ਮਨਦੀਪ ਪੂਨੀਆ
ਨੌਰਵੇ ਹਰਿਆਲੀ ਦਾ ਸੋਮਾ ਅਤੇ ਸ਼ਾਂਤੀ ਦਾ ਮੁਜੱਸਮਾ ਹੈ। ਯੂਰਪ ਦਾ ਦੇਸ਼ ਨੌਰਵੇ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ। ਹਰ ਸਾਲ ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤੀ ਪੁਰਸਕਾਰ ‘ਨੋਬਲ ਪੀਸ ਪ੍ਰਾਈਜ਼’ ਦੇਣ ਵਾਲਾ ਰਾਸ਼ਟਰ ਰੋਜ਼ਾਨਾ ਤਕਰੀਬਨ ਵੀਹ ਲੱਖ ਬੈਰਲ ਤੇਲ ਉਤਪਾਦਨ ਕਰਨ ਦੇ ਨਾਲ ਹੀ ਦੁਨੀਆ ਦਾ ਚੌਥਾ ਅਮੀਰ ਮੁਲਕ ਹੈ। ਇਸ ਨੂੰ ਸੈਲਮਨ ਮੱਛੀ ਦੀ ਖਾਣ ਵੀ ਕਿਹਾ ਜਾਂਦਾ ਹੈ।
ਤਕਰੀਬਨ ਪੰਜ ਮਿਲੀਅਨ ਆਬਾਦੀ ਵਾਲੇ ਮੁਲਕ ਦੀ ਰਾਜਧਾਨੀ ਓਸਲੋ ਅੰਤਰਰਾਸ਼ਟਰੀ ਯਾਤਰੀਆਂ ਦੀ ਪਹਿਲੀ ਪਸੰਦ ਹੈ। ਮੈਨੂੰ ਸ਼ਹਿਰ ਦਾ ਵਾਸੀ ਹੋਣ ਕਰਕੇ ਅਕਸਰ ਇੱਥੋਂ ਦੀਆਂ ਦਿਲਖਿੱਚਵੀਆਂ ਥਾਵਾਂ ਦੇਖਣ ਦਾ ਮੌਕਾ ਮਿਲਦਾ ਰਹਿੰਦਾ ਹੈ। ਇਨ੍ਹਾਂ ਵਿੱਚੋਂ ਇੱਕ ਖ਼ਾਸ ਸਥਾਨ ਹੈ ਨੌਰਵੇ ਦਾ ਰਾਸ਼ਟਰੀ ਓਪੇਰਾ ਥੀਏਟਰ। ਸ਼ਹਿਰ ਦੇ ਰਾਸ਼ਟਰੀ ਰੇਲਵੇ ਸਟੇਸ਼ਨ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਪਾਣੀ ਦੇ ਕੰਢੇ ਉੱਪਰ ਉਸਰਿਆ ਕਲਾ ਦਾ ਇਹ ਅਨੋਖਾ ਨਮੂਨਾ ਸਰਕਾਰ ਦੀ ਆਮਦਨ ਦਾ ਮੁੱਖ ਸੋਮਾ ਵੀ ਹੈ। ਕੁੱਲ 5,30000 ਵਰਗ ਫੁੱਟ ਦੇ ਖੇਤਰ ਵਿੱਚ ਉਸਾਰੇ ਗਏ ਕਲਾ ਦੇ ਇਸ ਨਮੂਨੇ ਵਿੱਚ 1100 ਕਮਰੇ ਹਨ। ਇਸ ਤੋਂ ਇਲਾਵਾ ਇਸ ਦੇ 52 ਫੁੱਟ ਚੌੜੇ 130 ਫੁੱਟ ਡੂੰਘੇ ਸਟੇਜ ਵਾਲੇ ਆਡੀਟੋਰੀਅਮ ਵਿੱਚ ਦਰਸ਼ਕਾਂ ਦੇ ਬੈਠਣ ਲਈ 1364 ਸੀਟਾਂ ਹਨ। ਇਮਾਰਤ ਦੀ ਬਾਹਰਲੀ ਸਤਹ ਕੈਰਾਰਾ ਅਤੇ ਇਟਲੀ ਦੇ ਪੱਥਰ ਤੋਂ ਇਲਾਵਾ ਚਿੱਟੇ ਗ੍ਰੇਨਾਈਟ ਨਾਲ ਢਕੀ ਹੋਈ ਹੈ, ਜਿਸ ਕਰਕੇ ਇਹ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕੋਈ ਹੰਸ ਪਾਣੀ ਤੋਂ ਡੁਬਕੀ ਲਗਾ ਕੇ ਬਾਹਰ ਨਿਕਲ ਰਿਹਾ ਹੋਵੇ। ਇਹ ਨੌਰਵੇ ਦੇ ਇਤਿਹਾਸ ਦੀ ਦੂਸਰੀ ਸਭ ਤੋਂ ਵੱਡੀ ਸੱਭਿਆਚਾਰਕ ਇਮਾਰਤ ਹੈ।
ਓਪੇਰਾ ਹਾਊਸ ਦੀ ਮੌਜੂਦਾ ਇਮਾਰਤ ਬਣਨ ਲਈ 7 ਸਾਲ ਦਾ ਸਮਾਂ ਲੱਗਾ ਹੈ, ਪਰ ਜੇਕਰ ਇਸ ਦੇ ਪੂਰੇ ਪਿਛੋਕੜ ’ਤੇ ਝਾਤ ਮਾਰੀ ਜਾਵੇ ਤਾਂ ਇਹ ਇਤਿਹਾਸ 91 ਸਾਲ ਪੁਰਾਣਾ ਹੈ। ਓਸਲੋ ਦਾ ਆਪਣਾ ਹੀ ਇੱਕ ਓਪੇਰਾ ਹਾਊਸ ਹੋਵੇ, ਇਸ ਦੀ ਲੋੜ ਪਹਿਲੀ ਵਾਰ ਪਹਿਲੇ ਮਹਾਂਯੁੱਧ ਦੌਰਾਨ 1917 ਵਿੱਚ ਮਹਿਸੂਸ ਕੀਤੀ ਗਈ। ਨੌਰਵੇ ਦੇ ਇੱਕ ਵੱਡੇ ਜਹਾਜ਼ਾਂ ਦੇ ਵਪਾਰੀ ਕ੍ਰਿਸਤੋਫਰ ਹੈਨੇਵਿਗ ਨੇ ਇਸ ਰਾਸ਼ਟਰੀ ਪ੍ਰਾਜੈਕਟ ਨੂੰ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ, ਪਰ ਸਾਰੀਆਂ ਯੋਜਨਾਵਾਂ ਉਸ ਸਮੇਂ ਫੇਲ੍ਹ ਹੋ ਗਈਆਂ ਜਦੋਂ ਉਹ ਵਿੱਤੀ ਤੌਰ ’ਤੇ ਖ਼ੁਦ ਦੀਵਾਲੀਆ ਹੋ ਗਿਆ। ਇਸ ਤੋਂ ਬਾਅਦ 1920-1946-1959 ਵਿੱਚ ਦੁਬਾਰਾ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਸ ਦੌਰਾਨ ਓਪੇਰਾ ਹਾਊਸ ਨੂੰ ਰਾਸ਼ਟਰੀ ਥੀਏਟਰ ਵਿੱਚ ਸਥਿਤ ਇਸ ਦੀ ਜਗ੍ਹਾ ਤੋਂ ਬਦਲ ਕੇ ਲੋਕ ਥੀਏਟਰ ਵਿੱਚ ਤਬਦੀਲ ਕਰ ਦਿੱਤਾ। 1989 ਵਿੱਚ ਦੁਬਾਰਾ ਮੰਗ ਉੱਠੀ ਕਿ ਓਪੇਰਾ ਹਾਊਸ ਦੀ ਆਪਣੀ ਅਲੱਗ ਇਮਾਰਤ ਹੋਣੀ ਚਾਹੀਦੀ। ਫਿਰ ਇਸ ਦੇ ਡਿਜ਼ਾਇਨ, ਲਾਗਤ ਮੁੱਲ, ਸਥਾਨ ਆਦਿ ਬਾਰੇ ਬਹਿਸ ਸ਼ੁਰੂ ਹੋ ਗਈ। 1999 ਵਿੱਚ ਇੱਕ ਲੰਮੀ ਰਾਸ਼ਟਰੀ ਬਹਿਸ ਤੋਂ ਬਾਅਦ ਨੌਰਵਿਜਨ ਵਿਧਾਨ ਸਭਾ ਵਿੱਚ ਓਪੇਰਾ ਹਾਊਸ ਬਣਾਉਣ ਦਾ ਫ਼ੈਸਲਾ ਲਿਆ ਗਿਆ। ਇਸ ਦੌਰਾਨ ਇਸ ਵਿਲੱਖਣ ਇਮਾਰਤ ਨੂੰ ਬਣਾਉਣ ਲਈ ਇੱਕ ਡਿਜ਼ਾਈਨ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ 350 ਕੰਪਨਿਆਂ ਨੇ ਹਿੱਸਾ ਲਿਆ, ਪਰ ਜੱਜਾਂ ਨੇ ਨੌਰਵੇ ਦੀ ਹੀ ਅੰਤਰਰਾਸ਼ਟਰੀ ਕੰਪਨੀ ਸਨੇਹਟਾ ਦੀ ਚੋਣ ਕੀਤੀ। ਸਨੇਹਟਾ ਉਹ ਇਮਾਰਤ ਡਿਜ਼ਾਇਨ ਕੰਪਨੀ ਹੈ ਜਿਸ ਨੇ ਇਗਪਿੱਥ ਵਿੱਚ ਲਾਇਬ੍ਰੇਰੀ ਆਫ਼ ਅਲੈਗਜ਼ਾਂਡਰੀਆ, ਸਾਂ ਫ੍ਰਾਂਸਿਸਕੋ ਮਿਊਜ਼ੀਅਮ ਆਫ਼ ਮਾਡਰਨ ਆਰਟ, ਕੈਲਗਿਰੀ ਸੈਂਟਰਲ ਲਾਇਬ੍ਰੇਰੀ ਅਲਬਰਟਾ, ਦੁਨੀਆ ਦਾ ਸਭ ਤੋਂ ਵੱਡਾ ਅੰਡਰ ਵਾਟਰ ਰੈਸਟੋਰੈਂਟ ਆਦਿ ਇਮਾਰਤਾਂ ਦਾ ਡਿਜ਼ਾਇਨ ਤਿਆਰ ਕੀਤਾ ਹੈ। ਇਸ ਦੇ ਡਿਜ਼ਾਇਨ ਤੋਂ ਬਾਅਦ ਇਸ ਦੀ ਇਮਾਰਤ ਤੇ ਨਿਰਮਾਣ ਦਾ ਕੰਮ ਸਟਾਟਬਿੱਗ ਨੇ ਪੂਰਾ ਕੀਤਾ ਜੋ ਅੱਜ ਇਸ ਦੀ ਮਾਲਕ ਹੈ। ਸਟਾਟਬਿੱਗ ਨੌਰਵੇ ਦੀ ਸਰਕਾਰੀ ਇਮਾਰਤ ਨਿਰਮਾਣ ਏਜੰਸੀ ਹੈ ਜੋ ਹਰ ਤਰ੍ਹਾਂ ਦੀਆਂ ਸਰਕਾਰੀ ਇਮਾਰਤਾਂ ਦੇ ਨਿਰਮਾਣ, ਸਾਂਭ ਸੰਭਾਲ ਦਾ ਕਾਰਜ ਕਰਦੀ ਹੈ। ਭਾਵੇਂ ਕੰਪਨੀ ਨੂੰ 760 ਮਿਲੀਅਨ ਅਮਰੀਕੀ ਡਾਲਰ ਦਾ ਠੇਕਾ ਦਿੱਤਾ ਗਿਆ ਸੀ, ਪਰ ਉਸ ਨੇ ਇਸ ਨੂੰ ਕੁੱਲ ਬਜਟ ਤੋਂ 52 ਮਿਲੀਅਨ ਡਾਲਰ ਘੱਟ ਖ਼ਰਚੇ ਵਿੱਚ ਨਿਰਧਾਰਤ ਸਮੇਂ ਤੋਂ ਪਹਿਲਾਂ ਤਿਆਰ ਕਰਕੇ ਸਾਲ 2007 ਵਿੱਚ ਸਰਕਾਰ ਦੇ ਸਪੁਰਦ ਕਰ ਦਿੱਤਾ ਸੀ। 12 ਅਪਰੈਲ 2008 ਨੂੰ ਇਸ ਦਾ ਉਦਘਾਟਨ ਕੀਤਾ ਗਿਆ। ਪਹਿਲੇ ਹੀ ਸਾਲ ਦਸ ਲੱਖ ਤੋਂ ਵੱਧ ਲੋਕਾਂ ਨੇ ਇਮਾਰਤ ਅੰਦਰ ਪੈਰ ਪਾਏ ਅਤੇ ਇਸ ਦੀ ਖ਼ੂਬਸੂਰਤੀ ਦਾ ਆਨੰਦ ਮਾਣਿਆ।
ਇਮਾਰਤ ਨੇ ਹੁਣ ਤੱਕ ਕੁੱਲ 11 ਐਵਾਰਡ ਪ੍ਰਪਤ ਕੀਤੇ ਹਨ ਜਿਨ੍ਹਾਂ ਵਿੱਚ ਅਕਤੂਬਰ 2008 ਵਿੱਚ ਸਪੇਨ ਦੇ ਬਾਰਸੀਲੋਨਾ ਵਿੱਚ ਹੋਏ ਵਰਲਡ ਆਰਕੀਟੈਕਚਰ ਫੈਸਟੀਵਲ ਵਿੱਚ ਸੱਭਿਆਚਾਰ ਅਤੇ ਸਮਕਾਲੀ ਆਰਕੀਟੈਕਚਰ ਲਈ 2009 ਯੂਰਪੀਅਨ ਯੂਨੀਅਨ ਪੁਰਸਕਾਰ ਸ਼ਾਮਲ ਹਨ।
ਚਿੱਟੇ ਗ੍ਰੇਨਾਈਟ, ਲਾ ਫੈਕਸੀਟਾ ਅਤੇ ਇਟਾਲੀਅਨ ਸੰਗਮਰਮਰ ਨਾਲ ਸ਼ਿੰਗਾਰੀ ਇਮਾਰਤ ਛੱਤ ਉੱਪਰੋਂ ਸ਼ਹਿਰ ਦੇ ਮਨਮੋਹਕ ਦ੍ਰਿਸ਼ ਦੇਖਣ ਦਾ ਮੌਕਾ ਪ੍ਰਦਾਨ ਕਰਦੀ ਹੈ। ਮੁੱਖ ਇਮਾਰਤ ਦੇ ਬਾਹਰ ਲਹਿੰਦੇ ਵੱਲ ਪਾਣੀ ਵਿੱਚ ਸਟੀਲ ਅਤੇ ਕੱਚ ਤੇ ਪੈਨਲਾਂ ਨਾਲ ਬਣੀ ਖ਼ੂਬਸੂਰਤ ਮੂਰਤੀ ਚਾਰ ਚੰਦ ਲਗਾਉਂਦੀ ਹੈ। ਇਸ ਦੀ ਲਾਬੀ ਜੋ 15 ਮੀਟਰ ਉੱਚੀ ਹੈ ਅਤੇ ਵਿਸ਼ੇਸ਼ ਸ਼ੀਸ਼ਿਆਂ ਦੀ ਬਣੀ ਹੋਈ, ਉਹ ਬਾਹਰੋਂ ਪਾਣੀ ਦੇ ਸੋਹਣੇ ਦ੍ਰਿਸ਼ ਪ੍ਰਦਾਨ ਕਰਦੀ ਹੈ। ਮੁੱਖ ਆਡੀਟੋਰੀਅਮ ਇੱਕ ਘੋੜੇ ਦੀ ਸ਼ਕਲ ਦੇ ਆਕਾਰ ਦਾ ਹੈ ਜੋ ਹੱਥਾਂ ਨਾਲ ਬਣੇ 5800 ਕ੍ਰਿਸਟਲ ਦੇ ਅੰਡਾਕਾਰ ਨੁਮਾ ਝੁੰਡ ਰਾਹੀਂ ਪ੍ਰਕਾਸ਼ਮਾਨ ਹੁੰਦਾ ਹੈ। ਹਾਲ ਵਿੱਚ ਮੌਜੂਦ ਸੀਟਾਂ ਵਿੱਚ ਇਲੈੱਕਟ੍ਰੌਨਿਕ ਲਬਿਰੇਟੋ ਸਿਸਟਮ ਮਾਨੀਟਰ ਲੱਗੇ ਹੋਏ ਹਨ ਜੋ ਦਰਸ਼ਕਾਂ ਨੂੰ ਮੂਲ ਨੌਰਵਿਜਨ ਭਾਸ਼ਾ ਤੋਂ ਇਲਾਵਾ ਅੰਗਰੇਜ਼ੀ ਵਿੱਚ ਓਪੇਰਾ ਲਬਿਰੇਟੀ ਦੀ ਸਹੂਲਤ ਪ੍ਰਦਾਨ ਕਰਦੇ ਹਨ।
ਮੁੱਖ ਸਟੇਜ ਦਾ ਪਰਦਾ ਇੱਕ ਵਿਲੱਖਣ ਕਲਾਕ੍ਰਿਤੀ ਹੈ ਜੋ ਆਧੁਨਿਕ ਕੰਪਿਊਟਰ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ। ਇਸ ਨੂੰ ਬਣਾਉਣ ਲਈ ਉੱਨ, ਕਪਾਹ ਅਤੇ ਪਲਾਸਟਿਕ ਦੀ ਵਰਤੋਂ ਕੀਤੀ ਗਈ ਹੈ। ਇਸ ਵੱਖਰੀ ਕਿਸਮ ਦੇ ਪਰਦੇ ਦਾ ਨਿਰਮਾਣ ਜਰਮਨ ਦੀ ਥੀਏਟਰ ਉਪਕਰਨ ਤਿਆਰ ਕਰਨ ਵਾਲੀ ਕੰਪਨੀ ਜੇਰੀਏਟਸ ਜੀ ਐੱਮ ਬੀ ਐੱਚ ਨੇ ਤਿਆਰ ਕੀਤਾ ਹੈ। ਇਹ ਪਰਦਾ 74 ਫੁੱਟ ਚੌੜਾ ਅਤੇ 36 ਫੁੱਟ ਲੰਮਾ ਅਤੇ 500 ਕਿਲੋ ਭਾਰਾ ਹੈ।
ਹਰ ਹਫ਼ਤੇ ਇੱਥੇ ਕੋਈ ਨਾ ਕੋਈ ਰਾਸ਼ਟਰੀ ਜਾਂ ਅੰਤਰ ਰਾਸ਼ਟਰੀ ਸਮਾਗਮ ਹੁੰਦਾ ਹੀ ਰਹਿੰਦਾ ਹੈ। ਲੱਖਾਂ ਦੀ ਗਿਣਤੀ ਵਿੱਚ ਲੋਕ ਇਸ ਦੀ ਸਿਰਜਣਾ ਦਾ ਆਨੰਦ ਲੈ ਚੁੱਕੇ ਹਨ, ਹਜ਼ਾਰਾਂ ਦੀ ਗਿਣਤੀ ਵਿੱਚ ਕਲਾਕਾਰ ਇਸ ਦੀ ਸਟੇਜ ’ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕੇ ਹਨ।