ਦੁਨੀਆ ਭਰ ਵਿਚ ਇਸ ਮਹੀਨੇ ਮਾਂ ਦਿਵਸ ਮਨਾਇਆ ਗਿਆ। ਇਸ ਦੇ ਮੱਦੇਨਜ਼ਰ ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਜ਼ੂਮ ਮੀਟਿੰਗ ਵਿਚ ਵੀ ‘ਮਾਂ ਦਿਵਸ ਮਨਾਇਆ ਗਿਆ। ਇਸ ਵਿਚ ਹਾਜ਼ਰ ਤੀਹ ਕੁ ਮਾਵਾਂ ਨੇ ਮਾਂ ਦੇ ਪਿਆਰ, ਦਰਦ, ਵਿਛੋੜੇ, ਕੁਰਬਾਨੀ, ਸਹਿਣਸ਼ੀਲਤਾ ਤੇ ਮਾਂ ਦੇ ਸਮੁੱਚੀ ਮਨੁੱਖਤਾ ਨਾਲ ਸਬੰਧਤ ਹੋਰ ਅਨੇਕਾਂ ਪਹਿਲੂਆਂ ਨੂੰ ਪ੍ਰਗਟਾਉਂਦੇ ਜਜ਼ਬਾਤਾਂ ਨਾਲ ਸਾਂਝ ਪਾਈ। ਸਭਾ ਦੀ ਪ੍ਰਧਾਨ ਬਲਵਿੰਦਰ ਬਰਾੜ ਨੇ ਮਾਂ ਨੂੰ ਆਪਣੇ ਬੱਚਿਆਂ ਲਈ ਅਲਾਰਮ, ਅਧਿਆਪਕ ਤੇ ਡਾਕਟਰ ਕਹਿ ਕੇ ਨਿਵਾਜਿਆ ਜੋ ਜੰਮਣ ਪੀੜਾਂ ਦੇ 57 ਯੂਨਿਟ ਅਸਹਿ ਤੇ ਅਕਹਿ ਦਰਦ ਵਿਚੋਂ ਲੰਘ ਕੇ ਬੱਚਾ ਪੈਦਾ ਕਰਨ ਦੀ ਤਾਕਤ ਰੱਖਦੀ ਹੈ ਜਦੋਂ ਕਿ ਆਮ ਸਥਿਤੀਆਂ ਵਿਚ 45 ਯੂਨਿਟ ਦਰਦ ਬਰਦਾਸ਼ਤ ਕਰਨ ਦੀ ਸੀਮਾ ਮੈਡੀਕਲ ਸਾਇੰਸ ਵੱਲੋਂ ਤੈਅ ਕੀਤੀ ਗਈ ਦੱਸੀ ਜਾਂਦੀ ਹੈ। ਉਨ੍ਹਾਂ ਨੇ ਆਪਣੀ ਕਵਿਤਾ ਨਾਲ ਮਾਂ ਦੇ ਵਿਛੋੜੇ ਤੇ ਮਾਂ ਦੇ ਭਿੰਨ-ਭਿੰਨ ਰੂਪਾਂ ਦੀ ਸਾਂਝ ਪਾਈ।
ਮਨਮੋਹਨ ਕੌਰ ਨੇ ਔਰਤ ਦੇ ਰੱਬ ਵਰਗੇ ਵਿਸ਼ਾਲ ਹਿਰਦੇ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਕਰੋਨਾ ਮਹਾਮਾਰੀ ਕਾਰਨ ਪੀੜਤ ਲੋਕਾਈ ਵਿਚ ਸ਼ਾਮਲ ਮਾਵਾਂ ਦੀ ਤ੍ਰਾਸਦੀ ਵਰਨਣ ਤੋਂ ਬਾਹਰੀ ਹੈ ਜਿੱਥੇ ਘਰਾਂ ਦੇ ਘਰ ਖਾਲੀ ਹੋ ਰਹੇ ਹਨ। ਉਨ੍ਹਾਂ ਨੇ ਬਰਜਿੰਦਰ ਚੋਹਾਨ ਦੇ ਬੋਲਾਂ, ‘ਮੰਨਿਆ ਅੱਜ ਦੀ ਰਾਤ ਕਾਲੀ ਬੜੀ ਨਾਲੇ ਫਿਰਦੀ ਹੈ ਅੰਨ੍ਹੀ ਹਵਾ; ਜੇ ਬਨੇਰੇ ’ਤੇ ਜਗਦਾ ਨਾ ਸਹੀ ਘਰ ਦੇ ਅੰਦਰ ਦੀਵਾ ਤਾਂ ਜਗਾ’ ਨਾਲ ਆਸ ਦੀ ਕਿਰਨ ਦਾ ਪਲਾ ਫੜਨ ਦੀ ਅਰਜ਼ੋਈ ਕੀਤੀ।
ਗੁਰਚਰਨ ਥਿੰਦ ਨੇ ਸਮਾਜ ਵਿਚ ਜ਼ਬਰੀ ਬਣਾਈਆਂ ਮਾਵਾਂ ਦੇ ਦਰਦਨਾਕ ਪਹਿਲੂ ਨੂੰ ਬਿਆਨਦ ਕਰਦੇ ਉਨ੍ਹਾਂ ਕਾਲੇ ਦੌਰਾਂ ਦੀ ਗੱਲ ਕੀਤੀ ਜਦੋਂ ਮਨੁੱਖੀ ਵਹਿਸ਼ਤ ਦਾ ਸ਼ਿਕਾਰ ਹੋਈਆਂ ਕੁਆਰੀਆਂ ਕੁੱਖਾਂ ਅਸਹਿ ਦਰਦ ਬਰਦਾਸ਼ਤ ਕਰ ਕੇ ਅਣਚਾਹੀ ਔਲਾਦ ਜੰਮਦੀਆਂ ਸ਼ਰਮਸ਼ਾਰ ਹੁੰਦੀਆਂ ਹਨ ਅਤੇ ਫਿਰ ਉਨ੍ਹਾਂ ਦੇ ਨਾਜਾਇਜ਼ ਕਹੇ ਜਾਣ ਵਾਲੇ ਬੱਚੇ ਦਰ ਦਰ ਦੀਆਂ ਠੋਕਰਾਂ ਖਾਂਦੇ ਹਨ। ਉਨ੍ਹਾਂ ਨੇ ਧਾਰਮਿਕ ਦੂਹਰੇ ਮਾਪਦੰਡਾਂ ਅਤੇ ਰੂੜੀਵਾਦੀ ਸੋਚ ’ਤੇ ਡੂੰਘਾ ਵਿਅੰਗ ਕੀਤਾ ਜੋ ਇੱਕੀਵੀਂ ਸਦੀ ਵਿਚ ਵੀ ਕਈ ਧਾਰਮਿਕ ਅਸਥਾਨਾਂ ਵਿਚ ਇਨ੍ਹਾਂ ਜਗਤ-ਜਨਣੀਆਂ ਦੇ ਦਾਖਲੇ ਤੇ ਮਨਾਹੀ ਦੀ ਤਖ਼ਤੀ ਫੜੀ ਬੈਠੀ ਹੈ ਜਦੋਂ ਕਿ ਇਹ ਉਹ ਹੀ ਲੋਕ ਹਨ ਜੋ ਕਈ ਧਾਰਮਿਕ ਅਸਥਾਨਾਂ ’ਤੇ ਇਨ੍ਹਾਂ ਦਾ ਦੇਵੀ ਰੂਪ ਸ਼ਿੰਗਾਰ-ਸੁਆਰ ਕੇ ਪੂਜਾ ਕਰਦੇ ਹਨ।
ਸਰੀ ਤੋਂ ਮੀਟਿੰਗ ਵਿਚ ਸ਼ਾਮਲ ਹੋਈ ਗੁਰਮਿੰਦਰ ਸਿੱਧੂ ਨੇ “ਜੇ ਮਾਂ ਨਾ ਹੁੰਦੀ ਤਾਂ ਬੱਚਾ ਨਾ ਹੁੰਦਾ ਅਤੇ ਜੇ ਬੱਚਾ ਨਾ ਹੁੰਦਾ ਤਾਂ ਔਰਤ ਮਾਂ ਵੀ ਨਾ ਹੁੰਦੀ’ ਆਖ ਮਾਂ-ਤੇ ਬੱਚੇ ਦੀ ਆਪਸੀ ਪੂਰਕਤਾ ਦੀ ਗੱਲ ਕੀਤੀ। ਉਨ੍ਹਾਂ ਦੀ ਰਚਨਾ “ਮੈਂ ਤਾਂ ਇਕ ਅਣਭੋਲ ਕਲੀ ਸੀ ਜਾਂ ਮਿੱਟੀ ਦੀ ਇਕ ਡਲੀ ਸੀ; ਤੂੰ ਹੀ ਮੇਰੀ ਕੁੱਖ ਅੰਦਰ ਆ ਕੇ ਇਕ ਆਲ੍ਹਣਾ ਪਾਇਆ, ਤੂੰ ਹੀ ਐਡਾ ਰੁਤਬਾ ਦਿੱਤਾ ਤੂੰ ਹੀ ਮੈਨੂੰ ਮਾਂ ਬਣਾਇਆ” ਨੇ ਸਭ ਨੂੰ ਭਾਵੁਕ ਕਰ ਦਿੱਤਾ। ਰਾਜਵੰਤ ਮਾਨ ਨੇ ਮਾਂ ਦੇ ਪਰਛਾਵੇਂ ਦੇ ਹਰ ਸਮੇਂ ਨਾਲ ਹੋਣ ਦੀ ਆਪਣੀ ਭਾਵਪੂਰਤ ਰਚਨਾ ਨਾਲ ਮਾਂ ਦੀ ਹਸਤੀ ਨੂੰ ਸਲਾਮ ਆਖੀ ਅਤੇ ਸੁਰਜੀਤ ਧੁੰਨਾ ਨੇ ਆਪਣੇ ਰਚੇ ਬੋਲਾਂ ਨਾਲ ਮਾਂ ਦੀ ਵਿੱਛੜੀ ਰੂਹ ਨੂੰ ਮੁੜ ਮਿਲਣ ਦੀ ਹੂਕ ਸਾਂਝੀ ਕੀਤੀ। ਸੁਰਿੰਦਰ ਵਿਰਦੀ, ਹਰਚਰਨ ਬਾਸੀ, ਸੁਰਜੀਤ ਢਿੱਲੋਂ, ਸਰਬਜੀਤ ਉੱਪਲ ਤੇ ਅਮਰਜੀਤ ਗਰੇਵਾਲ ਨੇ ਚੋਣਵੀਆਂ ਕਵਿਤਾਵਾਂ ਨਾਲ ਨਾਰੀ ਦੇ ਮਾਂ ਰੂਪ ਨੂੰ ਅਕੀਦਤ ਦੇ ਫੁੱਲ ਭੇਟ ਕੀਤੇ। ਗੁਰਤੇਜ ਸਿੱਧੂ, ਹਰਦੇਵ ਕੌਰ, ਸੁਰਿੰਦਰ ਸੰਧੂ ਤੇ ਗੁਰਜੀਤ ਬੈਦਵਾਨ ਨੇ ਮਾਵਾਂ ਨਾਲ ਸਬੰਧਿਤ ਲੰਮੀ ਹੇਕ ਵਾਲੇ ਗੀਤ ਸੁਣਾ ਰੰਗ ਬੰਨ੍ਹਿਆ। ਕਿਰਨ ਕਲਸੀ ਨੇ ਮਾਂ-ਬੋਲੀ ਪੰਜਾਬੀ ਨੂੰ ਮਾਂ ਬਰਾਬਰ ਖੜ੍ਹਾ ਕਰਦੀ ਕਵਿਤਾ ਨਾਲ ਵਾਹ ਵਾਹ ਖੱਟੀ। ਲਹਿੰਦੇ ਪੰਜਾਬ ਤੋਂ ਸਾਅਦਤ ਰੁਬੀਨਾ ਨੇ ਚੜ੍ਹਦੇ ਲਹਿੰਦੇ ਪੰਜਾਬ ਦੇ ਮੇਲ ਦੀ ਤਮੰਨਾ ਕਰਦੇ ਕਿਹਾ ਕਿ ਬੇਸ਼ੱਕ ਮਾਂ ਪੁੱਤਰਾਂ ਦੀ ਵੀ ਓਨੀ ਹੀ ਸਾਂਝ ਹੁੰਦੀ ਹੈ, ਪਰ ਮਾਂ-ਧੀ ਦੇ ਅਲੌਕਿਕ ਰਿਸ਼ਤੇ ਦੀ ਥਾਹ ਵੱਖਰੀ ਹੀ ਹੈ। ਹਰਮਿੰਦਰ ਚੁੱਗ ਨੇ ਬੌਲੀਵੁੱਡ ਦਾ ਖੂਬਸੂਰਤ ਗੀਤ ਗਾ ਕੇ ਮੇਲਾ ਲੁੱਟ ਲਿਆ। ਤਵਿੰਦਰ ਕੌਰ, ਕੰਵਲਜੀਤ ਪਰਮਾਰ, ਜੁਗਿੰਦਰ ਪੁਰਬਾ ਅਤੇ ਆਸ਼ਾਪਾਲ ਨੇ ਆਪਣੇ ਖੂਬਸੂਰਤ ਬੋਲਾਂ ਨਾਲ ਮਾਂ-ਦਿਵਸ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ। ਅਮਰਜੀਤ ਸੱਗੂ ਨੇ ਬੋਲੀ ਨਾਲ ਹਾਜ਼ਰੀ ਲਵਾਈ। ਮੁਖਤਿਆਰ ਧਾਲੀਵਾਲ ਨੇ ਕਿਸਾਨ ਅੰਦੋਲਨ ਦੇ ਨੌਜੁਆਨ ਸ਼ਹੀਦ ਨਵਰੀਤ ਸਿੰਘ ਨੂੰ ਯਾਦ ਕਰਕੇ ਸ਼ਰਧਾਂਜਲੀ ਦਿੱਤੀ।
ਸਭਾ ਦੇ ਸਕੱਤਰ ਗੁਰਦੀਸ਼ ਗਰੇਵਾਲ ਨੇ ਮੀਟਿੰਗ ਦਾ ਸੰਚਾਲਨ ਕੀਤਾ ਅਤੇ ਮਾਂ-ਦਿਵਸ ਦਾ ਮਹੱਤਵ ਦੱਸਿਆ ਅਤੇ ਆਪਣੀਆਂ ਲਿਖੀਆਂ ਬੋਲੀਆਂ ਦੀ ਸਾਂਝ ਪਾ ਕੇ ਰੌਚਕਤਾ ਬਣਾਈ ਰਖੀ। ਮਾਂ-ਦਿਵਸ ਨੂੰ ਸਮਰਪਤ ਇਸ ਮੀਟਿੰਗ ਵਿਚ ਗੁਰਚਰਨ ਥਿੰਦ ਵੱਲੋਂ ਮਜ਼ਦੂਰ-ਦਿਵਸ ਦੀ ਗੱਲ ਵੀ ਕੀਤੀ ਗਈ ਜੋ ਕਿ ਧਰਤੀ ਮਾਂ ਦੇ ਸਮੁੱਚੇ ਮਜ਼ਦੂਰ ਵਰਗ ਦੀ ਕਹਾਣੀ ਬਿਆਨਦਾ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ਦੇ ਮਜ਼ਦੂਰਾਂ ਨੇ ਸਮੇਂ ਸਮੇਂ ਆਪਣੇ ਹੱਕਾਂ ਲਈ ਸੰਘਰਸ਼ ਕੀਤਾ ਅਤੇ ਕੰਮ ਦੇ ਅੱਠ ਘੰਟੇ, ਕੰਮ ਸਬੰਧੀ ਲੋੜੀਂਦੀਆਂ ਸਹੂਲਤਾਂ, ਮਨੋਰੰਜਨ ਅਤੇ ਆਪਣੇ ਆਰਾਮ ਦੇ ਸਮੇਂ ਦੀਆਂ ਮੰਗਾਂ ਮੰਨਵਾ ਕੇ ਸਾਹ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਮਜ਼ਦੂਰਾਂ ਦਾ ਇਹ ਸੰਘਰਸ਼ ਨਿਰੰਤਰ ਜਾਰੀ ਹੈ।