਪੇਖਤਾਵਾਦ ਪੜ੍ਹਨ ਲਈ ਕਾਫ਼ੀ ਨਹੀਂ ਹੈ। ਉਦੋਂ ਹੀ ਉਸ ਨਾਲ ਇੱਕ ਹੋਰ ਕਹਿਰ ਵਾਪਰਿਆ, ਉਸ ਨੂੰ ਮੋਟਰ ਨਿਊਰੋਨ (Motor Neuron) ਨਾਂ ਦੀ ਬਿਮਾਰੀ ਹੋ ਗਈ। ਉਹ ਨਿਰਾਸ਼ਾ ਵਿੱਚ ਡੁੱਬ ਗਿਆ। ਆਪਣੇ ਅਧਿਆਪਕ ਵੱਲੋਂ ਉਤਸ਼ਾਹਿਤ ਕਰਨ ’ਤੇ ਚੱਲਣ-ਫਿਰਨ ਤੇ ਬੋਲਣ ਤੋਂ ਅਸਮਰੱਥ ਉਹ ਵਾਪਸ ਪੜ੍ਹਾਈ ਵਿੱਚ ਜੁਟ ਗਿਆ। ਉਦੋਂ ਉਸ ਦੀ ਕਾਬਲੀਅਤ ਅਤੇ ਪ੍ਰਤਿਭਾ ਦਾ ਬੋਲਬਾਲਾ ਹੋਣਾ ਸ਼ੁਰੂ ਹੋ ਗਿਆ, ਜਦੋਂ ਉਸ ਨੇ ਫਰੈੱਡ ਹੋਇਲ ਅਤੇ ਉਸ ਦੇ ਵਿਦਿਆਰਥੀ ਜਯੰਤ ਨਾਰਲੀਕਰ ਨੂੰ ਇੱਕ ਲੈਕਚਰ ਦਰਮਿਆਨ ਚੁਣੌਤੀ ਦਿੱਤੀ। ਉਸ ਸਮੇਂ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਵੱਡੇ ਧਮਾਕੇ ਅਤੇ ਸਥਿਰ-ਅਵਸਥਾ ਥਿਓਰੀ ਬਾਰੇ ਬਹਿਸ ਚੱਲ ਰਹੀ ਸੀ। ਰੌਜਰ ਪੈਨਰੋਜ਼ ਦੇ ‘ਬਲੈਕ ਹੋਲ ਦੇ ਕੇਂਦਰ ਵਿੱਚ ਖਲਾਅ ਅਤੇ ਸਮੇਂ ਦੀ ਇੱਕਤਾ ਦੇ ਸਿਧਾਂਤ’ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਉਹੀ ਸੋਚ ਪੂਰੇ ਬ੍ਰਹਿਮੰਡ ’ਤੇ ਲਾਗੂ ਕਰਕੇ ਆਪਣਾ ਥੀਸਸ ਲਿਖਿਆ, ਜੋ ਮਨਜ਼ੂਰ ਹੋ ਗਿਆ। ਉਸੇ ਸਾਲ ਉਸ ਨੂੰ ਰਿਸਰਚ ਫੈਲੋਸ਼ਿਪ ਮਿਲ ਗਈ ਅਤੇ ਉਸ ਨੇ ਗਣਿਤ ਅਤੇ ਭੌਤਿਕ ਵਿਗਿਆਨ ਵਿੱਚ ਡਾਕਟਰੀ ਦੀ ਡਿਗਰੀ ਪ੍ਰਾਪਤ ਕੀਤੀ।
ਬਾਅਦ ਵਿੱਚ ਉਹ ਕੈਂਬਰਿਜ ਵਿੱਚ ਹੀ ਰੀਡਰ ਦੀ ਪੋਸਟ ’ਤੇ ਲੱਗ ਗਿਆ। ਉਸ ਨੇ ਅਖ਼ਬਾਰ ਤੇ ਟੈਲੀਵਿਜ਼ਨ ਵਿੱਚ ਬਲੈਕ ਹੋਲਜ਼ ਬਾਰੇ ਕਈ ਇੰਟਰਵਿਊ ਦਿੱਤੇ ਅਤੇ ਲੋਕਾਂ ਨੂੰ ਉਨ੍ਹਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ। ਉਸ ਨੂੰ ਉਸ ਦੇ ਕੰਮ ਬਾਰੇ ਚੰਗੀ ਮਾਨਤਾ ਮਿਲੀ। ਆਪਣੇ ਕੰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਹ ਕਾਫ਼ੀ ਘੁੰਮਿਆ। ਉਸ ਨੇ ਪਾਰਟੀਆਂ ਵਿੱਚ ਐਸ਼ ਵੀ ਕੀਤੀ ਅਤੇ ਜੀਵਨ ਨੂੰ ਜਿੰਨਾ ਕੁ ਹੋ ਸਕਦਾ ਸੀ ਮਾਣਿਆ ਵੀ। ਉਸ ਨੂੰ ਬਹੁਤ ਸਾਰੇ ਇਨਾਮ ਅਤੇ ਮਾਨ ਸਨਮਾਨ ਮਿਲੇ।
ਜਦੋਂ ਉਹ ਕੈਂਬਰਿਜ ਪੜ੍ਹਦਾ ਸੀ ਤਾਂ ਉਸ ਨੇ ਜੇਨ ਵਾਈਲਡ ਨੂੰ ਆਪਣੀ ਜੀਵਨ ਸਾਥੀ ਬਣਾਇਆ ਅਤੇ ਉਨ੍ਹਾਂ ਦੇ ਘਰ ਤਿੰਨ ਬੱਚੇ ਹੋਏ। ਉਸ ਨੂੰ ਜਿਵੇਂ ਜਿਊਣ ਦਾ ਇੱਕ ਕਾਰਨ ਮਿਲ ਗਿਆ, ਪਰ ਉਹ ਖੁਸ਼ੀ ਬਹੁਤੀ ਦੇਰ ਨਾ ਰਹੀ, ਉਸ ਦੀ ਬਿਮਾਰੀ ਵਧ ਰਹੀ ਸੀ। ਜੇਨ ਨੂੰ ਇੱਕ ਹੋਰ ਵਿਅਕਤੀ ਨਾਲ ਮਿੱਤਰਤਾ ਹੋ ਗਈ ਅਤੇ ਹਾਕਿੰਗ ਨੇ ਉਸ ਨੂੰ ਖ਼ੁਸ਼ੀ ਨਾਲ ਉਸ ਦੇ ਨਾਲ ਤੋਰ ਦਿੱਤਾ ਤਾਂ ਜੋ ਉਹ ਤਾਂ ਆਪਣਾ ਜੀਵਨ ਮਾਣ ਸਕੇ। ਕੁਝ ਸਾਲਾਂ ਬਾਅਦ ਹਾਕਿੰਗ ਨੇ ਆਪਣੀ ਇੱਕ ਨਰਸ ਈਲੇਨ ਮੇਸਨ ਨਾਲ ਵਿਆਹ ਕਰ ਲਿਆ। ਪਰ ਇੱਕ ਅਰਸੇ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਹਾਕਿੰਗ ਆਪਣੀ ਪਹਿਲੀ ਪਤਨੀ ਜੇਨ ਅਤੇ ਬੱਚਿਆਂ ਤੇ ਪੋਤਰੇ-ਪੋਤਰੀਆਂ ਦੇ ਨੇੜੇ ਰਹਿਣ ਲੱਗਿਆ। ਉਸ ਨੇ ਕੈਂਬਰਿਜ ਸਥਿਤ ਆਪਣੇ ਘਰ ਵਿੱਚ 14 ਮਾਰਚ 2018 ਨੂੰ ਅੰਤਿਮ ਸਾਹ ਲਿਆ। ਉਸ ਸਮੇਂ ਉਸ ਦੀ ਉਮਰ 76 ਸਾਲ ਸੀ।
ਉਸ ਦੀ ਮੌਤ ਤੋਂ ਕੁਝ ਦਿਨਾਂ ਬਾਅਦ ਰੂਸ ਦੇ ਦੋ ਤਾਰਾ ਵਿਗਿਆਨੀਆਂ ਵੱਲੋਂ ਓਫਯੂਕਸ ਤਾਰਾ ਮੰਡਲ ਵਿੱਚ ਲੱਭੇ ਗਏ ਨਵ ਜਨਮੇ ਬਲੈਕ ਹੋਲ ਦੀ ਖੋਜ ਸਟੀਫਨ ਹਾਕਿੰਗ ਨੂੰ ਸਮਰਪਿਤ ਕੀਤੀ ਗਈ। ਖੋਜ ਵਿਗਿਆਨੀ ਉਸ ਦਾ ਦਿਮਾਗ਼ ਸੰਭਾਲ ਕੇ ਰੱਖਣਾ ਚਾਹੁੰਦੇ ਸਨ ਤਾਂ ਜੋ ਜੇ ਭਵਿੱਖ ਵਿੱਚ ਮਨੁੱਖੀ ਦਿਮਾਗ਼ ਨੂੰ ਮੁੜ ਸੁਰਜੀਤ ਕਰਨ ਦੀ ਵਿਧੀ ਵਿਕਸਤ ਹੋ ਸਕੇ ਤਾਂ ਉਹ ਮਹਾਨ ਵਿਗਿਆਨੀ ਸਟੀਫਨ ਹਾਕਿੰਗ ਦਾ ਦਿਮਾਗ਼ ਸਭ ਤੋਂ ਪਹਿਲਾਂ ਸੁਰਜੀਤ ਕਰ ਸਕਣ। ਇੱਕ ਮਨੁੱਖ ਲਈ ਇਸ ਤੋਂ ਵਧ ਕੇ ਕੋਈ ਹੋਰ ਸ਼ਰਧਾਂਜਲੀ ਨਹੀਂ ਹੋ ਸਕਦੀ।
ਉਹ ਕਹਿੰਦਾ ਸੀ ਕਿ ਵੱਡੇ ਧਮਾਕੇ (Big Bang) ਤੋਂ ਪਹਿਲਾਂ ਸਮਾਂ ਜਾਂ ਕਾਲ ਮੌਜੂਦ ਨਹੀਂ ਸੀ, ਕਿਸੇ ਸ਼ਕਤੀ ਨੇ ਬ੍ਰਹਿਮੰਡ ਨੂੰ ਨਹੀਂ ਸਿਰਜਿਆ ਅਤੇ ਨਾ ਹੀ ਕੋਈ ਸਾਡੀ ਕਿਸਮਤ ਲਿਖਦਾ ਹੈ। ਕੋਈ ਸਵਰਗ ਜਾਂ ਨਰਕ ਨਹੀਂ ਹਨ ਅਤੇ ਨਾ ਹੀ ਮੌਤ ਤੋਂ ਬਾਅਦ ਜ਼ਿੰਦਗੀ ਹੈ। ਸਾਡੇ ਕੋਲ ਬ੍ਰਹਿਮੰਡ ਦਾ ਮਹਾਨ ਡਿਜ਼ਾਈਨ ਸਲਾਹੁਣ ਲਈ ਸਿਰਫ਼ ਇੱਕੋ-ਇੱਕ ਇਹੀ ਜ਼ਿੰਦਗੀ ਹੈ ਅਤੇ ਉਸ ਲਈ ਮੈਂ ਸ਼ੁਕਰਗੁਜ਼ਾਰ ਹਾਂ। ਬਹੁਤ ਹੀ ਮਹੀਨ ਬਲੈਕ ਹੋਲ ਅਤੇ ਅੱਜਕੱਲ੍ਹ ਦੇ ਬਲੈਕ ਹੋਲ ਸਾਨੂੰ ਇਹ ਦਰਸਾਉਂਦੇ ਹਨ ਕਿ ਵੱਡੇ ਧਮਾਕੇ ਤੋਂ ਪਹਿਲਾਂ ਸਮੇਂ ਨੂੰ ਵੀ ਰੁਕਣਾ ਪਿਆ ਹੋਵੇਗਾ। ਤੁਸੀਂ ਵੱਡੇ ਧਮਾਕੇ ਤੋਂ ਪਹਿਲਾਂ ਦੇ ਸਮੇਂ ਤੱਕ ਨਹੀਂ ਪਹੁੰਚ ਸਕਦੇ ਕਿਉਂਕਿ ਉਸ ਤੋਂ ਪਹਿਲਾਂ ਸਮਾਂ ਸੀ ਹੀ ਨਹੀਂ। ਆਖਿਰਕਾਰ ਅਸੀਂ ਉਹ ਲੱਭ ਲਿਆ ਹੈ ਜਿਸ ਦਾ ਕੋਈ ਕਾਰਨ ਨਹੀਂ ਹੈ ਕਿਉਂਕਿ ਕਾਰਨ ਦੀ ਹੋਂਦ ਵੇਲੇ ਸਮਾਂ ਨਹੀਂ ਸੀ। ਸਟੀਫਨ ਹਾਕਿੰਗ ਲਈ ਇਸ ਦਾ ਇਹ ਮਤਲਬ ਹੈ ਕਿ ਕਰਤਾ ਦੀ ਸੰਭਾਵਨਾ ਵੀ ਨਹੀਂ ਹੈ ਕਿਉਂਕਿ ਕਰਤਾ ਦੀ ਹੋਂਦ ਲਈ ਵੀ ਸਮਾਂ ਨਹੀਂ ਸੀ। ਸਮੇਂ ਦੀ ਸ਼ੁਰੂਆਤ ਵੀ ਵੱਡੇ ਧਮਾਕੇ ਵੇਲੇ ਹੀ ਹੋਈ ਸੀ ਜੋ ਇੱਕ ਘਟਨਾ ਸੀ ਜੋ ਕਿਸੇ ਵਿਅਕਤੀ ਵਿਸ਼ੇਸ਼ ਜਾਂ ਹੋਰ ਕਿਸੇ ਵਸਤ ਤੋਂ ਨਹੀਂ ਸੀ ਉਪਜੀ।