ਹਰਜੀਤ ਅਟਵਾਲ
ਮੇਰੇ ਘਰ ਦੇ ਨੇੜੇ ਹੀ ਲੰਡਨ ਦੀ ਮਸ਼ਹੂਰ ਨਹਿਰ ‘ਗਰੈਂਡ ਯੂਨੀਅਨ ਕੈਨਾਲ’ ਲੰਘਦੀ ਹੈ। ਮੈਂ ਅਕਸਰ ਉਸ ਦੇ ਕੰਢੇ-ਕੰਢੇ ਤੁਰਨ ਜਾਂਦਾ ਹਾਂ। ਪਾਣੀ ਕੰਢੇ ਤੁਰਨ ਦਾ ਮਜ਼ਾ ਹੀ ਹੋਰ ਹੁੰਦਾ ਹੈ। ਤੁਸੀਂ ਲੰਡਨ ਦੇ ਕਿਸੇ ਵੀ ਹਿੱਸੇ ਵਿਚ ਚਲੇ ਜਾਵੋ ਇਹ ਨਹਿਰ ਹਰ ਥਾਂ ਮਿਲਦੀ ਹੈ। ਮੈਨੂੰ ਨਹਿਰਾਂ ਨਾਲ ਬਚਪਨ ਤੋਂ ਹੀ ਪਿਆਰ ਰਿਹਾ ਹੈ। ਸਾਡੇ ਪਿੰਡ ਦੇ ਨੇੜੇ ਕੋਈ ਖ਼ਾਸ ਨਹਿਰ ਨਹੀਂ ਸੀ ਪੈਂਦੀ, ਇਸ ਲਈ ਨਹਿਰ ਵਿਚ ਨਹਾਉਣ ਲਈ ਮੈਨੂੰ ਆਪਣੀ ਮਾਸੀ ਦੇ ਪਿੰਡ ਬੁਹਾਰੇ ਜਾਣਾ ਪੈਂਦਾ ਸੀ। ਨਹਿਰ ਵਿਚ ਨਹਾਉਣ ਦਾ ਆਪਣਾ ਹੀ ਆਨੰਦ ਹੁੰਦਾ ਹੈ, ਪਰ ਲੰਡਨ ਦੀ ਇਹ ਪ੍ਰਮੁੱਖ ਨਹਿਰ ਨਹਾਉਣ ਵਾਲੀ ਬਿਲਕੁਲ ਨਹੀਂ ਹੈ। ਇਸ ਦਾ ਪਾਣੀ ਬਹੁਤ ਗੰਦਾ ਹੈ ਕਿਉਂਕਿ ਇਹ ਵਗਦਾ ਨਹੀਂ ਹੈ। ਖੜ੍ਹੇ ਪਾਣੀ ਤਾਂ ਮੁਸ਼ਕਣਾ ਹੀ ਹੋਇਆ। ਯੂਕੇ ਦੀਆਂ ਬਹੁਤੀਆਂ ਨਹਿਰਾਂ ਨਹੀਂ ਵਗਦੀਆਂ। ਯੂਕੇ ਦਾ ਨਹਿਰੀ ਤਾਣਾ-ਬਾਣਾ ਬਹੁਤ ਦਿਲਚਸਪ ਹੈ। ਇਹ ਸਾਰੀਆਂ ਨਹਿਰਾਂ ਆਪਸ ਵਿਚ ਜੁੜੀਆਂ ਹੋਈਆਂ ਹਨ। ਤੁਸੀਂ ਆਪਣੀ ਕਿਸ਼ਤੀ ਲੈ ਕੇ ਡੈਵਨ-ਕੌਰਨਵਾਲ ਤੋਂ ਨਿਕਲੋ ਤਾਂ ਧੁਰ ਉੱਤਰੀ ਸਕਾਟਲੈਂਡ ਤਕ ਨਹਿਰੋ-ਨਹਿਰੀ ਜਾ ਸਕਦੇ ਹੋ।
ਉਂਜ ਤਾਂ ਨਹਿਰਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਈਸਾ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਮੈਸੋਪੋਟੈਮੀਆ ਵਿਚ ਨਹਿਰਾਂ ਸਨ, ਅੱਜ ਦੇ ਇਰਾਨ-ਇਰਾਕ ਵਿਚ। ਸਿੰਧ ਘਾਟੀ ਦੀ ਸੱਭਿਅਤਾ ਵੇਲੇ ਵੀ ਨਹਿਰਾਂ ਰਾਹੀਂ ਸਿੰਜਾਈ ਹੁੰਦੀ ਸੀ ਤੇ ਮਿਸਰ ਦੀ ਸੱਭਿਅਤਾ ਵੇਲੇ ਵੀ। ਅੱਜ ਦੀਆਂ ਮਾਡਰਨ ਨਹਿਰਾਂ ਕੱਢਣ ਵਿਚ ਅੰਗਰੇਜ਼ ਮਾਹਿਰ ਮੰਨੇ ਗਏ ਹਨ। ਇਨ੍ਹਾਂ ਦਾ ਭਾਰਤ ਵਿਚ ਖ਼ਾਸ ਕਰਕੇ ਹੁਣ ਦੇ ਪਾਕਿਸਤਾਨ ਵਿਚ ਨਹਿਰੀ ਸਿਸਟਮ ਬਹੁਤ ਹੀ ਕਾਮਯਾਬ ਸੀ। ਲਾਇਲਪੁਰ, ਅੱਜ ਦੇ ਫੈਸਲਾਬਾਦ ਨੂੰ ਉਪਜਾਊ ਭਾਵੇਂ ਸਮੁੱਚੇ ਪੰਜਾਬ ਦੇ ਜੱਟਾਂ ਦੀ ਮਿਹਨਤ ਨੇ ਬਣਾਇਆ ਹੋਵੇ, ਪਰ ਇਸ ਵਿਚ ਨਹਿਰਾਂ ਦਾ ਬਹੁਤ ਵੱਡਾ ਹੱਥ ਹੈ। ਉਂਜ ਨਹਿਰਾਂ ਕੱਢਣ ਵਿਚ ਅੰਗਰੇਜ਼ ਗਾਡੀਵਾਨ (ਪੁਆਏਨੀਅਰ) ਨਹੀਂ ਹਨ। ਇਸ ਵਿਚ ਚੀਨੀਆਂ ਨੂੰ ਰਾਹ-ਦਿਖਾਵੇ ਮੰਨਿਆ ਜਾਂਦਾ ਹੈ। ਚੀਨ ਦੀ ਸਭ ਤੋਂ ਮਸ਼ਹੂਰ ਨਹਿਰ ‘ਗਰੈਂਡ ਕੈਨਾਲ ਆਫ ਚਾਈਨਾ’ ਦਸਵੀਂ ਸਦੀ ਵਿਚ ਕੱਢੀ ਗਈ ਸੀ। ਜੋ ਲੌਕ-ਸਿਸਟਮ ਹੈ, ਪਾਣੀ ਦੇ ਹੋਜ਼ ਭਰਕੇ ਜਾਂ ਖਾਲੀ ਕਰਕੇ ਜਹਾਜ਼ਾਂ ਨੂੰ ਉੱਪਰ-ਹੇਠਾਂ ਲੈ ਜਾਣਾ, ਜਿਸ ਦੇ ਸਹਾਰੇ ਪੂਰੇ ਯੂਕੇ ਦੀਆਂ ਨਹਿਰਾਂ ਵਰਤੋਂ ਵਿਚ ਲਿਆਂਦੀਆਂ ਜਾਂਦੀਆਂ ਹਨ। ਨਹਿਰ ਪਨਾਮਾ ਵਿਚ ਇਸੇ ਸਿਸਟਮ ਨਾਲ ਲੱਖਾਂ ਟਨ ਦੇ ਜਹਾਜ਼ ਸੈਂਕੜੇ ਫੁੱਟ ਉੱਪਰ ਹੇਠਾਂ ਕੀਤੇ ਜਾਂਦੇ ਹਨ, ਇਸ ਦੀ ਕਾਢ ਸੰਨ 983 ਵਿਚ ‘ਛੀਆਏ ਵਾਈ-ਯੋ’ ਨਾਂ ਦੇ ਇਕ ਚੀਨੀ ਨੇ ਕੱਢੀ ਸੀ। ਦੋ-ਸਵਾ ਦੋ ਹਜ਼ਾਰ ਸਾਲ ਪਹਿਲਾਂ ਜਦੋਂ ਇੰਗਲੈਂਡ ’ਤੇ ਰੋਮਨਾਂ ਦਾ ਕਬਜ਼ਾ ਸੀ ਤਾਂ ਉਨ੍ਹਾਂ ਨੇ ਵੀ ਕੁਝ ਨਹਿਰਾਂ ਬਣਾਈਆਂ ਸਨ। ਇੰਗਲੈਂਡ ਦੇ ਦੱਖਣ ਵਿਚ ਇਕ ਨਹਿਰ ਬਣਾਈ। ਇਕ ਨਹਿਰ ਲਿੰਕਨ ਤੇ ਰਿਵਰ ਟਰੈੰਟ ਨੂੰ ਜੋੜਦੀ ਬਣਾਈ ਸੀ, ਜਿਸ ਵਿਚ ਨਾਲੀਆਂ ਦਾ ਪਾਣੀ ਵੀ ਡਿੱਗਦਾ ਸੀ ਤੇ ਇਸ ਦੀ ਢੋਆ-ਢੁਆਈ ਲਈ ਵੀ ਵਰਤੋਂ ਹੁੰਦੀ ਸੀ। ਉਨ੍ਹਾਂ ਨੇ ਲਿੰਕਨਸ਼ਾਇਰ ਵਿਚ ਚਾਲੀ ਮੀਲ ਲੰਮੀ ਇਕ ਹੋਰ ਨਹਿਰ ਵੀ ਬਣਾਈ ਸੀ। ਪਰ ਜੋ ਅੱਜ ਦਾ ਆਧੁਨਿਕ ਨਹਿਰੀ ਸਿਸਟਮ ਹੈ ਅਜਿਹੀ ਨਹਿਰ 1566 ਵਿਚ ਡੈਵਨ ਦੇ ਸ਼ਹਿਰ ਐਗਜ਼ਿਟਰ ਵਿਚ ਬਣਾਈ ਗਈ ਸੀ। ਇਹ ਦੋ ਦਰਿਆਵਾਂ ਨੂੰ ਜੋੜਦੀ ਸੀ। ਜਿਸ ਲੌਕ ਦੀ ਕਾਢ ਚੀਨੀ ਇੰਜਨੀਅਰ ਨੇ ਕੀਤੀ ਸੀ ਉਹ 1670 ਵਿਚ ਇੰਗਲੈਂਡ ਵਿਚ ਬਣਨ ਵਾਲੀ ਦੂਜੀ ਨਹਿਰ ’ਤੇ ਬਣਾਇਆ ਗਿਆ। ਉਸ ਤੋਂ ਬਾਅਦ ਅਠਾਰਵੀਂ ਸਦੀ ਵਿਚ ਤਾਂ ਨਹਿਰਾਂ ਦਾ ਜਾਲ ਵਿਛਣਾ ਸ਼ੁਰੂ ਹੋ ਗਿਆ ਸੀ। ਉਸ ਵੇਲੇ ਨਹਿਰਾਂ ਦੀ ਲੋੜ ਵੀ ਸੀ। ਅਸਲ ਵਿਚ ਇਹ ਸਮਾਂ ਪੂਰੇ ਯੂਰੋਪ ਵਿਚ ਸਨਅਤੀ ਇਨਕਲਾਬ ਦਾ ਸਮਾਂ ਸੀ ਜਿਸ ਵਿਚ ਨਹਿਰਾਂ ਦਾ ਬਹੁਤ ਅਹਿਮ ਰੋਲ ਰਿਹਾ। ਨਹਿਰਾਂ ਢੋਆ-ਢੁਆਈ ਦੇ ਕੰਮ ਆ ਰਹੀਆਂ ਸਨ। ਸਨਅਤੀ ਇਨਕਲਾਬ ਵਿਚ ਥਾਂ ਥਾਂ ਫੈਕਟਰੀਆਂ ਲੱਗਣ ਲੱਗੀਆਂ। ਇਕ ਥਾਂ ਤੋਂ ਦੂਜੀ ਥਾਂ ’ਤੇ ਕੱਚਾ ਮਾਲ ਲੈ ਕੇ ਜਾਣਾ ਤੇ ਫਿਰ ਬਣਿਆ ਹੋਇਆ ਪੱਕਾ ਮਾਲ ਲੈ ਕੇ ਜਾਣਾ ਕੋਈ ਆਸਾਨ ਕੰਮ ਨਹੀਂ ਸੀ। ਉਨ੍ਹਾਂ ਦਿਨਾਂ ਵਿਚ ਹਾਲੇ ਰੇਲ ਹੋਂਦ ਵਿਚ ਨਹੀਂ ਸੀ ਆਈ ਤੇ ਸੜਕਾਂ ਵੀ ਏਨੀਆਂ ਤਰੱਕੀ ’ਤੇ ਨਹੀਂ ਸਨ। ਬਹੁਤੀ ਢੋਆ-ਢੁਆਈ ਸੜਕਾਂ ਰਾਹੀਂ ਹੀ ਹੁੰਦੀ ਸੀ ਜਿਸ ਵਿਚ ਜਾਨਵਰ ਜਿਵੇਂ ਕਿ ਘੋੜੇ-ਬਲਦ ਆਦਿ ਵਰਤੇ ਜਾਂਦੇ ਤੇ ਜਾਨਵਰਾਂ ਦੀ ਭਾਰ ਖਿੱਚਣ ਦੀ ਸਮਰੱਥਾ ਦੀ ਇਕ ਸੀਮਾ ਹੁੰਦੀ ਹੈ। ਫਿਰ ਗੱਡਿਆਂ ਜਾਂ ਘੋੜਾ-ਬੱਘੀਆਂ ਵਿਚ ਸਾਮਾਨ ਵੀ ਥੋੜ੍ਹਾ ਆਉਂਦਾ। ਦੂਜੇ ਜ਼ਮੀਨੀ ਰਾਹ ’ਤੇ ਜਾਂਦਿਆਂ ਬਹੁਤ ਸਾਰਾ ਨਾਜ਼ੁਕ ਸਾਮਾਨ ਟੁੱਟ ਜਾਂਦਾ ਸੀ। ਫੈਕਟਰੀਆਂ ਲਈ ਕੋਇਲੇ ਤੇ ਹੋਰ ਈਂਧਨ (ਲੱਕੜ ਆਦਿ) ਵੀ ਲੋੜੀਂਦੇ ਹੁੰਦੇ ਸਨ, ਇਹ ਨਹਿਰਾਂ ਰਾਹੀਂ ਲੈ ਕੇ ਜਾਣੇ ਸੌਖੇ ਪੈਣ ਲੱਗੇ।
ਨਹਿਰਾਂ ਰਾਹੀਂ ਘੋੜਾ ਬੱਘੀਆਂ ਨਾਲੋਂ ਕਿਤੇ ਵੱਧ ਸਾਮਾਨ ਲੈ ਜਾਇਆ ਜਾ ਸਕਦਾ ਸੀ ਤੇ ਇਸ ਨੂੰ ਕੋਈ ਨੁਕਸਾਨ ਵੀ ਨਹੀਂ ਸੀ ਹੁੰਦਾ। ਢੋਆ ਢੁਆਈ ਲਈ ਪਹਿਲੀ ਨਹਿਰ ‘ਸੈਨਕੀ ਕੈਨਾਲ’ ਬਣਾਈ ਜੋ ਬਹੁਤ ਕਾਮਯਾਬ ਰਹੀ। ਫੈਕਟਰੀਆਂ ਨੂੰ ਪੂਰਾ ਮਾਲ ਮਿਲਣ ਲੱਗਾ ਤੇ ਉਤਪਾਦਨ ਵਿਚ ਵਾਧਾ ਹੋ ਗਿਆ ਤੇ ਸਸਤਾ ਵੀ ਪੈਣ ਲੱਗਾ। ਇਸ ਤੋਂ ਬਾਅਦ ਬ੍ਰਿਜਵਾਟਰ ਨਹਿਰ ਤੇ ਹੋਰ ਨਹਿਰਾਂ ਬਣਨ ਲੱਗੀਆਂ। ਇਹ ਨਹਿਰਾਂ ਜਿੱਥੋਂ ਮਾਲ ਉਤਰਨਾ ਹੁੰਦਾ ਤੇ ਜਿੱਥੇ ਮਾਲ ਜਾਣਾ ਹੁੰਦਾ, ਸ਼ਹਿਰ ਤੋਂ ਸ਼ਹਿਰ, ਬੰਦਰਗਾਹ ਤੋਂ ਬੰਦਰਗਾਹ ਨਾਲ ਜੋੜੀਆਂ। ਭਾਰਤ ਤੋਂ ਲੁੱਟ ਕੇ ਲਿਆਂਦੇ ਮਾਲ ਨੂੰ ਸ਼ਹਿਰੋ-ਸ਼ਹਿਰ ਪਹੁੰਚਦਾ ਕਰਨ ਵਿਚ ਇਨ੍ਹਾਂ ਨਹਿਰਾਂ ਨੇ ਵੱਡਾ ਯੋਗਦਾਨ ਪਾਇਆ। ਘਰਾਂ ਵਿਚ ਕੋਇਲੇ ਦੀ ਜੋ ਸਪਲਾਈ ਹੁੰਦੀ ਸੀ ਉਸ ਨੂੰ ਵੀ ਖਾਣਾਂ ਤੋਂ ਕੋਇਲੇ ਦੇ ਡੀਪੂਆਂ ਤਕ ਨਹਿਰਾਂ ਰਾਹੀਂ ਹੀ ਲੈ ਜਾਇਆ ਜਾਣ ਲੱਗਾ। ਇਕ ਵੇਲੇ ਮਾਨਚੈਸਟਰ ਵਿਚ ਬ੍ਰਿਜਵਾਟਰ ਨਹਿਰ ਬਣਨ ਨਾਲ ਕੋਇਲਾ 75 ਫੀਸਦੀ ਸਸਤਾ ਹੋ ਗਿਆ ਸੀ।
ਇਹ ਨਹਿਰਾਂ ਮੁੱਖ ਤੌਰ ’ਤੇ ਦੋ ਕਿਸਮ ਦੀਆਂ ਹੁੰਦੀਆਂ ਹਨ। ਇਕ ਵਾਟਰਵੇਅਜ਼ ਭਾਵ ਪਾਣੀ-ਰਾਹ ਤੇ ਦੂਜੀਆਂ ਸਿੰਜਾਈ ਵਾਲੀਆਂ ਨਹਿਰਾਂ। ਯੂਕੇ ਦੀ ਧਰਤੀ ਅਜਿਹੀ ਉੱਚੀ-ਨੀਵੀਂ ਹੈ ਕਿ ਇੱਥੇ ਪੰਜਾਬ ਵਾਂਗ ਨੱਕਾ ਛੱਡ ਕੇ ਸਿੰਜਾਈ ਨਹੀਂ ਹੋ ਸਕਦੀ। ਇੱਥੇ ਬਹੁਤੀ ਸਿੰਜਾਈ ਫੁਆਰਾ-ਵਿਧੀ ਰਾਹੀਂ ਹੁੰਦੀ ਹੈ। ਸੋ ਇੱਥੇ ਜ਼ਿਆਦਾਤਰ ਨਹਿਰਾਂ ਵਾਟਰਵੇਅਜ਼, ਪਾਣੀ-ਰਾਹ ਹੀ ਹਨ। ਕਈ ਵਾਰ ਪਹਿਲਾਂ ਵਗਦੀਆਂ ਨਦੀਆਂ ਦੇ ਕੰਢੇ ਬੰਨ੍ਹ ਕੇ ਇਨ੍ਹਾਂ ਨੂੰ ਤਰਤੀਬ ਵਿਚ ਕਰ ਲਿਆ ਜਾਂਦਾ ਹੈ। ਨਦੀਆਂ ਪਹਾੜਾਂ, ਵੈਲੀਆਂ ਵਿਚ ਵੀ ਵਗਦੀਆਂ ਹਨ, ਪਰ ਨਹਿਰਾਂ ਸਿੱਧੀਆਂ ਰੱਖੀਆਂ ਜਾਂਦੀਆਂ ਹਨ ਤਾਂ ਜੋ ਕਿਸ਼ਤੀਆਂ ਜਾਂ ਜਹਾਜ਼ਾਂ ਦੇ ਚੱਲਣ ਵਿਚ ਆਸਾਨੀ ਰਹੇ। ਪਾਣੀ-ਰਾਹ ਵਾਲੀਆਂ ਨਹਿਰਾਂ ਵਿਚ ਤਿੱਖੇ ਮੋੜ ਨਹੀਂ ਰੱਖੇ ਜਾ ਸਕਦੇ। ਉੱਚੇ ਨੀਵੇਂ ਥਾਵਾਂ ’ਤੇ ਲੌਕ ਬਣਾ ਦਿੱਤੇ ਗਏ। ਜਿੱਥੇ ਪਹਾੜ ਪੈਂਦਾ ਸੀ, ਉੱਥੇ ਸੁਰੰਗ ਕੱਢ ਕੇ ਨਹਿਰ ਵਗਾ ਦਿੱਤੀ ਗਈ ਤੇ ਜਿੱਥੇ ਕਿਤੇ ਧਰਤੀ ਬਹੁਤ ਨੀਵੀਂ ਹੁੰਦੀ, ਕਿਤੇ ਰਾਹ ਵਿਚ ਦਰਿਆ ਪੈ ਜਾਂਦਾ, ਉੱਥੇ ਪੁਲ ਬਣਾ ਕੇ ਨਹਿਰ ਨੂੰ ਉੱਪਰੋ-ਉੱਪਰ ਵੀ ਵਗਾ ਦਿੱਤਾ ਜਾਂਦਾ। ਜਿਵੇਂ ਜਿਵੇਂ ਟੈਕਨੋਲੌਜੀ ਵਧਦੀ ਗਈ ਨਹਿਰਾਂ ਅਪਗ੍ਰੇਡ ਹੁੰਦੀਆਂ ਗਈਆਂ। ਫਿਰ ਤਾਂ ਇਵੇਂ ਹੋ ਗਿਆ ਕਿ ਜਿੱਥੇ ਵੀ ਫੈਕਟਰੀ ਲੱਗਦੀ, ਉੱਧਰ ਦੀ ਨਹਿਰ ਕੱਢ ਦਿੱਤੀ ਜਾਂਦੀ ਜਾਂ ਫੈਕਟਰੀ ਹੀ ਨਹਿਰ ਦੇ ਕੰਢੇ ਲਾਈ ਜਾਂਦੀ। ਅੱਜ ਵੀ ਤੁਸੀਂ ਦੇਖੋਗੇ ਕਿ ਲੰਡਨ ਦੀਆਂ ਬਹੁਤੀਆਂ ਇੰਡਸਟਰੀਅਲ ਇਸਟੇਟਸ ਨਹਿਰਾਂ ਕੰਢੇ ਹੀ ਹਨ। ਫਿਰ ਉਨੀਵੀਂ ਸਦੀ ਦੇ ਅੱਧ ਤਕ ਜਾਂਦਿਆਂ ਰੇਲ-ਗੱਡੀ ਦੀ ਕਾਢ ਨਿਕਲ ਆਈ। ਉੱਤਰੀ ਇੰਗਲੈਂਡ ਵਿਚ ਕੁਝ ਮੀਲ ਰੇਲਵੇ ਲਾਈਨ ਬਣਾਈ ਤੇ ਫਿਰ ਰੇਲ-ਲਾਈਨਾਂ ਵਿਛਣੀਆਂ ਸ਼ੁਰੂ ਹੋ ਗਈਆਂ। ਉਨੀਵੀਂ ਸਦੀ ਦੇ ਖ਼ਤਮ ਹੁੰਦਿਆਂ, ਏਨੀਆਂ ਕੁ ਰੇਲਾਂ ਚੱਲ ਪਈਆਂ ਸਨ ਕਿ ਕਿਸ਼ਤੀਆਂ ਦੀ ਲੋੜ ਘੱਟ ਪੈਣ ਲੱਗੀ। ਫਿਰ ਟਾਇਰ ਨਿਕਲ ਆਇਆ ਤੇ ਸਤ ਫੁੱਟ ਚੌੜੀਆਂ ਸੜਕਾਂ ਵਧੀਆ ਤਰੀਕੇ ਨਾਲ ਵਰਤੋਂ ਵਿਚ ਆਉਣ ਲੱਗ ਪਈਆਂ ਸੋ ਕਿਸ਼ਤੀਆਂ ਦੀ ਵੁੱਕਤ ਬਹੁਤ ਘੱਟ ਗਈ। ਕਿਸ਼ਤੀ ਵਿਚ ਭਾਵੇਂ ਭਾਰ ਜ਼ਿਆਦਾ ਜਾਂਦਾ ਸੀ, ਪਰ ਇਸ ਨੂੰ ਆਮ ਤੌਰ ’ਤੇ ਘੋੜੇ ਹੀ ਖਿੱਚਦੇ ਸਨ ਜੋ ਹੌਲੀ ਹੌਲੀ ਤੁਰਦੇ। ਫਿਰ ਭਾਵੇਂ ਸਟੀਮ ਇੰਜਣ ਤੇ ਫਿਰ ਡੀਜ਼ਲ ਇੰਜਣ ਵੀ ਆ ਗਏ ਸਨ, ਜਿਸ ਨਾਲ ਕਿਸ਼ਤੀਆਂ ਤੇ ਜਹਾਜ਼ ਚੱਲਣ ਲੱਗ ਪਏ, ਪਰ ਨਹਿਰਾਂ ਵਿਚ ਚੱਲਦੀਆਂ ਕਿਸ਼ਤੀਆਂ ਦੀ ਸਪੀਡ ਸਿਰਫ਼ ਚਾਰ ਕੁ ਮੀਲ ਪ੍ਰਤੀ ਘੰਟਾ ਹੀ ਸੀ। ਸੋ ਵੀਹਵੀਂ ਸਦੀ ਦੇ ਆਉਂਦਿਆਂ ਆਉਂਦਿਆਂ ਇਹ ਨਹਿਰਾਂ ਬੇਰੁਗਜ਼ਾਰ ਜਾਂ ਬੇਕਾਰ ਹੋ ਗਈਆਂ।
ਇਹ ਨਹਿਰਾਂ ਇੰਜ ਬੇਕਾਰ ਹੋਈਆਂ ਕਿ ਇਨ੍ਹਾਂ ਵਿਚ ਘਾਹ, ਬੂਟੀ, ਝਾੜੀਆਂ ਉੱਗ ਆਈਆਂ। ਪਾਣੀ ਮੁਸ਼ਕ ਮਾਰਨ ਲੱਗਾ। ਛੇਤੀ ਹੀ ਇਹ ਨਹਿਰਾਂ ਲੋਕਾਂ ਦੀਆਂ ਨਜ਼ਰਾਂ ਵਿਚ ਚੁਭਣ ਲੱਗੀਆਂ ਜਿਵੇਂ ਬੇਕਾਰ ਤੇ ਨਿਕੰਮਾ ਬੰਦਾ ਲੋਕਾਂ ਦੀਆਂ ਨਜ਼ਰਾਂ ਵਿਚ ਰੜਕਣ ਲੱਗਦਾ ਹੈ। ਫਿਰ ਸਰਕਾਰ ਇਨ੍ਹਾਂ ਨਹਿਰਾਂ ਬਾਰੇ ਸੋਚਣ ਲੱਗ ਪਈ ਕਿ ਇਨ੍ਹਾਂ ਦੀ ਵਰਤੋਂ ਕਿਵੇਂ ਕੀਤੀ ਜਾਵੇ। ਕੁਝ ਲੋਕ ਪਹਿਲਾਂ ਹੀ ਇਨ੍ਹਾਂ ਨੂੰ ਕਿਸ਼ਤੀਆਂ ਲਈ ਵਰਤਦੇ ਸਨ ਤੇ ਕੁਝ ਲੋਕ ਇਨ੍ਹਾਂ ਕਿਸ਼ਤੀਆਂ ਨੂੰ ਬੋਟ-ਹਾਊਸ ਬਣਾ ਕੇ ਇਨ੍ਹਾਂ ਵਿਚ ਰਹਿੰਦੇ ਵੀ ਸਨ। ਇਹ ਨਹਿਰਾਂ ਵਿਚ ਸੱਤ ਫੁੱਟ ਚੌੜੀਆਂ ਕਿਸ਼ਤੀਆਂ ਹੀ ਚੱਲ ਸਕਦੀਆਂ ਸਨ ਜਿਨ੍ਹਾਂ ਨੂੰ ਨੈਰੋਬੋਟ ਕਹਿੰਦੇ ਹਨ। ਇਹ ਨਹਿਰਾਂ ‘ਬ੍ਰਿਟਿਸ਼ ਵਾਟਰਵੇਅਜ਼ ਬੋਰਡ’ ਦੇ ਅਧਿਕਾਰ ਹੇਠ ਆਉਂਦੀਆਂ ਸਨ। 1850 ਵਿਚ ਇਨ੍ਹਾਂ ਨਹਿਰਾਂ ਬਾਰੇ ਨਵੀਂ ਪਾਲਿਸੀ ਬਣਾਉਂਦਿਆਂ ਫ਼ੈਸਲਾ ਕੀਤਾ ਗਿਆ ਕਿ ਇਨ੍ਹਾਂ ਨੂੰ ਲੋਕਾਂ ਦੇ ਛੁੱਟੀਆਂ ਮਨਾਉਣ ਤੇ ਹੋਰ ਮਨੋਰੰਜਨ ਤੇ ਆਨੰਦਮਈ ਕਾਰਜਾਂ ਲਈ ਪ੍ਰਫੁੱਲਿਤ ਕੀਤਾ ਜਾਵੇ। ਇਨ੍ਹਾਂ ਦੀ ਸਫ਼ਾਈ ਤੇ ਸੰਭਾਲ ਲਈ ਸਥਾਨਕ ਸਰਕਾਰਾਂ ਨੇ ਵੀ ਜ਼ਿੰਮੇਵਾਰੀ ਲਈ। ਇਨ੍ਹਾਂ ਦੇ ਕੰਢੇ-ਕੰਢੇ ਤੁਰਨਗਾਹਾਂ ਤੇ ਸਾਈਕਲ ਚਲਾਉਣ ਲਈ ਫੁੱਟਪਾਥ ਬਣਾ ਦਿੱਤੇ ਗਏ। ਇਨ੍ਹਾਂ ਦੇ ਆਲੇ-ਦੁਆਲੇ ਦੀਆਂ ਥਾਵਾਂ ਨੂੰ ਫੁੱਲਾਂ, ਰੁੱਖਾਂ ਤੇ ਪੰਛੀਆਂ ਲਈ ਰਾਖਵੀਆਂ ਬਣਾ ਦਿੱਤਾ ਗਿਆ। ਹੁਣ ਇੰਗਲੈਂਡ ਤੇ ਵੇਲਜ਼ ਦੀਆਂ ਨਹਿਰਾਂ ਦੀ ਸਾਂਭ-ਸੰਭਾਲ ‘ਕੈਨਾਲ ਐਂਡ ਰਿਵਰ ਟਰੱਸਟ’ ਕਰਦਾ ਹੈ। ਇਨ੍ਹਾਂ ਨਹਿਰਾਂ ਵਿਚੋਂ ਕੁਝ ਕੁ ਹਿੱਸੇ ਦੀ ਦੇਖ ਭਾਲ ਕੰਪਨੀਆਂ ਤੇ ਸਥਾਨਕ ਸਰਕਾਰਾਂ ਵੀ ਕਰਦੀਆਂ ਹਨ।
ਇਸ ਵੇਲੇ ਪੂਰੇ ਦੇਸ਼ ਵਿਚ 4700 ਮੀਲ ਲੰਮੀਆਂ ਨਹਿਰਾਂ ਹਨ। ਇਨ੍ਹਾਂ ਰਾਹੀਂ ਤੁਸੀਂ ਪੂਰੇ ਦੇਸ਼ ਵਿਚ ਤਾਂ ਘੁੰਮ ਹੀ ਸਕਦੇ ਹੋ, ਦਰਿਆਵਾਂ ਤੇ ਸਮੁੰਦਰ ਤਕ ਵੀ ਪਹੁੰਚ ਸਕਦੇ ਹੋ। ਬਹੁਤ ਸਾਰੇ ਨਵੇਂ ਜੰਕਸ਼ਨ ਤੇ ਲੌਕ ਵੀ ਬਣਾਏ ਗਏ ਹਨ। ਬਹੁਤੀਆਂ ਨਹਿਰਾਂ ਵਿਚ ਨੈਰੋਬੋਟ ਹੀ ਚੱਲਦੀਆਂ ਹਨ ਜਿਹੜੀਆਂ ਸੱਤ ਫੁੱਟ ਚੌੜੀਆਂ ਤੇ ਸਤਵੰਜਾ ਫੁੱਟ ਤੇ ਕਈ ਬਹੱਤਰ ਫੁੱਟ ਤਕ ਲੰਮੀਆਂ ਹੁੰਦੀਆਂ ਹਨ। ਕੁਝ ਕਿਸ਼ਤੀਆਂ ਸਾਢੇ ਬਾਰਾਂ ਫੁੱਟ ਚੌੜੀਆਂ ਵੀ ਹਨ ਜੋ ਅਲੱਗ ਨਹਿਰਾਂ ਵਿਚ ਚੱਲਦੀਆਂ ਹਨ। ਕੁਝ ਨਹਿਰਾਂ ਵਪਾਰ ਨੂੰ ਮੁੱਖ ਰੱਖ ਕੇ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚ 230 ਫੁੱਟ ਲੰਮੇ ਜਹਾਜ਼ ਚੱਲ ਸਕਦੇ ਹਨ।
1894 ਵਿਚ ‘ਮਾਨਚੈਸਟਰ ਸ਼ਿੱਪ ਕੈਨਾਲ’ ਬਣਾਈ ਗਈ ਜੋ ਆਪਣੀ ਕਿਸਮ ਦੀ ਦੁਨੀਆ ਦੀ ਸਭ ਤੋਂ ਵੱਡੀ ਨਹਿਰ ਸੀ ਜਿਸ ਵਿਚ ਛੇ ਸੌ ਫੁੱਟ ਲੰਮੇ ਜਹਾਜ਼ ਚੱਲ ਸਕਦੇ ਸਨ। ਛੱਤੀ ਮੀਲ ਰੂਟ ਦੀ ਇਹ ਨਹਿਰ ਅੱਜ ਵੀ ਕਿਰਿਆਸ਼ੀਲ ਹੈ। ਅੱਜ ਯੂਕੇ ਦਾ ਨਹਿਰੀ ਸਿਸਟਮ ਬਹੁਤ ਕਾਮਯਾਬ ਹੈ। ਹਜ਼ਾਰਾਂ ਦੀ ਗਿਣਤੀ ਵਿਚ ਵੋਟਾਂ ਚੱਲਦੀਆਂ ਹਨ ਜਿਨ੍ਹਾਂ ਵਿਚੋਂ ਵੀਹ ਹਜ਼ਾਰ ਦੇ ਕਰੀਬ ਤਾਂ ਹਾਊਸ-ਵੋਟਾਂ ਹੀ ਹਨ ਜਿਨ੍ਹਾਂ ਵਿਚ ਇਕ ਵੱਖਰੀ ਦੁਨੀਆ ਵਸਦੀ ਹੈ। ਹਾਂ, ਹਾਲੇ ਵੀ ਕਾਫ਼ੀ ਸਾਰੀ ਢੋਆ-ਢੁਆਈ ਇਨ੍ਹਾਂ ਨਹਿਰਾਂ ਰਾਹੀਂ ਹੁੰਦੀ ਹੈ।
ਈ-ਮੇਲ : harjeetatwal@hotmail.co.uk