ਹਰਜੀਤ ਅਟਵਾਲ
ਆਪਣੀ ਗੱਲ ਕਹਿਣ ਤੋਂ ਪਹਿਲਾਂ ਯੂਕੇ ਆਏ ਚਮਨ ਲਾਲ ਦੀ ਕਹਾਣੀ ਸੁਣਾਉਣੀ ਚਾਹਾਂਗਾ ਜੋ ਮੇਰੇ ਨਾਲ ਨਾਰਾਜ਼ ਹੋ ਗਿਆ ਸੀ। ਉਨ੍ਹਾਂ ਦਿਨਾਂ ਵਿਚ ਲੰਡਨ ਦੀ ਐਕਟਨ ਲੇਨ ’ਤੇ ਮੇਰਾ ਸਟੋਰ ਹੁੰਦਾ ਸੀ। ਚਮਨ ਲਾਲ ਪੰਜਾਬ ਵਿਚ ਹੱਥ ਦੇਖਣ ਅਤੇ ਕਿਸਮਤ ਨੂੰ ਸਿੱਧੀ ਕਰਨ ਦੇ ਉਪਾਅ ਦੱਸਣ ਦਾ ਕੰਮ ਕਰਦਾ ਸੀ। ਇੱਥੇ ਵੀ ਇਹੋ ਕੰਮ ਕਰਨਾ ਸ਼ੁਰੂ ਕਰਨਾ ਚਾਹੁੰਦਾ ਸੀ ਤੇ ਇਸ ਕੰਮ ਲਈ ਮੇਰੇ ਸਟੋਰ ਵਿਚ ਇਕ ਕੋਨਾ ਮੰਗਦਾ ਸੀ ਜਿਸ ਦੇ ਬਦਲੇ ਵਿਚ ਉਹ ਮੈਨੂੰ ਚੋਖਾ ਕਿਰਾਇਆ ਦੇਣ ਨੂੰ ਤਿਆਰ ਸੀ। ਮੈਂ ਸਾਰੀ ਉਮਰ ਵਹਿਮਾਂ-ਭਰਮਾਂ ਦੇ ਖਿਲਾਫ਼ ਰਿਹਾ ਹਾਂ ਸਗੋਂ ਇਨ੍ਹਾਂ ਦੇ ਖਿਲਾਫ਼ ਲੜਦਾ ਰਿਹਾ ਹਾਂ, ਹੁਣ ਉਸ ਦੀ ਗੱਲ ਕਿਵੇਂ ਮੰਨ ਸਕਦਾ ਸਾਂ। ਮੈਂ ਨਾਂਹ ਕਰ ਕੇ ਉਸ ਦੀ ਨਾਰਾਜ਼ਗੀ ਸਹੇੜਨੀ ਬਿਹਤਰ ਸਮਝੀ। ਉਂਜ ਕਿਸਮਤ ਦੱਸਣਾ ਕੋਈ ਨਵੀਂ ਗੱਲ ਨਹੀਂ ਹੈ, ਪਰ ਲੰਡਨ ਵਿਚ ਹੱਥ ਦੇਖਣ ਦਾ ਸਿਲਸਿਲਾ ਭਾਟੜਾ ਬਰਾਦਰੀ ਨੇ ਪਿਛਲੀ ਸਦੀ ਦੇ ਪੰਜਾਹਵਿਆਂ ਵਿਚ ਸ਼ੁਰੂ ਕੀਤਾ ਸੀ। ਉਹ ਲੋਕਾਂ ਦੇ ਘਰੀਂ ਜਾ ਕੇ ਜਾਂ ਤੁਰੇ ਜਾਂਦੇ ਕਿਸੇ ਗੋਰੇ-ਗੋਰੀ ਨੂੰ ਫਸਾ ਲੈਂਦੇ, ਪਰ ਉਨ੍ਹਾਂ ਦੀ ਫੀਸ ਬਹੁਤੀ ਨਹੀਂ ਸੀ ਹੁੰਦੀ, ਬਸ ਚਾਹ-ਪਾਣੀ ਜੋਗੀ ਹੀ। ਉਸ ਦੇ ਮੁਕਾਬਲੇ ਅੱਜ ਕਿਸਮਤ ਦੇਖਣ ਵਾਲਿਆਂ ਤੇ ਮਾੜੀ ਕਿਸਮਤ ਦੇ ਉਪਾਅ ਕਰਨ ਦਾ ਇਕ ਪੂਰਾ ਧੰਦਾ ਹੈ। ਹੱਥ ਦੇਖਣ ਵਾਲੇ ਪੰਜਾਹ ਤੋਂ ਲੈ ਕੇ ਸੌ ਪੌਂਡ ਤਕ ਲੈਂਦੇ ਹਨ, ਇਹ ਫੀਸ ਵਕੀਲ ਦੀ ਫੀਸ ਕੁ ਜਿੰਨੀ ਬਣ ਜਾਂਦੀ ਹੈ। ਇਹ ਇਕ ਅਜਿਹਾ ਧੰਦਾ ਹੈ ਜਿਸ ਵਿਚ ਖ਼ਰਚ ਬਹੁਤ ਹੀ ਘੱਟ ਤੇ ਨਿਰੀ ਆਮਦਨ ਹੀ ਆਮਦਨ। ਪਹਿਲੀਆਂ ਵਿਚ ਗਲੋਬ ਰਾਹੀਂ ਜਿਹੜੀ ਮੈਡਮ ਕਿਸਮਤ ਦੱਸਿਆ ਕਰਦੀ ਸੀ, ਉਸ ਤੋਂ ਹੱਥ ਦੇਖਣ ਦੀ ਪ੍ਰਕਿਰਿਆ ਕੁਝ ਭਿੰਨ ਹੈ।
ਜਿਵੇਂ ਜਿਵੇਂ ਯੂਕੇ ਵਿਚ ਜਾਂ ਪੱਛਮ ਦੇ ਹੋਰਨਾਂ ਮੁਲਕਾਂ ਵਿਚ ਵੀ ਸਾਡੇ ਲੋਕਾਂ ਦੀ ਗਿਣਤੀ ਵਧਦੀ ਰਹੀ ਹੈ, ਇਨ੍ਹਾਂ ਨਜੂਮੀਆਂ ਦੀ ਗਿਣਤੀ ਵੀ ਵੱਡੀ ਹੁੰਦੀ ਗਈ ਹੈ। ਗਿਣਤੀ ਹੀ ਨਹੀਂ ਵੱਡੀ ਹੋਈ ਬਲਕਿ ਉਨ੍ਹਾਂ ਦੀਆਂ ਸ਼ਕਤੀਆਂ ਜਾਂ ਗੁਣਾਂ ਦਾ ਵਾਧਾ ਵੀ ਹੁੰਦਾ ਜਾ ਰਿਹਾ ਹੈ। ਮੇਰੇ ਨੇਪਾਲੀ ਦੋਸਤ ਅਮਰ ਗੁਰੰਗ ਦਾ ਮੁੰਡਾ ਬਿਮਾਰ ਸੀ, ਉਹ ਡਾਕਟਰ ਨਾਲੋਂ ਅਜਿਹੇ ਹੀ ਕਿਸੇ ਤਾਂਤਰਿਕ ਕੋਲ ਜਾ ਫਸਿਆ, ਮੇਰੇ ਲੱਖ ਸਮਝਾਉਣ ’ਤੇ ਵੀ ਨਾ ਸਮਝਿਆ ਤੇ ਹਜ਼ਾਰ ਪੌਂਡ ਤੋਂ ਵੱਧ ਦਾ ਟੀਕਾ ਲਵਾ ਲਿਆ। ਇਵੇਂ ਹੀ ਮੇਰੇ ਇਕ ਵਾਕਫ ਦੇ ਘਰ ਚੋਰੀ ਹੋ ਗਈ, ਉਹ ਚੋਰ ਦਾ ਪਤਾ ਲਵਾਉਣ ਲਈ ਪੁਲੀਸ ਦੀ ਥਾਂ ਅਜਿਹੇ ਢੋਂਗੀ ਕੋਲ ਜਾਣ ਲੱਗ ਪਿਆ। ਕਿਸੇ ਤਰ੍ਹਾਂ ਪੁਲੀਸ ਨੂੰ ਚੋਰੀ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਆਪ ਹੀ ਉਸ ਤਕ ਪਹੁੰਚ ਕੀਤੀ।
ਇਹ ਨਜੂਮੀ ਹੁਣ ਤਰੱਕੀ ਕਰਕੇ ਤਾਂਤਰਿਕਾਂ ਵਿਚ ਬਦਲ ਚੁੱਕੇ ਹਨ। ਇਹ ਸਿਰਫ਼ ਹੱਥ ਹੀ ਨਹੀਂ ਦੇਖਦੇ ਜਾਂ ਭਵਿੱਖ ਦਾ ਹੱਲ ਹੀ ਨਹੀਂ ਦੱਸਦੇ ਸਗੋਂ ਇਹ ਭੂਤ-ਚੁੜੇਲਾਂ ਵੀ ਕੱਢਣ ਲੱਗੇ ਹਨ, ਟੂਣੇ-ਟਮਾਣੇ ਤੇ ਤੜੇ-ਤਵੀਤ ਵੀ ਦੇਣ ਲੱਗੇ ਹਨ। ਇਹ ਤਾਂਤਰਿਕਤਾ ਇਸ ਵੇਲੇ ਸੰਪੂਰਨ ਕਾਰੋਬਾਰ ਬਣ ਚੁੱਕਾ ਹੈ। ਯੂਕੇ ਭਰ ਵਿਚ ਏਸ਼ੀਅਨ ਆਬਾਦੀ ਵਾਲੇ ਇਲਾਕਿਆਂ ਵਿਚ ਇਨ੍ਹਾਂ ਤਾਂਤਰਿਕਾਂ ਦੀ ਪੂਰੀ ਭਰਮਾਰ ਹੈ। ਜਿਸ ਇਲਾਕੇ ਵਿਚ ਏਸ਼ੀਅਨਾਂ ਦੀ ਗਿਣਤੀ ਵਧਣ ਲੱਗਦੀ ਹੈ, ਇਹ ਲੋਕ ਵੀ ਜਾ ਕੇ ਆਪਣੀ ਮੋੜ੍ਹੀ ਗੱਡ ਦਿੰਦੇ ਹਨ। ਜਿਵੇਂ ਪੰਜਾਬ ਦੇ ਪਿੰਡਾਂ ਵਿਚ ਬਾਬਿਆਂ ਤੇ ਹੋਰ ਮੜ੍ਹੀਆਂ ਮਸਾਣਾਂ ਦੀ ਗਿਣਤੀ ਬਹੁਤ ਵਧ ਗਈ ਹੈ, ਅਜਿਹਾ ਹੀ ਕੁਝ ਇੱਧਰ ਵੀ ਹੈ। ਇਸ ਲਈ ਇਨ੍ਹਾਂ ਬਾਰੇ ਇਕ ਕਹਾਵਤ ਬਣ ਰਹੀ ਹੈ ਕਿ ‘ਹਰ ਗਲੀ ਵਿਚ ਪਾਧਾ, ਹਰ ਮੋੜ ’ਤੇ ਬਾਬਾ।’
ਜਿਵੇਂ ਹਰ ਕਾਰੋਬਾਰ ਨੂੰ ਵਧਾਉਣ ਲਈ ਤੁਹਾਨੂੰ ਇਸ਼ਤਿਹਾਰਬਾਜ਼ੀ ਕਰਨੀ ਪੈਂਦੀ ਹੈ, ਬਿਲਕੁਲ ਇਸੇ ਤਰ੍ਹਾਂ ਹੀ ਇਸ ਧੰਦੇ ਵਿਚ ਵੀ ਹੈ, ਬਲਕਿ ਇਹ ਕਾਰੋਬਾਰ ਤਾਂ ਹੈ ਹੀ ਇਸ਼ਤਿਹਾਰਬਾਜ਼ੀ ਦੇ ਸਿਰ ’ਤੇ। ਹਰ ਏਸ਼ੀਅਨ ਅਖ਼ਬਾਰ ਵਿਚ, ਹਰ ਰੇਡੀਓ, ਟੈਲੀਵਿਜ਼ਨ ਉੱਪਰ ਇਨ੍ਹਾਂ ਦੀਆਂ ਮਸ਼ਹੂਰੀਆਂ ਦੇਖਣ-ਸੁਣਨ ਨੂੰ ਮਿਲਦੀਆਂ ਹਨ। ਇਹ ਇਨ੍ਹਾਂ ਰੇਡੀਓ-ਟੈਲੀਵਿਜ਼ਨ ਉੱਪਰ ਆਪਣਾ ਘੰਟੇ ਜਾਂ ਦੋ ਘੰਟੇ ਦਾ ਪ੍ਰੋਗਰਾਮ ਹੀ ਖ਼ਰੀਦ ਲੈਂਦੇ ਹਨ ਤੇ ਲਾਈਵ ਹੋ ਕੇ ਲੋਕਾਂ ਦੇ ਮਸਲਿਆਂ ਦੇ ਹੱਲ ਦੱਸਦੇ ਹਨ। ਇਕ ਅੰਦਾਜ਼ੇ ਮੁਤਾਬਕ ਇਸ ਕਾਰੋਬਾਰ ਵਿਚ ਲੱਖਾਂ ਪੌਂਡ ਸਿਰਫ਼ ਇਸ਼ਤਿਹਾਰਬਾਜ਼ੀ ਉੱਪਰ ਹੀ ਖ਼ਰਚੇ ਜਾਂਦੇ ਹੋਣਗੇ। ਮੇਰਾ ਇਕ ਦੋਸਤ ਅਖ਼ਬਾਰ ਕੱਢਦਾ ਸੀ, ਉਹ ਆਪਣੇ ਆਪ ਨੂੰ ਅਗਾਂਹਵਧੂ ਕਹਾਉਂਦਾ ਸੀ, ਪਰ ਵਹਿਮ-ਭਰਮ ਫੈਲਾਉਣ ਵਾਲੇ ਇਸ਼ਤਿਹਾਰ ਵਾਹਵਾ ਛਾਪਦਾ ਸੀ। ਮੈਂ ਪੁੱਛਦਾ ਤਾਂ ਉਹ ਕਹਿੰਦਾ ਕਿ ਜੇ ਉਸ ਨੇ ਇਹ ਇਸ਼ਤਿਹਾਰ ਬੰਦ ਕਰ ਦਿੱਤੇ ਤਾਂ ਉਸ ਦੀ ਅਖ਼ਬਾਰ ਵੀ ਬੰਦ ਹੋ ਜਾਵੇਗੀ। ਇਵੇਂ ਹੀ ਰੇਡੀਓ ਤੇ ਟੈਲੀਵਿਜ਼ਨ ਵਾਲੇ ਵੀ ਆਖਦੇ ਹਨ। ਜੇ ਇਹ ਲੋਕ ਏਨੇ ਪੈਸੇ ਆਪਣੇ ਕਾਰੋਬਾਰ ਦੀ ਮਸ਼ਹੂਰੀ ਉੱਪਰ ਖ਼ਰਚਦੇ ਹਨ ਤਾਂ ਆਮਦਨ ਵੀ ਤਾਂ ਉਸੇ ਹਿਸਾਬ ਨਾਲ ਹੁੰਦੀ ਹੋਵੇਗੀ। ਇਹ ਵੀ ਗੱਲ ਸੱਚ ਹੈ ਕਿ ਇਨ੍ਹਾਂ ਵਿਚੋਂ ਸ਼ਾਇਦ ਹੀ ਕੋਈ ਬਣਦਾ ਟੈਕਸ ਦਿੰਦਾ ਹੋਵੇ। ਜਿਸ ਦੇਸ਼ ਵਿਚ ਤੁਸੀਂ ਪੈਸੇ ਕਮਾਉਂਦੇ ਹੋ, ਉੱਥੇ ਟੈਕਸ ਦੇਣਾ ਤੁਹਾਡੀ ਸਦਾਚਾਰਕ ਜ਼ਿੰਮੇਵਾਰੀ ਬਣਦੀ ਹੈ। ਇਨ੍ਹਾਂ ਲੋਕਾਂ ਤੋਂ ਟੈਕਸ ਨਾ ਲੈ ਸਕਣ ਦਾ ਇਕ ਕਾਰਨ ਇਹ ਵੀ ਹੁੰਦਾ ਹੈ ਕਿ ਇਨ੍ਹਾਂ ਦੀ ਆਮਦਨ ਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ। ਅੱਜਕੱਲ੍ਹ ਪੈਸੇ ਦਾ ਬਹੁਤਾ ਲੈਣ-ਦੇਣ ਕਾਰਡਾਂ ਰਾਹੀਂ ਹੋਣ ਕਰਕੇ ਸ਼ਾਇਦ ਸਰਕਾਰ ਇਨ੍ਹਾਂ ਦੀ ਆਮਦਨ ਦਾ ਅੰਦਾਜ਼ਾ ਲਾ ਕੇ ਇਨ੍ਹਾਂ ਉੱਪਰ ਬਣਦਾ-ਜੁੜਦਾ ਟੈਕਸ ਲਾ ਸਕੇ ਤੇ ਇਵੇਂ ਹੀ ਕਿਸੇ ਨਾ ਕਿਸੇ ਤਰ੍ਹਾਂ ਇਸ ਕਾਰੋਬਾਰ ਵਿਚ ਸ਼ਾਮਲ ਰਕਮ ਦਾ ਹਿਸਾਬ ਵੀ ਲਾਇਆ ਜਾ ਸਕੇ।
ਲੰਡਨ ਵਿਚ ਸੈਟਲ ਹੋ ਚੁੱਕੇ ਤਾਂਤਰਿਕਾਂ ਤੋਂ ਬਿਨਾਂ ਭਾਰਤ ਤੋਂ ਵੀ ਇਸ ਤਰ੍ਹਾਂ ਦੇ ਹੋਰ ਲੋਕ ਲੰਡਨ ਦਾ ਚੱਕਰ ਲਾਉਂਦੇ ਰਹਿੰਦੇ ਹਨ। ਇਕ ਵਾਰ ਪ੍ਰਸਿੱਧ ਹਿਸਾਬਦਾਨ ਸ਼ੁਕੰਤਲਾ ਦੇਵੀ ਵੀ ਰੇਡੀਓ ’ਤੇ ਪ੍ਰੋਗਰਾਮ ਦਿੰਦੀ ਦਿੰਦੀ ਫਜ਼ੂਲ ਜਿਹੀ ਭਵਿੱਖ ਬਾਣੀ ਵਿਚ ਉਲਝਣ ਲੱਗੀ ਸੀ, ਪਰ ਉਸ ਦੇ ਪ੍ਰਸੰਸਕਾਂ ਵੱਲੋਂ ਇਸ ਕਾਰਨ ਉਸ ਦਾ ਵਿਰੋਧ ਹੋਣ ਲੱਗਿਆ ਸੀ। ਇਕ ਹੋਰ ਔਰਤ ਜੋ ਅੰਕੜਿਆਂ ਰਾਹੀਂ ਭਵਿੱਖਬਾਣੀ ਕਰਦੀ ਸੀ, ਲਾਟਰੀ, ਜਿਹੜੀ ਹਫ਼ਤੇ ਵਿਚ ਤਿੰਨ ਵਾਰ ਖੇਡੀ ਜਾਂਦੀ ਹੈ, ਦੇ ਨੰਬਰ ਦਿਆ ਕਰਦੀ ਸੀ। ਇਕ ਵਾਰ ਨੰਬਰ ਦੇਣ ਦੇ ਉਹ ਸੱਠ ਪੌਂਡ ਲੈਂਦੀ ਸੀ। ਉਸ ਔਰਤ ਨੂੰ ਡੇਢ ਜਾਂ ਦੋ ਪੌਂਡ ਦੀ ਲਾਟਰੀ ਤੇ ਸੱਠ ਪੌਂਡ ਸਹੀਂ ਨੰਬਰ ਲੈਣ ਲਈ ਦਿੱਤੇ ਜਾਂਦੇ ਸਨ। ਵਹਿਮੀ ਲੋਕ ਇਕੋ ਵਾਰ ਵਿਚ ਜੇਬ੍ਹ ਖਾਲੀ ਕਰਾ ਲੈਂਦੇ। ਕਈ ਕਿਸਮ ਦੇ ਢੋਂਗੀ ਬਾਬੇ ਵੀ ਇੰਗਲੈਂਡ ਦਾ ਚੱਕਰ ਮਾਰ, ਦੀਵਾਨ ਲਾ ਕੇ ਵਾਹਵਾ ਪੈਸੇ ਇਕੱਠੇ ਕਰ ਕੇ ਲੈ ਜਾਂਦੇ ਹਨ।
ਇਨ੍ਹਾਂ ਤਾਂਤਰਿਕਾਂ ਦੇ ਗਾਹਕ ਗ਼ਰੀਬ ਆਦਮੀ ਤੋਂ ਲੈ ਕੇ ਕਰੋੜਪਤੀ ਵੀ ਹੋ ਸਕਦੇ ਹਨ, ਪਰ ਇਕ ਗੱਲ ਨੋਟ ਕਰਨ ਵਾਲੀ ਹੈ ਕਿ ਗੋਰੇ ਲੋਕ ਇਨ੍ਹਾਂ ਦੇ ਬਹੁਤੇ ਗਾਹਕ ਨਹੀਂ ਹਨ। ਸ਼ਾਇਦ ਇਸ ਦਾ ਕਾਰਨ ਕਿ ਗੋਰੇ ਕਿਸਮਤ ਵਿਚ ਸਾਡੇ ਜਿੰਨਾ ਯਕੀਨ ਨਹੀਂ ਰੱਖਦੇ। ਬਾਈਬਲ ਵਿਚ ਕਿਸਮਤ ਸ਼ਬਦ ਨੂੰ ਨਹੀਂ ਵਿਚਾਰਿਆ ਗਿਆ। ਉਨ੍ਹਾਂ ਦੇ ਮੁਕਾਬਲੇ ਅਫ਼ਰੀਕਨ ਰੂਹਾਂ, ਬਦਰੂਹਾਂ, ਭੂਤਾਂ, ਚੁੜੇਲਾਂ ਆਦਿ ਵਿਚ ਬਹੁਤ ਯਕੀਨ ਰੱਖਦੇ ਹਨ। ਅਸਲ ਵਿਚ ਤਾਂ ਵਹਿਮ, ਭਰਮ ਜਾਂ ਭੂਤ-ਪ੍ਰੇਤਾਂ ਦਾ ਤਖੱਈਅਲ ਮਨੁੱਖ ਦੀ ਹੋਂਦ ਦੇ ਸ਼ੁਰੂ ਦੇ ਵਕਤ ਤੋਂ ਹੀ ਬਣਨਾ ਸ਼ੁਰੂ ਹੋ ਗਿਆ ਸੀ। ਦੁਨੀਆਂ ਦੀਆਂ ਬਹੁਤੀਆਂ ਲੋਕ ਧਾਰਾਵਾਂ ਵਿਚ ਪ੍ਰੇਤ ਜਾਂ ਰੂਹ ਦੀ ਹੋਂਦ ਮਿਲਦੀ ਹੈ ਕਿ ਮਰੇ ਹੋਏ ਆਦਮੀ ਜਾਂ ਜਾਨਵਰ ਦੀ ਰੂਹ ਘੁੰਮਦੀ ਫਿਰਦੀ ਜਿਉਂਦੇ ਪ੍ਰਾਣੀਆਂ ਨਾਲ ਟਕਰਾਉਂਦੀ ਰਹਿੰਦੀ ਹੈ, ਜੋ ਦਿਸਦੀ ਤਾਂ ਨਹੀਂ, ਪਰ ਮਹਿਸੂਸ ਹੁੰਦੀ ਹੈ। ਇਤਿਹਾਸ ਵਿਚ ਹੋਏ ਬਹੁਤੇ ਪੈਗੰਬਰਾਂ ਵੱਲੋਂ ਕਰਾਮਾਤਾਂ ਅਕਸਰ ਦਿਖਾਈਆਂ ਜਾਇਆ ਕਰਦੀਆਂ ਸਨ ਜਿਨ੍ਹਾਂ ਦਾ ਮਕਸਦ ਲੋਕਾਂ ਨੂੰ ਮਗਰ ਲਾਉਣਾ ਹੁੰਦਾ ਸੀ। ਸਮੇਂ ਨਾਲ ਇਹ ਸਭ ਝੂਠੀਆਂ ਨਿਕਲੀਆਂ ਹਨ। ਇਹ ਕਰਾਮਾਤਾਂ ਤਾਂ ਸਭ ਗ਼ਲਤ ਨਿਕਲ ਗਈਆਂ, ਪਰ ਮਜ਼ੇ ਦੀ ਗੱਲ ਇਹ ਹੈ ਕਿ ਕਰਾਮਾਤਾਂ ’ਤੇ ਆਧਾਰਿਤ ਹਰ ਸਾਲ ਕਿੰਨੀਆਂ ਹੀ ਫ਼ਿਲਮਾਂ ਬਣਦੀਆਂ ਹਨ ਜੋ ਲੋਹੜੇ ਦੇ ਪੈਸੇ ਕਮਾਉਂਦੀਆਂ ਹਨ ਤੇ ਕਿੰਨੀਆਂ ਹੀ ਕਿਤਾਬਾਂ ਲਿਖੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਲੋਕ ਨਿੱਠ ਕੇ ਪੜ੍ਹਦੇ ਹਨ।
ਜਿਵੇਂ ਮੈਂ ਪਹਿਲਾਂ ਵੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਤਾਂਤਰਿਕਤਾ ਦਾ ਇਤਿਹਾਸ ਮਨੁੱਖ ਜਿੰਨਾ ਹੀ ਪੁਰਾਣਾ ਹੈ। ਕੁਦਰਤ ਦੀਆਂ ਕਰੋਪੀਆਂ ਤੋਂ ਡਰਦਾ ਮਨੁੱਖ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਰੱਬ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਆਇਆ ਹੈ, ਪੂਜਾ-ਪਾਠ ਕਰਕੇ, ਆਪਣੀ ਦੇਹ ਨੂੰ ਦੁੱਖ ਦੇ ਕੇ ਜਾਂ ਰੱਬ ਨੂੰ ਤੋਹਫੇ ਦੇ ਕੇ। ਕਈ ਧਰਮਾਂ ਵਿਚ ਤਾਂ ਕੁਝ ਪੈਸਿਆਂ ਨਾਲ ਮੱਥਾ ਟੇਕ ਕੇ ਜਾਂ ਖੜਤਾਲਾਂ ਆਦਿ ਵਜਾ ਕੇ ਰੱਬ ਜਾਂ ਦੇਵੀ-ਦੇਵਤਿਆਂ ਨੂੰ ਖੁਸ਼ ਕਰ ਲਿਆ ਜਾਂਦਾ ਹੈ, ਪਰ ਕਈ ਥਾਵਾਂ ’ਤੇ ਰੱਬ ਨੂੰ ਸਭ ਤੋਂ ਮਹਿੰਗਾ ਤੋਹਫਾ ਪੇਸ਼ ਕੀਤਾ ਜਾਂਦਾ ਹੈ ਭਾਵ ਮਾਨਵ-ਬਲੀ। ਹਾਂ, ਅੱਜ ਦੀ ਦੁਨੀਆਂ ਦੇ ਕਈ ਭਾਗਾਂ ਵਿਚ ਹਾਲੇ ਵੀ ਮਨੁੱਖ ਦੀ ਬਲੀ ਦਿੱਤੀ ਜਾਂਦੀ ਹੈ। ਸਾਡੀ ਪਰੰਪਰਾ ਵਿਚ ਸਤੀ ਦੀ ਰਸਮ ਮਾਨਵ-ਬਲੀ ਹੀ ਤਾਂ ਸੀ। ਵਾਈਕਿੰਗਜ਼ ਦੇ ਵੇਲਿਆਂ ਵਿਚ ਸਕੰਡੇਨੇਵੀਅਨ ਦੇਸ਼ਾਂ ਵਿਚ ਮਾਨਵ-ਬਲੀ ਆਮ ਪ੍ਰਚੱਲਤ ਸੀ। ਇਸਾਈਆਂ ਦੇ ਆਉਣ ਤੋਂ ਪਹਿਲਾਂ ਉੱਥੇ ਰੱਬ ਨੂੰ ਖੁਸ਼ ਕਰਨ ਲਈ ਜਵਾਨ ਕੁਆਰੀ ਕੁੜੀ ਦੀ ਬਲੀ ਦਿੱਤੀ ਜਾਂਦੀ ਸੀ। ਬਲੀ ਦੇਣ ਦਾ ਇਹ ਤਰੀਕਾ ਬਹੁਤ ਦਿਲ ਕੰਬਾਊ ਹੁੰਦਾ ਸੀ। ਕੁਆਰੀ ਕੁੜੀ ਨੂੰ ਜਿਉਂਦਿਆਂ ਲੋਕਾਂ ਦੇ ਇਕੱਠ ਵਿਚ ਅੱਗ ਲਾ ਕੇ ਜਲ਼ਾ ਦਿੱਤਾ ਜਾਂਦਾ ਸੀ। ਇਸ ਮਾਮਲੇ ਵਿਚ ਮੈਂ ਸਿੱਖ ਧਰਮ ਨੂੰ ਸਭ ਤੋਂ ਆਧੁਨਿਕ ਮੰਨਦਾ ਹਾਂ ਜਿਸ ਵਿਚ ਕਿਸੇ ਵਹਿਮ-ਭਰਮ ਲਈ ਥਾਂ ਨਹੀਂ ਹੈ।
ਚਮਨ ਲਾਲ ਜਿਸ ਨੇ ਹੱਥ ਦੇਖਣ ਲਈ ਕੋਈ ਥਾਂ ਲੱਭ ਲਈ ਸੀ ਤੇ ਉਸ ਦਾ ਕੰਮ ਵੀ ਬਹੁਤ ਜਲਦੀ ਚਮਕ ਉੱਠਿਆ। ਉਸ ਨੇ ਜਲਦੀ ਹੀ ਟੈਲੀਵਿਜ਼ਨ ਉੱਪਰ ਇਕ ਘੰਟੇ ਦਾ ਸਲੌਟ ਖ਼ਰੀਦ ਕੇ ਪ੍ਰੋਗਰਾਮ ਦੇਣਾ ਸ਼ੁਰੂ ਕਰ ਦਿੱਤਾ। ਇਕ ਵੱਡਾ ਸਾਰਾ ਘਰ ਖ਼ਰੀਦ ਕੇ ਉੱਥੋਂ ਪੁੱਛਾਂ ਦੇਣ ਤੇ ਧਾਗੇ-ਤਬੀਤ ਕਰਨ ਲੱਗਾ ਸੀ। ਕਈ ਵਾਰ ਉਸ ਦੇ ਸੁਝਾਏ ਟੂਣੇ ਵੀ ਲੰਡਨ ਦੇ ਚੁਰੱਸਤਿਆਂ ਵਿਚ ਦਿਸ ਜਾਂਦੇ। ਇਕ ਦਿਨ ਇਕ ਵੱਡੀ ਮਰਸਡੀਜ਼ ਮੇਰੇ ਸਟੋਰ ਦੇ ਅੱਗੇ ਆ ਕੇ ਰੁਕੀ। ਸ਼ੋਫਰ ਨੇ ਦਰਵਾਜ਼ਾ ਖੋਲ੍ਹਿਆ। ਵਿਚੋਂ ਸਿਲਕ ਦੀ ਧੋਤੀ ਤੇ ਕੁੜਤੇ ਵਿਚ ਵੜਿਆ ਚਮਨ ਲਾਲ ਨਿਕਲਿਆ। ਗਲ਼ ਵਿਚ ਕਈ ਕਿਸਮ ਦੀਆਂ ਮਾਲਾਵਾਂ, ਪੈਰੀਂ ਖੜਾਵਾਂ ਤੇ ਚੋਪੜ ਕੇ ਵਾਹੇ ਵਾਲ਼। ਮੇਰੇ ਵੱਲ ਦੇਖ ਕੇ ਵਿਅੰਗ ਨਾਲ ਮੁਸਕਰਾਇਆ ਜਾਂ ਮੈਨੂੰ ਇਵੇਂ ਲੱਗਿਆ। ਉਹ ਆਪਣੇ ਨਵੇਂ ਕੰਪਲੈਕਸ ਦੇ ਉਦਘਾਟਨ ਦਾ ਸੱਦਾ-ਪੱਤਰ ਦੇਣ ਆਇਆ ਸੀ। ਉਸ ਨੇ ਅੰਦਰ ਆ ਕੇ ਪੂਰੀ ਗਰਮਜੋਸ਼ੀ ਨਾਲ ਹੱਥ ਮਿਲਾਇਆ। ਮੈਂ ਉਸ ਦਾ ਸੱਦਾ ਮਨਜ਼ੂਰ ਕਰਦਾ ਜਾਂ ਨਾ ਪਰ ਸ਼੍ਰਿਸ਼ਟਾਚਾਰ ਦੇ ਹਿਸਾਬ ਨਾਲ ਉਸ ਦਾ ਸਵਾਗਤ ਕਰਨਾ ਤਾਂ ਬਣਦਾ ਹੀ ਸੀ।
ਈ-ਮੇਲ : harjeetatwal@hotmail.co.uk