ਗੁਰਚਰਨ ਕੌਰ ਥਿੰਦ
ਗਲੀ ਗਲੀ ਹੋਕਾ ਦਿੰਦੇ ‘ਸਿੰਗੀਆਂ ਲਵਾ ਲਓ’ ‘ਸਿੰਗੀਆਂ ਲਵਾ ਲਓ’ ਵਾਲੇ ਫ਼ਕੀਰ ਜਿਹੇ ਦਿਸਦੇ ਨੀਮ-ਹਕੀਮ ਮੇਰੇ ਚੇਤਿਆਂ ਵਿੱਚ ਉੱਭਰ ਖਲੋਤੇ। ਹੁਣ ਤਾਂ ਸ਼ਾਇਦ ਹੀ ਕਦੇ ਕਿਸੇ ਨੇ ਵੇਖੇ ਸੁਣੇ ਹੋਣ, ਪਰ ਨਿੱਕੇ ਹੁੰਦਿਆਂ ਸਾਡੇ ਪਿੰਡ ਵਿੱਚ ਲੋਕਾਂ ਦੇ ਗੋੋਡੇ-ਮੋਢਿਆਂ ਦੀ ਪੀੜ ਦਾ ਸਿੰਗੀਆਂ ਲਾ ਕੇ ਨਿਵਾਰਨ ਕਰਦੇ ਅੱਖੀਂ ਵੇਖੇ ਹਨ। ਖਾਸ ਕਰਕੇ ਗੋਡਿਆਂ ਦੀ ਪੀੜ ਦੇ ਮਰੀਜ਼ ਤਾਂ ਘਰ-ਘਰ ਹੁੰਦੇ ਹਨ। ਕੋਈ ਨਾ ਕੋਈ ਆਪਣੀ ਪੀੜ ਨਿਵਾਰਨ ਲਈ ਇਹੋ ਜਿਹੇ ਗਲੀ ਵਿੱਚ ਹੋਕਾ ਦਿੰਦੇ ਸਿੰਗੀਆਂ ਵਾਲੇ ਨੂੰ ਸੱਦ ਬਠਾ ਲੈਂਦਾ। ਉਹ ਆਪਣੀ ਕੁੱਜੀ ਵਿੱਚੋਂ ਨਿੱਕੇ-ਨਿੱਕੇ ਪਤਲੇ ਜਿਹੇ ਜੀਵ (ਜੋਕਾਂ) ਕੱਢਦਾ ਜਿਨ੍ਹਾਂ ਦੇ ਸਿਰ ’ਤੇ ਛੋਟੇ-ਛੋਟੇ ਦੋ ਸਿੰਗਾਂ ਵਰਗੇ ਵਾਧਰੇ ਜਿਹੇ ਨਜ਼ਰ ਆਉਂਦੇ। ਉਹ ਉਨ੍ਹਾਂ ਨੂੰ ਪੀੜ ਵਾਲੀ ਥਾਂ ’ਤੇ ਰੱਖ ਦਿੰਦਾ ਅਤੇ ਉਹ ਆਪਣੇ ਸਿੰਗ ਮਾਸ ਵਿੱਚ ਖੁਭੋ ਕੇ ਇਲਾਜ ਸ਼ੁਰੂ ਕਰ ਦਿੰਦੇ। ਦੇਖਦੇ ਹੀ ਦੇਖਦੇ ਜੋਕਾਂ ਖੂਨ ਚੂਸ ਕੇ ਫੁੱਲਦੀਆਂ ਜਾਂਦੀਆਂ ਅਤੇ ਰੱਜ ਕੇ ਆਪਣੇ ਆਪ ਮਾਸ ਨਾਲੋਂ ਵੱਖ ਹੋ ਜਾਂਦੀਆਂ। ਕਿਹਾ ਜਾਂਦਾ ਕਿ ਇਨ੍ਹਾਂ ਨੇ ਗੰਦਾ ਖੂਨ ਚੂਸ ਲਿਆ ਹੈ ਤੇ ਹੁਣ ਪੀੜ ਠੀਕ ਹੋ ਜਾਵੇਗੀ। ਪੀੜ ਠੀਕ ਹੋਈ ਜਾਂ ਨਹੀਂ ਇਹ ਤਾਂ ਸਿੰਗੀਆਂ ਨਾਲ ਇਲਾਜ ਕਰਾਉਣ ਵਾਲੇ ਹੀ ਜਾਣਨ, ਪਰ ਉਹ ਆਪਣੀਆਂ ਜੋਕਾਂ ਦੇ ਢਿੱਡ ਭਰ ਕੇ ਅਤੇ ਪੈਸੇ ਲੈ ਕੇ ਤੁਰਦਾ ਬਣਦਾ। ਹੁਣ ਤਾਂ ਬਹੁਤਿਆਂ ਨੂੰ ਪਤਾ ਕਿ ਗੋੋਡੇ ਅੰਦਰਲੇ ਗੰਦੇ ਖੂਨ ਕਰਕੇ ਨਹੀਂ ਦੁਖਦੇ, ਬਲਕਿ ਗੋੋਡੇ ਦੀਆਂ ਹੱਡੀਆਂ ਵਿਚਲੀ ਇੱਕ ਕਿਸਮ ਦੀ ਕਾਰਟੀਲੇਜ ਜਿਸ ਨੂੰ ਗਰੀਸ ਵੀ ਕਹਿ ਦਿੰਦੇ ਨੇ, ਉਹ ਘਟ ਜਾਂਦੀ ਹੈ ਤਾਂ ਹੱਡੀਆਂ ਦੇ ਆਪਸ ਵਿੱਚ ਰਗੜਨ ਕਾਰਨ ਪੀੜ ਹੁੰਦੀ ਹੈ। ਪਰ ਪਿੰਡਾਂ ਦੇ ਭੋਲੇ ਭਾਲੇ ਮਰੀਜ਼ਾਂ ਨੂੰ ਬਹੁਤਾ ਪਤਾ ਨਹੀਂ ਹੁੰਦਾ ਸੀ। ਚਾਤੁਰ ਨੀਮ-ਹਕੀਮ ਉਨ੍ਹਾਂ ਨੂੰ ਸਹਿਜੇ ਹੀ ਬੁੱਧੂ ਬਣਾ ਲੈਂਦੇ ਸਨ।
ਅਫ਼ਸੋਸ! ਕਿ ਸਾਡੇ ਮੁਆਸ਼ਰੇ ਵਿੱਚ ਇਸ ਕਿਸਮ ਦੀਆਂ ਮਨੁੱਖੀ-ਜੋਕਾਂ ਮੌਜੂਦ ਹਨ ਜੋ ਭੋਲੇ ਭਾਲੇ ਲੋਕਾਂ ਦਾ ਖੂਨ ਪੀਣ ਤੋਂ ਗੁਰੇਜ਼ ਨਹੀਂ ਕਰਦੀਆਂ ਹਨ। ਚੁਣੇ ਹੋਏ ਰਾਜ ਪ੍ਰਬੰਧ ਦੇ ਅਜੋਕੇ ਨੇਤਾ ਵੀ ਬਹੁਤੇ ਖੂਨ ਪੀਣੀਆਂ ਜੋਕਾਂ ਵਰਗੇ ਹੀ ਹਨ। ਲੋਕਾਂ ਲਈ ਸੁੱਖ-ਸਹੂਲਤਾਂ ਉਪਲੱਬਧ ਕਰਵਾਉਣ ਦੀ ਥਾਂ ਵਕਤੀ ਲਾਰਿਆਂ-ਲੱਪਿਆਂ ਨਾਲ ਉਨ੍ਹਾਂ ਦਾ ਖੂਨ ਪੀਣੀਆਂ ਜੋਕਾਂ ਬਣ ਗਏ ਹਨ। ਸੱਤ ਤੋਂ ਉੱਪਰ ਦਹਾਕੇ ਹੋ ਗਏ ਹਨ, ਲੋਕਾਂ ਨੇ ਕਈ ਸਰਕਾਰਾਂ ਬਦਲਦੀਆਂ ਵੇਖੀਆਂ ਹਨ। ਕਈ ਨਵੇਂ ਪੁਰਾਣੇ ਚੋਣ-ਮਦਾਰੀ ਹਰ ਵਾਰੀ ਡੁਗਡੁਗੀ ਵਜਾਉਂਦੇ ਰਹੇ। ਲੋਕਾਂ ਦੇ ਦੁੱਖ ਤਕਲੀਫ਼ਾਂ ਤੇ ਪੀੜਾਂ ਹਰਨ ਦੇ ਵਧੀਆ ਤੋਂ ਵਧੀਆ ਢੰਗ ਤਰੀਕੇ ਦਰਸਾਉਂਦੇ ਲੋਕਾਂ ਨੂੰ ਭਰਮਾਉਂਦੇ ਰਹੇ ਅਤੇ ਰਾਜ-ਭਾਗ ਦੇ ਮਾਲਕ ਬਣ ਕੇ ਰੱਜ ਰੱਜ ਲੋਕਾਂ ਦਾ ਖੂਨ ਚੂਸਦੇ ਰਹੇ ਹਨ। ਲੋਕੀਂ ਵੀ ਚੂੰਅ ਨਹੀਂ ਕਰਦੇ। ਕਰਨ ਵੀ ਕਿਵੇਂ! ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ! ਆਖਰ ਲੋਕਤੰਤਰੀ ਦੇਸ਼ ਦੇ ਵਾਸੀ ਹਨ।
ਲੋਕਤੰਤਰ ਵਿੱਚ ਚੋਣਾਂ ਹੁੰਦੀਆਂ ਹਨ। ਚੋਣਾਂ ਦਾ ਬਿਗਲ ਵੱਜਦਾ ਹੈ। ਯਥਾਯੋਗ ਪ੍ਰਬੰਧ ਹੁੰਦੇ ਹਨ। ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਹੁੰਦਾ ਹੈ। ਉਮੀਦਵਾਰ ਆਪਣੀਆਂ ਆਪਣੀਆਂ ਪਾਰਟੀਆਂ ਦਾ ਪੱਖ ਰੱਖਦੇ ਹਨ। ਲੋਕ ਵੋਟਾਂ ਪਾਉਂਦੇ ਹਨ। ਸਰਕਾਰ ਬਣਦੀ ਹੈ। ਕਹਿੰਦੇ ਹਨ ਕਿ ਅਬਰਾਹਮ ਲਿੰਕਨ ਜੋ ਅਮਰੀਕਾ ਦਾ ਸੋਲਵਾਂ ਰਾਸ਼ਟਰਪਤੀ ਬਣਿਆ ਸੀ, ਨੇ ਆਪਣੇ ਦੂਸਰੇ ਪ੍ਰਧਾਨਗੀ ਭਾਸ਼ਨ ਸਮੇਂ (1862) ਲੋਕਾਂ ਦੀ ਚੁਣੀ ਹੋਈ ਲੋਕਤੰਤਰੀ ਸਰਕਾਰ ਲਈ ਸੰਬੋਧਨ ਵਰਤਿਆ ਸੀ, ‘ਲੋਕਾਂ ਦੀ ਸਰਕਾਰ, ਲੋਕਾਂ ਦੁਆਰਾ ਚੁਣੀ ਗਈ ਸਰਕਾਰ, ਲੋਕਾਂ ਲਈ ਸਰਕਾਰ’। ਲਗਪਗ ਹਰ ਦੇਸ਼ ਵਿੱਚ ਲੋਕਤੰਤਰ ਦੀ ਇਹੋ ਪਰਿਭਾਸ਼ਾ ਦਿੱੱਤੀ ਜਾਂਦੀ ਹੈ ਅਤੇ ਸਮਝੀ ਵੀ ਜਾਂਦੀ ਹੈ। ਪਰ ਸੱਚ ਇਹ ਹੈ ਕਿ ਜਿੰਨੇ ਦੇਸ਼ਾਂ ਵਿੱਚ ਲੋਕਤੰਤਰ ਹੈ, ਹਰ ਥਾਂ ਇਸ ਦੇ ਰੂਪ ਅਤੇ ਪਰਿਭਾਸ਼ਾ ਓਨੀ ਹੀ ਕਿਸਮ ਦੀ ਹੈ।
ਖ਼ੈਰ! ਜੋ ਵੀ ਹੈ ਇਸ ਪ੍ਰਕਾਰ ਦੇ ਰਾਜਨੀਤਕ ਪ੍ਰਬੰਧ ਵਿੱਚ ਲੋਕਾਂ ਦੀ ਸ਼ਮੂਲੀਅਤ ਜ਼ਰੂਰੀ ਹੁੰਦੀ ਹੈ। ਲੋਕਾਂ ਦੀਆਂ ਵੋਟਾਂ ਨਾਲ ਲੋਕਾਂ ਦੇ ਨੁਮਾਇੰਦੇ ਚੁਣੇ ਜਾਂਦੇ ਹਨ। ਹਰ ਰਾਜ ਵੱਲੋਂ ਸਾਫ਼-ਸੁਥਰੀਆਂ ਨਿਰਪੱਖ ਚੋਣਾਂ ਕਰਾਉਣ ਲਈ ਉਚੇਚੇ ਚੋਣ ਪ੍ਰਬੰਧ ਕੀਤੇ ਜਾਂਦੇ ਹਨ। ਇਹ ਉੱਥੋਂ ਦੀਆਂ ਸਰਕਾਰਾਂ ਦੇ ਹੱਥ ਵਿੱਚ ਹੁੰਦਾ ਹੈ। ਕਈ ਥਾਈਂ ਇਸ ਨਾਮ-ਨਿਹਾਦ ਲੋਕਤੰਤਰੀ ਪ੍ਰਣਾਲੀ ਦੇ ਨਾਂ ’ਤੇ ਕਰੋੜਾਂ ਅਰਬਾਂ ਰੁਪਏ ਖ਼ਰਚ ਤਾਂ ਹੁੰਦੇ ਹੀ ਹਨ, ਖੁਰਦ ਬੁਰਦ ਵੀ ਕਰ ਦਿੱਤੇ ਜਾਂਦੇ ਹਨ। ਵੋਟਾਂ ਪੈਣ ਤੱਕ ਵੋਟਰਾਂ ਦੀਆਂ ਲੋੜਾਂ, ਦੁੱਖਾਂ-ਸੁੱਖਾਂ, ਤਕਲੀਫ਼ਾਂ, ਸੁਰੱਖਿਆ ਤੇ ਸਹੂਲਤਾਂ ਆਦਿ ਦਾ ਧਿਆਨ ਰੱਖਣ ਦੀਆਂ ਇੰਜ ਬਿਆਨਬਾਜ਼ੀਆਂ ਕੀਤੀਆਂ ਜਾਂਦੀਆਂ ਹਨ ਜਿਵੇਂ ਲੋਕ ਪ੍ਰਾਹੁਣੇ ਹੋਣ। ਜਦੋਂ ਉਨ੍ਹਾਂ ਦੇ ਹੱਥ ਮੋਹਰ ਲਾ ਕੇ ਕਾਗਜ਼ ਡੱਬਾਬੰਦ ਕਰ ਦਿੰਦੇ ਹਨ, ਫਿਰ ਤੂੰ ਕੌਣ ਮੈਂ ਕੌਣ? ਸਮਝੋ ਜਨਤਾ ਨੇ ਚਾਰ ਪੰਜ ਸਾਲ ਲਈ ਹੱਥ ਵੱਢ ਕੇ ਦੇ ਦਿੱਤੇ। ਫਿਰ ਲੋਕ ਆਪਣੇ ਹੱਕ ਮੰਗਣ ਲਈ ਰਹਿ ਗਏ ਧਰਨਿਆਂ ਮੁਜ਼ਾਹਰਿਆਂ ਜੋਗੇ।
ਚੋਣ ਨਤੀਜੇ ਆਉਂਦੇ ਹਨ। ਸਰਕਾਰ ਬਣ ਜਾਂਦੀ ਹੈ। ਹੁਣ ਸਰਕਾਰ ਹੱਥ ਲੋਕਾਂ ਸਮੇਤ ਉੱਥੋਂ ਦੇ ਸਾਰੇ ਸਰੋਤ ਹਨ। ਉਹ ਹਰ ਪ੍ਰਕਾਰ ਦੇ ਟੈਕਸਾਂ ਦੀ ਕਮਾਈ ਦੇ ਮਾਲਕ ਅਤੇ ਉਨ੍ਹਾਂ ਨੂੰ ਚੁਣਨ ਵਾਲੇ ਲੋਕ ਉਨ੍ਹਾਂ ਦੇ ਰਹਿਮੋ ਕਰਮ ’ਤੇ ਪਲਣ ਵਾਲੀ ਆਮ ਜਨਤਾ ਬਣ ਜਾਂਦੀ ਹੈ। ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੀ ਕਰਨ ਦੀ ਪਾਬੰਦ ਸਮਝੀ ਜਾਂਦੀ ਹੈ। ਇਸ ਕਾਰਜ ਲਈ ਸਹੁੰ ਚੁੱਕੀ ਤੇ ਚੁਕਾਈ ਹੁੰਦੀ ਹੈ। ਹੁਣ ਉਸ ਨੇ ਲੋਕਾਂ ਦੀ ਮਿਹਨਤ ਦੀ ਕਮਾਈ ਦਾ ਕਿੰਨਾ ਹਿੱਸਾ ਲੋਕਾਂ ਦੀਆਂ ਮੂਲ ਲੋੜਾਂ ਪੂਰੀਆਂ ਕਰਨ ਅਤੇ ਲੋਕਾਂ ਨੂੰ ਸੁੱਖ-ਸਹੂਲਤਾਂ ਉਪਲੱਬਧ ਕਰਾਉਣ ’ਤੇ ਖਰਚਣਾ ਹੈ, ਇਹ ਚੁਣੇ ਹੋਏ ਨੁਮਾਇੰਦਿਆਂ ਦੀ ਸੂਝ-ਬੂਝ, ਨਿਸ਼ਠਾ ਅਤੇ ਦਰਿਆਦਿਲੀ ’ਤੇ ਨਿਰਭਰ ਕਰਦਾ ਹੈ। ਇੱਥੇ ਹੀ ਪੈਦਾ ਹੁੰਦੀਆਂ ਹਨ ‘ਜੋਕਾਂ’। ਉਹ ਲੋਕ ਜੋ ਲੋਕਾਂ ਨਾਲੋਂ ਨਿੱਜ ਦੇ ਸੁੱਖਾਂ ਅਤੇ ਲਾਲਚੀ ਇਰਾਦਿਆਂ ਨੂੰ ਪਹਿਲ ਦਿੰਦੇ ਹਨ। ਲੋਕ ਕਮਾਈ ਨੂੰ ਆਪਣੀ ਸਮਝ ਵੱਡੇ-ਵੱਡੇ ਗੱਫੇ ਹੜੱਪਣ ਦੀ ਕਰਦੇ ਹਨ। ਹਮਕ ਮਾਰਦੇ ਗੰਦੇ ਪਾਣੀਆਂ ਅਤੇ ਦਲਦਲਾਂ ਵਿੱਚ ਰਹਿਣ ਵਾਲੀਆਂ ਸੱਚੀਮੁੱਚੀਂ ਦੀਆਂ ਜੋਕਾਂ ਵਾਂਗ ਇਹ ਆਪਣੇ ਆਲੇ ਦੁਆਲੇ ਦੇ ਸਿਸਟਮ ਨੂੰ ਦੂਸ਼ਿਤ ਕਰਦੇ ਹਨ। ਇਨ੍ਹਾਂ ਵੱਡੀਆਂ ਜੋਕਾਂ ਦੀ ਮਦਦ ਨਾਲ ਅਤੇ ਇਨ੍ਹਾਂ ਦੀ ਸੇਵਾ ਹਿੱਤ ਇਹੋ ਜਿਹੀਆਂ ਜੋਕਾਂ ਰਾਜ ਪ੍ਰਬੰਧ ਦੇ ਹਰ ਖੇਤਰ ਵਿੱਚ ਉੱਭਰ ਖਲੋਂਦੀਆਂ ਹਨ। ਜੇ ਨਹੀਂ ਤਾਂ ਸੱਤਾ ਦੇ ਜ਼ੋਰ ਨਾਲ ਉਭਾਰ ਦਿੱਤੀਆਂ ਜਾਂਦੀਆਂ ਹਨ। ਇੱਕ ਵਾਰ ਕੁਰਸੀ ਹੱਥ ਆ ਜਾਣ ’ਤੇ ਫਿਰ ਹੱਥਾਂ ਨਾਲ ਮੁੱਛਾਂ ਨੂੰ ਵੱਟ ਹੀ ਦਿੱਤੇ ਜਾਂਦੇ ਹਨ, ਹੱਥਾਂ ਨਾਲ ਕਿਰਤ ਕਰਨੀ ਉਨ੍ਹਾਂ ਲਈ ਵਰਜਿਤ ਹੋ ਜਾਂਦੀ ਹੈ। ਲੋਕਾਂ ਦਾ ਖੂਨ ਚੂਸਣਾ ਇਨ੍ਹਾਂ ਦਾ ਕਰਮ ਤੇ ਧਰਮ ਬਣ ਜਾਂਦਾ ਹੈ। ਕੁਰਸੀ ਕਾਇਮ ਰੱਖਣ ਲਈ ਹਰ ਜਾਇਜ਼ ਨਾਜਾਇਜ਼ ਹੀਲਾ ਵਰਤਣਾ ਹੱਕ ਹੁੰਦਾ ਹੈ। ਲੋਕਾਂ ਦੇ ਹਰਮਨ ਪਿਆਰੇ ਲੋਕ-ਸੇਵਕ ਜੋ ਬਣ ਗਏ ਹੁੰਦੇ ਹਨ। ਲੋਕਾਂ ਦੀਆਂ ਪੀੜਾਂ ਹਰਨ ਦੇ ਇਹ ਦਾਅਵੇਦਾਰ, ਲੋਕਾਂ ਨੇ ਖ਼ੁਦ ਆਪਣੇ ਲਈ ਆਪਣੀ ਮਰਜ਼ੀ ਨਾਲ ਚੁਣੇ ਹੁੰਦੇ ਹਨ। ਪੀੜ੍ਹੀ ਦਰ ਪੀੜ੍ਹੀ ਰਾਜ ਕਰਦੇ ਇਹ ਲੋਕਾਂ ਨੂੰ ਜੋਕਾਂ ਲੱਗਦੇ ਹੀ ਨਹੀਂ। ਇਹ ਅਜਿਹਾ ਸ਼ਬਦ-ਰੂਪੀ ਜਾਦੂ ਕਰਦੇ ਹਨ ਕਿ ਇਨ੍ਹਾਂ ਜੋਕਾਂ ਵਿਰੁੱਧ ਉੱਠਦੀ ਆਵਾਜ਼ ਸੰਘ ਵਿੱਚ ਫਸ ਕੇ ਰਹਿ ਜਾਂਦੀ ਹੈ।
ਤੁਸੀਂ ਅਜਿਹਾ ਸੰਸਾਰ ਬਣਾਉਣਾ ਲੋਚਦੇ ਹੋ, ਜਿੱਥੇ ਨੇਤਾ ਲੋਕਾਂ ਬਾਰੇ ਸੋਚਦੇ ਹੋਣ, ਲੋਕਾਂ ਦੇ ਆਪਣੇ ਹੋਣ ਨਾ ਕਿ ਲੋਕਾਂ ਦਾ ਖੂਨ ਚੂਸਣ ਵਾਲੇ ਹੋਣ। ਅਜਿਹਾ ਕਰਨ ਦਾ ਮੌਕਾ ਬਾਰ-ਬਾਰ ਆਉਂਦਾ ਰਿਹਾ ਹੈ। ਤੁਸੀਂ ਹੀਲੇ ਵੀ ਕਰਦੇ ਆਏ ਹੋ। ਕਿੰਨਾ ਸਫਲ ਹੋਏ ਹੋ ਜਾਂ ਕਿੰਨਾ ਅਸਫਲ ਰਹੇ ਹੋ, ਤੁਸੀਂ ਬਾਖ਼ੂਬੀ ਜਾਣਦੇ ਹੋ। ਮੌਕਾ ਹੁਣ ਫਿਰ ਆਇਆ ਹੈ। ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਰਾਜਨੀਤਕ ਪਾਰਟੀਆਂ ਖੁੰਭਾ ਵਾਂਗ ਨਿਕਲ ਤੁਰੀਆਂ ਹਨ। ਜਿਹੜੇ ਪਿਛਲੇ ਪੰਜ ਸਾਲ ਕਿਤੇ ਨਜ਼ਰ ਨਹੀਂ ਆਏ, ਉਹ ਹੁਣ ਕਿਵੇਂ ਲੋਕ ਹਿਤੈਸ਼ੀ ਬਣ-ਬਣ ਨਿਕਲਦੇ ਨੇ। ਇਨ੍ਹਾਂ ਦੇ ‘ਬਾਈ ਜੀ’ ਤੇ ‘ਵੀਰ ਜੀ’ ਕਹਿੰਦਿਆਂ ਦੇ ਮੂੂੰਹ ਸੁੱਕ ਜਾਂਦੇ ਹਨ। ਬਜ਼ੁਰਗਾਂ ਦੇ ਪੈਰੀਂ ਹੱਥ ਲੱਗ ਰਹੇ ਹਨ। ਰਾਹ ਜਾਂਦਿਆਂ ਨੂੰ ਰੋਕ-ਰੋਕ ਕੇ ਸਕੀਰੀਆਂ ਕੱਢੀਆਂ ਜਾ ਰਹੀਆਂ ਹਨ। ਕੋਈ ਨਵੀਂ ਗੱਲ ਨਹੀਂ, ਹਰ ਵਾਰ ਹੀ ਇੰਜ ਹੁੰਦਾ ਆਇਆ ਹੈ। ਪਰ ਐਤਕੀਂ ਕੁਝ ਵੱਖਰਾ ਜ਼ਰੂਰ ਹੋਊਗਾ ਤੇ ਹੋ ਵੀ ਰਿਹਾ ਹੈ ਜਿਹਨੇ ਇਨ੍ਹਾਂ ਨੂੰ ਭੌਂਜਲ ਪਾਈ ਹੋਈ ਹੈ। ਕਿਸਾਨ ਅੰਦੋਲਨ ਨੇ ਲੋਕਾਂ ਦੇ ਮੂੰਹ ਵਿਚਲੀ ਜ਼ੁਬਾਨ ਨੂੰ ਬੋਲਣ ਲਾ ਦਿੱਤਾ ਹੈ। ਆਪਣੇ ਹੱਕਾਂ ਤੇ ਹਿੱਤਾਂ ਦੀ ਗੱਲ ਹੋਣ ਲੱਗ ਪਈ ਹੈ। ਹੁਣ ਸਿੱਧੜ ਜਿਹਾ ਵੋਟਰ ਸਮਾਜਿਕ ਮੁੱਦਿਆਂ ਦੀ ਗੱਲ ਕਰਨ ਲੱਗ ਪਿਆ ਹੈ। ਪਾਰਟੀਆਂ ਦੇ ਹੰਢੇ ਵਰਤੇ ਨੇਤਾ ਵੀ ਪਾਸਾ ਵੱਟ ਲੁਕੋਂ ਭਾਲਣ ਲੱਗ ਪਏ ਹਨ। ਸੋਸ਼ਲ ਮੀਡੀਆ ਇਹੋ ਜਿਹੀਆਂ ਖ਼ਬਰਾਂ, ਇੰਟਰਵਿਊਆਂ, ਵਿਚਾਰ ਚਰਚਾਵਾਂ ਨਾਲ ਭਰਿਆ ਪਿਆ ਹੈ ਜੋ ਸਮੇਂ ਦੇ ਤੱਥ ਸੱਚ ਦੇ ਪਾਜ ਖੋਲ੍ਹਦਾ ਲੋਕਾਂ ਨੂੰ ਸੁਚੇਤ ਕਰ ਰਿਹਾ ਹੈ।
ਸਮਾਂ ਵੀ ਐਤਕੀਂ ਵੋਟਰਾਂ ਨਾਲ ਵਫ਼ਾ ਕਰਦਾ ਪ੍ਰਤੀਤ ਹੁੰਦਾ ਹੈ। ਓਮੀਕਰੋਨ ਨਾਂ ਦੇ ਨਵੇਂ ਵਾਇਰਸ ਦੇ ਫੈਲਾਅ ਨੇ ਹਾਲ ਦੀ ਘੜੀ ਚੋਣ-ਰੈਲੀਆਂ ’ਤੇ ਪਾਬੰਦੀ ਲਗਵਾ ਦਿੱਤੀ ਹੈ। ਬਹੁਤਿਆਂ ਦੇ ਮੂੰਹਾਂ ਤੇ ਹੱਥਾਂ ’ਤੇ ਖੁਰਕ ਛਿੜੀ ਲੱਗਦੀ ਹੈ। ਨਾ ਵੱਡੇ ਵੱਡੇ ਇਕੱਠ, ਨਾ ਉੱਚੀ ਉੱਚੀ ਕੂੜ-ਪ੍ਰਚਾਰ ਅਤੇ ਨਾ ਨਾਅਰੇ ਤੇ ਤਾੜੀਆਂ ਦੀ ਗੜਗੜਾਹਟ। ਕਾਹਦੀਆਂ ਚੋਣਾਂ! ਇੱਕ ਚੰਗੀ ਮੰਨੀ ਪ੍ਰਮੰਨੀ ਪਾਰਟੀ ਦੇ ਨੇਤਾ ਨੇ ਤਾਂ ਇੰਟਰਵਿਊ ਵਿੱਚ ਕਹਿ ਹੀ ਦਿੱਤਾ ਕਿ ‘ਜਿੰਨਾ ਚਿਰ ‘ਕੱਠ ਨਾ ਹੋਣ, ਰੈਲੀਆਂ ਨਾ ਹੋਣ, ਲੋਕ ਸਾਹਮਣੇ ਨਾ ਬੈਠੇ ਹੋਣ, ਚੋਣਾਂ ਦਾ ਨਜ਼ਾਰਾ ਹੀ ਨਹੀਂ ਆਉਂਦਾ।’ ਸੋ ਸਾਡੇ ਮੁਲਕ ਦੇ ਨੇਤਾਵਾਂ ਲਈ ਤਾਂ ਚੋਣਾਂ ਨਜ਼ਾਰਾ ਲੈਣ ਦਾ ਵਧੀਆ ਮੌਕਾ ਹੁੰਦਾ ਹੈ ਜੋ ਸ਼ਾਇਦ ਐਤਕੀਂ ਬਹੁਤਾ ਨਾ ਆਵੇ। ਪਰ ਵੋਟਰਾਂ ਨੂੰ ਲੱਗਦਾ ਐਤਕੀਂ ਚੰਗਾ ਨਜ਼ਾਰਾ ਆਊ। ਟਿਕਟ ਲੈਣ ਲਈ ਉਮੀਦਵਾਰਾਂ ਦੀਆਂ ਕਲਾਬਾਜ਼ੀਆਂ ਲੱਗ ਰਹੀਆਂ ਹਨ। ਜਿਹੜੀ ਟਾਹਣੀ ਨੂੰ ਹੱਥ ਪੈਂਦਾ ਬਸ ਫੜ ਲਓ। ਜਿਹੜੀ ਖੁੱਡ ਦੀਂਹਦੀ ਬਸ ਭੱਜ ਕੇ ਵੜ ਜਾਓ। ਪਾਰਟੀਆਂ ਨੇ ਖਾਲੀ ਬੱਸਾਂ ਖੜ੍ਹੀਆਂ ਕੀਤੀਆਂ, ਇੱਕ ਛੱਡ ਦੂਜੀ ਵਿੱਚ ਵੜ ਜਾਓ। ਕੋਈ ਸ਼ਰਮ ਨਹੀਂ, ਕੋਈ ਹਰਜ਼ ਨਹੀਂ, ਕੋਈ ਦੱਸਣ ਪੁੱਛਣ ਵਾਲਾ ਨਹੀਂ ਕਿਉਂਕਿ ਇਸ ਹਮਾਮ ਵਿੱਚ ਬਹੁਤੇ ਨੰਗੇ ਨੇ।
ਟੀ.ਵੀ., ਰੇਡੀਓ ਨਾਲੋਂ ਸੋਸ਼ਲ ਮੀਡੀਆ ਚੰਗੇ ਪੋਲ ਖੋਲ੍ਹ ਰਿਹਾ ਹੈ। ਨੇਤਾ ਲੋਕ ਇੱਕ ਦੂਜੇ ਵਿਰੁੱਧ ਬੋਲਣ ਲੱਗੇ ਰਤਾ ਜਿੰਨੀ ਸ਼ਰਮ ਨਹੀਂ ਕਰਦੇ। ਵਿੰਗੇ ਟੇਢੇ ਢੰਗ ਨਾਲ ਹਰ ਗੱਲ ਦੀ ਇਹੋ ਜਿਹੀ ਚੀਰ ਫਾੜ ਕਰਦੇ ਹਨ ਕਿ ਗੱਲ ਕਿੱਥੋਂ ਤੁਰਦੀ ਕਿੱਥੇ ਪਹੁੰਚ ਜਾਂਦੀ ਹੈ। ਕਈ ਵਾਰ ਤਾਂ ਸਮਝੋ ਬਾਹਰ ਹੋ ਜਾਂਦੀ ਹੈ। ਹਰ ਤਰ੍ਹਾਂ ਦੀ ਤਹਿਜ਼ੀਬ ਛਿੱਕੇ ਟੰਗ ਇਲਜ਼ਾਮ ਤਰਾਸ਼ੀਆਂ, ਮਿਹਣੇ ਤੇ ਬਾਤ ਦੇ ਬਤੰਗੜ ਬਣਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਰਾਜਨੀਤੀ ਦੇ ਨਾਂ ’ਤੇ ਨਿੱਜੀ ਹਮਲਿਆਂ ਨੂੰ ਸਹੀ ਠਹਿਰਾਉਣਾ ਕੋਈ ਇਨ੍ਹਾਂ ਸਿਆਸਤਦਾਨਾਂ ਤੋਂ ਸਿੱਖੇ। ਖੈਰ! ਨੇਤਾਵਾਂ ਨੇ ਤਾਂ ਆਪਣੀਆਂ ਚੋਣ-ਮੁਹਿੰਮਾਂ ਚਲਾਉਣ ਦੇ ਢੰਗ-ਤਰੀਕਿਆਂ ਵਿੱਚ ਖਾਸਾ ਵਿਕਾਸ ਕਰ ਲਿਆ ਹੈ। ਇਸ ਵਾਰ ਵੋਟਰ ਨੇ ਆਪਣੀ ਸਿਆਣਪ ਵਰਤਣੀ ਹੈ, ਕਿਉਂਕਿ ਜੱਗ-ਜ਼ਾਹਿਰ ਹੈ ਕਿ ਵੋਟਰ ਸਿਆਣਾ ਹੋ ਗਿਆ ਹੈ। ‘ਕੌਣ ਸਿਰਫ਼ ਚੋਣ ਲਾਰੇ ਹੀ ਲਾ ਰਿਹੈ, ਕੌਣ ਸ਼ਬਦ-ਜਾਲ ਵਿਛਾ ਕੇ ਭਰਮਾ ਰਿਹੈ, ਕੌਣ ਮੁਫ਼ਤ ਦਾ ਚੋਗਾ ਪਾ ਆਪਣੇ ਖਾਣ ਦਾ ਰਾਹ ਸੁਵੱਲਾ ਕਰ ਰਿਹੈ?’ ਤੁਸੀਂ ਵੋਟਰਾਂ ਨੇ ਇਸ ਸਭ ਦਾ ਵਖਰੇਵਾਂ ਕਰਨਾ ਹੈ। ਤੁਸੀਂ ਵੇਖਣਾ ਸਮਝਣਾ ਤੇ ਸੋਚਣਾ ਹੈ।
ਸਿਆਣੇ ਕਹਿੰਦੇ ਹਨ, ‘ਨੀਤੀ ਕੋਈ ਵੀ ਹੋਵੇ ਨਜ਼ਰ ਤੇ ਨੀਅਤ ਸਿੱਧੀ ਹੋਣੀ ਚਾਹੀਦੀ ਹੈ।’ ਹੋ ਸਕਦਾ ਨੀਤੀ ਪੱਖੋਂ ਕਮਜ਼ੋਰ ਹੋਣ, ਪਰ ਨਜ਼ਰ ਤੇ ਨੀਅਤ ਸਿੱਧੀ ਵਾਲੇ ਵੀ ਇਸ ਚੋਣ-ਦੰਗਲ ਵਿੱਚ ਕੋਈ ਨਾ ਕੋਈ ਤਾਂ ਹੋਣਗੇ ਹੀ। ਇਹ ਪਰਖ ਵੋਟਰ ਦੀ ਤੀਸਰੀ ਅੱਖ ਨੇ ਕਰਨੀ ਹੈ। ਤੇ ਇਹ ਅੱਖ ਤੁਹਾਡੇ ਕੋਲ ਹੈ। ਬਸ ਆਪਣੇ ਆਪ ’ਤੇ ਯਕੀਨ ਜ਼ਰੂਰੀ ਹੈ। ਜੋਕਾਂ ਤੇ ਲੋਕਾਂ ਨੇ ਫਿਰ ਮੈਦਾਨ ਮੱਲ ਲਏ ਹਨ। ਫੈਸਲਾ ਤੁਹਾਡੇ ਹੱਥ ਹੈ ਕਿ ਖੂਨ ਪੀ ਪੀ ਫੁੱਲੀਆਂ ਜੋਕਾਂ ਸਿਰ ਤਾਜ ਪਾਉਣਾ ਹੈ ਕਿ ਸੁਹਿਰਦ ਲੋਕਾਂ ਹੱਥ ਆਪਣੀ ਵਾਗ ਡੋਰ ਫੜਾਉਣੀ ਹੈ।
ਸੰਪਰਕ: 403-402-9635