ਅਵਤਾਰ ਤਰਕਸ਼ੀਲ
ਸਮਾਂ ਅਣਮੁੱਲੀ ਚੀਜ਼ ਹੈ। ਸਾਨੂੰ ਜ਼ਿੰਦਗੀ ਵਿੱਚ ਜਿੰਨੇ ਸਾਲ ਜਿਉਣ ਲਈ ਮਿਲੇ ਹਨ, ਉਸ ਤੋਂ ਵੱਧ ਅਸੀਂ ਪੈਸੇ ਦੇ ਕੇ ਖ਼ਰੀਦ ਨਹੀਂ ਸਕਦੇ, ਬੇਸ਼ੱਕ ਅਸੀਂ ਕਿੰਨੇ ਵੀ ਅਮੀਰ ਹੋਈਏ। ਜੇਕਰ ਉਮਰ ਵਧਾਉਣੀ ਇਨਸਾਨਾਂ ਦੇ ਹੱਥ ਵਿੱਚ ਹੁੰਦੀ ਤਾਂ ਅਮੀਰਾਂ ਨੇ ਕਦੇ ਮਰਨਾ ਹੀ ਨਹੀਂ ਸੀ।
ਜਦੋਂ ਕਿਸੇ ਨੂੰ ਪੁੱਛਿਆ ਜਾਵੇ ਕਿ ਤੁਹਾਨੂੰ ਸਭ ਤੋਂ ਵੱਧ ਕਿਸ ਚੀਜ਼ ਦੀ ਲੋੜ ਹੈ? ਤਾਂ ਜ਼ਿਆਦਾਤਰ ਦਾ ਜਵਾਬ ਦੌਲਤ ਹੁੰਦਾ ਹੈ ਤੇ ਕੁਝ ਕੁ ਦਾ ਜਵਾਬ ਤੰਦਰੁਸਤੀ ਹੁੰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਧੰਨ ਜਾਂ ਦੌਲਤ ਬਿਨਾਂ ਗੁਜ਼ਾਰਾ ਨਹੀਂ ਹੁੰਦਾ, ਪਰ ਲੋੜ ਤੋਂ ਵੱਧ ਦੌਲਤ ਮਿਲਣ ਤੋਂ ਬਾਅਦ ਇਹ ਇੱਕ ਕਾਗਜ਼ ਹੀ ਹੈ। ਬਹੁਤੀਆਂ ਹਾਲਤਾਂ ਵਿੱਚ ਕਮਾਉਣ ਵਾਲਾ ਇਸ ਨੂੰ ਵਰਤ ਵੀ ਨਹੀਂ ਸਕਦਾ। ਆਮ ਤੌਰ ’ਤੇ ਉਨ੍ਹਾਂ ਦੀ ਅਗਲੀ ਪੀੜ੍ਹੀ ਹੀ ਇਸ ਨੂੰ ਵਰਤਦੀ ਜਾਂ ਬਰਬਾਦ ਕਰਦੀ ਹੈ।
ਜੇਕਰ ਪੈਸਾ ਇਕੱਠਾ ਕਰਨ ਪ੍ਰਤੀ ਸਬਰ ਨਾ ਰੱਖਿਆ ਜਾਵੇ ਤਾਂ ਇਹ ਇੱਕ ਮਾਨਸਿਕ ਰੋਗ ਵੀ ਬਣ ਜਾਂਦਾ ਹੈ। ਫਿਰ ਹਰ ਵਕਤ ਇਨਸਾਨ ਪੈਸੇ ਬਾਰੇ ਹੀ ਸੋਚਦਾ ਰਹਿੰਦਾ ਹੈ। ਰਿਸ਼ਤਿਆਂ ਨੂੰ ਪੈਸੇ ਨਾਲ ਤੋਲਣਾ ਸ਼ੁਰੂ ਕਰ ਦਿੰਦਾ ਹੈ। ਉਸ ਨੂੰ ਆਪਣਾ ਕਮਾਇਆ ਖੁੱਸਣ ਦਾ ਡਰ ਬਣਿਆ ਰਹਿੰਦਾ ਹੈ। ਕਈਆਂ ਦੀ ਹਾਲਤ ਇਹ ਬਣ ਜਾਂਦੀ ਹੈ ਕਿ ਉਹ ਨੀਂਦ ਦੀਆਂ ਗੋਲੀਆਂ ਖਾ ਕੇ ਸੌਣਾ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਸਰੀਰ ਦਾ ਹੋਰ ਨੁਕਸਾਨ ਹੁੰਦਾ ਹੈ।
ਮੈਨੂੰ ਯਾਦ ਹੈ ਕਿ ਜਦੋਂ ਨਿਊਜ਼ੀਲੈਂਡ ਆਏ ਤਾਂ ਉਦੋਂ ਇੱਥੋਂ ਦੇ ਇੱਕ ਡਾਲਰ ਨਾਲ ਭਾਰਤ ਦੇ ਅੱਠ ਰੁਪਏ ਬਣਦੇ ਸਨ। ਦੋ-ਤਿੰਨ ਸਾਲਾਂ ਬਾਅਦ ਇੱਕ ਡਾਲਰ ਦੇ 10 ਰੁਪਏ ਬਣਨ ਲੱਗ ਪਏ। ਅਸੀਂ ਕਈ-ਕਈ ਜਣੇ ਇਕੱਠੇ ਹੋ ਕੇ ਕਮਰੇ ਵਿੱਚ ਰਹਿੰਦੇ ਹੁੰਦੇ ਸੀ। ਸਾਡੇ ਵਿੱਚੋਂ ਇੱਕ ਜਣੇ ਨੂੰ ਪੈਸੇ ਦਾ ਬਹੁਤ ਲਾਲਚ ਸੀ। ਉਸ ਨੇ ਭਾਰਤ ਵਿੱਚ ਕਾਫ਼ੀ ਗ਼ਰੀਬੀ ਕੱਟੀ ਸੀ। ਕਿਸੇ ਵੇਲੇ ਉਸ ਨੇ ਅਜਿਹਾ ਸਮਾਂ ਵੀ ਦੇਖਿਆ ਸੀ ਜਦੋਂ ਉਸ ਪਾਸੋਂ ਰੋਟੀ ਦਾ ਲਾਲਚ ਦੇ ਕੇ ਹੀ ਸਾਰੀ ਦਿਹਾੜੀ ਕੰਮ ਕਰਵਾ ਲਿਆ ਜਾਂਦਾ ਸੀ। ਇੱਕ ਡਾਲਰ ਦੇ ਦਸ ਰੁਪਏ ਬਣਨੇ ਉਸ ਲਈ ਬਹੁਤ ਹੈਰਾਨੀਜਨਕ ਸੀ ਜਿਨ੍ਹਾਂ ਦੀ ਉਸ ਨੇ ਕਦੇ ਆਸ ਹੀ ਨਹੀਂ ਰੱਖੀ ਸੀ। ਕੋਈ ਚੀਜ਼ ਅਚਾਨਕ ਮਿਲ ਜਾਣੀ ਵੀ ਕਈ ਵਾਰ ਇਨਸਾਨ ’ਤੇ ਬੁਰਾ ਪ੍ਰਭਾਵ ਪਾ ਦਿੰਦੀ ਹੈ ਕਿਉਂਕਿ ਉਹ ਇਨਸਾਨ ਉਸ ਲਈ ਤਿਆਰ ਨਹੀਂ ਹੁੰਦਾ, ਪਰ ਇਹ ਬਹੁਤ ਥੋੜ੍ਹੇ ਕੇਸਾਂ ਵਿੱਚ ਹੁੰਦਾ ਹੈ। ਉਹ ਜਦੋਂ ਵੀ ਰਾਤ ਨੂੰ ਸੁੱਤਾ ਹੋਇਆ ਬੁੜਬੁੜਾਉਂਦਾ ਸੀ ਤਾਂ ਵਾਰ-ਵਾਰ ਕਹਿੰਦਾ ਸੀ, ‘ਇੱਕ ਦੇ ਦਸ, ਇੱਕ ਦੇ ਦਸ, ਇੱਕ ਦੇ ਦਸ।’ ਭਾਵ ਉਸ ਵਾਸਤੇ ਇੱਕ ਡਾਲਰ ਦੇ ਦਸ ਰੁਪਏ ਬਣਨੇ ਹੀ ਮਾਨਸਿਕ ਰੋਗ ਵਾਂਗ ਬਣ ਗਏ ਸਨ। ਆਪਣੀ ਇਸ ਆਦਤ ਨਾਲ ਉਹ ਸਾਨੂੰ ਵੀ ਸੌਣ ਨਹੀਂ ਦਿੰਦਾ ਸੀ। ਅਖੀਰ ਵਿੱਚ ਕਾਫ਼ੀ ਦਿਨ ਉਸ ਨਾਲ ਮੈਂ ਗੱਲ ਕਰਦਾ ਰਿਹਾ। ਕੁਝ ਦਿਨ ਉਸ ਨੂੰ ਵੱਖਰੇ ਕਮਰੇ ਵਿੱਚ ਪਾਇਆ ਤਾਂ ਕਿ ਹੋਰਾਂ ਦੀ ਨੀਂਦ ਨਾ ਖ਼ਰਾਬ ਹੋਵੇ। ਫਿਰ ਕੁਝ ਦਿਨਾਂ ਬਾਅਦ ਉਸ ਨੂੰ ਫ਼ਰਕ ਪਿਆ। ਅੱਜ ਉਹ ਮਿਲੀਅਨ ਡਾਲਰਾਂ ਦਾ ਮਾਲਕ ਹੈ। ਜੇਕਰ ਉਸ ਵੇਲੇ ਉਸ ਨੂੰ ਸਮਝਾਇਆ ਨਾ ਜਾਂਦਾ ਤਾਂ ਉਸ ਲਈ ਏਨੀ ਖ਼ੁਸ਼ੀ ਸਾਂਭਣੀ ਔਖੀ ਹੋ ਜਾਣੀ ਸੀ।
ਉਨ੍ਹਾਂ ਲੋਕਾਂ ਦੀ ਹਾਲਤ ਹੋਰ ਬੁਰੀ ਹੋ ਜਾਂਦੀ ਹੈ ਜਿਨ੍ਹਾਂ ਨੇ ਉਹ ਪੈਸਾ ਹੇਰਾ ਫੇਰੀ ਜਾਂ ਠੱਗੀ ਨਾਲ ਇਕੱਠਾ ਕੀਤਾ ਹੁੰਦਾ ਹੈ। ਸ਼ੁਰੂ ਦੀਆਂ ਹਾਲਤਾਂ ਵਿੱਚ ਇਨਸਾਨ ਆਪਣਾ ਸਮਾਂ ਵੇਚ ਕੇ ਪੈਸਾ ਇਕੱਠਾ ਕਰਦਾ ਹੈ। ਭਾਵ ਜਦੋਂ ਅਸੀਂ ਕਿਸੇ ਦੇ ਕੰਮ ਕਰਦੇ ਹਾਂ ਤਾਂ ਸਾਨੂੰ ਆਪਣੇ ਸਮੇਂ ਦੀ ਕੀਮਤ ਮਿਲਦੀ ਹੈ। ਇੱਕ ਵਿਅਕਤੀ ਆਪਣੀ ਜ਼ਿੰਦਗੀ ਦਾ ਕੁਝ ਸਮਾਂ ਹੀ ਵੇਚ ਸਕਦਾ ਹੈ। ਮਤਲਬ 24 ਘੰਟਿਆਂ ਵਿੱਚੋਂ ਕੁੱਝ ਘੰਟੇ ਹੀ ਵੇਚ ਕੇ ਪੈਸਾ ਬਣਾਇਆ ਜਾ ਸਕਦਾ ਹੈ। ਬਾਕੀ ਘੰਟੇ ਆਰਾਮ ਕਰਨਾ ਜਾਂ ਹੋਰ ਕੰਮ ਕਰਨੇ ਹੁੰਦੇ ਹਨ।
ਪੈਸੇ ਨਾਲੋਂ ਵੀ ਇੱਕ ਹੋਰ ਚੀਜ਼ ਅਣਮੁੱਲੀ ਹੈ ਜਿਸ ਦੀ ਕੀਮਤ ਨਹੀਂ ਪਾਈ ਜਾ ਸਕਦੀ। ਉਹ ਹਨ ਜ਼ਿੰਦਗੀ ਦੇ ਸਾਲ ਜਾਂ ਸਮਾਂ। ਜੇਕਰ ਕਿਸੇ ਕੋਲ ਸਮਾਂ ਘੱਟ ਰਹਿ ਗਿਆ ਹੈ ਤਾਂ ਉਹ ਉਸ ਨੂੰ ਹੋਰ ਖ਼ਰੀਦ ਨਹੀਂ ਸਕਦਾ, ਪਰ ਲੰਬੀ ਜ਼ਿੰਦਗੀ ਦਾ ਲਾਲਚ ਸਭ ਨੂੰ ਹੁੰਦਾ ਹੈ ਕਿਉਂਕਿ ਕੋਈ ਮਰਨਾ ਹੀ ਨਹੀਂ ਚਾਹੁੰਦਾ। ਇਹ ਲਾਲਚ ਦੇ ਕੇ ਹੀ ਵਿਅਕਤੀ ਦੀ ਸਾਰੀ ਉਮਰ ਸਾਧਾਂ, ਸੰਤਾਂ ਅਤੇ ਚੇਲਿਆਂ ਦੁਆਰਾ ਲੁੱਟ ਕੀਤੀ ਜਾਂਦੀ ਹੈ। ਪਾਖੰਡੀਆਂ ਵੱਲੋਂ ਪੈਸਾ ਲੈ ਕੇ ਤੰਦਰੁਸਤੀ ਅਤੇ ਲੰਬੀ ਉਮਰ ਵਾਸਤੇ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨਾਲ ਉਮਰ ਤਾਂ ਨਹੀਂ ਵਧਦੀ ਸਗੋਂ ਵਿਅਕਤੀ ਦੀ ਜ਼ਿੰਦਗੀ ਵਿੱਚ ਮਿਲੇ ਸਮੇਂ ਵਿੱਚ ਕਟੌਤੀ ਜ਼ਰੂਰ ਹੋ ਜਾਂਦੀ ਹੈ। ਉਦਾਹਰਣ ਦੇ ਤੌਰ ’ਤੇ ਜੇਕਰ ਤੁਸੀਂ ਇੱਕ ਘੰਟਾ ਪਾਖੰਡੀਆਂ ਦੇ ਨਾਮ ’ਤੇ ਰੋਜ਼ਾਨਾ ਲਗਾਉਂਦੇ ਹੋ ਤਾਂ ਇੱਕ ਸਾਲ ਵਿੱਚ ਜ਼ਿੰਦਗੀ ਦੇ 365 ਘੰਟੇ ਉਮਰ ਘਟ ਗਈ ਜਾਂ ਤੁਸੀਂ 365 ਘੰਟੇ ਵਿਅਰਥ ਗੁਆ ਦਿੱਤੇ ਜਿਨ੍ਹਾਂ ਦਾ ਨਾ ਤੁਹਾਨੂੰ ਕੋਈ ਫਾਇਦਾ ਹੋਇਆ ਅਤੇ ਨਾ ਹੀ ਪਰਿਵਾਰ ਅਤੇ ਸਮਾਜ ਨੂੰ ਫਾਇਦਾ ਹੋਇਆ। ਇਨ੍ਹਾਂ 365 ਘੰਟਿਆਂ ਨਾਲ ਨਾ ਹੀ ਆਰਥਿਕਤਾ ਸੁਧਰੀ ਅਤੇ ਨਾ ਹੀ ਸਿਹਤ ਸੁਧਰੀ। ਜੇਕਰ ਨਿਊਜ਼ੀਲੈਂਡ ਵਰਗੇ ਮੁਲਕ ਵਿੱਚ ਕੋਈ ਘੱਟੋ ਘੱਟ ਤਨਖਾਹ ’ਤੇ 365 ਘੰਟੇ ਕਿਸੇ ਕੰਪਨੀ ਵਿੱਚ ਕੰਮ ਕਰੇ ਤਾਂ ਵੀਹ ਡਾਲਰ ਘੰਟੇ ਦੇ ਹਿਸਾਬ ਨਾਲ 365 ਘੰਟਿਆਂ ਦੀ 7,300 ਡਾਲਰ ਤਨਖਾਹ ਮਿਲੇਗੀ ਜਿਸ ਨਾਲ ਆਪਣੀ ਜਾਂ ਪਰਿਵਾਰ ਦੀ ਆਰਥਿਕਤਾ ਸੁਧਰ ਸਕਦੀ ਹੈ।
ਜੇਕਰ ਇਹ 365 ਘੰਟੇ ਕੋਈ ਕੰਮ ਨਾ ਕਰਕੇ ਕਸਰਤ ਕਰੇ ਤਾਂ ਵਿਗਿਆਨਕ ਜਾਣਕਾਰੀ ਦੇ ਆਧਾਰ ’ਤੇ ਉਸ ਦੀ ਉਮਰ ਵਧ ਸਕਦੀ ਹੈ ਜਾਂ ਉਸ ਵਿਅਕਤੀ ਨੂੰ ਕਈ ਰੋਗਾਂ ਤੋਂ ਮੁਕਤੀ ਮਿਲ ਸਕਦੀ ਹੈ।
ਪਰ ਹੋ ਇਸ ਦੇ ਉਲਟ ਰਿਹਾ ਹੈ। ਸਾਡੇ ਵੱਲੋਂ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਕਸਰਤ ਨਹੀਂ ਕੀਤੀ ਜਾਂਦੀ, ਸਿਰਫ਼ ਪ੍ਰਾਰਥਨਾਵਾਂ ਹੀ ਕੀਤੀਆਂ ਜਾਂਦੀਆਂ ਹਨ। ਜੇਕਰ ਪ੍ਰਾਰਥਨਾ ਕਰਨ ਨਾਲ ਉਮਰ ਵਧਦੀ ਜਾਂ ਤੰਦਰੁਸਤੀ ਮਿਲਦੀ ਹੁੰਦੀ ਤਾਂ ਪ੍ਰਾਰਥਨਾ ਕਰਨ ਵਾਲੇ ਨਾ ਹੀ ਕਦੇ ਮਰਦੇ ਅਤੇ ਨਾ ਹੀ ਬਿਮਾਰ ਹੁੰਦੇ।
ਆਪਣੀ ਉਮਰ ਵਧਾਉਣ ਦੇ ਲਾਲਚ ਦੇ ਨਾਮ ’ਤੇ ਹੀ ਵਿਅਕਤੀ ਨੂੰ ਦੂਜੇ ਜਨਮ ਦੇ ਲਾਰੇ ਲਾ ਕੇ ਠੱਗਿਆ ਜਾਂਦਾ ਹੈ ਜਦੋਂਕਿ ਦੂਜਾ ਜਨਮ ਕਿਸੇ ਦਾ ਹੋਇਆ ਹੀ ਨਹੀਂ। ਇਸੇ ਲਾਲਚ ਅਧੀਨ ਮਰਨ ਤੋਂ ਬਾਅਦ ਸਵਰਗ ਦੇ ਲਾਰੇ ਲਾਏ ਜਾਂਦੇ ਹਨ। ਵਿਅਕਤੀ ਨੂੰ ਯਕੀਨ ਦੁਆ ਦਿੱਤਾ ਜਾਂਦਾ ਹੈ ਕਿ ਅਸੀਂ ਤੈਨੂੰ ਸਵਰਗ ਦੀ ਚਾਬੀ ਪੱਕੇ ਤੌਰ ’ਤੇ ਦੇ ਦੇਣੀ ਹੈ। ਇਸੇ ਲਾਲਚ ਵਿੱਚ ਵਿਅਕਤੀ ਇਸ ਮਿਲੇ ਹੋਏ ਜਨਮ ਨੂੰ ਵੀ ਸਾਰੀ ਉਮਰ ਨਰਕ ਬਣਾਉਂਦਾ ਰਹਿੰਦਾ ਹੈ।
ਆਪਣੀ ਜ਼ਿੰਦਗੀ ਦੇ ਮਿਲੇ ਸਾਲਾਂ ਨੂੰ ਵਧਾਉਣਾ ਜਾਂ ਘਟਾਉਣਾ, ਤੰਦਰੁਸਤ ਰਹਿਣਾ ਜਾਂ ਨਾ ਰਹਿਣਾ ਵਿਅਕਤੀ ਦੇ ਆਪਣੇ ਕੀਤੇ ਫ਼ੈਸਲਿਆਂ ’ਤੇ ਨਿਰਭਰ ਕਰਦਾ ਹੈ। ਸਾਨੂੰ ਮਿਲਿਆ ਜੀਵਨ ਅਣਮੁੱਲਾ ਹੈ। ਇਸ ਦਾ ਆਨੰਦ ਮਾਣਨਾ ਚਾਹੀਦਾ ਹੈ। ਇਹ ਆਪਣੇ ਹਿਸਾਬ ਨਾਲ ਜਿਉਣੀ ਚਾਹੀਦੀ ਹੈ, ਕਿਸੇ ਹੋਰ ਦੇ ਹਿਸਾਬ ਨਾਲ ਨਹੀਂ। ਇਨ੍ਹਾਂ ਜ਼ਿੰਦਗੀ ਦੇ ਮਿਲੇ ਸਾਲਾਂ ਵਿੱਚ ਇਸੇ ਧਰਤੀ ’ਤੇ ਸਵਰਗ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸੰਪਰਕ: 006421392147