ਹਰਜੀਤ ਅਟਵਾਲ
ਬਰਮੂਡਾ ਉੱਤਰੀ ਐਟਲਾਂਟਿਕ-ਸਾਗਰ ਦੇ ਪੱਛਮ ਵਿੱਚ ਛੋਟੇ-ਛੋਟੇ ਜਜ਼ੀਰਿਆਂ ਦਾ ਇੱਕ ਸਮੂਹ ਹੈ ਜੋ ਯੂਕੇ ਦੇ ਕੰਟਰੋਲ ਹੇਠਾਂ ਆਉਂਦਾ ਹੈ। ਸੈਲਾਨੀਆਂ ਲਈ ਇਹ ਮਨਭਾਉਂਦੀ ਜਗ੍ਹਾ ਹੈ। ਬਰਮੂਡਾ-ਟਰਾਈਐਂਗਲ (ਤ੍ਰਿਕੋਣ) ਇੱਥੋਂ ਹੀ ਸ਼ੁਰੂ ਹੁੰਦਾ ਹੈ ਜਿਸ ਦੇ ਤਿੰਨ ਕੋਨੇ ਹਨ-ਬਰਮੂਡਾ, ਫਲੋਰਿਡਾ ਤੇ ਪਿਓਰਟੋ ਰੀਕੋ। ਕਈ ਇਸ ਦੇ ਚਾਰ ਕੋਨੇ ਵੀ ਬਣਾ ਦਿੰਦੇ ਹਨ। ਇਨਸਾਈਕਲੋਪੀਡੀਆ-ਬ੍ਰਿਟੈਨਿਕਾ ਮੁਤਾਬਕ ਬਰਮੂਡਾ-ਟਰਾਈਐਂਗਲ ਦੀ ਕੋਈ ਤੈਅਸ਼ੁਦਾ ਸੀਮਾ ਨਹੀਂ ਹੈ। ਮਿੱਥੇ ਗਏ ਇਸ ਇਲਾਕੇ ਦਾ ਰਕਬਾ ਪੰਜ ਲੱਖ ਵਰਗਮੀਲ ਤੱਕ ਫੈਲਦਾ ਹੈ। ਕਿਹਾ ਜਾਂਦਾ ਹੈ ਕਿ ਏਨੇ ਖੁੱਲ੍ਹੇ ਰਕਬੇ ਵਿੱਚ ਹੇਠਾਂ ਸਮੁੰਦਰ ਤੇ ਉੱਪਰ ਖਲਾਅ ਵਿੱਚੋਂ ਜਾਣ ਤੋਂ ਲੋਕ ਡਰਦੇ ਹਨ।
ਬਹੁਤੇ ਸਾਰੇ ਹਵਾਈ ਜਹਾਜ਼ਾਂ ਦੇ ਪਾਇਲਟ ਤੇ ਸਮੁੰਦਰੀ ਜਹਾਜ਼ਾਂ ਦੇ ਕਪਤਾਨ ਬਰਮੂਡਾ-ਟਰਾਈਐਂਗਲ ਵਿੱਚੋਂ ਲੰਘਣ ਤੋਂ ਬਚਦੇ ਹਨ। ਇਸ ਦਾ ਕਾਰਨ ਹਨ ਇਸ ਇਲਾਕੇ ਨਾਲ ਜੁੜੀਆਂ ਭੇਤਭਰੀਆਂ ਘਟਨਾਵਾਂ। ਜਦੋਂ ਤੋਂ ਸੰਚਾਰ ਦੇ ਸਾਧਨ ਵਧੇਰੇ ਸਰਗਰਮ ਹੋਏ ਹਨ ਉਦੋਂ ਤੋਂ ਸੌ ਤੋਂ ਵੱਧ ਵੱਡੇ ਸਮੁੰਦਰੀ ਜਹਾਜ਼ ਇਸ ਇਲਾਕੇ ਵਿੱਚ ਰਹੱਸਮਈ ਹਾਲਾਤ ਵਿੱਚ ਗੁੰਮ ਹੋਏ ਹਨ ਤੇ ਪਝੱਤਰ ਤੋਂ ਵੱਧ ਹਵਾਈ ਜਹਾਜ਼ ਤੇ ਹਜ਼ਾਰ ਤੋਂ ਵੱਧ ਇਨਸਾਨ ਵੀ। ਇਨ੍ਹਾਂ ਬਾਰੇ ਕੁਝ ਪਤਾ ਹੀ ਨਹੀਂ ਲੱਗਾ ਕਿ ਇਨ੍ਹਾਂ ਨਾਲ ਕੀ ਬੀਤੀ। ਇਸ ਤੋਂ ਬਿਨਾਂ ਵੀ ਹੋਰ ਬਹੁਤ ਸਾਰੇ ਜਹਾਜ਼ ਖਾਸ ਕਰਕੇ ਸਮੁੰਦਰੀ ਜਹਾਜ਼ ਗੁੰਮ ਹੋਏ ਹੋਣਗੇ ਜਿਹੜੇ ਰਿਕਾਰਡ ਉੱਪਰ ਨਹੀਂ ਆਏ। ਇਨਸਾਈਕਲੋਪੀਡੀਆ-ਬ੍ਰਿਟੈਨਿਕਾ ਅਨੁਸਾਰ ਇੱਥੇ ਗਾਇਬ ਹੋਏ ਸਮੁੰਦਰ ਤੇ ਹਵਾਈ ਜਹਾਜ਼ਾਂ ਦੀ ਗਿਣਤੀ ਤੈਅ ਨਹੀਂ ਹੈ, ਸਿਰਫ਼ ਅੰਦਾਜ਼ੇ ਹੀ ਹਨ।
ਇਸ ਇਲਾਕੇ ਵਿੱਚ ਸਭ ਤੋਂ ਪਹਿਲੀ ਘਟਨਾ ਸਤੰਬਰ 1918 ਵਿੱਚ ਰਿਕਾਰਡ ਹੁੰਦੀ ਹੈ। ਸਾਈਕਲੋਪਸ ਨਾਂ ਦਾ ਸਮੁੰਦਰੀ ਜਹਾਜ਼ ਬਰਮੂਡਾ-ਟਰਾਈਐਂਗਲ ਵਿੱਚ ਡੁੱਬ ਗਿਆ ਸੀ ਜਿਸ ਵਿੱਚ ਤਿੰਨ ਸੌ ਵਿਅਕਤੀ ਸਵਾਰ ਸਨ ਤੇ ਗਿਆਰਾਂ ਹਜ਼ਾਰ-ਟਨ ਮੈਨਗਾਨੀਜ਼ (ਕੋਲੇ ਵਰਗੀ ਧਾਤ) ਲੱਦੀ ਹੋਈ ਸੀ, ਇਹ ਸਭ ਗਾਇਬ ਹੋ ਗਿਆ ਤੇ ਇਸ ਦਾ ਮਲਬਾ ਤੱਕ ਨਹੀਂ ਮਿਲਿਆ। ਇਸ ਤੋਂ ਦੋ ਕੁ ਸਾਲ ਬਾਅਦ ਇੱਕ ਛੋਟਾ ਜਹਾਜ਼ ਜਿਸ ਵਿੱਚ ਗਿਆਰਾਂ ਕਰਮਚਾਰੀ ਸਵਾਰ ਸਨ ਵੀ ਇਵੇਂ ਹੀ ਅਚਾਨਕ ਗੁੰਮ ਹੋ ਗਿਆ ਸੀ। ਗੁੰਮ ਹੋਣ ਤੋਂ ਪਹਿਲਾਂ ਜਹਾਜ਼ ਦੇ ਕਰਮਚਾਰੀਆਂ ਵੱਲੋਂ ਕੋਈ ਰੇਡੀਓ ’ਤੇ ਰਾਬਤਾ ਕਾਇਮ ਨਹੀਂ ਕੀਤਾ ਗਿਆ, ਨਾ ਕਿਸੇ ਕਿਸਮ ਦੀ ਮਦਦ ਮੰਗੀ ਗਈ। ਗੁੰਮ ਹੋਣ ਤੋਂ ਇੱਕੀ ਦਿਨ ਬਾਅਦ ਅਚਾਨਕ ਉਹ ਜਹਾਜ਼ ਨੌਰਥ ਕੈਰੋਲੀਨਾ ਦੇ ਤੱਟ ’ਤੇ ਲਾਵਾਰਸ ਘੁੰਮਦਾ ਮਿਲ ਗਿਆ, ਪਰ ਉਸ ਦੇ ਅਮਲੇ ਦਾ ਕੀ ਹੋਇਆ, ਕੁਝ ਪਤਾ ਨਹੀਂ ਲੱਗਾ। ਹਵਾਈ ਜਹਾਜ਼ ਗੁੰਮ ਹੋਣ ਦੀ ਪਹਿਲੀ ਘਟਨਾ ਦਸੰਬਰ 1945 ਨੂੰ ਵਾਪਰੀ, ਜਦੋਂ ਅਮਰੀਕਾ ਦੀ ਹਵਾਈ ਸੈਨਾ ਦੇ ਪੰਜ ਜਹਾਜ਼ ਗੁੰਮ ਹੋ ਜਾਂਦੇ ਹਨ। ਨੇਵੀ ਦੇ ਇਹ ਹਵਾਈ ਜਹਾਜ਼ ਫਲਾਈਟ-19 ਨਾਲ ਸਬੰਧਤ ਸਨ ਤੇ ਟਰੇਨਿੰਗ ’ਤੇ ਸਨ, ਇਸ ਵਿੱਚ ਚੌਦਾਂ ਲੋਕਾਂ ਦਾ ਅਮਲਾ ਭਾਗ ਲੈ ਰਿਹਾ ਸੀ। ਫਲੋਰਿਡਾ ਦੇ ਫੋਰਟ ਲੌਂਡਰਡੇਲ ਤੋਂ ਉੱਡੇ ਤੇ ਬਰਮੂਡਾ-ਟਰਾਈਐਂਗਲ ਦੀ ਖਲਾਅ ਵਿੱਚ ਕਿਧਰੇ ਗੁੰਮ ਹੋ ਗਏ, ਮੁੜ ਕੇ ਇਨ੍ਹਾਂ ਦਾ ਕੁਝ ਪਤਾ ਨਹੀਂ ਲੱਗਾ। ਇਨ੍ਹਾਂ ਜਹਾਜ਼ਾਂ ਨੂੰ ਲੱਭਣ ਲਈ ਤੇਰਾਂ ਵਿਅਕਤੀਆਂ ਦੇ ਅਮਲੇ ਵਾਲਾ ਇੱਕ ਹੋਰ ਜਹਾਜ਼ ਭੇਜਿਆ ਗਿਆ, ਪਰ ਉਹ ਵੀ ਇਵੇਂ ਹੀ ਗੁੰਮ ਹੋ ਗਿਆ ਸੀ। ਇਵੇਂ ਹੀ ਦਸੰਬਰ 1948 ਨੂੰ ਕੈਪਟਨ ਰੌਬਰਟ ਲਿੰਡਕੁਐਸਟ ਸੈਨ-ਹੁਆਨ ਤੋਂ ਫਲਾਈਟ ਨੰਬਰ ਐੱਨ.ਸੀ.-16002 ਲੈ ਕੇ ਮਿਆਮੀ ਲਈ ਉੱਡਿਆ। ਮੰਜ਼ਿਲ ਤੋਂ ਪੰਜਾਹ ਮੀਲ ਪਹਿਲਾਂ ਉਨ੍ਹਾਂ ਨੇ ਰੇਡੀਓ ’ਤੇ ਜਹਾਜ਼ ਵਿੱਚ ਬੈਟਰੀ ਤੇ ਬਿਜਲਈ ਨੁਕਸਾਂ ਦੀ ਸ਼ਿਕਾਇਤ ਕੀਤੀ, ਜਦੋਂ ਦੂਜੇ ਪਾਸਿਓਂ ਉਸ ਨੂੰ ਲੈਂਡ ਕਰਨ ਦੀਆਂ ਹਦਾਇਤਾਂ ਮਿਲਣ ਲੱਗੀਆਂ ਤਾਂ ਕੈਪਟਨ ਕੋਈ ਜਵਾਬ ਨਾ ਦੇ ਸਕਿਆ। ਉਸ ਤੋਂ ਬਾਅਦ ਉਸ ਜਹਾਜ਼ ਦਾ ਕੀ ਬਣਿਆ, ਕੁਝ ਨਹੀਂ ਪਤਾ। ਇਵੇਂ ਹੀ ਹੋਰ ਵੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਤੇ ਕਹਾਣੀਆਂ ਹਨ। ਇਸ ਨਾਲ ਜੁੜਦੀ ਸਭ ਤੋਂ ਤਾਜ਼ਾ ਹਵਾਈ ਘਟਨਾ ਮਲੇਸ਼ੀਆ ਦੇ ਹਵਾਈ ਜਹਾਜ਼ ਐੱਮ.ਐੱਚ. 370 ਦੇ ਗੁੰਮ ਹੋਣ ਵਾਲੀ ਹੈ। ਜਿਸ ਵਿੱਚ 239 ਸਵਾਰ ਸਨ। ਸਮੁੰਦਰੀ ਘਟਨਾ ਦਸੰਬਰ 2020 ਵਿੱਚ ਬਹਾਮਾ ਤੋਂ ਫਲੋਰਿਡਾ ਲਈ ਚੱਲੀ ਇੱਕ ਕਿਸ਼ਤੀ ਦੀ ਹੈ ਜਿਸ ਵਿੱਚ ਵੀਹ ਲੋਕ ਸਵਾਰ ਸਨ ਜੋ ਰਾਹ ਵਿੱਚ ਹੀ ਕਿਧਰੇ ਗੁੰਮ ਗਏ ਤੇ ਕਦੇ ਨਹੀਂ ਲੱਭੇ।
ਇਵੇਂ ਜਹਾਜ਼ਾਂ ਦੇ ਭੇਤ-ਭਰੇ ਢੰਗ ਨਾਲ ਗਾਇਬ ਹੋਣ ਸਬੰਧੀ ਸਭ ਤੋਂ ਪਹਿਲਾਂ ਸਤੰਬਰ 1950 ਨੂੰ ਐਡਰਵਰ ਜੋਨਜ਼ ਨਾਂ ਦੇ ਬੰਦੇ ਨੇ ਮਿਆਮੀ ਹੈਰਾਲਡ ਵਿੱਚ ਲਿਖਿਆ। ਉਸ ਤੋਂ ਦੋ ਸਾਲ ਬਾਅਦ ਜੌਰਜ ਸੈਂਡ ਨੇ ਫੋਰਟ ਮੈਗਜ਼ੀਨ ਵਿੱਚ ਇੱਕ ਲੰਮਾ ਲੇਖ ਲਿਖਿਆ ਜਿਸ ਦਾ ਸਿਰਲੇਖ ਸੀ, ‘ਸਮੁੰਦਰੀ ਰਹੱਸ ਤੁਹਾਡੇ ਘਰ ਦੇ ਪਿਛਵਾੜੇ’। ਇਸ ਲੇਖ ਵਿੱਚ ਉਸ ਨੇ ਅਜੀਬ ਢੰਗ ਨਾਲ ਗੁੰਮ ਹੁੰਦੇ ਜਹਾਜ਼ਾਂ ਦਾ ਪੂਰੀ ਤਫਸੀਲ ਵਿੱਚ ਜ਼ਿਕਰ ਕੀਤਾ। ਜੌਰਜ ਸੈਂਡ ਨੇ ਆਪਣੇ ਲੇਖ ਵਿੱਚ ਇਸ ਅਖਾਉਤੀ ਬਰਮੂਡਾ ਟਰਾਈਐਂਗਲ ਦੀ ਨਿਸ਼ਾਨਦੇਹੀ ਵੀ ਕੀਤੀ ਕਿ ਇਸ ਇਲਾਕੇ ਵਿੱਚ ਹੀ ਇਹ ਘਟਨਾਵਾਂ ਵਾਪਰ ਰਹੀਆਂ ਹਨ। ਅਮਰੀਕਨ ਨੇਵੀ ਦੇ ਫਲਾਈਟ-19 ਦੇ ਪੰਜ ਜਹਾਜ਼ਾਂ ਬਾਰੇ ਅਪਰੈਲ 1962 ਨੂੰ ਇੱਕ ਵਾਰ ਫਿਰ ਅਮਰੀਕੀ ਲੀਜ਼ਨ-ਮੈਗਜ਼ੀਨ ਵਿੱਚ ਜ਼ਿਕਰ ਛਿੜ ਪਿਆ। ਐਲਨ ਐਕਰਟ ਨਾਂ ਦੇ ਲੇਖਕ ਨੇ ਲਿਖਿਆ ਕਿ ਫਲਾਈਟ-ਲੀਡਰ ਨੂੰ ਕਹਿੰਦੇ ਸੁਣਿਆ ਗਿਆ ਸੀ ਕਿ, ‘‘ਅਸੀਂ ਸਫ਼ੈਦ ਪਾਣੀ ਵਿੱਚੋਂ ਜਾ ਰਹੇ ਹਾਂ, …ਕੁਝ ਸਹੀ ਨਹੀਂ ਜਾਪਦਾ, …ਸਾਨੂੰ ਨਹੀਂ ਪਤਾ ਅਸੀਂ ਕਿੱਥੇ ਹਾਂ, …ਪਾਣੀ ਹਰਾ ਹੈ।’’ ਉਸ ਲੇਖਕ ਨੇ ਨੇਵੀ ਦੇ ਉੱਪਰਲੇ ਬੋਰਡ ਨੂੰ ਲਿਖਿਆ ਕਿ ਇਹ ਹਵਾਈ ਜਹਾਜ਼ ਸ਼ੁੱਕਰ ਗ੍ਰਹਿ ਵੱਲ ਨੂੰ ਉੱਡ ਗਏ।
ਫਰਵਰੀ 1964 ਨੂੰ ਵਿਨਸੈਂਟ ਗੈਡੀਜ਼ ਨੇ ਪਲਪ ਮੈਗਜ਼ੀਨ ਆਰਗੋਸੀ ਵਿੱਚ ‘ਦਿ ਡੈਡਲੀ ਬਰਮੂਡਾ-ਟਰਾਈਐਂਗਲ’ ਸਿਰਲੇਖ ਹੇਠ ਆਰਟੀਕਲ ਲਿਖਿਆ ਜਿਸ ਵਿੱਚ ਹਵਾਈ ਜਹਾਜ਼ਾਂ ਤੇ ਸਮੁੰਦਰੀ ਜਹਾਜ਼ਾਂ ਦੇ ਇੰਜ ਗੁੰਮ ਹੋਣ ਨੂੰ ਅਜੀਬੋ-ਗਰੀਬ ਘਟਨਾਵਾਂ ਦਾ ਹਿੱਸਾ ਮੰਨਿਆ। ਉਸ ਤੋਂ ਅਗਲੇ ਸਾਲ ਵਿਨਸੈਂਟ ਗੈਡੀਜ਼ ਨੇ ਇਸ ਵਿਸ਼ੇ ਨਾਲ ਸਬੰਧਿਤ ਲੇਖਾਂ ਦੀ ਆਪਣੀ ਕਿਤਾਬ ਛਪਵਾਈ ਜਿਸ ਦਾ ਨਾਂ ਸੀ, ‘ਇਨਵਿਜ਼ੀਬਲ ਹੌਰਾਈਜ਼ਨਜ਼’। ਉਸ ਤੋਂ ਬਾਅਦ ਤਾਂ ਇਸ ਵਿਸ਼ੇ ਨਾਲ ਕਿਤਾਬਾਂ ਦੀ ਭਰਮਾਰ ਹੀ ਹੋ ਗਈ। 1969 ਵਿੱਚ ਜੌਹਨ ਵੌਲਸ ਦੀ ਕਿਤਾਬ ‘ਲਿੰਬੋ ਔਫ ਦਿ ਲੌਸਟ’ ਆਈ। 1974 ਵਿੱਚ ਚਾਰਲਸ ਬਰਲਿਟਜ਼ ਦੀ ‘ਦਿ ਬਰਮੂਡਾ-ਟਰਾਈਐਂਗਲ’ ਆਈ ਤੇ ਉਸ ਦੇ ਮਗਰ ਹੀ ਰਿਚਰਡ ਵਾਈਨਰ ਦੀ ‘ਦਿ ਡੈਵਲ’ਜ਼ ਟਰਾਈਐਂਗਲ’ ਛਪੀ। ਇਸ ਤੋਂ ਬਾਅਦ ਤਾਂ ਪਤਾ ਨਹੀਂ ਕਿੰਨੀਆਂ ਕਿਤਾਬਾਂ, ਫਿਲਮਾਂ, ਡਾਕੂਮੈਂਟਰੀਜ਼ ਇਸ ਵਿਸ਼ੇ ਨੂੰ ਲੈ ਕੇ ਬਣੀਆਂ। ਕਈ ਲੇਖਕਾਂ ਨੇ ਬਰਮੂਡਾ-ਟਰਾਈਐਂਗਲ ਨੂੰ ਇਵੇਂ ਹਊਆ ਬਣਾਕੇ ਪੇਸ਼ ਕੀਤਾ ਕਿ ਲੋਕ ਇਸ ਇਲਾਕੇ ਦਾ ਸਫ਼ਰ ਕਰਨ ਤੋਂ ਡਰਨ ਲੱਗੇ। ਫਿਲਮਾਂ ਵਾਲਿਆਂ ਨੂੰ ਤਾਂ ਇਹ ਵਿਸ਼ਾ ਬਹੁਤ ਰੁਮਾਂਚਿਤ ਕਰਦਾ ਹੈ, ਇਸ ਲਈ ਦਰਜਨਾਂ ਫਿਲਮਾਂ ਬਣੀਆਂ ਜਿਨ੍ਹਾਂ ਨੇ ਕਮਾਈ ਵੀ ਖੂਬ ਕੀਤੀ ਹੈ।
ਇਸ ਤੋਂ ਬਹੁਤ ਪਹਿਲਾਂ ਦੀ ਗੱਲ ਕਰੀਏ ਤਾਂ ਕ੍ਰਿਸਟੋਫਰ ਕੋਲੰਬਸ ਭਾਰਤ ਲੱਭਣ ਦੇ ਬਹਾਨੇ ਜਦੋਂ ਅਮਰੀਕਾ ਜਾ ਪੁੱਜਾ ਸੀ ਤਾਂ ਉਹ ਇਸੇ ਰਸਤੇ ਗਿਆ ਸੀ। ਉਸ ਨੇ ਰਾਹ ਵਿੱਚ ਅਜੀਬ ਰੌਸ਼ਨੀਆਂ ਮਿਲਣ ਦਾ ਜ਼ਿਕਰ ਕੀਤਾ ਹੈ ਕਿ ਰਾਤ ਵੇਲੇ ਅੱਗ ਦਾ ਇੱਕ ਗੋਲਾ ਅਸਮਾਨ ਵਿੱਚ ਉੱਠਦਾ ਤੇ ਸਮੁੰਦਰ ਵਿੱਚ ਡਿੱਗ ਪੈਂਦਾ ਸੀ। ਵਿਲੀਅਮ ਸ਼ੈਕਸਪੀਅਰ ਤਾਂ ਬਰਮੂਡਾ ਵਿੱਚ ਡੁੱਬਣ ਵਾਲੇ ਜਹਾਜ਼ਾਂ ਬਾਰੇ ਨਾਟਕ ਵੀ ਲਿਖਦਾ ਹੈ। ਉਸ ਨੇ 1609 ਵਿੱਚ ਨਾਟਕ ਲਿਖਿਆ ਜਿਸ ਦਾ ਨਾਂ ਸੀ ‘ਦਿ ਟੈਂਪਿਸਟ ਐਂਡ ਦਿ ਬਰਮੂਡਾ ਸ਼ਿਪਰੈੱਕ’। ਉਸ ਵੇਲੇ ਇਸ ਇਲਾਕੇ ਨੂੰ ਹਾਲੇ ਬਰਮੂਡਾ-ਟਰਾਈਐਂਗਲ ਦਾ ਨਾਂ ਨਹੀਂ ਸੀ ਦਿੱਤਾ ਗਿਆ।
ਇਨ੍ਹਾਂ ਵਾਹਨਾਂ ਦੇ ਗੁੰਮ ਹੋਣ ਬਾਰੇ ਕਈ ਵਿਲੱਖਣ ਧਾਰਨਾਵਾਂ ਹਨ। ਕਈ ਕਹਿੰਦੇ ਹਨ ਕਿ ਏਲੀਅਨ ਇਨ੍ਹਾਂ ਜਹਾਜ਼ਾਂ ਨੂੰ ਗਾਇਬ ਕਰ ਦਿੰਦੇ ਹਨ। ਕਈਆਂ ਦਾ ਕਹਿਣਾ ਹੈ ਕਿ ਐਂਟਲਾਟਿਕ ਸਾਗਰ ਦੇ ਹੇਠਾਂ ਵੀ ਇੱਕ ਦੁਨੀਆ ਵਸਦੀ ਹੈ। ਐਟਲਾਂਟਿਕ ਮਹਾਂਸਾਗਰ ਮੱਧ-ਵਿਚਕਾਰ ਗਰਕ ਹੋਏ ਮਿੱਥਕ-ਸ਼ਹਿਰ ਐਟਲਾਂਟੀਜ਼ ਨਾਲ ਤਾਂ ਇਸ ਨੂੰ ਜੋੜਦੇ ਹੀ ਹਨ ਕਿ ਸ਼ਹਿਰ ਵਿੱਚੋਂ ਉੱਠਦੀ ‘ਕ੍ਰਿਸਿਟਲ-ਐਨਰਜ਼ੀ’ ਦੀ ਖਿੱਚ ਕਾਰਨ ਸ਼ਿਪ-ਪਲੇਨ ਹੇਠਾਂ ਵੱਲ ਖਿੱਚੇ ਜਾਂਦੇ ਹਨ।
ਸਮੁੰਦਰ ਵਿੱਚ ਲਾਵਾਰਸ ਫਿਰਦੇ ਜਹਾਜ਼ਾਂ ਨੂੰ ਵੀ ਇਸ ਇਲਾਕੇ ਨਾਲ ਜੋੜ ਦਿੱਤਾ ਜਾਂਦਾ ਹੈ। ਕਈ ਵਾਰ ਪੁਰਾਣੇ ਲਾਵਾਰਸ ਫਿਰਦੇ ਜਹਾਜ਼ ਕੰਢੀਂ ਲੱਗਦੇ ਦਿਸ ਜਾਂਦੇ ਹਨ ਜਿਵੇਂ ਕਿ ਕੁਝ ਸਾਲ ਪਹਿਲਾਂ ਜੰਗਾਲ ਦਾ ਖਾਧਾ ਹੋਇਆ ਜਹਾਜ਼ ਮੁੰਬਈ ਦੇ ਤੱਟ ’ਤੇ ਆ ਲੱਗਾ ਸੀ, ਉਸ ਉੱਪਰ ਪਿੱਛੇ ਜਿਹੇ ਇੱਕ ਫਿਲਮ ਵੀ ਬਣੀ ਸੀ, ਅਜਿਹੇ ਜਹਾਜ਼ ਵੀ ਬਰਮੂਡਾ-ਟਰਾਈਐਂਗਲ ਦੇ ਹਿਸਾਬ ਵਿੱਚ ਹੀ ਪੈ ਜਾਂਦੇ ਹਨ।
ਸੰਤੁਲਿਤ ਦਿਮਾਗ਼ ਵਾਲੇ ਲੋਕ ਇਸ ਨੂੰ ਕਿਸੇ ਗਾਇਬੀ ਤਾਕਤ ਨਾਲ ਜੋੜਨ ਦੀ ਥਾਵੇਂ ਇਸ ਦੇ ਕਾਰਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਜਿਉਲੌਜੀਕਲ ਜਾਂ ਹਾਈਡਰੋਲੌਜੀਕਲ ਵਿਆਖਿਆ ਵਿੱਚ ਵੀ ਇਸ ਦੇ ਕਾਰਨ ਪਏ ਹੋ ਸਕਦੇ ਹਨ। ਖਾਸ ਕਿਸਮ ਦੀਆਂ ਗੈਸਾਂ ਜਾਂ ਸਮੁੰਦਰੀ ਵਾਵਰੋਲੇ ਵੀ ਕਾਰਨ ਹੋ ਸਕਦੇ ਹਨ। ਇੱਕ ਗੱਲ ਸਾਫ਼ ਹੈ ਕਿ ਇੱਥੇ ਸਮੁੰਦਰ ਬਹੁਤ ਆਕਰਮਕ ਹੈ, ਬਹੁਤ ਉੱਚੀਆਂ ਤੇ ਵੱਡੀਆਂ ਲਹਿਰਾਂ ਉੱਠਦੀਆਂ ਰਹਿੰਦੀਆਂ ਹਨ। ਸੋ ਖਰਾਬ ਮੌਸਮ ਵੀ ਇਸ ਗੁੰਮਸ਼ੁਦਗੀ ਦਾ ਕਾਰਨ ਹੋ ਸਕਦਾ ਹੈ। ਬਹੁਤ ਲੋਕ ਆਖਦੇ ਹਨ ਕਿ ਇਹ ਸਭ ਇਨਸਾਨੀ ਗ਼ਲਤੀ ਕਾਰਨ ਹੀ ਹੋ ਰਿਹਾ ਹੈ। ਜੇ ਕੁਲ ਮਿਲਾ ਕੇ ਹਾਦਸਿਆਂ ਦੀ ਅਨੁਪਾਤ ਦੇਖੀ ਜਾਵੇ ਤਾਂ ਇਸ ਇਲਾਕੇ ਦੀਆਂ ਘਟਨਾਵਾਂ ਵਿੱਚ ਬਹੁਤਾ ਵੱਡਾ ਫਰਕ ਨਹੀਂ ਬਣਦਾ। ਪਰ ਇਨ੍ਹਾਂ ਹਾਦਸਿਆਂ ਨਾਲ ਜੁੜੀਆਂ ਕਹਾਣੀਆਂ ਕੁਝ ਅਜੀਬ ਰੂਪ ਧਾਰਨ ਕਰ ਲੈਂਦੀਆਂ ਹਨ।
ਇਸ ਇਲਾਕੇ ਦਾ ਇੱਕ ਹੋਰ ਮਸਲਾ ਹੈ ਕਿ ਇੱਥੇ ਆ ਕੇ ਬਹੁਤ ਸਾਰੇ ਵਾਹਨਾਂ ਦੇ ਕੰਪਾਸ ਕੰਮ ਕਰਨੋਂ ਹਟ ਜਾਂਦੇ ਹਨ, ਭਾਵ ਸਿਗਨਲ ਨਹੀਂ ਦਿੰਦੇ ਜਾਂ ਗ਼ਲਤ ਸਿਗਨਲ ਦਿੰਦੇ ਹਨ। ਕਈ ਵਾਰ ਕੰਪਾਸ ਤੇਜ਼-ਤੇਜ਼ ਘੁੰਮਣ ਲੱਗਦੇ ਹਨ। ਜਦੋਂਕਿ ਕੰਪਾਸ ਨੇ ਉੱਤਰੀ ਧਰੁਵ ਵੱਲ ਰਹਿਣਾ ਹੁੰਦਾ ਹੈ ਤੇ ਚਾਲਕਾਂ ਨੇ ਡਿਗਰੀ ਦੇ ਹਿਸਾਬ ਨਾਲ ਆਪਣੇ ਰਾਹ ਦੀ ਨਿਸ਼ਾਨਦੇਹੀ ਕਰਨੀ ਹੁੰਦੀ ਹੈ, ਪਰ ਇੱਥੇ ਆ ਕੇ ਬਹੁਤ ਸਾਰੇ ਕੰਪਾਸ ਨੌਰਥ ਪੋਲ ਦੀ ਥਾਂ ‘ਮੈਗਨੈਟਿਕ-ਨੌਰਥ’ ਵੱਲ ਇਸ਼ਾਰਾ ਕਰਨ ਲੱਗਦੇ ਹਨ, ਇਹ ਜਗ੍ਹਾ ਕੈਨੇਡਾ ਵਿੱਚ ਹੈ। ਕੁਝ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੈਗਨੈਟਿਕ-ਫੋਰਸਿਜ਼ ਰੇਡੀਓ ਕੰਟਰੋਲ ਨੂੰ ਖ਼ਰਾਬ ਕਰ ਦਿੰਦੀਆਂ ਹਨ ਜਿਸ ਕਾਰਨ ਹਾਦਸੇ ਹੋ ਜਾਂਦੇ ਹਨ। ਹਾਦਸਾਗ੍ਰਸਤ ਜਹਾਜ਼ਾਂ ਦੇ ਮਲਬੇ ਦਾ ਨਾ ਮਿਲਣ ਦਾ ਇੱਕ ਕਾਰਨ ਇਹ ਵੀ ਹੈ ਕਿ ਇੱਥੇ ਸਮੁੰਦਰ ਕਾਫ਼ੀ ਡੂੰਘਾ ਹੈ। ਇੱਥੇ ਬੱਦਲਾਂ ਦੀ ਬਿਜਲੀ ਵੀ ਜ਼ਿਆਦਾ ਵਿਸਫੋਕਟ ਦੱਸੀ ਜਾਂਦੀ ਹੈ।
ਨੈਸ਼ਨਲ ਓਸ਼ਨਿਕ ਐਂਡ ਐਟਮੌਸਫੀਅਰਿਕ ਐਡਮਿਨਿਸਟ੍ਰੇਸ਼ਨ’ (ਸਮੁੰਦਰੀ ਮੌਸਮ ਨਾਲ ਜੁੜੀ ਸੰਸਥਾ) ਅਨੁਸਾਰ ਗਾਇਬੀ-ਸ਼ਕਤੀ ਦੇ ਜਾਂ ਭੇਦ-ਭਰੇ ਹਾਲਾਤ ਦੇ ਕੋਈ ਸਬੂਤ ਨਹੀਂ ਮਿਲਦੇ। ਸਭ ਹਾਦਸੇ ਆਮ ਵਾਂਗ ਵਾਪਰਦੇ ਹਨ ਜਿਵੇਂ ਹੋਰਨਾਂ ਥਾਵਾਂ ’ਤੇ ਵਾਪਰਿਆ ਕਰਦੇ ਹਨ। ਇਹ ਇਲਾਕਾ ਬਹੁਤ ਵਿਅਸਤ ਰੂਟ ਹੈ, ਉਸ ਹਿਸਾਬ ਨਾਲ ਹਾਦਸੇ ਏਨੇ ਵਧੇਰੇ ਨਹੀਂ ਹਨ। ਕੁਝ ਵੀ ਗੈਰ-ਕੁਦਰਤੀ ਨਾ ਹੋਣ ਦਾ ਇੱਕ ਸਬੂਤ ਇਹ ਵੀ ਦਿੱਤਾ ਜਾਂਦਾ ਹੈ ਕਿ ਇੱਧਰੋਂ ਦੀ ਲੰਘਣ ਵਾਲੇ ਜਹਾਜ਼ਾਂ (ਪਾਣੀ ਵਾਲੇ ਤੇ ਹਵਾਈ) ਦੀ ਇੰਸ਼ੋਰੈਂਸ ਵਿੱਚ ਕੋਈ ਫਰਕ ਨਹੀਂ ਹੁੰਦਾ। ਇਸੇ ਵਿਚਾਰ ਦੇ ਹੱਕ ਵਿੱਚ ਇੱਕ ਹੋਰ ਦਲੀਲ ਵੀ ਦਿੱਤੀ ਜਾਂਦੀ ਹੈ ਕਿ 2013 ਵਿੱਚ ਸ਼ਿਪਿੰਗ ਲਈ ਸਭ ਤੋਂ ਵੱਧ ਦਸ ਖ਼ਤਰਨਾਕ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ, ਉਸ ਵਿੱਚ ਬਰਮੂਡਾ-ਟਰਾਈਐਂਗਲ ਨਹੀਂ ਆਉਂਦਾ। ਹਰ ਰੋਜ਼ ਮਿਆਮੀ ਤੋਂ ਸੈਨ-ਹੁਆਨ ਤੇ ਪਿਓਰਿਟੋ ਰੀਕੋ ਲਈ ਅਣਗਿਣਤ ਜਹਾਜ਼ ਚੱਲਦੇ ਹਨ, ਕਦੇ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ। ਸੋ ਬਰਮੂਡਾ-ਟਰਾਈਐਂਗਲ ਨੂੰ ਐਡਾ ਵੱਡਾ ਹਊਆ ਬਣਾ ਕੇ ਖੜ੍ਹਾ ਕਰ ਦੇਣਾ ਲੇਖਕਾਂ ਤੇ ਫਿਲਮਸਾਜ਼ਾਂ ਦੇ ਹਿੱਸੇ ਆਉਂਦਾ ਹੈ। ਪਰ ਇਹ ਵੀ ਸੱਚ ਹੈ ਕਿ ਕੋਈ ਵੀ ਵਿਗਿਆਨੀ ਇਸ ਨਾਲ ਸਬੰਧਿਤ ਘਟਨਾਵਾਂ ਬਾਰੇ ਸਹੀ ਜਵਾਬ ਨਹੀਂ ਦੇ ਸਕਿਆ।
ਈ-ਮੇਲ : harjeetatwal@hotmail.co.uk