ਸਾਹਿਤ ਸੁਰ ਸੰਗਮ ਸਭਾ (ਇਟਲੀ), ਗੁੱਜਰਾਂਵਾਲਾ ਖਾਲਸਾ ਕਾਲਜ, ਲੁਧਿਆਣਾ ਅਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਵੱਲੋਂ ਸਾਂਝੇ ਤੌਰ ’ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਛੇ ਸ਼ਹੀਦ ਸਾਥੀਆਂ ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ ਸੁਰ ਸਿੰਘ, ਸ਼ਹੀਦ ਹਰਨਾਮ ਸਿੰਘ ਸਿਆਲਕੋਟੀ, ਸ਼ਹੀਦ ਬਖਸ਼ੀਸ਼ ਸਿੰਘ ਗਿੱਲਵਾਲੀ, ਸ਼ਹੀਦ ਸਿਰੈਣ ਸਿੰਘ ਵੱਡਾ ਤੇ ਸ਼ਹੀਦ ਸਿਰੈਣ ਸਿੰਘ ਛੋਟਾ ਦੀ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜ਼ੂਮ ਦੇ ਮਾਧਿਅਮ ਰਾਹੀਂ ਹੋਏ ਇਸ ਅੰਤਰਰਾਸ਼ਟਰੀ ਵੈਬੀਨਾਰ ਵਿੱਚ ਆਰੰਭਿਕ ਬੋਲਾਂ ਨਾਲ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਛੇ ਸਾਥੀਆਂ ਦੀ ਦੇਸ਼ ਲਈ ਦਿੱਤੀ ਸ਼ਹਾਦਤ ਨੂੰ ਯਾਦ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਮਾਗਮ ਦੀ ਪ੍ਰਧਾਨਗੀ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਕੀਤੀ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਯੋਧਿਆਂ ਦੀ ਕੁਰਬਾਨੀ ਤੋਂ ਸਿੱਖਿਆ ਲੈਣ ਦੀ ਲੋੜ ਹੈ ਜਿਨ੍ਹਾਂ ਨੇ ਆਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਇਆ। ਪ੍ਰੋਫੈਸਰ ਜਗਮੋਹਨ ਸਿੰਘ ਜੋ ਸ਼ਹੀਦ ਭਗਤ ਸਿੰਘ ਦੇ ਭਾਣਜੇ ਹਨ, ਉਨ੍ਹਾਂ ਨੇ ਵੀ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਇਤਿਹਾਸ ਦੇ ਬਹੁਤ ਸਾਰੇ ਲੁਕਵੇਂ ਪੱਖਾਂ ਨੂੰ ਉਜਾਗਰ ਕੀਤਾ ਤੇ ਕਰਤਾਰ ਸਿੰਘ ਸਰਾਭਾ ਨੂੰ ਛੋਟੀ ਉਮਰ ਦਾ ਵੱਡੀਆਂ ਪ੍ਰਾਪਤੀਆਂ ਵਾਲਾ ਚੇਤੰਨ ਸੂਰਮਾ ਆਖਿਆ।
ਕੈਨੇਡਾ ਤੋਂ ਵੈਬੀਨਾਰ ਵਿੱਚ ਸ਼ਾਮਲ ਹੋਏ ਅਮਰੀਕ ਪਲਾਹੀ ਨੇ ਕਰਤਾਰ ਸਿੰਘ ਸਰਾਭਾ ਦੇ ਅਮਰੀਕਾ ਵਿੱਚ ਦਾਖਲੇ ਸਮੇਂ ਇਮੀਗ੍ਰੇਸ਼ਨ ਵਾਲਿਆਂ ਨਾਲ ਹੋਏ ਲਿਖਤੀ ਸੰਵਾਦ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਹਰਦੀਪ ਸਿੰਘ ਸਰਾਭਾ, ਸੁਖਵਿੰਦਰ ਖੰਡੂਰ ਤੇ ਉਸ ਦੇ ਸਾਥੀਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸਰਾਭਾ ਸਥਿਤ ਘਰੋਂ ਲਾਈਵ ਹੋ ਕੇ ਉਨ੍ਹਾਂ ਦੇ ਜੱਦੀ ਘਰ ਦੇ ਦਰਸ਼ਨ ਕਰਵਾਏ ਅਤੇ ਸ਼ਹੀਦ ਬਾਰੇ ਗਾਇਆ ਆਪਣਾ ਗੀਤ ਵੀ ਸਾਂਝਾ ਕੀਤਾ। ਪੰਜਾਬ ਭਵਨ ਸਰੀ, ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਨੇ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਲਗਵਾਉਂਦਿਆਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਸਾਰੀ ਟੀਮ ਨੂੰ ਅਜਿਹੇ ਸਾਂਝੇ ਉਪਰਾਲਿਆਂ ਲਈ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਜਿਹੇ ਸਮਾਗਮ ਕਰਵਾਏ ਜਾਣੇ ਚਾਹੀਦੇ ਹਨ। ਸਭਾ ਦੇ ਮੰਚ ਵੱਲੋ ਪੰਜਾਬੀ ਸਾਹਿਤਕ ਤੇ ਸੱਭਿਆਚਾਰ ਖੇਤਰ ਵਿੱਚੋਂ ਪਿਛਲੇ ਸਮੇਂ ਵਿੱਛੜੀਆਂ ਰੂਹਾਂ- ਸੁਖਮਿੰਦਰ ਰਾਮਪੁਰੀ, ਗੁਰਮੀਤ ਬਾਵਾ, ਕੁਲਵੰਤ ਸਿੰਘ ਸੂਰੀ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਦੇ ਜੀਵਨ ਸਾਥਣ ਹਰਮਿੰਦਰ ਕੌਰ ਬੁੱਟਰ ਤੇ ਮਾਤਾ ਮਹਿੰਦਰ ਕੌਰ ਘੁੰਮਣ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਸਮਾਗਮ ਵਿੱਚ ਵਿਚਾਰ ਚਰਚਾ ਦੇ ਨਾਲ ਕਵੀ ਦਰਬਾਰ ਵੀ ਕਰਵਾਇਆ ਗਿਆ। ਕਵੀ ਦਰਬਾਰ ਵਿੱਚ ਸ਼ਾਮਲ ਹੋਏ ਕਵੀਆਂ ਵਿੱਚ ਕਵਿੰਦਰ ਚਾਂਦ ਕੈਨੇਡਾ, ਅਮਰੀਕ ਪਲਾਹੀ ਕੈਨੇਡਾ, ਗੁਰਭਜਨ ਗਿੱਲ, ਨੀਲੂ ਜਰਮਨੀ, ਗੁਰਪ੍ਰੀਤ ਕੌਰ ਗਾਇਦੂ ਗ੍ਰੀਸ, ਜੀਤ ਸੁਰਜੀਤ ਬੈਲਜੀਅਮ ਤੋਂ ਇਲਾਵਾ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਮੀਤ ਪ੍ਰਧਾਨ ਰਾਣਾ ਅਠੌਲਾ, ਸਿੱਕੀ ਝੱਜੀ ਪਿੰਡ ਵਾਲਾ, ਦਲਜਿੰਦਰ ਰਹਿਲ ਤੇ ਬਲਵਿੰਦਰ ਸਿੰਘ ਚਾਹਲ ਨੇ ਵੀ ਆਪੋ ਆਪਣੀਆਂ ਰਚਨਾਵਾਂ ਦੀ ਸਾਂਝ ਪਾਈ। ਸਭਾ ਦੇ ਪ੍ਰਧਾਨ ਬਲਵਿੰਦਰ ਚਾਹਲ ਨੇ ਹੋਠੀ ਬੱਲਾਂ ਵਾਲੇ ਦੀ ਸ਼ਹੀਦਾਂ ਨੂੰ ਸਮਰਪਿਤ ਰਚਨਾ ਵੀ ਸਾਂਝੀ ਕੀਤੀ। ਸਮਾਗਮ ਦੇ ਅਖੀਰ ਵਿੱਚ ਪ੍ਰੋਫੈਸਰ ਜਸਪਾਲ ਸਿੰਘ ਇਟਲੀ ਨੇ ਧੰਨਵਾਦੀ ਭਾਸ਼ਨ ਨਾਲ ਯੋਧਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ।