ਸਰਬਜੀਤ ਸੋਹੀ
ਡਾ. ਸੁਖਪਾਲ ਸਿੰਘ ਥਿੰਦ ਅਧਿਆਪਨ ਦੇ ਨਾਲ ਨਾਲ ਸਾਹਿਤਕਾਰੀ ਨਾਲ ਜੁੜਿਆ ਸੰਜੀਦਾ ਹਸਤਾਖ਼ਰ ਹੈ। ਆਲੋਚਨਾ ਦੀਆਂ ਚਾਰ ਜ਼ਿਕਰਯੋਗ ਕਿਤਾਬਾਂ ਦੇ ਨਾਲ-ਨਾਲ ਸਫ਼ਰਨਾਮਾ ਸਾਹਿਤ ਵਿੱਚ ਉਸ ਦੀ ਪੁਸਤਕ ਯਾਤਰਾ ਵਿਸ਼ੇਸ਼ ਥਾਂ ਰੱਖਦੀ ਹੈ। ਉਸ ਦੀ ਲੇਖਣ ਸ਼ੈਲੀ ਵਿੱਚੋਂ ਹੀ ਗਲਪਕਾਰੀ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਸਨ। ਇੱਕ ਚੰਗੀ ਬਿਰਤਾਂਤਿਕ ਸ਼ੈਲੀ ਬਿਆਨ ਦੇ ਨਾਲ ਨਾਲ ਜਦੋਂ ਗਿਆਨ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦੀ ਹੈ ਤਾਂ ਪਾਠਕ ਵਹਾਅ ਵਿੱਚ ਵਹਿ ਜਾਂਦਾ ਹੈ। ਸੁਖਪਾਲ ਦੀਆਂ ਲਿਖਤਾਂ ਵਿੱਚ ਇਹ ਜੁਗਤ ਬਹੁਤ ਪ੍ਰਭਾਵਸ਼ਾਲੀ ਰੂਪ ਵਿੱਚ ਉੱਭਰ ਕੇ ਸਾਹਮਣੇ ਹੁੰਦੀ ਹੈ। ਕੁੱਝ ਸਮਾਂ ਪਹਿਲਾਂ ਉਸ ਦੀ ਇੱਕ ਕਹਾਣੀ ‘ਫੁੱਲਾਂ ਦੀ ਫ਼ਸਲ’ ਪ੍ਰਕਾਸ਼ਿਤ ਹੋਈ ਸੀ, ਵਾਰਤਕ ਪੜ੍ਹਨ ਵਾਲੇ ਪਾਠਕ ਦਾਇਰੇ ਵੱਲੋਂ ਜਿੱਥੇ ਇਹ ਕਹਾਣੀ ਬਹੁਤ ਪਸੰਦ ਕੀਤੀ ਗਈ, ਉੱਥੇ ਸਾਹਿਤਕਾਰਾਂ ਵੱਲੋਂ ਵੀ ਇਸ ਦੀ ਤਾਰੀਫ਼ ਵਿੱਚ ਲਿਖਿਆ ਪੜ੍ਹਣ ਨੂੰ ਮਿਲਿਆ ਸੀ। ਇਸ ਕਹਾਣੀ ਨੇ ਸੁਖਪਾਲ ਥਿੰਦ ਦੇ ਅੰਦਰ ਛੁਪੇ ਹੋਏ ਕਹਾਣੀਕਾਰ ਨੂੰ ਹਲੂਣ ਕੇ ਜਗਾ ਦਿੱਤਾ। ਸੋ ਇਹ ਕਹਾਣੀ ਨਾ ਸਿਰਫ਼ ਹੱਥਲੀ ਕਿਤਾਬ ਦਾ ਸਿਰਲੇਖ ਹੈ, ਸਗੋਂ ਇਸ ਕਿਤਾਬ ਅਤੇ ਅਗਲੇ ਰਚਨਾਤਮਕ ਸਫ਼ਰ ਦੀ ਬੁਨਿਆਦ ਕਹੀ ਜਾ ਸਕਦੀ ਹੈ। ਇਸ ਕਹਾਣੀ ਸੰਗ੍ਰਹਿ ਵਿੱਚ ਕੁੱਲ ਪੰਜ ਕਹਾਣੀਆਂ ਸ਼ਾਮਲ ਹਨ।
ਪਹਿਲੀ ਕਹਾਣੀ ‘ਸਾਝਾਂ ਦੀ ਸ਼ਤਰੰਜ’ ਵਿੱਦਿਅਕ ਅਦਾਰਿਆਂ ਵਿੱਚ ਪਸਰੀ ਹੋਈ ਗਰੁੱਪਬਾਜ਼ੀ ਅਤੇ ਰਾਜਨੀਤਕ ਖਿੱਚੋਤਾਣ ਨੂੰ ਬਹੁਤ ਖ਼ੂਬਸੂਰਤੀ ਨਾਲ ਬਿਆਨ ਕਰਦੀ ਹੈ। ਇੱਕ ਕਾਲਜ ਅਧਿਆਪਕ ਹੋਣ ਦੇ ਨਾਤੇ ਅਤੇ ਲੰਬੇ ਸਮੇਂ ਤੋਂ ਇਸ ਕਿੱਤੇ ਨਾਲ ਜੁੜੇ ਹੋਣ ਕਰਕੇ ਸੁਖਪਾਲ ਥਿੰਦ ਦੇ ਅਨੁਭਵ ਬਹੁਤ ਨੇੜੇ ਦੇ ਹਨ। ਉਹ ਇਸ ਮਾਹੌਲ ਵਿੱਚ ਆਧੁਨਿਕ ਹੋਣ ਦਾ ਦਾਅਵਾ ਕਰਨ ਵਾਲੇ ਅਤੇ ਬੌਧਿਕ ਤੌਰ ’ਤੇ ਸੁਲਝੇ ਹੋਏ ਲੋਕਾਂ ਦੀ ਮਾਨਸਿਕ ਕੰਗਾਲੀ ਅਤੇ ਵਿਰੋਧ ਲਈ ਵਰਤੇ ਜਾਂਦੇ ਹੱਥਕੰਡਿਆਂ ਨੂੰ ਬਾਖ਼ੂਬੀ ਨਾਲ ਚਿਤਰਦਾ ਹੈ। ਇਸ ਰਾਹੀਂ ਉਹ ਔਰਤ ਅਧਿਆਪਕਾਂ ਦੁਆਲੇ ਬੁਣੀਆਂ ਪਿੱਤਰ ਸੱਤਾ ਦੀਆਂ ਤਾਰਾਂ ਅਤੇ ਜਗੀਰੂ ਮਾਨਸਿਕਤਾ ਦੇ ਬਹੁਤ ਬਾਰੀਕ ਨੁਕਤੇ ਛੋਂਹਦਾ ਹੋਇਆ ਸੰਸਥਾਵਾਂ ਵਿੱਚ ਮਰਦਾਵੀਂ ਬਣਤਰ ਅਤੇ ਸੱਤਾ ਦੇ ਪ੍ਰਵਚਨ ਵਿੱਚ ਭਿੜਦੇ ਵਿਚਾਰਾਂ ਨੂੰ ਅਲੱਗ ਅਲੱਗ ਦ੍ਰਿਸ਼ਟੀਕੋਣ ਤੋਂ ਬਿਆਨ ਕਰਦਾ ਹੈ। ‘ਸਾਝਾਂ ਦੀ ਸ਼ਤਰੰਜ’ ਰਾਹੀਂ ਉਹ ਵਿੱਦਿਅਕ ਅਦਾਰਿਆਂ ਵਿੱਚ ਵਿਚਾਰਧਾਰਕ ਸਾਝਾਂ/ਵਿਰੋਧਾਂ ਅਤੇ ਗੁੱਟਬੰਦੀਆਂ ਨੂੰ ਬੜੇ ਸਹਿਜ ਅਤੇ ਨਾਟਕੀ ਤਰੀਕੇ ਨਾਲ ਪਾਤਰਾਂ ਰਾਹੀਂ ਸਾਹਮਣੇ ਲੈ ਕੇ ਆਉਂਦਾ ਹੈ। ਇਸ ਕਹਾਣੀ ਸੰਗ੍ਰਹਿ ਦੀ ਦੂਜੀ ਕਹਾਣੀ ‘ਕਾਲਖ਼ ਕੋਠੜੀ’ ਰਾਜਨੀਤਕ ਸਬੰਧਾਂ ਅਤੇ ਰਾਬਤਿਆਂ ਦਾ ਮੁਲਾਹਜ਼ਾ ਕਰਦੀ ਹੋਈ ਇਸ ਖੇਤਰ ਦੀਆਂ ਵਿਸੰਗਤੀਆਂ, ਵਿਭਚਾਰੀਆਂ ਨੂੰ ਪੇਸ਼ ਕਰਦੀ ਹੈ। ਇਸ ਵਿੱਚ ਜਿੱਥੇ ਆਜ਼ਾਦੀ ਤੋਂ ਬਾਅਦ ਕਾਂਗਰਸ/ਅਕਾਲੀ ਸੱਤਾ ਤਬਦੀਲੀ ਦੇ ਬਦਲ ਵਜੋਂ ਨਵੀਂ ਧਿਰ ਦੇ ਉਥਾਨ, ਰੁਝਾਨ ਅਤੇ ਸੀਮਾਵਾਂ ’ਤੇ ਰੋਸ਼ਨੀ ਪਾਈ ਗਈ ਹੈ, ਉੱਥੇ ਪੰਜਾਬ ਦੇ ਰਾਜਨੀਤਕ ਨਾਸੂਰ ਦੀ ਕਸਕ ਬਹੁਤ ਖ਼ੂਬਸੂਰਤੀ ਨਾਲ ਬਿਆਨੀ ਗਈ ਹੈ। ਪ੍ਰਤਾਪ ਸਿੰਘ ਉਸ ਧਿਰ ਦਾ ਪ੍ਰਤੀਨਿਧ ਹੈ, ਜੋ ਦਿੱਲੀ ਦੁਆਰਾ ਪੰਜਾਬ ਦੇ ਸਵੈਮਾਣ ਨੂੰ ਮਧੋਲੇ ਜਾਣ ਤੋਂ ਬਾਅਦ ਭਾਰਤੀ ਲੋਕਤੰਤਰ ਤੋਂ ਬਹੁਤਾ ਆਸਵੰਦ ਨਹੀਂ ਹੈ, ਜਦੋਂਕਿ ਜੁਝਾਰ ਨਵੀਂ ਪੀੜ੍ਹੀ ਦਾ ਉਤਸ਼ਾਹੀ ਨੌਜਵਾਨ ਆਗੂ ਹੈ, ਜੋ ਵੋਟਾਂ ਰਾਹੀਂ ਪੰਜਾਬ ਦੀ ਹੋਣੀ ਬਦਲਣ ਲਈ ਰਾਜਨੀਤਕ ਪਿੜ ਵਿੱਚ ਉਤਰਨਾ ਚਾਹੁੰਦਾ ਹੈ। ਸੁਖਪਾਲ ਥਿੰਦ ਨੇ ਇਸ ਕਹਾਣੀ ਰਾਹੀਂ ਵਿਚਾਰਾਂ ਦੀ ਗਤੀਸ਼ੀਲਤਾ ਅਤੇ ਨਵੀਆਂ ਸੰਭਾਵਨਾਵਾਂ ਨੂੰ ਨੌਜਵਾਨ ਵਰਗ ਦੀ ਸੋਚਣੀ ਰਾਹੀਂ ਵਿਅਕਤ ਕੀਤਾ ਹੈ। ਇਹ ਕਹਾਣੀ ਰਾਜਨੀਤਕ ਗਰੁੱਪਬਾਜ਼ੀ ਵਿੱਚ ਵਰਤੇ ਜਾਂਦੇ ਘਟੀਆ ਹੱਥਕੰਡਿਆਂ, ਨੀਵੇਂ ਪੱਧਰ ਦੀ ਬਿਆਨਬਾਜ਼ੀ, ਜਾਤੀਵਾਦੀ ਪਹੁੰਚ ਅਤੇ ਮੀਡੀਆ ਵੱਲੋਂ ਸਨਸਨੀ ਪੈਦਾ ਕਰਕੇ ਸੁਰਖੀਆਂ ਬਟੋਰਨ ਦੀ ਸ਼ੈਲੀ ਨੂੰ ਵੀ ਆਪਣੀ ਬੁੱਕਲ ਵਿੱਚ ਸਮੇਟਦੀ ਹੋਈ ਸਮੁੱਚੇ ਭਾਰਤੀ ਰਾਜਨੀਤਕ ਮਾਹੌਲ ਦੀ ਮੰਜ਼ਰ-ਨਿਗਾਰੀ ਕਰਦੀ ਹੈ।
ਤੀਜੀ ਕਹਾਣੀ ‘ਫੁੱਲਾਂ ਦੀ ਫ਼ਸਲ’ ਭਾਰਤ ਦੀਆਂ ਵਿੱਦਿਅਕ ਨੀਤੀਆਂ ਅਤੇ ਨੌਕਰੀਆਂ ਦੇ ਹਾਲਾਤ ’ਤੇ ਚਾਨਣਾ ਪਾਉਂਦੀ ਹੈ। ਇਹ ਕਹਾਣੀ ਨਵੀਂ ਅਤੇ ਪੁਰਾਣੀ ਪੀੜ੍ਹੀ ਵਿੱਚ ਵਿਚਾਰਧਾਰਕ ਟਕਰਾਅ ਦੀਆਂ ਕਈ ਪਰਤਾਂ ਉਧੇੜਦੀ ਹੈ। ਕਿੱਤੇ ਦੀ ਚੋਣ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਪ੍ਰਾਪਤ ਕਰਨ ਵਿੱਚ ਆਉਂਦੀਆਂ ਕਠਿਨਾਈਆਂ ਅਤੇ ਆਰਥਿਕ ਮੁਸ਼ਕਲਾਂ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ। ਨਵੀਂ ਅਤੇ ਪੁਰਾਣੀ ਪੀੜ੍ਹੀ ਵਿੱਚ ਕਦਰਾਂ-ਕੀਮਤਾਂ, ਫਰਜ਼ਾਂ, ਜ਼ਿੰਮੇਵਾਰੀਆਂ ਦੇ ਪੱਖ ਤੋਂ ਭਖਵੀਂ ਵਿਚਾਰਧਾਰਕ ਖਹਬਿਾਜ਼ੀ ਚੱਲਦੀ ਹੈ। ਨਵੀਂ ਪੀੜ੍ਹੀ ਨੂੰ ਮੁਕਤੀ ਅਤੇ ਆਜ਼ਾਦੀ ਦੀ ਤਾਂਘ ਲਈ ਬੇਗਾਨੇ ਮੁਲਕ ਸੁਪਨਿਆਂ ਦੀ ਧਰਤੀ ਪ੍ਰਤੀਤ ਹੁੰਦੇ ਹਨ। ਇਹ ਕਹਾਣੀ ਟੁੱਟਦੇ-ਜੁੜਦੇ ਰਿਸ਼ਤਿਆਂ ਦੀ ਕਸਕ ਅਤੇ ਕਿਰਿਆਸ਼ੀਲਤਾ ਨੂੰ ਸਮਾਜਿਕ ਵਿਉਂਤਬੰਦੀ ਅਤੇ ਵਿਅਕਤੀਗਤ ਮਨੋ-ਵਿਹਾਰ ਦੋਵੇਂ ਪੱਖਾਂ ਤੋਂ ਪੇਸ਼ ਕਰਦੀ ਹੈ।
ਅਗਲੀ ਕਹਾਣੀ ‘ਵਾਰਸ ਪੰਜਾਬ ਦੇ’ ਕਾਲੇ ਦੌਰ ਦੇ ਦੁੱਖਦ ਪਹਿਲੂਆਂ ’ਤੇ ਰੋਸ਼ਨੀ ਪਾਉਂਦੀ ਹੈ। ਇਸ ਵਿੱਚ ਪਰਵਾਸੀ ਜੀਵਨ ਦੌਰਾਨ ਜੜ੍ਹਾਂ ਨਾਲੋਂ ਟੁੱਟਣ ਦੀ ਪੀੜ ਅਤੇ ਉੱਥੋਂ ਦੇ ਸਮਾਜ ਦੀਆਂ ਚੁਣੌਤੀਆਂ ਦਾ ਵਰਨਣ ਹੈ, ਪਰ ਮੂਲ ਰੂਪ ਵਿੱਚ ਇਹ ਪੰਜਾਬ ਸੰਕਟ ਦੌਰਾਨ ਪੰਜਾਬ ਦੇ ਵਿੱਦਿਅਕ ਅਦਾਰਿਆਂ ਵਿੱਚ ਪੈਦਾ ਹੋਏ ਫਿਰਕੂ ਮਾਹੌਲ ਅਤੇ ਨਕਲ ਦੇ ਕੋਹੜ ਬਾਰੇ ਬਹੁਤ ਜ਼ਮੀਨੀ ਪੱਧਰ ਦੀ ਜਾਣਕਾਰੀ ਦਿੰਦੀ ਹੈ। ਉਸ ਕਾਲੇ ਦੌਰ ਵਿੱਚ ਪੰਜਾਬ ਦੀ ਭਾਈਚਾਰਕ ਸਾਂਝ ਕਿਵੇਂ ਕਲੰਕਿਤ ਹੋਈ, ਇਸ ਕਹਾਣੀ ਰਾਹੀਂ ਵਿਗੜੇ ਹੋਏ ਹਥਿਆਰਬੰਦ ਨੌਜਵਾਨਾਂ ਦੀਆਂ ਆਪਹੁਦਰੀਆਂ ਅਤੇ ਬੁਰਛਾ-ਗਰਦੀਆਂ ਨੂੰ ਬਿਆਨ ਕਰਦਿਆਂ ਲਏ ਗਏ ਪਾਤਰ ਉਸ ਵੇਲੇ ਦੇ ਨੌਜਵਾਨ ਵਰਗ ਦੇ ਪ੍ਰਤੀਨਿਧ ਹਨ। ਇਸ ਕਹਾਣੀ ਵਿੱਚ ਕਾਲਜ ਵਿੱਚ ਲਏ ਚਾਰ ਨੌਜਵਾਨ ਪਾਤਰ, ਉਨ੍ਹਾਂ ਦੀ ਵਿਚਾਰਧਾਰਾ, ਵਿਵਹਾਰ ਅਤੇ ਸਰਗਰਮੀ ਤੋਂ ਖਾੜਕੂਵਾਦ ਦੇ ਗੁੱਝੇ ਪਹਿਲੂਆਂ ਤੋਂ ਦ੍ਰਿਸ਼ਟੀਗੋਚਰ ਹੁੰਦੇ ਹਨ। ਇਸ ਕਹਾਣੀ ਸੰਗ੍ਰਹਿ ਦੀ ਅੰਤਿਮ ਕਹਾਣੀ ‘ਸੰਤ ਦਾ ਕਤਲ’ ਸਮਾਜ ਵਿੱਚ ਧਾਰਮਿਕ ਵਿਚਾਰਾਂ ਦੇ ਅੰਤਰ ਦੇ ਚੱਲਦੇ ਪੈਦਾ ਹੁੰਦੇ ਹਿੰਸਕ ਵਿਵਹਾਰ ਅਤੇ ਜਾਤੀਵਾਦੀ ਵਖਰੇਵਿਆਂ ਤਹਿਤ ਦੋ ਪਰਸਪਰ ਖੇਮਿਆਂ ਦੀ ਮਨੋ-ਦਸ਼ਾ ਨੂੰ ਪੇਸ਼ ਕਰਦੀ ਹੈ। ਇਹ ਭਾਰਤੀ ਡੇਰਾਵਾਦ ਦੇ ਗੰਦ ਅਤੇ ਜਾਤੀ ਭੇਦ-ਭਾਵ ਦੀ ਪ੍ਰਵਿਰਤੀ ਨੂੰ ਵੀ ਬਿਆਨ ਕਰਦੀ ਹੈ। ਇਸ ਕਹਾਣੀ ਰਾਹੀਂ ਦਲਿਤ ਸਮਾਜ ਦੀ ਪੀੜਾ ਅਤੇ ਦਲਿਤ ਪੀੜਾ ਦੇ ਨਾਮ ਹੇਠ ਦਲਿਤਵਾਦੀ ਨਜ਼ਰੀਏ ਨੂੰ ਵੀ ਨੇੜਿਓਂ ਉਲੀਕਿਆ ਗਿਆ ਹੈ। ਵਿੱਦਿਅਕ ਅਦਾਰਿਆਂ ਵਿੱਚ ਪੜ੍ਹੇ ਲਿਖੇ ਲੋਕ ਵੀ ਇਸ ਜ਼ਹਿਰ ਤੋਂ ਮੁਕਤ ਨਹੀਂ ਹਨ। ਇਸ ਕਹਾਣੀ ਰਾਹੀਂ ਸੁਖਪਾਲ ਥਿੰਦ ਨੇ ਸਾਡੇ ਸਮਾਜ ਵਿੱਚ ਜਾਤੀ ਵੰਡ ਅਤੇ ਵੰਡ ਕਾਰਨ ਪਸਰੀ ਹੋਈ ਜਹਾਲਤ ਦੀਆਂ ਪਰਤਾਂ ਖੋਲ੍ਹ ਕੇ ਰੱਖ ਦਿੱਤੀਆਂ ਹਨ। ‘ਫੁੱਲਾਂ ਦੀ ਫ਼ਸਲ’ ਵਿੱਚ ਕਾਫ਼ੀ ਹੱਦ ਤੱਕ ਵਰਤਾਰਿਆਂ ਦੀ ਧਰਾਤਲ ਨੂੰ ਆਧਾਰਸ਼ਿਲਾ ਬਣਾਉਣ ਦੀ ਬਜਾਏ ਘਟਨਾਵਾਂ ’ਤੇ ਆਧਾਰਿਤ ਮਸਲਿਆਂ/ਸਮੱਸਿਆਵਾਂ ਦੀ ਤਸਵੀਰਕਸ਼ੀ ਕੀਤੀ ਹੈ। ਕਹਾਣੀਆਂ ਵਿੱਚ ਵਾਤਾਵਰਨ ਦੀ ਦ੍ਰਿਸ਼ਕਾਰੀ ਬਹੁਤ ਯਥਾਰਥ ਅਤੇ ਸਜੀਵਤਾ ਵਾਲੀ ਹੈ। ਸੰਗ੍ਰਹਿ ਦੀਆਂ ਪੰਜੇ ਕਹਾਣੀਆਂ ਵਿੱਚ ਪਰਿਵਾਰਕ ਰਿਸ਼ਤਿਆਂ ਦੇ ਨਾਲ ਨਾਲ ਸੰਸਥਾਗਤ ਸਬੰਧਾਂ ਦੀ ਰਾਜਨੀਤਕ ਅਤੇ ਸਮਾਜਿਕ ਦ੍ਰਿਸ਼ਟੀਕੋਣ ਤੋਂ ਵਿਆਖਿਆ ਮਿਲਦੀ ਹੈ। ਹਵਾ ਵਿੱਚ ਉੱਡਦੇ ਫਿਰਦੇ ਸਵਾਲਾਂ ਨੂੰ ਕਹਾਣੀਆਂ ਰਾਹੀਂ ਉਭਾਰਿਆ ਗਿਆ ਹੈ। ਇਹ ਕਹਾਣੀ ਸੰਗ੍ਰਹਿ ਪੰਜਾਬੀ ਕਹਾਣੀਧਾਰਾ ਵਿੱਚ ਅਹਿਮ ਦਸਤਾਵੇਜ਼ ਹੈ। ਡਾ. ਥਿੰਦ ਦੀ ਕਲਮ ਵਿੱਚ ਸੁਨਹਿਰੇ ਗਲਪੀ ਭਵਿੱਖ ਦੀ ਚਮਕ ਹੈ। ਉਹ ਆਉਂਦੇ ਸਮੇਂ ਵਿੱਚ ਪੰਜਾਬੀ ਵਾਰਤਕ ਦੇ ਸਿਆੜਾਂ ਵਿੱਚ ‘ਫੁੱਲਾਂ ਦੀ ਫ਼ਸਲ’ ਤੋਂ ਬਾਅਦ ਹੋਰ ਵੀ ਅਦਬੀ ਬੀਜ ਬੀਜੇਗਾ। ਉਸ ਦੀ ਅਨੁਭਵ ਸ਼ਕਤੀ ਵੱਤਰ ਭਰਪੂਰ ਅਤੇ ਸਿਰਜਣਾ ਦੀ ਧਰਾਤਲ ਜ਼ਰਖੇਜ਼ ਹੈ। ਇਹ ਕਹਾਣੀ ਸੰਗ੍ਰਹਿ ਉਸ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਹੀ ਨਹੀਂ ਕਰਦਾ, ਸਗੋਂ ਇਸ ਨਾਲ ਡਾ. ਸੁਖਪਾਲ ਥਿੰਦ ਆਪਣੀ ਭਰਵੀਂ ਹਾਜ਼ਰੀ ਲਵਾਉਂਦਾ ਹੈ।
ਸੰਪਰਕ: +61410584302