ਅਮਨਦੀਪ ਸਿੰਘ
ਅਮਰੀਕਾ ਵਿੱਚ ਹਰ ਸਾਲ ਜਨਵਰੀ ਦੇ ਤੀਸਰੇ ਸੋਮਵਾਰ ਨੂੰ ਮਾਰਟਿਨ ਲੂਥਰ ਕਿੰਗ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਛੁੱਟੀ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਦੇਸ਼ ਭਰ ਵਿੱਚ ਹਰ ਜਗ੍ਹਾ ਉਨ੍ਹਾਂ ਦੇ ਕੰਮਾਂ ਨੂੰ ਯਾਦ ਕੀਤਾ ਜਾਂਦਾ ਹੈ। ਉਸ ਦਿਨ ਇਹ ਵਿਚਾਰਿਆ ਜਾਂਦਾ ਹੈ ਕਿ ਡਾ. ਕਿੰਗ ਦੇ ਆਦਰਸ਼ ਅੱਜ ਦੇ ਦੌਰ ਵਿੱਚ ਕਿਵੇਂ ਵਰਤੇ ਜਾ ਸਕਦੇ ਹਨ, ਜਦੋਂ ਸਮੁੱਚਾ ਸੰਸਾਰ ਦੋਫਾੜ ਹੋ ਰਿਹਾ ਹੈ।
28 ਅਗਸਤ, 1963 ਨੂੰ 100 ਸਾਲ ਬਾਅਦ ਜਦੋਂ ਅਬਰਾਹਮ ਲਿੰਕਨ ਨੇ ਗ਼ੁਲਾਮਾਂ ਨੂੰ ਆਜ਼ਾਦ ਕਰਨ ਦੇ ਦਸਤਾਵੇਜ਼ ਦਾ ਐਲਾਨ ਕੀਤਾ ਸੀ ਤਾਂ ਇੱਕ ਜਵਾਨ ਵਿਅਕਤੀ ਨੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਵਿਖੇ ਲਿੰਕਨ ਮੈਮੋਰੀਅਲ ਦੇ ਸੰਗਮਰਮਰ ਦੇ ਮੰਚ ’ਤੇ ਖੜ੍ਹ ਕੇ ਅਮਰੀਕਾ ਦੇ ਸਾਹਮਣੇ ਆਪਣਾ ਸੁਪਨਾ ਨਸ਼ਰ ਕੀਤਾ, ਜਿਸ ਨੂੰ ਸੁਣਨ ਲਈ ਦੋ ਲੱਖ ਤੋਂ ਵੀ ਵੱਧ ਲੋਕ ਇਕੱਠੇ ਹੋਏ ਸਨ। ਉਹ ਲੋਕ ਵਾਸ਼ਿੰਗਟਨ ਵਿਖੇ ਆਪਣੇ ਹੱਕ ਮੰਗਣ ਆਏ ਸਨ। ਉਨ੍ਹਾਂ ਨੇ ਜਿਸ ਸੁਪਨੇ ਨੂੰ ਸੁਣਿਆ, ਉਹ ਪੂਰੇ ਅਮਰੀਕਾ ਦਾ ਸੁਪਨਾ ਬਣ ਗਿਆ। ਉਹ ਵਿਅਕਤੀ ਡਾ. ਮਾਰਟਿਨ ਲੂਥਰ ਕਿੰਗ (ਜੂਨੀਅਰ) ਸੀ, ਜਿਸ ਦਾ ਸੁਪਨਾ ਸੀ ਕਿ ਉਸ ਦੇ ਚਾਰ ਛੋਟੇ ਬੱਚੇ ਇੱਕ ਦਿਨ ਉਸ ਦੇਸ਼ ਵਿੱਚ ਰਹਿਣ ਜਿੱਥੇ ਲੋਕਾਂ ਨੂੰ ਉਨ੍ਹਾਂ ਦੀ ਚਮੜੀ ਦੇ ਰੰਗ ਤੋਂ ਨਹੀਂ ਸਗੋਂ ਉਨ੍ਹਾਂ ਦੇ ਚਰਿੱਤਰ ਤੋਂ ਪਛਾਣਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਅਸੀਂ ਨਿਰਾਸ਼ਾ ਦੇ ਪਹਾੜ ਨੂੰ ਕੱਟ ਕੇ ਆਸ ਦਾ ਸ਼ਿਲਾਲੇਖ ਤਰਾਸ਼ ਸਕਦੇ ਹਾਂ। ਆਪਣੇ ਭਾਸ਼ਨ ਜ਼ਰੀਏ ਉਹ ਅਮਰੀਕਾ ਦੇ ਲੋਕਾਂ ਨੂੰ ਜਾਤੀਵਾਦ ਤੇ ਊਚ-ਨੀਚ ਦੀ ਗੰਭੀਰਤਾ ਦਾ ਅਹਿਸਾਸ ਕਰਵਾਉਣਾ ਚਾਹੁੰਦੇ ਸਨ ਤੇ ਉਨ੍ਹਾਂ ਨੂੰ ਜਾਤੀਵਾਦ ਦੇ ਨਾਂ ’ਤੇ ਹੋਣ ਵਾਲੇ ਭੇਦਭਾਵ ਨੂੰ ਜੜ ਤੋਂ ਖ਼ਤਮ ਕਰਨ ਲਈ ਸ਼ਾਂਤਮਈ ਢੰਗ ਨਾਲ ਪ੍ਰੇਰਿਤ ਕਰਨਾ ਚਾਹੁੰਦੇ ਸਨ। ਉਸ ਸ਼ਾਂਤਮਈ ਢੰਗ ਦੀ ਪ੍ਰੇਰਨਾ ਉਨ੍ਹਾਂ ਨੇ ਮਹਾਤਮਾ ਗਾਂਧੀ ਤੋਂ ਲਈ ਜਦੋਂ ਉਹ 1959 ਵਿੱਚ ਭਾਰਤ ਆਏ ਸਨ। ਡਾ. ਕਿੰਗ ਸੱਚੇ ਈਸਾਈ ਸਨ ਜੋ ਪਿਆਰ ਦੇ ਆਦਰਸ਼ ਵਿੱਚ ਦ੍ਰਿੜ੍ਹ ਵਿਸ਼ਵਾਸ ਰੱਖਦੇ ਸਨ, ਇਸ ਕਰਕੇ ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਸ਼ਾਂਤਮਈ ਸਤਿਆਗ੍ਰਹਿ ਵਿੱਚ ‘ਪਿਆਰ’ ਵੇਖਿਆ ਤੇ ਸਹਿਜੇ ਹੀ ਉਹ ਤਰੀਕਾ ਆਪਣਾ ਲਿਆ।
1955 ਤੇ 1956 ਵਿੱਚ ਹੋਣ ਵਾਲੇ ਮਿੰਟਗੁਮਰੀ ਬੱਸ ਬਾਈਕਾਟ ਵਿੱਚ ਉਨ੍ਹਾਂ ਨੇ ਸ਼ਾਂਤਮਈ ਤਰੀਕੇ ਦੀ ਪ੍ਰੈਕਟੀਕਲ ਵਰਤੋਂ ਕੀਤੀ, ਜਦੋਂ ਮਿੰਟਗੁਮਰੀ (ਅਲਾਬਾਮਾ) ਵਿੱਚ ਬੱਸਾਂ ਵਿੱਚ ਭੇਦਭਾਵ ਕੀਤਾ ਜਾਂਦਾ ਸੀ ਤੇ ਰੰਗਦਾਰ ਅਫ਼ਰੀਕਨ-ਅਮਰੀਕਨ ਲੋਕਾਂ ਨੂੰ ਜ਼ਬਰਦਸਤੀ ਬੱਸ ਦੇ ਪਿੱਛੇ ਬਿਠਾਇਆ ਜਾਂਦਾ ਸੀ। ਇੱਕ ਸਾਲ ਤੋਂ ਉੱਪਰ ਅਫ਼ਰੀਕਨ-ਅਮਰੀਕਨ ਲੋਕਾਂ ਨੇ ਸ਼ਾਂਤਮਈ ਤਰੀਕੇ ਨਾਲ ਬੱਸਾਂ ਦਾ ਬਾਈਕਾਟ ਕੀਤਾ ਤੇ 1956 ਵਿੱਚ ਸੁਪਰੀਮ ਕੋਰਟ ਨੇ ਰੂਲ ਪਾਸ ਕਰ ਦਿੱਤਾ ਕਿ ਬੱਸਾਂ ਵਿੱਚ ਭੇਦਭਾਵ ਸੰਵਿਧਾਨ ਦੇ ਖ਼ਿਲਾਫ਼ ਹੈ।
1957 ਵਿੱਚ ਡਾ. ਕਿੰਗ ਨੂੰ ਦੱਖਣੀ ਈਸਾਈਅਤ ਅਗਵਾਈ ਸੰਮੇਲਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਉਹ ਸੰਗਠਨ ਜਿਸ ਨੂੰ ਨਵੇਂ-ਪੁੰਗਰ ਰਹੇ ਸਿਵਲ ਅਧਿਕਾਰਾਂ ਦੇ ਅੰਦੋਲਨ ਨੂੰ ਨਵੀਂ ਸੇਧ ਦੇਣ ਲਈ ਬਣਾਇਆ ਗਿਆ ਸੀ। ਉਸ ਤੋਂ ਬਾਅਦ ਦੇ ਗਿਆਰਾਂ ਸਾਲਾਂ ਦੇ ਸਮੇਂ (1957-1968) ਵਿੱਚ ਡਾ. ਕਿੰਗ ਨੇ ਸੱਠ ਲੱਖ ਮੀਲ ਤੋਂ ਵੀ ਵੱਧ ਸਫ਼ਰ ਕੀਤਾ ਤੇ ਜਿੱਥੇ ਕਿਤੇ ਵੀ ਬੇਇਨਸਾਫ਼ੀ, ਵਿਰੋਧ ਤੇ ਸੰਘਰਸ਼ ਹੋ ਰਿਹਾ ਸੀ, ਉੱਥੇ ਪੱਚੀ ਸੌ ਤੋਂ ਵੀ ਵੱਧ ਤਕਰੀਰਾਂ ਕੀਤੀਆਂ। ਉਨ੍ਹਾਂ ਨੇ ਪੰਜ ਕਿਤਾਬਾਂ ਤੇ ਅਣਗਿਣਤ ਲੇਖ ਲਿਖੇ। ਉਦੋਂ ਹੀ ਉਨ੍ਹਾਂ ਨੇ ਬਰਮਿੰਘਮ (ਅਲਾਬਾਮਾ) ਤੋਂ ਅਫ਼ਰੀਕਨ-ਅਮਰੀਕਨ ਨੂੰ ਜਿਨ੍ਹਾਂ ਨੂੰ ਨੀਗਰੋ ਕਿਹਾ ਜਾਂਦਾ ਸੀ, ਲਈ ਵੋਟਾਂ ਦੇ ਹੱਕ ਲੈਣ ਲਈ ਸ਼ੁਰੂ ਹੋਣ ਵਾਲੇ ਮਾਰਚ ਦੀ ਅਗਵਾਈ ਕੀਤੀ ਜੋ 1968 ਵਿੱਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਪਹੁੰਚਿਆ। ਉੱਥੇ ਹੀ ਉਨ੍ਹਾਂ ਨੇ ‘ਮੇਰਾ ਸੁਪਨਾ ਹੈ’ ਨਾਂ ਦਾ ਆਪਣਾ ਸੰਸਾਰ-ਪ੍ਰਸਿੱਧ ਭਾਸ਼ਨ ਦਿੱਤਾ। ਉਨ੍ਹਾਂ ਨੂੰ 25 ਵਾਰ ਗ੍ਰਿਫ਼ਤਾਰ ਕੀਤਾ ਗਿਆ ਤੇ ਉਨ੍ਹਾਂ ’ਤੇ ਚਾਰ ਵਾਰ ਹਮਲੇ ਕੀਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ਨੂੰ ਚਾਰ ਆਨਰੇਰੀ ਡਿਗਰੀਆਂ ਮਿਲੀਆਂ। ਉਨ੍ਹਾਂ ਨੂੰ 1964 ਵਿੱਚ ਪੈਂਤੀ ਸਾਲ ਦੀ ਉਮਰ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ। ਉਨ੍ਹਾਂ ਨੇ ਆਪਣੇ ਪੁਰਸਕਾਰ ਦੀ ਰਾਸ਼ੀ ਸਿਵਲ ਅਧਿਕਾਰਾਂ ਦੇ ਅੰਦੋਲਨ ਨੂੰ ਭੇਟ ਕਰ ਦਿੱਤੀ। ਉਸ ਸਮੇਂ ਉਹ ਅਮਰੀਕਾ ਨਹੀਂ ਸਗੋਂ ਪੂਰੇ ਸੰਸਾਰ ਦੇ ਦੱਬੇ-ਕੁਚਲੇ ਲੋਕਾਂ ਦੇ ਪ੍ਰਤੀਕਾਤਮਕ ਆਗੂ ਬਣ ਗਏ ਸਨ।
4 ਅਪਰੈਲ, 1968 ਨੂੰ ਮੈਂਫਿਸ (ਟੈਨੇਸੀ) ਦੇ ਇੱਕ ਹੋਟਲ ਦੀ ਬਾਲਕੋਨੀ ਵਿਖੇ ਜਦੋਂ ਉਹ ਕੂੜਾ-ਚੁੱਕਣ ਵਾਲੇ ਮਜ਼ਦੂਰਾਂ ਦੇ ਪ੍ਰਦਰਸ਼ਨ ਨੂੰ ਸੰਬੋਧਿਤ ਕਰ ਰਹੇ ਸਨ, ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਲੋਕਾਂ ਦੇ ਹੱਕ-ਸੱਚ ਦੀ ਲੜਾਈ ਲੜਨ ਵਾਲਾ ਯੋਧਾ ਸਦਾ ਦੀ ਨੀਂਦ ਸੌਂ ਗਿਆ। ਪਰ ਸੱਚ ਕਦੇ ਮਰਦਾ ਨਹੀਂ। ਉਸ ਤੋਂ ਬਾਅਦ ਅਮਰੀਕਾ ਵਿੱਚ ਨਸਲ ਸਬੰਧੀ ਸ਼ਰੇਆਮ ਭੇਦਭਾਵ ਨੂੰ ਠੱਲ੍ਹ ਪਈ ਤੇ ਰੰਗਦਾਰ ਲੋਕਾਂ ਨੂੰ ਬਰਾਬਰ ਦੇ ਹੱਕ ਮਿਲਣ ਲੱਗੇ। ਇਹ ਅਲੱਗ ਹੈ ਕਿ ਅਜੇ ਵੀ ਅਮਰੀਕਾ ਵਿੱਚ ਗੁੱਝਾ ਨਸਲੀ ਭੇਦਭਾਵ ਕਾਇਮ ਹੈ, ਜੋ ਮੁੜ ਤੋਂ ਖੁੱਲ੍ਹ ਕੇ ਸਾਹਮਣੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਅੱਜ ਵੀ ਰੰਗਦਾਰ ਲੋਕ ਆਪਣੀ ਜ਼ਿੰਦਗੀ ਲਈ ਜੂਝ ਰਹੇ ਹਨ ਤੇ ‘ਬਲੈਕ ਲਾਈਫਜ਼ ਮੈਟਰ’ (Black Lives Matter) ਲਈ ਸੰਘਰਸ਼ ਕਰ ਰਹੇ ਹਨ।
ਅੱਜ ਵੀ ਅਮਰੀਕਾ ਹੀ ਨਹੀਂ, ਦੁਨੀਆ ਦੇ ਹਰ ਦੇਸ਼ ਵਿੱਚ ਜਾਤ-ਪਾਤ, ਰੰਗ, ਨਸਲ ਦੇ ਆਧਾਰ ’ਤੇ ਭੇਦਭਾਵ ਹੋ ਰਿਹਾ ਹੈ। ਹਾਲਾਂਕਿ ਹਰ ਜਗ੍ਹਾ ਵਿਭਿੰਨਤਾ ਤੇ ਸਮਾਵੇਸ਼ (Diversity & Inclusion) ਲਈ ਕਾਨੂੰਨ ਹਨ, ਜੋ ਸਭ ਨੂੰ ਮਾਨ-ਸਨਮਾਨ ਤੇ ਬਰਾਬਰ ਦੇ ਹੱਕ ਦੇਣ ਲਈ ਹਨ, ਪਰ ਬਰਾਬਰਤਾ ਵੀ ਅਲੱਗ-ਅਲੱਗ ਪੱਧਰ ’ਤੇ ਹੋ ਸਕਦੀ ਹੈ, ਕਿਸੇ ਨੂੰ ਜ਼ਿਆਦਾ ਤੇ ਕਿਸੇ ਨੂੰ ਘੱਟ।
ਬੋਸਟਨ, ਅਮਰੀਕਾ ਵਿੱਚ ਡਾ. ਕਿੰਗ ਨੂੰ ਯਾਦ ਕਰਦਿਆਂ ਇੱਕ ਸਮਾਗਮ ਵਿੱਚ ਇੰਟਰਨੈਸ਼ਨਲ ਮੈਨੇਜਮੈਂਟ ’ਤੇ ਲੀਡਰਸ਼ਿਪ ਕੋਚ ਡਾ. ਟੌਡ ਜੈਨਕਿੰਜ਼ ਦੇ ਅਨੁਸਾਰ ਸਮਾਵੇਸ਼ ਦਾ ਮਤਲਬ ਹੈ ਕਿ ਤੁਸੀਂ ਹਰ ਇੱਕ ਨੂੰ ਬਰਾਬਰ ਦਾ ਸਥਾਨ ਦਿੰਦੇ ਹੋ ਜਿੱਥੇ ਉਹ ਆਰਾਮ ਨਾਲ ਵਿਚਰ ਸਕਣ, ਆਪਣੀ ਗੱਲ ਸੁਣਾ ਸਕਣ ਤੇ ਦੂਜਿਆਂ ਦੀ ਗੱਲ ਸੁਣ ਸਕਣ, ਇੱਕ ਦੂਜੇ ਦੇ ਵਿਚਾਰਾਂ ਦੇ ਮਤਭੇਦ ਦਾ ਸਤਿਕਾਰ ਕਰ ਸਕਣ। ਸਮਾਵੇਸ਼ ਬਾਰੇ ਚਰਚਾ ਉਦੋਂ ਤੱਕ ਪੂਰੀ ਨਹੀਂ ਹੁੰਦੀ ਜਦੋਂ ਤੱਕ ਅਸੀਂ ਨਿਰਪੇਖਤਾ (Equity) ਬਾਰੇ ਗੱਲ ਨਾ ਕਰ ਲਈਏ ਕਿਉਂਕਿ ਸਭ ਨੂੰ ਬਰਾਬਰ ਦਰਜਾ ਦੇਣਾ ਤੇ ਨਿਰਪੇਖਤਾ ਵਿੱਚ ਅੰਤਰ ਹੈ। ਜੇ ਅਸੀਂ ਇਹ ਉਦਾਹਰਣ ਲਈਏ ਕਿ ਹਰ ਇੱਕ ਨੂੰ ਪੈਰਾਂ ਵਿੱਚ ਪਹਿਨਣ ਲਈ ਜੋੜੇ ਮਿਲਣ ਤਾਂ ਉਹ ਬਰਾਬਰ ਦਾ ਦਰਜ ਦੇਣਾ ਹੈ, ਪਰ ਉੱਥੇ ਅਸੀਂ ਇਹ ਨਹੀਂ ਦੇਖਦੇ ਕਿ ਹਰ ਇੱਕ ਦੇ ਜੋੜੇ ਦਾ ਮਾਪ ਅਲੱਗ-ਅਲੱਗ ਹੁੰਦਾ ਹੈ, ਤੇ ਅਸੀਂ ਹਰ ਇੱਕ ਨੂੰ ਇੱਕੋ ਮਾਪ ਦੇ ਜੋੜੇ ਨਹੀਂ ਦੇ ਸਕਦੇ ਕਿਉਂਕਿ ਉਹ ਉਨ੍ਹਾਂ ਦੇ ਫਿੱਟ ਨਹੀਂ ਆਉਣਗੇ। ਨਿਰਪੇਖਤਾ ਦਾ ਮਤਲਬ ਹੈ ਕਿ ਸਭ ਨੂੰ ਅਜਿਹੇ ਜੋੜੇ ਦੇਣੇ ਜੋ ਉਨ੍ਹਾਂ ਦੇ ਪੈਰਾਂ ਦੇ ਮੇਚ ਦੇ ਹੋਣ ਤੇ ਉਨ੍ਹਾਂ ਦੇ ਫਿੱਟ ਬੈਠਣ। ਅਜਿਹਾ ਕਰਨ ਲਈ ਸਾਨੂੰ ਸੋਚਣਾ ਪਏਗਾ ਕਿ ਕਿਸ ਦਾ ਕਿੰਨਾ ਮਾਪ ਹੈ, ਕਿਸ ਨੂੰ ਕਿਹੜਾ ਰੰਗ ਪਸੰਦ ਹੈ, ਤੇ ਅਜਿਹਾ ਕਰਨ ਲਈ ਸਾਡਾ ਜ਼ੋਰ ਵੀ ਲੱਗੇਗਾ, ਪਰ ਉਸ ਦਾ ਨਤੀਜਾ ਬਹੁਤ ਸੰਤੋਸ਼ਜਨਕ ਹੋਏਗਾ। ਸਮਾਵੇਸ਼ ਸਾਡੇ ਘਰ ਤੋਂ ਹੀ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਦੇ ਹਾਂ ਤਾਂ ਸਾਨੂੰ ਆਪਣੇ ਆਪ ਤੋਂ ਇਹ ਪੁੱਛਣਾ ਚਾਹੀਦਾ ਹੈ ਕਿ ਮੈਂ ਸਮਾਜ ਵਿੱਚ, ਆਪਣੇ ਦਫ਼ਤਰ ਵਿੱਚ ਤੇ ਉੱਥੇ ਜਿੱਥੇ ਕੋਈ ਦੇਖ ਵੀ ਨਾ ਰਿਹਾ ਹੋਵੇ, ਕਿਸ ਤਰ੍ਹਾਂ ਵਿਚਰਾਂ? ਸਾਨੂੰ ਖੁੱਲ੍ਹ-ਦਿਲੀ ਵਾਲਾ ਰਵੱਈਆ ਅਖ਼ਤਿਆਰ ਕਰਨਾ ਚਾਹੀਦਾ ਹੈ, ਭਾਵੇਂ ਤੁਸੀਂ ਕਿਸੇ ਨਾਲ ਸਹਿਮਤ ਨਹੀਂ ਵੀ ਹੋ, ਪਰ ਉਸ ਦੀ ਗੱਲ ਜ਼ਰੂਰ ਸੁਣੋ, ਗੱਲਬਾਤ ਦਾ ਸਿਲਸਿਲਾ ਜਾਰੀ ਰੱਖੋ। ਅਸੀਂ ਕਿਸੇ ਦਾ ਮਨ ਨਹੀਂ ਬਦਲ ਸਕਦੇ, ਪਰ ਅਸੀਂ ਆਪਣਾ ਰਵੱਈਆ ਬਦਲ ਸਕਦੇ ਹਾਂ। ਕਿਉਂਕਿ ਲੋਕ ਇਹ ਨਹੀਂ ਦੇਖ ਸਕਦੇ ਕਿ ਤੁਸੀਂ ਕੀ ਸੋਚਦੇ ਹੋ, ਪਰ ਉਹ ਇਹ ਦੇਖ ਸਕਦੇ ਹਨ ਕਿ ਤੁਸੀਂ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਹੋ। ਇਸ ਕਰਕੇ ਸਾਨੂੰ ਆਪਣਾ ਵਿਵਹਾਰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਅਲੱਗ-ਅਲੱਗ ਕਿਸਮ ਦੇ ਲੋਕਾਂ ਨਾਲ ਮਿਲਣਾ ਚਾਹੀਦਾ ਹੈ, ਉਨ੍ਹਾਂ ਦੇ ਸੱਭਿਆਚਾਰ ਬਾਰੇ ਜਾਣਨਾ ਚਾਹੀਦਾ ਹੈ, ਜਿਸ ਨਾਲ ਸਾਡਾ ਆਪਣਾ ਵਿਕਾਸ ਹੋਵੇਗਾ, ਸਾਡੀ ਜਾਣਕਾਰੀ ਵਿੱਚ ਵਾਧਾ ਹੋਵੇਗਾ ਤੇ ਸਾਨੂੰ ਬਦਲਣ ਦਾ ਮੌਕਾ ਮਿਲੇਗਾ। ਭਾਵੇਂ ਥੋੜ੍ਹਾ ਬਦਲਾਅ ਹੀ ਆਵੇ, ਪਰ ਉਹ ਥੋੜ੍ਹਾ ਬਦਲਾਅ ਇੱਕ ਵੱਡਾ ਅੰਤਰ ਲਿਆ ਸਕਦਾ ਹੈ।