ਨਿਰਮਲ ਸਿੰਘ ਕੰਧਾਲਵੀ
ਨਵੰਬਰ 1991 ’ਚ ਮੈਨੂੰ ਮਾਤਾ ਜੀ ਦੀ ਮੌਤ ਕਾਰਨ ਯੂ.ਕੇ. ਤੋਂ ਪੰਜਾਬ ਜਾਣਾ ਪਿਆ। ਕਈ ਦੋਸਤਾਂ, ਮਿੱਤਰਾਂ ਤੇ ਪਰਿਵਾਰ ਨੇ ਚਿੰਤਾ ਜ਼ਾਹਰ ਕੀਤੀ ਕਿਉਂਕਿ ਪੰਜਾਬ ਵਿਚ ਉਸ ਵੇਲੇ ਹਾਲਾਤ ਬੜੇ ਖ਼ਰਾਬ ਸਨ। ਇਕ ਪਾਸੇ ਸਰਕਾਰੀ ਦਹਿਸ਼ਤ ਤੇ ਦੂਸਰੇ ਪਾਸੇ ਖਾੜਕੂਆਂ ਵੱਲੋਂ ਕੀਤੇ ਜਾਂਦੇ ਐਕਸ਼ਨਾਂ ਤੇ ਝੂਠੇ ਪੁਲੀਸ ਮੁਕਾਬਲਿਆਂ ਦੀਆਂ ਖ਼ਬਰਾਂ ਨਾਲ ਅਖ਼ਬਾਰਾਂ ਭਰੀਆਂ ਹੁੰਦੀਆਂ ਸਨ। ਉੱਥੇ ਪਹੁੰਚ ਕੇ ਸਭ ਕੁਝ ਅੱਖੀਂ ਵੇਖਿਆ। ਸੂਰਜ ਡੁੱਬਦਿਆਂ ਸਾਰ ਹੀ ਚਾਰੇ ਪਾਸੇ ਚੁੱਪ ਪਸਰ ਜਾਂਦੀ। ਲੋਕ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਕੇ ਅੰਦਰੀਂ ਦੁਬਕ ਜਾਂਦੇ। ਹਨੇਰਾ ਪਏ ’ਤੇ ਜੇ ਕਿਸੇ ਘਰ ਦਾ ਦਰਵਾਜ਼ਾ ਖੜਕਦਾ ਤਾਂ ਘਰ ਵਾਲਿਆਂ ਦੇ ਪ੍ਰਾਣ ਸੂਤੇ ਜਾਂਦੇ। ਪਿਤਾ ਜੀ ਨੂੰ ਇਕੋ ਫ਼ਿਕਰ ਰਹਿੰਦਾ ਕਿ ਕਿਤੇ ਫਿਰੌਤੀ ਮੰਗਣ ਵਾਲਿਆਂ ਦੀ ਚਿੱਠੀ ਨਾ ਆ ਜਾਵੇ। ਖ਼ੈਰ, ਅਜੇ ਤਕ ਸਭ ਠੀਕ ਠਾਕ ਚੱਲ ਰਿਹਾ ਸੀ।
ਭੋਗ ਪੁਰ ਇਕ ਰਿਸ਼ਤੇਦਾਰੀ ਵਿਚ ਕੁਝ ਹਫ਼ਤੇ ਬਾਅਦ ਇਕ ਮਰਗ ਹੋ ਗਈ। ਬਾਕੀ ਸਾਰਾ ਪਰਿਵਾਰ ਸਸਕਾਰ ’ਤੇ ਜਾ ਆਇਆ ਸੀ। ਪਿਤਾ ਜੀ ਨੇ ਸਲਾਹ ਦਿੱਤੀ ਕਿ ਮੈਨੂੰ ਵੀ ਅਫ਼ਸੋਸ ਕਰਨ ਲਈ ਜਾਣਾ ਚਾਹੀਦਾ ਹੈ। ਸੋ ਇਕ ਦਿਨ ਜਾਣ ਦਾ ਪ੍ਰੋਗਰਾਮ ਬਣਾ ਲਿਆ। ਪੰਜਾਬ ਗਿਆਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਨੇੜੇ ਤੇੜੇ ਕਿਧਰੇ ਵੀ ਜਾਣਾ ਹੋਵੇ ਤਾਂ ਕਾਰ ਦੀ ਬਜਾਏ ਬੱਸ ’ਤੇ ਜਾਇਆ ਜਾਵੇ। ਇਸ ਨਾਲ ਇਕ ਤਾਂ ਮੈਨੂੰ ਆਪਣਾ ਸਕੂਲ ਤੇ ਕਾਲਜ ਵੇਲੇ ਦਾ ਸਮਾਂ ਯਾਦ ਆਉਂਦਾ ਹੈ ਜਦੋਂ ਚਾਰੇ ਪਾਸੇ ਬੱਸਾਂ ਵਿਚ ਹੀ ਘੁੰਮਿਆ ਕਰਦੇ ਸਾਂ, ਦੂਸਰਾ ਫਾਇਦਾ ਇਹ ਹੁੰਦਾ ਹੈ ਕਿ ਇਸ ਨਾਲ ਤੁਹਾਨੂੰ ਲੋਕਾਂ ਨੂੰ ਨੇੜਿਉਂ ਹੋ ਕੇ ਦੇਖਣ ਦਾ ਮੌਕਾ ਮਿਲਦਾ ਹੈ। ਕਾਰ ਵਿਚ ਜਾ ਕੇ ਤੁਹਾਡਾ ਆਮ ਲੋਕਾਂ ਨਾਲ ਮੇਲ ਮਿਲਾਪ ਨਹੀਂ ਹੁੰਦਾ।
ਟਾਂਡੇ ਪਹੁੰਚ ਕੇ ਮੈਂ ਬੱਸ ਦੀ ਉਡੀਕ ਕਰਨ ਲੱਗਾ। ਲੰਬੇ ਰੂਟ ਦੀ ਬੱਸ ਆਈ ਤੇ ਕੰਡਕਟਰ ਨੇ ਹੋਕਾ ਮਾਰਨਾ ਸ਼ੁਰੂ ਕੀਤਾ ਕਿ ਬੱਸ ਭੋਗ ਪੁਰ ਜਾ ਕੇ ਹੀ ਰੁਕੇਗੀ, ਰਾਹ ਦੀ ਸਵਾਰੀ ਨਾ ਹੋਵੇ ਕੋਈ। ਕੰਡਕਟਰ ਦਾ ਕਹਿਣ ਦਾ ਅੰਦਾਜ਼ ਬੜਾ ਖਰ੍ਹਵਾ ਸੀ। ਬੱਸ ਪਹਿਲਾਂ ਹੀ ਸਵਾਰੀਆਂ ਨਾਲ ਆਫਰੀ ਪਈ ਸੀ। ਪਰ ਫੇਰ ਵੀ ਕੰਡਕਟਰ ਨੇ ਸਭ ਸਵਾਰੀਆਂ ਚੜ੍ਹਾ ਲਈਆਂ। ਅੰਦਰ ਦਾ ਦ੍ਰਿਸ਼ ਅਚਾਰ ਵਾਲੇ ਮਰਤਬਾਨ ਵਰਗਾ ਸੀ। ਸਭ ਸਵਾਰੀਆਂ ਇਕ ਦੂਜੀ ਨਾਲ ਟਿੱਚ ਬਟਨਾਂ ਵਾਂਗ ਫਸੀਆਂ ਖੜ੍ਹੀਆਂ ਸਨ। ਮੈਨੂੰ ਯਾਦ ਆਇਆ ਕਿ ਬਚਪਨ ਵਿਚ ਜਦੋਂ ਮਾਤਾ ਜੀ ਨਿੰਬੂ ਦਾ ਅਚਾਰ ਪਾਇਆ ਕਰਦੇ ਸਨ ਤਾਂ ਉਨ੍ਹਾਂ ਨੇ ਤੁੰਨ ਤੁੰਨ ਕੇ ਨਿੰਬੂ ਮਰਤਬਾਨ ’ਚ ਪਾਉਣੇ ਤਾਂ ਮੈਂ ਕਹਿਣਾ ਕਿ ਇਸ ਵਿਚ ਹੁਣ ਹੋਰ ਜਗ੍ਹਾ ਨਹੀਂ ਹੈ ਤਾਂ ਮਾਤਾ ਜੀ ਨੇ ਕਹਿਣਾ, “ਦੇਖੀਂ ਜਦੋਂ ਇਹ ਗਲ਼ ਗਏ ਚੰਗੀ ਤਰ੍ਹਾਂ, ਅੱਧਾ ਮਰਤਬਾਨ ਖਾਲੀ ਹੋ ਜਾਣੈ।” ਸ਼ਾਇਦ ਕੰਡਕਟਰ ਵੀ ਇਸੇ ਸਿਧਾਂਤ ’ਤੇ ਕੰਮ ਕਰਦਾ ਸੀ ਕਿ ਜਦੋਂ ਡਰਾਈਵਰ ਨੇ ਦੋ ਤਿੰਨ ਵਾਰੀ ਜ਼ਬਰਦਸਤ ਜਿਹੀ ਬਰੇਕ ਮਾਰੀ ਸਵਾਰੀਆਂ ਨੇ ਆਪੇ ਸੈੱਟ ਹੋ ਜਾਣੈ।
ਕੰਡਕਟਰ ਟਿਕਟਾਂ ਕੱਟਦਾ ਵੀ ਸਭ ਨਾਲ ਖਰ੍ਹਵਾ ਹੀ ਬੋਲ ਰਿਹਾ ਸੀ। ਜੇ ਕੋਈ ਉਸ ਨੂੰ ਵੱਡਾ ਨੋਟ ਦਿੰਦਾ ਤਾਂ ਉਹ ਉਸ ਦੇ ਗਲ਼ ਹੀ ਪੈ ਜਾਂਦਾ। ਕਿਸੇ ਬਜ਼ੁਰਗ ਦਾ, ਔਰਤ ਦਾ ਵੀ ਖ਼ਿਆਲ ਨਹੀਂ ਸੀ ਕਰ ਰਿਹਾ। ਭੋਗ ਪੁਰ ਦਾ ਕਿਰਾਇਆ ਉਦੋਂ ਟਾਂਡੇ ਤੋਂ ਢਾਈ ਰੁਪਏ ਲੱਗਦਾ ਸੀ। ਮੈਂ ਉਸ ਨੂੰ ਪੰਜਾਂ ਦਾ ਨੋਟ ਦਿੱਤਾ ਤੇ ਉਸ ਨੇ ਬਕਾਇਆ ਮੋੜਨ ਦੀ ਬਜਾਏ ਟਿਕਟ ਦੇ ਪਿਛਲੇ ਪਾਸੇ ਲਿਖ ਦਿੱਤਾ। ਹੁਣ ਭੋਗ ਪੁਰ ਵੀ ਜਲਦੀ ਹੀ ਆਉਣ ਵਾਲਾ ਸੀ। ਬਕਾਇਆ ਮੰਗਣ ’ਤੇ ਉਹ ‘ਦਿੰਨਾਂ’ ਕਹਿ ਕੇ ਅੱਗੇ ਲੰਘ ਗਿਆ। ਜਦੋਂ ਉਹ ਵਾਪਸ ਮੁੜਿਆ ਤਾਂ ਮੈਂ ਫੇਰ ਬਕਾਏ ਦੀ ਮੰਗ ਕੀਤੀ ਤਾਂ ਉਹ ਅੱਗ ਬਬੂਲਾ ਹੋ ਗਿਆ ਤੇ ਉੱਚੀ ਸੁਰ ’ਚ ਬੋਲਿਆ, “ਮਾਰ ਲਿਆ ਯਾਰ ਤੇਰੇ ਬਕਾਏ ਨੇ, ਮੈਂ ਕੋਠੀ ਤਾਂ ਨਹੀਂ ਪਾ ਲਈ ਤੇਰੇ ਬਕਾਏ ਨਾਲ,” ਤੇ ਉਹ ਮੇਰੇ ਵੱਲ ਬੜੀਆਂ ਕੌੜ ਨਜ਼ਰਾਂ ਨਾਲ ਝਾਕਿਆ ਜਿਵੇਂ ਬਕਾਇਆ ਮੰਗ ਕੇ ਮੈਂ ਬਹੁਤ ਵੱਡਾ ਗੁਨਾਹ ਕਰ ਦਿੱਤਾ ਹੋਵੇ। ਗੱਲ ਢਾਈ ਰੁਪਇਆਂ ਦੀ ਨਹੀਂ ਸੀ, ਗੱਲ ਅਸੂਲ ਦੀ ਸੀ। ਮੈਂ ਕਿਹਾ, “ਭਾਈ ਸਾਹਿਬ, ਆਪਣਾ ਬਕਾਇਆ ਮੰਗ ਕੇ ਮੈਂ ਕੋਈ ਗੁਨਾਹ ਤਾਂ ਨਹੀਂ ਕੀਤਾ, ਤੁਹਾਨੂੰ ’ਤੇ ਸਗੋਂ ਸਵਾਰੀ ਦੇ ਕਹਿਣ ਤੋਂ ਬਿਨਾਂ ਹੀ ਬਕਾਇਆ ਮੋੜ ਦੇਣਾ ਚਾਹੀਦੈ। ਗੱਲ ਅਸੂਲ ਦੀ ਐ, ਤੁਸੀਂ ਕੋਠੀਆਂ ਤਾਈਂ ਪਹੁੰਚ ਗਏ।’’
ਬੱਸ ਦੀਆਂ ਪਿਛਲੀਆਂ ਸੀਟਾਂ ’ਤੇ ਦੋ ਸਿਪਾਹੀ ਬੰਦੂਕਾਂ ਲਈ ਬੈਠੇ ਸਨ। ਜਦੋਂ ਤੋਂ ਬੱਸਾਂ ਵਿਚ ਕੁਝ ਘਟਨਾਵਾਂ ਹੋਈਆਂ ਸਨ, ਸਰਕਾਰ ਨੇ, ਵਿਸ਼ੇਸ਼ ਕਰ ਕੇ ਲੰਬੇ ਰੂਟ ਵਾਲੀਆਂ ਬੱਸਾਂ ਦੇ ਮੁਸਾਫ਼ਰਾਂ ਦੀ ਸੁਰੱਖਿਆ ਲਈ ਦੋ ਦੋ ਗੰਨਮੈਨ ਲਗਾ ਦਿੱਤੇ ਸਨ। ਉਨ੍ਹਾਂ ਗੰਨਮੈਨਾਂ ਵੱਲ ਇਸ਼ਾਰਾ ਕਰ ਕੇ ਉਹ ਬੋਲਿਆ, “ਔਹ ਦੇਖਦੈਂ ਨਾ ਦੋ ਗੰਨਮੈਨ, ਜਲੰਧਰ ਜਾ ਕੇ ਇਨ੍ਹਾਂ ਨੇ ਪੱਤੀ ਵਾਲਾ ਦੁੱਧ ਪੀਣੈਂ ਮੇਰੇ ਕੋਲੋਂ, ਮੈਂ ਆਪਣੀ ਜੇਬ ’ਚੋਂ ਪਿਆਵਾਂ?”
“ਤੂੰ ਸਵਾਰੀਆਂ ਦੇ ਪੈਸੇ ਮਾਰ ਕੇ ਦੁੱਧ ਪਿਆਉਣੈ, ਜੇ ਇਨ੍ਹਾਂ ਨੂੰ ਪੱਤੀ ਵਾਲਾ ਦੁੱਧ ਪੀਣ ਦਾ ਸ਼ੌਕ ਐ ਤਾਂ ਆਪਣੇ ਪੈਸਿਆਂ ਦਾ ਪੀਣ, ਕੀ ਗੱਲ ਇਨ੍ਹਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ?’’ ਮੈਂ ਥੋੜ੍ਹਾ ਜਿਹਾ ਤਲਖ਼ ਲਹਿਜ਼ੇ ਨਾਲ ਕਿਹਾ।
“ਬਾਹਰੋਂ ਆਇਆ ਲੱਗਦੈਂ, ਤਾਂ ਹੀ ਕਾਨੂੰਨ ਸਮਝਾਉਨੈਂ ਮੈਨੂੰ, ਜਦੋਂ ਬਾਹਰੋਂ ਆਉਂਦੇ ਹੁੰਨੇ ਓਂ ਤਾਂ ਬਾਹਰਲੇ ਕਾਨੂੰਨ ਉੱਥੇ ਹੀ ਰੱਖ ਕੇ ਆਇਆ ਕਰੋ, ਇੱਥੇ ਆ ਕੇ ਸਾਡੇ ਮੁਤਾਬਕ ਚੱਲਿਆ ਕਰੋ।” ਉਸ ਨੇ ਸ਼ਾਇਦ ਮੇਰੇ ਕੱਪੜੇ ਲੱਤੇ ਤੋਂ ਭਾਂਪ ਲਿਆ ਸੀ ਕਿ ਮੈਂ ਬਾਹਰੋਂ ਆਇਆ ਹੋਇਆ ਸਾਂ। ਬਕਾਇਆ ਉਸ ਨੇ ਫਿਰ ਵੀ ਨਹੀਂ ਸੀ ਮੋੜਿਆ।
ਬਸ ਭੋਗ ਪੁਰ ਪਹੁੰਚ ਚੁੱਕੀ ਸੀ। ਹੁਣ ਬਕਾਇਆ ਵਾਪਸ ਲੈਣ ਨਾਲੋਂ ਬੱਸ ’ਚੋਂ ਉਤਰਨਾ ਸਮੱਸਿਆ ਬਣ ਚੁੱਕੀ ਸੀ। ਬੱਸ ’ਚ ਚੜ੍ਹਨ ਵਾਲੇ ਧੁੱਸ ਦੇਈ ਚੜ੍ਹਨਾ ਚਾਹੁੰਦੇ ਸਨ ਤੇ ਉਤਰਨ ਵਾਲੇ ਧੱਕੇ ਮਾਰ ਕੇ ਉਤਰਨ ਦੀ ਕੋਸ਼ਿਸ਼ ਕਰ ਰਹੇ ਸਨ। ਕੰਡਕਟਰ ਛੇਤੀ ਕਰੋ, ਛੇਤੀ ਕਰੋ ਦਾ ਰੌਲਾ ਪਾ ਰਿਹਾ ਸੀ। ਡਰਾਈਵਰ ਰੇਸ ਪੈਡਲ ਵਾਰ ਵਾਰ ਦੱਬ ਕੇ ਬੱਸ ਦੀਆਂ ਚੀਕਾਂ ਕਢਾਈ ਜਾ ਰਿਹਾ ਸੀ, ਸ਼ਾਇਦ ਉਹ ਆਪਣੀ ਭਾਸ਼ਾ ’ਚ ਸਵਾਰੀਆਂ ਨੂੰ ਛੇਤੀ ਕਰੋ, ਛੇਤੀ ਕਰੋ ਕਹਿ ਰਿਹਾ ਸੀ। ਮੈਨੂੰ ਇੰਗਲੈਂਡ ਦੀਆਂ ਬੱਸਾਂ ਦੇ ਡਰਾਈਵਰ ਯਾਦ ਆ ਰਹੇ ਸਨ ਜੋ ਕਿ ਓਨਾ ਚਿਰ ਬੱਸ ਨਹੀਂ ਤੋਰਦੇ ਜਿੰਨਾ ਚਿਰ ਸਵਾਰੀਆਂ ਸੀਟਾਂ ’ਤੇ ਬੈਠ ਨਾ ਜਾਣ, ਖ਼ਾਸ ਕਰਕੇ ਜੇ ਵਡੇਰੀ ਉਮਰ ਦੀਆਂ ਸਵਾਰੀਆਂ ਹੋਣ। ਖੈਰ ਕਿਸੇ ਤਰ੍ਹਾਂ ਧੱਕਮ-ਧੱਕੀ ਹੁੰਦਿਆਂ ਬੱਸ ’ਚੋਂ ਉਤਰ ਕੇ ਮੈਂ ਬਾਜ਼ਾਰ ਵੱਲ ਨੂੰ ਤੁਰ ਪਿਆ ਤਾਂ ਥੋੜ੍ਹੀ ਦੂਰ ’ਤੇ ਇਕ ਉੱਚੇ ਲੰਮੇ ਬਜ਼ੁਰਗ ਸਰਦਾਰ ਜੀ ਨੇ ਸਤਿ ਸ੍ਰੀ ਅਕਾਲ ਬੁਲਾਈ। ਇਹ ਬਜ਼ੁਰਗ ਵੀ ਇਸੇ ਬੱਸ ’ਚ ਹੀ ਆਏ ਸਨ, ਸ਼ਾਇਦ ਪਿਛਲੀ ਬਾਰੀ ਉਤਰੇ ਸਨ, ਕਹਿਣ ਲੱਗੇ, “ਕਾਕਾ ਜੀ, ਤੁਸੀਂ ਕੰਡਕਟਰ ਨਾਲ ਪੰਗਾ ਲੈ ਕੇ ਬਹੁਤ ਬੜਾ ਖ਼ਤਰਾ ਮੁੱਲ ਲਿਆ। ਤੁਹਾਨੂੰ ਪਤੈ ਕਿ ਅੱਜਕੱਲ੍ਹ ਕੀ ਹਾਲਾਤ ਚੱਲ ਰਹੇ ਨੇ ਏਥੇ! ਪੁਲੀਸ ਦੇ ਕੰਮ ’ਚ ਅੜਿੱਕਾ ਡਾਹੁਣ ਦੇ ਕੇਸ ਵਿਚ ਤੁਹਾਡੇ ’ਤੇ ਕੇਸ ਬਣਾ ਦੇਣਾ ਸੀ ਉਨ੍ਹਾਂ ਨੇ, ਤੇ ਅਖ਼ਬਾਰਾਂ, ਟੈਲੀਵਿਜ਼ਨਾਂ ’ਤੇ ਖ਼ਬਰਾਂ ਆ ਜਾਣੀਆਂ ਸਨ ਕਿ ਇਕ ਐੱਨ.ਆਰ.ਆਈ. ਅਤਿਵਾਦੀ ਹਥਿਆਰਾਂ ਸਮੇਤ ਕਾਬੂ, ਪੁਲੀਸ ਜਾਂਚ ਕਰ ਰਹੀ ਹੈ ਕਿ ਉਸ ਦੇ ਕਿਹੜੀ ਕਿਹੜੀ ਅਤਿਵਾਦੀ ਜਥੇਬੰਦੀ ਨਾਲ ਸਬੰਧ ਹਨ।’’
ਬਜ਼ੁਰਗ ਦੀ ਗੱਲ ਸੁਣ ਕੇ ਇੰਗਲੈਂਡ ਦੀਆਂ ਅਖ਼ਬਾਰਾਂ ’ਚ ਪੜ੍ਹੀਆਂ ਹੋਈਆਂ ਅਜਿਹੀਆਂ ਖ਼ਬਰਾਂ ਮੇਰੀਆਂ ਅੱਖਾਂ ਅੱਗੇ ਆਉਣ ਲੱਗੀਆਂ।
“ਬਸ ਕਾਕਾ ਜੀ, ਅਗਾਂਹ ਤੋਂ ਖ਼ਿਆਲ ਰੱਖਿਓ, ਜਿਹੜੇ ਕੰਮ ਆਏ ਹੋ, ਚੁੱਪ ਚਾਪ ਕਰੋ ਤੇ ਰਾਜੀ ਖ਼ੁਸ਼ੀ ਆਪਣੇ ਪਰਿਵਾਰ ’ਚ ਵਾਪਸ ਜਾਓ, ਅੱਛਾ ਸਤਿ ਸ੍ਰੀ ਅਕਾਲ।” ਤੇ ਏਨਾ ਕਹਿ ਕੇ ਸਰਦਾਰ ਜੀ ਇਕ ਦੁਕਾਨ ਵਿਚ ਵੜ ਗਏ। ਸਰਦੀ ਦਾ ਮੌਸਮ ਹੋਣ ਦੇ ਬਾਵਜੂਦ ਮੇਰੇ ਮੱਥੇ ’ਤੇ ਪਸੀਨਾ ਆ ਰਿਹਾ ਸੀ।
ਸੰਪਰਕ: 0044 7578389725