ਕੈਲਗਰੀ:
ਅਰਪਨ ਲਿਖਾਰੀ ਸਭਾ, ਕੈਲਗਰੀ ਦੀ ਮਾਸਿਕ ਮੀਟਿੰਗ ਡਾ. ਜੋਗਾ ਸਿੰਘ ਸਹੋਤਾ ਅਤੇ ਜਨਾਬ ਸੁਬਾ ਸ਼ੇਖ਼ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਹੋਈ। ਸਕੱਤਰ ਜਰਨੈਲ ਤੱਗੜ ਨੇ ਇਸ ਮਹੀਨੇ ਦੇ ਯਾਦਗਾਰੀ ਦਿਨਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਸਮੂਹ ਸ਼ਹੀਦਾਂ ਜਿਨ੍ਹਾਂ ਨੇ ਦੇਸ਼ ਤੇ ਕੌਮ ਲਈ ਕੁਰਬਾਨੀਆਂ ਕੀਤੀਆਂ, ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ। ਸਭਾ ਵੱਲੋਂ ਪਿਛਲੇ ਦਿਨੀਂ ਕੈਨੇਡਾ ਅੰਦਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਗ਼ੈਰ-ਸਮਾਜੀ ਕਾਰਵਾਈਆਂ ਦੀ ਨਿਖੇਧੀ ਕੀਤੀ ਗਈ।
ਪ੍ਰਿੰਸੀਪਲ ਬਲਦੇਵ ਸਿੰਘ ਦੁੱਲਟ ਨੇ ਰੀਮੈਂਬਰੈਂਸ ਡੇਅ ਬਾਰੇ ਇਤਿਹਾਸਕ ਵੇਰਵੇ ਸਾਂਝੇ ਕੀਤੇ ਅਤੇ ਗ਼ਦਰ ਪਾਰਟੀ ਦੀ ਬਹਾਦਰ ਬੀਬੀ ਗੁਲਾਬ ਕੌਰ ਦੇ ਜੀਵਨ ’ਤੇ ਝਾਤ ਪੁਆਈ ਕਿ ਕਿਵੇਂ ਉਸ ਬੀਬੀ ਨੇ ਦੇਸ਼ ਦੇ ਆਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਪਾਇਆ, ਪਰ ਅੱਜ ਅਸੀਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਚੁੱਕੇ ਹਾਂ। ਜ਼ੀਰ ਸਿੰਘ ਬਰਾੜ ਨੇ 1984 ਦੇ ਕਤਲੇਆਮ ਦੀਆਂ ਮੰਦਭਾਗੀ ਘਟਨਾਵਾਂ ਲਈ ਮੌਕੇ ਦੇ ਧਾਰਮਿਕ ਤੇ ਸਿਆਸੀ ਆਗੂਆਂ ਸਮੇਤ ਬੁੱਧੀਜੀਵੀਆਂ ਨੂੰ ਜ਼ਿੰਮੇਵਾਰ ਦੱਸਦਿਆਂ ਨਿੱਜੀ ਅਨੁਭਵ ਸਾਂਝੇ ਕੀਤੇ। ਕੇਸਰ ਸਿੰਘ ਨੀਰ ਨੇ ਡਾ. ਇਕਬਾਲ ਬਾਰੇ ਸੰਖੇਪ ਵਿਚਾਰ ਪੇਸ਼ ਕਰਦਿਆਂ ਕੁਝ ਮਕਬੂਲ ਸ਼ਿਅਰ ਵੀ ਸਾਂਝੇ ਕੀਤੇ। ਮਾ. ਹਰਭਜਨ ਸਿੰਘ ਨੇ ਆਪਣੀ ਸਾਹਿਤਕ ਸਿਰਜਣਾ ਬਾਰੇ ਗੱਲਬਾਤ ਕਰਦਿਆਂ ਆਪਣੇ ਲਿਖੇ ਸਫ਼ਰਨਾਮੇ ਦਾ ਇੱਕ ਚੈਪਟਰ ਪੜ੍ਹਿਆ ਜੋ ਮਨੋਰੰਜਨ ਦੇ ਨਾਲ ਨਾਲ ਪ੍ਰੇਰਨਾਦਾਇਕ ਵੀ ਸੀ।
ਡਾ. ਮਨਮੋਹਨ ਬਾਠ ਨੇ ‘ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ’ ਗਾ ਕੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਵਧਾਈ ਦਿੱਤੀ। ਲਖਵਿੰਦਰ ਜੌਹਲ ਦੇ ਗੀਤ ਵਿੱਚ ਵਿਅੰਗ ਵੀ ਸੀ, ਹਾਸਰਸ ਵੀ ਅਤੇ ਉਪਦੇਸ਼ ਵੀ ਕਿ ਗੁਰਬਾਣੀ ਪੜ੍ਹੋ, ਸੁਣੋ ਤੇ ਅਮਲ ਕਰੋ। ਉਸ ਨੇ ਕਿਹਾ ਕਿ ਪਾਠੀ ਇਕੱਲਾ ਹੀ ਪਾਠ ਕਰ ਰਿਹਾ ਹੁੰਦਾ ਹੈ, ਘਰਵਾਲੇ ਪ੍ਰਾਹੁਣਿਆਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ। ਸੁਖਮੰਦਰ ਸਿੰਘ ਗਿੱਲ ਨੇ ਆਪਣੀ ਨਜ਼ਮ ‘ਉਹ ਜੋ ਵਿੱਛੜਨ ਵੇਲੇ ਦੇ ਹਾਲਾਤ ਨਾ ਤੂੰ ਪੁੱਛ, ਕਿੰਨਾ ਤੜਫ਼ਦੇ ਰਹੇ ਜਜ਼ਬਾਤ ਨਾ ਤੂੰ ਪੁੱਛ’ ਗਾ ਕੇ ਪੇਸ਼ ਕੀਤੀ। ਨਾਲ ਹੀ ਵਾਰਿਸ ਸ਼ਾਹ ਦੀ ਹੀਰ ਗਾ ਕੇ ਦਰਸ਼ਕਾਂ ਨੂੰ ਕੀਲ ਲਿਆ। ਡਾ. ਜੋਗਾ ਸਿੰਘ ਨੇ ਸਰੋਦੀ ਮਾਹੌਲ ਸਿਰਜ ਦਿੱਤਾ। ਉਸ ਨੇ ‘ਕੈਸੇ ਦਿਲ ਕੋ ਮਨਾ ਲੀਆ ਮੈਂਨੇ ਆਪ ਸੇ ਦਿਲ ਲਗਾ ਲੀਆ ਮੈਂਨੇ’ ਸੁਣਾ ਕੇ ਰੰਗ ਬੰਨ੍ਹਿਆ। ਡਾ. ਹਰਵਿੰਦਰਪਾਲ ਸਿੰਘ ਨੇ ‘ਰੋਗ ਲੱਭਾ ਨਹੀਂ ਤਬੀਬਾ ਤੈਨੂੰ ਮੇਰਾ, ਦਵਾਈਆਂ ਦੇ ਕੇ ਸਾੜ ਛੱਡਿਆ’ ਗੀਤ ਰਾਹੀਂ ਸਰੋਤਿਆਂ ਨੂੰ ਨਿਹਾਲ ਕੀਤਾ।
ਕੇਸਰ ਸਿੰਘ ਨੀਰ ਦੀ ਗ਼ਜ਼ਲ ‘ਕਦੇ ਤਾਂ ਅਸੀਂ ਵੀ ਕੁਰਬਾਨੀਆਂ ਦਾ ਮੁੱਲ ਪਾਵਾਂਗੇ’ ਸੰਦੇਸ਼ ਦੇ ਗਈ। ਸੁਖਵਿੰਦਰ ਤੂਰ ਨੇ ਸ਼ਾਇਰ ਜਸਵਿੰਦਰ ਸਿੰਘ ਰੁਪਾਲ ਦੀ ਲਿਖੀ ਕਵਿਤਾ ‘ਸੱਤ ਦੀਵੇ’ ਜਗਾਉਣ ਦੀ ਰੋਸ਼ਨੀ ਬਿਖੇਰੀ ਅਤੇ ਕਰਤਾਰ ਸਿੰਘ ਬਲੱਗਣ ਦੀ ਲਿਖੀ ਕਵਿਤਾ ‘ਬੈਂਤ ਛੰਦ’ ਨੂੰ ਆਪਣੇ ਅੰਦਾਜ਼ ਵਿੱਚ ਪੇਸ਼ ਕੀਤਾ। ਦੀਪਕ ਜੈਤੋਈ ਮੰਚ ਦੇ ਪ੍ਰਧਾਨ ਦਰਸ਼ਨ ਸਿੰਘ ਬਰਾੜ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਕਵੀਸ਼ਰੀ ਵਿੱਚ ਪੇਸ਼ ਕੀਤਾ। ਸਤਨਾਮ ਸਿੰਘ ਢਾਅ ਨੇ ਗ਼ਦਰੀ ਬਾਬਾ ਸੋਹਨ ਸਿੰਘ ਭਕਨਾ ਅਤੇ ਕਰਤਾਰ ਸਿੰਘ ਸਰਾਭਾ ਦੇ ਆਪਸੀ ਵਾਰਤਾਲਾਪ ਨੂੰ ਕਵੀਸ਼ਰੀ ਰੰਗ ਜ਼ਰੀਏ ਰੂਪਮਾਨ ਕਰ ਦਿੱਤਾ। ਜਗਦੇਵ ਸਿੱਧੂ ਨੇ ਵੀ ਆਪਣੇ ਵਿਚਾਰ ਪ੍ਰਗਟਾਏ। ਜਰਨੈਲ ਤੱਗੜ ਨੇ ਮੰਚ ਸੰਚਾਲਨ ਕੀਤਾ।
ਖ਼ਬਰ ਸਰੋਤ: ਅਰਪਨ ਲਿਖਾਰੀ ਸਭਾ, ਕੈਲਗਰੀ